You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ ਦੇ ਕੁਝ ਲੋਕ ਯੂਕਰੇਨ ਜਾ ਕੇ ਪੁਤਿਨ ਖ਼ਿਲਾਫ਼ ਜੰਗ ਕਿਉਂ ਲੜਨਾ ਚਾਹੁੰਦੇ ਹਨ
- ਲੇਖਕ, ਯੁਨਾ ਕੁ ਅਤੇ ਰਿਚਰਡ ਕਿਮ
- ਰੋਲ, ਬੀਬੀਸੀ ਪੱਤਰਕਾਰ
ਦੱਖਣੀ ਕੋਰੀਆ ਵਿੱਚ ਰਹਿੰਦੇ ਉੱਤਰੀ ਕੋਰੀਆਈ ਡਿਫੈਕਟਰਾਂ (ਉੱਤਰੀ ਕੋਰੀਆ ਦੇ ਉਹ ਲੋਕ ਜੋ ਦੱਖਣੀ ਕੋਰੀਆ ਵਿੱਚ ਵੱਸ ਗਏ ਹਨ) ਦਾ ਇੱਕ ਸਮੂਹ ਯੂਕਰੇਨ ਵਿੱਚ ਇੱਕ ਵੱਖਰੇ ਮਿਸ਼ਨ ʼਤੇ ਜਾਣ ਦੀ ਗੱਲ ਕਰ ਰਿਹਾ ਹੈ।
ਉਹ ਯੂਕਰੇਨ ਵਿੱਚ ਜੰਗ ਦੇ ਮੈਦਾਨ ਉੱਤੇ ਜਾਣਾ ਚਾਹੁੰਦੇ ਹਨ ਪਰ ਜੰਗ ਲੜਨ ਲਈ ਨਹੀਂ ਬਲਕਿ ਤੈਨਾਤ ਸਿਪਾਹੀਆਂ ਨੂੰ ਸਮਝਾਉਣ ਲਈ।
ਦਰਅਸਲ ਪਿਛਲੇ ਸਮੇਂ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ ਉੱਤਰ ਕੋਰੀਆ ਵੱਲੋਂ ਆਪਣੇ ਸੈਨਿਕਾਂ ਨੂੰ ਰੂਸ-ਯੂਕਰੇਨ ਜੰਗ ਵਿੱਚ ਤੈਨਾਤ ਕੀਤਾ ਜਾ ਰਿਹਾ ਹੈ।
ਡਿਫੈਕਟਰ ਦਲੀਲ ਦਿੰਦੇ ਹਨ ਕਿ ਉੱਤਰੀ ਕੋਰੀਆ ਦੀ ਫੌਜ ਦੀ ਮਾਨਸਿਕਤਾ ਅਤੇ ਢਾਂਚੇ ਬਾਰੇ ਉਨ੍ਹਾਂ ਨੂੰ ਸਮਝ ਹੈ ਜਿਸ ਕਾਰਨ ਉਹ ਸੈਨਿਕਾਂ ਜਾਂ ਸਿਪਾਹੀਆਂ ਨੂੰ ਜੰਗ ਦੇ ਮੈਦਾਨ ਤੋਂ ਵਾਪਸ ਪਰਤਣ ਲਈ ਮਨਾ ਸਕਦੇ ਹਨ।
ਉਹ ਮੰਨਦੇ ਹਨ ਕਿ ਸੈਨਿਕਾਂ ਨੂੰ ਆਪਣੀ ਮੌਤ ਨੂੰ ਮਾਣਮੱਤੀ ਵਜੋਂ ਦੇਖਣ ਲਈ ਭਰਮ ਪੈਦਾ ਕੀਤਾ ਗਿਆ ਹੈ।
ਉੱਤਰੀ ਕੋਰੀਆ ਵੱਲੋਂ ਯੂਕਰੇਨ ਵਿੱਚ ਜੰਗ ਲੜਨ ਲਈ ਰੂਸ ਵਿੱਚ ਲਗਭਗ 10,000 ਸੈਨਿਕਾਂ ਦੀ ਤੈਨਾਤੀ ਦੀ ਰਿਪੋਰਟ ਨੇ ਦੱਖਣੀ ਕੋਰੀਆ ਵਿੱਚ ਡਿਫੈਕਟਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ ਦਾ ਉਦੇਸ਼ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵੱਲੋਂ ਆਪਣੇ ਦੇਸ਼ ਲਈ ਫੰਡ ਸੁਰੱਖਿਅਤ ਕਰਨਾ ਅਤੇ ਰੱਖਿਆ ਤਕਨਾਲੋਜੀ ਨੂੰ ਅਤਿ-ਆਧੁਨਿਕ ਬਣਾਉਣਾ ਹੈ।
ਦੱਖਣੀ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਦਾ ਅੰਦਾਜ਼ਾ ਹੈ ਕਿ ਹਰੇਕ ਤੈਨਾਤ ਸਿਪਾਹੀ 2,000 ਡਾਲਰ ਮਹੀਨਾ ਕਮਾ ਸਕਦਾ ਹੈ। ਜੋ ਕਿ ਉਤਰੀ ਕੋਰੀਆ ਲਈ ਚੰਗਾ ਵਿੱਤੀ ਲਾਭ ਦਰਸਾਉਂਦਾ ਹੈ।
ਪਿਛਲੇ ਸਮੇਂ ਵੱਲ ਝਾਤ ਮਾਰੀਏ ਤਾਂ ਉੱਤਰੀ ਕੋਰੀਆ ਦੇ ਸੈਨਿਕ 1970 ਦੇ ਦਹਾਕੇ ਵਿੱਚ ਵੀਅਤਨਾਮ ਯੁੱਧ ਵਿੱਚ ਤੈਨਾਤ ਕੀਤੇ ਗਏ ਸਨ ਪਰ ਰੂਸ-ਯੂਕਰੇਨ ਵਿੱਚ ਸੈਨਿਕਾਂ ਦੀ ਕਥਿਤ ਸ਼ਮੂਲੀਅਤ ਆਧੁਨਿਕ ਸਮੇਂ ਦੇ ਯੁੱਧ ਵਿੱਚ ਪਹਿਲੀ ਘਟਨਾ ਹੈ।
1950 ਤੋਂ 1953 ਤੱਕ ਜਾਰੀ ਰਹੇ ਉੱਤਰੀ ਅਤੇ ਦੱਖਣੀ ਕੋਰੀਆ ਵਿਚਕਾਰ ਕੋਰੀਆਈ ਯੁੱਧ ਦੇ ਅੰਤ ਤੋਂ ਬਾਅਦ ਵੀ ਇਹ ਦੋਵੇਂ ਦੇਸ਼ ਮੂਲ ਤੌਰ ʼਤੇ ਜੰਗ ਵਿੱਚ ਹੀ ਹਨ ਤੇ ਲਗਾਤਾਰ ਤਣਾਅ ਵਾਲੇ ਸਬੰਧਾਂ ਵਿੱਚ ਹਨ।
70 ਸਾਲ ਪਹਿਲਾਂ ਕੋਰੀਆਈ ਪ੍ਰਾਇਦੀਪ ਦੇ ਵੰਡੇ ਜਾਣ ਤੋਂ ਬਾਅਦ ਅੰਦਾਜ਼ਨ 34,000 ਉੱਤਰੀ ਕੋਰੀਆਈ ਲੋਕ ਦੱਖਣ ਵੱਲ ਚਲੇ ਗਏ ਸਨ।
ਕਾਰਵਾਈ ਲਈ ਸੱਦਾ
‘ਉੱਤਰੀ ਕੋਰੀਆਈ ਕ੍ਰਿਸ਼ਚੀਅਨ ਸੋਲਜਰਜ਼ ਐਸੋਸੀਏਸ਼ਨ’ ਅਤੇ ‘ਉੱਤਰੀ ਕੋਰੀਆਈ ਡਿਫੈਕਟਰ ਸੀਨੀਅਰ ਆਰਮੀ’ ਡਿਫੈਕਟਰਾਂ ਦੀ ਅਗਵਾਈ ਕਰਦੇ ਹਨ।
ਇਨ੍ਹਾਂ ਦੋ ਨਾਗਰਿਕ ਸਮੂਹਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰ ਕੇ ਉੱਤਰੀ ਕੋਰੀਆ ਦੀ ਸਰਕਾਰ ਦੇ ਅਣਮਨੁੱਖੀ ਵਿਵਹਾਰ ਦੀ ਨਿੰਦਾ ਕੀਤੀ ਹੈ ਅਤੇ ਡਿਫੈਕਟਰਾਂ ਨੂੰ ਯੂਕਰੇਨ ਦੀ ਯਾਤਰਾ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, "ਅਸੀਂ ਕਿਮ ਜੋਂਗ ਉਨ ਦੇ ਅਣਮਨੁੱਖੀ ਵਿਵਹਾਰ ਦੀ ਸਖ਼ਤ ਨਿੰਦਾ ਕਰਦੇ ਹਾਂ ਜੋ ਆਪਣੇ ਲਈ ਫੰਡ ਸੁਰੱਖਿਅਤ ਕਰਨ ਅਤੇ ਜੰਗੀ ਸਾਜ਼ੋ-ਸਾਮਾਨ ਨੂੰ ਆਧੁਨਿਕ ਬਣਾਉਣ ਲਈ ਲੋਕਾਂ ਦੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਮਰਨ ਲਈ ਤੈਨਾਤ ਕਰ ਰਿਹਾ ਹੈ।"
ਉੱਤਰੀ ਕੋਰੀਆਈ ਕ੍ਰਿਸ਼ਚੀਅਨ ਸੋਲਜਰਜ਼ ਐਸੋਸੀਏਸ਼ਨ ਦੇ ਲੀਡਰ ਅਤੇ ਸਾਬਕਾ ਅਧਿਕਾਰੀ ਸਿਮ ਜੁ-ਇਲ ਮੰਨਦੇ ਹਨ ਕਿ ਇਹ ਮਿਸ਼ਨ ਬਹੁਤ ਜ਼ਰੂਰੀ ਅਤੇ ਅਹਿਮੀਅਤ ਰੱਖਦਾ ਹੈ।
ਉਨ੍ਹਾਂ ਨੇ ਕਿਹਾ, "ਉੱਤਰੀ ਕੋਰੀਆ ਦੇ ਸੈਨਿਕ ਦੇਸ਼ ਵਿੱਚ ਸਿੱਖਿਆ ਦੁਆਰਾ ਪੈਦਾ ਕੀਤੇ ਗਏ ਭਰਮ ਵਿੱਚ ਜੰਗ ਦੇ ਮੈਦਾਨ ਵਿੱਚ ਲੜ ਰਹੇ ਹਨ। ਇਹ ਮੰਨਦੇ ਹੋਏ ਕਿ 'ਮੇਰੀ ਮੌਤ ਮਾਣਮੱਤੀ ਹੈʼ। ਸਾਨੂੰ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਅਜਿਹਾ ਨਹੀਂ ਹੈ।"
ਉਹ ਅੱਗੇ ਕਹਿੰਦੇ ਹਨ, "ਜੇਕਰ ਮੈਂ ਯੁੱਧ ਵਿੱਚ ਜਾਂਦਾ ਹਾਂ ਤਾਂ ਮੈਂ ਉੱਤਰੀ ਕੋਰੀਆ ਦੇ ਸੈਨਿਕਾਂ ਨਾਲ ਬੰਦੂਕਾਂ ਅਤੇ ਗੋਲੀਆਂ ਦਾ ਸਾਹਮਣਾ ਕਰਾਂਗਾ ਪਰ ਮੇਰਾ ਪੂਰਾ ਧਿਆਨ ਉਨ੍ਹਾਂ ਨੂੰ ਯੁੱਧ ਦੀ ਅਸਲੀਅਤ ਬਾਰੇ ਸਿੱਖਿਅਤ ਕਰਨ 'ਤੇ ਹੋਵੇਗਾ।"
ਰਣਨੀਤੀ
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ 11 ਸਤੰਬਰ ਨੂੰ ਇਸ ਫੋਟੋ ਨੂੰ ਸਾਂਝਾ ਕੀਤਾ ਜਿਸ ਵਿੱਚ ਕਿਮ ਜੋਂਗ ਉਨ ਦੁਆਰਾ ਵਿਸ਼ੇਸ਼ ਬਲਾਂ ਦੀ ਸਿਖਲਾਈ ਦਾ ਨਿਰੀਖਣ ਕਰਦੇ ਦੇਖਿਆ ਜਾ ਸਕਦਾ ਹਨ।
ਜੰਗ ਵਿੱਚ ਤੈਨਾਤ ਉੱਤਰੀ ਕੋਰੀਆਈ ਫੌਜਾਂ ਤੱਕ ਪਹੁੰਚਣ ਲਈ ਡਿਫੈਕਟਰ ਵੱਖ-ਵੱਖ ਤਰੀਕਿਆਂ ਦੀ ਤਜਵੀਜ਼ ਰੱਖਦੇ ਹਨ।
ਮਨੋਵਿਗਿਆਨਕ ਯੁੱਧ ਦੀ ਵਰਤੋਂ ਕਰਦਿਆਂ ਡਰੋਨ ਦੁਆਰਾ ਪਰਚੇ ਛੱਡਣਾ, ਮੈਗਾਫੋਨ ਰਾਹੀਂ ਪ੍ਰਸਾਰਣ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਨੂੰ ਸੁਝਾਉਂਦੇ ਹਨ।
ਵਰਲਡ ਇੰਸਟੀਚਿਊਟ ਫੌਰ ਉੱਤਰੀ ਕੋਰੀਆ ਸਟੱਡੀਜ਼ ਦੇ ਡਾਇਰੈਕਟਰ ਅਤੇ ਉੱਤਰੀ ਕੋਰੀਆਈ ਡਿਫੈਕਟਰ ਸੀਨੀਅਰ ਆਰਮੀ ਦੇ ਲੀਡਰ ਡਾ. ਆਹਨ ਚੈਨ-ਇਲ ਕਹਿੰਦੇ ਹਨ, "ਅਸੀਂ ਪ੍ਰਚਾਰ ਸਮੱਗਰੀ ਵਜੋਂ ਪਰਚਿਆਂ ਨੂੰ ਫੈਲਾਉਣ ਲਈ ਡਰੋਨ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਸਕਦੇ ਹਨ।"
"ਜੇਕਰ ਅਸੀਂ ਜੰਗ ਵਿੱਚ ਸੈਨਿਕਾਂ ਦੇ ਕੋਲ ਜਾ ਸਕੇ ਤਾਂ ਅਸੀਂ ਮਨੋਵਿਗਿਆਨਕ ਪ੍ਰਭਾਵ ਪਾਉਣ ਲਈ ਮੈਗਾਫੋਨ ਦੀ ਵਰਤੋਂ ਕਰ ਸਕਦੇ ਹਾਂ।"
ਉੱਤਰੀ ਕੋਰੀਆ ਵਿੱਚ ਸਿਵਲ ਡਿਫੈਂਸ ਬਟਾਲੀਅਨ ਵਿੱਚ ਸੇਵਾ ਨਿਭਾ ਚੁੱਕੇ ਡਾ. ਆਹਨ ਖ਼ਾਸ ਤੌਰ 'ਤੇ ਉੱਤਰੀ ਕੋਰੀਆ ਦੀਆਂ ਫੌਜੀ ਬਲਾਂ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਚਿੰਤਤ ਹਨ। ਜਿਸ ਵਿੱਚ ਘੁਸਪੈਠ, ਬੁਨਿਆਦੀ ਢਾਂਚੇ ਦੀ ਤੋੜ-ਭੰਨ ਅਤੇ ਕਤਲਾਂ ਵਿੱਚ ਸਿਖਲਾਈ ਪ੍ਰਾਪਤ ਯੂਨਿਟ ‘ਸਟੌਮ ਕੋਰਪਸ’ ਯੂਕਰੇਨ ਯੁੱਧ ਵਿੱਚ ਸ਼ਾਮਲ ਹੈ।
ਉਹ ਕਹਿੰਦੇ ਹਨ, "ਜੇਕਰ ਉੱਤਰੀ ਕੋਰੀਆਈ ਫੌਜ ਦੀਆਂ ਦੋ-ਤਿੰਨ ਟੁਕੜੀਆਂ ਨੂੰ ਰੂਸ ਭੇਜਿਆ ਜਾਂਦਾ ਹੈ ਤਾਂ ਸਾਨੂੰ ਯਕੀਨੀ ਤੌਰ 'ਤੇ ਕੰਮ ਕਰਨਾ ਹੋਵੇਗਾ।"
ਰਿਪੋਰਟਾਂ ਦਰਸਾਉਂਦੀਆਂ ਹਨ ਕਿ ਕੁਝ ਡਿਫੈਕਟਰਾਂ ਨੇ ਹਾਲ ਹੀ ਵਿੱਚ ਇੱਕ ਸੰਗਠਨ ਦੀ ਸਥਾਪਨਾ ਕੀਤੀ ਹੈ ਜਿਸ ਦਾ ਉਦੇਸ਼ ਯੂਕਰੇਨ ਵਿੱਚ ਤੈਨਾਤ ਉੱਤਰੀ ਕੋਰੀਆਈ ਸੈਨਿਕਾਂ ਨੂੰ ਵਾਪਸ ਪਰਤਣ ਲਈ ਪ੍ਰੇਰਿਤ ਕਰਨਾ ਹੈ।
ਉਨ੍ਹਾਂ ਵੱਲੋਂ ਯੂਕਰੇਨੀ ਸੈਨਿਕਾਂ ਨੂੰ ਪਰਚੇ ਅਤੇ ਆਡੀਓ ਫਾਈਲਾਂ ਪ੍ਰਦਾਨ ਕਰਨ ਦੇ ਯਤਨ ਸ਼ਾਮਲ ਹਨ ਜੋ ਕਿ ਜੰਗ ਦੇ ਮੈਦਾਨ ਤੋਂ ਬਚਣ ਅਤੇ ਬਾਹਰ ਨਿਕਲਣ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਤੋਂ ਹੈ।
ਚੁਣੌਤੀਆਂ
ਇਨ੍ਹਾਂ ਯੋਜਨਾਵਾਂ ਨੂੰ ਵਿਹਾਰਕ ਅਤੇ ਕੂਟਨੀਤਕ ਰੁਕਾਵਟਾਂ ਗੁੰਝਲਦਾਰ ਬਣਾਉਂਦੀਆਂ ਹਨ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਯੂਕਰੇਨ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਉਲੰਘਣਾ ਕਰਨ 'ਤੇ ਇੱਕ ਸਾਲ ਤੱਕ ਦੀ ਕੈਦ ਜਾਂ 7000 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਇਹ ਵੀ ਡਰ ਹੈ ਕਿ ਯੂਕਰੇਨ ਵਿੱਚ ਡਿਫੈਕਟਰਾਂ ਨੂੰ ਭੇਜਣਾ ਉੱਤਰੀ ਕੋਰੀਆ ਅਤੇ ਰੂਸ ਨੂੰ ਭੜਕਾ ਸਕਦਾ ਹੈ। ਜਿਸ ਨਾਲ ਖੇਤਰ ਦੀ ਸੁਰੱਖਿਆ ਅਸਥਿਰ ਹੋ ਸਕਦੀ ਹੈ।
ਉੱਤਰੀ ਕੋਰੀਆਈ ਡਿਫੈਕਟਰਾਂ ਦੇ ਇੱਕ ਹੋਰ ਸਮੂਹ ਉੱਤਰੀ ਕੋਰੀਆ ਬੈਲੂਨ ਗਰੁੱਪ ਦੇ ਮੁਖੀ ਲੀ ਮਿਨ-ਬੋਕ ਕਹਿੰਦੇ ਹਨ, "ਇਹ ਐਲਾਨ ਕਰਨਾ ਚੰਗਾ ਹੈ ਕਿ 'ਅਸੀਂ ਜਾਵਾਂਗੇ ਅਤੇ ਲੜਾਂਗੇ' ਪਰ ਅਸਲ ਵਿੱਚ ਫੌਜਾਂ ਨੂੰ ਭੇਜਣਾ ਵਿਦੇਸ਼ੀ ਸਬੰਧਾਂ ਦੇ ਲਿਹਾਜ਼ ਨਾਲ ਨਾਜ਼ੁਕ ਮਾਮਲਾ ਹੈ।"
ਦੂਜਾ ਉਹ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਮਨਾਉਣ ਦੀ ਸੰਭਾਵਨਾ 'ਤੇ ਸਵਾਲ ਕਰਦੇ ਹਨ।
ਉੱਤਰੀ ਕੋਰੀਆ ਦੇ ਇਲੀਟ ਸਟੌਰਮ ਕੋਰ ਦੇ ਸਾਬਕਾ ਮੈਂਬਰ ਲੀ ਵੂਂਗ-ਗਿਲ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਕੋਸ਼ਿਸ਼ਾਂ ਉਲਟੇ ਨਤੀਜੇ ਦੇ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ, "ਜੇ ਤੁਸੀਂ ਉਨ੍ਹਾਂ ਨੂੰ ਵਾਪਸ ਕੱਢਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਹ ਤੁਹਾਨੂੰ ਗੋਲੀ ਮਾਰ ਦੇਣਗੇ।"
ਉਹ ਇਹ ਵੀ ਕਹਿੰਦੇ ਹਨ ਕਿ ਕੁਝ ਡਿਫੈਕਟਰ ਕਈ ਸਾਲਾਂ ਤੋਂ ਦੱਖਣੀ ਕੋਰੀਆ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਉੱਤਰੀ ਕੋਰੀਆ ਦੀ ਫੌਜ ਦੀ ਅੰਦਰੂਨੀ ਗਤੀਸ਼ੀਲਤਾ ਬਾਰੇ ਬਹੁਤ ਘੱਟ ਗਿਆਨ ਹੈ।
ਉੱਤਰੀ ਕੋਰੀਆਈ ਕ੍ਰਿਸ਼ਚੀਅਨ ਸੋਲਜਰਜ਼ ਐਸੋਸੀਏਸ਼ਨ ਤੋਂ ਮਿਸਟਰ ਸਿਮ ਉੱਤਰੀ ਕੋਰੀਆ ਦੇ ਸੈਨਿਕਾਂ ਵਿੱਚ ਅਨੁਸ਼ਾਸਨ ਅਤੇ ਵਫ਼ਾਦਾਰੀ ਨੂੰ ਤੋੜਨ ਨੂੰ ਚੁਣੌਤੀ ਵਜੋਂ ਦੱਸਦੇ ਹਨ।
ਉਹ ਕਹਿੰਦੇ ਹਨ, "ਕਿਮ ਜੋਂਗ ਉਨ ਚਾਹੁੰਦੇ ਹਨ ਕਿ ਲੋਕ ਕਹਿਣ ਕਿ ਉੱਤਰੀ ਕੋਰੀਆ ਦੀ ਫੌਜ ਕੋਈ ਮਜ਼ਾਕ ਨਹੀਂ ਹੈ ਅਤੇ ਜਦੋਂ ਫੌਜ ਜੰਗ ਦੇ ਮੈਦਾਨ ਵਿਚ ਜਾਂਦੀ ਹੈ ਤਾਂ ਚੰਗੀ ਤਰ੍ਹਾਂ ਲੜਦੀ ਹੈ।"
"ਕੀ ਉੱਤਰੀ ਕੋਰੀਆਈ ਫੌਜਾਂ ਨੂੰ ਭੇਜਣ ਦੀ ਯੋਜਨਾ ਸਿਰਫ ਇੱਕ ਜਾਂ ਦੋ ਦਿਨ ਪਹਿਲਾਂ ਕੀਤੀ ਗਈ ਹੋਵੇਗੀ? ਉਨ੍ਹਾਂ ਨੇ ਰੂਸ ਨਾਲ ਇਸਦੀ ਯੋਜਨਾ ਬਣਾਈ ਹੋਵੇਗੀ ਅਤੇ ਉਸ ਅਨੁਸਾਰ ਹੀ ਸਿਖਲਾਈ ਦਿੱਤੀ ਗਈ ਹੋਵੇਗੀ।"
"ਉੱਤਰੀ ਕੋਰੀਆਈ ਫੌਜਾਂ ਲੀਡਰ ਅਤੇ ਪਾਰਟੀ ਲਈ ਬਹਾਦਰੀ ਨਾਲ ਲੜਨ ਅਤੇ ਮਰਨ ਲਈ ਦ੍ਰਿੜ ਅਤੇ ਤਿਆਰ ਹਨ। ਇਹ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ਼ ਪੈਸਾ ਜਾਂ ਭੋਜਨ ਤੋਂ ਸੱਖਣੇ ਲੋਕਾਂ ਨੂੰ ਇਕੱਠਾ ਕਰਕੇ ਜੰਗ ਲਈ ਭੇਜ ਦਿੱਤਾ ਹੋਵੇਗਾ।"
ਕੋਰੀਆ ਇੰਸਟੀਚਿਊਟ ਫਾਰ ਡਿਫੈਂਸ ਐਨਾਲਿਸਿਸ ਦੇ ਡਾ. ਡੂ ਜਿਨ-ਹੋ ਲਾਊਡਸਪੀਕਰ ਪ੍ਰਸਾਰਣ ਨੂੰ ਬਹੁਤ ਜੋਖ਼ਮ ਭਰਿਆ ਦੱਸਦੇ ਹਨ। ਉਹ ਚੇਤਾਵਨੀ ਦਿੰਦਿਆਂ ਕਹਿੰਦੇ ਹਨ, "ਜਦੋਂ ਹੀ ਲਾਊਡਸਪੀਕਰ ʼਤੇ ਉੱਤਰੀ ਕੋਰੀਆ ਦੇ ਵਿਰੋਧ ਵਿੱਚ ਪ੍ਰਸਾਰਣ ਕੀਤਾ ਜਾਵੇਗਾ ਤਾਂ ਡਰੋਨ ਦੁਆਰਾ ਹਮਲਾ ਹੋ ਜਾਵੇਗਾ।"
ਸਟੌਮ ਕੋਰਪਸ ਦੇ ਸਾਬਕਾ ਮੈਂਬਰ ਲੀ ਵੂੰਗ-ਗਿਲ ਸੰਚਾਰ ਲਈ ਘੱਟ ਸਿੱਧੇ ਤਰੀਕਿਆਂ ਨੂੰ ਵਰਤਣ ਦਾ ਸੁਝਾਅ ਦਿੰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਵੀਡੀਓ ਸੰਦੇਸ਼ ਜਾਂ ਆਡੀਓ ਰਿਕਾਰਡਿੰਗ ਸਿੱਧੇ ਸੰਪਰਕ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੇ ਹਨ।
"ਉੱਤਰੀ ਕੋਰੀਆਈ ਡਿਫੈਕਟਰਾਂ ਦੇ ਛੋਟੇ ਵੀਡੀਓ ਭੇਜਣਾ ਜ਼ਿਆਦਾ ਮਦਦਗਾਰ ਹੋਵੇਗਾ ਜੋ ਦੱਖਣੀ ਕੋਰੀਆ ਆਉਣ ਬਾਅਦ ਖੁਸ਼ੀ ਨਾਲ ਰਹਿ ਰਹੇ ਹਨ।"
ਉਨ੍ਹਾਂ ਨੇ ਸੁਝਾਇਆ ਕਿ ਇਹਨਾਂ ਫਾਈਲਾਂ ਨਾਲ ਲੋਡ ਕੀਤੇ ਐੱਮਪੀ ਪਲੇਅਰ ਜਾਂ ਪੁਰਾਣੇ ਸੈੱਲ ਫੋਨ ਭੇਜੇ ਜਾ ਸਕਦੇ ਹਨ ਕਿਉਂਕਿ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਜਿਆਦਾ ਤਕਨੀਕੀ ਸਮੱਗਰੀਆਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।
ਯੂਕਰੇਨ ਦੀ ਸਰਕਾਰ ਨੇ ਉੱਤਰੀ ਕੋਰੀਆਈ ਫੌਜਾਂ ਨੂੰ ਆਤਮ ਸਮਰਪਣ ਕਰਨ ਲਈ ਉਤਸ਼ਾਹਿਤ ਕਰਦੀ ਇੱਕ ਵੀਡੀਓ ਯੂਟਿਊਬ ਅਤੇ ਟੈਲੀਗ੍ਰਾਮ 'ਤੇ ਜਾਰੀ ਕੀਤੀ ਹੈ।
ਡਿਫੈਕਟਰਾਂ ਵੱਲੋਂ ਖ਼ਤਰਿਆਂ ਦੇ ਬਾਵਜੂਦ ਵੀ ਆਪਣੇ ਮਿਸ਼ਨ ਵਿੱਚ ਅਡੋਲ ਰਹਿਣ ਦੀ ਗੱਲ ਕਹੀ ਗਈ ਹੈ।
ਸਿਮ ਕਹਿੰਦੇ ਹਨ, "ਅਸੀਂ (ਡਿਫੈਕਟਰ) ਉਹ ਕਰਦੇ ਹਾਂ ਜੋ ਅਸੀਂ ਸਹੀ ਮੰਨਦੇ ਹਾਂ। ਸਾਡੇ ਲਈ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਅਜਿਹਾ ਯੋਗਦਾਨ ਪਾਉਣਾ ਬਹੁਤ ਸਾਰਥਕ ਹੋਵੇਗਾ।"
ਹਾਲਾਂਕਿ ਡਿਫੈਕਟਰਾਂ ਦੀਆਂ ਯੋਜਨਾਵਾਂ ਫਿਲਹਾਲ ਚਰਚਾ ਅਧੀਨ ਹਨ। ਪਰ ਯੂਕਰੇਨ ਦੀ ਸਰਕਾਰ ਪਹਿਲਾਂ ਹੀ ਕਾਰਵਾਈ ਕਰ ਚੁੱਕੀ ਹੈ।
ਉਨ੍ਹਾਂ ਨੇ ਯੂਟਿਊਬ ਅਤੇ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ 'ਤੇ ਇੱਕ ਪ੍ਰੋਪੇਗੰਡਾ ਵੀਡੀਓ ਜਾਰੀ ਕਰਦਿਆਂ ਕੋਰੀਆਈ ਪੀਪਲਜ਼ ਆਰਮੀ ਦੇ ਸੈਨਿਕਾਂ ਨਾਲ ਇੱਕ ਸਿਰਲੇਖ ਨਾਲ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਨਿਸ਼ਾਨਾ ਬਣਾਇਆ ਹੈ।
ਦੱਖਣੀ ਕੋਰੀਆ ਦੇ ਵਿਦੇਸ਼ ਅਤੇ ਏਕੀਕਰਨ ਮੰਤਰਾਲਿਆਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਡਿਫੈਕਟਰਾਂ ਦੁਆਰਾ ਯੂਕਰੇਨ ਦੀ ਯਾਤਰਾ ਕਰਨ 'ਤੇ ਉਹ ਕੋਈ ਵੀ ਸਥਿਤੀ ਨਹੀਂ ਰੱਖਦੇ ਹਨ।
ਯੂਕਰੇਨ ਦੇ ਵਿਦੇਸ਼ ਮੰਤਰਾਲੇ ਦੇ ਪ੍ਰੈੱਸ ਬੁਲਾਰੇ ਹਿਓਰੀ ਟਿੱਖੀ ਨੇ ਬੀਬੀਸੀ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਡਿਫੈਕਟਰਾਂ ਦਾ ਸੁਆਗਤ ਹੈ ਅਤੇ ਉਨ੍ਹਾਂ ਨੂੰ ਸਾਡੀ ਅੰਤਰਰਾਸ਼ਟਰੀ ਫੌਜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਾਂ।
ਉਨ੍ਹਾਂ ਨੇ ਕਿਹਾ, "ਸਾਨੂੰ ਉਨ੍ਹਾਂ ਦੇ ਯੂਕਰੇਨ ਵਿੱਚ ਆਉਣ ਅਤੇ ਉਨ੍ਹਾਂ ਦੇ ਨਾਲ ਸਹਿਯੋਗ ਕਰਨ ਵਿੱਚ ਖੁਸ਼ੀ ਹੋਵੇਗੀ। ਉੱਤਰੀ ਕੋਰੀਆ ਦੀਆਂ ਫੌਜਾਂ, ਭਾਸ਼ਾ ਅਤੇ ਉਨ੍ਹਾਂ ਦੀ ਸਮਝ ਸਾਡੇ ਲਈ ਬਹੁਤ ਕੀਮਤੀ ਹੋਵੇਗੀ।"
ਉਨ੍ਹਾਂ ਨੇ ਅੱਗੇ ਕਿਹਾ, "ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਯੂਕਰੇਨ ਦੇ ਵਿਰੁੱਧ ਆਪਣੇ ਹਮਲਾਵਰ ਯੁੱਧ ਵਿੱਚ ਉੱਤਰੀ ਕੋਰੀਆਈ ਫੌਜਾਂ ਦੀ ਸ਼ਮੂਲੀਅਤ ਇੱਕ ਗੰਭੀਰ ਵਿਸ਼ਵਵਿਆਪੀ ਖ਼ਤਰਾ ਹੈ ਜੋ ਕਿ ਵਿਸ਼ਵਵਿਆਪੀ ਪ੍ਰਤੀਕਿਰਿਆ ਦੀ ਮੰਗ ਕਰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ