ਕੌਣ ਹੈ ਲੁਈਗੀ ਮੈਂਗਿਓਨ ਜਿਸ ਉੱਤੇ ਅਮਰੀਕਾ ਦੀ ਸਭ ਤੋਂ ਵੱਡੀ ਨਿਜੀ ਸਿਹਤ ਬੀਮਾ ਕੰਪਨੀ ਦੇ ਸੀਈਓ ਨੂੰ ਮਾਰਨ ਦੇ ਇਲਜ਼ਾਮ ਲੱਗੇ

ਤਸਵੀਰ ਸਰੋਤ, BBC/FOXNewsChannel
- ਲੇਖਕ, ਜੈਸਿਕਾ ਪਾਰਕਰ ਅਤੇ ਜੂਡ ਸ਼ੇਰਿਨ
- ਰੋਲ, ਬੀਬੀਸੀ ਨਿਊਜ਼
ਇੱਕ ਪੜ੍ਹੇ-ਲਿਖੇ 26 ਸਾਲਾ ਵਿਅਕਤੀ ਉੱਤੇ ਯੂਨਾਈਟਿਡ ਹੈਲਥਕੇਅਰ ਦੇ ਸੀਈਓ ਬ੍ਰਾਇਨ ਥੌਮਸਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਇਲਜ਼ਾਮ ਹਨ। ਇਹ ਘਟਨਾ ਨਿਊਯਾਰਕ ਸ਼ਹਿਰ ਵਿੱਚ ਬੀਤੇ ਹਫ਼ਤੇ ਵਾਪਰੀ।
ਲੁਈਗੀ ਮੈਂਗਿਓਨ ਨੂੰ ਸੋਮਵਾਰ ਨੂੰ ਨਿਊਯਾਰਕ ਸਿਟੀ ਤੋਂ ਤਕਰੀਬਨ 280 ਮੀਲ (450 ਕਿਲੋਮੀਟਰ) ਪੱਛਮ ਵਿੱਚ ਅਲਟੂਨਾ, ਪੈਨੇਸਲਵੇਨੀਆ ਦੇ ਇੱਕ ਮੈਕਡੋਨਲਡਜ਼ ਸਟੋਰ ਤੋਂ ਹਿਰਾਸਤ ਵਿੱਚ ਲਿਆ ਗਿਆ।
ਉਨ੍ਹਾਂ ਨੂੰ ਸਟੋਰ ਉੱਤੇ ਫ਼ਾਸਟ-ਫ਼ੂਡ ਆਊਟਲੈਟ ਉੱਤੇ ਆਏ ਇੱਕ ਗਾਹਕ ਨੇ ਪਛਾਣਿਆ ਸੀ।
ਪੁਲਿਸ ਮੁਤਾਬਕ ਉਹ ਇੱਕ ਵੱਡੇ ਕਾਰੋਬਾਰੀ ਪਰਿਵਾਰ ਮੈਰੀਲੈਂਡ ਨਾਲ ਸਬੰਧਿਤ ਹਨ ਅਤੇ ਆਈਵੀ ਲੀਗ ਗ੍ਰੈਜੂਏਟ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਲੁਈਗੀ ਤੋਂ ਇੱਕ ਬੰਦੂਕ ਅਤੇ ਇੱਕ ਹੱਥ ਲਿਖਤ ਦਸਤਾਵੇਜ਼ ਮਿਲਿਆ ਸੀ ਜੋ 'ਪ੍ਰੇਰਣਾ ਅਤੇ ਮਾਨਸਿਕਤਾ' ਨੂੰ ਦਰਸਾਉਂਦਾ ਸੀ।
ਮੈਂਗਿਓਨ ਪੈਨੇਸਲਵੇਨੀਆ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਕੁਝ ਘੰਟਿਆਂ ਬਾਅਦ, ਨਿਊਯਾਰਕ ਦੇ ਜਾਂਚਕਰਤਾਵਾਂ ਨੇ ਮੈਂਗਿਓਨ 'ਤੇ ਕਤਲ ਦੇ ਇਲਜ਼ਾਮ ਲਾਏ ਅਤੇ ਚਾਰ ਹੋਰਾਂ ਉੱਤੇ ਹਥਿਆਰਾਂ ਨਾਲ ਜੁੜਿਆ ਮਾਮਲਾ ਦਰਜ ਕੀਤਾ ਗਿਆ।

50 ਸਾਲਾ ਥੌਮਸਨ ਨੂੰ ਪਿਛਲੇ ਬੁੱਧਵਾਰ ਸਵੇਰੇ ਮਿਡਟਾਊਨ ਮੈਨਹਟਨ ਦੇ ਹਿਲਟਨ ਹੋਟਲ ਦੇ ਬਾਹਰ ਪਿੱਠ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਹ ਇਸ ਜਗ੍ਹਾ 'ਤੇ ਹੀ ਯੂਨਾਈਟਿਡ ਹੈਲਥਕੇਅਰ ਨਾਮ ਦੀ ਮੈਡੀਕਲ ਬੀਮਾ ਕੰਪਨੀ ਚਲਾਉਂਦੇ ਸਨ।
ਉਹ ਘਟਨਾ ਤੋਂ ਪਹਿਲਾਂ ਇੱਥੇ ਨਿਵੇਸ਼ਕਾਂ ਨਾਲ ਮੀਟਿੰਗ ਕਰ ਰਹੇ ਸੀ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ।
ਮੈਂਗਿਓਨ ਪੈਨੇਸਲਵੇਨੀਆ ਦੀ ਜੇਲ੍ਹ ਵਿੱਚ ਹਨ। ਉਨ੍ਹਾਂ 'ਤੇ ਗ਼ੈਰ-ਲਾਇਸੈਂਸੀ ਹਥਿਆਰ ਰੱਖਣ, ਜਾਅਲਸਾਜ਼ੀ ਕਰਨ ਅਤੇ ਪੁਲਿਸ ਨੂੰ ਝੂਠੀ ਪਛਾਣ ਦੱਸਣ ਦੇ ਇਲਜ਼ਾਮ ਲਾਏ ਗਏ ਹਨ।
ਸੋਮਵਾਰ ਨੂੰ ਜਦੋਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸ ਦੇ ਗੁੱਟ ਅਤੇ ਗਿੱਟਿਆਂ 'ਤੇ ਹੱਥਕੜੀ ਲੱਗੀ ਹੋਈ ਸੀ।
ਜੀਨਸ ਅਤੇ ਗੂੜ੍ਹੇ ਨੀਲੇ ਰੰਗ ਦੀ ਜਰਸੀ ਪਹਿਨੇ ਕਦੇ-ਕਦਾਈਂ ਮੀਡੀਆ ਸਮੇਤ ਮੌਜੂਦ ਲੋਕਾਂ ਵੱਲ ਦੇਖਦਾ ਮੈਂਗਿਓਨ ਸੁਣਵਾਈ ਦੌਰਾਨ ਸ਼ਾਂਤ ਦਿਖਾਈ ਦਿੱਤਾ।
ਪਿਛਲੇ ਹਫ਼ਤੇ ਹੋਈ ਇਸ ਵਾਰਦਾਤ ਨੇ ਇੱਕ ਵੱਡੇ ਪੱਧਰ ਦੀ ਕਰਵਾਈ ਦੀ ਸ਼ੁਰੂਆਤ ਕੀਤੀ।
ਨਿਊਯਾਰਕ ਸਿਟੀ ਦੇ ਜਾਂਚਕਰਤਾਵਾਂ ਨੇ ਹਮਲਾਵਰ ਦੀ ਖੋਜ ਲਈ ਸੈਂਟਰਲ ਪਾਰਕ ਲੇਕ ਵਿੱਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਨਿਗਰਾਨੀ ਪ੍ਰਣਾਲੀਆਂ ਦੇ ਨਾਲ-ਨਾਲ ਪੁਲਿਸ ਦੇ ਖੋਜੀ ਕੁੱਤੇ, ਡਰੋਨ ਅਤੇ ਗੋਤਾਖੋਰਾਂ ਦੀ ਵਰਤੋਂ ਕੀਤੀ।
ਜਾਂਚਕਰਤਾਵਾਂ ਨੇ ਦੱਸਿਆ ਕਿ ਮੈਂਗਿਓਨ ਦਾ ਲੱਭ ਜਾਣਾ ਬਹੁਤ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਸੋਮਵਾਰ ਤੋਂ ਪਹਿਲਾਂ ਤੱਕ ਤਾਂ ਉਸ ਦਾ ਨਾਮ ਵੀ ਸ਼ੱਕੀਆਂ ਦੀ ਸੂਚੀ ਵਿੱਚ ਨਹੀਂ ਸੀ।
ਇਹ ਆਖਰਕਾਰ ਅਲਟੂਨਾ ਵਿੱਚ ਇੱਕ ਮੈਕਡੋਨਲਡ ਦਾ ਗਾਹਕ ਸੀ ਜਿਸਨੇ ਮੀਡੀਆ ਕਵਰੇਜ ਤੋਂ ਸ਼ੱਕੀ ਨੂੰ ਪਛਾਣ ਲਿਆ। ਉਨ੍ਹਾਂ ਨੇ ਪਹਿਲਾਂ ਇੱਕ ਕਰਮਚਾਰੀ ਨੂੰ ਸੁਚੇਤ ਕੀਤਾ, ਜਿਸ ਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ।

ਤਸਵੀਰ ਸਰੋਤ, Getty Images
ਅਦਾਲਤ ਵਿੱਚ ਪੇਸ਼ ਕੀਤੇ ਕਾਗਜ਼ਾਂ ਮੁਤਾਬਕ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਮੈਂਗਿਓਨ ਨੇ ਉਨ੍ਹਾਂ ਨੂੰ ਨਿਊ ਜਰਸੀ ਸੰਬੰਧਤ ਮਾਰਕ ਰੋਜ਼ਾਰੀਓ ਦੇ ਨਾਮ ਦਾ ਇੱਕ ਜਾਅਲੀ ਡਰਾਈਵਰ ਲਾਇਸੈਂਸ ਦਿਖਾਇਆ।
ਕਾਗਜ਼ਾਂ ਮੁਤਾਬਕ, "ਪਰ ਜਦੋਂ ਇੱਕ ਅਧਿਕਾਰੀ ਨੇ ਉਸ ਤੋਂ ਪੁੱਛਿਆ ਕਿ ਕੀ ਉਹ ਹਾਲ ਹੀ ਵਿੱਚ ਨਿਊਯਾਰਕ ਗਿਆ ਸੀ ਤਾਂ ਉਹ ਚੁੱਪ ਹੋ ਗਿਆ ਅਤੇ ਕੰਭਨ ਲੱਗ ਪਿਆ।"
ਅਦਾਲਤੀ ਕਾਗਜ਼ਾਂ ਅਨੁਸਾਰ ਫਿਰ ਪੁਲਿਸ ਵਾਲਿਆਂ ਨੇ ਉਸ ਨੂੰ ਡਰ ਪਾਇਆ ਕਿ ਜੇਕਰ ਉਸ ਨੇ ਆਪਣੇ ਨਾਮ ਨੂੰ ਲੈ ਕੇ ਝੂਠ ਬੋਲਿਆ ਤਾਂ ਉਹ ਉਸ ਨੂੰ ਗਿਰਫ਼ਤਾਰ ਕਰ ਲੈਣਗੇ। ਘਬਰਾ ਕੇ ਉਸ ਨੇ ਆਪਣਾ ਅਸਲੀ ਨਾਮ ਦੱਸ ਦਿੱਤਾ।
ਇਹ ਪੁੱਛੇ ਜਾਣ 'ਤੇ ਕਿ ਉਸ ਨੇ ਝੂਠ ਕਿਉਂ ਬੋਲਿਆ, ਉਸ ਨੇ ਅਫਸਰਾਂ ਨੂੰ ਕਿਹਾ ਕਿ "ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ"।
ਉਸ ਦੇ ਬੈਕਪੈਕ ਦੀ ਤਲਾਸ਼ੀ ਲੈਂਦੀਆਂ ਪੁਲਿਸ ਨੂੰ 'ਗੋਸਟ ਗਨ' ਲੱਭੀ ਜੋ ਹੋ ਸਕਦਾ ਹੈ 3ਡੀ-ਪ੍ਰਿੰਟਡ ਹੋਵੇ। ਇਸ ਦੇ ਨਾਲ ਨਾਲ ਪੁਲਿਸ ਨੂੰ 9mm ਗੋਲਾ ਬਾਰੂਦ ਦੇ ਛੇ ਰਾਉਂਡ ਵਾਲਾ ਇੱਕ ਲੋਡੀਡ ਮੈਗਜ਼ੀਨ ਵੀ ਮਿਲਿਆ।
ਵਕੀਲਾਂ ਅਨੁਸਾਰ ਮੈਂਗਿਓਨ ਕੋਲ ਇੱਕ ਯੂਐਸ ਪਾਸਪੋਰਟ,10,000 ਡਾਲਰ ਨਕਦ, ਵਿਦੇਸ਼ੀ ਮੁਦਰਾ ਵਿੱਚ 2,000 ਡਾਲਰ ਵੀ ਸਨ।

ਤਸਵੀਰ ਸਰੋਤ, Getty Images
ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਕਬਜ਼ੇ 'ਚੋ ਮਿਲੇ ਤਿੰਨ ਪੰਨਿਆਂ ਦੇ ਹੱਥ ਲਿਖਤ ਦਸਤਾਵੇਜ਼ਾਂ ਤੋਂ ਸੰਕੇਤ ਮਿਲਦੇ ਹਨ ਕਿ ਉਸ ਨੇ ਆਪਣੇ ਮੰਨ ਅੰਦਰ "ਕਾਰਪੋਰੇਟ ਅਮਰੀਕਾ ਪ੍ਰਤੀ ਮਾੜੀ ਭਾਵਨਾਵਾਂ" ਪਾਲੀਆਂ ਹੋਇਆ ਸਨ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਥੌਮਸਨ ਦੇ ਕਤਲ ਦੇ ਸਥਾਨ 'ਤੇ ਮਿਲੇ ਸ਼ੈੱਲ ਕੇਸਿੰਗਜ਼ 'ਤੇ "ਡਿਨਾਏ", "ਡਿਫੈਂਡ" ਅਤੇ "ਡਿਪੋਜ਼" ਸ਼ਬਦ ਲਿਖੇ ਹੋਏ ਸਨ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਸ਼ਬਦ ਉਸ ਗੱਲ ਦਾ ਹਵਾਲਾ ਹੋ ਸਕਦੇ ਹਨ ਜਿਸਨੂੰ ਆਲੋਚਕਾਂ ਵਲੋਂ "ਬੀਮੇ ਦੇ ਤਿੰਨ ਡੀ" ਕਿਹਾ ਜਾਂਦਾ ਹੈ।
ਇਹ ਤਿੰਨ ਡੀ ਅਮਰੀਕਾ ਦੀ ਗੁੰਝਲਦਾਰ ਸਿਹਤ ਸੰਭਾਲ ਪ੍ਰਣਾਲੀ ਵਿੱਚ ਮਰੀਜ਼ਾਂ ਦੁਆਰਾ ਭੁਗਤਾਨ ਦਾਅਵਿਆਂ ਨੂੰ ਰੱਦ ਕਰਨ ਲਈ ਬੀਮਾ ਕੰਪਨੀਆਂ ਦੁਆਰਾ ਵਰਤੀਆਂ ਜਾਂਦੀਆਂ ਰਣਨੀਤੀਆਂ ਦੇ ਸੂਚਕ ਹਨ।
ਨਿਊਯਾਰਕ ਪੁਲਿਸ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਥੌਮਸਨ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਅਤੇ ਸ਼ੱਕੀ ਵਿਅਕਤੀ ਤੋਂ ਬਰਾਮਦ ਹਥਿਆਰ ਆਪਸ 'ਚ ਮੇਲ ਖਾਂਦੇ ਹਨ।

ਮੈਂਗਿਓਨ ਨੂੰ ਉਸ ਦੀ ਹਵਾਲਗੀ ਨੂੰ ਲੈ ਕੇ ਹੁਣ ਦੋ ਵਿਕਲਪ ਪੇਸ਼ ਕੀਤੇ ਜਾਣਗੇ। ਇਹ ਦੋ ਵਿਕਲਪ ਹੋਣਗੇ ਆਪਣੀ ਹਵਾਲਗੀ ਨਿਊਯਾਰਕ ਰਾਜ ਨੂੰ ਦੇਣਾ ਜਾਂ ਫਿਰ ਉਸ ਦਾ ਵਿਰੋਧ ਕਰਨਾ।
ਜੇਕਰ ਉਹ ਹਵਾਲਗੀ ਦੇਣ ਨੂੰ ਰਾਜ਼ੀ ਹੋ ਜਾਂਦਾ ਹੈ ਤਾਂ ਉਹ ਕਾਰਵਾਈ ਲਈ ਤੁਰੰਤ ਨਿਊਯਾਰਕ ਦੇ ਅਧਿਕਾਰੀਆਂ ਦੀ ਪਹੁੰਚ 'ਚ ਹੋ ਜਾਵੇਗਾ। ਪਰ ਜੇ ਉਹ ਇਸ ਦਾ ਵਿਰੋਧ ਕਰਦਾ ਹੈ ਤਾਂ ਇਸ ਪ੍ਰਕਿਰਿਆ 'ਚ 30 ਤੋਂ 45 ਦਿਨ ਦਾ ਸਮਾਂ ਲੱਗ ਸਕਦਾ ਹੈ।
ਮੈਂਗਿਓਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸਦੀ ਗ੍ਰਿਫਤਾਰੀ ਤੋਂ "ਹੈਰਾਨ ਅਤੇ ਬੇਹੱਦ ਪਰੇਸ਼ਾਨ" ਹਨ।
ਬਚਾਓ ਪੱਖ ਦੇ ਚਚੇਰੇ ਭਰਾ, ਮੈਰੀਲੈਂਡ ਰਾਜ ਦੇ ਵਿਧਾਇਕ ਨੀਨੋ ਮੈਂਗਿਓਨ ਦੁਆਰਾ ਸੋਸ਼ਲ ਮੀਡੀਆ 'ਤੇ ਪਾਈ ਗਈ ਪੋਸਟ 'ਚ ਉਨ੍ਹਾਂ ਨੇ ਲਿਖਿਆ, "ਅਸੀਂ ਬ੍ਰਾਇਨ ਥੌਮਸਨ ਦੇ ਪਰਿਵਾਰ ਨੂੰ ਆਪਣੀ ਹਮਦਰਦੀ ਪੇਸ਼ ਕਰਦੇ ਹਾਂ ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਰਨ ਲਈ ਕਹਿੰਦੇ ਹਾਂ। "
ਕਿਸ਼ੋਰਾਵਸਥਾ ਵਿੱਚ ਮੈਂਗਿਓਨ ਮੈਰੀਲੈਂਡ ਦੇ ਇੱਕ ਪ੍ਰਾਈਵੇਟ ਆਲ-ਬੁਆਏ ਸਕੂਲ ਵਿੱਚ ਪੜ੍ਹਦਾ ਸੀ। ਉਦੋਂ ਉਹ ਕਲਾਸ 'ਚ ਵੈਲੀਡਿਕਟੋਰੀਅਨ ਸਨ, ਇੱਕ ਖ਼ਿਤਾਬ ਜੋ ਆਮ ਤੌਰ 'ਤੇ ਸਭ ਤੋਂ ਵਧੀਆ ਗ੍ਰੇਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ।
ਉਸ ਨੇ ਇੱਕ ਆਈਵੀ ਲੀਗ ਕਾਲਜ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਸੀ।
ਉਸ ਦੇ ਲਿੰਕਡਿਨ ਖਾਤੇ 'ਤੇ ਲਿਖਿਆ ਹੈ ਕਿ ਉਸਨੇ ਕੈਲੀਫੋਰਨੀਆ ਵਿੱਚ ਇੱਕ ਡੇਟਾ ਇੰਜੀਨੀਅਰ ਵਜੋਂ ਕੰਮ ਕੀਤਾ ਹੋਇਆ ਹੈ।
ਟਰੂਕਾਰ, ਕਾਰ ਖਰੀਦਦਾਰਾਂ ਲਈ ਇੱਕ ਵੈਬਸਾਈਟ, ਨੇ ਪੁਸ਼ਟੀ ਕੀਤੀ ਕਿ ਉਹ ਉੱਥੇ ਨੌਕਰੀ ਕਰਦਾ ਸੀ ਪਰ 2023 ਵਿੱਚ ਛੱਡ ਗਿਆ ਸੀ।
ਐਕਸ 'ਤੇ ਪਾਈਆਂ ਗਈਆਂ ਕੁਝ ਪੋਸਟਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਉਸ ਦੇ ਦੋਸਤ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਕ ਵਿਅਕਤੀ ਨੇ ਅਕਤੂਬਰ ਵਿਚ ਪੋਸਟ ਕੀਤਾ ਸੀ ਕਿ "ਕਾਫੀ ਮਹੀਨਿਆਂ ਤੋਂ ਕਿਸੇ ਨੇ ਤੁਹਾਡੇ (ਮੈਂਗਿਓਨ ) ਬਾਰੇ ਨਹੀਂ ਸੁਣਿਆ"।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












