You’re viewing a text-only version of this website that uses less data. View the main version of the website including all images and videos.
‘ਕੇਕ ਖਾਣ ਤੋਂ ਬਾਅਦ’ ਬੱਚੀ ਦੀ ਮੌਤ ਦਾ ਮਾਮਲਾ: ਆਨਲਾਈਨ ਆਰਡਰ ਕੀਤਾ ਭੋਜਨ ਸਿਹਤ ਨੂੰ ਨੁਕਸਾਨ ਕਰੇ ਤਾਂ ਕਿੱਥੇ ਸ਼ਿਕਾਇਤ ਕਰੀਏ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਪਿਛਲੇ ਦਿਨੀਂ ਪੰਜਾਬ ਦੇ ਪਟਿਆਲਾ ਤੋਂ ਇੱਕ ਮਾਮਲਾ ਸੁਰਖ਼ੀਆਂ ਵਿੱਚ ਆਇਆ, ਜਿਸ ਮੁਤਾਬਕ ਪਰਿਵਾਰ ਦਾ ਇਲਜ਼ਾਮ ਸੀ ਕਿ ਆਨਲਾਈਨ ਆਰਡਰ ਕਰ ਕੇ ਮੰਗਵਾਇਆ ਸਥਾਨਕ ਬੇਕਰੀ ਦਾ ਕੇਕ ਖਾਣ ਕਾਰਨ ਉਨ੍ਹਾਂ ਦੀ 10 ਸਾਲਾ ਬੱਚੀ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਪਰਿਵਾਰ ਦੇ ਕੁਝ ਹੋਰ ਜੀਆਂ ਦੀ ਸਿਹਤ ਵਿਗੜੀ ਹੈ। ਹਾਲਾਂਕਿ, ਮੌਤ ਦੇ ਕਾਰਨਾਂ ਦੀ ਪੁਸ਼ਟੀ ਲਈ ਭੋਜਨ ਲੈਬੋਰਟਰੀ ਵੱਲੋਂ ਕੇਕ ਦੇ ਸੈਂਪਲ ਦੀ ਜਾਂਚ ਅਤੇ ਬੱਚੀ ਦੇ ਪੋਸਟ ਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਕਸਰ ਘਰ ਬੈਠੇ ਹੀ ਆਨਲਾਈਨ ਫੂਡ ਆਰਡਰ ਕਰਦੇ ਹੋਣਗੇ। ਇੱਥੇ ਅਸੀਂ ਇਸ ਰੁਝਾਨ ਨਾਲ ਸਬੰਧਤ ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ।
ਕਲਾਊਡ ਕਿਚਨ (Cloud Kitchen) ਕੀ ਹੈ ?
ਅਜਿਹਾ ਫੂਡ ਬਿਜ਼ਨਸ, ਜਿਸ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਸਿਰਫ਼ ਡਿਲਵਰੀ ਰਾਹੀਂ ਹੀ ਗਾਹਕਾਂ ਤੱਕ ਪਹੁੰਚਾਇਆ ਜਾਂਦਾ ਹੈ, ਉਨ੍ਹਾਂ ਨੂੰ ਕਲਾਊਡ ਕਿਚਨ ਕਹਿੰਦੇ ਹਨ।
ਕਲਾਊਡ ਕਿਚਨ ਵਿੱਚ ਗਾਹਕਾਂ ਦੇ ਬੈਠ ਕੇ ਖਾਣ ਦੀ ਸਹੂਲਤ ਨਹੀਂ ਹੁੰਦੀ। ਕਲਾਊਡ ਕਿਚਨ ਸ਼ੁਰੂ ਕਰਨ ਲਈ ਰਵਾਇਤੀ ਰੈਸਟੋਰੈਂਟ ਖੋਲ੍ਹਣ ਜਿੰਨੇ ਨਿਵੇਸ਼ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਗਾਹਕਾਂ ਨਾਲ ਸਿੱਧਾ ਰਾਬਤਾ ਹੁੰਦਾ ਹੈ। ਇਨ੍ਹਾਂ ਦੇ ਕਾਰੋਬਾਰ ਵਿੱਚ ਡਿਲਵਰੀ ਨੈਟਵਰਕ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ।
ਕੋਰੋਨਾਵਾਇਰਸ ਮਹਾਂਮਾਰੀ ਦੇ ਵੇਲੇ ਤੋਂ ਭਾਰਤ ਵਿੱਚ ਕਲਾਊਡ ਕਿਚਨ ਦੇ ਕਾਰੋਬਾਰ ਵਿੱਚ ਭਾਰੀ ਉਛਾਲ ਆਇਆ ਹੈ।
ਇਕਨਾਮਿਕ ਟਾਈਮਜ਼ ਦੇ ਇੱਕ ਆਰਟੀਕਲ ਵਿੱਚ ਲਿਖਿਆ ਗਿਆ ਹੈ ਕਿ ਇੱਕ ਰੈਡਸੀਰ ਰਿਪੋਰਟ ਮੁਤਾਬਕ ਭਾਰਤ ਵਿੱਚ ਕਲਾਊਡ ਕਿਚਨ ਦੀ ਮਾਰਕਿਟ ਜੋ 2019 ਵਿੱਚ 400 ਮਿਲੀਅਨ ਡਾਲਰ ਦੀ ਸੀ, ਉਹ 2024 ਵਿੱਚ 3 ਬਿਲੀਅਨ ਡਾਲਰ ਦੀ ਹੋ ਜਾਏਗੀ।
ਆਨਲਾਈਨ ਫੂਡ ਡਿਲਵਰੀ ਕੰਪਨੀਆਂ ਕੀ ਹਨ?
ਆਨਲਾਈਨ ਫੂਡ ਡਿਲਵਰੀ ਕੰਪਨੀਆਂ, ਅਜਿਹਾ ਤਕਨੀਕੀ ਨੈੱਟਵਰਕ ਹਨ ਜੋ ਰੈਸਟੋਰੈਂਟਾਂ, ਗਾਹਕਾਂ ਅਤੇ ਡਿਲਵਰੀ ਏਜੰਟਾਂ ਨੂੰ ਜੋੜਦੀਆਂ ਹਨ।
ਵੱਖ-ਵੱਖ ਰੈਸਟੋਰੈਂਟ ਖੁਦ ਨੂੰ ਇਨ੍ਹਾਂ ਨਾਲ ਰਜਿਸਟਰ ਕਰਦੇ ਹਨ, ਇੱਥੋਂ ਉਪਲਬਧ ਬਦਲਾਂ ਵਿੱਚੋਂ ਗਾਹਕ ਆਪਣੀ ਪਸੰਦ ਦੇ ਰੈਸਟੋਰੈਂਟ ਤੋਂ ਘਰ ਬੈਠੇ ਆਰਡਰ ਕਰ ਸਕਦੇ ਹਨ ਅਤੇ ਆਰਡਰ ਕੀਤਾ ਭੋਜਨ ਕੰਪਨੀ ਨਾਲ ਜੁੜੇ ਡਿਲਵਰੀ ਏਜੰਟ ਰੈਸਟੋਰੈਂਟ ਤੋਂ ਚੁੱਕ ਕੇ ਗਾਹਕ ਦੇ ਪਤੇ ‘ਤੇ ਪਹੁੰਚਾਉਂਦੇ ਹਨ।
ਕਲਾਊਡ ਕਿਚਨ ਵੀ ਇਨ੍ਹਾਂ ਆਨਲਾਈਨ ਫੂਡ ਡਿਲਵਰੀ ਕੰਪਨੀਆਂ ਨਾਲ ਜੁੜ ਕੇ ਆਪਣੇ ਉਤਪਾਦ ਗਾਹਕਾਂ ਤੱਕ ਪਹੁੰਚਾਉਂਦੇ ਹਨ।
ਜ਼ੋਮੈਟੋ ਤੇ ਸਵਿੱਗੀ ਭਾਰਤ ਵਿੱਚ ਪ੍ਰਚਲਿਤ ਫੂਡ ਡਿਲਵਰੀ ਕਾਰੋਬਾਰ ਹਨ।
ਸੁਰੱਖਿਅਤ ਭੋਜਨ ਡਲਿਵਰ ਕਰਨ ਲਈ ਨਿਯਮ
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਬਾਇਓਟੈਕਨਾਲਜੀ ਅਤੇ ਫੂਡ ਟੈਕਨਾਲਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਬਲਵਿੰਦਰ ਸਿੰਘ ਸੂਚ ਨੇ ਸਾਨੂੰ ਦੱਸਿਆ ਕਿ ਗਾਹਕ ਤੱਕ ਸੁਰੱਖਿਅਤ ਭੋਜਨ ਪਹੁੰਚੇ, ਇਸ ਲਈ ਆਨਲਾਈਨ ਫੂਡ ਡਿਲਵਰੀ ਕੰਪਨੀਆਂ ਅਤੇ ਰੈਸਟੋਰੈਂਟਾਂ ਨੂੰ ਐੱਫਐੱਸਐੱਸਏਆਈ (FSSAI) ਤਹਿਤ ਲਾਈਸੈਂਸ ਲੈਣਾ ਜ਼ਰੂਰੀ ਹੈ।
ਸਮੇਂ-ਸਮੇਂ ਇਹ ਰਜਿਸਟ੍ਰੇਸ਼ਨ ਰੀਨਿਊ ਵੀ ਕਰਵਾਉਣੀ ਹੁੰਦੀ ਹੈ। ਸ਼ਰਤਾਂ ਪੂਰੀਆਂ ਕਰਨ ‘ਤੇ ਹੀ ਐੱਫਐੱਸਐੱਸਏਆਈ ਦਾ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।
ਉਹ ਦੱਸਦੇ ਹਨ ਕਿ ਐੱਫਐੱਸਐੱਸਏਆਈ ਦੇ ਨਿਯਮਾਂ ਮੁਤਾਬਕ, ਫੂਡ ਡਿਲਵਰੀ ਕੰਪਨੀਆਂ ਲਈ ਲਾਜ਼ਮੀ ਹੁੰਦਾ ਹੈ ਕਿ ਉਨ੍ਹਾਂ ਨਾਲ ਜੁੜੇ ਰੈਸਟੋਰੈਂਟਾਂ ਬਾਰੇ ਸਮੇਂ-ਸਮੇਂ ਜਾਂਚ ਕਰਨ ਅਤੇ ਯਕੀਨੀ ਬਣਾਉਣ ਕਿ ਭੋਜਨ ਸੁਰੱਖਿਆ ਲਈ ਤੈਅ ਨਿਯਮਾਂ ਮੁਤਾਬਕ ਤਿਆਰ ਕੀਤਾ ਅਤੇ ਪੈਕ ਕੀਤਾ ਜਾ ਰਿਹਾ ਹੈ।
ਉਹ ਦੱਸਦੇ ਹਨ ਕਿ ਭੋਜਨ ਸਾਫ਼ ਤੇ ਸੁਰੱਖਿਅਤ ਤਰੀਕੇ ਨਾਲ ਤਿਆਰ ਕੀਤੇ ਜਾਣ ਤੋਂ ਇਲਾਵਾ ਪੈਕੇਜਿੰਗ ਵੀ ਅਹਿਮ ਪੜਾਅ ਹੈ, ਕਿਉਂਕਿ ਪੈਕਿੰਗ ਮਟੀਰੀਅਲ ਗੰਦਾ (ਇਨਫੈਕਿਟਡ) ਹੋਣ ਕਾਰਨ ਵੀ ਭੋਜਨ ਅਸੁਰੱਖਿਅਤ ਹੋ ਸਕਦਾ ਹੈ।
ਡਿਲਵਰੀ ਏਜੰਟਾਂ ਲਈ ਵੀ ਨਿਰਦੇਸ਼ ਹੁੰਦੇ ਹਨ ਕਿ ਕਿਸ ਭੋਜਨ ਨੂੰ ਕਿਸ ਤਰੀਕੇ ਨਾਲ ਸਾਂਭ ਕੇ ਗਾਹਕ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕੋਲ ਭੋਜਨ ਲੈ ਕੇ ਜਾਣ ਲਈ ਲੋੜੀਂਦਾ ਤਾਪਮਾਨ ਬਰਕਰਾਰ ਰੱਖਣ ਦੀ ਸਹੂਲਤ ਹੋਣੀ ਚਾਹੀਦੀ ਹੈ, ਡਿਲਵਰੀ ਏਜੰਟ ਦੀ ਸਾਫ਼-ਸਫ਼ਾਈ ਅਤੇ ਭੋਜਨ ਲੈ ਕੇ ਜਾਣ ਲਈ ਜ਼ਰੂਰੀ ਟਰੇਨਿੰਗ ਹੋਣਾ ਵੀ ਲਾਜ਼ਮੀ ਹੁੰਦਾ ਹੈ।
ਕਿੱਥੋਂ ਕਿੰਨੇ ਸਮੇਂ ਤੱਕ ਭੋਜਨ ਪਹੁੰਚ ਰਿਹਾ ਹੈ, ਇਹ ਵੀ ਫੂਡ ਡਿਲਵਰੀ ਕੰਪਨੀ ਦੀ ਜ਼ਿੰਮੇਵਾਰੀ ਤਹਿਤ ਆਉਂਦਾ ਹੈ।
ਪ੍ਰੋਫੈਸਰ ਬਲਵਿੰਦਰ ਸੂਚ ਇਹ ਵੀ ਦੱਸਦੇ ਹਨ ਕਿ ਗਾਹਕ ਤੱਕ ਸੁਰੱਖਿਅਤ ਭੋਜਨ ਪਹੁੰਚਾਉਣਾ ਸੁਨਿਸ਼ਚਿਤ ਕਰਨ ਵਿੱਚ ਫੂਡ ਸੇਫ਼ਟੀ ਇੰਸਪੈਕਟਰਾਂ ਦੀ ਜ਼ਿੰਮੇਵਾਰੀ ਬਹੁਤ ਅਹਿਮ ਹੁੰਦੀ ਹੈ।
ਉਹ ਦੱਸਦੇ ਹਨ, "ਆਮ ਤੌਰ ‘ਤੇ ਹਰ ਰੈਸਟੋਰੈਂਟ ਲਈ ਇੰਸਪੈਕਟਰ ਵੱਲੋਂ ਸਾਲ ਵਿੱਚ ਘੱਟੋ-ਘੱਟ ਇੱਕ ਪੜਤਾਲ ਤਾਂ ਲਾਜ਼ਮੀ ਹੈ ਹੀ, ਪਰ ਭੋਜਨ ਦੀ ਕਿਸਮ ਅਤੇ ਹੋਰ ਕਾਰਨਾਂ ਕਰਕੇ ਜ਼ਿਆਦਾ ਵਾਰ ਵੀ ਪੜਤਾਲ ਹੋ ਸਕਦੀ ਹੈ। ਲੋੜ ਪੈਣ ‘ਤੇ ਫੂਡ ਇੰਸਪੈਕਟਰ ਡਿਲਵਰੀ ਏਜੰਟ ਨੂੰ ਰੋਕ ਕੇ ਪੜਤਾਲ ਕਰ ਸਕਦਾ ਹੈ।"
ਭੋਜਨ ਨੂੰ ਸੁਰੱਖਿਅਤ ਅਤੇ ਮਿਆਰੀ ਬਣਾਉਣ ਲਈ ਇਨ੍ਹਾਂ ਤੋਂ ਇਲਾਵਾ ਵੀ ਐੱਫਐੱਸਐੱਸਏਆਈ ਦੇ ਕਈ ਨਿਯਮ ਹਨ। ਕਿਸੇ ਨਿਯਮ ਨੂੰ ਅਣਗੌਲਿਆਂ ਕੀਤਾ ਜਾਣਾ, ਭੋਜਨ ਨੂੰ ਅਸੁਰੱਖਿਅਤ ਜਾਂ ਗੈਰ-ਮਿਆਰੀ ਬਣਾ ਸਕਦਾ ਹੈ।
ਅਸੁਰੱਖਿਅਤ ਖਾਣਾ ਕਿਹੜਾ ਹੁੰਦਾ ਹੈ?
ਜਿਸ ਖਾਣੇ ਨੂੰ ਖਾ ਕੇ, ਖਾਣ ਵਾਲੇ ਦੀ ਸਿਹਤ ਨੂੰ ਨੁਕਸਾਨ ਪਹੁੰਚੇ ਉਸ ਨੂੰ ਅਸੁਰੱਖਿਅਤ ਖਾਣਾ ਕਿਹਾ ਜਾਂਦਾ ਹੈ।
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲਜੀ ਅਤੇ ਫੂਡ ਟੈਕਨਾਲਜੀ ਵਿਭਾਗ ਵਿੱਚ ਪ੍ਰੋਫੈਸਰ ਮਿੰਨੀ ਸਿੰਘ ਕਹਿੰਦੇ ਹਨ ਕਿ ਅਸੁਰੱਖਿਅਤ ਭੋਜਨ ਨੂੰ ਮੁੱਖ ਰੂਪ ਵਿੱਚ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ।
ਭੋਜਨ ਵਿੱਚ ਲਾਗ (Food Infection) ਬਾਰੇ ਪ੍ਰੋਫੈਸਰ ਮਿੰਨੀ ਸਿੰਘ ਨੇ ਦੱਸਿਆ, “ਅਸੀਂ ਹਾਨੀਕਾਰਕ ਬੈਕਟੀਰੀਆ ਦੇ ਸੰਪਰਕ ਵਿੱਚ ਆਇਆ ਭੋਜਣ ਖਾ ਲਈਏ, ਜਿਸ ਨਾਲ ਸਾਡੀ ਸਿਹਤ ਨੂੰ ਨੁਕਸਾਨ ਹੋਵੇ ਉਸ ਨੂੰ ਫੂਡ ਇਨਫੈਕਸ਼ਨ ਕਿਹਾ ਜਾਂਦਾ ਹੈ।”
ਇਸ ਦੇ ਕਾਰਨ ਖਾਣਾ ਤਿਆਰ ਕਰਨ ਵਾਲੇ ਦੇ ਹੱਥ ਸਾਫ਼ ਨਾ ਹੋਣਾ, ਪੈਕਿੰਗ ਮਟੀਰੀਅਲ ਜਾਂ ਖਾਣਾ ਤਿਆਰ ਕਰਨ ਵਾਲਾ ਸਮਾਨ ਸਾਫ਼ ਨਾ ਹੋਣਾ, ਖਾਣਾ ਬਣਾਉਣ ਲਈ ਸਾਫ਼ ਪਾਣੀ ਦਾ ਇਸਤੇਮਾਲ ਨਾ ਹੋਣਾ ਜਾਂ ਖਾਣ ਤੋਂ ਪਹਿਲਾਂ ਹੱਥ ਨਾ ਧੋਣਾ ਵਗੈਰਾ ਹੋ ਸਕਦੇ ਹਨ।
ਭੋਜਨ ਦਾ ਜ਼ਹਿਰੀਲਾਪਣ (Food Posioning) ਜੇ ਬਿਮਾਰੀ ਫੈਲਾਉਣ ਵਾਲੇ ਕੀਟਾਣੂ, ਜਿਨ੍ਹਾਂ ਨੂੰ ਪੈਥੋਜੀਨ (Pathogene) ਵੀ ਕਿਹਾ ਜਾਂਦਾ ਹੈ, ਭੋਜਨ ਵਿੱਚ ਦਾਖ਼ਲ ਹੋ ਜਾਣ ਤਾਂ ਉਹ ਕੁਝ ਸਮੇਂ ਬਾਅਦ ਉਹ ਭੋਜਨ ਵਿੱਚ ਜ਼ਹਿਰੀਲੇ (Toxin) ਪਦਾਰਥ ਛੱਡ ਦਿੰਦੇ ਹਨ।
ਜੇਕਰ ਅਸੀਂ ਟੌਕਸਿਨ ਵਾਲਾ ਭੋਜਨ ਖਾ ਲੈਂਦੇ ਹਾਂ ਤਾਂ ਉਸ ਨੂੰ ਫੂਡ ਪੁਆਇਸਨਿੰਗ ਕਿਹਾ ਜਾਂਦਾ ਹੈ।
ਮਿੰਨੀ ਸਿੰਘ ਦੱਸਦੇ ਹਨ, "ਸਾਫ਼-ਸਫ਼ਾਈ ਦਾ ਧਿਆਨ ਰੱਖੇ ਬਿਨ੍ਹਾਂ ਭੋਜਨ ਤਿਆਰ ਕਰਨ ਨਾਲ ਵੀ ਪੈਥੋਜੀਨ ਭੋਜਨ ਵਿੱਚ ਦਾਖ਼ਲ ਹੋ ਸਕਦਾ ਹੈ, ਭੋਜਨ ਚੰਗੀ ਤਰ੍ਹਾਂ ਪੱਕਿਆ ਨਾ ਹੋਵੇ ਤਾਂ ਉਸ ਵਿੱਚ ਵੀ ਪੈਥੋਜੀਨ ਹੋ ਸਕਦਾ ਹੈ।"
"ਮੀਟ, ਅੰਡੇ ਅਤੇ ਦੁੱਧ ਆਦਿ ਵਿੱਚ ਪੈਥੋਜੀਨ ਕਾਫ਼ੀ ਹੁੰਦਾ ਹੈ। ਇੱਕ ਖ਼ਾਸ ਤਾਪਮਾਨ ਤੇ ਭੋਜਨ ਪਕਾਉਣ ਨਾਲ ਇਹ ਕੀਟਾਣੂ ਖ਼ਤਮ ਹੋ ਜਾਂਦਾ ਹੈ, ਪਰ ਜੇ ਪਕਾਉਣ ਤੋਂ ਪਹਿਲਾਂ ਉਸ ਕੀਟਾਣੂ, ਨੇ ਟੌਕਸਿਨ ਰਿਲੀਜ਼ ਕਰ ਦਿੱਤਾ ਹੋਵੇ ਤਾਂ ਟੌਕਸਿਨ ਭੋਜਨ ਵਿੱਚੋਂ ਖ਼ਤਮ ਨਹੀਂ ਹੁੰਦਾ ਅਤੇ ਸਿਹਤ ਲਈ ਬੇਹਦ ਹਾਨੀਕਾਰਕ ਹੋ ਸਕਦਾ ਹੈ।"
ਭੋਜਨ ਵਿੱਚ ਮਿਲਾਵਟ (Food Adulteration) ਭੋਜਨ ਵਿਗਿਆਨੀ ਮਿੰਨੀ ਸਿੰਘ ਕਹਿੰਦੇ ਹਨ ਕਿ ਭੋਜਨ ਵਿੱਚ ਕੋਈ ਵੀ ਅਜਿਹੀ ਚੀਜ਼ ਮਿਲਾਉਣਾ ਜੋ ਉਕਤ ਭੋਜਨ ਦਾ ਹਿੱਸਾ ਨਹੀਂ ਹੈ, ਉਸ ਨੂੰ ਅਡਲਟਰੇਸ਼ਨ ਕਿਹਾ ਜਾਂਦਾ ਹੈ।
ਉਦਾਹਰਨ ਦਿੰਦਿਆਂ ਉਹ ਕਹਿੰਦੇ ਹਨ ਕਿ ਦੁੱਧ ਵਿੱਚ ਪਾਣੀ ਮਿਲਾਉਣਾ ਵੀ ਮਿਲਾਵਟ ਹੈ। ਨਾਲ ਹੀ ਉਹ ਦੱਸਦੇ ਹਨ ਕਿ ਕਈ ਵਾਰ ਐੱਫਐੱਸਐੱਸਆਈ ਵੱਲੋਂ ਨਾ-ਮਨਜ਼ੂਰ ਰੰਗ, ਫਲੇਵਰ ਜਾਂ ਕੋਈ ਕੁਕਿੰਗ ਮਟੀਰੀਅਲ ਵਰਤ ਲਿਆ ਜਾਂਦਾ ਹੈ, ਜੋ ਖਾਣ ਵਾਲੇ ਦੀ ਸਿਹਤ ਨੂੰ ਨੁਕਸਾਨ ਕਰ ਸਕਦਾ ਹੈ, ਇਸ ਨੂੰ ਵੀ ਅਡਲਟਰੇਸ਼ਨ ਕਿਹਾ ਜਾਂਦਾ ਹੈ।
ਅਸੁਰੱਖਿਅਤ ਭੋਜਨ ਦੀ ਪਛਾਣ ਕਿਵੇਂ ਕਰੀਏ?
ਹਰ ਭੋਜਨ ਪਦਾਰਥ ਨੂੰ ਜਾਂਚਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ, ਕਈ ਭੋਜਨਾਂ ਵਿੱਚ ਦੇਖ ਕੇ ਜਾਂ ਸੁੰਘ ਕੇ ਉਸ ਦੇ ਅਸੁਰੱਖਿਅਤ ਹੋਣ ਬਾਰੇ ਪਰਖ ਕਰਨਾ ਮੁਸ਼ਕਿਲ ਜਾਂ ਅਸੰਭਵ ਹੋ ਸਕਦਾ ਹੈ।
ਪ੍ਰੋਫੈਸਰ ਮਿੰਨੀ ਸਿੰਘ ਕਹਿੰਦੇ ਹਨ ਕਿ ਭੋਜਨ ਵਿਗਿਆਨੀ ਹੋਣ ਕਾਰਨ ਜਿਹੜੀਆਂ ਬਾਰੀਕੀਆਂ ਉਨ੍ਹਾਂ ਦੇ ਧਿਆਨ ਵਿਚ ਆ ਸਕਦੀਆਂ ਹਨ, ਉਹ ਆਮ ਇਨਸਾਨ ਦੇ ਧਿਆਨ ਵਿੱਚ ਆਉਣਾ ਸਹਿਜ ਨਹੀਂ ਹੈ।
ਇਸ ਲਈ ਆਮ ਇਨਸਾਨ ਲਈ ਅਸੁਰੱਖਿਅਤ ਭੋਜਣ ਦੀ ਪਛਾਣ ਕਰ ਸਕਣਾ ਕਾਫ਼ੀ ਔਖਾ ਹੁੰਦਾ ਹੈ। ਉਹ ਕਹਿੰਦੇ ਹਨ ਕਿ ਜਾਗਰੂਕ ਰਹਿ ਕੇ ਕੁਝ ਹੱਦ ਤੱਕ ਤੁਸੀਂ ਭੋਜਨ ਨੂੰ ਚਖੇ ਬਿਨ੍ਹਾਂ ਜਾਂਚ ਸਕਦੇ ਹੋ ਪਰ ਪੂਰੀ ਤਰ੍ਹਾਂ ਪਛਾਣ ਸਕਣਾ ਸੰਭਵ ਨਹੀਂ ਹੁੰਦਾ।
ਉਹ ਦੱਸਦੇ ਹਨ ਕਿ ਬਾਹਰੋਂ ਕੋਈ ਵੀ ਭੋਜਨ ਮੰਗਵਾਉਂਦੇ ਹੋ ਤਾਂ ਧਿਆਨ ਨਾਲ ਉਸ ਨੂੰ ਦੇਖੋ ਕਿ ਕੀ ਉਸੇ ਤਰ੍ਹਾਂ ਦਿਸ ਰਿਹਾ ਹੈ ਜਿਸ ਤਰ੍ਹਾਂ ਆਮ ਤੌਰ ‘ਤੇ ਹੁੰਦਾ ਹੈ ਜਾਂ ਨਹੀਂ।
ਇਹ ਦੇਖੋ ਕਿ ਭੋਜਨ ‘ਤੇ ਕੋਈ ਹਰੇ ਜਾਂ ਚਿੱਟੇ ਰੰਗ ਦੀ ਉੱਲੀ ਜਿਹਾ ਕੁਝ ਨਾ ਹੋਵੇ ਜਾਂ ਭੋਜਨ ਨੂੰ ਸੁੰਘ ਕੇ ਉਸ ਦੇ ਸੁਰੱਖਿਅਤ ਜਾਂ ਅਸੁਰੱਖਿਅਤ ਹੋਣ ਦਾ ਅੰਦਾਜ਼ਾ ਲਗਾ ਸਕਦੇ ਹੋ।
ਉਹ ਕਹਿੰਦੇ ਹਨ ਕਿ ਵੱਖ-ਵੱਖ ਭੋਜਨਾਂ ਨੂੰ ਜਾਂਚਣ ਦੇ ਹੋਰ ਵਿਗਿਆਨਕ ਤਰੀਕੇ ਵੀ ਹੁੰਦੇ ਹਨ, ਪਰ ਆਮ ਲੋਕਾਂ ਲਈ ਘਰਾਂ ਵਿੱਚ ਉਹ ਜਾਂਚ ਕਰਨੀ ਸੌਖੀ ਨਹੀਂ ਹੁੰਦੀ।
ਭੋਜਨ ਅਸੁਰੱਖਿਅਤ ਹੋਣ ਦਾ ਖ਼ਦਸ਼ਾ ਹੋਵੇ ਤਾਂ ਕੀ ਕਰੀਏ?
ਜੇ ਗਾਹਕ ਨੂੰ ਭੋਜਨ ਦੇ ਅਸੁਰੱਖਿਅਤ ਹੋਣ ਬਾਰੇ ਸ਼ੱਕ ਹੋਵੇ ਤਾਂ ਭੋਜਨ ਦੇ ਸੈਂਪਲ ਦੀ ਜਾਂਚ ਕਰਵਾਈ ਜਾ ਸਕਦੀ ਹੈ। ਵੱਖ-ਵੱਖ ਸੂਬਿਆਂ ਵਿੱਚ ਐੱਫਐੱਸਐੱਸਏਆਈ ਵੱਲੋਂ ਮਨਜ਼ੂਰ ਫੂਡ ਲੈਬੋਰਟਰੀਆਂ ਹਨ, ਜਿਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਨਿਯੁਕਤ ਕੀਤੇ ਗਏ ਫੂਡ ਸੇਫ਼ਟੀ ਇੰਸਪੈਕਟਰ ਨੂੰ ਸੂਚਿਤ ਕੀਤਾ ਜਾ ਸਕਦਾ ਹੈ।
ਉਹ ਕਹਿੰਦੇ ਹਨ, "ਜਦੋਂ ਵੀ ਭੋਜਨ ਦੇ ਖ਼ਰਾਬ ਹੋਣ ਦਾ ਸ਼ੱਕ ਹੋਵੇ ਅਤੇ ਤੁਸੀਂ ਜਾਂਚ ਕਰਵਾਉਣਾ ਚਾਹੋ, ਤਾਂ ਛੇੜ-ਛਾੜ ਕੀਤੇ ਬਿਨ੍ਹਾਂ ਤੁਰੰਤ ਲੈਬ ਵਿੱਚ ਫ਼ੋਨ ਕਰੋ। ਲੈਬ ਵਿੱਚ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਕਿਹੜੇ ਭੋਜਨ ਦੀ ਕੀ ਜਾਂਚ ਕਰਵਾਉਣੀ ਹੈ।"
"ਉੱਥੋਂ ਹੀ ਤੁਹਾਨੂੰ ਭੋਜਨ ਅਤੇ ਟੈਸਟ ਦੀ ਕਿਸਮ ਮੁਤਾਬਕ ਜਾਣਕਾਰੀ ਦਿੱਤੀ ਜਾਏਗੀ ਕਿ ਸੈਂਪਲ ਕਿਸ ਤਰੀਕੇ ਨਾਲ ਲੈਬ ਤੱਕ ਪਹੁੰਚਾਇਆ ਜਾਣਾ ਹੈ।"
ਭੋਜਨ ਵਿਗਿਆਨੀ ਮਿੰਨੀ ਸਿੰਘ ਦੱਸਦੇ ਹਨ ਕਿ ਸਰਕਾਰ ਵੱਲੋਂ ਮਨਜ਼ੂਰ ਫੂਡ ਲੈਬੋਰਟਰੀ ਤੋਂ ਕਰਵਾਈ ਜਾਂਚ ਵਿੱਚ ਜੇਕਰ ਸਾਹਮਣੇ ਆਇਆ ਕਿ ਭੋਜਨ ਦਾ ਉਕਤ ਸੈਂਪਲ ਅਸੁਰੱਖਿਅਤ ਹੈ ਤਾਂ ਲੈਬ ਖੁਦ ਫੂਡ ਸੇਫ਼ਟੀ ਇੰਸਪੈਕਟਰ ਨੂੰ ਇਸ ਬਾਰੇ ਸੂਚਿਤ ਕਰਦੀ ਹੈ।
ਜਿਸ ਥਾਂ ਤੋਂ ਭੋਜਨ ਆਇਆ ਹੁੰਦਾ ਹੈ, ਉੱਥੇ ਸੂਬੇ ਦੇ ਫੂਡ ਸੇਫ਼ਟੀ ਕਮਿਸ਼ਨਰ ਦੇ ਹੁਕਮਾਂ ਨਾਲ ਅੱਗੇ ਕਾਰਵਾਈ ਹੁੰਦੀ ਹੈ।
ਪ੍ਰੋਫੈਸਰ ਮਿੰਨੀ ਸਿੰਘ ਦੱਸਦੇ ਹਨ, "ਪੰਜਾਬ ਵਿੱਚ ਭੋਜਨ ਦੀ ਜਾਂਚ ਲਈ ਮਨਜ਼ੂਰ ਲੈਬੋਰਟਰੀ ਚੰਡੀਗੜ੍ਹ ਨਾਲ ਲਗਦੇ ਖਰੜ ਵਿੱਚ ਮੌਜੂਦ ਹੈ।"
ਇਸ ਵੈਬਸਾਈਟ ‘ਤੇ ਵੱਖ-ਵੱਖ ਸੂਬਿਆਂ ਦੇ ਫੂਡ ਸੈਫਟੀ ਕਮਿਸ਼ਨਰਾਂ ਨਾਲ ਸੰਪਰਕ ਬਾਰੇ ਜਾਣਕਾਰੀ ਮਿਲ ਸਕਦੀ ਹੈ।
ਪ੍ਰੋਫੈਸਰ ਮਿੰਨੀ ਸਿੰਘ ਕਹਿੰਦੇ ਹਨ ਕਿ ਜੇਕਰ ਭੋਜਨ ਖਾਣ ਕਰਕੇ ਕਿਸੇ ਦੀ ਜਾਨ ਚਲੀ ਜਾਵੇ ਤਾਂ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਗਾਹਕ ਮੁਆਵਜ਼ਾ ਕਿਵੇਂ ਲੈ ਸਕਦਾ ਹੈ?
ਜੇਕਰ ਫੂਡ ਲੈਬ ਵਿੱਚ ਦੀ ਜਾਂਚ ਵਿੱਚ ਭੋਜਨ ਦੇ ਅਸੁਰੱਖਿਅਤ ਹੋਣ ਬਾਰੇ ਪੁਸ਼ਟੀ ਹੁੰਦੀ ਹੈ, ਤਾਂ ਗਾਹਕ ਉਸ ਰਿਪੋਰਟ ਦੇ ਅਧਾਰ ‘ਤੇ ਖਪਤਕਾਰ ਅਦਾਲਤ ਵਿੱਚ ਕੇਸ ਕਰਕੇ ਮੁਆਵਜ਼ੇ ਦਾ ਦਾਅਵਾ ਕਰ ਸਕਦਾ ਹੈ। ਭੋਜਨ ਦੇ ਅਸੁਰੱਖਿਅਤ ਹੋਣ ਲਈ ਜ਼ਿੰਮੇਵਾਰੀ ਹਰ ਅਣਗਹਿਲੀ ਲਈ ਵੱਖਰੀ ਰਾਸ਼ੀ ਅਤੇ ਸਜ਼ਾ ਤੈਅ ਕੀਤੀ ਗਈ ਹੈ।
ਅਸੁਰੱਖਿਅਤ ਭੋਜਨ ਵੇਚਣ ਵਾਲੇ ਨੂੰ ਕੀ ਸਜ਼ਾ ਹੋ ਸਕਦੀ ਹੈ?
ਸੀਨੀਅਰ ਵਕੀਲ ਆਰਐੱਸ ਬੈਂਸ ਕਹਿੰਦੇ ਹਨ ਕਿ ਅਸੁਰੱਖਿਅਤ ਭੋਜਨ ਦੇ ਮਾਮਲਿਆਂ ਵਿੱਚ ਕਾਨੂੰਨ ਤਹਿਤ ਖ਼ਰੀਦਦਾਰ ਕੋਲ ਖੁਦ ਭੋਜਨ ਦੀ ਜਾਂਚ ਕਰਵਾ ਕੇ ਮੁਕੱਦਮਾ ਕਰਨ ਦਾ ਹੱਕ ਹੁੰਦਾ ਹੈ।
ਭਾਵੇਂ ਇਹ ਆਨਲਾਈਨ ਮੰਗਵਾਇਆ ਭੋਜਨ ਹੋਵੇ ਜਾਂ ਖ਼ੁਦ ਦੁਕਾਨ ਤੋਂ ਖ਼ਰੀਦਿਆ ਹੋਵੇ। ਉਹ ਦੱਸਦੇ ਹਨ ਕਿ ਅਣਗਹਿਲੀ ਜਾਂ ਗ਼ਲਤੀ ਦੇ ਮੁਤਾਬਕ ਛੇ ਮਹੀਨੇ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।
ਬੈਂਸ ਦੱਸਦੇ ਹਨ, "ਇਹ ਹਰ ਕੇਸ ਵਿੱਚ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਤੈਅ ਹੁੰਦਾ ਹੈ ਕਿ ਸਿਰਫ਼ ਭੋਜਨ ਤਿਆਰ ਕਰਨ ਵਾਲੇ ਰੈਸਟੋਰੈਂਟ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਜਾਂ ਫੂਡ ਡਿਲਵਰੀ ਕੰਪਨੀ ਨੂੰ ਵੀ।"
"ਜ਼ਿਆਦਾਤਰ ਕੇਸਾਂ ਵਿੱਚ ਜੇਕਰ ਭੋਜਨ ਤੈਅ ਸਮੇਂ ਵਿੱਚ ਰੈਸਟੋਰੈਂਟ ਤੋਂ ਗਾਹਕ ਤੱਕ ਪਹੁੰਚ ਗਿਆ ਹੋਵੇ ਤਾਂ ਅਜਿਹੇ ਕੇਸ ਵਿੱਚ ਭੋਜਨ ਅਸੁਰੱਖਿਅਤ ਮਿਲਣ ‘ਤੇ ਫੂਡ ਡਿਲਵਰੀ ਕੰਪਨੀ ਦੀ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ।"
ਐੱਫਐੱਸਐੱਸਏਆਈ ਕੀ ਹੈ?
ਇਸ ਦਾ ਪੂਰਾ ਨਾਮ ਫੂਡ ਸੇਫ਼ਟੀ ਐਡ ਸਟੈਂਡਰਡ ਅਥਾਰਟੀ ਆਫ ਇੰਡੀਆ (Food Safety and Standard Authority of India) ਹੈ।
ਭਾਰਤ ਦੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਇਸ ਦਾ ਗਠਨ ਹੋਇਆ ਸੀ।
ਇਸ ਦੀ ਜ਼ਿੰਮੇਵਾਰੀ ਭੋਜਨ ਵਸਤੂਆਂ ਦੇ ਵਿਗਿਆਨ ਅਧਾਰਿਤ ਮਾਪਦੰਡ ਨਿਰਧਾਰਤ ਕਰਨ ਤੋਂ ਲੈ ਕੇ, ਉਨ੍ਹਾਂ ਦੇ ਨਿਰਮਾਣ, ਸਟੋਰੇਜ, ਵਿਕਰੀ, ਵੰਡ ਨੂੰ ਨਿਯਮਤ ਕਰਨਾ ਹੈ।
ਮਨੁੱਖੀ ਖਪਤ ਲਈ ਮਿਆਰੀ ਅਤੇ ਸੁਰੱਖਿਅਤ ਭੋਜਨ ਦੀ ਉਪਲਭਧਤਾ ਨੂੰ ਯਕੀਨੀ ਬਣਾਉਣਾ ਇਸ ਅਥਾਰਟੀ ਦੇ ਅਧੀਨ ਆਉਂਦਾ ਹੈ।
ਫੂਡ ਸੇਫ਼ਟੀ ਐਡ ਸਟੈਂਡਰਡ ਅਥਾਰਟੀ ਆਫ ਇੰਡੀਆ, ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਕੰਮ ਕਰਦੀ ਹੈ।
ਇਸ ਅਥਾਰਟੀ ਤਹਿਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੋਜਨ ਜਾਂਚ ਲਈ ਲੈਬੋਰਟਰੀਆਂ ਬਣਾਈਆਂ ਗਈਆਂ ਹਨ। ਸੂਬਿਆਂ ਦੇ ਫੂਡ ਸੇਫ਼ਟੀ ਕਮਿਸ਼ਨਰ ਅਤੇ ਵੱਖੋ-ਵੱਖ ਖੇਤਰਾਂ ਦੇ ਫੂਡ ਸੇਫ਼ਟੀ ਇੰਸਪੈਕਟਰ ਇਸ ਸੰਸਥਾਂ ਦੇ ਨਿਯਮਾਂ ਮੁਤਾਬਕ ਕੰਮ ਕਰਦੇ ਹਨ।