ਦਿੱਲੀ ਦੀ ਦਮ ਘੋਟੂ ਹਵਾ ਤੋਂ ਰਾਹਤ ਪਾਉਣ ਲਈ ਕੀਤੀ ਜਾਵੇਗੀ ਕਲਾਊਡ ਸੀਡਿੰਗ, ਜਾਣੋ ਨਕਲੀ ਮੀਂਹ ਕਿਹੜੀ ਤਕਨੀਕ ਨਾਲ ਪੈਂਦਾ ਹੈ

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡੇਟਾ ਮੁਤਾਬਕ, ਲੰਘੀ 23 ਅਕਤੂਬਰ ਨੂੰ ਰਾਜਧਾਨੀ 'ਚ ਪ੍ਰਦੂਸ਼ਨ ਦਾ ਔਸਤਨ ਪੱਧਰ 305 ਰਿਹਾ, ਜੋ ਕਿ 'ਬਹੁਤ ਖਰਾਬ' ਦੇ ਸ਼੍ਰੇਣੀ 'ਚ ਆਉਂਦਾ ਹੈ।

ਇਸ ਦੇ ਨਾਲ ਹੀ ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਪ੍ਰਦੂਸ਼ਣ ਦਾ ਪੱਧਰ 280 (ਖ਼ਰਾਬ), ਗਾਜ਼ੀਆਬਾਦ ਵਿੱਚ 252 (ਖ਼ਰਾਬ), ਗੁਰੂਗ੍ਰਾਮ 'ਚ 208 (ਖ਼ਰਾਬ), ਬਹਾਦੁਰਗੜ੍ਹ 'ਚ 325 (ਬਹੁਤ ਖ਼ਰਾਬ) ਦਰਜ ਕੀਤਾ ਗਿਆ।

ਇਸ ਸਥਿਤੀ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਕਲਾਊਡ ਸੀਡਿੰਗ ਦਾ ਇਸਤੇਮਾਲ ਕਰਕੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਦੀ ਗੱਲ ਕਹੀ ਹੈ।

ਦਿੱਲੀ ਸਰਕਾਰ ਦੇ ਵਾਤਾਵਰਣ, ਜੰਗਲ ਅਤੇ ਜੰਗਲੀ ਜੀਵਨ ਸਬੰਧੀ ਮੰਤਰੀ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਲੰਘੀ 23 ਅਕਤੂਬਰ ਨੂੰ ਕਲਾਊਡ ਸੀਡਿੰਗ ਦਾ ਟ੍ਰਾਇਲ ਵੀ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਟ੍ਰਾਇਲ ਸਫਲ ਰਿਹਾ ਹੈ ਅਤੇ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਆਉਂਦੀ 29 ਤਰੀਕ ਨੂੰ ਕਲਾਊਡ ਸੀਡਿੰਗ ਕੀਤੀ ਜਾ ਸਕਦੀ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਕਲਾਊਡ ਸੀਡਿੰਗ ਬਾਰੇ ਕੀ-ਕੀ ਜਾਣਕਾਰੀ ਦਿੱਤੀ

ਇਸ ਸਬੰਧੀ ਇੱਕ ਵੀਡੀਓ ਜਾਰੀ ਕਰਕੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਲਾਊਡ ਸੀਡਿੰਗ, ਜਿਸ ਦੀ ਲੰਮੇ ਸਮੇਂ ਤੋਂ ਗੱਲ ਕੀਤੀ ਜਾ ਰਹੀ ਸੀ, 23 ਅਕਤੂਬਰ, 2025 ਨੂੰ ਉਸ ਦਾ ਸਫਲ ਟ੍ਰਾਇਲ ਦਿੱਲੀ 'ਚ ਕੀਤਾ ਗਿਆ ਹੈ।

ਸਿਰਸਾ ਨੇ ਕਿਹਾ, ''ਇਹ ਟ੍ਰਾਇਲ ਆਈਆਈਟੀ ਕਾਨਪੁਰ ਵੱਲੋਂ ਕੀਤਾ ਗਿਆ ਅਤੇ ਕਾਨਪੁਰ ਤੋਂ ਹੀ ਸੈਸਨਾ ਪਲੇਨ ਰਾਹੀਂ ਪ੍ਰੀਕਿਰਿਆ ਕੀਤੀ ਗਈ ਹੈ। ਸੈਸਨਾ ਪਲੇਨ ਲਗਭਗ ਦੁਪਹਿਰ ਨੂੰ ਕਾਨਪੁਰ ਤੋਂ ਉੱਡਿਆ ਅਤੇ ਤਿੰਨ ਸਵਾ ਤਿੰਨ ਦੇ ਕਰੀਬ ਬੁਰਾੜੀ ਪਹੁੰਚਿਆ। ਬੁਰਾੜੀ ਵਿੱਚ ਉਨ੍ਹਾਂ ਨੇ ਇੱਕ ਛੋਟੇ ਬੱਦਲ ਦੇ ਉੱਪਰ ਪੈਰੋ ਤਕਨੀਕ ਰਾਹੀਂ ਫਲੇਰਸ ਨੂੰ ਬਲਾਸਟ ਕਰਵਾਇਆ। ਉਨ੍ਹਾਂ ਬਲਾਸਟ ਰਾਹੀਂ ਇਹ ਯਕੀਨੀ ਬਣਿਆ ਕਿ ਇਨ੍ਹਾਂ ਜਹਾਜ਼ਾਂ ਦੀ ਸਮਰੱਥਾ ਕਿੰਨੀ ਹੈ।''

''ਜਹਾਜ਼ਾਂ ਨੂੰ ਉਸ ਇਲਾਕੇ ਨਾਲ ਵਾਕਿਫ਼ ਕਰਾਇਆ ਗਿਆ। ਅਤੇ ਇਸ ਤਕਨੀਕ ਰਾਹੀਂ, ਜੋ ਕਿ ਹੇਠਾਂ ਵਾਲੇ ਪਾਸਿਓਂ ਧਮਾਕਾ ਕਰਕੇ ਬੱਦਲਾਂ ਦੇ ਉੱਪਰ ਵੱਲ ਜਾਂਦੀ ਹੈ, ਅਤੇ ਪੈਰੋ ਤਕਨੀਕ ਰਾਹੀਂ ਇਹ ਫਲੇਰਸ ਫੈਲਦੀਆਂ ਹਨ ਅਤੇ ਉੱਤੇ ਜਾ ਕੇ ਬੱਦਲਾਂ ਨਾਲ ਟਕਰਾ ਜਾਂਦੀਆਂ ਹਨ, ਜਿਸ ਨਾਲ ਮੀਂਹ ਪੈਂਦਾ ਹੈ।''

ਉਨ੍ਹਾਂ ਦੱਸਿਆ ਕਿ ''ਮੌਸਮ ਵਿਭਾਗ ਦਾ ਮੰਨਣਾ ਹੈ ਕਿ ਦਿੱਲੀ 'ਚ 28,29 ਅਤੇ 30 ਅਕਤੂਬਰ ਦੇ ਨੇੜੇ-ਤੇੜੇ ਬੱਦਲ ਆਉਣਗੇ ਅਤੇ ਦਿੱਲੀ ਦੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।''

ਉਨ੍ਹਾਂ ਕਿਹਾ ਕਿ ''ਹੁਣ ਅੱਗੇ ਟ੍ਰਾਇਲ ਨਹੀਂ ਸਗੋਂ ਸਿੱਧਾ ਕਲਾਊਡ ਸੀਡਿੰਗ ਹੋਵੇਗੀ ਅਤੇ ਮੌਸਮ ਵਿਭਾਗ ਮੁਤਾਬਕ ਇਹ 29 ਅਕਤੂਬਰ ਦੇ ਨੇੜੇ-ਤੇੜੇ ਹੋ ਸਕਦੀ ਹੈ।''

ਉਨ੍ਹਾਂ ਕਿਹਾ ਕਿ ''ਜਿਵੇਂ ਹੀ ਬੱਦਲ ਆਉਣਗੇ, ਕਲਾਊਡ ਸੀਡਿੰਗ ਨਾਲ ਮੀਂਹ ਪਵਾ ਕੇ ਦਿੱਲੀ ਦੀ ਹਵਾ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।''

ਕਲਾਉਡ ਸੀਡਿੰਗ ਜਾਂ ਨਕਲੀ ਮੀਂਹ ਕੀ ਹੁੰਦਾ ਹੈ?

ਸੌਖੇ ਸ਼ਬਦਾਂ ਵਿੱਚ ਇਹ ਮੌਸਮ 'ਚ ਬਦਲਾਅ ਕਰਨ ਦੀ ਇੱਕ ਤਕਨੀਕ ਹੈ। ਇਸ ਵਿੱਚ ਵਿਗਿਆਨਿਕ ਤਕਨੀਕ ਦੀ ਮਦਦ ਨਾਲ ਬੱਦਲਾਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੀ ਮਦਦ ਨਾਲ ਮੀਂਹ ਪੈ ਸਕੇ।

ਇਸ ਵਿੱਚ ਸਿਲਵਰ ਆਇਓਡਾਈਡ ਵਰਗੇ ਪਦਾਰਥਾਂ ਨੂੰ ਬੱਦਲਾਂ ਵਿੱਚ ਫੈਲਾਉਣਾ ਸ਼ਾਮਲ ਹੁੰਦਾ ਹੈ ਤਾਂ ਜੋ ਇਸ ਰਾਹੀਂ ਬੱਦਲਾਂ ਜ਼ਰੀਏ ਮੀਂਹ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਕਲਾਉਡ ਸੀਡਿੰਗ ਦਾ ਇੱਕ ਲੰਮਾ ਇਤਿਹਾਸ ਹੈ। ਇਸ ਦੀਆਂ ਜੜ੍ਹਾਂ 1940 ਦੇ ਦਹਾਕੇ ਵਿੱਚ ਹਨ, ਖਾਸ ਤੌਰ 'ਤੇ ਅਮਰੀਕਾ ਵਿੱਚ ਉਸ ਸਮੇਂ ਦੌਰਾਨ ਇਸ 'ਤੇ ਕਾਫ਼ੀ ਕੰਮ ਹੋਇਆ।

ਵਿਗਿਆਨੀਆਂ ਨੂੰ ਇਹ ਸਾਬਤ ਕਰਨ ਲਈ ਕਈ ਦਹਾਕਿਆਂ ਤੱਕ ਸੰਘਰਸ਼ ਕਰਨਾ ਪਿਆ ਕਿ ਕੀ ਕਲਾਉਡ ਸੀਡਿੰਗ ਲੋੜੀਂਦੇ ਨਤੀਜੇ ਦੇ ਸਕਦੀ ਹੈ।

ਯੂਨੀਵਰਸਿਟੀ ਆਫ ਕੋਲੋਰਾਡੋ ਦੀ ਪ੍ਰੋਫੈਸਰ ਕੈਟੀਆ ਫ੍ਰੀਡ੍ਰਿਕ ਕਹਿੰਦੇ ਹਨ ਕਿ "ਜਦੋਂ ਅਸੀਂ ਕਲਾਉਡ ਸੀਡਿੰਗ ਕਰਦੇ ਹਾਂ, ਤਾਂ ਅਸੀਂ ਬੱਦਲ ਵਿੱਚੋਂ ਬਰਫ਼ ਜਾਂ ਪਾਣੀ ਦੀਆਂ ਬੂੰਦਾਂ ਟਪਕਾਉਣ ਦੀ ਕੋਸ਼ਿਸ਼ ਕਰਦੇ ਹਾਂ।''

ਕੇਟੀਆ ਫ੍ਰੀਡਰਿਕ ਦੀ ਖੋਜ ਦਾ ਵਿਸ਼ਾ 'ਕਲਾਉਡ ਮਾਈਕਰੋ ਫਿਜ਼ਿਕਸ' ਹੈ।

ਸੀਡਿੰਗ ਇੱਕ ਤਰ੍ਹਾਂ ਨਾਲ ਮੌਸਮ ਨੂੰ ਬਦਲਣ ਦੀ ਕੋਸ਼ਿਸ਼ ਹੈ। ਤੁਹਾਨੂੰ ਇਸ ਦੇ ਲਈ ਇੱਕ ਢੁੱਕਵੇਂ ਬੱਦਲ ਦੀ ਲੋੜ ਹੁੰਦੀ ਹੈ।

ਕੈਟੀਆ ਮੁਤਾਬਕ, "ਅਸੀਂ ਕਈ ਵਾਰ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਉਨ੍ਹਾਂ ਬੱਦਲਾਂ ਵਿੱਚੋਂ ਦੀ ਲੰਘਦੇ ਹਾਂ ਅਤੇ ਉਨ੍ਹਾਂ ਵਿੱਚ ਸਿਲਵਰ ਆਇਓਡਾਈਡ ਪਾਉਂਦੇ ਹਾਂ।''

''ਸਿਲਵਰ ਆਇਓਡਾਈਡ ਪਾਣੀ ਦੀਆਂ ਬੂੰਦਾਂ ਨੂੰ ਠੰਢਾ ਕਰ ਦਿੰਦਾ ਹੈ। ਉਸ ਤੋਂ ਬਾਅਦ ਬਰਫ਼ ਦੇ ਟੁਕੜੇ ਹੋਰ ਟੁਕੜਿਆਂ ਨਾਲ ਚਿਪਕ ਜਾਂਦੇ ਹਨ ਅਤੇ ਉਹ ਬਰਫ਼ ਦੇ ਗੁੱਛੇ ਬਣ ਜਾਂਦੇ ਹਨ। ਇਹ ਬਰਫ਼ ਦੇ ਗੁੱਛੇ ਜ਼ਮੀਨ 'ਤੇ ਡਿੱਗਦੇ ਹਨ।''

ਕੈਟੀਆ ਦਾ ਕਹਿਣਾ ਹੈ ਕਿ ਕਲਾਉਡ ਸੀਡਿੰਗ ਸਾਲ ਦੇ ਕੁਝ ਮਹੀਨਿਆਂ ਵਿੱਚ ਹੀ ਕੀਤੀ ਜਾ ਸਕਦੀ ਹੈ।

ਪਰ ਵਿਸ਼ੇਸ਼ ਬੱਦਲਾਂ ਦੀ ਹੀ ਹੋ ਸਕਦੀ ਹੈ ਸੀਡਿੰਗ

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੁਆਰਾ ਪ੍ਰਕਾਸ਼ਿਤ ਮੈਗਜ਼ੀਨ 'ਡਾਊਨ ਟੂ ਅਰਥ' ਵਿੱਚ ਨਵੰਬਰ 2020 ਵਿੱਚ ਇੱਕ ਲੇਖ ਪ੍ਰਕਾਸ਼ਿਤ ਹੋਇਆ ਸੀ, ਜਿਸ ਵਿੱਚ ਨਕਲੀ ਮੀਂਹ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਇਸ ਲੇਖ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟ੍ਰੌਪੀਕਲ ਮੈਟਰੋਲੋਜੀ, ਪੁਣੇ ਤੋਂ ਸੇਵਾਮੁਕਤ ਵਿਗਿਆਨੀ ਜੇ ਆਰ ਕੁਲਕਰਨੀ ਨੇ ਦੱਸਿਆ ਕਿ "ਕਲਾਉਡ ਸੀਡਿੰਗ ਲਈ ਲੋੜੀਂਦੇ ਬੱਦਲ ਇੱਕ ਖ਼ਾਸ ਕਿਸਮ ਦੇ ਹੁੰਦੇ ਹਨ। ਇਨ੍ਹਾਂ ਨੂੰ ਕੋਨਵੇਕਟਿਵ ਬੱਦਲ ਕਿਹਾ ਜਾਂਦਾ ਹੈ ਅਤੇ ਇਹ ਲੰਬਕਾਰੀ ਰੂਪ ਵਿੱਚ ਵਧਦੇ ਹਨ।''

''ਸਿਰਫ਼ ਇਨ੍ਹਾਂ ਬੱਦਲਾਂ ਦੀ ਹੀ ਸੀਡਿੰਗ ਕੀਤੀ ਜਾ ਸਕਦੀ ਹੈ, ਹੋਰ ਕਿਸੇ ਤਰ੍ਹਾਂ ਦੇ ਬੱਦਲਾਂ ਦੀ ਨਹੀਂ।''

ਉਨ੍ਹਾਂ ਮੁਤਾਬਕ, ''ਜਿਹੜੇ ਹਾਲਤ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ, ਬਹੁਤ ਵੱਖਰੇ ਹੁੰਦੇ ਹਨ ਅਤੇ ਅਜਿਹੀਆਂ ਸਥਿਤੀਆਂ ਵਿੱਚ, ਉਨ੍ਹਾਂ ਵਿਸ਼ੇਸ਼ ਬੱਦਲਾਂ ਦਾ ਬਣਨਾ ਸੰਭਵ ਨਹੀਂ ਹੁੰਦਾ। ਭਾਵੇਂ ਬੱਦਲ ਬਣ ਵੀ ਜਾਣ, ਪਰ ਉਹ ਲੰਬਕਾਰੀ ਰੂਪ 'ਚ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਸੀਡਿੰਗ ਦਾ ਕੋਈ ਫ਼ਾਇਦਾ ਨਹੀਂ ਹੁੰਦਾ।''

ਇਹ ਤਕਨੀਕ ਕਿੰਨੀ ਕਾਰਗਰ?

ਲੇਖ ਵਿੱਚ ਇਸ ਵਿਸ਼ੇ 'ਤੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੀ ਵਾਕਈ ਨਕਲੀ ਮੀਂਹ ਨਾਲ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਭਾਰਤ ਦੇ ਨੈਚੁਰਲ ਰਿਸੋਰਸੇਜ਼ ਡਿਫੈਂਸ ਕਾਉਂਸਿਲ ਵਿੱਚ ਹਵਾ ਦੀ ਗੁਣਵੱਤਾ ਤੇ ਸਿਹਤ ਵਿਭਾਗ ਦੇ ਮੁਖੀ ਪੋਲਾਸ਼ ਮੁਖਰਜੀ ਕਹਿੰਦੇ ਹਨ ਕਿ "ਕਲਾਉਡ ਸੀਡਿੰਗ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਇਸਦੇ ਲਈ ਮੌਸਮੀ ਹਾਲਾਤ ਅਨੁਕੂਲ ਹੋਣ ਅਤੇ ਜੇਕਰ ਸਥਾਨਕ ਵਾਯੂਮੰਡਲ ਵਿੱਚ ਨਮੀ ਦੀ ਮਾਤਰਾ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਦੀ ਹੋਵੇ।''

ਉਨ੍ਹਾਂ ਮੁਤਾਬਕ, ''ਹਾਲਾਂਕਿ, ਹਵਾ ਵਿੱਚ ਮੌਜੂਦ ਪ੍ਰਦੂਸ਼ਕਾਂ ਨੂੰ ਦਬਾਉਣ ਦੇ ਮਾਮਲੇ ਵਿੱਚ ਇਹ ਸਿਰਫ਼ ਫੌਰੀ ਤੌਰ 'ਤੇ ਕੁਝ ਰਾਹਤ ਪ੍ਰਦਾਨ ਕਰ ਸਕਦਾ ਹੈ।''

''ਕਿਉਂਕਿ ਜੇਕਰ ਪ੍ਰਦੂਸ਼ਣ ਦੇ ਸਰੋਤਾਂ, ਜਿਵੇਂ ਵਾਹਨਾਂ, ਉਦਯੋਗ ਅਤੇ ਨਿਰਮਾਣ ਆਦਿ ਤੋਂ ਲਗਾਤਾਰ ਪ੍ਰਦੂਸ਼ਣ ਜਾਰੀ ਰਹਿੰਦਾ ਹੈ ਤਾਂ ਕਲਾਉਡ ਸੀਡਿੰਗ ਦੁਆਰਾ ਨਕਲੀ ਮੀਂਹ ਦਾ ਸਿਰਫ਼ ਸੀਮਤ ਅਤੇ ਅਸਥਾਈ ਪ੍ਰਭਾਵ ਹੋਵੇਗਾ।''

ਚੀਨ ਸਮੇਤ ਭਾਰਤ 'ਚ ਵੀ ਇਸਤੇਮਾਲ ਹੁੰਦੀ ਇਹ ਤਕਨੀਕ?

ਸਾਲ 2021 ਵਿੱਚ ਬੀਬੀਸੀ ਨੇ ਇਸ ਸਬੰਧੀ ਕਰਨਾਟਕ ਮਣੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਦੀ ਜਲਵਾਯੂ ਮਾਹਿਰ ਧਨਸ਼੍ਰੀ ਜੈਰਾਮ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ "ਕਈ ਦੇਸ਼ ਇਸ ਤਕਨੀਕ ਦੀ ਵਰਤੋਂ ਕਰਦੇ ਹਨ। ਚੀਨ ਲੰਬੇ ਸਮੇਂ ਤੋਂ ਇਸ ਦੀ ਵਰਤੋਂ ਕਰ ਰਿਹਾ ਹੈ, ਭਾਰਤ ਨੇ ਵੀ ਇਸ ਦੀ ਵਰਤੋਂ ਕੀਤੀ ਹੈ।"

ਉਨ੍ਹਾਂ ਦੱਸਿਆ, "ਸਬ-ਸਹਾਰਾ ਅਫ਼ਰੀਕੀ ਦੇਸ਼ਾਂ ਅਤੇ ਅਫ਼ਰੀਕਾ ਦੇ ਉੱਤਰ-ਪੂਰਬੀ ਹਿੱਸੇ ਗੰਭੀਰ ਸੋਕੇ ਦੀ ਮਾਰ ਝੱਲਦੇ ਹਨ। ਜਾਂ ਅਸੀਂ ਆਸਟਰੇਲੀਆ ਦੀ ਉਦਾਹਰਣ ਵੀ ਦੇਖ ਸਕਦੇ ਹਾਂ।"

ਹਾਲਾਂਕਿ ਜੈਰਾਮ ਦਾ ਕਹਿਣਾ ਸੀ ਕਿ ਬੀਜਿੰਗ ਦੀ ਤੁਲਨਾ 'ਚ ਦੁਨੀਆਂ ਦੇ ਹੋਰ ਸਥਾਨਾਂ 'ਤੇ ਅਜਿਹੀਆਂ ਮੁਹਿੰਮਾਂ ਬਹੁਤ ਘੱਟ ਪੱਧਰ 'ਤੇ ਹੁੰਦੀਆਂ ਹਨ।

2017 ਵਿੱਚ, ਸੰਯੁਕਤ ਰਾਸ਼ਟਰ ਦੇ ਮੌਸਮ ਵਿਗਿਆਨ ਸੰਗਠਨ ਨੇ ਅੰਦਾਜ਼ਾ ਲਗਾਇਆ ਕਿ 50 ਤੋਂ ਵੱਧ ਦੇਸ਼ਾਂ ਨੇ ਕਲਾਉਡ ਸੀਡਿੰਗ ਨੂੰ ਅਜ਼ਮਾਇਆ ਹੈ। ਇਨ੍ਹਾਂ ਵਿੱਚ ਆਸਟਰੇਲੀਆ, ਜਪਾਨ, ਇਥੋਪੀਆ, ਜ਼ਿੰਬਾਬਵੇ, ਚੀਨ, ਅਮਰੀਕਾ, ਭਾਰਤ ਅਤੇ ਰੂਸ ਸ਼ਾਮਲ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)