You’re viewing a text-only version of this website that uses less data. View the main version of the website including all images and videos.
ਚਿੱਟੀ ਬਰੈੱਡ ਤੇ ‘ਹੋਲ ਵ੍ਹੀਟ ਬਰੈੱਡ’ ਵਿੱਚ ਕੀ ਅੰਤਰ ਹੈ? ਤੁਹਾਨੂੰ ਕਿਹੜੀ ਬਰੈੱਡ ਖਾਣੀ ਚਾਹੀਦੀ ਹੈ
- ਲੇਖਕ, ਪੱਲਬ ਘੋਸ਼
- ਰੋਲ, ਬੀਬੀਸੀ ਪੱਤਰਕਾਰ
ਵਿਗਿਆਨੀ ਇੱਕ ਨਵੀਂ ਕਿਸਮ ਦੀ ਬਰੈੱਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ‘ਹੋਲ ਵ੍ਹੀਟ ਬਰੈੱਡ’ (ਸਾਬਤ ਕਣਕ ਦੀ ਬਰੈੱਡ) ਜਿੰਨੀ ਸਿਹਤਮੰਦ ਹੋਵੇ, ਪਰ ਇਹ ਦੇਖਣ ਨੂੰ ਅਤੇ ਇਸ ਦਾ ਸਵਾਦ ਚਿੱਟੀ ਬਰੈੱਡ ਵਰਗਾ ਹੀ ਹੋਵੇ।
ਚਿੱਟੀ ਬਰੈੱਡ ਖਾਣਾ ਪਸੰਦ ਕਰਨ ਵਾਲਿਆਂ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਇਸ ਪ੍ਰੋਜੈਕਟ ਰਾਹੀਂ ਭੋਜਨ ਦੇ ਸਿਹਤ ਲਾਭਾਂ ਵਿੱਚ ਸੁਧਾਰ ਲਿਆਉਣ ਲਈ ਯੂਕੇ ਦੀ ਸਰਕਾਰ ਵਲੋਂ ਫੰਡ ਜਾਰੀ ਕੀਤਾ ਗਿਆ ਹੈ।
ਖੋਜਕਰਤਾਵਾਂ ਨੇ ਬਰੈੱਡ ਦੇ ਮਿਸ਼ਰਣ ਵਿੱਚ ਥੋੜ੍ਹੀ ਮਾਤਰਾ ਵਿੱਚ ਮਟਰ, ਬੀਨਜ਼ ਅਤੇ ਅਨਾਜ ਦੇ ਨਾਲ ਹੀ ਚੋਕਰ ਅਤੇ ਕਣਕ ਦੇ ਰੋਗਾਣੂ/ਜਰਮ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ ਜੋ ਆਮ ਤੌਰ 'ਤੇ ਚਿੱਟੇ ਆਟੇ ਵਿੱਚੋਂ ਕੱਢ ਦਿੱਤੇ ਜਾਂਦੇ ਹਨ।
ਪਿਛਲੇ ਕਈ ਸਾਲਾਂ ਤੋਂ ਨਿਰਮਾਤਾਵਾਂ ਨੇ ਆਟੇ ਵਿੱਚ ਚੋਕਰ ਮਿਲਾ ਕੇ ਚਿੱਟੀ ਬਰੈੱਡ ਨੂੰ ਸਿਹਤਮੰਦ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਨਤੀਜੇ ਵਜੋਂ ਲੋਕਾਂ ਵੱਲੋਂ ਇਸ ਦੇ ਸੁਆਦ ਅਤੇ ਇਸ ਦੀ ਬਣਾਵਟ ਨੂੰ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ।
ਏਬਰਿਸਟਵਿਥ ਯੂਨੀਵਰਸਿਟੀ ਦੀ ਡਾਕਟਰ ਕੈਥਰੀਨ ਹਾਵਰਥ ਇਸ ਪ੍ਰਾਜੈਕਟ ਦੀ ਅਗਵਾਈ ਕਰ ਰਹੇ ਹਨ। ਇਹ ਪ੍ਰਾਜੈਕਟ ਅਜੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨੀਆਂ ਨੇ ਮੌਜੂਦਾ ਚਿੱਟੇ ਆਟੇ ਦੀ ਵਿਸਤ੍ਰਿਤ ਰਸਾਇਣਕ ਸੰਰਚਨਾ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਵ੍ਹਾਈਟ ਬਰੈੱਡ ਦੇ ਸਵਾਦ ਅਤੇ ਬਣਤਰ ਨੂੰ ਬਰਕਰਾਰ ਰੱਖਦੇ ਹੋਏ ਇਸ ਦੇ ਪੌਸ਼ਟਿਕ ਗੁਣਾਂ ਨੂੰ ਹੋਲ ਵ੍ਹੀਟ ਬਰੈੱਡ ਦੇ ਪੱਧਰ ਤੱਕ ਵਧਾਉਣਾ ਇੱਕ ਨਾਜ਼ੁਕ ਸੰਤੁਲਨ ਵਾਲਾ ਕੰਮ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਅਨਾਜ ਜਿਵੇਂ ਕੁਇਨੋਆ, ਜਵਾਰ ਅਤੇ ਬਾਜਰੇ ਵਰਗੇ ਅਨਾਜਾਂ ਨੂੰ ਸ਼ਾਮਲ ਕਰਨ ਤੋਂ ਇਲਾਵਾ ਕਣਕ ਦੇ ਰੋਗਾਣੂ/ਜਰਮ ਅਤੇ ਚੋਕਰ ਦੇ ਕੁਝ ਹਿੱਸੇ ਨੂੰ ਇਸ ਵਿੱਚ ਵਾਪਸ ਸ਼ਾਮਿਲ ਕਰਨਾ ਹੈ ਜਿਸ ਨੂੰ ਆਟੇ ਨੂੰ ਪੀਸਣ ਦੀ ਪ੍ਰਕਿਰਿਆ ਵਿੱਚ ਕੱਢ ਦਿੱਤਾ ਜਾਂਦਾ ਹੈ।
ਮਟਰ ਅਤੇ ਛੋਲੇ ਇਸ ਵਿੱਚ ਵਾਧੂ ਪ੍ਰੋਟੀਨ ਪ੍ਰਦਾਨ ਕਰਨਗੇ।
ਹਾਵਰਥ ਨੇ ਕਿਹਾ, ‘‘ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਮਿਲਿੰਗ ਪ੍ਰਕਿਰਿਆ ਦੌਰਾਨ ਅਸਲ ਵਿੱਚ ਕਿਹੜੇ ਵਿਟਾਮਿਨ ਅਤੇ ਖਣਿਜ ਖਤਮ ਹੋ ਜਾਂਦੇ ਹਨ।’’
‘‘ਦੂਜੇ ਅਨਾਜਾਂ ਦੀ ਵਰਤੋਂ ਕਰਕੇ ਅਸੀਂ ਆਇਰਨ, ਜ਼ਿੰਕ ਅਤੇ ਵਿਟਾਮਿਨਾਂ ਦੇ ਪੱਧਰ ਅਤੇ ਸਭ ਤੋਂ ਮਹੱਤਵਪੂਰਨ ਫਾਈਬਰ ਵਿੱਚ ਸੁਧਾਰ ਕਰ ਸਕਦੇ ਹਾਂ, ਕਿਉਂਕਿ ਚਿੱਟੀ ਬਰੈੱਡ ਵਿੱਚ ਬਹੁਤ ਘੱਟ ਫਾਈਬਰ ਹੁੰਦਾ ਹੈ, ਪਰ ਚੰਗੀ ਸਿਹਤ ਲਈ ਇਹ ਬਹੁਤ ਮਹੱਤਵਪੂਰਨ ਹੈ।’’
ਇੱਕ ਵਾਰ ਜਦੋਂ ਹਾਵਰਥ ਚਿੱਟੇ ਬਰੈੱਡ ਦੀਆਂ ਕੁਝ ਸੰਭਾਵਿਤ ਕਿਸਮਾਂ/ਰੈਸੇਪੀਜ਼ ਪ੍ਰਦਾਨ ਕਰਨਗੇ ਤਾਂ ਆਟਾ ਉਤਪਾਦਕ ਸ਼ਿਪਟਨ ਮਿੱਲ ਦੇ ਉਤਪਾਦ ਵਿਕਾਸ ਪ੍ਰਬੰਧਕ ਕ੍ਰਿਸ ਹੋਲੀਸਟਰ ਉਨ੍ਹਾਂ ਨੂੰ ਬਰੈੱਡ ਵਿੱਚ ਬਦਲ ਦੇਣਗੇ।
ਇਸ ਸਬੰਧੀ ਚੁਣੌਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, ‘‘ਜ਼ਿਆਦਾਤਰ ਲੋਕ ਜਾਣਦੇ ਹਨ ਕਿ ਸਾਬਤ ਕਣਕ ਦੀ ਬਰੈੱਡ ਉਨ੍ਹਾਂ ਦੀ ਸਿਹਤ ਲਈ ਬਿਹਤਰ ਹੈ, ਪਰ ਕਈ ਲੋਕ ਇਸ ਦੇ ਸਵਾਦ ਕਾਰਨ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਜਾਂ ਉਹ ਇਸ ਦੇ ਆਦੀ ਨਹੀਂ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਇਸ ਦੀ ਪਰਵਾਹ ਨਹੀਂ ਹੁੰਦੀ।’’
ਕੁਰਕੁਰਾਪਣ
ਇਸ ਪ੍ਰੋਜੈਕਟ ਦੇ ਅੰਤਮ ਪੜਾਅ ਵਿੱਚ ਲੋਕਾਂ ਨੂੰ ਨਵੀਂ ਬਰੈੱਡ ਦੇ ਕੇ ਇਹ ਦੇਖਣ ਦੀ ਕੋਸ਼ਿਸ਼ ਕਰਨੀ ਹੋਵੇਗੀ ਕਿ ਕੀ ਉਹ ਸੁਪਰ-ਮਾਰਕੀਟਾਂ ਵਿੱਚ ਇਸ ਦਾ ਚਿੱਟੇ ਬਰੈੱਡ ਨਾਲੋਂ ਅੰਤਰ ਕਰ ਸਕਦੇ ਹਨ।
ਹੋਲੀਸਟਰ ਨੇ ਸਾਦੇ ਚਿੱਟੇ ਆਟੇ ਅਤੇ ਉਸ ਵਿੱਚ ਸ਼ਾਮਿਲ ਕੀਤੇ ਅਨਾਜ ਅਤੇ ਮਟਰ ਦੇ ਮਿਸ਼ਰਣ ਤੋਂ ਬਣੇ ਇੱਕ ਸ਼ੁਰੂਆਤੀ ਪੀਸ ਦੀ ਵਰਤੋਂ ਕਰਨ ਲਈ ਮੈਨੂੰ ਬਲੀ ਦੇ ਬੱਕਰੇ ਵਜੋਂ ਵਰਤਿਆ।
ਇਹ ਸੁਪਰਮਾਰਕੀਟ ਵਿੱਚੋਂ ਖਰੀਦੀ ਗਈ ਚਿੱਟੀ ਬਰੈੱਡ ਦੀ ਤੁਲਨਾ ਵਿੱਚ ਜ਼ਿਆਦਾ ਕੁਰਕੁਰੇਪਣ ਵਾਲੀ ਸੀ, ਪਰ ਇਹ ਚਿੱਟੀ ਬਰੈੱਡ ਵਰਗੀ ਹੀ ਨਜ਼ਰ ਆਉਂਦੀ ਸੀ ਅਤੇ ਇਸ ਦਾ ਸੁਆਦ ਵੀ ਉਸ ਵਰਗਾ ਹੀ ਸੀ। ਪਰ ਫਿਰ ਵੀ ਇਸ ਲਈ ਹੋਰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਉਤਪਾਦ ਤਕਰੀਬਨ ਦੋ ਸਾਲਾਂ ਵਿੱਚ ਸੁਪਰਮਾਰਕੀਟ ਦੇ ਰੈਕ ’ਤੇ ਜਾ ਸਕਦਾ ਹੈ।
ਖੋਜ ਟੀਮ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਕਾਰਜ ਸਫਲ ਹੋਵੇਗਾ ਕਿਉਂਕਿ ਉਹ ਸਿਰਫ਼ ਚੋਕਰ ਦੀ ਅੰਦਰਲੀ ਪਰਤ ਨੂੰ ਇਸ ਵਿੱਚ ਸ਼ਾਮਲ ਕਰ ਰਹੇ ਹਨ, ਜਿਸ ਵਿੱਚ ਸੁਆਦ ਅਤੇ ਰੰਗ ਘੱਟ ਹੁੰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘੱਟ ਮਾਤਰਾ ਸ਼ਾਮਲ ਕਰਨ ਦੀ ਜ਼ਰੂਰਤ ਹੋਏਗੀ ਕਿਉਂਕਿ ਉਹ ਇਸ ਵਿੱਚ ਹੋਰ ਜ਼ਿਆਦਾ ਪੌਸ਼ਟਿਕ ਪਰ ਘੱਟ ਤੇਜ਼ ਸਵਾਦ ਵਾਲੇ ਅਨਾਜ ਦੀ ਵਰਤੋਂ ਕਰ ਰਹੇ ਹਨ।
ਰਿਫਾਈਨਿੰਗ ਪ੍ਰਕਿਰਿਆ ਵਿੱਚ ਜੋ ਨੁਕਸਾਨ ਹੁੰਦਾ ਹੈ, ਉਸ ਦੀ ਭਰਪਾਈ ਕਰਨ ਲਈ ਚਿੱਟੀ ਬਰੈੱਡ ਵਿੱਚ ਕਨੂੰਨ ਅਨੁਸਾਰ ਖਣਿਜ ਅਤੇ ਵਿਟਾਮਿਨ ਮਿਲਾਏ ਜਾਣੇ ਚਾਹੀਦੇ ਹਨ।
ਪਰ ਹਾਵਰਥ ਅਤੇ ਹੋਲੀਸਟਰ ਨਾਲ ਕੰਮ ਕਰਨ ਵਾਲੀ ਡਾ. ਅਮਾਂਡਾ ਲੋਇਡ ਦਾ ਮੰਨਣਾ ਹੈ ਕਿ ਕੁਦਰਤੀ ਤੱਤਾਂ ਦੀ ਵਰਤੋਂ ਕਰਨ ਨਾਲ ਸਲਾਈਸਾਂ ਵਾਲੀ ਚਿੱਟੀ ਬਰੈੱਡ ਹੋਰ ਵੀ ਸਿਹਤਮੰਦ ਹੋ ਜਾਵੇਗੀ।
ਲੋਇਡ ਨੇ ਕਿਹਾ, ‘‘ਜੇਕਰ ਮਿਆਰੀ ਬਰੈੱਡ ਦੀ ਪੌਸ਼ਟਿਕ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਂਦਾ ਹੈ, ਤਾਂ ਲੋਕਾਂ ਦੇ ਜੀਵਨ ਦੀ ਗੁਣਵੱਤਾ, ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਹੋਵੇਗਾ।’’
ਪੋਸ਼ਣ ਵਿਗਿਆਨੀ ਕੀ ਕਹਿੰਦੇ ਹਨ?
ਸਿਟੀ ਯੂਨੀਵਰਸਿਟੀ ਵਿੱਚ ਭੋਜਨ ਨੀਤੀ ਦੇ ਪ੍ਰੋਫੈਸਰ ਟਿਮ ਲੈਂਗ, ਜੋ ਇਸ ਖੋਜ ਟੀਮ ਤੋਂ ਅਲੱਗ ਤੌਰ ’ਤੇ ਕੰਮ ਕਰਦੇ ਹਨ, ਨੇ ਕਿਹਾ ਕਿ ਇਹ ਕੰਮ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ, ‘‘ਬ੍ਰਿਟਿਸ਼ ਲੋਕ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਚਿੱਟੀ ਬਰੈੱਡ ਪ੍ਰਤੀ ਬਹੁਤ ਪਿਆਰ ਰੱਖਦੇ ਹਨ ਅਤੇ ਪੌਸ਼ਟਿਕ ਵਿਗਿਆਨੀ ਚਾਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਬਤ ਅਨਾਜ ਖਾਣ।’’
ਉਨ੍ਹਾਂ ਨੇ ਅੱਗੇ ਕਿਹਾ, ‘‘ਨਵੀਂ ਖੋਜ ਇੱਕ ਹੀ ਸਮੇਂ ਦੋਵੇਂ ਕੰਮ ਕਰਨ ਦਾ ਇੱਕ ਦਿਲਚਸਪ ਤਰੀਕਾ ਜਾਪਦਾ ਹੈ।’’
ਲੈਂਗ ਦਾ ਮੰਨਣਾ ਹੈ ਕਿ ਇਹ ਜਾਣਨਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ ਕਿ ਇਹ ਨਵੀਂ ਪਹੁੰਚ ਕੰਮ ਕਰੇਗੀ ਜਾਂ ਨਹੀਂ।
ਉਹ ਇਹ ਸਿੱਟਾ ਕੱਢਦੇ ਹਨ, ‘‘ਆਲੋਚਕ ਕਹਿਣਗੇ ਕਿ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਸੁਧਾਰ ਕਰਨ ਲਈ ਬਰਗਲਾਇਆ ਜਾ ਰਿਹਾ ਹੈ, ਪਰ ਪੋਸ਼ਣ ਵਿਗਿਆਨੀ ਨਿਸ਼ਚਤ ਤੌਰ ’ਤੇ ਜਵਾਬ ਦੇਣਗੇ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਕਿਵੇਂ ਕੀਤਾ ਗਿਆ ਹੈ: ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਆਪਣੀ ਸਿਹਤ ਵਿੱਚ ਸੁਧਾਰ ਕਰਨ।’’
ਚਿੱਟੀ ਬਰੈੱਡ ਅਤੇ ‘ਹੋਲ ਵ੍ਹੀਟ’ ਬਰੈੱਡ ਵਿੱਚ ਅੰਤਰ
‘ਹੋਲ ਵ੍ਹੀਟ ਬਰੈੱਡ’ ਬਿਨਾਂ ਰਿਫਾਇਨ ਕੀਤੇ ਆਟੇ ਨਾਲ ਬਣਾਈ ਜਾਂਦੀ ਹੈ, ਯਾਨੀ ਕਿ ਕਣਕ ਦੇ ਰੋਗਾਣੂ, ਚੋਕਰ ਅਤੇ ਐਂਡੋਸਪਰਮ (ਕਣਕ ਦੇ ਬੀਜ ਦਾ ਅੰਦਰੂਨੀ ਹਿੱਸਾ) ਸਮੇਤ ਇਹ ਸਾਬਤ ਕਣਕ ਦੇ ਅਨਾਜ ਤੋਂ ਬਣਾਈ ਜਾਂਦੀ ਹੈ।
ਚੋਕਰ ਕਣਕ ਦਾ ਬਾਹਰੀ ਹਿੱਸਾ ਹੈ। ਇਸ ਵਿੱਚ ਐਂਟੀਆਕਸੀਡੈਂਟ ਅਤੇ ਖਣਿਜ ਹੁੰਦੇ ਹਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਰੋਗਾਣੂ/ਜਰਮ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ, ਲਿਪਿਡ ਅਤੇ ਗਰੁੱਪ ਬੀ ਵਿਟਾਮਿਨ ਵੀ ਹੁੰਦੇ ਹਨ; ਐਂਡੋਸਪਰਮ, ਅਨਾਜ ਦਾ ਸਭ ਤੋਂ ਵੱਡਾ ਹਿੱਸਾ ਹੈ ਜਿਸ ਵਿੱਚ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਹੁੰਦੇ ਹਨ।
ਅਜਿਹੀਆਂ ‘ਹੋਲ ਵ੍ਹੀਟ’ ਬਰੈੱਡ ਹਨ ਜੋ 100 ਫੀਸਦੀ ਇਸ ਪ੍ਰਕਾਰ ਦੇ ਆਟੇ ਨਾਲ ਬਣਾਈਆਂ ਜਾਂਦੀਆਂ ਹਨ ਅਤੇ ਹੋਰ ਬਰੈੱਡ ਉਹ ਹਨ ਜਿਸ ਵਿੱਚ ਇਨ੍ਹਾਂ ਦੋਵਾਂ ਆਟਿਆਂ ਦਾ ਮਿਸ਼ਰਣ ਹੁੰਦਾ ਹੈ।
ਇਸ ਦੀ ਬਜਾਇ, ਚਿੱਟੀ ਬਰੈੱਡ ਰਿਫਾਇੰਡ ਆਟੇ ਨਾਲ ਬਣਾਈ ਜਾਂਦੀ ਹੈ, ਜੋ ਸਿਰਫ਼ ਕਣਕ ਦੇ ਐਂਡੋਸਪਰਮ ਤੋਂ ਬਣਾਈ ਜਾਂਦੀ ਹੈ।
ਅਸਲ ਵਿੱਚ ਚਿੱਟਾ ਰੰਗ ਚੋਕਰ ਅਤੇ ਲਗਭਗ ਕਣਕ ਦੇ ਸਾਰੇ ਰੋਗਾਣੂਆਂ ਨੂੰ ਖਤਮ ਕਰਨ ਤੋਂ ਬਾਅਦ ਪ੍ਰਾਪਤ ਹੁੰਦਾ ਹੈ।
ਹਾਲਾਂਕਿ ਦੋਵੇਂ ਤਰ੍ਹਾਂ ਦੇ ਬਰੈੱਡ ਸਮਾਨ ਮਾਤਰਾ ਵਿੱਚ ਕੈਲੋਰੀ ਪ੍ਰਦਾਨ ਕਰ ਸਕਦੇ ਹਨ, ਚਿੱਟੀ ਬਰੈੱਡ ਦੇ ਮਾਮਲੇ ਵਿੱਚ ਇਸ ਦਾ ਯੋਗਦਾਨ ਮੁੱਖ ਤੌਰ 'ਤੇ ਕਾਰਬੋਹਾਈਡਰੇਟ ਦਾ ਹੋਵੇਗਾ, ਜਦੋਂ ਕਿ ਸਾਬਤ ਕਣਕ ਦੀ ਬਰੈੱਡ ਵਿੱਚ ਬਹੁਤ ਸਾਰੇ ਹੋਰ ਪੌਸ਼ਟਿਕ ਤੱਤ, ਫਾਈਬਰ ਅਤੇ ਹੋਰ ਵਿਟਾਮਿਨ ਅਤੇ ਖਣਿਜ ਹੁੰਦੇ ਹਨ।
ਦੂਸਰਾ ਫਰਕ ਇਹ ਹੈ ਕਿ ਸਾਬਤ ਕਣਕ ਦੀ ਬਰੈੱਡ, ਜਿਸ ਵਿੱਚ ਜ਼ਿਆਦਾ ਫਾਈਬਰ ਹੁੰਦਾ ਹੈ, ਉਹ ਚਿੱਟੀ ਬਰੈੱਡ ਦੀ ਤੁਲਨਾ ਵਿੱਚ ਜ਼ਿਆਦਾ ਹੌਲੀ ਹੌਲੀ ਪਚਦੀ ਹੈ।
ਇਸ ਦਾ ਮਤਲਬ ਇਹ ਵੀ ਹੈ ਕਿ ਚਿੱਟੀ ਬਰੈੱਡ ਵਿੱਚ ਸਾਬਤ ਅਨਾਜ ਵਾਲੀ ਬਰੈੱਡ ਦੀ ਤੁਲਨਾ ਵਿੱਚ ਜ਼ਿਆਦਾ ਗਲਾਈਸੈਮਿਕ ਇੰਡੈਕਸ ਹੁੰਦਾ ਹੈ (ਜੋ ਇਹ ਮਾਪਦਾ ਹੈ ਕਿ ਕੋਈ ਭੋਜਨ ਤੁਹਾਡੇ ਬਲੱਡ ਸ਼ੂਗਰ -ਗਲੂਕੋਜ਼ ਨੂੰ ਕਿੰਨੀ ਤੇਜ਼ੀ ਨਾਲ ਵਧਾ ਸਕਦਾ ਹੈ)।
ਬ੍ਰਿਟਿਸ਼ ਡਾਇਬੀਟਿਕ ਐਸੋਸੀਏਸ਼ਨ ਦੇ ਅਨੁਸਾਰ ਜੋ ਲੋਕ ਨਿਯਮਿਤ ਤੌਰ 'ਤੇ ਸਾਬਤ ਅਨਾਜ ਖਾਂਦੇ ਹਨ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਟਾਈਪ 2 ਡਾਇਬਟੀਜ਼ ਦਾ ਖ਼ਤਰਾ 30 ਫ਼ੀਸਦੀ ਤੱਕ ਘੱਟ ਹੋ ਸਕਦਾ ਹੈ ਅਤੇ ਅੰਤੜੀਆਂ ਦੇ ਕੈਂਸਰ ਦਾ ਜੋਖਮ ਵੀ ਘੱਟ ਹੋ ਸਕਦਾ ਹੈ।
ਏਬੀਡੀ ਦਾ ਕਹਿਣਾ ਹੈ ਕਿ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 95 ਫ਼ੀਸਦੀ ਬਾਲਗ ਲੋੜੀਂਦੇ ਸਾਬਤ ਅਨਾਜ ਨਹੀਂ ਖਾਂਦੇ ਅਤੇ ਸਾਡੇ ਵਿੱਚੋਂ ਲਗਭਗ ਤਿੰਨ ਵਿੱਚੋਂ ਇੱਕ ਬਿਲਕੁਲ ਵੀ ਨਹੀਂ ਖਾਂਦਾ।
ਕ੍ਰਿਸ ਹੋਲੀਸਟਰ ਦੇ ਮੁਤਾਬਕ ਇਹ ਹਮੇਸ਼ਾ ਅਜਿਹਾ ਨਹੀਂ ਸੀ।
ਉਨ੍ਹਾਂ ਨੇ ਕਿਹਾ, ‘‘ਪਹਿਲਾਂ, ਚਿੱਟੀ ਬਰੈੱਡ ਅਮੀਰ ਵਰਗ ਲਈ ਸੀ ਕਿਉਂਕਿ ਇਹ ਇੱਕ ਰਿਫਾਇਨ ਉਤਪਾਦ ਸੀ ਅਤੇ ਸਾਬਤ ਕਣਕ ਦੀ ਬਰੈੱਡ ਦੀ ਤੁਲਨਾ ਵਿੱਚ ਇਹ ਬਹੁਤ ਮਹਿੰਗੀ ਸੀ।
“ਇਸ ਕਾਰਨ ਬਾਕੀ ਲੋਕ ਚਿੱਟੀ ਬਰੈੱਡ ਖਾਣ ਦੀ ਇੱਛਾ ਰੱਖਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੀ ਆਰਥਿਕ ਸਥਿਤੀ ਵਧੀਆ ਦਿਖਾਈ ਦਿੰਦੀ ਹੈ।’’
‘‘ਜਦੋਂ ਖੋਜ ਤੋਂ ਪਤਾ ਲੱਗਿਆ ਕਿ ਸਾਬਤ ਕਣਕ ਦੀ ਬਰੈੱਡ ਵਧੇਰੇ ਪੌਸ਼ਟਿਕ ਹੈ, ਤਾਂ ਬਹੁਤ ਲੋਕ ਸਾਬਤ ਕਣਕ ਦੀ ਬਰੈੱਡ ਖਾਣ ਲੱਗੇ।’’
ਪਰ ਕ੍ਰਿਸ ਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਸਲਾਈਸ ਵਾਲੀ ਚਿੱਟੀ ਬਰੈੱਡ ਖਾਣ ਦੇ ਆਦੀ ਹਨ।
‘‘ਵ੍ਹਾਈਟ ਬਰੈੱਡ ਸਾਬਤ ਕਣਕ ਦੀ ਤੁਲਨਾ ਵਿੱਚ ਬਹੁਤ ਸਸਤੀ ਹੈ, ਇਸ ਲਈ ਕੰਪਨੀਆਂ ਇਸ ਨੂੰ ਬਣਾਉਂਦੀਆਂ ਹਨ। ਅਤੇ ਜ਼ਿਆਦਾਤਰ ਲੋਕ ਇਸ ਨੂੰ ਖਾਣ ਦੇ ਆਦੀ ਹਨ।’’