ਕੋਲੰਬਸ ਨੂੰ ਚੂਣੌਤੀ ਦੇਣ ਵਾਲੀ 'ਬਾਗੀ ਔਰਤ', ਜੋ ਆਪਣੀ ਕੌਮ ਲਈ ਲੜੀ

ਐਨਾਕੌਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਨਾਕੌਨਾ ਵੱਲੋਂ ਸਪੈਨਿਸ਼ਾਂ ਦੇ ਸਵਾਗਤ ਦਾ ਇੱਕ ਦ੍ਰਿਸ਼
    • ਲੇਖਕ, ਕੈਰੋਲੀਨਾ ਪਿਚਾਰਡੋ
    • ਰੋਲ, ਬੀਬੀਸੀ ਪੱਤਰਕਾਰ

ਐਨਾਕੌਨਾ ਟੈਨੋ ਕਬੀਲੇ ਦੀ ਇੱਕ ਤਾਕਤਵਰ ਰਾਜਕੁਮਾਰੀ ਸੀ, ਜੋ ਆਪਣੇ ਨਾਮ ਦੇ ਮਤਲਬ ਵਾਂਗ ਹੀ ਕਿਸੇ 'ਸੁਨਹਿਰੀ ਫੁੱਲ' ਵਰਗੀ ਸੋਹਣੀ ਸੀ।

ਉਹ ਇੱਕ ਸੰਸਕਾਰੀ ਤੇ ਕਾਬਲ ਔਰਤ ਸੀ, ਜੋ ਅਮਨ-ਸ਼ਾਂਤੀ ਅਤੇ ਸਹਿਹੋਂਦ ਵਿੱਚ ਯਕੀਨ ਰੱਖਦੀ ਸੀ।

ਇਨ੍ਹਾਂ ਕਦਰਾਂ-ਕੀਮਤਾਂ ਦੀ ਕੀਮਤ ਰਾਜਕੁਮਾਰੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।

ਸ਼ਾਇਦ ਇਸੇ ਕਰਕੇ ਅਮਰੀਕਾ ਦੀ ਜਿੱਤ (15ਵੀਂ ਸਦੀ) ਦੇ ਪਹਿਲੇ ਸਾਲਾਂ ਦੀਆਂ ਲਿਖਤਾਂ ਵਿੱਚ ਜਿਨ੍ਹਾਂ ਕੁਝ ਆਦਿਵਾਸੀਆਂ ਦਾ ਜ਼ਿਕਰ ਮਿਲਦਾ ਹੈ, ਟੈਨੋ ਉਨ੍ਹਾਂ ਵਿਚੋਂ ਇੱਕ ਸੀ।

ਸਪੈਨਿਸ਼ ਇਤਿਹਾਸਕਾਰ ਫਰੇਅ ਬਾਲਤੋਲੋਮ ਡੇ ਲਾਸ ਕਾਸਾਸੋ ਨੇ 'ਇੰਡੀਜ਼ ਦੇ ਇਤਿਹਾਸ' ਲਿਖਤ ਵਿੱਚ ਐਨਾਕੌਨਾ ਦੀ ਵਿਆਖਿਆ "ਇੱਕ ਬਾਕਮਾਲ, ਸਮਝਦਾਰ, ਹਾਜ਼ਰ ਜਵਾਬ ਤੇ ਸ਼ਾਹੀ ਤੌਰ-ਤਰੀਕਿਆਂ ਵਾਲੀ ਅਤੇ ਇਸਾਈਆਂ ਨੂੰ ਪਸੰਦ ਕਰਨ ਵਾਲੀ ਔਰਤ" ਵਜੋਂ ਕੀਤੀ ਹੈ।

ਫ਼ਰੈਂਚ ਇਤਿਹਾਸਕਾਰ ਫਰਾਂਸਿਸ ਜ਼ੇਵੀਅਰ ਡੀ ਚਾਰਲਿਵਿਉਕਸ ਮੁਤਾਬਕ ਉਹ ਸਮਝਦਾਰੀ ਵਿੱਚ ਬਾਕੀ ਔਰਤਾਂ ਅਤੇ ਆਪਣੀ ਕੌਮ ਤੋਂ ਬਹੁਤ ਉੱਤੇ ਸੀ।

ਭਾਵੇਂ ਕਿ ਬਹੁਤ ਥੋੜ੍ਹੇ ਇਤਿਹਾਸਕਾਰ ਉਸ ਨੂੰ ਜਾਣਦੇ ਹਨ ਜਾਂ ਉਸ ਸਮੇਂ ਦੇ ਗਵਾਹ ਬਣੇ ਹਨ।

ਪਰ ਕੁਝ ਅਜਿਹੀਆਂ ਲਿਖਤਾਂ ਹਨ, ਜਿਨ੍ਹਾਂ ਤੋਂ ਸਾਨੂੰ ਉਸ ਮਹਾਨ ਔਰਤ ਦੀ ਕਹਾਣੀ ਦੀ ਰੂਪ-ਰੇਖਾ ਤਿਆਰ ਕਰਨ ਵਿੱਚ ਮਦਦ ਕੀਤੀ, ਜੋ ਕਿ ਆਪਣੀ ਮੌਤ ਦੇ 500 ਸਾਲ ਬਾਅਦ ਵੀ ਜ਼ਿੰਦਾ ਹੈ।

ਤਾਕਤਵਰ ਪਰਿਵਾਰ ਨਾਲ ਸਬੰਧ

5 ਦਸੰਬਰ, 1492 ਨੂੰ ਕ੍ਰਿਸਟੋਫ਼ਰ ਕੋਲੰਬਸ ਅਤੇ ਉਨ੍ਹਾਂ ਦੇ ਸਾਥੀ ਉਨ੍ਹਾਂ ਟਾਪੂਆਂ ਉੱਤੇ ਪਹੁੰਚੇ, ਜਿਨ੍ਹਾਂ ਨੂੰ ਸਥਾਨਕ ਲੋਕ ਕੁਇਸਕੂਈਆ (ਸਾਰੀਆਂ ਧਰਤਾਂ ਦੀ ਮਾਂ), ਬੋਹੀਓ (ਟੈਨੋ ਕਬੀਲੇ ਦਾ ਘਰ), ਬਾਬੀਕ (ਸੋਨੇ ਵਾਲੀ ਧਰਤੀ) ਅਤੇ ਆਇਤੀ ਨਾਵਾਂ ਨਾਲ ਜਾਣਦੇ ਸੀ।

ਕੋਲੰਬਸ ਦੀ ਇਨ੍ਹਾਂ ਟਾਪੂਆਂ 'ਤੇ ਆਮਦ ਸਮੇਂ ਐਨਾਕੌਨਾ 18 ਵਰ੍ਹਿਆਂ ਦੀ ਮੁਟਿਆਰ ਸੀ।

ਉਸ ਵੇਲੇ ਇਹ ਟਾਪੂ ਟੈਨੋ ਕਬੀਲੇ ਦਾ ਗੜ੍ਹ ਸੀ ਅਤੇ ਇਤਿਹਾਸਕਾਰ ਡੀ ਲਾਸ ਕਾਸਾਸੋ ਮੁਤਾਬਕ ਇਹ ਪੰਜ ਭਾਗਾਂ ਵਿੱਚ ਵੰਡਿਆਂ ਸੀ, ਹਰ ਹਿੱਸੇ ਦਾ ਆਪਣਾ ਇੱਕ ਮੁਖੀਆ ਹੁੰਦਾ ਸੀ।

ਟਾਪੂ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਹਿੱਸਾ 'ਜਾਰਾਗੁਆ' ਐਨਾਕੌਨਾ ਦੇ ਭਰਾ ਬੋਹੀਚੀਓ ਦੇ ਅਧੀਨ ਸੀ।

ਐਨਾਕੌਨਾ 'ਮਾਗੁਆਨਾ' ਵਿੱਚ ਰਹਿੰਦੀ ਸੀ ਕਿਉਂਕਿ ਉਸ ਦਾ ਵਿਆਹ ਉੱਥੋਂ ਦੇ ਮੁਖੀ ਕੈਨਾਬੋ ਨਾਲ ਹੋਇਆ ਸੀ।

ਉਸ ਦਾ ਸਤਿਕਾਰ ਸਿਰਫ਼ ਰੁਤਬੇ ਕਾਰਨ ਨਹੀਂ ਸੀ, ਬਲਕਿ ਉਸ ਵੱਲੋਂ ਕਵਿਤਾਵਾਂ ਤੇ ਗੀਤ ਰਚਣ ਕਰਕੇ ਵੀ ਸੀ। ਜਿਸ ਕਾਰਨ ਉਹ ਆਪਣੇ ਸਮਕਾਲੀਆਂ ਤੋਂ ਵੱਖਰੀ ਦਿਸਦੀ ਸੀ।

ਟੈਨੋ ਕਬੀਲਾ ਆਪਣੇ ਸੱਭਿਆਚਾਰਕ ਤੇ ਧਾਰਮਿਕ ਪ੍ਰਗਟਾਵੇ ਲ਼ਈ ਜਾਣਿਆ ਜਾਂਦਾ ਸੀ, ਖਾਸ ਮੌਕਿਆਂ ਜਿਵੇਂ ਕਿ ਮੁਖੀਆ ਦੇ ਆਉਣ ਜਾਂ ਫ਼ਸਲਾਂ ਦੀ ਵਾਢੀ ਮੌਕੇ ਉਹ ਨੱਚ ਗਾ ਕੇ ਅਤੇ ਪੁਰਾਣੀਆਂ ਕਥਾਵਾਂ ਸੁਣਾ ਕੇ ਜਸ਼ਨ ਮਨਾਉਂਦਾ ਸੀ।

1492 ਵਿੱਚ ਕ੍ਰਿਸਟੋਫਰ ਕੋਲੰਬਸ ਨੇ ਹਿਸਪਨਿਓਲਾ ਦੇ ਉੱਤਰੀ ਤੱਟ 'ਤੇ 'ਸੈਂਟ ਮਾਰੀਆ' ਕਿਸ਼ਤੀ ਦੇ ਮਲਬੇ ਨਾਲ ਫੋਰਟ ਕ੍ਰਿਸਮਿਸ ਦੇ ਨਿਰਮਾਣ ਦਾ ਹੁਕਮ ਦਿੱਤਾ।
ਤਸਵੀਰ ਕੈਪਸ਼ਨ, 1492 ਵਿੱਚ ਕ੍ਰਿਸਟੋਫਰ ਕੋਲੰਬਸ ਨੇ ਹਿਸਪਨਿਓਲਾ ਦੇ ਉੱਤਰੀ ਤੱਟ 'ਤੇ 'ਸੈਂਟ ਮਾਰੀਆ' ਕਿਸ਼ਤੀ ਦੇ ਮਲਬੇ ਨਾਲ ਫੋਰਟ ਕ੍ਰਿਸਮਿਸ ਦੇ ਨਿਰਮਾਣ ਦਾ ਹੁਕਮ ਦਿੱਤਾ।

ਕਿਹਾ ਜਾਂਦਾ ਹੈ ਕਿ ਸਪੈਨਿਸ਼ ਲੋਕਾਂ ਦੇ ਆਉਣ ਬਾਰੇ ਐਨਾਕੌਨਾ ਦਾ ਰਵੱਈਆ ਸ਼ੁਰੂ ਵਿੱਚ ਸਕਰਾਤਮਕ ਸੀ।

ਫਿਰ ਲਗਾਤਾਰ ਪੈਦਾ ਹੋ ਰਹੀ ਕੁੜੱਤਣ ਅਤੇ ਉਨ੍ਹਾਂ ਦੀ ਤਾਕਤ ਬਾਰੇ ਜਾਣੂ ਹੋਣ ਦੇ ਬਾਵਜੂਦ ਉਸ ਨੇ ਕਦੇ ਵੀ ਸ਼ਾਂਤੀ ਅਤੇ ਭਾਈਚਾਰੇ ਦੀ ਗੱਲ ਕਰਨੀ ਬੰਦ ਨਹੀਂ ਕੀਤੀ।

ਸੋਸ਼ਣ ਅਤੇ ਤਬਾਹੀ

ਦਸੰਬਰ, 1492 ਵਿੱਚ ਕ੍ਰਿਸਟੋਫਰ ਕੋਲੰਬਸ ਨੇ ਹਿਸਪਨਿਓਲਾ ਦੇ ਉੱਤਰੀ ਤੱਟ 'ਤੇ 'ਸੈਂਟ ਮਾਰੀਆ' ਬੇੜੇ ਦੇ ਮਲਬੇ ਨਾਲ ਨੇਵੀਡੈਡ ਕਿਲ੍ਹੇ ਦੀ ਉਸਾਰੀ ਦਾ ਹੁਕਮ ਦਿੱਤਾ।

ਉਸ ਨੇ ਟਾਪੂ 'ਤੇ ਇਸ ਪਹਿਲੀ ਸਪੈਨਿਸ਼ ਉਸਾਰੀ ਦੀ ਜ਼ਿੰਮੇਵਾਰੀ 39 ਵਿਅਕਤੀਆਂ ਨੂੰ ਸੌਂਪੀ।

ਜਾਣ ਤੋਂ ਪਹਿਲਾਂ ਕੋਲੰਬਸ ਨੇ ਉਨ੍ਹਾਂ ਨੂੰ ਆਦੀਵਾਸੀਆਂ ਦਾ ਸੋਸ਼ਣ ਨਾ ਕਰਨ ਦੀ ਚੇਤਾਵਨੀ ਦਿੱਤੀ, ਪਰ ਉਨ੍ਹਾਂ ਨੇ ਗੱਲ ਨਾ ਮੰਨੀ।

ਜਦੋਂ ਕੋਲੰਬਸ1493 ਵਿੱਚ ਵਾਪਸ ਆਇਆ ਤਾਂ ਉਸ ਨੂੰ ਕਿਲ੍ਹਾ ਤਬਾਹ ਹੋਇਆ ਮਿਲਿਆ।

ਇੰਡੀਜ਼ ਦੇ ਪਹਿਲੇ ਇਤਿਹਾਸਕਾਰ ਗੋਂਜ਼ਾਲੋ ਫਰਨਾਂਡਿਸ ਡੀ ਓਵੇਡੋ ਮੁਤਾਬਕ ਕੋਲੰਬਸ ਜੋ ਆਦਮੀ ਪਿੱਛੇ ਛੱਡ ਗਿਆ ਸੀ, ਉਹ ਸਾਰੇ ਕਬੀਲੇ ਹੱਥੋਂ ਮਾਰੇ ਗਏ ਸਨ।

ਇਸ ਦਾ ਕਾਰਨ ਸੀ ਕਿ ਇਹ ਆਗੂ ਵਿਹੂਣੇ ਵਿਅਕਤੀ, ਕਬਾਇਲੀ ਲੋਕਾਂ ਦੀਆਂ ਔਰਤਾਂ ਨੂੰ ਲੈ ਜਾਂਦੇ ਅਤੇ ਆਪਣੀ ਮਰਜ਼ੀ ਮੁਤਾਬਕ ਉਨ੍ਹਾਂ ਤੋਂ ਕੰਮ ਲੈਂਦੇ ਸਨ, ਜਿਸ ਕਾਰਨ ਇਹ ਰੋਹ ਅਤੇ ਗੁੱਸੇ ਨਾਲ ਭਰ ਗਏ ਸਨ।

ਇਰਵਿੰਗ ਵਾਸ਼ਿੰਗਟਨ ਦੀ ਕਿਤਾਬ ਕ੍ਰਿਸਟੋਫ਼ਰ ਕੋਲੰਬਸ ਦਾ ਜੀਵਨ ਅਤੇ ਯਾਤਰਾਵਾਂ ਵਿੱਚੋਂ ਇੱਕ ਤਸਵੀਰ
ਤਸਵੀਰ ਕੈਪਸ਼ਨ, ਇਰਵਿੰਗ ਵਾਸ਼ਿੰਗਟਨ ਦੀ ਕਿਤਾਬ ਕ੍ਰਿਸਟੋਫ਼ਰ ਕੋਲੰਬਸ ਦਾ ਜੀਵਨ ਅਤੇ ਯਾਤਰਾਵਾਂ ਵਿੱਚੋਂ ਇੱਕ ਤਸਵੀਰ

ਕੈਨਾਬੋ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ।

ਕਿਹਾ ਜਾਂਦਾ ਹੈ ਕਿ ਇਨ੍ਹਾਂ ਸਪੈਨਿਸ਼ ਆਦਮੀਆਂ ਵੱਲੋਂ ਸਥਾਨਕ ਆਦੀਵਾਸੀਆਂ ਦੇ ਸੋਸ਼ਣ ਕਾਰਨ ਐਨਾਕੌਨਾ ਨੇ ਹੀ ਕੈਨੋਬੋ ਨੂੰ ਉਨ੍ਹਾਂ 'ਤੇ ਹਮਲਾ ਕਰਨ ਲਈ ਮਨਾਇਆ ਸੀ।

ਭਾਵੇਂਕਿ ਸੈਂਟੋ ਡੋਮਿੰਗੋ ਯੂਨੀਵਰਸਿਟੀ ਵਿੱਚ ਇਤਿਹਾਸ ਤੇ ਮਾਨਵ ਵਿਗਿਆਨ ਸਕੂਲ ਦੇ ਸਾਬਕਾ ਡਾਇਰੈਕਟਰ ਲੁਈਸਾ ਨਵਾਰੋ ਵਰਗੇ ਲੋਕ ਵੀ ਹਨ, ਜੋ ਇਸ ਤੱਥ ਨੂੰ ਗ਼ਲਤ ਮੰਨਦੇ ਕਰਦੇ ਹਨ।

ਨਵਾਰੋ ਨੇ ਬੀਬੀਸੀ ਮੁੰਡੋ ਨਾਲ ਗੱਲਬਾਤ ਵਿੱਚ ਦੱਸਿਆ ਕਿ ਆਵਾਜਾਈ ਦੇ ਸਾਧਨਾਂ ਤੋਂ ਬਿਨਾਂ ਐਨਾਕੌਨਾ ਲਈ ਕੋਲੰਬਸ ਦੇ ਕਿਲ੍ਹੇ ਤੱਕ ਪਹੁੰਚਣਾ ਸੰਭਵ ਨਹੀਂ ਸੀ।

ਜਿੱਥੇ ਉਹ ਰਹਿੰਦੀ ਸੀ, ਉੱਥੋਂ ਕਿਲ੍ਹੇ ਵਾਲੀ ਥਾਂ ਉੱਤੇ ਜਾਣ ਲਈ ਪਹਿਲਾਂ ਉੱਤਰੀ ਪਰਬਤ ਲੜੀ ਉੱਤੇ ਜਾਣਾ ਪੈਣਾ ਸੀ ਅਤੇ ਫਿਰ ਅਟਲਾਂਟਿਕ ਘਾਟੀ ਦੇ ਤੱਟੀ ਖੇਤਰ ਵਿੱਚ ਜਾਣ ਲਈ ਉੱਥੋਂ ਦੂਜੇ ਪਾਸਿਓਂ ਥੱਲੇ ਆਉਣਾ ਪੈਣ ਸੀ।

ਇਸ ਲਈ ਪੈਦਲ 63 ਘੰਟੇ ਦਾ ਸਫ਼ਰ ਕਰਨਾ ਪੈਣਾ ਸੀ।

ਨਵਾਰੋ ਪੁੱਛਦੇ ਹਨ, "ਉੱਥੇ ਕੀ ਹੋ ਰਿਹਾ ਸੀ, ਇਹ ਜਾਨਣ ਲਈ ਐਨਾਕੌਨਾ ਕਿਵੇਂ ਪਹਿਲਾਂ ਉੱਥੇ ਗਈ ਹੋਵੇਗੀ ਅਤੇ ਫਿਰ ਕਿਵੇਂ ਕੈਨਾਬੋ ਨੂੰ ਦੱਸਣ ਲਈ ਵਾਪਸ ਆਈ ਹੋਵੇਗੀ"?

ਕਈ ਹੋਰ ਇਤਿਹਾਸਕਾਰ ਖ਼ਦਸ਼ਾ ਜਤਾਉਂਦੇ ਹਨ ਕਿ ਸਿਆਸੀ ਕਾਰਨਾਂ ਕਰਕੇ ਕੈਨਾਬੋ 'ਤੇ ਇਲਜ਼ਾਮ ਲਗਾਏ ਗਏ ਸਨ।

ਇਨ੍ਹਾਂ ਇਲਜ਼ਾਮਾਂ ਕਰਕੇ ਸਪੈਨਿਸ਼ ਨੈਵੀਗੇਟਰ ਅਲੌਂਸੋ ਡੀ ਓਜੇਡਾਸੇ ਨੇ ਕੈਨਾਬੋ ਨੂੰ ਗ੍ਰਿਫ਼ਤਾਰ ਕੀਤਾ ਸੀ।

ਦੋ ਸਾਲ ਬਾਅਦ ਕੈਨਾਬੋ ਉੱਪਰ ਲਗਾਏ ਗਏ ਇਲਜ਼ਾਮ ਝੂਠੇ ਨਿਕਲੇ।

ਰਾਜਕੁਮਾਰੀ
ਤਸਵੀਰ ਕੈਪਸ਼ਨ, ਰਾਜਕੁਮਾਰੀ ਦੀ ਸਵਾਰੀ

ਇੱਥੋਂ ਤੱਕ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਤਰੀਕਾ ਵੀ ਗੁੰਮਰਾਹ-ਕੁੰਨ ਸੀ।

ਨਵਾਰੋ ਨੇ ਕਿਹਾ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ, ਓਜੇਡਾ ਨੇ ਕੈਨਾਬੋ ਨੂੰ ਇੱਕ ਸਮਝੌਤੇ ਦੀ ਪੇਸ਼ਕਸ਼ ਕੀਤੀ, ਉਸ ਨੂੰ ਤੋਹਫ਼ਾ ਪੇਸ਼ ਕੀਤਾ ਗਿਆ ਅਤੇ ਜਦੋਂ ਉਸ ਨੇ ਤੋਹਫ਼ਾ ਲੈਣ ਲਈ ਹੱਥ ਵਧਾਏ ਤਾਂ ਹਥਕੜੀ ਲਗਾ ਦਿੱਤੀ।

ਡੀ ਲਾਸ ਕਾਸਾਜ਼ ਮੁਤਾਬਕ, 1496 ਵਿੱਚ ਉਸ ਨੂੰ ਸਪੇਨ ਲਿਜਾਣ ਵਾਲੀ ਕਿਸ਼ਤੀ ਤੁਫ਼ਾਨ ਕਾਰਨ ਡੁੱਬਣ ਨਾਲ ਉਸ ਦੀ ਮੌਤ ਹੋ ਗਈ।

ਬਾਰਥਲੋਮਿਊ ਕੋਲੰਬਸ ਨਾਲ ਮੁਲਾਕਾਤ

ਗੋਂਜ਼ਾਲੋ ਫਰਨਾਂਡਿਸ ਡੀ ਓਵੇਡੋ ਮੁਤਾਬਕ ਮੈਗੁਆਨਾ ਦੀ ਵਿਧਵਾ ਰਾਣੀ ਆਪਣੇ ਭਰਾ ਬੋਹੀਚੀਓ ਕੋਲ ਰਹਿਣ ਲਈ ਜਾਰਾਗੁਆ ਚਲੀ ਗਈ।

ਉੱਥੇ ਉਹ 'ਉਦਾਸ ਅਤੇ ਡਰੀ' ਹੋਈ ਸੀ।

ਵਿਗੜਦੇ ਰਿਸ਼ਤਿਆਂ ਦੇ ਬਾਵਜੂਦ, ਕ੍ਰਿਸਟੋਫਰ ਕੋਲੰਬਸ ਦੇ ਛੋਟੇ ਭਰਾ ਬਾਰਥਲੋਮਿਊ ਦੇ ਕੈਸੀਕਾਗੋ ਆਉਣ ਤੋਂ ਥੋੜ੍ਹਾ ਸਮਾਂ ਬਾਅਦ ਹੀ, ਐਨਾਕੌਨਾ ਨੇ ਆਪਣੇ ਭਰਾ 'ਤੇ ਦਬਾਅ ਬਣਾਇਆ ਕਿ ਕੈਥਲਿਕ ਸ਼ਾਸਕਾਂ ਦੀ ਪ੍ਰਭੂਸੱਤਾ ਨੂੰ ਮਾਨਤਾ ਦੇਵੇ ਅਤੇ ਸ਼ਰਧਾਂਜਲੀ ਦੇਣ ਲਈ ਵਚਨਬੱਧ ਹੋਵੇ।

ਇਤਿਹਾਸਕਾਰਾਂ ਮੁਤਾਬਕ, ਬਾਰਥਲੋਮਿਊ ਕੋਲੰਬਸ ਦਾ ਆਉਣਾ ਇੱਕ ਅਨੰਦਮਈ ਘਟਨਾ ਸੀ।

ਇਸ ਦੌਰਾਨ ਉਸ ਨੂੰ ਦਾਅਵਤਾਂ ਦਿੱਤੀਆਂ ਗਈਆਂ ਅਤੇ ਬਹੁਤ ਸਾਰੇ ਤੋਹਫ਼ੇ ਦਿੱਤੇ ਗਏ ਜਿਨ੍ਹਾਂ ਨੂੰ ਲੈ ਕੇ ਜਾਣ ਲਈ ਇੱਕ ਕਿਸ਼ਤੀ ਕਰਨੀ ਪਈ।

ਇਤਿਹਾਸਕਾਰ ਐਂਟੋਨੀਓ ਡੀ ਹਰੇਰਾ ਦੱਸਦੇ ਹਨ ਕਿ ਬਦਲੇ ਵਿੱਚ, ਉਸ ਨੇ ਐਨਾਕੌਨਾ ਅਤੇ ਬੋਹੀਚੀਓ ਨੂੰ ਆਪਣੀ ਕਿਸ਼ਤੀ ਵਿੱਚ ਆਉਣ ਦਾ ਸੱਦਾ ਦਿੱਤਾ।

ਜਦੋਂ ਸਨਮਾਨ ਵਿੱਚ ਉਨ੍ਹਾਂ ਨੇ ਹਥਿਆਰਾਂ ਨੂੰ ਖਾਲੀ ਕੀਤਾ ਤਾਂ ਅਵਾਜ਼ ਨਾਲ ਉਹ ਇੰਨੇ ਪਰੇਸ਼ਾਨ ਹੋ ਗਏ ਕਿ ਪਾਣੀ ਵਿੱਚ ਹੀ ਡਿਗਣ ਲੱਗੇ ਸੀ, ਫਿਰ ਬਾਰਥਲੋਮਿਊ ਨੂੰ ਹੱਸਦਿਆਂ ਦੇਖ ਕਿ ਉਹ ਸੰਭਲ ਗਏ।

ਕ੍ਰਿਸਟੋਫ਼ਰ ਕੋਲੰਬਸ ਦੇ ਇੱਕ ਬੁੱਤ ਦੇ ਪੈਰਾਂ ਵਿੱਚ ਰਾਜਕੁਮਾਰੀ

ਤਸਵੀਰ ਸਰੋਤ, MARIO ROBERTO DURAN ORTIZ

ਤਸਵੀਰ ਕੈਪਸ਼ਨ, ਕ੍ਰਿਸਟੋਫ਼ਰ ਕੋਲੰਬਸ ਦੇ ਇੱਕ ਬੁੱਤ ਦੇ ਪੈਰਾਂ ਵਿੱਚ ਰਾਜਕੁਮਾਰੀ

ਉਹ ਦੱਸਦੇ ਹਨ ਕਿ ਘਟਨਾ ਤੋਂ ਬਾਅਦ, ਉਨ੍ਹਾਂ ਨੇ ਕਿਸ਼ਤੀ ਦੇ ਪਿਛਲੇ ਹਿੱਸੇ ਵੱਲ ਅਤੇ ਫਿਰ ਅਗਲੇ ਹਿੱਸੇ ਵੱਲ ਦੇਖਿਆ।

ਉਹ ਕਿਸ਼ਤੀ ਵਿੱਚ ਦਾਖਲ ਹੋਏ ਅਤੇ ਹੈਰਾਨ ਰਹਿ ਗਏ।

ਇਹ ਵਾਕਿਆ ਐਨਾਕੌਨਾ ਦੀ ਜ਼ਿੰਦਗੀ ਬਾਰੇ ਜਾਣੇ ਜਾਂਦੇ ਕੁਝ ਤੱਥਾਂ ਵਿੱਚੋਂ ਇੱਕ ਹੈ।

ਐਨਾਕੌਨਾ, ਜਾਰਾਗੁਆ ਅਤੇ ਮਾਗੁਆਨਾ ਦੀ ਮੁਖੀ

ਸਾਲ 1502 ਵਿੱਚ, ਮਾਗੁਆਨਾ ਦੀ ਮੁਖੀ ਐਨਾਕੌਨਾ ਦੇ ਭਰਾ ਬੋਹੀਚੀਓ ਦੀ ਮੌਤ ਹੋ ਗਈ।

ਉਸ ਨੂੰ ਜਾਰਾਗੁਆ ਅਤੇ ਮਾਗੁਆਨਾ ਦੀ ਮੁਖੀ ਐਲਾਨ ਦਿੱਤਾ ਗਿਆ।

ਉਦੋਂ ਤੱਕ ਹਿਸਪਾਨਿਓਲਾ ਵਿੱਚ ਸਭ ਠੀਕ ਸੀ।

ਉਸ ਵੇਲੇ ਨਿਰਾਸ਼ ਸਪੈਨਿਸ਼ਾਂ ਵਿੱਚ ਬਗਾਵਤ ਉੱਠੀ ਅਤੇ ਸਥਾਨਕ ਮੁਖੀ ਧਾੜਵੀਆਂ ਖ਼ਿਲਾਫ਼ ਖੜ੍ਹੇ ਹੋ ਰਹੇ ਸੀ।

ਇੰਡੀਜ਼ ਦੇ ਨਵੇਂ ਗਵਰਨਰ, ਕਮਾਂਡਰ ਆਫ ਲਰਜ਼ ਫਰੇਅ ਨਿਕੋਲਸ ਡੀ ਓਵਾਂਡੋ ਨੇ ਟਾਪੂ ਨੂੰ ਸ਼ਾਂਤ ਕਰਨ ਦੀ ਠਾਣ ਲਈ ਸੀ।

ਜਾਰਾਗੁਆ ਦੀ ਮੁਖੀ ਉਸ ਦੀ ਨਜ਼ਰ ਵਿੱਚ ਸੀ, ਸਿਰਫ਼ ਇਸ ਲਈ ਨਹੀਂ ਕਿ ਸਪੇਨਿਸ਼ ਬਾਗ਼ੀਆਂ ਨੇ ਉੱਥੇ ਸ਼ਰਨ ਲਈ ਸੀ, ਪਰ ਇਸ ਲਈ ਵੀ ਕਿ ਉਸ ਕੋਲ ਕਨਸੋਆਂ ਪਹੁੰਚ ਰਹੀਆਂ ਸੀ ਕਿ ਐਨਾਕੌਨਾ ਤੇ ਬਾਕੀ ਲੀਡਰ ਸ਼ਾਸਨ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ।

ਪਰ ਉਸ ਦਾ ਸ਼ਾਂਤੀ ਕਾਇਮ ਕਰਨ ਦਾ ਤਰੀਕਾ ਐਨਾਕੌਨਾ ਤੋਂ ਬਹੁਤ ਵੱਖਰਾ ਸੀ।

ਕ੍ਰਿਸਟੋਫ਼ਰ ਕੋਲੰਬਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਕੁਮਾਰੀ ਸਪੈਨਿਸ਼ ਲੋਕਾਂ ਦੀਆਂ ਕਿਸ਼ਤੀਆਂ ਵੱਲ ਖਿੱਚੀ ਗਈ ਸੀ

ਸਪੈਨਿਸ਼ ਲੋਕਾਂ ਵੱਲੋਂ ਸਥਾਨਕ ਲੋਕਾਂ ਦੇ ਅਪਮਾਨ ਤੇ ਸ਼ੋਸ਼ਣ ਦੇ ਬਾਵਜੂਦ, ਐਨਾਕੌਨਾ ਨੂੰ ਲਗਦਾ ਸੀ ਕਿ ਸਿਰਫ਼ ਸ਼ਾਂਤੀ ਬਣਾਉਣਾ ਹੀ ਉਸ ਦੇ ਲੋਕਾਂ ਦੀ ਰੱਖਿਆ ਕਰ ਸਕਦਾ ਹੈ।

ਪਰ ਜਿਹੜੀ ਸ਼ਾਂਤੀ ਓਵਾਂਡੋ ਚਾਹ ਰਿਹਾ ਸੀ, ਉਸ ਦਾ ਮਤਲਬ ਸਮਝੌਤਾ ਤੇ ਮੁਕਤੀ ਨਹੀਂ ਸੀ।

ਗਵਰਨਰ ਨੇ ਫ਼ੌਜ ਤਿਆਰ ਕੀਤੀ ਅਤੇ ਜਾਰਾਗੁਆ ਲਈ ਨਿਕਲ ਪਿਆ ਜਿੱਥੇ ਐਨਾਕੌਨਾ ਨੇ ਉਸ ਦੇ ਸਵਾਗਤ ਦੀ ਤਿਆਰੀ ਕੀਤੀ ਸੀ ਅਤੇ ਉਸ ਦੀ ਉਡੀਕ ਕਰ ਰਹੀ ਸੀ।

ਐਨਾਕੌਨਾ ਤੇ ਸਥਾਨਕ ਲੋਕਾਂ ਖ਼ਿਲਾਫ਼ ਜਾਲ

ਇਹ ਜੁਲਾਈ 1503 ਦਾ ਸਾਲ ਸੀ। ਐਤਵਾਰ ਦਾ ਦਿਨ ਸੀ ਜਦੋਂ ਐਨਾਕੌਨਾ ਨੇ ਜਾਰਾਗੁਆ ਦੇ ਚੌਂਕ ਵਿੱਚ ਓਵਾਂਡੋ ਦਾ ਰਿਵਾਜ਼ ਮੁਤਾਬਕ ਨਾਚ-ਗਾਣੇ ਦੀ ਮਹਿਫ਼ਲ ਨਾਲ ਸੁਆਗਤ ਕੀਤਾ।

ਗਵਰਨਰ 70 ਘੋੜਸਵਾਰਾਂ ਅਤੇ 200 ਪਿਆਦਿਆਂ ਨਾਲ ਉੱਥੇ ਆਇਆ ਸੀ।

ਜਸ਼ਨ ਵਿੱਚ ਦਰਜਨਾਂ ਸਥਾਨਕ ਮੁਖੀਏ ਆਏ ਸੀ। ਐਨਾਕੌਨਾ ਆਪਣੀ ਬੇਟੀ ਤੇ ਹੋਰ ਮਹਿਲਾ ਨੇਤਾਵਾਂ ਨਾਲ ਪਹੁੰਚੀ।

ਓਵਾਂਡੋ ਸਾਹਮਣੇ ਸਥਾਨਕ ਨਾਚ ਪੇਸ਼ ਕੀਤਾ ਗਿਆ। ਫਰਨਾਂਡਿਸ ਡੀ ਓਵੇਡੋ ਕਹਿੰਦੇ ਹਨ, ਨਾਚ ਵਿੱਚ 300 ਤੋਂ ਵੱਧ ਕੁੜੀਆਂ ਸੀ।

ਨਿਕੋਲਸ ਡੀ ਓਵਾਂਡੋ ਦਾ ਪੋਰਟਰੇਟ
ਤਸਵੀਰ ਕੈਪਸ਼ਨ, ਨਿਕੋਲਸ ਡੀ ਓਵਾਂਡੋ ਦਾ ਪੋਰਟਰੇਟ

ਟਾਇਨੋ ਲੋਕਾਂ ਦੇ ਜਸ਼ਨ ਦੀਆਂ ਕਈ ਪੇਸ਼ਕਾਰੀਆਂ ਤੋਂ ਬਾਅਦ, ਗਵਰਨਰ ਨੇ ਸਥਾਨਕ ਲੋਕਾਂ ਨੂੰ ਆਪਣੀ ਝੋਪੜੀ ਵਿੱਚ ਮਿਲਣ ਲਈ ਸੱਦਿਆ ਅਤੇ ਕਿਹਾ ਕਿ ਉਹ ਮਿਲੇ ਸਨਮਾਨ ਦੇ ਬਦਲੇ ਉਨ੍ਹਾਂ ਨੂੰ ਆਪਣਾ ਕਰਤਬ ਦਿਖਾਉਣਾ ਚਾਹੁੰਦੇ ਹਨ।

ਨਿਹੱਥੇ ਅਤੇ ਉਤਸ਼ਾਹਿਤ, ਸਥਾਨਕ ਨੇਤਾ ਅਤੇ ਲੋਕ ਲੱਕੜੀ ਦੇ ਬਣੇ ਘਰ ਅੰਦਰ ਚਲੇ ਗਏ ਅਤੇ ਓਵਾਂਡੋ ਦੇ ਆਦਮੀਆਂ ਨੇ ਉਸ ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੂੰ ਬੰਨ੍ਹ ਕੇ ਜਿਉਂਦੇ ਸਾੜ ਦਿੱਤਾ ਗਿਆ।

ਬਾਕੀਆਂ ਨੇ ਬਾਹਰ ਖੜ੍ਹੇ ਲੋਕਾਂ ਉੱਤੇ ਹਮਲਾ ਬੋਲ ਦਿੱਤਾ।

ਡੀ ਲਾਸ ਕਾਸਾਜ਼ ਲਿਖਦੇ ਹਨ ਕਿ ਭੱਜਦੇ ਬੱਚਿਆਂ ਦੀਆਂ ਲੱਤਾਂ ਵੱਢ ਦਿੱਤੀਆਂ ਗਈਆਂ ਅਤੇ ਜਦੋਂ ਕੁਝ ਸਪੈਨਿਸ਼ਾਂ ਨੇ ਇੱਕ ਬੱਚੇ ਨੂੰ ਘੋੜੇ 'ਤੇ ਬਿਠਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗਵਰਨਰ ਦੇ ਨਾਲ ਆਏ ਸਪੈਨਿਸ਼ਾਂ ਨੇ ਬਰਛਾ ਬੱਚੇ ਦੇ ਆਰ-ਪਾਰ ਕਰ ਦਿੱਤਾ।

ਫਾਂਸੀ ਦੀ ਸਜ਼ਾ

ਸੈਮੁਅਲ ਐਮ.ਵਿਲਸਨ ਨੇ ਆਪਣੀ ਕਿਤਾਬ ਹਿਸਪਾਨਿਓਲਾ ਵਿੱਚ ਲਿਖਿਆ ਕਿ ਕਤਲੇਆਮ ਦੇ ਕਈ ਮਹੀਨੇ ਤੱਕ ਨਿਕੋਲਸ ਡੀ ਓਵਾਂਡੋ ਨੇ ਸਥਾਨਕ ਲੋਕਾਂ ਉੱਤੇ ਜ਼ੁਲਮ ਜਾਰੀ ਰੱਖੇ ਅਤੇ ਟਾਪੂ ਤੋਂ ਲਗਪਗ ਉਨ੍ਹਾਂ ਦਾ ਖ਼ਾਤਮਾ ਕਰ ਦਿੱਤਾ।

ਉਸ ਖੂਨੀ ਖੇਡ ਅਤੇ ਕਈ ਮਹਾਂਮਾਰੀਆਂ ਨੇ ਹਿਸਪਾਨਿਓਲਾ ਵਿੱਚ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਘਟਾ ਦਿੱਤੀ।

'ਮੈਨੁਅਲ ਆਫ ਡੋਮੀਨਿਕਨ ਹਿਸਟਰੀ' ਦੇ ਅੰਕੜਿਆਂ ਮੁਤਾਬਕ ਜਦੋਂ ਕੋਲੰਬਸ ਆਇਆ ਤਾਂ ਉੱਥੇ ਰਹਿਣ ਵਾਲਿਆਂ ਦੀ ਗਿਣਤੀ ਕਰੀਬ 5 ਲੱਖ ਮੰਨੀ ਜਾਂਦੀ ਹੈ ਜੋ ਕਿ 1507 ਵਿੱਚ 60 ਹਜ਼ਾਰ ਰਹਿ ਗਈ।

ਰਾਣੀ ਐਨਾਕੋਨਾ ਅਤੇ ਉਨ੍ਹਾਂ ਦੀ ਪ੍ਰਜਾ ਦੇ ਕਤਲੇਆਮ ਦਾ ਦ੍ਰਿਸ਼
ਤਸਵੀਰ ਕੈਪਸ਼ਨ, ਰਾਣੀ ਐਨਾਕੋਨਾ ਅਤੇ ਉਨ੍ਹਾਂ ਦੀ ਪ੍ਰਜਾ ਦੇ ਕਤਲੇਆਮ ਦਾ ਦ੍ਰਿਸ਼

ਜਾਰਾਗੁਆ ਵਿੱਚ ਹੋਏ ਕਤਲੇਆਮ ਦੌਰਾਨ ਐਨਾਕੌਨਾ ਅਤੇ ਉਸ ਦੀ ਬੇਟੀ ਬਚ ਗਈਆਂ।

ਉਸ ਦਾ ਭਤੀਜਾ ਗੁਆਰਾਕਾ ਵੀ ਬਚ ਗਿਆ ਜਿਸ ਨੇ ਪੰਦਰਾਂ ਸਾਲ ਬਾਅਦ ਸਪੈਨਿਸ਼ਾਂ ਖ਼ਿਲਾਫ਼ ਬਗਾਵਤ ਕੀਤੀ।

ਹਾਲਾਂਕਿ ਐਨਾਕੌਨਾ ਦੀ ਚੰਗੀ ਕਿਸਮਤ ਥੋੜ੍ਹ-ਚਿਰੀ ਹੀ ਸੀ।

ਐਨਾਕੌਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸੈਂਟ ਡੋਮਿੰਗੋ ਲਿਆਂਦਾ ਗਿਆ ਜਿੱਥੇ ਸਾਜ਼ਿਸ਼ ਰਚਣ ਦੇ ਇਲਜ਼ਾਮ ਤਹਿਤ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ।

ਐਨਾਕੌਨਾ ਅਜਾਇਬ ਘਰ ਦੇ ਡਾਇਰੈਕਟਰ ਕਹਿੰਦੇ ਹਨ ਕਿ ਉਹ ਹਰਮਨ ਪਿਆਰੀ ਟਾਇਨੋ ਰਾਣੀ ਸੀ।

''ਜ਼ਿੰਦਗੀ ਦੇ ਆਖ਼ਰੀ ਦਿਨ ਤੱਕ ਉਨ੍ਹਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਅਤੇ ਮਾਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ।''

ਨਵਾਰੋ ਕਹਿੰਦੇ ਹਨ ਕਿ ਉਹ ਮਹਾਨ ਨੇਤਾ ਸੀ, ਸਿਰਫ਼ ਇਸ ਟਾਪੂ ਦੀ ਹੀ ਨਹੀਂ ਸਗੋਂ ਕਿਊਬਾ ਅਤੇ ਜਮਾਇਕਾ ਤੱਕ ਦੀ।

ਉਸ ਦੀ ਕਹਾਣੀ ਸ਼ਿਓ ਫੈਲੀਸਿਆਨੋ ਦੇ 'ਐਨਾਕੌਨਾ' ਜਿਹੇ ਗੀਤਾਂ ਅਤੇ ਡੋਮਿਨਿਕਨ ਕਵੀ ਸੈਲੋਮ ਉਰੇਨਾ ਦੀਆਂ ਕਵਿਤਾਵਾਂ ਜ਼ਰੀਏ ਯਾਦ ਕੀਤੀ ਜਾਂਦੀ ਹੈ।

ਬੀਬੀਸੀ

ਇਹ ਵੀ ਪੜ੍ਹੋ-

ਵੀਡੀਓ ਕੈਪਸ਼ਨ, ਰਾਣੀ ਗਾਇਦਿਨਲੂ ਜਿਸ ਨੂੰ ਅੰਗਰੇਜ਼ਾਂ ਖਿਲਾਫ਼ ਅੰਦੋਲਨ ਕਾਰਨ ਨਹਿਰੂ ਨੇ ਦਿੱਤੀ ਸੀ ‘ਰਾਣੀ’ ਦੀ ਉਪਾਧੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)