You’re viewing a text-only version of this website that uses less data. View the main version of the website including all images and videos.
ਰੂਸ ਤੋਂ ਸਿਖਲਾਈ ਲੈਣ ਵਾਲੀ ʻਜਾਸੂਸ ਵ੍ਹੇਲʼ ਦਾ ਕੁਝ ਇਸ ਤਰ੍ਹਾਂ ਹੋਇਆ ਦੁਖਦਾਈ ਅੰਤ
- ਲੇਖਕ, ਜੋਨਾਹ ਫਿਸ਼ਰ ਅਤੇ ਓਕਸਾਨਾ ਕੁੰਦੀਰੇਂਕੋ
- ਰੋਲ, ਬੀਬੀਸੀ ਪੱਤਰਕਾਰ
ਇੱਕ ਬੇਲੁਗਾ ਵ੍ਹੇਲ ਨਾਰਵੇ ਦੇ ਤਟ ʼਤੇ ਪੱਟਾ ਪਾ ਕੇ ਕਿਵੇਂ ਪਹੁੰਚ ਗਈ? ਇਹ ਰਹੱਸ ਆਖ਼ਰਕਾਰ ਸੁਲਝ ਗਿਆ ਹੈ।
ਇਸ ਪਾਲਤੂ ਚਿੱਟੀ ਵ੍ਹੇਲ ਦਾ ਨਾਂ ਸਥਾਨਕ ਲੋਕਾਂ ਨੇ ਹਵਾਲਦੀਮੀਰ ਰੱਖ ਦਿੱਤਾ ਹੈ। ਪੰਜ ਸਾਲ ਪਹਿਲਾਂ 2019 ਵਿੱਚ ਜਦੋਂ ਇਸ ਨੂੰ ਤੱਟ 'ਤੇ ਦੇਖਿਆ ਗਿਆ ਸੀ, ਤਾਂ ਇਸਦੀ ਬਹੁਤ ਚਰਚਾ ਹੋਈ ਸੀ। ਇਹ ਵੀ ਅਟਕਲਾਂ ਸਨ ਕਿ ਉਹ ਰੂਸੀ ਜਾਸੂਸ ਸੀ।
ਹੁਣ ਇਸ ਨਸਲ ਦੇ ਇੱਕ ਮਾਹਰ ਨੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਇਹ ਵ੍ਹੇਲ ਫੌਜ ਨਾਲ ਜੁੜੀ ਹੋਈ ਸੀ ਅਤੇ ਆਰਕਟਿਕ ਵਿੱਚ ਇੱਕ ਨੇਵੀ ਬੇਸ ਤੋਂ ਭੱਜੀ ਹੋਈ ਹੈ।
ਹਾਲਾਂਕਿ, ਡਾਕਟਰ ਓਲਗਾ ਸ਼ਪਾਕ ਨੂੰ ਨਹੀਂ ਲੱਗਦਾ ਕਿ ਇਹ ਵ੍ਹੇਲ ਜਾਸੂਸ ਹੋਵੇਗੀ। ਉਹ ਮੰਨਦੀ ਹੈ ਕਿ ਇਸ ਬੇਲੁਗਾ ਵ੍ਹੇਲ ਨੂੰ ਨੇਵਲ ਬੇਸ ਦੀ ਰੱਖਿਆ ਲਈ ਸਿਖਲਾਈ ਦਿੱਤੀ ਜਾ ਰਹੀ ਸੀ।
ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ʻਸ਼ਰਾਰਤੀʼ ਹੋਣ ਕਾਰਨ ਉਥੋਂ ਭੱਜ ਗਈ। ਰੂਸ ਨੇ ਨਾ ਕਦੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਬੇਲੁਗਾ ਵ੍ਹੇਲ ਨੂੰ ਸਿਖਲਾਈ ਦੇ ਰਹੀ ਸੀ।
ਪਰ ਡਾ. ਸ਼ਪਾਕ, ਜਿਨ੍ਹਾਂ ਨੇ 1990 ਦੇ ਦਹਾਕੇ ਤੋਂ ਰੂਸ ਵਿੱਚ ਸਮੁੰਦਰੀ ਥਣਧਾਰੀ ਜਾਨਵਰਾਂ 'ਤੇ ਕੰਮ ਕੀਤਾ ਹੈ ਅਤੇ ਜੋ 2022 ਵਿੱਚ ਆਪਣੇ ਜੱਦੀ ਦੇਸ਼ ਯੂਕਰੇਨ ਪਰਤ ਆਏ ਹਨ, ਉਹ ਬੀਬੀਸੀ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਰੂਸ ਬੇਲੁਗਾ ਨੂੰ ਸਿਖਲਾਈ ਦਿੰਦਾ ਹੈ।
ਡਾ. ਸ਼ਪਾਕ ਦੇ ਇਹ ਦਾਅਵੇ ਸਾਬਕਾ ਰੂਸੀ ਸਹਿਕਰਮੀਆਂ ਅਤੇ ਦੋਸਤਾਂ ਨਾਲ ਗੱਲਬਾਤ 'ਤੇ ਆਧਾਰਿਤ ਹਨ। ਉਨ੍ਹਾਂ ਨੇ ਇਹ ਗੱਲਾਂ ਬੀਬੀਸੀ ਦੀ ਡਾਕੂਮੈਂਟਰੀ 'ਸੀਕਰੇਟਸ ਆਫ ਦਿ ਸਪਾਈ ਵ੍ਹੇਲ' ਵਿੱਚ ਕਹੀਆਂ ਹਨ। ਇਹ ਦਸਤਾਵੇਜ਼ੀ ਹੁਣ ਬੀਬੀਸੀ ਆਈਪਲੇਅਰ 'ਤੇ ਉਪਲਬਧ ਹੈ।
ਵ੍ਹੇਲ ਨੇ ਪੱਟਾ ਪਾਇਆ ਹੋਇਆ ਸੀ
ਇਹ ਰਹੱਸਮਈ ਵ੍ਹੇਲ ਪੰਜ ਸਾਲ ਪਹਿਲਾਂ ਉਸ ਸਮੇਂ ਸੁਰਖ਼ੀਆਂ 'ਚ ਆਈ ਸੀ ਜਦੋਂ ਇਹ ਉੱਤਰੀ ਨਾਰਵੇ ਦੇ ਤੱਟ 'ਤੇ ਮਛੇਰਿਆਂ ਤੱਕ ਪਹੁੰਚੀ ਸੀ।
ਬੇੜੀ 'ਤੇ ਸਵਾਰ ਮਛੇਰੇ ਜੋਆਰ ਹੇਸਟਨ ਨੇ ਕਿਹਾ, "ਪਹਿਲਾਂ ਉਸਨੇ ਬੇੜੀ ਨੂੰ ਰਗੜਨਾ ਸ਼ੁਰੂ ਕੀਤਾ। ਮੈਂ ਸੁਣਿਆ ਸੀ ਕਿ ਜਿਹੜੇ ਜਾਨਵਰ ਮੁਸੀਬਤ ਵਿੱਚ ਹੁੰਦੇ ਹਨ, ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਇਨਸਾਨਾਂ ਦੀ ਮਦਦ ਦੀ ਲੋੜ ਹੈ। ਮੈਂ ਸੋਚ ਰਿਹਾ ਸੀ ਕਿ ਇਹ ਇੱਕ ਸਮਾਰਟ ਵ੍ਹੇਲ ਹੈ।”
"ਅਜਿਹਾ ਬੇਹੱਦ ਘੱਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਬੇਲੁਗਾ ਵ੍ਹੇਲ ਪਾਲਤੂ ਲੱਗ ਰਹੀ ਸੀ ਅਤੇ ਇਹ ਦੱਖਣ ਵਿੱਚ ਇੰਨੀ ਦੂਰ ਦਿਖਾਈ ਨਹੀਂ ਦਿੰਦੀਆਂ।"
"ਇਸ ਵ੍ਹੇਲ ਨੇ ਇੱਕ ਪੱਟਾ ਵੀ ਪਾਇਆ ਹੋਇਆ ਸੀ ਜਿਸ ਵਿੱਚ ਕੈਮਰੇ ਲਈ ਇੱਕ ਮਾਊਂਟ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਇਸ ਪੱਟੇ ਉੱਤੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ, 'ਉਪਕਰਨ ਸੇਂਟ ਪੀਟਰਸਬਰਗʼ।"
ਮਛੇਰੇ ਹੈਸਟਨ ਨੇ ਬੇਲੁਗਾ ਦਾ ਪੱਟਾ ਹਟਾਉਣ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਇਹ ਵ੍ਹੇਲ ਨਜ਼ਦੀਕੀ ਬੰਦਰਗਾਹ ਹੈਮਰਫੈਸਟ ਤੱਕ ਤੈਰ ਕੇ ਪਹੁੰਚੀ ਅਤੇ ਕਈ ਮਹੀਨੇ ਉੱਥੇ ਰਹੀ।
ਪੱਟੇ ʼਤੇ ਕੀ ਲਿਖਿਆ ਸੀ
ਖਾਣ ਲਈ ਜ਼ਿੰਦਾ ਮੱਛੀਆਂ ਫੜਨ ਤੋਂ ਅਸਮਰੱਥ ਇਸ ਬੇਲੁਗਾ ਵ੍ਹੇਲ ਨੇ ਇੱਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।
ਕਈ ਵਾਰ ਉਹ ਉਨ੍ਹਾਂ ਦੇ ਕੈਮਰਿਆਂ ਨੂੰ ਧੱਕਾ ਦੇ ਦਿੰਦੀ ਸੀ ਅਤੇ ਇੱਕ ਵਾਰ ਤਾਂ ਉਸ ਨੇ ਇੱਕ ਮੌਬਾਇਲ ਫੋਨ ਵਾਪਸ ਕਰ ਦਿੱਤਾ ਸੀ।
ਨਾਰਵੇ ਓਰਕਾ ਸਰਵੇਖਣ ਦੀ ਈਵ ਜੁਆਰਡੀਅਨ ਕਹਿੰਦੀ ਹੈ, "ਇਹ ਬਹੁਤ ਸਪੱਸ਼ਟ ਸੀ ਕਿ ਇਸ ਖ਼ਾਸ ਬੇਲੁਗਾ ਨੂੰ ਹਰੇਕ ਅਜਿਹੀ ਚੀਜ਼ ʼਤੇ ਆਪਣੀ ਨੱਕ ਲਗਾਉਣ ਲਈ ਸਿਖਲਾਈ ਦਿੱਤੀ ਗਈ ਸੀ ਜੋ ਕਿਸੇ ਨਿਸ਼ਾਨੇ ਵਰਗੀ ਲੱਗਦੀ ਹੋਵੇ ਕਿਉਂਕਿ ਹਰ ਵਾਰ ਇਹ ਵ੍ਹੇਲ ਅਜਿਹਾ ਹੀ ਕਰ ਰਹੀ ਸੀ।"
"ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਬੇਲੁਗਾ ਕਿਸ ਤਰ੍ਹਾਂ ਦੇ ਕੇਂਦਰ ਤੋਂ ਇੱਥੇ ਪਹੁੰਚੀ ਹੈ ਅਤੇ ਇਸ ਨੂੰ ਕੀ ਕਰਨ ਲਈ ਸਿਖਲਾਈ ਦਿੱਤੀ ਗਈ ਸੀ।"
ਇਸ ਵ੍ਹੇਲ ਦੀ ਕਹਾਣੀ ਸੁਰਖ਼ੀਆਂ ਖੱਟ ਰਹੀ ਸੀ ਅਤੇ ਇਸ ਦੌਰਾਨ ਨਾਰਵੇ ਨੇ ਇਸ ਬੇਲੁਗਾ ਦੀ ਨਿਗਰਾਨੀ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਇਸ ਦਾ ਨਾਂ ਹਵਾਲਦੀਮੀਰ ਰੱਖ ਦਿੱਤਾ ਗਿਆ।
ਨਾਰਵੇ ਦੀ ਭਾਸ਼ਾ ਵਿੱਚ ਹਵਾਲ ਵ੍ਹੇਲ ਨੂੰ ਕਹਿੰਦੇ ਹਨ ਅਤੇ ਦਿਮੀਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਮ ਤੋਂ ਲਿਆ ਗਿਆ ਹੈ।
ਕੀ ਕਹਿੰਦੀ ਹੈ ਮਾਰਹ
ਡਾ. ਸ਼ਪਾਕ ਸੁਰੱਖਿਆ ਕਾਰਨਾਂ ਕਰ ਕੇ ਰੂਸ ਵਿੱਚ ਮੌਜੂਦ ਆਪਣੇ ਸੂਤਰਾਂ ਦਾ ਨਾਮ ਨਹੀਂ ਦੱਸਦੇ, ਪਰ ਉਹ ਦਾਅਵਾ ਕਰਦੇ ਹਨ ਕਿ ਜਦੋਂ ਇਹ ਬੇਲੁਗਾ ਨਾਰਵੇ ਵਿੱਚ ਨਜ਼ਰ ਆਈ ਸੀ ਉਦੋਂ ਰੂਸ ਵਿੱਚ ਸਮੁੰਦਰੀ ਥਣਧਾਰੀਆਂ ʼਤੇ ਕੰਮ ਕਰਨ ਵਾਲੇ ਸਮੂਹਾਂ ਨੂੰ ਪਤਾ ਸੀ ਕਿ ਉਹ ਉਨ੍ਹਾਂ ਦੀ ਆਪਣੀ ਬੇਲੁਗਾ ਹੈ।
ਉਹ ਆਖਦੀ ਹੈ, "ਪਸ਼ੂ ਡਾਕਟਰਾਂ ਅਤੇ ਟ੍ਰੇਨਰਾਂ ਰਾਹੀਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੋ ਬੇਲੁਗਾ ਲਾਪਤਾ ਹੋਈ ਹੈ ਉਸ ਦਾ ਨਾਮ ਇੰਦਰੁਹਾ ਹੈ।"
ਡਾ. ਸ਼ਪਾਕ ਦੇ ਅਨੁਸਾਰ, ਇੰਦਰੁਹਾ /ਹਵਾਲਦੀਮੀਰ ਨੂੰ ਸਭ ਤੋਂ ਪਹਿਲੀ ਵਾਰ ਸਾਲ 2013 ਵਿੱਚ ਫੜਿਆ ਗਿਆ ਸੀ। ਇਹ ਰੂਸ ਦੇ ਦੂਰ ਦੁਰਾਢੇ ਪੂਰਬੀ ਖੇਤਰ ਵਿੱਚ ਓਖੋਤਸਕ ਸਾਗਰ ਤੋਂ ਫੜਿਆ ਗਿਆ ਸੀ।
ਇੱਕ ਸਾਲ ਬਾਅਦ, ਇਸ ਨੂੰ ਸੇਂਟ ਪੀਟਰਸਬਰਗ ਵਿੱਚ ਇੱਕ ਡੌਲਫਿਨੇਰੀਅਮ ਦੀ ਮਲਕੀਅਤ ਵਾਲੇ ਇੱਕ ਕੇਂਦਰ ਤੋਂ ਰੂਸੀ ਆਰਕਟਿਕ ਵਿੱਚ ਇੱਕ ਫੌਜੀ ਪ੍ਰੋਗਰਾਮ ਲਈ ਭੇਜ ਦਿੱਤਾ ਗਿਆ ਸੀ। ਜਿੱਥੇ ਇਸ ਬੇਲੁਗਾ ਦੇ ਟ੍ਰੇਨਰ ਅਤੇ ਡਾਕਟਰ ਸੰਪਰਕ ਵਿੱਚ ਰਹੇ।
ਡਾ. ਸ਼ਪਾਕ ਕਹਿੰਦੀ ਹੈ, "ਮੈਨੂੰ ਲੱਗਦਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਵ੍ਹੇਲ 'ਤੇ ਭਰੋਸਾ ਕਰ ਕੇ ਇਸ ਨੂੰ ਖੁੱਲ੍ਹੇ ਸਮੁੰਦਰ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ ਤਾਂ ਇਹ ਉਨ੍ਹਾਂ ਦੇ ਚੁੰਗਲ ਤੋਂ ਨਿਕਲ ਗਈ।"
ਉਹ ਕਹਿੰਦੀ ਹੈ, "ਮੈਂ ਉਸ ਵਪਾਰਕ ਡੌਲਫਿਨੇਰੀਅਮ ਵਿੱਚ ਕੰਮ ਕਰਨ ਵਾਲੇ ਸਰੋਤਾਂ ਤੋਂ ਸੁਣਿਆ ਹੈ ਕਿ ਇੰਦਰੁਹਾ ਬਹੁਤ ਹੁਸ਼ਿਆਰ ਸੀ, ਇਸ ਲਈ ਉਹ ਸਿਖਲਾਈ ਦੇਣ ਲਈ ਇੱਕ ਵਧੀਆ ਪਸੰਦ ਸੀ। ਪਰ ਉਹ ਬਹੁਤ ਸ਼ਰਾਰਤੀ ਵੀ ਸੀ, ਇਸ ਲਈ ਜਦੋਂ ਉਹ ਭੱਜ ਗਈ, ਤਾਂ ਲੋਕ ਬਹੁਤ ਹੈਰਾਨ ਨਹੀਂ ਹੋਏ।”
ਰੂਸ ਦਾ ਕੀ ਕਹਿਣਾ ਹੈ
ਮੁਰਮਾਂਸਕ ਵਿੱਚ ਰੂਸੀ ਫੌਜੀ ਅੱਡੇ ਦੇ ਨੇੜੇ ਸੈਟੇਲਾਈਟ ਤਸਵੀਰਾਂ ਵਿੱਚ ਉਹ ਥਾਂ ਨਜ਼ਰ ਆਉਂਦੀ ਹੈ, ਜੋ ਸ਼ਾਇਦ ਹਵਾਲਦੀਮੀਰ ਦਾ ਘਰ ਸੀ। ਪਾਣੀ ਵਿੱਚ ਸਪੱਸ਼ਟ ਤੌਰ ʼਤੇ ਅਜਿਹੀਆਂ ਗੁਫਾਵਾਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਵਿੱਚ ਚਿੱਟੀ ਵ੍ਹੇਲ ਹੈ।
ਨਾਰਵੇ ਦੇ ਔਨਲਾਈਨ ਅਖ਼ਬਾਰ ਦਿ ਬੈਰੇਂਟਸ ਆਬਜ਼ਰਵਰ ਦੇ ਥਾਮਸ ਨੀਲਸਨ ਨੇ ਕਿਹਾ, “ਪਣਡੁੱਬੀਆਂ ਅਤੇ ਜਹਾਜ਼ਾਂ ਦੇ ਬਹੁਤ ਨੇੜੇ ਬੇਲੁਗਾ ਵ੍ਹੇਲ ਦੀ ਤੈਨਾਤੀ ਸੁਝਾਉਂਦੀ ਹੈ ਕਿ ਉਹ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਹਨ।
ਹਾਲਾਂਕਿ, ਰੂਸ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਹਵਾਲਦੀਮੀਰ ਨੂੰ ਉਸ ਦੀ ਫੌਜ ਦੁਆਰਾ ਸਿਖਲਾਈ ਦਿੱਤੀ ਗਈ ਸੀ।
ਹਾਲਾਂਕਿ, ਰੂਸ ਦਾ ਫੌਜੀ ਉਦੇਸ਼ਾਂ ਲਈ ਸਮੁੰਦਰੀ ਥਣਧਾਰੀ ਜੀਵਾਂ ਨੂੰ ਸਿਖਲਾਈ ਦੇਣ ਦਾ ਲੰਬਾ ਇਤਿਹਾਸ ਹੈ।
2019 ਵਿੱਚ ਬੋਲਦੇ ਹੋਏ, ਰੂਸ ਦੇ ਇੱਕ ਰਿਜ਼ਰਵ ਕਰਨਲ, ਵਿਕਟਰ ਬੇਰੈਂਟਸ ਨੇ ਕਿਹਾ ਸੀ, "ਜੇਕਰ ਅਸੀਂ ਇਸ ਜੀਵ ਦੀ ਵਰਤੋਂ ਜਾਸੂਸੀ ਲਈ ਕਰ ਰਹੇ ਹੋਵਾਂਗੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ’ਤੇ ਮੌਬਾਈਲ ਨੰਬਰ ਵੀ ਛੱਡਾਂਗੇ ਅਤੇ ਲਿਖਾਂਗੇ, ਪਲੀਜ਼ ਇਸ ਨੰਬਰ ’ਤੇ ਕਾਲ ਕਰੋ।"
ਬਦਕਿਸਮਤੀ ਨਾਲ, ਹਵਾਲਦੀਮੀਰ ਦੀ ਸ਼ਾਨਦਾਰ ਕਹਾਣੀ ਦਾ ਅੰਤ ਸੁਖੀ ਨਹੀਂ ਸੀ।
ਇਸ ਬੇਲੁਗਾ ਨੇ ਆਪਣੇ ਭੋਜਨ ਦਾ ਪ੍ਰਬੰਧ ਖ਼ੁਦ ਕਰਨਾ ਸਿੱਖ ਲਿਆ ਸੀ। ਇਹ ਕਈ ਸਾਲਾਂ ਤੱਕ ਨਾਰਵੇ ਦੇ ਤੱਟ ਦੇ ਨੇੜੇ ਦੱਖਣ ਵੱਲ ਘੁੰਮਦੀ ਰਹੀ ਅਤੇ ਇਸ ਨੂੰ ਸਵੀਡਨ ਦੇ ਤੱਟ ਦੇ ਨੇੜੇ ਵੀ ਦੇਖਿਆ ਗਿਆ।
ਪਰ ਫਿਰ 1 ਸਤੰਬਰ, 2024 ਨੂੰ, ਇਸ ਦੀ ਲਾਸ਼ ਨਾਰਵੇ ਦੇ ਦੱਖਣ-ਪੱਛਮੀ ਤੱਟ 'ਤੇ ਸਿਰਾਵਿਕਾ ਕਸਬੇ ਦੇ ਨੇੜੇ ਸਮੁੰਦਰ ਵਿੱਚ ਤੈਰਦੀ ਹੋਈ ਮਿਲੀ।
ਕੀ ਵਲਾਦੀਮੀਰ ਪੁਤਿਨ ਦੇ ਰੂਸ ਦੀ ਤਾਕਤ ਇਸ ਬੇਲੁਗਾ ਤੱਕ ਪਹੁੰਚ ਗਈ ਸੀ?
ਸ਼ਾਇਦ ਨਹੀਂ। ਕਈ ਕਾਰਕੁੰਨ ਸਮੂਹਾਂ ਦੇ ਦਾਅਵਾ ਕਰਨ ਦੇ ਬਾਵਜੂਦ ਕਿ ਵ੍ਹੇਲ ਨੂੰ ਗੋਲੀ ਮਾਰ ਦਿੱਤੀ ਗਈ ਸੀ, ਨਾਰਵੇਈ ਪੁਲਿਸ ਨੇ ਇਸ ਸ਼ੱਕ ਨੂੰ ਖਾਰਜ ਕਰ ਦਿੱਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਕੋਈ ਮਨੁੱਖੀ ਗਤੀਵਿਧੀ ਇਸ ਵ੍ਹੇਲ ਦੀ ਮੌਤ ਦਾ ਸਿੱਧਾ ਕਾਰਨ ਹੈ।
ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਹਵਾਲਦੀਮੀਰ ਦੀ ਮੌਤ ਲੱਕੜ ਦਾ ਟੁਕੜਾ ਮੂੰਹ 'ਚ ਫਸ ਜਾਣ ਕਾਰਨ ਹੋਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ