ਪਾਕਿਸਤਾਨੀ ਪੰਜਾਬ ਦੀ ਅਫ਼ਸਰ ਜਿਸਨੇ ਅਦਾਲਤ 'ਚੋਂ ਭੱਜ ਰਹੇ ਬਲਾਤਕਾਰ ਦੇ ਮੁਲਜ਼ਮ ਨੂੰ ਦਬੋਚ ਲਿਆ

ਤਸਵੀਰ ਸਰੋਤ, MEHWISH ASLAM
- ਲੇਖਕ, ਮੁਹੰਮਦ ਜ਼ੁਬੈਰ
- ਰੋਲ, ਕਰਾਚੀ ਤੋਂ ਬੀਬੀਸੀ ਲਈ
ਬੀਤੇ ਦਿਨੀਂ ਪਾਕਿਸਤਾਨ ਦੀ ਲਾਹੌਰ ਹਾਈਕੋਰਟ ਦੀ ਇਮਾਰਤ ਅੰਦਰ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਅਦਾਲਤ ਵਲੋਂ ਇੱਕ ਔਰਤ ਦਾ ਬਲਾਤਕਾਰ ਕਰਨ ਤੇ ਉਸ ਨੂੰ ਬਲੈਕਮੇਲ ਕਰਨ ਦੇ ਮੁਲਜ਼ਮ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ। ਜਿਸ ਤੋਂ ਬਾਅਦ ਉਹ ਵਿਅਕਤੀ ਅਦਾਲਤ ਦੇ ਕਮਰੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਦੌੜ ਕੇ ਕੰਧ ਟੱਪਣ ਲੱਗਿਆ।
ਮੁਲਜ਼ਮ ਦੇ ਪਿੱਛੇ ਫ਼ੌਰਨ ਇੱਕ ਮਹਿਲਾ ਪੁਲਿਸ ਅਧਿਕਾਰੀ ਭੱਜੀ। ਇਸ ਤੋਂ ਪਹਿਲਾਂ ਕਿ ਮੁਲਜ਼ਮ ਦੂਜੀ ਮੰਜਲ ਦੀਆਂ ਪੌੜੀਆਂ ਉੱਤਰਦਾ ਤੇ ਕਿਤੇ ਲੁਕ ਜਾਂਦਾ, ਮਹਿਲਾ ਪੁਲਿਸ ਅਧਿਕਾਰੀ ਨੇ ਉਸ ਨੂੰ ਦਬੋਚ ਲਿਆ।
ਮੁਲਜ਼ਮ ਨੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀ ਦੇ ਸੱਟ ਵੀ ਲੱਗੀ, ਉਥੇ ਮੌਦੂਜ ਲੋਕਾਂ ਵਿੱਚੋਂ ਇੱਕ ਨੇ ਚਾਦਰ ਲੈ ਕੇ ਉਸ ਦੇ ਹੱਥਾਂ ਨੂੰ ਘੁੱਟਕੇ ਬੰਨ ਦਿੱਤਾ।

ਤਸਵੀਰ ਸਰੋਤ, MEHWISH ASLAM
ਅਦਾਲਦ ਅੰਦਰ ਮੌਜੂਦ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ
ਸਿਬਤੈਨ ਸ਼ਾਹ ਨੇ ਇਹ ਘਟਨਾ ਅੱਖੀਂ ਦੇਖੀ। ਇੱਕ ਵਾਰ ਤਾਂ ਉਨ੍ਹਾਂ ਨੂੰ ਲੱਗਿਆ ਕਿ ਮੁਲਜ਼ਮ ਮਹਿਲਾ ਪੁਲਿਸ ਅਧਿਕਾਰੀ ਦੀ ਪਕੜ ਵਿੱਚੋਂ ਛੁੱਟ ਕੇ ਭੱਜਣ ਵਿੱਚ ਕਾਮਯਾਬ ਹੋ ਜਾਵੇਗਾ।
ਉਹ ਕਹਿੰਦੇ ਹਨ, “ਉਂਝ ਵੀ ਇੱਕ ਔਰਤ ਲਈ ਇੱਕ ਮਰਦ ਨੂੰ ਫੜ੍ਹਕੇ ਰੱਖਣਾ ਔਖਾ ਹੁੰਦਾ ਹੈ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਸ ਔਰਤ ਪੁਲਿਸ ਅਧਿਕਾਰੀ ਨੇ ਮੁਲਜ਼ਮ ਨੂੰ ਆਪਣੀ ਪਕੜ ਵਿੱਚੋਂ ਨਿਕਲਣ ਨਾ ਦਿੱਤਾ।”
ਇੱਕ ਹੋਰ ਚਸ਼ਮਦੀਦ ਸੁਲਤਾਨ ਮਹਿਮੂਦ ਕਹਿੰਦੇ ਹਨ ਕਿ ਬੇਹੱਦ ਬਹਾਦਰ ਮਹਿਲਾ ਅਧਿਕਾਰੀ ਨੇ ਇਕੱਲਿਆਂ ਹੀ ਆਪਣੇ ਦਮ ’ਤੇ ਮੁਲਜ਼ਮ ਨੂੰ ਪਹਿਲਾਂ ਕੰਧ ਵੱਲ ਧੱਕਾ ਦੇ ਕੇ ਦਬੋਚਿਆ ਤੇ ਫ਼ਿਰ ਉਸਦੇ ਹੱਥ ਘੁੱਟਕੇ ਬੰਨੇ ਤੇੇ ਅਤਾਲਤ ਤੋਂ ਬਾਹਰ ਲੈ ਕੇ ਗਈ।
"ਉਸਦੇ ਸੱਟ ਵੀ ਲੱਗੀ ਪਰ ਉਸ ਨੇ ਪਰਵਾਹ ਨਾ ਕੀਤੀ। ਇਹ ਸਭ ਸਾਡੀਆਂ ਅੱਖਾਂ ਸਾਹਮਣੇ ਹੋਇਆ।"

ਇਹ ਵੀ ਪੜ੍ਹੋ-

ਕੌਣ ਹੈ ਇਹ ਬਹਾਦਰ ਮਹਿਲਾ ਅਧਿਕਾਰੀ?
ਸੋਸ਼ਲ ਮੀਡੀਆ ’ਤੇ ਵੀ ਇਸ ਮਹਿਲਾ ਅਧਿਕਾਰੀ ਦੀ ਹਿੰਮਤ ਦੀ ਕਾਫ਼ੀ ਤਾਰੀਫ਼ ਹੋਈ।
ਰਾਨਾ ਬਿਲਾਲ ਨੇ ਲਿਖਿਆ, “ਪੁਲਿਸ ਦੇ ਵੱਡੇ ਅਫ਼ਸਰਾਂ ਨੂੰ ਅਜਿਹੀਆਂ ਬਹਾਦਰ ਧੀਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ।”
ਸਾਦੀਆ ਔਰਤਾਂ ਬਾਰੇ ਲਿਖਦੇ ਹਨ, “ਸਾਡੀ ਤਾਕਤ ਦਾ ਅੰਦਾਜ਼ਾ ਹੈ ਹੀ ਨਹੀਂ ਕਿਸੇ ਨੂੰ।”
ਇਹ ਜ਼ਿਲ੍ਹਾ ਹਾਫ਼ਿਜ਼ਾਬਾਦ ਦੀ ਸਬ-ਇੰਸਪੈਕਟਰ ਮਹਿਵਿਸ਼ ਹਨ ਜੋਂ ਇਸ ਸਮੇਂ ਅਪਰਾਧ ਖੋਜ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਉਹ ਆਪਣੇ ਜ਼ਿਲ੍ਹੇ ਦੀਆਂ ਪਹਿਲੀਆਂ ਮਹਿਲਾ ਪੁਲਿਸ ਅਧਿਕਾਰੀਆਂ ਵਿੱਚ ਸ਼ਾਮਿਲ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ 'ਤੇ ਇੱਕ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਦੋਸ਼ ਹਨ।
ਮਹਿਵਿਸ਼ ਨੇ ਕਿਹਾ, ''ਮੈਂ ਲੰਬੇ ਸਮੇਂ ਤੋਂ ਉਸ ਦਾ ਪਿੱਛਾ ਕਰ ਰਹੀ ਸੀ। ਜੇਕਰ ਉਹ ਹੁਣ ਭੱਜ ਜਾਂਦਾ ਤਾਂ ਸ਼ਾਇਦ ਉਸ ਨੂੰ ਜਲਦੀ ਫੜਨਾ ਸੰਭਵ ਨਾ ਹੁੰਦਾ। ਇਸ ਲਈ ਮੈਂ ਬਿਨਾਂ ਕੁਝ ਸੋਚੇ ਇਕ ਪਲ ਵਿੱਚ ਫ਼ੈਸਲਾ ਕੀਤਾ ਕਿ ਉਸ ਨੂੰ ਹਰ ਹਾਲਤ ਵਿਚ ਫੜਨਾ ਹੈ, ਭਾਵੇਂ ਕੁਝ ਵੀ ਹੋ ਜਾਵੇ।"
ਇਸ ਵਿਅਕਤੀ ਖਿਲਾਫ਼ ਜੁਲਾਈ 'ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਮਹਿਵਿਸ਼ ਅਸਲਮ ਦਾ ਕਹਿਣਾ ਸੀ , "ਮੁਲਜ਼ਮ ਨੇ ਨਾ ਸਿਰਫ਼ ਬਲਾਤਕਾਰ ਕੀਤਾ, ਸਗੋਂ ਵੀਡੀਓ ਬਣਾ ਕੇ ਔਰਤ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।"
ਉਹ ਅੱਗੇ ਕਹਿੰਦੇ ਹਨ, "ਮੈਂ ਸੋਚਿਆ ਕਿ ਜੇ ਉਹ ਲਾਹੌਰ ਹਾਈ ਕੋਰਟ ਤੋਂ ਭੱਜ ਜਾਂਦਾ, ਤਾਂ ਉਹ ਮੁੜ ਕੋਈ ਢੰਗ ਤਰੀਕਾ ਵਰਤਦਾ ਆਪਣੀ ਪਹੁੰਚ ਦੀ ਵਰਤੋਂ ਕਰਦਾ। ਵੈਸੇ ਵੀ ਅਜਿਹੇ ਦੋਸ਼ੀ ਕਿਸੇ ਰਿਆਇਤ ਦੇ ਹੱਕਦਾਰ ਨਹੀਂ ਹੁੰਦੇ। ਉਨ੍ਹਾਂ ਨੂੰ ਹਰ ਹਾਲ ਅਦਾਲਤ ਦਾ ਸਾਹਮਣਾ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, MEHWISH ASLAM
ਪਰ ਮਹਿਵਿਸ਼ ਨੇ ਇਕੱਲਿਆਂ ਉਸ ਨੂੰ ਕਾਬੂ ਕਿਵੇਂ ਕੀਤਾ?
ਇਸ ਸਵਾਲ 'ਤੇ ਉਹ ਕਹਿੰਦੇ ਹਨ, “ਉੱਪਰੋਂ ਦੇਖਣ 'ਤੇ ਦੋਸ਼ੀ ਮੇਰੇ ਤੋਂ ਜ਼ਿਆਦਾ ਤਾਕਤਵਰ ਲੱਗਦਾ ਹੈ ਪਰ ਮੈਂ ਜਾਣਦੀ ਹਾਂ ਕਿ ਮੇਰੇ ਕੋਲ ਸੱਚ ਦੀ ਤਾਕਤ ਸੀ ਅਤੇ ਮੇਰੇ ਅੰਦਰ ਅਜਿਹਾ ਜਜ਼ਬਾ ਸੀ ਕਿ ਮੈਂ ਦੋਸ਼ੀ ਨੂੰ ਭੱਜਣ ਨਹੀਂ ਦਿੱਤਾ।”
ਮਹਿਲਾ ਅਧਿਕਾਰੀ ਦਾ ਕਹਿਣਾ ਹੈ, "ਅਸੀਂ ਬੀਤੇ ਸਮੇਂ ਵਿੱਚ ਕਈ ਵਾਰ ਸੁਣਿਆ ਹੈ ਕਿ ਦੋਸ਼ੀ ਅਦਾਲਤ ਵਿੱਚੋਂ ਹੀ ਪੁਲਿਸ ਹੱਥੋਂ ਛੁੱਟ ਕੇ ਫ਼ਰਾਰ ਹੋ ਗਿਆ ਸੀ ਅਤੇ ਹੁਣ ਪੁਲਿਸ ਉਸਨੂੰ ਦੁਬਾਰਾ ਲੱਭ ਰਹੀ ਹੈ।"
ਪੰਜਾਬ ਪੁਲਿਸ ਦੇ ਬੁਲਾਰੇ ਵਕਾਸ ਨਜ਼ੀਰ ਨੇ ਦੱਸਿਆ, "ਫ਼ੋਰਸ ਆਪਣੇ ਕਿਸੇ ਵੀ ਅਧਿਕਾਰੀ, ਚਾਹੇ ਮਰਦ ਹੋਵੇ ਜਾਂ ਔਰਤ, ਤੋਂ ਅਜਿਹੇ ਜਜ਼ਬੇ ਦੀ ਹੀ ਆਸ ਰੱਖਦੀ ਹੈ...ਪੰਜਾਬ ਪੁਲਿਸ ਉਨ੍ਹਾਂ ਦੀ ਬਹਾਦਰੀ ਦਾ ਸਨਮਾਨ ਕਰਦੀ ਹੈ।"
ਉਹ ਕਹਿੰਦੇ ਹਨ ਕਿ ਪੁਲਿਸ ਅਧਿਕਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ "ਕਿਸੇ ਵੀ ਮੌਕੇ ਅਤੇ ਕਿਸੇ ਵੀ ਸਥਿਤੀ ਵਿੱਚ ਆਪਣੀ ਸਿਖਲਾਈ ਨੂੰ ਕੰਮ ਵਿੱਚ ਲਿਆਉਣ ਤੇ ਮੁਲਜ਼ਮ ਨੂੰ ਭੱਜਣ ਨਾ ਦੇਣ।”
ਮਹਿਵਿਸ਼ ਅਸਲਮ ਦਾ ਕਹਿਣਾ ਹੈ ਕਿ ਸਿਖਲਾਈ ਦੌਰਾਨ ਸਾਨੂੰ ਦੋਸ਼ੀਆਂ ਨਾਲ ਨਜਿੱਠਣ, ਉਨ੍ਹਾਂ ਨੂੰ ਫੜਨ ਅਤੇ ਛਾਪੇਮਾਰੀ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਕ ਉਹ ਜਾਂਚ ਵਿਭਾਗ ਵਿੱਚ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਇਕੱਲਿਆਂ ਵੀ ਇਸ ਮੁਲਜ਼ਮ ਤੋਂ ਡਰ ਨਹੀਂ ਸੀ ਲੱਗਿਆ।
'ਜਦੋਂ ਪਹਿਲੀ ਵਾਰ ਵਰਦੀ ਪਹਿਨੀ ਤਾਂ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਸਨ'

ਤਸਵੀਰ ਸਰੋਤ, MEHWISH ASLAM
ਮਹਿਵਿਸ਼ ਅਸਲਮ ਦਾ ਸਬੰਧ ਹਾਫ਼ਿਜ਼ਾਬਾਦ ਦੇ ਪਿੰਡੀ ਭੱਟੀਆਂ ਨਾਲ ਹੈ। ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ। ਪਰਿਵਾਰ ਵਿੱਚ ਮਾਂ, ਉਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ।
ਉਹ ਦੱਸਦੇ ਹਨ, "ਸ਼ੁਰੂ ਤੋਂ ਹੀ ਸਾਡੇ ਪਿਤਾ ਨੇ ਸਾਡੀ ਪੜ੍ਹਾਈ ਨੂੰ ਹਰ ਚੀਜ਼ ਨਾਲੋਂ ਜ਼ਿਆਦਾ ਅਹਿਮੀਅਤ ਦਿੱਤੀ। ਸਾਡੇ ਇਲਾਕੇ ਤੇ ਖ਼ਾਨਦਾਨ ਵਿੱਚ ਅਸੀਂ ਪਹਿਲੀਆਂ ਤਿੰਨ ਭੈਣਾਂ ਹਾਂ ਜੋ ਕਾਲਜ ਅਤੇ ਯੂਨੀਵਰਸਿਟੀ ਤੱਕ ਪੜਾਈ ਕਰਨ ਗਈਆਂ।
ਉਹ ਕਹਿੰਦੇ ਹਨ, "ਪਿਤਾ ਆਪਣਾ ਕੰਮ ਛੱਡ ਕੇ ਸਾਨੂੰ ਇੰਟਰਵਿਊ ਅਤੇ ਇਮਤਿਹਾਨ ਦਿਵਾਉਣ ਲਈ ਲੈ ਕੇ ਜਾਂਦੇ ਸਨ। ਕੋਈ ਤਾਅਨਾ ਵੀ ਮਾਰਦਾ ਤਾਂ ਪਿਤਾ ਕਹਿੰਦੇ ਸਨ ਕਿ ਜੇ ਪੁੱਤ ਨਾ ਵੀ ਪੜ੍ਹਿਆ ਤਾਂ ਵੀ ਕੋਈ ਗੱਲ ਨਹੀਂ। ਉਹ ਮਜ਼ਦੂਰੀ ਜਾਂ ਕੋਈ ਕਾਰੋਬਾਰ ਕਰ ਲਵੇਗਾ। ਮੈਂ ਧੀਆਂ ਨੂੰ ਜ਼ਰੂਰ ਪੜ੍ਹਾਵਾਂਗਾ ਕਿਉਂਕਿ ਇਹ ਸਭ ਤੋਂ ਵਧੀਆ ਦਾਜ ਹੈ।"


ਇਲਾਕੇ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ
ਮਹਿਵਿਸ਼ 2015 'ਚ ਸਬ-ਇੰਸਪੈਕਟਰ ਵਜੋਂ ਪੁਲਿਸ ਵਿੱਚ ਭਰਤੀ ਹੋਏ।
"ਸਾਡੇ ਪੂਰੇ ਜ਼ਿਲ੍ਹੇ ਅਤੇ ਇਲਾਕੇ ਵਿੱਚ ਮੇਰੇ ਤੋਂ ਪਹਿਲਾਂ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਨਹੀਂ ਸੀ। ਮੇਰੀ ਮਾਂ ਇੱਕ ਘਰੇਲੂ ਔਰਤ ਹੈ। ਜਦੋਂ ਮੈਂ ਪਹਿਲੀ ਵਾਰ ਵਰਦੀ ਪਾਈ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਪਹਿਲਾਂ ਉਹ ਵਰਦੀ ਤੋਂ ਡਰਦੇ ਸੀ।"
ਉਹ ਕਹਿੰਦੇ ਹਨ ਕਿ ਪੁਲਿਸ ਵਿਭਾਗ ਵਿੱਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ, ਬਲਕਿ ਹਰ ਸਮੇਂ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।
"ਮੈਂ ਪਿਛਲੇ ਤਿੰਨ ਸਾਲਾਂ ਤੋਂ ਪੁਲਿਸ ਵਿੱਚ ਹਾਂ। ਇਸ ਸਮੇਂ ਦੌਰਾਨ ਮੈਂ ਦਿਲ ਦਹਿਲਾਉਣ ਵਾਲੇ ਮਾਮਲਿਆਂ ਦੀ ਜਾਂਚ ਵੀ ਕੀਤੀ। ਮੈਨੂੰ ਲੱਗਦਾ ਹੈ ਕਿ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਵਿੱਚ ਸ਼ਾਇਦ ਵਾਧਾ ਹੋ ਰਿਹਾ ਹੈ।"
ਮਹਿਵਿਸ਼ ਦਾ ਕਹਿੰਦੇ ਹਨ ਕਿ ਮਾਪਿਆਂ ਨੂੰ ਆਪਣੀਆਂ ਧੀਆਂ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੜ੍ਹਾਈ ਕਰਨ ਤੇ ਆਪਣੇ ਪੈਰਾਂ ਸਿਰ ਖੜੇ ਹੋਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ-













