ਕੀ ਸਾਡਾ ਸਮਾਜ ਹਰ ਅਜ਼ਾਦ ਔਰਤ ਦੀ ਤਰ੍ਹਾਂ ਹੀ ਹੀਰ ਨੂੰ ਵੀ ਦੇਖਦਾ ਹੈ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀਂ, ਗਾਲ੍ਹੀ ਦਿੱਤੀਆਂ ਵੱਡੜਾ ਪਾਪ ਆਵੇ ।

ਨਿਉਂ ਰਬ ਦੀ ਪੱਟਣੀ ਖਰੀ ਔਖੀ, ਧੀਆਂ ਮਾਰਿਆਂ ਵੱਡਾ ਸਰਾਪ ਆਵੇ ।

ਲੈ ਜਾਏ ਮੈਂ ਭੱਈਆਂ ਪਿਟੜੀ ਨੂੰ, ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ ।

ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ।

ਇਹ ਸ਼ਬਦ ਪੰਜਾਬੀ ਦੇ ਮਕਬੂਲ ਕਿੱਸੇਕਾਰ ਵਾਰਿਸ਼ ਸ਼ਾਹ ਨੇ ਹੀਰ ਦੇ ਮੂੰਹੋਂ ਅਖ਼ਵਾਏ ਹਨ ਜੋ ਸਮਾਜ ਦੀਆਂ ਰੂੜੀਵਾਦੀ ਧਾਰਨਾਵਾਂ ਅਤੇ ਬੰਦਸ਼ਾਂ ਨੂੰ ਤੋੜਨ ਦੇ ਪੱਕੇ ਇਰਾਦੇ ਦਾ ਪ੍ਰਗਟਾਵਾ ਹਨ।

ਹੀਰ-ਰਾਂਝੇ ਦੀ ਕਹਾਣੀ ਪੰਜਾਬੀ ਲੋਕਧਾਰਾ ਦੀ ਅਜਿਹੀ ਪ੍ਰੇਮ ਕਹਾਣੀ ਹੈ, ਜਿਸ ਨੂੰ ਇਸ਼ਕ ਹਕੀਕੀ ਵਾਲੇ ਵੀ ਆਦਰਸ਼ ਮੰਨਦੇ ਹਨ ਤੇ ਮਜਾਜੀ ਇਸ਼ਕ ਦੀ ਹਾਮੀ ਭਰਨ ਵਾਲੇ ਵੀ।

ਵਾਰਿਸ ਸ਼ਾਹ 18ਵੀਂ ਸਦੀ ਦੇ ਸੂਫੀ ਕਵੀ ਹੋਏ ਹਨ, ਜਿਨ੍ਹਾਂ ਦਾ ਸਬੰਧ ਸੂਫੀ ਪਰੰਪਰਾ ਦੇ ਚਿਸ਼ਤੀ ਘਰਾਣੇ ਨਾਲ ਹੈ।

ਹੀਰ ਅਤੇ ਰਾਂਝੇ ਦੀ ਕਹਾਣੀ ਨੂੰ ਵਾਰਿਸ ਸ਼ਾਹ ਸਣੇ ਕਈ ਹੋਰ ਲੋਕਾਂ ਨੇ ਆਪੋ-ਆਪਣੇ ਸਮੇਂ ’ਤੇ ਸੋਚ ਦੇ ਸਾਂਚੇ ਵਿੱਚ ਢਾਲਿਆ ਹੈ।

ਗੁਰੂ ਕਾਲ ਦੇ ਵੱਡੇ ਕਵੀ ਭਾਈ ਗੁਰਦਾਸ ਵੀ ਉਨ੍ਹਾਂ ਦਾ ਜ਼ਿਕਰ ਕਰਦੇ ਹਨ।

ਜਦਕਿ ਆਧੁਨਿਕ ਕਾਲ ਵਿੱਚ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਜਸਵੰਤ ਸਿੰਘ ਕੰਵਲ, ਜਗਤਾਰ ਸਿੰਘ, ਸੁਰਜੀਤ ਪਾਤਰ, ਪਾਸ਼, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਵਰਗੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਹੀਰ ਵਾਰਿਸ ਸ਼ਾਹ ਵਿੱਚੋਂ ਅਨੇਕਾਂ ਹਵਾਲੇ ਮਿਲਦੇ ਹਨ।

ਇਹ ਵੀ ਦੱਸਿਆ ਜਾਂਦਾ ਹੈ ਕਿ ਸਰਦਾਰ ਭਗਤ ਸਿੰਘ ਵੀ ਜੇਲ੍ਹ ਵਿੱਚ ਹੀਰ ਗਾਇਆ ਕਰਦੇ ਸਨ।

ਇਹ ਮਿਸਾਲਾਂ ਹੀਰ ਦੀ ਕਹਾਣੀ ਨੂੰ ਸਿਰਫ਼ ਪ੍ਰੇਮ ਕਹਾਣੀ ਤੱਕ ਹੀ ਮਹਿਦੂਦ ਨਹੀਂ ਕਰਦੀਆਂ ਬਲਕਿ ਰੂਹਾਨੀ, ਇਨਕਲਾਬੀ ਅਤੇ ਸਮਾਜ ਸੁਧਾਰਕਾਂ ਲਈ ਵੀ ਪ੍ਰੇਰਣਾ ਬਣਦੀਆਂ ਹਨ।

ਬੀਬੀਸੀ ਨਿਊਜ਼ ਪੰਜਾਬੀ ਵੱਲੋਂ ਹੀਰ ਸਣੇ ਪੰਜਾਬ ਦੀਆਂ ਅਜਿਹੀਆਂ ਨਾਇਕਾਵਾਂ ਬਾਰੇ ਇੱਕ ਖ਼ਾਸ ਸੀਰੀਜ਼ ਪੇਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਇਨ੍ਹਾਂ ਨਾਇਕਾਵਾਂ ਦੇ ਕਿਰਦਾਰ ਦੇ ਉਨ੍ਹਾਂ ਪਹਿਲੂਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਬਾਰੇ ਜ਼ਿਆਦਾ ਗੱਲ ਨਹੀਂ ਹੋਈ।

ਹੀਰ ਬਾਰੇ ਪ੍ਰਚਲਿਤ ਹੋਈਆਂ ਧਾਰਨਾਵਾਂ

ਸੁਮੇਲ ਸਿੰਘ ਸਿੱਧੂ ਕਹਿੰਦੇ ਹਨ, ''ਸਾਡਾ ਸਮਾਜ ਜਿਵੇਂ ਹਰ ਅਜ਼ਾਦ ਔਰਤ ਨੂੰ ਦੇਖਦਾ ਹੈ, ਉਵੇਂ ਹੀ ਹੀਰ ਨੂੰ ਵੀ ਦੇਖਦਾ ਹੈ ਅਤੇ ਉਹੀ ਕੁਝ ਹੀਰ ਬਾਰੇ ਵੀ ਕਹਿ ਦਿੰਦਾ ਹੈ।''

ਸੁਮੇਲ ਸਿੱਧੂ ਇਤਿਹਾਸਕਾਰ ਤੇ ਪੰਜਾਬੀ ਚਿੰਤਕ ਹਨ, ਜਿਨ੍ਹਾਂ ਦਾ ਹੀਰ-ਰਾਂਝੇ ਬਾਰੇ ਖਾਸ ਅਧਿਐਨ ਹੈ।

ਉਨ੍ਹਾਂ ਕਿਹਾ,"ਵਿਦਵਾਨਾਂ ਅਤੇ ਆਮ ਲੋਕਾਂ ਨੇ ਹੀਰ ਦੇ ਕਿਰਦਾਰ ਨੂੰ ਆਪੋ-ਆਪਣੀ ਸਮਝ ਅਨੁਸਾਰ ਬਿਆਨਿਆ।"

ਇਸ ਦਾ ਇੱਕ ਕਾਰਨ ਹੈ 19ਵੀਂ ਸਦੀ ਵਿੱਚ ਛਾਪੇਖਾਨਾ ਆਉਣ ਤੋਂ ਬਾਅਦ ਵਾਰਿਸ ਸ਼ਾਹ ਦੀ ਮਕਬੂਲ 'ਹੀਰ' ਵਿੱਚ ਕੀਤੇ ਗਏ 'ਰਲਾਵਾਂ' ਨੂੰ ਮੰਨਦੇ ਹਨ, ਜੋ 'ਹੀਰ ਦੀ ਅਵਾਜ਼ ਨੂੰ ਖੁੰਢਾ ਕਰਨ ਲਈ ਪਾਏ ਗਏ'।

ਸੁਮੇਲ ਸਿੱਧੂ ਮੰਨਦੇ ਹਨ, "ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ' ਵਾਲੇ ਬੰਦ ਵਾਰਿਸ ਸ਼ਾਹ ਦੇ ਲਿਖੇ ਹੀ ਨਹੀਂ ਬਲਕਿ ਮੌਲਵੀ ਹਦਾਇਤ ਉੱਲਾ ਦੇ ਪਾਏ ਹੋਏ ਹਨ।"

ਸਿੱਧੂ ਦਾਅਵਾ ਕਰਦੇ ਹਨ ਕਿ ਵਾਰਿਸ ਸ਼ਾਹ ਤਾਂ ਇਹ ਕਹਿ ਰਿਹਾ ਹੈ ਕਿ ਹੀਰ ਨੂੰ ਡੋਲੀ ਵਿੱਚ ਬਿਠਾ ਕੇ ਸਿਆਲ ਇਉਂ ਭੱਜੇ, 'ਜਿਵੇਂ ਮਾਲ ਨੂੰ ਘਿੰਨ੍ਹ ਕੇ ਚੋਰ ਮੀਆਂ'।

ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਡਾ. ਕੰਵਲਦੀਪ ਰੰਧਾਵਾ ਨੇ ਹੀਰ ਵਾਰਿਸ ਸ਼ਾਹ ਦੇ ਵਿਸ਼ਲੇਸ਼ਣ ਬਾਰੇ ਲਿਖੀ ਆਪਣੀ ਕਿਤਾਬ 'ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ' ਸਿਰਲੇਖ ਹੇਠ ਛਪਵਾਈ ਹੈ।

ਇਸ ਕਿਤਾਬ ਵਿੱਚ ਹੀਰ ਦੇ ਵਿਸ਼ਲੇਸ਼ਣ ਵਿੱਚ ਇਸ ਹਿੱਸੇ ਨੂੰ ਬਕਾਇਦਾ ਸ਼ਾਮਲ ਕੀਤਾ ਹੈ।

ਡਾ. ਰੰਧਾਵਾ ਕਹਿੰਦੇ ਹਨ, " ਕਈ ਬੰਦਾਂ ਬਾਰੇ ਇਹ ਬਹਿਸ ਚਲਦੀ ਰਹਿੰਦੀ ਹੈ ਕਿ ਵਾਰਿਸ ਸ਼ਾਹ ਦੇ ਲਿਖੇ ਹਨ ਜਾਂ ਨਹੀਂ।"

"ਹੀਰ ਦਾ ਕਿੱਸਾ ਬਹੁਤ ਲੋਕਾਂ ਨੇ ਐਡਿਟ ਕੀਤਾ ਹੈ ਅਤੇ ਇਹ ਮਸਲਾ ਹਾਲੇ ਤੱਕ ਬਣਿਆ ਹੋਇਆ ਹੈ ਕਿ ਕਿਉਂਕਿ ਵਾਰਿਸ ਦੀ ਹੱਥ ਲਿਖਤ ਹੀਰ ਸਾਡੇ ਕੋਲ ਮੌਜੂਦ ਨਹੀਂ ਹੈ।"

"ਇਹ ਸਾਡੇ ਕੋਲ ਲੋਕ ਕਹਾਣੀ ਵਜੋਂ ਜਿਵੇਂ ਪਹੁੰਚਦੀ ਗਈ, ਅਸੀਂ ਇਸ ਨੂੰ ਉਸੇ ਰੂਪ ਵਿੱਚ ਸਵਿਕਾਰਦੇ ਰਹੇ। ਕਿਸੇ ਨੇ ਇਸ ਨੂੰ ਵੱਡੀ ਹੀਰ ਵਜੋਂ ਛਾਪਿਆ ਹੈ, ਕਿਸੇ ਨੇ ਕੁਝ ਬੰਦ ਕੱਢ ਕੇ ਛੋਟੀ ਹੀਰ ਦੇ ਰੂਪ ਵਿੱਚ ਛਾਪ ਦਿੱਤਾ।"

ਸੁਮੇਲ ਸਿੱਧੂ ਹੀਰ ਬਾਰੇ ਪ੍ਰਚਲਿਤ ਗ਼ਲਤ ਧਾਰਨਾਵਾਂ ਲਈ ਪੰਜਾਹਵਿਆਂ-ਸੱਠਵਿਆਂ ਦੇ ਦਹਾਕਿਆਂ ਵਿੱਚ ਵਿੱਚ ਕੁਝ ਗਾਇਕ ਤੇ ਗੀਤਕਾਰਾਂ ਦੀਆਂ ਜੋੜੀਆਂ ਵੱਲੋਂ ਕਲੀਆਂ ਲਿਖਣ-ਗਾਉਣ ਦੇ ਸ਼ੁਰੂ ਹੋਏ ਰੁਝਾਨ ਨੂੰ ਵੀ ਮੰਨਦੇ ਹਨ।

ਉਹ ਕਹਿੰਦੇ ਹਨ, "ਉੱਥੇ ਹੀਰ ਦੇ ਹੁਸਨ ਦਾ ਬਿਆਨ, ਉਸ ਦੀ ਲਿਆਕਤ, ਸਿਆਣਪ, ਦਲੇਰੀ ਤੇ ਸੰਘਰਸ਼ ਤੋਂ ਤੋੜ ਕੇ ਕੀਤਾ ਗਿਆ।"

"ਸਾਡੇ ਲੋਕਾਂ ਵਿੱਚ ਹੀਰ ਪੜ੍ਹਣ ਦੀ ਬਜਾਇ, ਕਲੀਆਂ ਸੁਣਨ ਦੇ ਰੁਝਾਣ ਵਿੱਚੋਂ ਹੀਰ ਦਾ ਬਿੰਬ ਬਣਿਆ ਹੈ। ਇਹ ਬਿੰਬ ਸਮੇਂ ਸਮੇਂ ਗੀਤਕਾਰਾਂ ਦੀ ਸੋਚ ਸਮਝ ਦਾ ਉਲੀਕਿਆ ਹੋਇਆ।"

ਹੀਰ ਦੀ ਕਹਾਣੀ ਦਾ ਪੀੜ੍ਹੀ-ਦਰ-ਪੀੜ੍ਹੀ ਸਫ਼ਰ

ਇਤਿਹਾਸਕਾਰ ਮੰਨਦੇ ਹਨ ਕਿ ਹੀਰ-ਰਾਂਝੇ ਦੇ ਕਿੱਸੇ ਦਾ ਕਾਲ ਪੰਦਰਵੀਂ ਸਦੀ ਦਾ ਹੈ।

ਤਾਰੀਖ਼ ਨੂੰ ਬਿਹਤਰ ਸਮਝਣ ਲਈ ਉਹ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 1469 ਵਿੱਚ ਜਨਮ ਤੋਂ ਕੁਝ ਸਾਲ ਪਹਿਲਾਂ ਹੀਰ ਦੀ ਮੌਤ ਹੋਈ ਸੀ।

ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਹੀਰ-ਰਾਂਝੇ ਦੇ ਇਸ 'ਇਤਿਹਾਸਕ' ਕਿੱਸੇ ਨੂੰ ਪਹਿਲਾਂ ਮੇਲਿਆਂ ਜਾਂ ਹੋਰ ਇਕੱਠਾਂ ਵਿੱਚ ਮੌਖਿਕ ਰੂਪ ਵਿੱਚ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ।

ਫਿਰ ਹੌਲੀ-ਹੌਲੀ ਲਿਖਤੀ ਰੂਪ ਵਿੱਚ ਵੀ ਹੀਰ-ਰਾਂਝੇ ਦਾ ਜ਼ਿਕਰ ਸ਼ੁਰੂ ਹੋਇਆ।

ਕਿੱਸਿਆਂ ਵਿੱਚ ਪਹਿਲਾ ਵੱਡਾ ਕਿੱਸਾ 16ਵੀਂ ਸਦੀ ਵਿੱਚ ਲਿਖਿਆ ਗਿਆ, ਜਿਸ ਨੂੰ 'ਹੀਰ ਦਮੋਦਰ' ਕਿਹਾ ਜਾਂਦਾ ਹੈ।

ਇਤਿਹਾਸਕਾਰ ਸੁਰਿੰਦਰ ਸਿੰਘ, ਦਮੋਦਰ ਦੇ ਕਿੱਸੇ ਨੂੰ ਬਾਕੀ ਕਿੱਸਿਆਂ ਤੋਂ ਵਧੇਰੇ ਸਟੀਕ ਤੇ ਖ਼ਾਸ ਮੰਨਦੇ ਹਨ ਕਿਉਂਕਿ ਬਾਕੀ ਮਸ਼ਹੂਰ ਕਿੱਸਿਆਂ ਦੇ ਮੁਕਾਬਲੇ, ਦਮੋਦਰ ਦੇ ਕਿੱਸੇ ਦਾ ਕਾਲ, ਹੀਰ-ਰਾਂਝੇ ਦੇ ਕਾਲ ਦੇ ਵਧੇਰੇ ਨਜ਼ਦੀਕ ਸੀ।

ਦੂਜਾ ਕਾਰਨ ਉਹ ਇਹ ਮੰਨਦੇ ਹਨ ਕਿ ਦਮੋਦਰ ਉਸੇ ਇਲਾਕੇ ਝੰਗ ਵਿੱਚ ਸਿਆਲਾਂ ਦੀ ਸਰਪ੍ਰਸਤੀ ਵਿੱਚ ਰਹਿੰਦਾ ਰਿਹਾ। ਉਸ ਨੇ ਉੱਥੋਂ ਦੇ ਬਜ਼ੁਰਗਾਂ ਤੋਂ ਹੀਰ-ਰਾਂਝੇ ਬਾਰੇ ਜਾਣਿਆ ਹੋਏਗਾ।

ਇਤਿਹਾਸਕਾਰ ਸੁਰਿੰਦਰ ਸਿੰਘ ਮੁਤਾਬਕ, ਆਪਣੇ ਲਿਖੇ ਕਿੱਸੇ ਵਿੱਚ ਦਮੋਦਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਕਿੱਸੇ ਦੀਆਂ ਸਾਰੀਆਂ ਅਹਿਮ ਥਾਂਵਾਂ 'ਤੇ ਉਹ ਖ਼ੁਦ ਗਿਆ ਵੀ ਹੈ।

ਸੁਰਿੰਦਰ ਸਿੰਘ ਦੱਸਦੇ ਹਨ ਕਿ ਦਮੋਦਰ, ਹੀਰ ਦੀ ਬਾਹਰੀ ਸੁੰਦਰਤਾ ਵੱਲ ਨਹੀਂ ਝੁਕਦਾ ਬਲਕਿ ਉਸ ਦੇ ਕਿਰਦਾਰ ਦੀ ਗੱਲ ਕਰਦਾ ਹੈ।

ਸੁਮੇਲ ਸਿੱਧੂ ਮੁਤਾਬਕ ਦਮੋਦਰ ਵੱਲੋਂ ਹੀਰ ਦਾ ਕਿੱਸਾ ਲਿਖੇ ਜਾਣ 'ਤੇ ਸਾਨੂੰ ਹੀਰ ਦੀ ਵਾਰਤਾ ਦੇ ਬਹੁਤ ਪ੍ਰਸਿੱਧ ਹੋ ਜਾਣ ਦੀ ਜਾਣਕਾਰੀ ਮਿਲਦੀ ਹੈ।

ਅਠਾਰਵੀਂ ਸਦੀ ਵਿੱਚ ਵੱਡੇ ਪੱਧਰ 'ਤੇ ਹੀਰ ਦੇ ਕਿੱਸੇ ਲਿਖੇ ਜਾਣੇ ਸ਼ੁਰੂ ਹੁੰਦੇ ਹਨ। ਇਨ੍ਹਾਂ ਵਿੱਚ ਸਿਖ਼ਰ ਵਾਰਿਸ ਸ਼ਾਹ ਦੀ ਹੀਰ ਨੂੰ ਮੰਨਿਆ ਜਾਂਦਾ ਹੈ।

ਵਾਰਿਸ ਸ਼ਾਹ ਦੀ ਹੀਰ ਦੇ ਸਭ ਤੋਂ ਵੱਧ ਮਕਬੂਲ ਹੋਣ ਪਿੱਛੇ ਸੁਮੇਲ ਸਿੰਘ ਸਿੱਧੂ ਤਕਨੀਕੀ ਕਾਰਨ ਵੀ ਮੰਨਦੇ ਹਨ।

ਉਹ ਦੱਸਦੇ ਹਨ ਕਿ ਵਾਰਿਸ ਸ਼ਾਹ ਨੇ ਬੈਂਤ-ਸ਼ੰਦ ਨੂੰ ਬਹੁਤ ਕੁਸ਼ਲਤਾ ਦੇ ਨਾਲ ਵਰਤਿਆ ਕਿ ਥੋੜ੍ਹੇ ਸ਼ਬਦਾਂ ਵਿੱਚ ਜ਼ਿਆਦਾ ਗੱਲ ਕਹਿਣ ਦੀ ਸਮਰੱਥਾ ਪੈਦਾ ਕੀਤੀ।

ਇਸ ਤੋਂ ਇਲਾਵਾ ਵਾਰਿਸ ਸ਼ਾਹ, ਜਿਸ ਨਾਟਕੀਅਤਾ ਨਾਲ ਕਿੱਸੇ ਨੂੰ ਪੇਸ਼ ਕਰਦੇ ਹਨ ਉਹ ਵੀ ਕਮਾਲ ਹੈ।

ਇੱਕ ਕਾਰਨ ਇਹ ਵੀ ਸੀ ਕਿ ਵਾਰਿਸ ਸ਼ਾਹ ਦੇ ਲਿਖੇ ਇਸ ਕਿੱਸੇ ਵਿੱਚ ਵਰਤੀ ਸ਼ਬਦਾਵਲੀ, ਆਮ ਲੋਕਾਂ ਦੀ ਬੋਲ-ਚਾਲ ਦੀ ਭਾਸ਼ਾ ਹੈ ਅਤੇ ਸਧਾਰਨ ਪੰਜਾਬੀ ਹੈ।

ਭਾਵੇਂ ਕਿ ਹੀਰ ਵਾਰਿਸ ਵਿੱਚ ਅਰਬੀ, ਫ਼ਾਰਸੀ ਤੇ ਹੋਰ ਤਕਨੀਕੀ ਸ਼ਬਦਾਵਲੀਆਂ ਵੀ ਸ਼ਾਮਲ ਹਨ, ਪਰ ਉਹ ਸਿਰਫ਼ ਉੱਥੇ ਵਰਤੀਆਂ ਗਈਆਂ, ਜਿੱਥੇ ਲੋੜੀਂਦੀਆਂ ਸਨ।

ਤੀਜਾ ਕਾਰਨ ਇਹ ਕਿ ਵਾਰਿਸ ਸ਼ਾਹ ਜਿਸ ਤਰ੍ਹਾਂ ਦੇ ਰੂਪਕ ਵਿੱਚ ਕਿੱਸੇ ਨੂੰ ਬੰਨ੍ਹਦਾ ਹੈ, ਉਹ ਸੱਚਾਈ ਦੇ ਇੰਨਾਂ ਨੇੜੇ ਹਨ ਕਿ ਉਹ ਰੂਪਕ ਰਹਿੰਦਿਆਂ, ਜਾਣਕਾਰੀ ਵੀ ਬਣਦੇ ਹਨ।

ਸੁਮੇਲ ਸਿੰਘ ਨੇ ਦੱਸਿਆ ਕਿ ਉੱਨੀਵੀਂ ਸਦੀ ਵਿੱਚ 250 ਦੇ ਕਰੀਬ ਹੀਰਾਂ ਲਿਖਣ ਦਾ ਪ੍ਰਮਾਣ ਮਿਲਦਾ ਹੈ।

ਖੋਜੀਆਂ ਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅੰਕੜੇ ਬਾਰੇ ਇਹ ਅੰਦਾਜ਼ਾ ਉਨ੍ਹਾਂ ਕਿੱਸਿਆਂ ਦਾ ਹੈ ਜੋ ਉਨ੍ਹਾਂ ਨੂੰ ਹਾਸਲ ਹੋ ਗਏ।

ਇਸ ਤੋਂ ਇਲਾਵਾ ਇੰਨੀ ਹੀ ਗਿਣਤੀ ਹੀਰ ਦੇ ਉਨ੍ਹਾਂ ਕਿੱਸਿਆਂ ਦੀ ਵੀ ਹੋ ਸਕਦੀ ਹੈ, ਜੋ ਇਤਿਹਾਸਕਾਰਾਂ ਨੂੰ ਨਹੀਂ ਮਿਲੇ।

ਹੀਰ ਦੇ ਵੱਖ-ਵੱਖ ਕਿੱਸਿਆਂ ਵਿੱਚ ਕਈ ਵਖਰੇਵੇਂ ਵੀ ਦਿਸਦੇ ਹਨ।

ਉਦਾਹਰਨ ਵਜੋਂ ਵਾਰਿਸ ਦੇ ਕਿੱਸੇ ਵਿੱਚ ਹੀਰ-ਰਾਂਝੇ ਦੀ ਕਹਾਣੀ ਦਾ ਅੰਤ ਮੌਤ ਨਾਲ ਹੁੰਦਾ ਹੈ, ਪਰ ਦਮੋਦਰ ਦੇ ਕਿੱਸੇ ਵਿੱਚ ਦੋਵੇਂ ਅੰਤ ਵਿੱਚ ਅਧਿਾਤਮਕ ਹਸਤੀਆਂ ਬਣ ਕੇ ਉੱਭਰਦੇ ਹਨ ਅਤੇ ਅਦਾਲਤ ਦੇ ਉਨ੍ਹਾਂ ਦੇ ਪੱਖ਼ ਵਿੱਚ ਫ਼ੈਸਲੇ ਤੋਂ ਬਾਅਦ ਦੋਵੇਂ ਦੱਖਣ ਵੱਲ ਚਲੇ ਜਾਂਦੇ ਹਨ।

ਇੱਥੇ ਅਸੀਂ ਦਮੋਦਰ ਅਤੇ ਵਾਰਿਸ ਸ਼ਾਹ ਦੇ ਕਿੱਸਿਆਂ ਦੇ ਹਵਾਲੇ ਨਾਲ ਹੀਰ ਦੇ ਕਿਰਦਾਰ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ।

ਹੀਰ ਦੇ ਕਿਰਦਾਰ ਨੂੰ ਫਰੋਲਦਿਆਂ

ਇਹ ਤਾਂ ਅਸੀਂ ਅਕਸਰ ਸੁਣਿਆ ਹੈ ਕਿ ਹੀਰ ਚਨਾਬ ਨੇੜੇ ਵਸੇ ਨਗਰ ਝੰਗ ਦੇ ਰਹਿਣ ਵਾਲੇ ਜੱਟ ਚੂਚਕ ਦੀ ਧੀ ਸੀ।

ਸਿਆਲ ਉਸ ਦਾ ਗੋਤ ਸੀ। ਹੀਰ ਦੇ ਪਿਤਾ ਚੂਚਕ ਸਿਆਲਾਂ ਦੇ 84 ਪਿੰਡਾਂ ਦੇ ਮੁਖੀ ਸਨ। ਹੀਰ ਦੀ ਮਾਂ ਦਾ ਨਾਮ ਮਲਕੀ ਸੀ।

ਭਾਵੇਂ ਲੋਕ ਸਾਹਿਤ ਅਤੇ ਵੱਖ-ਵੱਖ ਕਿੱਸਿਆਂ ਵਿੱਚ ਸਾਨੂੰ ਹੀਰ ਦਾ ਨਾਮ ਹੀਰ ਸਲੇਟੀ ਆਦਿ ਹੀ ਪੜ੍ਹਣ ਨੂੰ ਮਿਲਦਾ ਹੈ, ਪਰ ਪਾਕਿਸਤਾਨ ਦੇ ਝੰਗ ਵਿਚਲੀ ਹੀਰ ਰਾਂਝੇ ਦੀ ਮਜ਼ਾਰ ਉੱਤੇ ਹੀਰ ਦਾ ਨਾਮ ਮਾਈ ਹੀਰ ਇੱਜ਼ਤ ਬੀਬੀ ਲਿਖਿਆ ਹੋਇਆ ਹੈ ਅਤੇ ਰਾਂਝੇ ਦਾ ਨਾਮ ਮੀਆਂ ਮੁਰਾਦ ਬਖ਼ਸ਼।

ਇਤਿਹਾਸਕਾਰ ਸੁਰਿੰਦਰ ਸਿੰਘ ਦੱਸਦੇ ਹਨ, "ਲੋਕ ਸਾਹਿਤ ਵਿੱਚ ਰਾਂਝੇ ਬਾਰੇ ਤਾਂ ਬੜਾ ਸਪੱਸ਼ਟ ਹੈ ਕਿ ਉਸ ਦਾ ਨਾਮ ਧੀਦੋ ਸੀ ਅਤੇ ਰਾਂਝਾ ਉਸ ਦਾ ਗੋਤ ਸੀ।"

"ਪਰ ਇਸ ਮਜ਼ਾਰ ਦੇ ਪੱਥਰ ਤੋਂ ਬਿਨ੍ਹਾਂ ਸਾਨੂੰ ਹੋਰ ਕਿਸੇ ਥਾਂ ਹੀਰ ਦਾ ਨਾਮ ਇੱਜ਼ਤ ਬੀਬੀ ਹੋਣ ਦਾ ਹਵਾਲਾ ਨਹੀਂ ਮਿਲਦਾ। ਅਸੀਂ ਸ਼ੁਰੂ ਤੋਂ ਹੀਰ ਹੀ ਪੜ੍ਹਿਆ, ਸੁਣਿਆ ਹੈ।"

ਉਹ ਦਮੋਦਰ ਦੇ ਲਿਖੇ ਕਿੱਸੇ ਦੇ ਹਵਾਲੇ ਨਾਲ ਹੀਰ ਦੇ ਕਿਰਦਾਰ ਤੋਂ ਜਾਣੂ ਕਰਵਾਉਂਦੇ ਹਨ ਕਿ ਹੀਰ ਦੀ ਰਸਮੀ ਪੜ੍ਹਾਈ-ਲਿਖਾਈ ਦਾ ਕੋਈ ਹਵਾਲਾ ਨਹੀਂ ਮਿਲਦਾ ਪਰ ਉਹ ਬਚਪਨ ਤੋਂ ਹੀ ਹੁਸ਼ਿਆਰ, ਅਗਵਾਈ ਕਰਨ ਵਾਲੀ, ਆਪਣੀ ਗੱਲ ਸਪੱਸ਼ਟਤਾ ਨਾਲ ਰੱਖਣ ਵਾਲੀ, ਬਹਾਦਰ ਤੇ ਜੁਝਾਰੂ ਕੁੜੀ ਸੀ।

ਚੌਧਰੀ ਦੀ ਧੀ ਸੀ ਅਤੇ ਆਪਣੀਆਂ ਸਹੇਲੀਆਂ 'ਤੇ ਵੀ ਉਸ ਦੀ ਚੌਧਰ ਸੀ।

ਸੁਰਿੰਦਰ ਸਿੰਘ ਨੇ ਦੱਸਿਆ ਕਿ ਹੀਰ ਨਿੱਕੀ ਉਮਰ ਤੋਂ ਹੀ ਆਪਣੇ ਬਾਪ ਦੀ ਤਰ੍ਹਾਂ ਮਸਲੇ ਸੁਲਝਾਉਂਦੀ ਅਤੇ ਦਰਬਾਰ ਲਗਾ ਕੇ ਫ਼ੈਸਲੇ ਕਰਦੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਆਲੇ-ਦੁਆਲੇ ਗੱਲ ਫ਼ੈਲੀ ਹੋਈ ਸੀ ਕਿ ਅਸਲ 'ਚੌਧਰੀ' ਤਾਂ ਹੀਰ ਹੀ ਹੈ।

ਇਤਿਹਾਸਕਾਰ ਸੁਰਿੰਦਰ ਸਿੰਘ ਹੀਰ ਦੀ ਜਵਾਨੀ ਤੋਂ ਪਹਿਲਾਂ ਦਾ ਇੱਕ ਕਿੱਸਾ ਸੁਣਾਉਂਦੇ ਹਨ, ਜਿਸ ਤੋਂ ਹੀਰ ਦੇ ਕਿਰਦਾਰ ਵਿੱਚ ਫ਼ੈਸਲੇ ਲੈਣ ਤੇ ਨਿਭਾਉਣ ਦੀ ਸਮਰੱਥਾ ਦਾ ਗੁਣ ਉਜਾਗਰ ਹੁੰਦਾ ਹੈ।

ਉਨ੍ਹਾਂ ਦੱਸਿਆ, " ਸੰਭਲ (ਉਸ ਵੇਲੇ ਜੱਟਾਂ ਦਾ ਇੱਕ ਗੋਤ) ਭਾਈਚਾਰੇ ਦੇ ਸਰਦਾਰ ਕੋਲ ਇੱਕ ਸ਼ਾਨਦਾਰ ਕਿਸ਼ਤੀ ਸੀ ਜੋ ਉਸ ਨੇ ਆਪਣੇ ਮਨੋਰੰਜਨ ਲਈ ਤਿਆਰ ਕਰਵਾਈ ਸੀ।"

"ਇੱਕ ਵਾਰ ਸੰਭਲ ਭਾਈਚਾਰੇ ਦੇ ਲੋਕਾਂ ਦੀ ਕਿਸ਼ਤੀ ਦੇ ਮਲਾਹ ਲੁੱਡਣ ਨਾਲ ਲੜਾਈ ਹੋ ਗਈ ਅਤੇ ਉਹ ਗ਼ੁੱਸੇ ਵਿੱਚ ਉੱਥੋਂ ਕਿਸ਼ਤੀ ਲੈ ਕੇ ਭੱਜ ਆਇਆ। ਆ ਕੇ ਸਿਆਲਾਂ ਤੋਂ ਪਨਾਹ ਦੀ ਗੁਹਾਰ ਲਗਾਉਣ ਲੱਗਿਆ।"

ਜਦੋਂ ਹੀਰ ਨੇ ਉਸ ਨੂੰ ਕੁਰਲਾਉਂਦਿਆਂ ਦੇਖਿਆ ਤਾਂ ਖੁਦ ਲੁੱਡਣ ਨੂੰ ਪਨਾਹ ਦੇਣ ਦਾ ਫ਼ੈਸਲਾ ਲੈ ਲਿਆ ਅਤੇ ਕਿਸ਼ਤੀ ਵੀ ਰੱਖ ਲਈ।

ਸੰਭਲਾਂ ਅਤੇ ਸਿਆਲਾਂ ਵਿਚਕਾਰ ਕਿਸ਼ਤੀ ਵਾਪਸ ਕਰਨ ਨੂੰ ਲੈ ਕੇ ਚੱਲੀ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਦੋਵਾਂ ਧਿਰਾਂ ਵਿਚਕਾਰ ਲੜਾਈ ਹੋਈ, ਜਿਸ ਵਿੱਚ ਸੰਭਲਾਂ ਦਾ ਸਰਦਾਰ ਮਰਨ ਕਿਨਾਰੇ ਪਹੁੰਚ ਗਿਆ ਸੀ।

ਸੁਰਿੰਦਰ ਸਿੰਘ ਦੱਸਦੇ ਹਨ ਕਿ ਇਸ ਲੜਾਈ ਵਿੱਚੋਂ ਹੀਰ ਇੱਕ ਜਰਨੈਲ ਦੀ ਭੂਮਿਕਾ ਵਿੱਚ ਵੀ ਉੱਭਰੀ।

ਸੁਰਿੰਦਰ ਸਿੰਘ ਕਹਿੰਦੇ ਹਨ, "ਹੀਰ ਨੇ ਹਰ ਹਾਲਾਤ ਵਿੱਚ ਪਹਿਲ ਕੀਤੀ। ਉਹ ਆਪਣੇ ਫ਼ੈਸਲੇ ਆਪ ਲੈਂਦੀ ਸੀ, ਉਸ ਦੇ ਫ਼ੈਸਲੇ ਅਕਸਰ ਸੋਚ-ਸਮਝ ਕੇ ਲਏ ਗਏ ਹੁੰਦੇ ਸਨ।"

"ਉਹ ਆਪਣੇ ਲਏ ਫ਼ੈਸਲੇ 'ਤੇ ਅਮਲ ਕਰਦੀ ਭਾਵੇਂ ਫ਼ਿਰ ਸਾਰੇ ਸਮਾਜ ਨਾਲ ਲੜਣਾ ਪੈ ਜਾਵੇ। ਬਚਪਨ ਤੋਂ ਹੀ ਆਪਣੇ ਕਿਰਦਾਰ ਅੰਦਰ ਨਾਬਰੀ ਲੈ ਕੇ ਤੁਰਦੀ ਹੈ।"

ਹੀਰ ਪਹਿਲ ਕਰਨ ਤੋਂ ਡਰਦੀ ਨਹੀਂ। ਇਸ ਦੀ ਉਦਾਹਰਨ ਹੀਰ-ਰਾਂਝੇ ਦੀ ਪਹਿਲੀ ਮੁਲਾਕਾਤ ਤੋਂ ਵੀ ਮਿਲਦੀ ਹੈ।

ਹੀਰ ਜਦੋਂ ਰਾਂਝੇ ਨੂੰ ਲੁੱਡਣ ਦੀ ਉਸੇ ਕਿਸ਼ਤੀ ਵਿੱਚ ਸੁੱਤੇ ਨੂੰ ਦੇਖਦੀ ਹੈ ਤਾਂ ਪਹਿਲਾਂ ਅਜਨਬੀ ਨੂੰ ਆਪਣੀ ਕਿਸ਼ਤੀ ਵਿੱਚ ਦੇਖ ਕੇ ਗ਼ੁੱਸੇ ਵਿੱਚ ਆ ਜਾਂਦੀ ਹੈ ਅਤੇ ਉਸ ਨੂੰ ਭਜਾਉਣ ਲਈ ਸਹੇਲੀਆਂ ਨੂੰ ਨਾਲ ਲੈ ਕੇ ਜਾਂਦੀ ਹੈ।

ਪਰ ਰਾਂਝੇ ਨੂੰ ਦੇਖਦਿਆਂ ਹੀ ਉਹ ਮੋਹਿਤ ਹੋ ਜਾਂਦੀ ਹੈ ਅਤੇ ਦੂਜੀਆਂ ਕੁੜੀਆਂ ਨੂੰ ਭੇਜ ਕੇ ਖੁਦ ਰਾਂਝੇ ਕੋਲ ਬੈਠਦੀ ਹੈ। ਉਸ ਦੀ ਵੰਝਲ਼ੀ ਸੁਣ ਕੇ ਹੋਰ ਵੀ ਪ੍ਰਭਾਵਿਤ ਹੁੰਦੀ ਹੈ।

ਦੱਸਿਆ ਜਾਂਦਾ ਹੈ ਕਿ ਹੀਰ ਹੀ ਪਹਿਲ ਕਰਕੇ ਰਾਂਝੇ ਨੂੰ ਕਿਸ਼ਤੀ ਵਿੱਚ ਲਿਜਾਂਦੀ ਹੈ।

ਹੀਰ ਕੋਲ ਆਪਣੀ ਗੱਲ ਮਨਵਾਉਣ ਦਾ ਵੀ ਤਰੀਕਾ ਹੈ। ਉਹ ਆਪਣੇ ਪਿਤਾ ਨੂੰ ਯਕੀਨ ਦਵਾਉਂਦੀ ਹੈ ਕਿ ਜੇ ਰਾਂਝੇ ਨੂੰ ਪਸ਼ੂ ਸਾਂਭਣ ਲਈ ਰੱਖ ਲਿਆ ਜਾਵੇ ਤਾਂ ਬਰਕਤਾਂ ਆਉਣਗੀਆਂ।

ਦਮੋਦਰ ਦੀ ਹੀਰ ਵਿੱਚ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਉਹ ਰਾਂਝੇ ਨੂੰ ਚਾਕ ਰੱਖਣ ਦੇ ਫ਼ਾਇਦੇ ਗਿਣਵਾ ਕੇ ਰਾਂਝੇ ਨੂੰ ਨੌਕਰੀ ਦੇਣ ਲਈ ਆਪਣੇ ਬਾਪ ਨੂੰ ਮਨਾ ਲੈਂਦੀ ਹੈ।

ਜਦੋਂ ਹੀਰ ਦੇ ਰਾਂਝੇ ਨਾਲ ਇਸ਼ਕ ਦਾ ਪਤਾ ਲਗਦਾ ਹੈ ਤਾਂ ਵੀ ਉਹ ਕਿਸੇ ਗੱਲ ਨੂੰ ਲੁਕਾਉਂਦੀ ਨਹੀਂ।

ਬਲਕਿ ਬੜੀ ਸਪਸ਼ਟਤਾ ਅਤੇ ਦਲੇਰੀ ਨਾਲ ਸਭ ਅੱਗੇ ਕਬੂਲ ਕਰਦੀ ਹੈ।

ਵਾਰਿਸ ਸ਼ਾਹ ਹੀਰ ਦੇ ਸਿਦਕ ਨੂੰ ਇੰਝ ਲਿਖਦੇ ਹਨ-

ਹੀਰ ਆਖਦੀ ਬਾਬਲਾ ਅਮਲੀਆਂ ਤੋਂ, ਨਹੀਂ ਅਮਲ ਹਟਾਇਆ ਜਾਇ ਮੀਆਂ ।

ਜਿਹੜੀਆਂ ਵਾਦੀਆਂ ਆਦਿ ਦੀਆਂ ਜਾਣ ਨਾਹੀਂ, ਰਾਂਝੇ ਚਾਕ ਤੋਂ ਰਹਿਆ ਨਾ ਜਾਇ ਮੀਆਂ।

ਸ਼ੀਂਹ ਚਿਤਰੇ ਰਹਿਣ ਨਾ ਮਾਸ ਬਾਝੋਂ, ਝੁਟ ਨਾਲ ਓਹ ਰਿਜ਼ਕ ਕਮਾਇ ਮੀਆਂ ।

ਇਹ ਰਜ਼ਾ ਤਕਦੀਰ ਹੋ ਰਹੀ ਵਾਰਿਦ, ਕੌਣ ਹੋਵਣੀ ਦੇ ਹਟਾਇ ਮੀਆਂ ।

ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ ।

ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖਸ਼ਿਆ ਆਪ ਖ਼ੁਦਾਇ ਮੀਆਂ ।

ਹੋਰ ਸਭ ਗੱਲਾਂ ਮੰਜ਼ੂਰ ਹੋਈਆਂ, ਰਾਂਝੇ ਚਾਕ ਥੀਂ ਰਹਿਆ ਨਾ ਜਾਇ ਮੀਆਂ ।

ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ, ਸਿਰ ਜਾਏ ਤੇ ਇਹ ਨਾ ਜਾਇ ਮੀਆਂ ।

ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ, ਬਾਰਾਂ ਬਰਸ ਬਿਨਾਂ ਨਾਹੀਂ ਜਾਇ ਮੀਆਂ ।

ਜਦੋਂ ਸਿਆਲ, ਹੀਰ ਦਾ ਵਿਆਹ ਖੇੜਿਆਂ ਦੇ ਸੈਦੇ ਨਾਲ ਕਰਨਾ ਚਾਹੁੰਦੇ ਹਨ ਤਾਂ ਉਦੋਂ ਵੀ ਹੀਰ ਆਪਣੇ ਕੌਲ 'ਤੇ ਅੜੀ ਰਹਿੰਦੀ ਹੈ। ਨਾ ਉਹ ਸੈਦੇ ਨਾਲ ਨਿਕਾਹ ਕਬੂਲ ਕਰਦੀ ਹੈ ਅਤੇ ਨਾ ਸਹੁਰੇ ਘਰ ਜਾ ਕੇ ਸੈਦੇ ਨੂੰ ਆਪਣੇ ਨੇੜੇ ਆਉਣ ਦਿੰਦੀ ਹੈ।

ਡਾਕਟਰ ਕੰਵਲਦੀਪ ਰੰਧਾਵਾ ਮੁਤਾਬਕ, ਹੀਰ ਹਰ ਵਿਸ਼ੇ ਨੂੰ ਚਿੰਤਨ ਨਾਲ, ਬੌਧਿਕ ਪੱਧਰ 'ਤੇ ਜਾ ਕੇ ਨਜਿੱਠਦੀ ਹੈ।

ਹੀਰ ਨੂੰ ਖੇੜਿਆਂ ਦੇ ਵਿਆਹੁਣ ਲਈ ਕੋਸ਼ਿਸ਼ਾਂ ਦਰਮਿਆਨ ਹੀਰ ਆਪਣੇ ਮਾਪਿਆਂ, ਸਮਾਜ ਦੇ ਹੋਰ ਲੋਕਾਂ ਅਤੇ ਕਾਜ਼ੀ ਨਾਲ ਤਰਕ ਭਰਿਆ ਸੰਵਾਦ ਕਰਦੀ ਹੈ।

ਉਹ ਕਹਿੰਦੇ ਹਨ ਕਿ ਕਾਜ਼ੀ ਦਾ ਬਹਿਸ ਵਿੱਚ ਹੀਰ ਤੋਂ ਹਾਰ ਜਾਣਾ ਹੀਰ ਨੂੰ ਇੱਕ ਉੱਚੇ ਬੌਧਿਕ ਪੱਧਰ 'ਤੇ ਲਿਆ ਖੜ੍ਹਾ ਕਰਦਾ ਹੈ ਕਿ ਹੀਰ ਨੂੰ ਇਸਲਾਮ ਤੇ ਇਮਾਨ ਦੀ ਕਿੰਨੀ ਸਮਝ ਸੀ ਜਿਸ ਕਾਰਨ ਬਹਿਸ ਵਿੱਚ ਕਾਜ਼ੀ ਵੀ ਹੀਰ ਨੂੰ ਹਰਾ ਨਹੀਂ ਸਕਿਆ।

ਡਾਕਟਰ ਰੰਧਾਵਾ ਇਨ੍ਹਾਂ ਸਤਰਾਂ ਦੇ ਹਵਾਲੇ ਨਾਲ ਕਾਜ਼ੀ ਦੀ ਹਾਰ ਨੂੰ ਸਮਝਾਉਂਦੇ ਹਨ।

"ਕਾਜ਼ੀ ਆਖਦਾ ਚੂਚਕਾ ਸੁਣੀਂ ਮੈਥੋਂ ਦਗ਼ੇ ਬਾਝ ਨਾ ਹੋਵਸੀ ਕੰਮ ਤੇਰਾ

ਇਹ ਤਾਂ ਜਾਣਦੀ ਪੇਚ ਦਰ ਪੇਚ ਜਿਰ੍ਹਾ, ਅਸਰ ਕਰੇ ਨਾਹੀ ਸੁਖ਼ਨ ਦਮ ਮੇਰਾ"

ਵਾਰਿਸ ਸ਼ਾਹ ਨੇ ਹੀਰ ਨਾਲ ਬਹਿਸ ਵਿੱਚੋਂ ਹਾਰਨ ਬਾਅਦ ਕਾਜ਼ੀ ਦੇ ਹਾਵ-ਭਾਵ ਕੁਝ ਇਸ ਤਰ੍ਹਾਂ ਲਿਖੇ ਹਨ-

'ਕਾਜ਼ੀ ਆਖਿਆ ਇਹ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ

ਲਿਆਉ ਪੜ੍ਹੋ ਨਕਾਹ ਮੂੰਹ ਬੰਨ੍ਹ ਇਸਦਾ, ਕਿੱਸਾ ਗੋਈ ਫ਼ਸਾਦ ਗੁਜ਼ਾਰਦੀ ਹੈ

ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ, ਛੱਡ ਬੱਕਰੀਆਂ ਸੂਰੀਆਂ ਚਾਰਦੀ ਹੈ

ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਉ ਨਿਤਾਰਦੀ ਹੈ।'

ਇਹ ਉਹ ਮੌਕਾ ਸੀ ਜਦੋਂ ਅਖੀਰ ਕਾਜ਼ੀ ਨੂੰ ਕਹਿਣਾ ਪਿਆ ਕਿ ਹੀਰ ਨੂੰ ਬਹਿਸ ਵਿੱਚ ਨਹੀਂ ਹਰਾ ਸਕਦੇ ਅਤੇ ਉਸ ਨੂੰ ਜ਼ਬਰਦਸਤੀ ਡੋਲੀ ਵਿੱਚ ਬਹਾਉਣਾ ਪਏਗਾ।

ਸੁਰਿੰਦਰ ਸਿੰਘ ਕਹਿੰਦੇ ਹਨ ਕਿ ਜਿੰਨੀ ਸਪਸ਼ਟਤਾ ਨਾਲ ਹੀਰ ਨੇ ਰਾਂਝੇ ਨਾਲ ਆਪਣਾ ਸਬੰਧ ਜ਼ਾਹਰ ਕੀਤਾ, ਕਿਸੇ ਨੌਜਵਾਨ ਕੁੜੀ ਲਈ ਇਹ ਇਜ਼ਹਾਰ ਬੜਾ ਔਖਾ ਹੈ।

ਹੀਰ ਦਮੋਦਰ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਜਦੋਂ ਜ਼ਬਰਦਸਤੀ ਹੀਰ ਦਾ ਵਿਆਹ ਕਰਨ ਲਈ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਹੀਰ ਆਪਣੇ ਭਰਾਵਾਂ ਤੇ ਮਾਮਿਆਂ ਨੂੰ ਕਹਿੰਦੀ ਹੈ, "ਮੈਨੂੰ ਹੱਥ ਨਾ ਲਗਾਓ, ਕਿਉਂਕਿ ਮੇਰੇ ਜਿਸਮ ਨੂੰ ਰਾਂਝਾ ਛੋਹ ਚੁੱਕਿਆ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਗਾ ਸਕਦਾ।"

ਸੁਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਤਿੰਨ ਸਾਲ ਜਦੋਂ ਹੀਰ ਆਪਣੇ ਸਹੁਰੇ ਪਿੰਡ ਰੰਗਪੁਰ ਰਹੀ ਤਾਂ ਉਸ ਨੇ ਕਦੇ ਵੀ ਸੈਦੇ ਨੂੰ ਆਪਣੇ ਪਤੀ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ।

ਹੀਰ ਦੇ ਕਿਰਦਾਰ ਦੀਆਂ ਪਰਤਾਂ ਨੂੰ ਹੋਰ ਫਰੋਲਦੇ ਹਾਂ ਤਾਂ ਇਸ ਦਾ ਰੂਹਾਨੀ ਪੱਖ ਵੀ ਸਾਹਮਣੇ ਆਉਂਦਾ ਹੈ।

ਇਤਿਹਾਸਕਾਰ ਸੁਰਿੰਦਰ ਸਿੰਘ ਦੱਸਦੇ ਹਨ ਕਿ ਹੀਰ-ਰਾਂਝਾ ਆਸ਼ਿਕ ਤਾਂ ਸਨ ਹੀ, ਪਰ ਦਮੋਦਰ ਦੇ ਕਿੱਸੇ ਵਿੱਚ ਉਹ ਹੌਲੀ ਹੌਲੀ ਸੰਤ ਬਣ ਉੱਭਰਦੇ ਹਨ।

ਹੀਰ ਰਾਂਝੇ ਨੂੰ ਮੁਰਸ਼ਦ ਵੀ ਮੰਨਦੀ ਹੈ ਅਤੇ ਉਸ ਦਾ ਯਕੀਨ ਹੈ ਕਿ ਪੰਜ ਪੀਰਾਂ ਨੇ ਰਾਂਝਾ ਉਸ ਨੂੰ ਬਖ਼ਸ਼ਿਆ ਹੈ, ਇਸ ਲਈ ਉਹ ਕਿਸੇ ਹੋਰ ਮਰਦ ਬਾਰੇ ਨਹੀਂ ਸੋਚ ਸਕਦੀ।

ਵਾਰਿਸ ਸ਼ਾਹ ਵੀ ਆਪਣੇ ਕਿੱਸੇ ਵਿੱਚ ਵੀ ਦੋਵਾਂ ਦੇ ਇਸ਼ਕ ਨੂੰ ਰੁਹਾਨੀ ਜ਼ਾਹਿਰ ਕਰਦਿਆਂ ਵਾਰਿਸ ਸ਼ਾਹ ਲਿਖਦੇ ਹਨ-

ਬੱਚਾ ਦੋਹਾਂ ਨੇ ਰੱਬ ਨੂੰ ਯਾਦ ਕਰਨਾ, ਏਸ ਇਸ਼ਕ ਨੂੰ ਦਾਗ਼ ਨਾ ਲਾਉਣਾ ਈਂ

ਰਾਂਝਾ ਹੀਰ ਤੇਰੀ ਤੇ ਤੂੰ ਹੀਰ ਦਾ ਏ, ਏਸ ਇਸ਼ਕ ਅਖਾੜਾ ਚਾ ਪਾਉਣਾ ਈਂ

ਪੱਠੇ ਪਹਿਰ ਖੁਦਾ ਦੀ ਯਾਦ ਅੰਦਰ, ਕੱਸਾਂ ਜ਼ਿਕਰ ਤੇ ਖ਼ੈਰ ਕਮਾਉਂਦਾ ਈਂ

ਤੁਹਾਨੂੰ ਮੇਹਣਾ ਜੱਗ ਨੇ ਲਾਉਣਾ ਈਂ, ਪਰ ਇਸ਼ਕ ਥੀਂ ਨੱਸ ਨਾ ਜਾਉਣਾ ਈਂ

ਰਾਂਝਾ ਹੀਰ ਦੋਵੇਂ ਇੱਕ ਹੋਏ ਰਹਿਣਾ, ਦਿਲੋਂ ਰੱਬ ਦਾ ਨਾਂ ਧਿਆਉਣਾ ਈਂ

ਵਾਰਸਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ, ਬਚਾ ਜੀਊ ਨੂੰ ਨਾਂਹ ਡੁਲਾਉਣਾ ਈਂ

ਨਾਰੀਵਾਦੀ ਨਜ਼ਰੀਏ ਤੋਂ ਹੀਰ

ਸੁਮੇਲ ਸਿੰਘ ਸਿੱਧੂ ਨਾਰੀਵਾਦੀ ਨਜ਼ਰੀਏ ਨਾਲ ਵੀ ਹੀਰ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਕਹਿੰਦੇ ਹਨ ਕਿ ਹੀਰ ਔਰਤ ਦੀ ਹਸਤੀ ਦੀ ਬਾਤ ਪਾਉਂਦੀ ਹੈ। ਔਰਤ ਦੀ ਅਜ਼ਾਦੀ ਦਾ ਇੱਕ ਪੰਜਾਬੀ ਪ੍ਰਤਿਮਾਨ ਖੜ੍ਹਾ ਕਰਕੇ ਸਾਨੂੰ ਦਿੰਦੀ ਹੈ।

ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਔਰਤ ਦੀ ਮੁਕਤੀ ਦੇ ਅੰਦੋਲਨ ਬਾਬਤ ਹੀਰ ਵਾਰਿਸ ਸ਼ਾਹ ਨੂੰ ਸਾਨੂੰ ਗੰਭੀਰਤਾ ਨਾਲ ਵਾਚਣ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਲਾਹੌਰ ਦੇ ਕੁਝ ਨਾਰੀਵਾਦੀ ਮੰਚ ਇਹ ਗੱਲ ਮਨਵਾਉਣ ਵਿੱਚ ਕਾਮਯਾਬ ਹੋਏ ਹਨ ਕਿ ਸਾਊਥ ਏਸ਼ੀਆ ਦੇ ਵਿੱਚ ਹੀਰ ਦੇ ਜ਼ਰੀਏ ਗੱਲ ਕਰਨਾ ਨਾਰੀਵਾਦੀ ਅੰਦੋਲਨ ਲਈ ਜ਼ਰੂਰੀ ਨੁਕਤਾ ਹੈ।

ਉਹ ਕਹਿੰਦੇ ਹਨ, "ਇਤਿਹਾਸਕ ਤੌਰ 'ਤੇ ਵੀ ਉਹ ਪੰਜਾਬ ਦੀ ਦਲੇਰ ਔਰਤ ਹੈ, ਜਿਹੜੀ ਆਪਣੇ ਹਾਣੀ ਦੀ ਚੋਣ ਤੋਂ ਪਿੱਛੇ ਨਹੀਂ ਹਟਦੀ।"

"ਸਾਰੀਆਂ ਦੁਸ਼ਵਾਰੀਆਂ ਝੱਲਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੀ ਇਸ ਚੋਣ ਦੇ ਪਿੱਛੇ ਸ਼ਹੀਦ ਹੋਣ ਤੱਕ ਲਈ ਤਿਆਰ ਹੈ।"

ਉਹ ਆਪਣੀ ਚੋਣ ਦੀ ਬੌਧਿਕ ਤੌਰ 'ਤੇ ਵੀ ਵਕਾਲਤ ਕਰਦੀ ਹੈ। ਉਸ ਨੇ ਪੰਜਾਬੀ ਸਾਹਿਤ ਨੂੰ ਅਤੇ ਪੰਜਾਬ ਦੇ ਵਿੱਚ ਸੋਚ-ਵਿਚਾਰ ਨੂੰ ਬਹੁਤ ਆਸਰਾ ਦਿੱਤਾ ਹੈ।

ਔਰਤ ਦੀ ਅਵਾਜ਼ ਜਿਸ ਪੱਧਰ 'ਤੇ ਉੱਤੇ ਸਾਨੂੰ ਹੀਰ ਦੇ ਕਿਰਦਾਰ ਵਿੱਚੋਂ ਸੁਣਾਈ ਦਿੰਦੀ ਹੈ, ਇਹ ਹੋਰ ਲੋਕ ਕਿਰਦਾਰਾਂ ਵਿੱਚੋਂ ਉਸ ਪੱਧਰ ਦੀ ਨਹੀਂ ਦਿਸਦੀ।

ਸੰਕਲਪੀ ਪੱਖੋਂ ਵੀ ਹੀਰ ਮਨੁੱਖੀ ਅਜ਼ਾਦੀ ਦਾ, ਮਨੁੱਖੀ ਜੀਵਨ ਦੀ ਭਰਪੂਰਤਾ ਦਾ ਅਤੇ ਆਪਣੀ ਸਹੀ ਚੋਣ ਪਿੱਛੇ ਸੰਘਰਸ਼ ਕਰਨ ਦਾ ਇੱਕ ਚਿੰਨ੍ਹ ਹੈ।"

ਡਾਕਟਰ ਕੰਵਲਦੀਪ ਕੌਰ ਰੰਧਾਵਾ ਮੁਤਾਬਕ ਹੀਰ ਕੋਈ ਬਗਾਵਤੀ ਪਾਤਰ ਨਹੀਂ, ਬਲਕਿ ਉਹ ਸਧਾਰਨ ਇਨਸਾਨ ਦੀ ਹੋਂਦ ਦੇ ਮਸਲਿਆਂ ਨੂੰ ਬਿਆਨ ਕਰਦੀ ਹੈ।

ਕੰਵਲਦੀਪ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਕਿ ਹੀਰ ਨੇ ਪਰਿਵਾਰਕ ਜਾਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਸੱਟ ਮਾਰੀ ਜਾਂ ਸਮਾਜ ਨਾਲ ਵਿਦਰੋਹ ਕੀਤਾ।

ਉਨ੍ਹਾਂ ਕਿਹਾ, "ਰਿਸ਼ਤੇ ਦੀ ਸ਼ੁਰੂਆਤ ਵਿੱਚ ਹੀ ਹੀਰ ਰਾਂਝੇ ਨੂੰ ਕਹਿੰਦੀ ਹੈ ਕਿ ਮੈਨੂੰ ਬਾਬਲ ਤੇ ਮਾਂ ਦੀ ਸਹੁੰ ਜੇ ਤੇਰੇ ਤੋਂ ਮੁੱਖ ਮੋੜਾਂ।"

"ਇੱਥੋਂ ਪਤਾ ਲਗਦਾ ਹੈ ਕਿ ਹੀਰ ਲਈ ਇਹ ਰਿਸ਼ਤੇ ਕਿੰਨੇ ਜ਼ਰੂਰੀ ਸਨ, ਉਹ ਇਨ੍ਹਾਂ ਰਿਸ਼ਤਿਆਂ ਨੂੰ ਰੱਦ ਨਹੀਂ ਕਰਦੀ। "

ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ, ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ ।

ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ ।

ਖ਼ੁਆਜਾ ਖਿਜ਼ਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ ।

ਕੁਹੜੀ ਹੋ ਕੇ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ ।

ਡਾਕਟਰ ਰੰਧਾਵਾ ਨੇ 'ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ' ਵਾਲਾ ਹਿੱਸਾ ਆਪਣੀ ਕਿਤਾਬ ਵਿੱਚ ਸ਼ਾਮਲ ਕੀਤਾ ਹੈ, ਉਹ ਕਹਿੰਦੇ ਹਨ ਕਿ ਇੱਥੇ ਹੀਰ ਦਾ ਆਮ ਲੜਕੀ ਵਾਲਾ ਪੱਖ ਵੀ ਸਾਹਮਣੇ ਆਉਂਦਾ ਹੈ।

ਜਦੋਂ ਡੋਲੀ ਚੜ੍ਹਣ ਵੇਲੇ ਹਰ ਕੁੜੀ ਦੇ ਮਨ ਵਿੱਚ ਪਿਛਲੇ ਰਿਸ਼ਤੇ ਛੁੱਟਣ ਅਤੇ ਭਵਿੱਖ ਦੀਆਂ ਅਨਿਸ਼ਚਿਤਾਵਾਂ ਬਾਰੇ ਕਸ਼ਮਕਸ਼ ਚਲਦੀ ਹੈ।

ਉਨ੍ਹਾਂ ਕਿਹਾ ਕਿ ਇੱਥੇ ਹੀਰ ਦੇ ਚੀਕਾਂ ਮਾਰਨ ਦਾ ਮਤਲਬ ਉਹ ਨਹੀਂ ਜੋ ਅਕਸਰ ਪ੍ਰਚਾਰਿਆ ਜਾਂਦਾ ਹੈ।

ਆਪਣੀ ਕਿਤਾਬ ਵਿੱਚ ਕੰਵਲਦੀਪ ਕੌਰ ਰੰਧਾਵਾ ਲਿਖਦੇ ਹਨ, "ਹੀਰ ਵਿਅਕਤੀਗਤ ਤੌਰ 'ਤੇ ਚੌਧਰੀ ਦੀ ਧੀ, ਵਿਰੋਧ ਕਰਨ ਵਾਲੀ, ਹਿੰਮਤੀ, ਰਾਂਝੇ ਨੂੰ ਮਾਹੀ ਮੰਨਣ ਵਾਲੀ, ਕੈਦੋਂ ਨਾਲ ਵਿਰੋਧਤਾ ਸਿਰਜਣ ਵਾਲੀ, ਕਾਜ਼ੀ ਨਾਲ ਸੰਵਾਦ ਸਿਰਜਣ ਵਾਲੀ ਬੌਧਿਕ ਕੁੜੀ ਸੀ।"

ਉਸ ਨੇ ਮਾਨਵ ਵਿਗਿਆਨੀ ਪੱਧਰ ਦੇ ਪਰੰਪਰਾਗਤ ਨੇਮਾਂ ਦਾ ਵਿਰੋਧ ਨਹੀਂ ਕੀਤਾ ਸਗੋਂ ਬ੍ਰਹਿਮੰਡੀ ਪੱਧਰ 'ਤੇ ਵਿਚਰਦਿਆਂ ਇਨ੍ਹਾਂ ਦੀ ਤਾਰਕ ਅਧਾਰਿਤ ਵਿਆਖਿਆ ਸਿਰਜੀ।

ਉਹ ਹਰੇਕ ਪੱਧਰ 'ਤੇ ਸੱਚ ਅਤੇ ਤਰਕ ਕੇਂਦਰਿਤ ਰਹੀ ਸੀ।

ਹੀਰ ਨੇ ਮਨੁੱਖੀ ਅਸਤਿਤਵ ਦੀਆਂ ਵਿਭਿੰਨ ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਪਰੰਪਰਕ ਗੁੰਝਲਾਂ ਨੂੰ ਦਲੀਲ, ਸੰਘਰਸ਼ ਅਤੇ ਬੌਧਿਕਤਾ ਦੇ ਪੱਧਰ 'ਤੇ ਗ੍ਰਹਿਣ ਕਰਦੀ ਹੈ"

ਰੰਧਾਵਾ ਮੁਤਾਬਕ, ਹੀਰ ਦੇ ਵਜੂਦ ਵਿੱਚੋਂ ਪੰਜਾਬ ਦੀ ਔਰਤ ਦੇ ਅਕਸ ਦੀ ਪਛਾਣ ਆਉਂਦੀ ਹੈ।

ਉਸ ਨੇ ਸਮਾਜ ਦੀਆਂ ਬਾਕੀ ਔਰਤਾਂ ਦੇ ਸਮਾਂਤਰ ਦੁਖ ਤਕਲੀਫ਼ਾਂ ਜਰੇ ਪਰ ਕਿਸੇ ਵੀ ਪੱਧਰ 'ਤੇ ਮੌਤ ਦਾ ਮਾਰਗ ਨਹੀਂ ਚੁਣਿਆਂ। ਸਗੋਂ ਪੰਜਾਬ ਦੀਆਂ ਔਰਤਾਂ ਵਾਂਗ ਹਿੰਮਤ ਤੇ ਦਲੇਰੀ ਦਾ ਪ੍ਰਦਰਸ਼ਨ ਕੀਤਾ।

ਡਾਕਟਰ ਕੰਵਲਦੀਪ ਰੰਧਾਵਾ ਕਹਿੰਦੇ ਹਨ, "ਮੇਰੀ ਨਜ਼ਰ ਵਿੱਚ ਪੰਜਾਬ ਦੀ ਹਰ ਔਰਤ ਹੀਰ ਹੈ।"

"ਅਸੀਂ ਮੰਨਦੇ ਹਾਂ ਕਿ ਹੀਰ ਬੌਧਿਕ ਵਜੂਦ ਹੈ। ਪੰਜਾਬ ਦੀ ਹਰ ਔਰਤ ਵਿੱਚ ਹੀਰ ਦਾ ਕਿਰਦਾਰ ਕਿਸੇ ਨਾ ਕਿਸੇ ਰੂਪ ਵਿੱਚ ਝਲਕਦਾ ਹੈ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)