ਅੰਮ੍ਰਿਤਸਰ ਵਿੱਚ ਅੱਧੀ ਰਾਤ ਸੁਣਾਈ ਦਿੱਤੇ ਧਮਾਕਿਆਂ ਬਾਰੇ ਸ਼ਹਿਰ ਵਾਸੀਆਂ ਨੇ ਕੀ ਦੱਸਿਆ

ਤਸਵੀਰ ਸਰੋਤ, Ravinder Singh Robin/BBC
ਅੱਧੀ ਰਾਤ ਕਰੀਬ ਪੌਣੇ ਦੋ ਵਜੇ ਕਈ ਅੰਮ੍ਰਿਤਸਰ ਵਾਸੀ ਧਮਾਕਿਆਂ ਦੀ ਆਵਾਜ਼ ਨਾਲ ਜਾਗ ਉੱਠੇ। ਸ਼ਹਿਰ ਵਾਸੀਆਂ ਵਿੱਚ ਤਣਾਅ ਦਾ ਮਾਹੌਲ ਸੀ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ ਘਬਰਾਏ ਹੋਏ ਲੋਕ ਘਰਾਂ ਤੋਂ ਬਾਹਰ ਆਉਣ ਲੱਗੇ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਆਵਾਜ਼ ਕਿਸ ਪਾਸਿਓਂ ਆਈ ਹੈ।
ਕੁਝ ਮਿੰਟਾਂ ਬਾਅਦ ਹੀ 2 ਵਜੇ ਪ੍ਰਸ਼ਾਸਨ ਨੇ ਵਟਸਐੱਪ ਜ਼ਰੀਏ ਲੋਕਾਂ ਨੂੰ ਦੁਬਾਰਾ ਬਲੈਕਆਊਟ ਲਾਏ ਜਾਣ ਬਾਰੇ ਜਾਣਕਾਰੀ ਦਿੱਤੀ।
ਅੰਮ੍ਰਿਤਸਰ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ੇਰਜੰਗ ਸਿੰਘ ਨੇ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਬਾਰੇ ਪੁਸ਼ਟੀ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਧਮਾਕੇ ਕਿੱਥੇ ਹੋਏ ਜਾਂ ਕਿਵੇਂ ਹੋਏ ਇਸ ਬਾਰੇ ਹਾਲੇ ਤੱਕ ਕਿਸੇ ਵੀ ਕਿਸਮ ਦੀ ਅਧਿਕਾਰਿਤ ਜਾਣਕਾਰੀ ਮੌਜੂਦ ਨਹੀਂ ਹੈ।
ਸ਼ੇਰਜੰਗ ਸਿੰਘ ਨੇ ਦੱਸਿਆ ਕਿ ਸਾਵਧਾਨੀ ਦੇ ਮੱਦੇਨਜ਼ਰ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਬਲੈਕਆਊਟ ਦੁਬਾਰਾ ਲਾਇਆ ਗਿਆ ਸੀ ਅਤੇ ਇਸ ਬਾਰੇ ਹਰ ਸੰਭਵ ਸੰਚਾਰ ਮਾਧਿਅਮ ਜ਼ਰੀਏ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਇੱਕ ਫੌਜੀ ਆਪ੍ਰੇਸ਼ਨ ਕੀਤਾ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ।
ਭਾਰਤ ਨੇ ਕਿਹਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਨੌਂ ਥਾਵਾਂ 'ਤੇ ਹਮਲਾ ਕੀਤਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ 2 ਦਰਜਨ ਤੋਂ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ। ਹਾਲਾਂਕਿ, ਪਾਕਿਸਤਾਨ ਦੇ ਇਸ ਦਾਅਵੇ 'ਤੇ ਭਾਰਤ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।
ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਸੀ

ਤਸਵੀਰ ਸਰੋਤ, Getty Images
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਆਪਣੇ ਘਰ ਵਿੱਚ ਬੈਠੇ ਪੜ੍ਹ ਰਹੇ ਸਨ ਜਦੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।
"ਮੈਂ ਜਾਗ ਰਿਹਾ ਸੀ ਪਰ ਮੇਰਾ ਪਰਿਵਾਰ ਗੂੜੀ ਨੀਂਦੇ ਸੌਂ ਰਿਹਾ ਸੀ। ਆਵਾਜ਼ਾਂ ਇੰਨੀਆਂ ਉੱਚੀਆਂ ਸਨ ਕਿ ਸਾਰੇ ਜਾਗ ਗਏ। ਲੋਕ ਘਰਾਂ ਦੇ ਬਾਹਰ ਆ ਗਏ।"
"ਆਵਾਜ਼ ਆਉਣ ਤੋਂ ਕਰੀਬ 10 ਮਿੰਟ ਬਾਅਦ ਹੀ ਹਨੇਰਾ ਹੋ ਗਿਆ ਅਤੇ ਪ੍ਰਸ਼ਾਸਨ ਵੱਲੋਂ ਵਟਸਐਪ 'ਤੇ ਸੁਨੇਹੇ ਆਉਣ ਲੱਗੇ।"
ਰੌਬਿਨ ਦੱਸਦੇ ਹਨ, “ਜਦੋਂ ਪਹਿਲਾਂ ਮੌਕ ਡ੍ਰਿਲ ਸੀ ਉਸ ਸਮੇਂ ਲੋਕ ਇੰਨੇ ਸਾਵਧਾਨ ਨਹੀਂ ਸਨ। ਕਈ ਘਰਾਂ ਵਿੱਚ ਕਿਤੇ ਕਿਤੇ ਬੱਤੀ ਜਗਦੀ ਨਜ਼ਰ ਵੀ ਆ ਰਹੀ ਸੀ ਪਰ ਰਾਤ ਨੂੰ ਜਦੋਂ ਡੇਢ ਵਜੇ ਦੁਬਾਰਾ ਬਲੈਕਆਊਟ ਹੋਇਆ ਉਸ ਸਮੇਂ ਹਰ ਪਾਸੇ ਹਨੇਰਾ ਸੀ।”
"ਪ੍ਰਸ਼ਾਸਨ ਨੇ ਤਾਂ ਲਾਈਟ ਬੰਦ ਕੀਤੀ ਹੀ ਸੀ, ਦੂਜੇ ਬਲੈਕ ਆਊਟ ਦੌਰਾਨ ਬਹੁਤੇ ਲੋਕਾਂ ਨੇ ਘਰਾਂ ਦੇ ਅੰਦਰ ਬਾਹਰ ਜਗਣ ਵਾਲੀਆਂ ਬੱਤੀਆਂ ਵੀ ਬੰਦ ਕਰ ਦਿੱਤੀਆਂ ਸਨ। ਲਾਈਟ ਤੜਕੇ 4 ਵਜੇ ਕੇ 35 ਮਿੰਟ ਉੱਤੇ ਵਾਪਸ ਆਈ।"
"ਹਾਲਾਂਕਿ ਪ੍ਰਸ਼ਾਸਨ ਨੇ ਲਾਈਟ ਬੰਦ ਕਰਨ ਨੂੰ ਤਾਂ ਡ੍ਰਿਲ ਦੱਸਿਆ ਹੈ। ਪਰ ਧਮਾਕੇ ਕਿਉਂ ਹੋਏ ਇਸ ਬਾਰੇ ਹਾਲੇ ਤੱਕ ਕੋਈ ਵੀ ਅਧਿਕਾਰਿਤ ਜਾਣਕਾਰੀ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ ਇਸ ਲਈ ਲੋਕਾਂ ਵਿੱਚ ਡਰ ਦਾ ਮਾਹੌਲ ਹੈ।"
ਧਮਾਕਿਆਂ ਬਾਰੇ ਅੰਮ੍ਰਿਤਸਰ ਵਾਸੀਆਂ ਨੇ ਕੀ ਦੱਸਿਆ

ਤਸਵੀਰ ਸਰੋਤ, Ravinder Singh Robin/BBC
ਅੰਮ੍ਰਿਤਸਰ ਵਾਸੀ ਅਸ਼ੋਕ ਸੇਠੀ ਨੇ ਦੱਸਿਆ, "ਮੈਂ ਰਾਤ ਨੂੰ ਕਾਫ਼ੀ ਪਰੇਸ਼ਾਨ ਸੀ ਕਿਉਂਕਿ ਰਿਸ਼ਤੇਦਾਰ ਖੈਰੀਅਤ ਪਤਾ ਕਰਨ ਲਈ ਫ਼ੋਨ ਵਗੈਰਾ ਕਰ ਰਹੇ ਸੀ। ਅੱਧ ਸੁੱਤਾ ਹੀ ਸੀ ਜਦੋਂ ਧਮਾਕੇ ਦੀ ਆਵਾਜ਼ ਆਈ।"
"ਮੈਂ ਆਪਣੀ ਘਰਵਾਲੀ ਨੂੰ ਦੱਸਿਆ ਕਿ ਧਮਾਕੇ ਦੀ ਆਵਾਜ਼ ਆਈ ਹੈ, ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਸੁਫ਼ਨਾ ਦੇਖਿਆ ਹੈ। ਫ਼ਿਰ ਲਗਾਤਾਰ ਉੱਚੀ ਧਮਾਕੇ ਸੁਣੇ।"
"ਪਰ ਕਿਸੇ ਪਾਸੇ ਕੋਈ ਖ਼ਬਰ ਨਹੀਂ ਸੀ। ਮੈਂ 1965 ਤੇ 1971 ਦੀ ਜੰਗ ਵੀ ਦੇਖੀ ਹੈ ਇਸ ਕਰਕੇ ਧਮਾਕਿਆਂ ਦੀ ਆਵਾਜ਼ ਦੀ ਪਛਾਣ ਹੈ।"
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਫ਼ਵਾਹਾਂ ਤੋਂ ਬਚਣ ਲਈ ਇਨ੍ਹਾਂ ਧਮਾਕਿਆਂ ਬਾਰੇ ਸਪੱਸ਼ਟ ਜਾਣਕਾਰੀ ਆਮ ਲੋਕਾਂ ਨੂੰ ਮੁਹੱਈਆ ਕਰਵਾਏ।

ਤਸਵੀਰ ਸਰੋਤ, Ravinder Singh Robin/BBC
ਅੰਮ੍ਰਿਤਸਰ ਵਾਸੀ ਅਮਿਤ ਨੇ ਦੱਸਿਆ,"ਅਸੀਂ ਆਪਣੇ ਬੱਚਿਆਂ ਨਾਲ ਸੌਂ ਰਹੇ ਸੀ। ਜਦੋਂ ਰਾਤ ਨੂੰ ਪਹਿਲਾ ਧਮਾਕਾ ਹੋਇਆ ਸਾਨੂੰ ਲੱਗਿਆ ਕਿਸੇ ਦੇ ਵਿਆਹ ਵਰਗਾ ਕੋਈ ਸਮਾਗਮ ਹੋਵੇਗਾ ਉੱਥੋਂ ਪਟਾਕਿਆਂ ਦੀ ਆਵਾਜ਼ ਆ ਰਹੀ ਹੈ।"
"ਫ਼ਿਰ ਇੱਕ ਤੋਂ ਬਾਅਦ ਇੱਕ ਹੋਰ ਧਮਾਕਾ ਹੋਇਆ ਤਾਂ ਬੱਚੇ ਡਰ ਗਏ। ਆਂਢ-ਗੁਆਂਢ ਦੇ ਲੋਕ ਬਾਹਰ ਆ ਗਏ। ਲਾਈਟ ਚਲੀ ਗਈ ਅਤੇ ਆਲੇ-ਦੁਆਲੇ ਡਰ ਦਾ ਮਾਹੌਲ ਸੀ।"
ਪ੍ਰਸ਼ਾਸਨ ਨੇ ਅੱਧੀ ਰਾਤ ਜਾਰੀ ਕੀਤੀਆਂ ਹਦਾਇਤਾਂ

ਤਸਵੀਰ ਸਰੋਤ, Ravinder Singh Robin/BBC
ਸ਼ੇਰਜੰਗ ਸਿੰਘ ਨੇ ਦੱਸਿਆ, "ਮਾਹੌਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਫ਼ੌਰਨ ਲੋਕਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਸਾਵਧਾਨੀ ਵਰਤਣ ਲਈ ਕਿਹਾ ਸੀ।"
"ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ, ਘਰਾਂ ਦੇ ਬਾਹਰ ਸੜਕਾਂ, ਗਲੀਆਂ ਵਿੱਚ ਇਕੱਠੇ ਨਾ ਹੋਣ ਦੀ ਹਦਾਇਤ ਦਿੱਤੀ ਗਈ।"
"ਇਸ ਤੋਂ ਇਲਾਵਾ ਘਰਾਂ ਦੇ ਬਾਹਰ ਲੱਗੀਆਂ ਲਾਈਟਾਂ ਬੰਦ ਰੱਖਣ ਅਤੇ ਕਿਸੇ ਵੀ ਕਿਸਮ ਦੀ ਅਣ-ਅਧਿਕਾਰਤ ਸੂਚਨਾ ਅੱਗੇ ਸ਼ੇਅਰ ਨਾ ਕਰਨ ਲਈ ਵੀ ਕਿਹਾ ਗਿਆ।"

ਜਾਣੋ ਹੁਣ ਤੱਕ ਕੀ-ਕੀ ਹੋਇਆ ਹੈ...
- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ 'ਤੇ ਹਮਲੇ ਕੀਤੇ ਹਨ।
- ਭਾਰਤ ਨੇ ਇਨ੍ਹਾਂ ਹਮਲਿਆਂ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਹੈ।
- ਭਾਰਤ ਨੇ ਕਿਹਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਨੌਂ ਥਾਵਾਂ 'ਤੇ ਹਮਲਾ ਕੀਤਾ ਹੈ।
- ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹਾ ਜਾਮਾ ਮਸਜਿਦ 'ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਕਰੀਬੀ ਸਾਥੀ ਮਾਰੇ ਗਏ ਹਨ।
- ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ ਦੋ ਦਰਜਨ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 50 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ।
- ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਅਤੇ 32 ਲੋਕ ਜ਼ਖ਼ਮੀ ਹਨ।
- ਹਾਲਾਂਕਿ, ਭਾਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ 'ਗਿਣੇ-ਮਿੱਥੇ ਅਤੇ ਗ਼ੈਰ-ਭੜਕਾਊ' ਸਨ।
- ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਿਸੇ ਵੀ ਫੌਜੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।
- ਪਾਕਿਸਤਾਨ ਅਤੇ ਭਾਰਤ ਨੇ ਕਈ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ।
- ਭਾਰਤੀ ਫੌਜ ਵੱਲੋਂ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕਰਨ ਤੋਂ ਬਾਅਦ, ਕਈ ਏਅਰਲਾਈਨਾਂ ਨੇ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।
- ਪਾਕਿਸਤਾਨ ਦੇ ਦਾਅਵਿਆਂ ਬਾਰੇ ਭਾਰਤ ਵਲੋਂ ਹਾਲੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।

ਬਠਿੰਡਾ ਵਿੱਚ ਮਿਲੇ ਮਲਬੇ ਬਾਰੇ ਕੀ ਜਾਣਕਾਰੀ ਮਿਲੀ

ਤਸਵੀਰ ਸਰੋਤ, Getty Images
ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਵਿੱਚ ਪੈਂਦੇ ਪਿੰਡ ਆਕਲੀਆਂ ਕਲਾਂ ਵਿੱਚ ਬੁੱਧਵਾਰ ਨੂੰ ਜਹਾਜ਼ ਨੁਮਾ ਕਿਸੇ ਵਾਹਨ ਦਾ ਮਲਬਾ ਮਿਲਣ ਦੀਆਂ ਖ਼ਬਰਾਂ ਆਈਆਂ ਸਨ।
ਬੀਬੀਸੀ ਸਹਿਯੋਗੀ ਰਾਜੇਸ਼ ਕੁਮਾਰ ਗੋਲਡੀ ਬੁੱਧਵਾਰ ਨੂੰ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹੀ ਮੀਡੀਆ ਨੂੰ ਰੋਕ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, "ਮਲਬੇ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬਲਕਿ ਮੀਡੀਆ ਅਤੇ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਗ਼ੈਰ-ਅਧਿਕਾਰਿਤ ਜਾਣਕਾਰੀ ਫ਼ੈਲਾਉਣ ਤੋਂ ਰੋਕਿਆ ਗਿਆ ਹੈ।”
'ਅਸੀਂ ਮਲਬਾ ਅੱਖੀਂ ਦੇਖਿਆ'

ਤਸਵੀਰ ਸਰੋਤ, Getty Images
ਬਠਿੰਡਾ ਜ਼ਿਲ੍ਹੇ ਦੇ ਪਿੰਡ ਆਕਲੀਆਂ ਕਲਾਂ ਵਿੱਚ ਮਲਬਾ ਮਿਲਣ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਇੱਕ ਨਿੱਜੀ ਯੂ-ਟਿਊਬ ਚੈਨਲ ਚਲਾਉਣ ਵਾਲੇ ਸ਼ਖ਼ਸ, (ਜਿਸਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਜ਼ਾਹਰ ਨਹੀਂ ਕੀਤੀ ਜਾ ਰਹੀ) ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਘਟਨਾਕ੍ਰਮ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਸੀ ਪਰ ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਕੋਈ ਰਿਪੋਰਟ ਛਾਪਣ ਤੋਂ ਗੁਰੇਜ਼ ਕੀਤਾ।
ਉਹ ਦੱਸਦੇ ਹਨ ਕਿ ਜਹਾਜ਼ਨੁਮਾ ਵਾਹਨ ਦਾ ਮਲਬਾ ਬਠਿੰਡਾ ਦੇ ਪਿੰਡ ਆਕਲੀਆਂ ਕਲਾਂ ਵਿੱਚ ਤਾਂ ਮਿਲਿਆ ਹੀ ਸੀ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਸ਼ਨੰਦੀ ਦੇ ਖੇਤਾਂ ਵਿੱਚ ਵੀ ਇਸ ਦੇ ਕੁਝ ਹਿੱਸੇ ਮੌਜੂਦ ਸਨ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ,"ਮੈਨੂੰ ਬਸ਼ਨੰਦੀ ਪਿੰਡ ਦੇ ਇੱਕ ਬਾਸ਼ਿੰਦੇ ਦਾ ਫ਼ੋਨ ਆਇਆ ਸੀ ਜਿਸ ਦੇ ਘਰ ਵਿੱਚ ਕੋਈ ਮਲਬਾ ਡਿੱਗਿਆ ਸੀ।"
ਉਨ੍ਹਾਂ ਦਾਅਵਾ ਕੀਤਾ, "ਅਸੀਂ ਉਨ੍ਹਾਂ ਦੇ ਘਰ ਦੇ ਵਿਹੜੇ ਵਿੱਚ ਮਲਬਾ ਅੱਖੀਂ ਦੇਖਿਆ। ਕੁਝ ਫੁਟੇਜ ਵੀ ਹੈ ਪਰ ਅਸੀਂ ਕਿਤੇ ਵੀ ਰਿਲੀਜ਼ ਨਹੀਂ ਕੀਤੀ।"
ਉਨ੍ਹਾਂ ਦੱਸਿਆ ਕਿ ਮਲਬਾ ਦੇਖਦਿਆਂ ਹੀ ਮੈਂ ਅਤੇ ਮੇਰੇ ਇੱਕ ਸਾਥੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਕੁਝ ਹੀ ਦੇਰ ਵਿੱਚ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚ ਗਿਆ ਤੇ ਇਲਾਕੇ ਨੂੰ ਸੀਲ ਕਰ ਲਿਆ ਗਿਆ।
"ਮੀਡੀਆ ਨੂੰ ਇੱਕ ਕਿਲੋਮੀਟਰ ਦੂਰ ਰਹਿਣ ਲਈ ਕਿਹਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵਲੋਂ ਮੀਡੀਆ ਕਵਰੇਜ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ।"
"ਪ੍ਰਸ਼ਾਸਨ ਵਲੋਂ ਵਟਸਐਪ ਮੈਸੇਜ ਕਰਕੇ ਨਿਰਦੇਸ਼ ਜਾਰੀ ਕੀਤੇ ਗਏ ਕਿ ਕੋਈ ਵੀ ਵੀਡੀਓ ਜਾਂ ਫ਼ੋਟੋ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਾ ਛਾਪੀ ਜਾਵੇ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਜਾਵੇ।"
ਇਸ ਮਾਮਲੇ 'ਤੇ ਭਾਰਤ ਸਰਕਾਰ ਜਾਂ ਸੰਬਧਿਤ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
ਬਠਿੰਡਾ ਪ੍ਰਸ਼ਾਸਨ ਦੀ ਮੀਡੀਆ ਲਈ ਐਡਵਾਇਜ਼ਰੀ
ਗੋਲਡੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਮੀਡੀਆ ਕਰਮੀਆਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।
ਸਿਵਲ ਤੇ ਪੁਲਿਸ ਪ੍ਰਸ਼ਾਸਨ ਬਠਿੰਡਾ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਵਿੱਚ ਕਿਹਾ ਗਿਆ ਕਿ ਇਸ ਸੁਨੇਹੇ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਸੰਕਟ ਕਲੀਨ ਸਥਿਤੀ ਸਬੰਧੀ ਕੋਈ ਵੀ ਵੀਡੀਓ ਜਾਂ ਫੋਟੋ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਾ ਛਾਪੀ ਜਾਵੇ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਜਾਵੇ ਜਿਸ ਨਾਲ ਕਿਸੇ ਦੇ ਵੀ ਘਬਰਾਉਣ ਜਾਂ ਅਫ਼ਵਾਹ ਫੈਲਣ ਜਾਂ ਦੇਸ਼ ਵਿਰੋਧੀ ਹੋਣ ਦੀ ਪੁਸ਼ਟੀ ਹੁੰਦੀ ਹੋਵੇ।
ਬਿਨ੍ਹਾਂ ਵਜ੍ਹਾ ਅਫ਼ਵਾਹ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਂਦ ਵਿੱਚ ਲਿਆਂਦੀ ਜਾਣ ਦੀ ਗੱਲ ਵੀ ਕੀਤੀ ਗਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












