ਮੁੰਬਈ ਅੰਡਰਵਰਲਡ ਦੇ ਮਾਫ਼ੀਆ ਡੌਨ ਅਤੇ ਉਨ੍ਹਾਂ ਦੇ ਸ਼ੂਟਰਾਂ ਦੀ ਕਹਾਣੀ, ਖ਼ਤਰਨਾਕ ਕਾਤਲਾਂ ਨਾਲ ਜੁੜੇ ਕਿੱਸੇ ਕੀ ਹਨ – ਵਿਵੇਚਨਾ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਸਹਿਯੋਗੀ

ਕਿੱਸਾ ਮਸ਼ਹੂਰ ਹੈ ਕਿ ਇੱਕ ਵਾਰ ਮਾਫ਼ੀਆ ਡੌਨ ਦਾਊਦ ਇਬਰਾਹੀਮ ਦਾ ਸੱਜਾ ਹੱਥ ਕਹੇ ਜਾਣ ਵਾਲੇ ਛੋਟਾ ਸ਼ਕੀਲ ਨੇ ਸਾਦਿਕ ਜਲਾਵਾਰ ਨੂੰ ਕਿਹਾ, "ਆਪਣੇ ਜੀਜੇ ਨੂੰ ਜਾਨੋਂ ਮਾਰ ਦੇ, ਫਿਰ ਮੈਂ ਮੰਨਾਂਗਾ ਕਿ ਤੂੰ ਕੁਝ ਖ਼ਾਸ ਹੈ।"

ਇਹ ਸੁਣਦੇ ਹੀ ਸਾਦਿਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਆਇਆ, ਉਸਦਾ ਚਿਹਰਾ ਪੀਲਾ ਪੈ ਗਿਆ ਅਤੇ ਉਸਦੇ ਹੱਥ ਕੰਬਣ ਲੱਗ ਪਏ।

ਸਾਦਿਕ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ, ਉਸਦੇ ਪਤੀ ਦਾ ਨਾਂ ਜ਼ੁਲਫ਼ਿਕਾਰ ਸੀ। ਛੋਟਾ ਸ਼ਕੀਲ ਨੇ ਸਾਦਿਕ ਨੂੰ ਕਿਹਾ ਕਿ ਉਹ ਉਸਨੂੰ ਉਦੋਂ ਹੀ ਫ਼ੋਨ ਕਰੇ ਜਦੋਂ ਉਸਦਾ ਜੀਜਾ ਜ਼ੁਲਫ਼ਿਕਾਰ ਇਸ ਦੁਨੀਆ ਤੋਂ ਜਾ ਚੁੱਕਿਆ ਹੋਵੇ।

ਸਾਦਿਕ ਨੇ ਮੇਜ਼ 'ਤੇ ਰੱਖੇ ਗਿਲਾਸ ਵਿਚੋਂ ਪਾਣੀ ਦਾ ਇੱਕ ਘੁੱਟ ਪੀਤਾ ਅਤੇ ਸ਼ਕੀਲ ਨੂੰ ਕਿਹਾ ਕਿ ਕੰਮ ਹੋ ਜਾਵੇਗਾ, ਪਰ ਸ਼ਕੀਲ ਸਾਦਿਕ ਦੀ ਪੂਰੀ ਪਰਖ ਕਰਨਾ ਚਾਹੁੰਦਾ ਸੀ ਅਤੇ ਉਸਨੂੰ ਕੋਈ ਰਿਆਇਤ ਨਹੀਂ ਦੇਣਾ ਚਾਹੁੰਦਾ ਸੀ।

ਐੱਸ ਹੁਸੈਨ ਜ਼ੈਦੀ ਆਪਣੀ ਕਿਤਾਬ 'ਦਿ ਡੇਂਜਰਸ ਡਜ਼ੇਨ, ਹਿਟਮੈਨ ਆਫ਼ ਮੁੰਬਈ ਅੰਡਰਵਰਲਡ' ਵਿੱਚ ਲਿਖਦੇ ਹਨ, "ਸ਼ਕੀਲ ਨੇ ਸਾਦਿਕ ਨੂੰ ਕਿਹਾ, 'ਮੈਂ ਨਹੀਂ ਚਾਹੁੰਦਾ ਕਿ ਤੂੰ ਇਸ ਦੇ ਲਈ ਗੰਨ ਦਾ ਇਸਤੇਮਾਲ ਕਰੇ'।"

ਸਾਦਿਕ ਨੇ ਕੁਝ ਸਮਾਂ ਪਹਿਲਾਂ ਹੀ ਅਰੁਣ ਗਵਲੀ ਦਾ ਗੈਂਗ ਛੱਡਿਆ ਸੀ ਅਤੇ ਹਰ ਕੀਮਤ 'ਤੇ ਛੋਟਾ ਸ਼ਕੀਲ ਦਾ ਭਰੋਸਾ ਜਿੱਤਣਾ ਚਾਹੁੰਦਾ ਸੀ, ਭਾਵੇਂ ਉਸਦੀ ਕੀਮਤ ਆਪਣੀ ਭੈਣ ਨੂੰ ਵਿਧਵਾ ਬਣਾ ਕੇ ਹੀ ਕਿਉਂ ਨਾ ਚੁਕਾਣੀ ਪਵੇ।

ਇੱਕ ਦਿਨ ਉਸਨੇ ਜ਼ੁਲਫ਼ਿਕਾਰ ਨੂੰ ਇੱਕ ਹੱਥ ਨਾਲ ਗਲ਼ੇ ਲਗਾਇਆ ਅਤੇ ਆਪਣਾ ਦੂਜਾ ਹੱਥ ਪਿੱਠ ਪਿੱਛੇ ਰੱਖਿਆ।

ਉਸਨੇ ਕਿਹਾ, "ਭਾਈਜਾਨ, ਮੈਨੂੰ ਮਾਫ਼ ਕਰ ਦੇਣਾ," ਅਤੇ ਜ਼ੁਲਫ਼ਿਕਾਰ 'ਤੇ ਛੁਰੀ ਨਾਲ ਪੰਜ ਵਾਰ ਕੀਤੇ। ਉਸਨੇ ਆਪਣੀ ਭੈਣ ਦੇ ਘਰ ਵੱਲ ਆਖ਼ਰੀ ਵਾਰ ਦੇਖਿਆ, ਆਪਣੀ ਮੋਟਰਸਾਈਕਲ ਚੁੱਕੀ ਅਤੇ ਉੱਥੋਂ ਚਲਾ ਗਿਆ। ਫਿਰ ਉਸਨੇ ਸ਼ਕੀਲ ਨੂੰ ਫ਼ੋਨ ਕਰ ਕੇ ਕਿਹਾ ਕਿ ਕੰਮ ਹੋ ਗਿਆ ਹੈ।

ਸ਼ਕੀਲ ਇਹ ਸੁਣ ਕੇ ਹੱਕ-ਬੱਕਾ ਰਹਿ ਗਿਆ। ਉਹ ਉਮੀਦ ਕਰ ਰਿਹਾ ਸੀ ਕਿ ਸਾਦਿਕ ਉਸਨੂੰ ਫ਼ੋਨ ਕਰਕੇ ਕਹੇਗਾ ਕਿ ਇਹ ਉਸਦੇ ਵੱਸ ਦੀ ਗੱਲ ਨਹੀਂ ਹੈ ਅਤੇ ਉਸਨੂੰ ਕੋਈ ਹੋਰ ਕੰਮ ਦਿੱਤਾ ਜਾਵੇ।

ਉਸ ਦਿਨ ਤੋਂ ਸਾਦਿਕ ਜਲਾਵਾਰ ਨੂੰ "ਸਾਦਿਕ ਕਾਲੀਆ" ਕਿਹਾ ਜਾਣ ਲੱਗਾ। ਇਸ ਵਾਰਦਾਤ ਤੋਂ ਬਾਅਦ ਛੋਟਾ ਸ਼ਕੀਲ ਨੇ ਉਸਨੂੰ ਮਿਲਣ ਲਈ ਦੁਬਈ ਬੁਲਵਾਇਆ।

ਸਾਦਿਕ ਕਾਲੀਆ ਦਾ ਐਨਕਾਊਂਟਰ

ਛੋਟਾ ਸ਼ਕੀਲ ਨੇ ਸਾਦਿਕ ਦੀ ਮੁਲਾਕਾਤ ਇੱਕ ਹੋਰ ਗੈਂਗਸਟਰ ਸਲੀਮ ਚਿਕਨਾ ਨਾਲ ਕਰਵਾਈ।

ਚਿਕਨਾ ਨੂੰ ਮੋਟਰਸਾਈਕਲ ਚਲਾਉਣ ਵਿੱਚ ਮੁਹਾਰਤ ਹਾਸਲ ਸੀ। ਦੋਵਾਂ ਨੇ ਮਿਲ ਕੇ 1990 ਦੇ ਦਹਾਕੇ ਦੇ ਮੱਧ ਵਿੱਚ ਛੋਟਾ ਰਾਜਨ ਦੇ ਗੈਂਗ ਦਾ ਮੁੰਬਈ ਵਿੱਚ ਜਿਉਣਾ ਮੁਹਾਲ ਕਰ ਦਿੱਤਾ। ਮੁੰਬਈ ਪੁਲਿਸ ਦਾ ਅੰਦਾਜ਼ਾ ਹੈ ਕਿ ਦੋਵਾਂ ਨੇ ਸ਼ਕੀਲ ਦੇ ਕਹਿਣ 'ਤੇ ਵੀਹ ਤੋਂ ਵੱਧ ਲੋਕਾਂ ਨੂੰ ਮਾਰਿਆ।

ਪਰ ਉਹ ਛੋਟੇ ਸ਼ਕੀਲ ਵੱਲੋਂ ਦਿੱਤਾ ਇੱਕ ਕੰਮ ਪੂਰਾ ਨਹੀਂ ਕਰ ਸਕਿਆ, ਉਹ ਸੀ ਆਪਣੇ ਪੁਰਾਣੇ ਡੌਨ ਅਰੁਣ ਗਵਲੀ ਦਾ ਕਤਲ, ਜਿਸਨੇ ਸਿਆਸਤ ਵਿੱਚ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ ਸੀ।

ਹੁਸੈਨ ਜ਼ੈਦੀ ਲਿਖਦੇ ਹਨ, "ਸਾਦਿਕ ਨੂੰ ਜਾਣਕਾਰੀ ਸੀ ਕਿ ਗਵਲੀ ਪੁਣੇ ਤੋਂ ਮੁੰਬਈ ਆ ਕੇ ਇੱਕ ਜਨਸਭਾ ਨੂੰ ਸੰਬੋਧਨ ਕਰਨ ਵਾਲਾ ਹੈ। ਉਹ ਉਸ ਸਭਾ ਵਿੱਚ ਜਾ ਕੇ ਉਸਦੇ ਸਮਰਥਕਾਂ ਦੇ ਸਾਹਮਣੇ ਉਸਨੂੰ ਗੋਲ਼ੀ ਮਾਰਨ ਵਾਲਾ ਸੀ, ਪਰ ਗਵਲੀ ਨੂੰ ਇਸਦੀ ਭਣਕ ਲੱਗ ਗਈ ਅਤੇ ਉਸਨੇ ਉਹ ਸਭਾ ਰੱਦ ਕਰ ਦਿੱਤੀ।"

ਸਾਦਿਕ ਕਾਲੀਆ ਨੇ ਘੰਟਿਆਂ ਤੱਕ ਉਸਦਾ ਇੰਤਜ਼ਾਰ ਕੀਤਾ, ਪਰ ਗਵਲੀ ਉੱਥੇ ਨਹੀਂ ਪਹੁੰਚਿਆ।

ਪੁਲਿਸ ਦੇ ਹਲਕਿਆਂ ਵਿੱਚ ਸਾਦਿਕ ਦਾ ਨਾਂ "ਭੂਤ" ਰੱਖਿਆ ਗਿਆ ਸੀ ਕਿਉਂਕਿ ਉਹ ਭੂਤ ਵਾਂਗ ਗ਼ਾਇਬ ਹੋ ਜਾਣ ਵਿੱਚ ਮਾਹਰ ਸੀ। ਦੂਜਾ, ਉਸਦੀ ਕਾਲੀ ਚਮੜੀ ਹੋਣ ਕਾਰਨ ਉਸਨੂੰ ਹਨੇਰੇ ਵਿੱਚ ਲੁਕਣ ਵਿੱਚ ਮਦਦ ਮਿਲਦੀ ਸੀ।

ਪੁਲਿਸ ਕਾਲੀਆ ਨੂੰ ਤਾਂ ਨਹੀਂ ਫੜ੍ਹ ਸਕੀ, ਪਰ ਉਸਦਾ ਪੇਜਰ ਨੰਬਰ ਕਿਸੇ ਤਰ੍ਹਾਂ ਪੁਲਿਸ ਦੇ ਹੱਥ ਲੱਗ ਗਿਆ। ਇਸ ਨੰਬਰ ਦੀ ਮਦਦ ਨਾਲ ਮੁੰਬਈ ਪੁਲਿਸ ਨੇ ਪਹਿਲਾਂ ਸਲੀਮ ਚਿਕਨਾ ਨੂੰ ਫੜ੍ਹਿਆ ਅਤੇ ਫਿਰ ਉਸਦੀ ਮਦਦ ਨਾਲ 12 ਦਸੰਬਰ 1997 ਨੂੰ ਦਾਦਰ ਦੇ ਫੁੱਲ ਬਾਜ਼ਾਰ ਵਿੱਚ ਸਾਦਿਕ ਕਾਲੀਆ ਨੂੰ ਘੇਰ ਲਿਆ। ਪੁਲਿਸ ਵੱਲੋਂ ਚਲੀਆਂ ਸੈਂਕੜੇ ਗੋਲ਼ੀਆਂ ਦੇ ਸਾਹਮਣੇ ਕਾਲੀਆ ਲਈ ਕੋਈ ਮੌਕਾ ਨਹੀਂ ਸੀ।

ਬਾਅਦ ਵਿੱਚ ਸਬ-ਇੰਸਪੈਕਟਰ ਦਯਾ ਨਾਇਕ ਨੇ ਮੈਗਜ਼ੀਨ 'ਮੇਨਜ਼ ਵਰਲਡ' ਦੀ ਮੰਜੁਲਾ ਸੇਨ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ, "ਮੇਰੀ ਸਭ ਤੋਂ ਵੱਡੀ ਕਾਮਯਾਬੀ ਸੀ, ਜਦੋਂ ਮੈਂ ਛੋਟਾ ਸ਼ਕੀਲ ਦੇ ਸਭ ਤੋਂ ਵਧੀਆ ਸ਼ੂਟਰਾਂ ਵਿੱਚੋਂ ਇੱਕ ਸਾਦਿਕ ਕਾਲੀਆ ਨੂੰ ਮਾਰਿਆ।"

"ਅਸੀਂ ਉਸ ਨੂੰ ਦਾਦਰ ਫੁੱਲ ਮਾਰਕੀਟ ਵਿੱਚ ਘੇਰ ਲਿਆ ਸੀ। ਉਸ ਨੇ ਮੇਰੇ ਵੱਲ ਛੇ ਗੋਲੀਆਂ ਚਲਾਈਆਂ। ਮੇਰੇ ਖੱਬੇ ਪੱਟ ਵਿੱਚ ਗੋਲੀ ਲੱਗੀ ਪਰ ਅਸੀਂ ਉਸ ਨੂੰ ਨਿਊਟਰਲਾਈਜ਼ ਕਰਨ ਵਿੱਚ ਕਾਮਯਾਬ ਰਹੇ।"

ਰੈੱਡੀ ਦੀ ਮਨਪਸੰਦ ਡ੍ਰਿੰਕ

ਹੁਣ ਜ਼ਿਕਰ ਇੱਕ ਹੋਰ ਹਿਟਮੈਨ ਵੈਂਕਟੇਸ਼ ਬੱਗਾ ਰੈੱਡੀ ਉਰਫ਼ ਬਾਬਾ ਰੈੱਡੀ ਦਾ। ਇੱਕ ਵਾਰ ਬਾਬਾ ਰੈੱਡੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਤੇ ਕਾਫ਼ੀ ਸਮੇਂ ਤੱਕ ਥਰਡ ਡਿਗਰੀ ਟ੍ਰੀਟਮੈਂਟ ਦੇਣ ਦੇ ਬਾਵਜੂਦ ਵੀ ਪੁਲਿਸ ਉਸ ਤੋਂ ਕੁਝ ਨਹੀਂ ਉਗਲਵਾ ਸਕੀ।

ਇੱਕ ਕਾਂਸਟੇਬਲ ਨੇ ਬਾਹਰ ਆ ਕੇ ਆਪਣੇ ਅਫ਼ਸਰ ਤੋਂ ਪੁੱਛਿਆ, "ਸਾਬ੍ਹ, ਉਹ ਕਹਿ ਰਿਹਾ ਹੈ ਕਿ ਜੇ ਉਸ ਨੂੰ ਉਸ ਦੀ ਮਨਪਸੰਦ ਡ੍ਰਿੰਕ ਦੀ ਇੱਕ ਬੋਤਲ ਦੇ ਦਿੱਤੀ ਜਾਵੇ ਤਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰ ਦੇਵੇਗਾ।"

ਅਫ਼ਸਰ ਨੇ ਗੁੱਸੇ ਵਿੱਚ ਕਿਹਾ, "ਕੀ ਤੁਸੀਂ ਪਾਗ਼ਲ ਹੋ ਗਏ ਹੋ? ਅਸੀਂ ਉਸ ਨੂੰ ਜੇਲ੍ਹ ਵਿੱਚ ਸ਼ਰਾਬ ਕਿਵੇਂ ਦੇ ਸਕਦੇ ਹਾਂ?"

ਸਿਪਾਹੀ ਦਾ ਜਵਾਬ ਸੁਣ ਕੇ ਅਫ਼ਸਰ ਹੈਰਾਨ ਰਹਿ ਗਿਆ। ਉਸ ਨੇ ਕਿਹਾ, "ਸਾਬ੍ਹ, ਉਹ ਸ਼ਰਾਬ ਨਹੀਂ, ਖੂਨ ਦੀ ਇੱਕ ਬੋਤਲ ਮੰਗ ਰਿਹਾ ਹੈ।"

ਜਿਵੇਂ ਹੀ ਸਿਪਾਹੀਆਂ ਨੇ ਨੇੜਲੇ ਬੁੱਚੜਖਾਨੇ ਤੋਂ ਬਕਰੇ ਦੇ ਖੂਨ ਦੀ ਬੋਤਲ ਲਿਆ ਕੇ ਦਿੱਤੀ, ਉਹ ਹਰ ਸਵਾਲ ਦਾ ਜਵਾਬ ਦੇਣ ਲੱਗ ਪਿਆ।

ਹੁਸੈਨ ਜ਼ੈਦੀ ਲਿਖਦੇ ਹਨ, "28 ਸਾਲ ਦੀ ਉਮਰ ਵਿੱਚ ਬੱਗਾ ਮੁੰਬਈ ਅੰਡਰਵਰਲਡ ਦੇ ਇਤਿਹਾਸ ਦਾ ਸਭ ਤੋਂ ਰਹੱਸਮਈ ਕਿਰਦਾਰ ਸੀ। ਇੱਕ ਹੋਰ ਖਾਸ ਗੱਲ ਇਹ ਸੀ ਕਿ ਉਹ ਸਿਰਫ਼ ਗ਼ੈਰ-ਹਿੰਦੂਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਸੀ। ਹੈਦਰਾਬਾਦ ਨੇੜੇ ਮੁਸ਼ੀਰਾਬਾਦ ਦਾ ਰਹਿਣ ਵਾਲੇ ਬੱਗਾ ਨੇ ਨੌਵੀਂ ਕਲਾਸ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ।"

"ਸਾਲ 1989 ਵਿੱਚ ਬੱਗਾ ਮੁੰਬਈ ਆ ਗਿਆ ਅਤੇ ਉਸ ਨੇ ਇੱਕ ਬਾਰ ਵਿੱਚ ਬਾਊਂਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਹ ਛੋਟਾ ਰਾਜਨ ਗੈਂਗ ਲਈ ਕੰਮ ਕਰਨ ਲੱਗ ਪਿਆ। ਗੈਂਗ ਦੇ ਲੋਕ ਇਸ ਗੱਲ ਤੋਂ ਪ੍ਰਭਾਵਿਤ ਸਨ ਕਿ ਉਹ ਆਪਣੇ ਵਰਗੇ ਇੱਕ ਦਰਜਨ ਲੋਕਾਂ ਨੂੰ ਇਕੱਠੇ ਕੁੱਟਣ ਦੀ ਸਮਰਥਾ ਰੱਖਦਾ ਸੀ। ਜਲਦੀ ਹੀ ਉਹ ਮੋਟੀ ਫ਼ੀਸ ਲੈ ਕੇ ਕਤਲ ਕਰਨ ਲੱਗ ਸੀ।"

ਉਸ ਸਮੇਂ ਉਸ ਨੂੰ ਇਸ ਕੰਮ ਲਈ 30 ਤੋਂ 50 ਹਜ਼ਾਰ ਰੁਪਏ ਮਿਲਦੇ ਸਨ। ਬੱਗਾ ਰੈੱਡੀ ਨੂੰ ਇੱਕ ਔਰਤ ਨਾਲ ਪਿਆਰ ਹੋ ਗਿਆ।

ਜ਼ੈਦੀ ਉਸ ਦੇ ਇੱਕ ਪ੍ਰੇਮ ਸੰਬੰਧ ਬਾਰੇ ਲਿਖਦੇ ਹਨ, "ਬੱਗਾ ਨੂੰ ਪਤਾ ਲੱਗਿਆ ਕਿ ਉਸ ਔਰਤ ਦਾ ਨਾਮ ਸ਼ਹਿਨਾਜ਼ ਹੈ ਅਤੇ ਉਹ ਮੁਸਲਮਾਨ ਹੈ। ਉਸ ਨੇ ਉਸ ਔਰਤ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਪਰ ਔਰਤ ਨੇ ਇੱਕ ਸ਼ਰਤ ਰੱਖੀ ਕਿ ਵਿਆਹ ਤੋਂ ਪਹਿਲਾਂ ਉਸ ਨੂੰ ਇਸਲਾਮ ਧਰਮ ਕਬੂਲ ਕਰਨਾ ਪਵੇਗਾ।"

"ਮੁਸਲਮਾਨਾਂ ਨਾਲ ਨਫ਼ਰਤ ਕਰਨ ਵਾਲਾ ਬੱਗਾ ਉਸ ਔਰਤ ਦੇ ਪਿਆਰ ਵਿੱਚ ਇੰਨਾ ਪਾਗ਼ਲ ਸੀ ਕਿ ਉਹ ਮੁਸਲਮਾਨ ਬਣਨ ਲਈ ਤਿਆਰ ਹੋ ਗਿਆ ਅਤੇ ਉਸ ਨੇ ਆਪਣਾ ਨਵਾਂ ਨਾਮ ਅਜ਼ੀਜ਼ ਰੈੱਡੀ ਰੱਖ ਲਿਆ। ਵਿਆਹ ਹੋਣ ਤੋਂ ਬਾਅਦ ਬੱਗਾ ਦੀ ਬੇਰਹਿਮੀ ਵਿੱਚ ਕਮੀ ਆਉਣ ਲੱਗੀ। 26 ਜੁਲਾਈ 1998 ਨੂੰ ਇੱਕ ਟਿਪ ਆਫ਼ 'ਤੇ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।"

ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਉਹ ਨਕਲੀ ਪਾਸਪੋਰਟ 'ਤੇ ਮਲੇਸ਼ੀਆ ਚਲਾ ਗਿਆ, ਜਿੱਥੇ ਉਸ ਦੀ ਮੁਲਾਕਾਤ ਛੋਟਾ ਰਾਜਨ ਨਾਲ ਹੋਈ।

ਬੱਗਾ ਰੈੱਡੀ ਦਾ ਅੰਤ

ਫਿਰ ਉਹ ਇੰਡੋਨੇਸ਼ੀਆ ਚਲਾ ਗਿਆ, ਜਿੱਥੇ ਰਾਜਨ ਨੇ ਉਸ ਨੂੰ ਡਰੱਗਜ਼ ਬਣਾਉਣ ਵਾਲੀ ਇਕਾਈ ਦਾ ਇੰਚਾਰਜ ਬਣਾ ਦਿੱਤਾ।

ਬੱਗਾ ਦਸੰਬਰ 2002 ਵਿੱਚ ਭਾਰਤ ਵਾਪਸ ਆ ਗਿਆ। ਉਸ ਨੂੰ ਪਤਾ ਸੀ ਕਿ ਦਾਊਦ ਇਬਰਾਹਿਮ ਦੇ ਲੋਕ ਉਸ ਨੂੰ ਮਾਰਨ ਦੀ ਤਾਕ ਵਿੱਚ ਹਨ।

ਪਹਿਲਾਂ ਉਸ ਨੇ ਬਨਾਰਸ ਨੂੰ ਆਪਣਾ ਅੱਡਾ ਬਣਾਇਆ ਅਤੇ ਫਿਰ ਉਹ ਹੈਦਰਾਬਾਦ ਚਲਾ ਗਿਆ। ਹੈਦਰਾਬਾਦ ਵਿੱਚ ਉਹ ਹਥਿਆਰ ਸਪਲਾਇਰ ਬਣ ਗਿਆ ਅਤੇ ਅਪਰਾਧੀ ਗੈਂਗਾਂ ਨੂੰ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਲੱਗ ਪਿਆ।

ਉਸ ਕੋਲ ਦੱਖਣੀ ਭਾਰਤ ਦੇ ਨਲਗੋਂਡਾ ਜ਼ਿਲ੍ਹੇ ਵਿੱਚ 40 ਏਕੜ ਜ਼ਮੀਨ ਸੀ। ਬੱਗਾ ਦੀ ਇੱਕ ਖ਼ਾਸ ਗੱਲ ਇਹ ਸੀ ਕਿ ਉਹ ਅਗਵਾ ਦੀ ਫਿਰੌਤੀ ਚੈਕ ਰਾਹੀਂ ਵਸੂਲ ਕਰਦਾ ਸੀ। ਮਈ 2008 ਵਿੱਚ ਪੁਲਿਸ ਨੂੰ ਸੂਚਨਾ ਮਿਲੀ ਕਿ ਬੱਗਾ ਜੁਬਿਲੀ ਹਿਲ ਆਉਣ ਵਾਲਾ ਹੈ।

ਟਾਸਕ ਫੋਰਸ ਦੇ ਕਮਾਂਡੋਜ਼ ਨੇ ਉਸ ਦੇ ਆਉਣ ਤੋਂ ਪਹਿਲਾਂ ਹੀ ਪੋਜ਼ੀਸ਼ਨ ਲੈ ਲਈ। ਸੜਕਾਂ ਸਾਫ਼ ਕਰਵਾ ਦਿੱਤੀਆਂ ਗਈਆਂ ਅਤੇ ਕਿਸੇ ਵੀ ਵਾਹਨ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਬੱਗਾ ਇੱਕ ਕਾਰ ਵਿੱਚ ਉਥੇ ਪਹੁੰਚਿਆ ਤਾਂ ਪੁਲਿਸ ਨੇ ਕਾਰ ਨੂੰ ਘੇਰ ਲਿਆ।

ਬਾਅਦ ਵਿੱਚ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਬੀ ਪ੍ਰਸਾਦ ਰਾਓ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, "ਸਾਨੂੰ ਜਾਣਕਾਰੀ ਮਿਲੀ ਸੀ ਕਿ ਬੱਗਾ ਆਪਣੇ ਦੋ ਸਾਥੀਆਂ ਨਾਲ ਜੁਬਿਲੀ ਹਿਲ ਵਿੱਚ ਪੈਸਿਆਂ ਦੀ ਉਗਾਹੀ ਲਈ ਆਉਣ ਵਾਲਾ ਹੈ।"

"ਅਸੀਂ ਦੋ ਘੰਟੇ ਤੱਕ ਉਸ ਇਲਾਕੇ ਦੀ ਤਲਾਸ਼ੀ ਲਈ। ਰਾਤ ਸਵਾ 11 ਵਜੇ ਅਸੀਂ ਉਸ ਦੀ ਕਾਰ ਨੂੰ ਬੀਐਨ ਰੈੱਡੀ ਨਗਰ ਵੱਲ ਜਾਣ ਵਾਲੀ ਰੋਡ ਨੰਬਰ 46 'ਤੇ ਇੰਟਰਸੈਪਟ ਕੀਤਾ।"

"ਜਦੋਂ ਪੁਲਿਸ ਟੀਮ ਉਸ ਵੱਲ ਵਧੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਤਾਂ ਰੈੱਡੀ ਨੇ 9 ਐੱਮਐੱਮ ਦੀ ਪਿਸਤੌਲ ਕੱਢ ਕੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਫਾਇਰਿੰਗ ਦਾ ਜਵਾਬ ਫਾਇਰਿੰਗ ਨਾਲ ਦਿੱਤਾ। ਰੈੱਡੀ ਨੂੰ ਗੋਲੀਆਂ ਲੱਗੀਆਂ ਅਤੇ ਉਹ ਉੱਥੇ ਹੀ ਡਿੱਗ ਪਿਆ। ਉਸ ਦੇ ਦੋਵੇਂ ਸਾਥੀ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ।"

ਜਦੋਂ ਡੀਸੀਪੀ ਦੀਆਂ ਅੱਖਾਂ 'ਤੇ ਪੱਟੀ ਬੰਨੀ ਗਈ

25 ਅਗਸਤ 1994 ਨੂੰ ਕਰੀਬ 10 ਵਜੇ ਬਾਂਦਰਾ ਦੀ ਮਸਰੂਫ਼ ਹਿਲ ਰੋਡ 'ਤੇ ਸਥਿਤ ਇੱਕ ਹਾਊਸਿੰਗ ਸੋਸਾਇਟੀ ਤੋਂ ਚਿੱਟੇ ਰੰਗ ਦੀ ਐਂਬੈਸਡਰ ਕਾਰ ਬਾਹਰ ਨਿਕਲੀ।

ਅਚਾਨਕ ਕਿੱਥੋਂ ਦੋ ਲੋਕ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਏਕੇ-56 ਰਾਈਫ਼ਲ ਨਾਲ ਕਾਰ 'ਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ। ਅਗਲੀ ਸੀਟ 'ਤੇ ਬੈਠੇ ਪੁਲਿਸ ਗਾਰਡ ਨੇ ਆਪਣੀ ਸਟੇਨ ਗੰਨ ਨਾਲ ਜਵਾਬੀ ਫਾਇਰ ਕੀਤਾ, ਪਰ ਹਮਲਾਵਰਾਂ ਨੇ ਉਸ ਨੂੰ ਵੀ ਨਿਸ਼ਾਨਾ ਬਣਾ ਕੇ ਬੇਕਾਰ ਕਰ ਦਿੱਤਾ।

ਪਿਛਲੀ ਸੀਟ 'ਤੇ ਬੈਠੇ ਭਾਜਪਾ ਦੇ ਨਗਰ ਪ੍ਰਧਾਨ ਰਾਮਦਾਸ ਨਾਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੂਰੀ ਮੁੰਬਈ ਪੁਲਿਸ ਕਾਤਲਾਂ ਦੀ ਤਲਾਸ਼ ਵਿੱਚ ਜੁਟ ਗਈ। ਇਸ ਦੌਰਾਨ ਮੁੰਬਈ ਪੁਲਿਸ ਦੇ ਡੀਸੀਪੀ ਰਾਕੇਸ਼ ਮਾਰੀਆ ਕੋਲ ਇੱਕ ਫ਼ੋਨ ਆਇਆ।

ਰਾਕੇਸ਼ ਮਾਰੀਆ ਆਪਣੀ ਆਤਮਕਥਾ 'ਲੈਟ ਮੀ ਸੇ ਇਟ ਨਾਉ' ਵਿੱਚ ਲਿਖਦੇ ਹਨ, "ਫ਼ੋਨ ਕਰਨ ਵਾਲੇ ਨੇ ਮੈਨੂੰ ਪੁੱਛਿਆ, 'ਸਾਬ੍ਹ, ਕੀ ਤੁਸੀਂ ਰਾਮਦਾਸ ਨਾਇਕ ਕਤਲ ਕੇਸ ਬਾਰੇ ਜਾਣਕਾਰੀ ਚਾਹੁੰਦੇ ਹੋ?' ਮੈਂ ਤੁਰੰਤ ਕਿਹਾ, 'ਹਾਂ।' ਉਸ ਨੇ ਕਿਹਾ, 'ਇਸ ਲਈ ਤੁਹਾਨੂੰ ਮੈਨੂੰ ਮਿਲਣ ਬਾਹਰ ਆਉਣਾ ਪਵੇਗਾ।' ਮੈਂ ਪੁੱਛਿਆ, 'ਕਿੱਥੇ?' ਉਸ ਨੇ ਕਿਹਾ, 'ਮੈਂ ਤੁਹਾਨੂੰ ਲੈਣ ਲਈ ਕਾਰ ਭੇਜਾਂਗਾ'।"

"ਪਹਿਲਾਂ ਮੈਨੂੰ ਲੱਗਿਆ ਕਿ ਇਹ ਕੋਈ ਚਾਲ ਹੋ ਸਕਦੀ ਹੈ। ਉਸ ਨੇ ਕਿਹਾ ਕਿ ਠੀਕ 2 ਵਜੇ ਮੇਰੇ ਦਫ਼ਤਰ ਦੇ ਸਾਹਮਣੇ ਇੱਕ ਕਾਰ ਮੈਨੂੰ ਲੈਣ ਆਵੇਗੀ। ਕੁਝ ਸਮੇਂ ਬਾਅਦ ਕਾਲੇ ਸ਼ੀਸ਼ਿਆਂ ਵਾਲੀ ਚਿੱਟੀ ਮਾਰੂਤੀ ਵੈਨ ਮੇਰੇ ਸਾਹਮਣੇ ਆ ਕੇ ਰੁਕ ਗਈ। ਉਸ ਦੀ ਨੰਬਰ ਪਲੇਟ 'ਤੇ ਚਿੱਕੜ ਲੱਗਿਆ ਹੋਇਆ ਸੀ।"

ਰਾਕੇਸ਼ ਮਾਰੀਆ ਲਿਖਦੇ ਹਨ, "ਜਿਵੇਂ ਹੀ ਮੈਂ ਕਾਰ ਵਿੱਚ ਬੈਠਿਆ, ਅੰਦਰ ਬੈਠੇ ਲੋਕਾਂ ਨੇ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। 15 ਮਿੰਟ ਡਰਾਈਵ ਕਰਨ ਤੋਂ ਬਾਅਦ ਕਾਰ ਇੱਕ ਥਾਂ ਜਾ ਕੇ ਰੁਕ ਗਈ। ਮੈਨੂੰ ਇੱਕ ਏਅਰਕੰਡੀਸ਼ਨਡ ਕਮਰੇ ਵਿੱਚ ਲਿਆਂਦਾ ਗਿਆ।"

"ਮੈਂ ਉਹੀ ਆਵਾਜ਼ ਮੁੜ ਸੁਣੀ, ਜਿਸ ਨੇ ਮੈਨੂੰ ਫ਼ੋਨ 'ਤੇ ਗੱਲ ਕੀਤੀ ਸੀ। ਉਸ ਨੇ ਕਿਹਾ, 'ਸਾਬ੍ਹ, ਮੈਨੂੰ ਤੁਹਾਨੂੰ ਇਸ ਤਰੀਕੇ ਨਾਲ ਇੱਥੇ ਲਿਆਉਣ ਲਈ ਮਾਫ਼ ਕਰਨਾ।' ਮੈਂ ਕਿਹਾ, 'ਇਸ ਦੀ ਕੋਈ ਲੋੜ ਨਹੀਂ। ਦੱਸੋ, ਤੁਸੀਂ ਕੀ ਜਾਣਦੇ ਹੋ?' ਉਸ ਨੇ ਪੁੱਛਿਆ, 'ਕੀ ਤੁਸੀਂ ਫ਼ਿਰੋਜ਼ ਕੋਂਕਣੀ ਦਾ ਨਾਮ ਸੁਣਿਆ ਹੈ?' ਮੈਂ ਕਿਹਾ, 'ਨਹੀਂ, ਇਹ ਕੌਣ ਹੈ?'

ਉਸ ਨੇ ਕਿਹਾ, 'ਇੱਕ ਨੌਜਵਾਨ ਹਿੰਮਤੀ ਮੁੰਡਾ ਹੈ। ਉਹੀ ਇਹ ਕੰਮ ਕਰਕੇ ਗਿਆ ਹੈ।' ਇਸ ਤੋਂ ਬਾਅਦ ਕਾਰ ਨੇ ਮੈਨੂੰ ਉਸੇ ਥਾਂ ਛੱਡ ਦਿੱਤਾ, ਜਿੱਥੋਂ ਮੈਨੂੰ ਲਿਆ ਗਿਆ ਸੀ।"

ਫ਼ਿਰੋਜ਼ ਕੋਂਕਣੀ ਦੀ ਗ੍ਰਿਫ਼ਤਾਰੀ

19 ਅਕਤੂਬਰ 1994 ਨੂੰ ਮਾਰੀਆ ਕੋਲ ਮੁੜ ਉਸੇ ਵਿਅਕਤੀ ਦਾ ਫ਼ੋਨ ਆਇਆ।

ਉਸ ਨੇ ਕਿਹਾ, "ਕੀ ਤੁਹਾਨੂੰ ਫ਼ਿਰੋਜ਼ ਕੋਂਕਣੀ ਚਾਹੀਦਾ ਹੈ?" ਮਾਰੀਆ ਨੇ ਜਵਾਬ ਦਿੱਤਾ, "ਬਿਲਕੁਲ।"

ਉਸ ਨੇ ਦੱਸਿਆ, "ਇਸ ਸਮੇਂ ਉਹ ਬੈਂਗਲੁਰੂ ਵਿੱਚ ਹੈ। ਉਸ ਨੂੰ ਫੜ੍ਹਨ ਲਈ ਤੁਹਾਨੂੰ ਖ਼ੁਦ ਜਾਣਾ ਪਵੇਗਾ।" ਪਰ ਮਾਰੀਆ ਦੇ ਸੀਨੀਅਰ ਅਫ਼ਸਰਾਂ ਨੇ ਉਨ੍ਹਾਂ ਨੂੰ ਬੈਂਗਲੁਰੂ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਦੀ ਥਾਂ ਉਨ੍ਹਾਂ ਦੀ ਟੀਮ ਬੈਂਗਲੁਰੂ ਪਹੁੰਚੀ।"

"ਉਸ ਵਿਅਕਤੀ ਨੇ ਮਾਰੀਆ ਨੂੰ ਫ਼ੋਨ ਕਰ ਕੇ ਕਿਹਾ ਕਿ ਕੋਂਕਣੀ ਅੱਜ ਇੱਕ ਫ਼ਿਲਮ ਦੇਖਣ ਜਾਵੇਗਾ ਅਤੇ ਉਸ ਨੂੰ ਉੱਥੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇ। ਜਦੋਂ ਸਾਰੀ ਤਿਆਰੀ ਹੋ ਗਈ ਤਾਂ ਉਸ ਦਾ ਮੁੜ ਫ਼ੋਨ ਆਇਆ ਕਿ ਕੋਂਕਣੀ ਨੇ ਫ਼ਿਲਮ ਦੇਖਣ ਦਾ ਇਰਾਦਾ ਬਦਲ ਲਿਆ ਹੈ। ਹੁਣ ਉਹ ਹੋਟਲ ਵਿੱਚ ਹੀ ਰਹਿ ਕੇ ਆਪਣੇ ਸਾਥੀਆਂ ਨਾਲ ਬੀਅਰ ਪੀਏਗਾ।"

ਰਾਕੇਸ਼ ਮਾਰੀਆ ਲਿਖਦੇ ਹਨ, "ਹੋਟਲ ਦਾ ਨਾਮ 'ਬਲੂ ਡਾਇਮੰਡ' ਸੀ ਅਤੇ ਫ਼ਿਰੋਜ਼ ਕਮਰਾ ਨੰਬਰ 206 ਵਿੱਚ ਠਹਿਰਿਆ ਹੋਇਆ ਸੀ। ਅਸੀਂ ਹੋਟਲ ਦੇ ਮੈਨੇਜਰ ਨੂੰ ਭਰੋਸੇ ਵਿੱਚ ਲਿਆ। ਸਾਢੇ ਸੱਤ ਵਜੇ ਕਮਰਾ ਨੰਬਰ 206 ਤੋਂ ਰੂਮ ਸਰਵਿਸ ਨੂੰ ਚਿਕਨ ਲੌਲੀਪੌਪ ਦਾ ਆਰਡਰ ਮਿਲਿਆ। ਟੀਮ ਨੇ ਫ਼ੈਸਲਾ ਕੀਤਾ ਕਿ ਟਰੌਲੀ ਵਿੱਚ ਖਾਣਾ ਰੱਖ ਕੇ ਕਮਰੇ ਵਿੱਚ ਜਾਵਾਂਗੇ।"

"ਸਬ-ਇੰਸਪੈਕਟਰ ਵਾਰਪੇ ਨੂੰ ਵੈਟਰ ਬਣਾਇਆ ਗਿਆ। ਉਨ੍ਹਾਂ ਨੇ ਟਰੌਲੀ ਵਿੱਚ ਆਪਣੀ ਰਿਵਾਲਵਰ ਛੁਪਾ ਲਈ। ਕਮਰੇ ਦੇ ਅੰਦਰ ਵਾਰਪੇ ਪਲੇਟ ਕੱਢਣ ਲਈ ਝੁਕੇ ਅਤੇ ਉਸੇ ਵੇਲੇ ਰਿਵਾਲਵਰ ਕੱਢ ਕੇ ਫ਼ਿਰੋਜ਼ ਕੋਂਕਣੀ ਵੱਲ ਤਾਨ ਦਿੱਤੀ। ਫਿਰ ਸਾਡੇ ਹੋਰ ਸਾਥੀ ਵੀ ਕਮਰੇ ਵਿੱਚ ਦਾਖ਼ਲ ਹੋ ਗਏ ਅਤੇ ਕੋਂਕਣੀ ਨੂੰ ਗ੍ਰਿਫ਼ਤਾਰ ਕਰ ਲਿਆ।"

ਕੋਂਕਣੀ ਨੂੰ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ। ਕੋਂਕਣੀ ਨੇ ਕਬੂਲ ਕੀਤਾ ਕਿ ਉਸ ਨੇ ਕੁੱਲ 21 ਕਤਲ ਕੀਤੇ ਹਨ। ਪਰ ਚਾਰ ਸਾਲ ਬਾਅਦ, 6 ਮਈ 1998 ਨੂੰ ਫ਼ਿਰੋਜ਼ ਕੋਂਕਣੀ ਮੁੰਬਈ ਪੁਲਿਸ ਦੀ ਹਿਰਾਸਤ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਉਸ ਨੇ ਨੇਪਾਲ ਦੀ ਸਰਹੱਦ ਪਾਰ ਕੀਤੀ ਅਤੇ ਦੁਬਈ ਪਹੁੰਚ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਸਾਲ 2003 ਵਿੱਚ ਦਾਊਦ ਦੇ ਲੋਕਾਂ ਨੇ ਉਸ ਦਾ ਕਤਲ ਕਰ ਦਿੱਤਾ ਹੈ।

ਹੁਸੈਨ ਜ਼ੈਦੀ ਦਾ ਮੰਨਣਾ ਹੈ ਕਿ ਕਿਸੇ ਨੇ ਉਸ ਦੀ ਗੱਲਬਾਤ ਟੇਪ ਕਰ ਲਈ ਸੀ, ਜਿਸ ਵਿੱਚ ਉਹ ਦਾਊਦ ਦੇ ਭਰਾ ਅਨੀਸ ਇਬਰਾਹਿਮ ਨੂੰ ਗਾਲਾਂ ਕੱਢ ਰਿਹਾ ਸੀ। ਇਹ ਗ਼ਲਤੀ ਉਸ ਲਈ ਜਾਨਲੇਵਾ ਸਾਬਤ ਹੋਈ।

ਰਾਕੇਸ਼ ਮਾਰੀਆ ਨੇ ਲਿਖਿਆ, "ਕੋਂਕਣੀ ਨੂੰ ਅੰਡਰਵਰਲਡ ਵਿੱਚ 'ਡਾਰਲਿੰਗ' ਕਹਿ ਕੇ ਬੁਲਾਇਆ ਜਾਂਦਾ ਸੀ। ਜੇਲ੍ਹ ਦੇ ਇੱਕ ਗਾਰਡ ਨੇ ਮੈਨੂੰ ਉਸ ਬਾਰੇ ਇੱਕ ਅਜੀਬ ਗੱਲ ਦੱਸੀ ਸੀ, ਜੋ ਮੈਂ ਕਦੇ ਨਹੀਂ ਭੁੱਲ ਸਕਿਆ।"

"ਜੇਲ੍ਹ ਵਿੱਚ ਉਸ ਦੀ ਕੋਠੜੀ ਵਿੱਚ ਜਦੋਂ ਕਾਲੀਆਂ ਕੀੜੇ ਆ ਜਾਂਦੇ ਸਨ ਤਾਂ ਉਹ ਉਨ੍ਹਾਂ ਨੂੰ ਆਪਣੀਆਂ ਉਂਗਲਾਂ ਨਾਲ ਫੜ੍ਹ ਕੇ ਇੱਕ-ਇੱਕ ਕਰਕੇ ਉਨ੍ਹਾਂ ਦੇ ਪੈਰ ਤੋੜ ਦਿੰਦਾ ਸੀ ਅਤੇ ਪੈਰਾਂ ਤੋਂ ਵਾਂਝੇ ਉਨ੍ਹਾਂ ਦੇ ਸਰੀਰਾਂ ਨੂੰ ਜ਼ਮੀਨ 'ਤੇ ਲੋਟਦੇ ਹੋਏ ਵੇਖਦਾ ਰਹਿੰਦਾ ਸੀ।"

ਮੁਹੰਮਦ ਸ਼ੇਖ਼ 'ਉਸਤਰਾ' ਦੀ ਕਹਾਣੀ

ਇਸੇ ਤਰ੍ਹਾਂ ਦੀ ਕਹਾਣੀ ਮੁਹੰਮਦ ਹੁਸੈਨ ਸ਼ੇਖ਼ ਦੀ ਹੈ, ਜਿਸ ਨੂੰ 'ਉਸਤਰਾ' ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸਤਰਾ ਨੂੰ ਦਾਊਦ ਇਬਰਾਹਿਮ ਦੇ ਸੱਜੇ ਹੱਥ ਛੋਟਾ ਸ਼ਕੀਲ ਨਾਲ ਨਫ਼ਰਤ ਸੀ।

ਹਾਲਾਂਕਿ ਉਸ ਨੂੰ ਬੰਦੂਕ ਚਲਾਉਣ ਵਿੱਚ ਪੂਰੀ ਮਹਾਰਤ ਸੀ, ਪਰ ਉਸ ਦਾ ਨਾਮ 'ਉਸਤਰਾ' ਰੇਜ਼ਰ ਬਲੇਡ ਦੀ ਵਰਤੋਂ ਕਰਕੇ ਪਿਆ।

ਪੁਲਿਸ ਉਸ ਦੇ ਪਿੱਛੇ ਇਸ ਲਈ ਨਹੀਂ ਪਈ ਕਿਉਂਕਿ ਉਹ ਪੁਲਿਸ ਨੂੰ ਅੰਡਰਵਰਲਡ ਬਾਰੇ ਜਾਣਕਾਰੀ ਦੇਣ ਦਾ ਕੰਮ ਵੀ ਕਰਦਾ ਸੀ।

ਹੁਸੈਨ ਜ਼ੈਦੀ ਲਿਖਦੇ ਹਨ, "ਉਸਤਰਾ ਨੇ ਮੈਨੂੰ ਆਪਣੀ ਬਾਂਹ ਵਿੱਚ ਲੁਕਾਇਆ ਹੋਇਆ ਬਲੇਡ ਵਿਖਾਇਆ। ਉਹ ਸ਼ੇਖ਼ੀ ਮਾਰਦਾ ਸੀ ਕਿ ਉਹ ਤਿੰਨ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਇੱਕ ਪਿਸਤੌਲ ਅਸੈਂਬਲ ਸਕਦਾ ਸੀ। ਉਸ ਦਾ ਮਨਪਸੰਦ ਹਥਿਆਰ 1914 ਵਿੱਚ ਬਣੀ ਮਾਊਜ਼ਰ ਸੀ।"

"ਉਸਤਰਾ ਦੇ ਨਜ਼ਦੀਕੀ ਲੋਕਾਂ ਵਿੱਚ ਛੇ ਲੋਕ ਹੁੰਦੇ ਸਨ। ਉਨ੍ਹਾਂ ਵਿੱਚੋਂ ਹਰੇਕ ਵਿੱਚ ਸਰੀਰਕ ਤੌਰ 'ਤੇ ਵਿਲੱਖਣਤਾ ਹੁੰਦੀ ਸੀ। ਕਿਸੇ ਕੋਲ ਵਾਧੂ ਅੰਗ ਸੀ, ਕਿਸੇ ਦੀਆਂ ਅੱਖਾਂ ਦੇ ਰੰਗ ਵੱਖ-ਵੱਖ ਸਨ, ਤਾਂ ਕਿਸੇ ਦਾ ਇੱਕ ਕੰਨ ਵੱਡਾ ਸੀ। ਉਸਤਰਾ ਦਾ ਮੰਨਣਾ ਸੀ ਕਿ ਸਰੀਰਕ ਗੜਬੜੀ ਵਾਲੇ ਲੋਕ ਸਾਡੇ ਵਰਗਾ ਕੰਮ ਕਰਨ ਵਿੱਚ ਜ਼ਿਆਦਾ ਮਾਹਰ ਹੁੰਦੇ ਹਨ।"

ਔਰਤਾਂ ਉਸਤਰਾ ਦੀ ਕਮਜ਼ੋਰੀ ਸਨ। ਵਿਆਹਿਆ ਹੋਣ ਅਤੇ ਕਈ ਬੱਚਿਆਂ ਦਾ ਪਿਓ ਹੋਣ ਦੇ ਬਾਵਜੂਦ ਉਸ ਦੇ ਕਈ ਔਰਤਾਂ ਨਾਲ ਸੰਬੰਧ ਸਨ। ਦਾਊਦ ਇਬਰਾਹਿਮ ਨੂੰ ਇਸ ਗੱਲ ਦਾ ਅੰਦਾਜ਼ਾ ਸੀ, ਇਸ ਲਈ ਉਸ ਨੇ ਉਸਤਰਾ ਦੀ ਜ਼ਿੰਦਗੀ ਵਿੱਚ ਇੱਕ ਔਰਤ ਪਲਾਂਟ ਕਰਾ ਦਿੱਤੀ।

ਹੁਸੈਨ ਜ਼ੈਦੀ ਲਿਖਦੇ ਹਨ, "ਇੱਕ ਵਾਰ ਉਸ ਔਰਤ ਨੇ ਉਸਤਰਾ ਨੂੰ ਇਕੱਲੇ ਬੌਡੀਗਾਰਡਾਂ ਤੋਂ ਬਿਨਾਂ ਮਿਲਣ ਦੀ ਬੇਨਤੀ ਕੀਤੀ। ਉਸਤਰਾ ਨੇ ਉਸ ਦੀ ਗੱਲ ਮੰਨ ਲਈ। ਸਾਲ 1998 ਦੀ ਇੱਕ ਸਵੇਰ, ਜਿਵੇਂ ਹੀ ਉਸਤਰਾ ਉਸ ਔਰਤ ਨਾਲ ਮਿਲ ਕੇ ਬਾਹਰ ਨਿਕਲਿਆ, ਛੋਟਾ ਸ਼ਕੀਲ ਵੱਲੋਂ ਭੇਜੇ ਛੇ ਲੋਕਾਂ ਨੇ ਉਸ ਨੂੰ ਘੇਰ ਲਿਆ।"

ਤਿੰਨ ਸਕਿੰਟਾਂ ਵਿੱਚ ਪਿਸਤੌਲ ਅਸੈਂਬਲ ਕਰਨ ਵਾਲੇ ਉਸਤਰਾ 'ਤੇ ਹਰ ਪਾਸਿਓਂ ਫਾਇਰ ਹੋਏ। ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਕਿ ਉਸ ਨੂੰ ਕੁੱਲ 27 ਗੋਲੀਆਂ ਲੱਗੀਆਂ ਸਨ।

ਉਹ ਕਹਿੰਦਾ ਹੁੰਦਾ ਸੀ, "ਮੈਂ ਕਈ ਲੋਕਾਂ ਦੀਆਂ ਕਬਰਾਂ ਖ਼ੁਦਵਾਈਆਂ ਹਨ। ਇੱਕ ਦਿਨ ਕੋਈ ਮੇਰਾ ''ਟੋਇਆ' ਵੀ ਪੁੱਟੇਗਾ।" ਆਖ਼ਰਕਾਰ ਉਸ ਦੀ ਇਹ ਗੱਲ ਸੱਚ ਸਾਬਤ ਹੋ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)