ਹਾਂਗਕਾਂਗ-ਸਿੰਗਾਪੁਰ 'ਚ ਐੱਮਡੀਐੱਚ ਤੇ ਐਵਰੈਸਟ ਦੇ ਕੁਝ ਮਸਾਲਿਆਂ ਉੱਤੇ ਕਿਉਂ ਲਾਈ ਗਈ ਪਾਬੰਦੀ - ਜਾਣੋ ਪੂਰਾ ਮਾਮਲਾ

ਹਾਂਗਕਾਂਗ ਦੇ ਫੂਡ ਸੇਫਟੀ ਵਿਭਾਗ ਨੇ ਭਾਰਤੀ ਕੰਪਨੀਆਂ ਐੱਮਡੀਐੱਚ ਅਤੇ ਐਵਰੈਸਟ ਦੇ ਕੁਝ ਪੈਕ ਕੀਤੇ ਮਸਾਲਿਆਂ ਵਿੱਚ ਕੀਟਨਾਸ਼ਕ ਐਥੀਲੀਨ ਆਕਸਾਈਡ ਪਾਏ ਜਾਣ ਦਾ ਦਾਅਵਾ ਕੀਤਾ ਹੈ ਅਤੇ ਲੋਕਾਂ ਨੂੰ ਇਨ੍ਹਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।

ਇਸ ਦੇ ਨਾਲ ਹੀ ਇਸ ਦੀ ਖਰੀਦੋ-ਫਰੋਖ਼ਤ ਨੂੰ ਰੋਕਣ ਲਈ ਵੀ ਕਿਹਾ ਹੈ। ਸਿੰਗਾਪੁਰ 'ਚ ਐਵਰੈਸਟ ਦੇ ਫਿਸ਼ ਕਰੀ ਮਸਾਲਾ ਨੂੰ ਬਾਜ਼ਾਰ 'ਚੋਂ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।

ਹਾਂਗਕਾਂਗ ਦੇ ਫੂਡ ਸੇਫਟੀ ਵਿਭਾਗ ਦੇ ਸੈਂਟਰ ਫਾਰ ਫੂਡ ਸੇਫਟੀ ਨੇ ਐੱਮਡੀਐੱਚ ਦੇ ਮਦਰਾਸ ਕਰੀ ਪਾਊਡਰ, ਸਾਂਭਰ ਮਸਾਲਾ ਮਿਕਸਡ ਪਾਊਡਰ ਅਤੇ ਕਰੀ ਪਾਊਡਰ ਮਿਕਸਡ ਮਸਾਲਾ ਵਿੱਚ ਕੀਟਨਾਸ਼ਕ ਐਥੀਲੀਨ ਆਕਸਾਈਡ ਪਾਇਆ ਹੈ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ।

ਫੂਡ ਸੇਫਟੀ ਡਿਪਾਰਟਮੈਂਟ, ਸੈਂਟਰ ਫਾਰ ਫੂਡ ਸੇਫਟੀ ਨੇ ਇਨ੍ਹਾਂ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਕੈਂਸਰ 'ਤੇ ਖੋਜ ਕਰਨ ਵਾਲੀ ਏਜੰਸੀ ਨੇ ਐਥੀਲੀਨ ਆਕਸਾਈਡ ਨੂੰ ਗਰੁੱਪ 1 ਕਾਰਸੀਨੋਜਨ 'ਚ ਰੱਖਿਆ ਹੈ।

ਕਾਰਸੀਨੋਜਨ ਅਜਿਹੇ ਪਦਾਰਥ ਹੁੰਦੇ ਹਨ ਜੋ ਕੈਂਸਰ ਦੇ ਖ਼ਤਰੇ ਦਾ ਕਾਰਨ ਬਣਦੇ ਹਨ।

ਸਿੰਗਾਪੁਰ ਵਿੱਚ ਐਵਰੈਸਟ ਫਿਸ਼ ਕਰੀ ਮਸਾਲੇ 'ਤੇ ਪਾਬੰਦੀ

ਫੂਡ ਸੇਫਟੀ ਡਿਪਾਰਟਮੈਂਟ ਨੇ ਭੋਜਨ ਪਦਾਰਥਾਂ ਵਿੱਚ ਕੀਟਨਾਸ਼ਕ ਦੇ ਰਹਿੰਦ-ਖੂੰਹਦ ਨਿਯਮਾਂ (ਕੈਪ. 132ਸੀਐੱਮ) ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਸ ਦੀ ਮੌਜੂਦਗੀ ਵਾਲਾ ਭੋਜਨ ਤਾਂ ਹੀ ਵੇਚਿਆ ਜਾ ਸਕਦਾ ਹੈ ਜੇਕਰ ਇਸ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਜਾਂ ਖ਼ਤਰਨਾਕ ਨਾ ਹੋਵੇ।

ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ ਨੇ ਤਿੰਨ ਪ੍ਰਚੂਨ ਦੀਆਂ ਦੁਕਾਨਾਂ ਤੋਂ ਮਸਾਲਿਆਂ ਦੇ ਨਮੂਨੇ ਲਏ ਸਨ।

ਸੈਂਟਰ ਫਾਰ ਫੂਡ ਸੇਫਟੀ ਦੇ ਬੁਲਾਰੇ ਮੁਤਾਬਕ, ਹਾਂਗਕਾਂਗ ਵਿੱਚ ਖਾਣੇ ਵਾਲੇ ਪਦਾਰਥਾਂ ਵਿੱਚ ਐਥੀਲੀਨ ਆਕਸਾਈਡ ਵਰਗੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ 50 ਹਜ਼ਾਰ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।

ਜ਼ੁਲਮ ਸਾਬਤ ਹੋਣ 'ਤੇ ਜੁਰਮਾਨੇ ਦੇ ਨਾਲ-ਨਾਲ ਛੇ ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ।

ਇਸ ਦੌਰਾਨ ਸਿੰਗਾਪੁਰ ਨੇ ਦੇਸ਼ ਦੀ ਫੂਡ ਏਜੰਸੀ ਨੂੰ ਐਥਲੀਨ ਆਕਸਾਈਡ ਮਿਲਣ 'ਤੇ ਐਵਰੈਸਟ ਦੇ ਫਿਸ਼ ਕਰੀ ਮਸਾਲੇ ਨੂੰ ਬਾਜ਼ਾਰ ਤੋਂ ਵਾਪਸ ਲੈਣ ਦਾ ਹੁਕਮ ਦਿੱਤਾ ਹੈ।

ਦੇਸ਼ ਵਿੱਚ ਇਸ ਮਸਾਲੇ ਦੀ ਦਰਾਮਦ ਕਰਨ ਵਾਲੀ ਮੁਥੱਈਆ ਐਂਡ ਸੰਨਜ਼ ਪ੍ਰਾਈਵੇਟ ਲਿਮਟਿਡ ਨੂੰ ਇਸ ਉਤਪਾਦ ਨੂੰ ਬਾਜ਼ਾਰ ਵਿੱਚੋਂ ਵਾਪਸ ਲੈਣ ਲਈ ਕਿਹਾ ਗਿਆ ਹੈ।

ਸਿੰਗਾਪੁਰ ਦੀ ਫੂਡ ਏਜੰਸੀ ਨੇ ਖਪਤਕਾਰਾਂ ਨੂੰ ਐਵਰੈਸਟ ਦੇ ਫਿਸ਼ ਕਰੀ ਮਸਾਲੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।

ਸਿੰਗਾਪੁਰ ਦੀ ਫੂਡ ਏਜੰਸੀ ਨੇ ਆਪਣੇ ਫੈਸਲੇ ਦੇ ਸਮਰਥਨ ਵਿੱਚ ਹਾਂਗਕਾਂਗ ਦੇ ਫੂਡ ਸੇਫਟੀ ਡਿਪਾਰਟਮੈਂਟ ਦੁਆਰਾ ਜਾਰੀ ਕੀਤੇ ਉਸੇ ਨਿਰਦੇਸ਼ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਐੱਮਡੀਐੱਚ ਦੇ ਤਿੰਨ ਮਸਾਲਿਆਂ ਅਤੇ ਐਲਰੈਸਟ ਦੇ ਫਿਸ਼ ਕਰੀ ਮਸਾਲੇ ਵਿੱਚ ਕੈਂਸਰ ਦਾ ਖ਼ਤਰਾ ਪੈਦਾ ਕਰਨ ਵਾਲੇ ਤੱਤ ਹੋਣ ਦੀ ਗੱਲ ਕਹੀ ਗਈ ਹੈ।

ਐਵਰੈਸਟ ਨੇ ਕੀ ਕਿਹਾ?

ਸਿੰਗਾਪੁਰ ਦੀ ਫੂਡ ਏਜੰਸੀ ਨੇ ਕਿਹਾ ਹੈ ਕਿ ਐਥੀਲੀਨ ਆਕਸਾਈਡ ਦੀ ਘੱਟ ਮਾਤਰਾ ਨਾਲ ਕੋਈ ਤੁਰੰਤ ਖ਼ਤਰਾ ਨਹੀਂ ਹੈ। ਪਰ ਲੰਬੇ ਸਮੇਂ ਤੱਕ ਵਰਤੋਂ ਨਾਲ, ਅਜਿਹੇ ਰਸਾਇਣ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੇ ਹਨ।

ਨਿਊਜ਼ ਵੈੱਬਸਾਈਟ ਵਿਓਨ ਨੂੰ ਦਿੱਤੇ ਜਵਾਬ ਵਿੱਚ ਐਵਰੈਸਟ ਨੇ ਕਿਹਾ ਹੈ ਕਿ ਇਹ ਪੰਜਾਹ ਸਾਲ ਪੁਰਾਣਾ ਅਤੇ ਨਾਮਵਰ ਬ੍ਰਾਂਡ ਹੈ।

ਐਵਰੈਸਟ ਨੇ ਕਿਹਾ, “ਸਾਡੇ ਸਾਰੇ ਉਤਪਾਦ ਸਖ਼ਤ ਜਾਂਚ ਤੋਂ ਬਾਅਦ ਹੀ ਤਿਆਰ ਅਤੇ ਐਕਸਪੋਰਟ ਕੀਤੇ ਜਾਂਦੇ ਹਨ। ਅਸੀਂ ਸਾਫ਼-ਸਫਾਈ ਅਤੇ ਭੋਜਨ ਸੁਰੱਖਿਆ ਦੇ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਾਂ।"

“ਸਾਡੇ ਉਤਪਾਦਾਂ 'ਤੇ ਇੰਡੀਅਨ ਸਪਾਈਸ ਬੋਰਡ ਅਤੇ ਐੱਫਐੱਸਐੱਸਏਆਈ ਸਮੇਤ ਸਾਰੀਆਂ ਏਜੰਸੀਆਂ ਤੋਂ ਮਨਜ਼ੂਰੀ ਦੀ ਮੋਹਰ ਲੱਗੀ ਹੋਈ ਹੈ।"

ਐਵਰੈਸਟ ਨੇ ਕਿਹਾ, “ਹਰ ਐਕਸਪੋਰਟ ਤੋਂ ਪਹਿਲਾਂ, ਸਾਡੇ ਉਤਪਾਦਾਂ ਦੀ ਇੰਡੀਅਨ ਸਪਾਈਸ ਬੋਰਡ ਦੁਆਰਾ ਜਾਂਚ ਕੀਤੀ ਜਾਂਦੀ ਹੈ। ਫਿਲਹਾਲ ਅਸੀਂ ਅਧਿਕਾਰਤ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਸਾਡੀ ਕੁਆਲਿਟੀ ਕੰਟ੍ਰੋਲ ਟੀਮ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ।”

ਐਥੀਲੀਨ ਆਕਸਾਈਡ ਕੀ ਹੈ?

ਐਥੀਲੀਨ ਆਕਸਾਈਡ ਇੱਕ ਰੰਗਹੀਣ ਅਤੇ ਜਲਣਸ਼ੀਲ ਗੈਸ ਹੈ। ਇਸ ਦੀ ਵਰਤੋਂ ਆਮ ਤੌਰ 'ਤੇ ਖੇਤੀਬਾੜੀ, ਸਿਹਤ ਸੰਭਾਲ ਅਤੇ ਫੂਡ ਪ੍ਰੋਸੈਸਿੰਗ ਇੰਡਸਟ੍ਰੀ ਵਿੱਚ ਕੀਟਨਾਸ਼ਕ, ਸਟਰਿਲੈਂਟ ਦਾ ਫਯੂਮਿਗੈਂਟ ਬਣਾਉਣ ਵਿੱਚ ਵਰਤਿਆ ਜਾਂਦਾ ਹੈ।

ਮਸਾਲਿਆਂ ਅਤੇ ਹੋਰ ਸੁੱਕੇ ਭੋਜਨਾਂ ਵਿੱਚ ਮਾਈਕਰੋਬਾਇਲ ਪ੍ਰਦੂਸ਼ਣ ਨੂੰ ਖ਼ਤਮ ਕਰਨ ਅਤੇ ਕੀੜਿਆਂ ਨੂੰ ਕਾਬੂ ਕਰਨ ਲਈ ਐਥੀਲੀਨ ਆਕਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ।

ਬੈਕਟੀਰੀਆ, ਊਲੀ ਅਤੇ ਕੀੜਿਆਂ ਤੋਂ ਭੋਜਨ ਨੂੰ ਸੁਰੱਖਿਅਤ ਕਰਨ ਲਈ ਐਥੀਲੀਨ ਆਕਸਾਈਡ ਦੀ ਵਰਤੋਂ ਹੁੰਦੀ ਹੈ।

ਹਾਲਾਂਕਿ ਕਈ ਸਿਹਤ ਸੰਸਥਾਵਾਂ ਨੇ ਇਸ ਨੂੰ ਕਾਰਸੀਨੋਜਨ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਕਾਰਸੀਨੋਜਨ ਕੈਂਸਰ ਦੇ ਖਤਰੇ ਦਾ ਕਾਰਨ ਬਣ ਸਕਦੇ ਹਨ।

ਈਥੀਲੀਨ ਆਕਸਾਈਡ ਦੇ ਖਤਰੇ ਨੂੰ ਦੇਖਦੇ ਹੋਏ ਕਈ ਦੇਸ਼ਾਂ ਦੇ ਫੂਡ ਰੈਗੂਲੇਟਰਾਂ ਨੇ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਇਸ ਦੀ ਵਰਤੋਂ ਨੂੰ ਲੈ ਕੇ ਸਖਤ ਨਿਯਮ ਬਣਾਏ ਹਨ। ਇਨ੍ਹਾਂ ਦੇਸ਼ਾਂ ਵਿੱਚ ਐਥੀਲੀਨ ਆਕਸਾਈਡ ਦੀ ਮਾਤਰਾ ਨਿਰਧਾਰਤ ਕਰਨ ਲਈ ਸਖ਼ਤ ਕਾਨੂੰਨ ਹਨ।

ਹਾਲਾਂਕਿ ਕਈ ਸਿਹਤ ਸੰਸਥਾਵਾਂ ਨੇ ਇਸ ਨੂੰ ਕਾਰਸੀਨੋਜਨ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਕਾਰਸੀਨੋਜਨ ਕੈਂਸਰ ਦਾ ਖ਼ਤਰਾ ਪੈਦਾ ਕਰ ਸਕਦੇ ਹਨ।

ਐਥੀਲੀਨ ਆਕਸਾਈਡ ਦੇ ਖ਼ਤਰੇ ਨੂੰ ਦੇਖਦੇ ਹੋਏ ਕਈ ਦੇਸ਼ਾਂ ਦੇ ਫੂਡ ਰੈਗੂਲੇਟਰਾਂ ਨੇ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਇਸ ਦੀ ਵਰਤੋਂ ਨੂੰ ਲੈ ਕੇ ਸਖ਼ਤ ਨਿਯਮ ਬਣਾਏ ਹਨ। ਇਨ੍ਹਾਂ ਦੇਸ਼ਾਂ ਵਿੱਚ ਐਥੀਲੀਨ ਆਕਸਾਈਡ ਦੀ ਮਾਤਰਾ ਨਿਰਧਾਰਤ ਕਰਨ ਲਈ ਸਖ਼ਤ ਕਾਨੂੰਨ ਹਨ।

ਅਮਰੀਕਾ ਵਿੱਚ ਵੀ ਮਸਾਲਿਆਂ 'ਤੇ ਸਵਾਲ ਹਨ

ਭਾਰਤੀ ਮਸਾਲਿਆਂ ਦੇ ਵਿਦੇਸ਼ੀ ਨਿਯਮਾਂ ਵਿੱਚ ਫਸਣ ਦੇ ਕੁਝ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ। 2023 ਵਿੱਚ, ਅਮਰੀਕਾ ਦੀ ਫੂਡ ਐਂਡ ਡਰੱਗਜ਼ ਅਥਾਰਟੀ ਨੇ ਐਵਰੈਸਟ ਦੇ ਸਾਂਬਰ ਮਸਾਲਾ ਅਤੇ ਗਰਮ ਮਸਾਲਾ ਨੂੰ ਮਾਰਕੀਟ ਤੋਂ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਸੀ।

ਇਹ ਮਸਾਲੇ ਸਾਲਮੋਨੇਲਾ ਪਾਜ਼ੀਟਿਵ ਮਿਲੇ ਸਨ। ਇਸ ਬੈਕਟੀਰੀਆ ਨਾਲ ਡਾਇਰੀਆ, ਚੱਕਰ ਜਾਂ ਉਲਟੀਆਂ ਪੇਟ ਦਰਦ ਅਤੇ ਬੁਖ਼ਾਰ ਹੋ ਸਕਦਾ ਹੈ।

ਹਾਲ ਹੀ ਵਿੱਚ ਬੇਬੀ ਫੂਡ ਵੇਚਣ ਵਾਲੀ ਕੰਪਨੀ ਨੇਸਲੇ ਦੇ ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਵਿੱਚ ਮੌਜੂਦ ਉਤਪਾਦਾਂ ਵਿੱਚ ਵਾਧੂ ਖੰਡ ਪਾਈ ਗਈ ਸੀ।

ਇਨ੍ਹਾਂ ਉਤਪਾਦਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਬੇਬੀ ਸੀਰੀਅਲ ਬ੍ਰਾਂਡ ਸੇਰੇਲੈਕ ਵੀ ਸ਼ਾਮਲ ਹੈ। ਸ਼ਿਸ਼ੂਆਂ ਨੂੰ ਖੰਡ ਦੇਣ ਦੀ ਸਲਾਹ ਨਹੀਂ ਦਿੱਤੀ ਜਾਂਦੀ।

ਇਹ ਰਿਪੋਰਟ ਸਵਿਸ ਸੰਸਥਾ ਪਬਲਿਕ ਆਈ ਦੀ ਸੀ। ਇਹ ਰਿਪੋਰਟ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ ਦੇ ਸਹਿਯੋਗ ਨਾਲ ਲਿਆਂਦੀ ਗਈ ਹੈ।

ਬੈਲਜੀਅਮ ਦੀ ਇੱਕ ਲੈਬ ਵਿੱਚ ਇਨ੍ਹਾਂ ਉਤਪਾਦਾਂ ਦੀ ਜਾਂਚ ਤੋਂ ਬਾਅਦ ਇਹ ਰਿਪੋਰਟ ਜਾਰੀ ਕੀਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)