ਦੱਖਣੀ ਕੋਰੀਆ 'ਚ ਇਹ ਮਾਪੇ ਆਪਣੇ ਆਪ ਨੂੰ ਛੋਟੀਆਂ ਕੋਠੜੀਆਂ 'ਚ ਕੈਦ ਕਿਉਂ ਕਰ ਰਹੇ ਹਨ

    • ਲੇਖਕ, ਹਿਓਜੰਗ ਕਿੰਮ
    • ਰੋਲ, ਬੀਬੀਸੀ ਪੱਤਰਕਾਰ

ਸਿਰਫ਼ ਇੱਕੋ ਚੀਜ਼ ਜੋ ‘ਹੈਪੀਨੈੱਸ ਫ਼ੈਕਟਰੀ’ ਦੇ ਹਰ ਇੱਕ ਕਮਰੇ ਨੂੰ ਬਾਹਰਲੀ ਦੁਨੀਆਂ ਨਾਲ ਜੋੜਦੀ ਹੈ, ਉਹ ਹੈ ਭੋਜਨ ਦੇਣ ਲਈ ਦਰਵਾਜ਼ੇ ਵਿੱਚ ਬਣਿਆ ਸੁਰਾਖ਼।

ਇਨ੍ਹਾਂ ਛੋਟੇ ਕਮਰਿਆਂ ਵਿੱਚ ਨਾ ਫ਼ੋਨ ਦੀ ਇਜਾਜ਼ਤ ਹੈ, ਨਾ ਲੈਪਟਾਪ ਦੀ। ਇਹ ਕਮਰੇ ਇੱਕ ਸਟੋਰ ਦੀ ਅਲਮਾਰੀ ਤੋਂ ਵੱਡੇ ਨਹੀਂ ਹਨ ਅਤੇ ਇੱਥੇ ਰਹਿਣ ਵਾਲਿਆਂ ਕੋਲ ਸਿਰਫ਼ ਖਾਲੀ ਕੰਧਾਂ ਦਾ ਸਾਥ ਹੈ।

ਇੱਥੇ ਰਹਿਣ ਵਾਲੇ ਭਾਵੇਂ ਜੇਲ੍ਹ ਵਾਲੀ ਨੀਲੀ ਵਰਦੀ ਪਹਿਨ ਸਕਦੇ ਹਨ, ਪਰ ਕੈਦੀ ਨਹੀਂ ਹਨ। ਉਹ ਦੱਖਣੀ ਕੋਰੀਆ ਦੇ ਇਸ ਕੇਂਦਰ ਵਿੱਚ ਕੈਦ ਦੇ ਤਜਰਬੇ ਲਈ ਆਏ ਹਨ।

ਇੱਥੇ ਆਏ ਜ਼ਿਆਦਾਤਰ ਲੋਕਾਂ ਦਾ ਇੱਕ ਬੱਚਾ ਅਜਿਹਾ ਹੈ ਜੋ ਸਮਾਜ ਤੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਹੈ, ਇਹ ਲੋਕ ਇਹ ਜਾਨਣ ਇੱਥੇ ਆਉਂਦੇ ਹਨ ਕਿ ਦੁਨੀਆ ਤੋਂ ਕੱਟ ਜਾਣਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ।

ਇਕਾਂਤ ਕੈਦ ਵਾਲਾ ਕਮਰਾ

ਇਕੱਲੇ ਰਹਿਣਾ ਪਸੰਦ ਕਰਨ ਵਾਲੇ ਜਵਾਨ ਲੋਕਾਂ ਨੂੰ ‘ਹੀਕੀਕੋਮੋਰੀ’ ਕਿਹਾ ਜਾਂਦਾ ਹੈ। ਇਹ ਸ਼ਬਦ 1990 ਵਿੱਚ ਜਪਾਨ ’ਚ ਕਿਸ਼ੋਰਾਂ ਅਤੇ ਨੌਜਵਾਨਾਂ ਦੇ ਸਮਾਜ ਤੋਂ ਪਿੱਛੇ ਹਟਣ ਦੀ ਵਿਆਖਿਆ ਕਰਨ ਲਈ ਘੜਿਆ ਗਿਆ ਸੀ। ਤੇ ਇਥੇ ਰਹਿਣ ਵਾਲੇ ਮਾਪਿਆਂ ਦੇ ਬੱਚੇ ਹੀਕੀਕੋਮੋਰੀ ਹਨ।

ਪਿਛਲੇ ਸਾਲ, ਦੱਖਣੀ ਕੋਰੀਆ ਦੇ ਸਿਹਤ ਤੇ ਭਲਾਈ ਵਿਭਾਗ ਦੇ 19-34 ਸਾਲ ਦੇ 15,000 ਨੌਜਵਾਨਾਂ ਦੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਪੰਜ ਫ਼ੀਸਦੀ ਤੋਂ ਵਧੇਰੇ ਲੋਕ ਖੁਦ ਨੂੰ ਅਲੱਗ-ਥਲੱਗ ਕਰ ਰਹੇ ਸੀ।

ਜੇ ਇਹ ਸਰਵੇ ਦੱਖਣੀ ਕੋਰੀਆਂ ਦੀ ਵਧੇਰੇ ਅਬਾਦੀ ਦੀ ਨੁਮਾਇੰਦਗੀ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤਕਰੀਬਨ 540,000 ਲੋਕ ਇਸ ਸਥਿਤੀ ਵਿੱਚ ਹਨ।

ਅਪ੍ਰੈਲ ਤੋਂ ਮਾਪੇ ਗ਼ੈਰ-ਸਰਕਾਰੀ ਸੰਸਥਾਵਾਂ ਦਿ ਕੋਰੀਆ ਯੂਥ ਫਾਊਂਡੇਸ਼ਨ ਅਤੇ ਦਿ ਬਲੂ ਵ੍ਹੇਲ ਰਿਕਵਰੀ ਸੈਂਟਰ ਵੱਲੋਂ ਫੰਡ ਕੀਤੇ ਜਾ ਰਹੇ ਤੇ ਚਲਾਏ ਜਾ ਰਹੇ 13 ਹਫ਼ਤਿਆਂ ਦੇ ਮਾਪਿਆਂ ਦੀ ਸਿੱਖਿਆ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ।

ਇਸ ਸਕੀਮ ਦਾ ਟੀਚਾ ਲੋਕਾਂ ਨੂੰ ਇਹ ਸਿਖਾਉਣਾ ਹੈ ਕਿ ਕਿਵੇਂ ਆਪਣੇ ਬੱਚੇ ਨਾਲ ਗੱਲਬਾਤ ਨੂੰ ਬਿਹਤਰ ਕਰ ਸਕਦੇ ਹਨ।

ਪ੍ਰੋਗਰਾਮ ਵਿੱਚ ਗਾਂਗਵੌਨ ਸੂਬੇ ਦੇ ਹੋਂਗਚਿਓਨ-ਗੁਨ ਸਥਿਤ ਕੇਂਦਰ ਵਿੱਚ ਬਣੇ ਕਮਰਿਆਂ ਅੰਦਰ ਤਿੰਨ ਦਿਨ ਲਈ ਇਕੱਲਿਆਂ ਕੈਦ ਰਹਿਣਾ ਵੀ ਸ਼ਾਮਲ ਹੈ।

ਉਮੀਦ ਇਹ ਕੀਤੀ ਜਾਂਦੀ ਹੈ ਕਿ ਇਕਲਾਪੇ ਵਿੱਚ ਰਹਿਣਾ ਮਾਪਿਆਂ ਨੂੰ ਆਪਣੇ ਬੱਚਿਆਂ ਬਾਰੇ ਬਿਹਤਰ ਸਮਝ ਦਿੰਦਾ ਹੈ।

ਭਾਵਨਾਤਮਕ ਕੈਦ

ਜਿਨ ਯੌਂਗ ਹੇ ਦਾ ਬੇਟਾ ਤਿੰਨ ਸਾਲ ਤੋਂ ਆਪਣੇ ਕਮਰੇ ਵਿੱਚ ਇਕੱਲਾ ਰਹਿੰਦਾ ਹੈ।

ਪਰ ਖੁਦ ਉਸ ਕੇਂਦਰ ਦੀ ਕੈਦ ਵਿੱਚ ਸਮਾਂ ਗੁਜ਼ਾਰਨ ਬਾਅਦ, ਜਿਨ(ਅਸਲੀ ਨਾਮ ਨਹੀਂ) ਉਨ੍ਹਾਂ ਦੇ 24 ਸਾਲਾ ਬੇਟੇ ਦੀ ‘ਭਾਵਨਾਤਮਕ ਕੈਦ’ ਨੂੰ ਬਿਹਤਰ ਤਰੀਕੇ ਨਾਲ ਸਮਝਣ ਲੱਗੇ ਹਨ। ਜਿਨ ਦੀ ਉਮਰ 50 ਸਾਲ ਹੈ।

ਉਹ ਕਹਿੰਦੇ ਹਨ, “ ਮੈਂ ਸੋਚਦੀ ਰਹੀ ਹਾਂ ਕਿ ਆਖਿਰ ਮੈਂ ਕੀ ਗ਼ਲਤ ਕੀਤਾ ਹੈ….ਇਸ ਬਾਰੇ ਸੋਚਣਾ ਦਰਦਨਾਇਕ ਹੈ।”

“ਪਰ ਜਿਵੇਂ ਹੀ ਮੈਂ ਸੋਚਣਾ ਸ਼ੁਰੂ ਕੀਤਾ, ਮੈਨੂੰ ਥੋੜ੍ਹਾ ਬਹੁਤ ਸਮਝ ਆਉਣ ਲੱਗਿਆ।”

ਗੱਲ ਬਾਤ ਕਰਨ ਤੋਂ ਝਿਜਕ

ਉਨ੍ਹਾਂ ਦਾ ਬੇਟਾ ਹਮੇਸ਼ਾ ਤੋਂ ਹੁਨਰਮੰਦ ਰਿਹਾ ਹੈ। ਜਿਨ ਕਹਿੰਦੀ ਹੈ ਉਨ੍ਹਾਂ ਦੋਵੇਂ ਮਾਂ-ਬਾਪ ਦੀਆਂ ਸ਼ੁਰੂ ਤੋਂ ਹੀ ਉਸ ਤੋਂ ਬਹੁਤ ਉਮੀਦਾਂ ਸਨ।

ਉਹ ਕਹਿੰਦੇ ਹਨ, “ਪਰ ਉਹ ਅਕਸਰ ਬਿਮਾਰ ਰਹਿੰਦਾ ਸੀ, ਦੋਸਤੀਆਂ ਬਣਾ ਕੇ ਰੱਖਣ ਲਈ ਉਸ ਨੂੰ ਸੰਘਰਸ਼ ਕਰਨਾ ਪੈਂਦਾ ਸੀ ਅਤੇ ਹੌਲੀ ਹੌਲੀ ਖਾਣ-ਪੀਣ ਸਬੰਧੀ ਡਿਸਆਰਡਰ ਪੈਦਾ ਹੋ ਗਿਆ ਜਿਸ ਨਾਲ ਉਸ ਦਾ ਸਕੂਲ ਜਾਣਾ ਮੁਸ਼ਕਿਲ ਹੋਣ ਲੱਗਿਆ ਸੀ।”

ਜਦੋਂ ਉਨ੍ਹਾਂ ਦੇ ਬੇਟੇ ਨੇ ਯੁਨੀਵਰਸਿਟੀ ਜਾਣਾ ਸ਼ੁਰੂ ਕੀਤਾ, ਕੁਝ ਸਮੇਂ ਲਈ ਸਭ ਕੁਝ ਸਹੀ ਜਾਪਿਆ ਪਰ ਫਿਰ ਇੱਕ ਦਿਨ ਉਸ ਨੇ ਪੂਰੀ ਤਰ੍ਹਾਂ ਖ਼ੁਦ ਨੂੰ ਸਮਾਜ ਤੋਂ ਅਲੱਗ-ਥਲੱਗ ਕਰ ਲਿਆ।

ਉਸ ਨੂੰ ਕਮਰੇ ਵਿੱਚ ਬੰਦ ਦੇਖਣਾ, ਨਿੱਜੀ ਸਾਫ਼-ਸਫਾਈ ਅਤੇ ਖਾਣ-ਪੀਣ ਨੂੰ ਅਣਗੌਲਿਆਂ ਕਰਦਿਆਂ ਦੇਖਣਾ ਮਾਪਿਆਂ ਦਾ ਦਿਲ ਤੋੜਦਾ ਸੀ।

ਉਹ ਸਮਝਦੇ ਹਨ ਕਿ ਚਿੰਤਾ, ਪਰਿਵਾਰ ਤੇ ਦੋਸਤਾਂ ਨਾਲ ਰਿਸ਼ਤਿਆਂ ਵਿੱਚ ਮੁਸ਼ਕਿਲ ਅਤੇ ਬਿਹਤਰੀਨ ਯੁਨੀਵਰਸਿਟੀ ਵਿੱਚ ਦਾਖਲਾ ਨਾ ਮਿਲਣ ਦੀ ਉਸ ਨੂੰ ਨਿਰਾਸ਼ਾ ਸੀ ਤੇ ਇਸ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਇੰਨਾ ਹੀ ਨਹੀਂ ਉਹ ਆਪਣੀ ਮਾਂ ਨਾਲ ਮੁਸ਼ਕਿਲਾਂ ਬਾਰੇ ਗੱਲ ਕਰਨ ਤੋਂ ਵੀ ਝਿਜਕਣ ਲੱਗਿਆ ਸੀ।

ਜਦੋਂ ਜਿਨ ਹੈਪੀਨੈੱਸ ਸੈਂਟਰ ਵਿੱਚ ਆਏ, ਤਾਂ ਉਨ੍ਹਾਂ ਨੇ ਅਲੱਗ-ਥਲੱਗ ਹੋਏ ਹੋਰ ਜਵਾਨ ਲੋਕਾਂ ਦੇ ਲਿਖੇ ਨੋਟ ਪੜ੍ਹੇ।

ਉਹ ਕਹਿੰਦੇ ਹਨ, “ਉਨ੍ਹਾਂ ਨੂੰ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿ ਉਹ ਚੁੱਪ ਰਹਿ ਕੇ ਖ਼ੁਦ ਦਾ ਬਚਾਅ ਕਰ ਰਿਹਾ ਹੈ, ਕਿਉਂਕਿ ਕੋਈ ਉਸ ਨੂੰ ਸਮਝਦਾ ਨਹੀਂ ਹੈ।”

ਪਾਰਕ ਹਾਨ-ਸਿਲ(ਅਸਲੀ ਨਾਮ ਨਹੀਂ) ਇੱਥੇ ਆਪਣੇ 26 ਸਾਲਾ ਬੇਟੇ ਲਈ ਆਏ, ਜਿਸ ਨੇ ਸੱਤ ਸਾਲ ਪਹਿਲਾਂ ਬਾਹਰੀ ਦੁਨੀਆ ਨਾਲ਼ੋਂ ਸੰਪਰਕ ਤੋੜ ਲਿਆ।

ਕਈ ਵਾਰ ਘਰੋਂ ਭੱਜਣ ਤੋਂ ਬਾਅਦ, ਉਹ ਹੁਣ ਆਪਣੇ ਕਮਰੇ ਤੋਂ ਬਾਹਰ ਬਹੁਤ ਘੱਟ ਨਿਕਲਦਾ ਹੈ।

ਪਾਰਕ ਉਸ ਨੂੰ ਕਾਊਂਸਰ ਅਤੇ ਡਾਕਟਰਾਂ ਕੋਲ ਲੈ ਕੇ ਗਏ ਪਰ ਉਸ ਦੇ ਬੇਟੇ ਨੇ ਮਾਨਸਿਕ ਸਿਹਤ ਸਬੰਧੀ ਕੋਈ ਵੀ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫ਼ਿਰ ਉਸ ਨੂੰ ਵੀਡੀਓ ਗੇਮਜ਼ ਖੇਡਣ ਦੀ ਆਦਤ ਪੈ ਗਈ।

ਆਪਸੀ ਵਿਅਕਤੀਗਤ ਰਿਸ਼ਤੇ

ਆਪਣੇ ਬੇਟੇ ਤੱਕ ਪਹੁੰਚਣ ਦਾ ਸੰਘਰਸ਼ ਕਰ ਰਹੀ ਪਾਰਕ ਨੇ ਇਕਾਂਤ ਕੈਦ ਵਾਲੇ ਇਸ ਪ੍ਰੋਗਰਾਮ ਜ਼ਰੀਏ ਉਸ ਨੂੰ ਬਿਹਤਰ ਸਮਝਣਾ ਸ਼ੁਰੂ ਕਰ ਦਿੱਤਾ।

ਉਹ ਕਹਿੰਦੀ ਹੈ, “ਮੈਂ ਇਹ ਅਹਿਸਾਸ ਕੀਤਾ ਹੈ ਕਿ ਆਪਣੇ ਬੇਟੇ ਨੂੰ ਖਾਸ ਢਾਂਚੇ ਵਿੱਚ ਢਲਣ ਲਈ ਮਜਬੂਰ ਕਰਨ ਦੀ ਬਜਾਏ ਉਸ ਦੀ ਜ਼ਿੰਦਗੀ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ।”

ਸਾਊਥ ਕੋਰੀਆ ਦੇ ਸਿਹਤ ਤੇ ਭਲਾਈ ਵਿਭਾਗ ਦੀ ਖੋਜ ਦੱਸਦੀ ਹੈ ਕਿ ਕਈ ਕਾਰਨ ਹਨ ਜਿਨ੍ਹਾਂ ਕਰਕੇ ਨੌਜਵਾਨ ਖੁਦ ਨੂੰ ਦੁਨੀਆ ਤੋਂ ਕੱਟ ਲੈXਦੇ ਹਨ।

ਮੰਤਰਾਲੇ ਦੇ 19-34 ਸਾਲ ਦੇ ਲੋਕਾਂ ਨਾਲ ਕੀਤੇ ਸਰਵੇਖਣ ਮੁਤਾਬਕ ਕੁਝ ਅਹਿਮ ਕਾਰਨ ਹਨ-

ਨੌਕਰੀ ਹਾਸਿਲ ਕਰਨ ਵਿੱਚ ਆਈ ਔਖਿਆਈ ਦਾ ਸਾਹਮਣਾ ਕਰਨ ਵਾਲੇ 24.1 ਫ਼ੀਸਦ ਨੌਜਵਾਨਾਂ ਨੇ ਅਜਿਹਾ ਕੀਤਾ। 23.5 ਫ਼ੀਸਦੀ ਉਹ ਨੌਜਵਾਨ ਸਨ ਜਿਨ੍ਹਾਂ ਨੂੰ ਆਪਸੀ ਵਿਅਕਤੀਗਤ ਰਿਸ਼ਤਿਆਂ ਵਿੱਚ ਉਲਝਣ ਸੀ। ਤੇ 12.4 ਘਰੈਲੂ ਸਮੱਸਿਆਵਾਂ ਨਾਲ ਜੂਝ ਰਹ ਸਨ ਤੇ ਇੰਨੇ ਹੀ ਸਿਹਤ ਸਮੱਸਿਆਵਾਂ ਦੀ ਝਪੇਟ ਵਿੱਚ ਸਨ।

ਪਿਛਲੇ ਸਾਲ ਦੱਖਣੀ ਕੋਰੀਆ ਵਿੱਚ ਆਤਮਹੱਤਿਆ ਦਰ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੀ, ਇੱਥੋਂ ਦੀ ਸਰਕਾਰ ਨੇ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਬਾਰੇ ਪੰਜ ਸਾਲਾ ਯੋਜਨਾ ਦਾ ਐਲਾਨ ਕੀਤਾ ਹੈ।

ਐਲਾਨ ਕੀਤਾ ਗਿਆ ਕਿ 20-34 ਸਾਲ ਦੀ ਉਮਰ ਵਾਲੇ ਲੋਕਾਂ ਦੀ ਮਾਨਸਿਕ ਸਿਹਤ ਸਬੰਧੀ ਮੈਡੀਕਲ ਸਹਾਇਤਾ ਲਈ ਸਰਕਾਰ ਵੱਲੋਂ ਵਿੱਤੀ ਸਹਾਇਆ ਮੁਹੱਈਆ ਕਰਵਾਈ ਜਾਵੇਗੀ।

ਜਪਾਨ ਵਿੱਚ, 1990 ਵਿਆਂ ਦੌਰਾਨ ਨੌਜਵਾਨਾਂ ਦੇ ਖ਼ੁਦ ਨੂੰ ਅਲੱਗ-ਥਲੱਗ ਕਰਨ ਦੀ ਪਹਿਲੀ ਲਹਿਰ ਦੇ ਨਤੀਜੇ ਵਜੋਂ ਬਜ਼ੁਰਗ ਮਾਪਿਆ ਉੱਤੇ ਨਿਰਭਰ ਮੱਧ-ਉਮਰ ਵਾਲੇ ਲੋਕਾਂ ਦੀ ਜਨਸੰਖਿਆ ਸਾਹਮਣੇ ਆਈ।

ਆਪਣੇ ਬਾਲਗ਼ ਬੱਚਿਆਂ ਨੂੰ ਸਿਰਫ਼ ਆਪਣੀ ਪੈਨਸ਼ਨ ਜ਼ਰੀਏ ਸਹਿਯੋਗ ਕਰਦੇ ਕਈ ਬਜ਼ੁਗ ਲੋਕ ਗਰੀਬੀ ਅਤੇ ਡਿਪਰੈਸ਼ਨ ਵੱਲ ਧੱਕੇ ਗਏ।

ਕਿਊਂਗ ਹੀ ਯੁਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਵਿੱਚ ਪ੍ਰੋਫੈਸਰ ਜਿਓਂਗ ਗੋ-ਵੂਨ ਕਹਿੰਦੇ ਹਨ ਕਿ ਤੈਅ ਸਮੇਂ ਵਿੱਚ ਜ਼ਿੰਦਗੀ ਦੇ ਵੱਡੇ ਮੀਲ-ਪੱਥਰ ਸਰ ਕਰਨ ਦੀ ਕੋਰੀਅਨ ਸਮਾਜ ਦੀ ਉਮੀਦ ਨੌਜਵਾਨਾਂ ਵਿੱਚ ਚਿੰਤਾ ਵਧਾਉਂਦੀ ਹੈ, ਖ਼ਾਸ ਕਰਕੇ ਆਰਥਿਕ ਖੜੋਤ ਅਤੇ ਘੱਟ ਰੁਜ਼ਗਾਰ ਦੇ ਦੌਰ ਵਿੱਚ।

ਬੱਚੇ ਦੀਆਂ ਪ੍ਰਾਪਤੀਆਂ ਨੂੰ ਮਾਪਿਆ ਦੀ ਸਫਲਤਾ ਵਜੋਂ ਦੇਖਣ ਦਾ ਵਿਚਾਰ, ਪਰਿਵਾਰਾਂ ਨੂੰ ਇਕਲਾਪੇ ਦੀ ਦਲਦਲ ਵਿੱਚ ਧੱਕਦਾ ਹੈ।

ਅਤੇ ਕਈ ਮਾਪੇ, ਆਪਣੇ ਬੱਚੇ ਦੇ ਸੰਘਰਸ਼ਾਂ ਨੂੰ ਪਰਵਰਿਸ਼ ਵਿੱਚ ਅਸਫਲਤਾ ਮੰਨਦੇ ਹਨ ਅਤੇ ਇਸ ਲਈ ਖ਼ੁਦ ਨੂੰ ਦੋਸ਼ੀ ਮਹਿਸੂਸ ਕਰਦੇ ਹਨ।

ਪ੍ਰੋਫੈਸਰ ਜਿਓਂਗ ਕਹਿੰਦੇ ਹਨ, “ਕੋਰੀਆ ਵਿੱਚ, ਮਾਪੇ ਅਕਸਰ ਆਪਣਾ ਪਿਆਰ ਅਤੇ ਭਾਵਨਾਵਾਂ ਬੋਲ ਕੇ ਦੱਸਣ ਦੀ ਬਜਾਇ ਵਿਹਾਰਕ ਕੰਮਾਂ ਤੇ ਭੂਮਿਕਾਵਾਂ ਜ਼ਰੀਏ ਜ਼ਾਹਿਰ ਕਰਦੇ।”

“ਮਾਪਿਆ ਦਾ ਸਖ਼ਤ ਮਿਹਨਤ ਨਾਲ ਕਮਾਈ ਕਰਕੇ ਆਪਣੇ ਬੱਚਿਆਂ ਦੀ ਟਿਊਸ਼ਨ ਫ਼ੀਸ ਭਰਨਾ ਜ਼ਿੰਮੇਵਾਰੀ ’ਤੇ ਜ਼ੋਰ ਦੇਣ ਵਾਲੇ ਕਨਫਿਊਸ਼ਨ ਸੱਭਿਆਚਾਰ ਦੀ ਬਹੁਤ ਆਮ ਉਦਾਹਰਨ ਹੈ।”

ਸਖ਼ਤ ਮਿਹਨਤ ’ਤੇ ਜ਼ੋਰ ਦਿੰਦਾ ਇਹ ਸੱਭਿਆਚਾਰ 21ਵੀਂ ਸਦੀ ਦੇ ਦੂਜੇ ਹਿੱਸੇ ਵਿੱਚ ਸਾਊਥ ਕੋਰੀਆਂ ਦੀ ਤੇਜ਼ ਆਰਥਿਕ ਤਰੱਕੀ ਦੀ ਗੱਲ ਕਰਦਾ ਹੈ, ਜਦੋਂ ਇਹ ਦੁਨੀਆ ਦੀਆਂ ਵੱਡੀਆਂ ਆਰਥਿਕਤਾਵਾਂ ਵਿੱਚੋਂ ਇੱਕ ਬਣਿਆ।

ਹਾਲਾਂਕਿ, ਵਰਲਡ ਇਨ-ਇਕੁਆਲਟੀ ਡਾਟਾਬੇਸ ਮੁਤਾਬਕ, ਦੇਸ਼ ਦੀ ਆਰਥਿਕਾ ਪਾੜਾ ਪਿਛਲੇ ਤਿੰਨ ਦਹਾਕਿਆਂ ਵਿੱਚ ਵਧਿਆ ਹੈ।

ਬਲੂ ਵ੍ਹੇਲ ਰਿਕਵਰੀ ਸੈਂਟਰ ਦੇ ਡਾਇਰੈਕਟਰ ਕਿਮ ਓਕ-ਰਾਨ ਕਹਿੰਦੇ ਹਨ ਕਿ ਨੌਜਵਾਨਾਂ ਦਾ ਇਕਲਾਪੇ ਵਿੱਚ ਰਹਿਣਾ ਇੱਕ ਪਰਿਵਾਰਕ ਸਮੱਸਿਆ ਹੈ, ਯਾਨੀ ਕਿ ਕਈ ਮਾਪੇ ਵੀ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਟੁੱਟ ਜਾਂਦੇ ਹਨ।

ਅਤੇ ਕਈ ਲੋਕਾਂ ਦੀ ਰਾਇ ਤੋਂ ਇੰਨੇ ਡਰੇ ਹੁੰਦੇ ਹਨ ਕਿ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨਾਲ ਵੀ ਆਪਣੀ ਸਮੱਸਿਆ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਹਨ।

“ਅਕਸਰ, ਉਹ ਛੁੱਟੀਆਂ ਵਿੱਚ ਪਰਿਵਾਰਕ ਇਕੱਠਾਂ ਵਿੱਚ ਸ਼ਾਮਲ ਹੋਣਾ ਬੰਦ ਕਰ ਦਿੰਦੇ ਹਨ।”

‘ਨਜ਼ਰ ਰੱਖਣਾ’

ਜਿਹੜੇ ਮਾਪੇ ਮਦਦ ਲਈ ਹੈਪੀਨੈਸ ਫ਼ੈਕਟਰੀ ਵਿੱਚ ਆਏ, ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਦੇ ਬੱਚੇ ਆਮ ਸਧਾਨਰ ਜ਼ਿੰਦਗੀ ਬਤੀਤ ਕਰਨਾ ਸ਼ੁਰੂ ਕਰਨਗੇ।

ਜਿਨ ਨੂੰ ਇਹ ਪੁੱਛੇ ਜਾਣ ਉੱਤੇ ਕਿ ਜਦੋਂ ਉਨ੍ਹਾਂ ਦਾ ਬੇਟਾ ਇਕਲਾਪੇ ਵਿੱਚੋਂ ਬਾਹਰ ਆਏਗਾ ਤਾਂ ਉਹ ਉਸ ਨਾਲ ਕੀ ਗੱਲ ਕਰਨਗੇ, ਤਾਂ ਜਿਨ ਦੀਆਂ ਅੱਖਾਂ ਭਰ ਆਈਆਂ।

ਕੰਬਦੀ ਅਵਾਜ਼ ਵਿੱਚ ਉਹ ਕਹਿੰਦੇ ਹਨ, “ ਤੁਸੀਂ ਬਹੁਤ ਮੁਸ਼ਕਿਲ ਵਿੱਚੋਂ ਲੰਘੇ ਹੋ।”

“ਇਹ ਬਹੁਤ ਔਖਾ ਸੀ, ਹੈ ਨਾ? ”

“ਹੁਣ ਮੈਂ ਤੁਹਾਡਾ ਧਿਆਨ ਰੱਖਾਂਗੀ ”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)