You’re viewing a text-only version of this website that uses less data. View the main version of the website including all images and videos.
ਇਸ ਸਾਲ ਭਾਰਤ ਵਿੱਚ ਮਾਨਸੂਨ ਦੌਰਾਨ ਮੀਂਹ ਇੰਨੇ ਘਾਤਕ ਕਿਉਂ ਰਹੇ? ਕੀ ਇਹ ਮਨੁੱਖੀ ਗ਼ਲਤੀਆਂ ਦਾ ਨਤੀਜਾ ਹੈ?
- ਲੇਖਕ, ਨਵੀਨ ਸਿੰਘ ਖੜਕਾ
- ਰੋਲ, ਵਾਤਾਵਰਣ ਪੱਤਰਕਾਰ
ਭਾਰਤ ਦਾ ਮਾਨਸੂਨ ਬੇਕਾਬੂ ਹੋ ਰਿਹਾ ਹੈ।
ਦੇਸ਼ ਦਾ ਅੱਧਾ ਹਿੱਸਾ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਹੇਠ ਹੈ, ਪੰਜਾਬ 1988 ਤੋਂ ਬਾਅਦ ਆਪਣੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਮਹਿਜ਼ 24 ਘੰਟਿਆਂ ਵਿੱਚ ਆਮ ਨਾਲੋਂ 1,000 ਫ਼ੀਸਦ ਤੋਂ ਵੱਧ ਮੀਂਹ ਪਿਆ।
28 ਅਗਸਤ ਅਤੇ 3 ਸਤੰਬਰ ਦੇ ਵਿਚਕਾਰ ਉੱਤਰ-ਪੱਛਮੀ ਭਾਰਤ ਵਿੱਚ ਔਸਤ ਤੋਂ 180 ਫ਼ੀਸਦ ਵੱਧ ਬਾਰਿਸ਼ ਹੋਈ ਅਤੇ ਦੱਖਣ ਵਿੱਚ ਇਹ 73 ਫ਼ੀਸਦ ਸੀ।
ਇਸ ਹਫ਼ਤੇ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੀਂਹ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਦੇ ਮਾਮਲੇ ਸਾਹਮਣੇ ਆਏ ਅਤੇ ਕਈ ਥਾਵਾਂ ਉੱਤੇ ਹੜ੍ਹ ਆਏ ਹਨ, ਜਿਸ ਨਾਲ ਪਿੰਡ ਅਤੇ ਕਸਬੇ ਡੁੱਬ ਗਏ ਹਨ ਅਤੇ ਸੈਂਕੜੇ ਲੋਕ ਮਾਰੇ ਗਏ ਹਨ। ਪਰ ਮੀਂਹ ਇੰਨਾ ਤੇਜ਼ ਕਿਵੇਂ ਹੋ ਗਿਆ?
ਬਦਲਦਾ ਮਾਨਸੂਨ
ਜਲਵਾਯੂ ਸੰਕਟ ਮਾਨਸੂਨ ਦੇ ਵਿਵਹਾਰ ਨੂੰ ਬਦਲ ਰਿਹਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਮੁੱਖ ਤਬਦੀਲੀਆਂ ਵਿੱਚੋਂ ਇੱਕ ਇਹ ਹੈ ਕਿ ਗਰਮ ਜਲਵਾਯੂ ਦੇ ਕਾਰਨ ਹਿੰਦ ਮਹਾਂਸਾਗਰ ਅਤੇ ਅਰਬ ਦੋਵਾਂ ਤੋਂ ਹੁਣ ਹਵਾ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ।
ਪਹਿਲਾਂ, ਮਾਨਸੂਨ ਦੌਰਾਨ ਮੀਂਹ ਸਥਿਰ ਰਹਿੰਦੇ ਸਨ ਅਤੇ ਚਾਰ ਮਹੀਨਿਆਂ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਵਿੱਚ ਬਰਾਬਰ ਵਰਦੇ ਸਨ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਹੁਣ ਲੰਬੇ ਸਮੇਂ ਤੱਕ ਸੁੱਕੇ ਮੌਸਮ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਹੀ ਇੱਕ ਛੋਟੇ ਖੇਤਰ ਵਿੱਚ ਭਾਰੀ ਮਾਤਰਾ ਵਿੱਚ ਮੀਂਹ ਪੈਂਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਪਹਾੜੀ ਖੇਤਰਾਂ ਵਿੱਚ ਤੇਜ਼ੀ ਨਾਲ ਵਾਪਰ ਰਿਹਾ ਹੈ ਜਿੱਥੇ ਨਮੀ ਨਾਲ ਭਰੇ ਵੱਡੇ ਬੱਦਲ ਪਹਾੜੀਆਂ ਨਾਲ ਟਕਰਾਉਂਦੇ ਹਨ ਅਤੇ ਇੱਕ ਛੋਟੇ ਜਿਹੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਭਾਰੀ ਮਾਤਰਾ ਵਿੱਚ ਮੀਂਹ ਵਰ੍ਹਾਉਂਦੇ ਹਨ। ਇਸੇ ਨੂੰ ਬੱਦਲ ਦਾ ਫਟਣਾ ਕਿਹਾ ਜਾਂਦਾ ਹੈ।
ਇਹ ਵਰਤਾਰਾ ਹੀ ਅਗਸਤ ਦੇ ਪਹਿਲੇ ਹਫ਼ਤੇ ਦੌਰਾਨ ਹਿਮਾਲਿਆਈ ਸੂਬਿਆਂ ਉੱਤਰਾਖੰਡ, ਭਾਰਤ-ਪ੍ਰਸ਼ਾਸਿਤ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਤਬਾਹੀ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਸੀ।
ਪਰ ਜਿਵੇਂ-ਜਿਵੇਂ ਤੁਸੀਂ ਹਿਮਾਲੀਅਨ ਸੂਬਿਆਂ ਤੋਂ ਦੱਖਣ ਵੱਲ ਜਾਣਾ ਸ਼ੁਰੂ ਕਰਦੇ ਹੋ ਤਾਂ ਕਾਰਨ ਬਦਲ ਜਾਂਦੇ ਹਨ।
ਪੱਛਮੀ ਗੜਬੜੀਆਂ
ਅਗਸਤ ਵਿੱਚ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਵਿੱਚ ਕਈ ਦਿਨਾਂ ਤੱਕ ਭਾਰੀ ਅਤੇ ਇੱਥੋਂ ਤੱਕ ਕਿ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮੁੱਖ ਤੌਰ 'ਤੇ ਭਾਰਤੀ ਉਪ ਮਹਾਂਦੀਪ ਵਿੱਚ ਪਹਿਲਾਂ ਤੋਂ ਮੌਜੂਦ ਮਾਨਸੂਨ ਪ੍ਰਣਾਲੀ ਅਤੇ ਪੱਛਮੀ ਗੜਬੜ ਵਿਚਕਾਰ ਆਪਸੀ ਤਾਲਮੇਲ ਕਾਰਨ ਸੀ। ਪੱਛਮੀ ਗੜਬੜ ਇੱਕ ਘੱਟ ਦਬਾਅ ਪ੍ਰਣਾਲੀ ਹੈ ਜੋ ਭੂਮੱਧ ਸਾਗਰ ਖੇਤਰ ਵਿੱਚ ਪੈਦਾ ਹੁੰਦੀ ਹੈ ਅਤੇ ਪੂਰਬ ਵੱਲ ਜਾਂਦੀ ਹੈ।
ਇਹ ਪੱਛਮੀ ਗੜਬੜ ਅਕਸਰ ਵਾਯੂਮੰਡਲ ਦੇ ਉੱਪਰਲੇ ਪੱਧਰਾਂ ਤੋਂ ਠੰਢੀ ਹਵਾ ਦਾ ਇੱਕ ਵਹਾਅ ਲੈ ਕੇ ਜਾਂਦੀ ਹੈ ਅਤੇ ਜਦੋਂ ਇਹ ਹੇਠਲੇ ਪੱਧਰਾਂ 'ਤੇ ਮੁਕਾਬਲਤਨ ਗਰਮ ਅਤੇ ਨਮੀ ਵਾਲੀ ਹਵਾ ਨਾਲ ਮਿਲਦੀ ਹੈ ਤਾਂ ਇਹ ਤੇਜ਼ ਮੌਸਮੀ ਗਤੀਵਿਧੀਆਂ ਦਾ ਕਾਰਨ ਬਣ ਸਕਦੀ ਹੈ। ਮੌਜੂਦਾ ਮਾਨਸੂਨ ਵਿੱਚ ਵੀ ਇਹ ਹੀ ਹੋ ਰਿਹਾ ਹੈ।
ਯੂਕੇ ਵਿੱਚ ਯੂਨੀਵਰਸਿਟੀ ਆਫ਼ ਰੀਡਿੰਗ ਦੇ ਮੌਸਮ ਵਿਗਿਆਨ ਵਿਭਾਗ ਦੇ ਖੋਜ ਵਿਗਿਆਨੀ ਅਕਸ਼ੈ ਦਿਓਰਸ ਨੇ ਕਿਹਾ, "ਇਹ ਮਾਨਸੂਨ ਅਤੇ ਪੱਛਮੀ ਗੜਬੜ ਦੇ ਵਿਚਕਾਰ ਇੱਕ ਦੁਰਲੱਭ 'ਐਟਮੋਸਫ਼ੀਅਰ ਟੈਂਗੋ' ਦਾ ਨਤੀਜਾ ਹੈ।"
ਉਨ੍ਹਾਂ ਕਿਹਾ, "ਮਾਨਸੂਨ ਨੂੰ ਇੱਕ ਭਰੀ ਹੋਈ ਪਾਣੀ ਦੀ ਤੋਪ ਵਾਂਗ ਦੇਖੋ ਅਤੇ ਪੱਛਮੀ ਗੜਬੜ ਨੂੰ ਇੱਕ ਟਰਿੱਗਰ ਵਜੋਂ।"
"ਅਸਲ ਵਿੱਚ ਇਸ ਟਰਿੱਗਰ ਨੂੰ ਜ਼ੋਰ ਨਾਲ ਖਿੱਚਿਆ ਗਿਆ ਸੀ, ਜਿਸ ਨਾਲ ਕਈ ਉੱਤਰੀ ਸੂਬਿਆਂ ਵਿੱਚ ਮੀਂਹ ਵਰਿਆ।"
ਆਈਐੱਮਡੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉੱਤਰੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਗਾਤਾਰ ਕਈ ਦਿਨਾਂ ਤੱਕ ਬਹੁਤ ਜ਼ਿਆਦਾ ਮੀਂਹ ਮੁੱਖ ਤੌਰ 'ਤੇ ਮਾਨਸੂਨ ਪ੍ਰਣਾਲੀ ਦੇ ਟਕਰਾਅ ਅਤੇ ਪੱਛਮੀ ਗੜਬੜੀ ਕਾਰਨ ਪਿਆ ਸੀ।
ਦਿਓਰਸ ਨੇ ਕਿਹਾ, "ਮਾਨਸੂਨ ਦੇ ਸਿਖ਼ਰਲੇ ਮੌਸਮ ਦੌਰਾਨ ਅਜਿਹੇ ਪਰਸਪਰ ਪ੍ਰਭਾਵ ਅਸਾਧਾਰਨ ਹਨ ਕਿਉਂਕਿ ਪੱਛਮੀ ਗੜਬੜ ਆਮ ਤੌਰ 'ਤੇ ਇਸ ਸਮੇਂ ਦੌਰਾਨ ਉੱਤਰ ਵੱਲ ਪਿੱਛੇ ਹਟ ਜਾਂਦੀ ਹੈ।"
ਇਸ ਸਾਲ ਇਹ ਪੂਰਬ ਵੱਲ ਕਿਉਂ ਮੋੜਿਆ?
ਵਿਗਿਆਨੀਆਂ ਨੇ ਇਸਦਾ ਕਾਰਨ ਜੈੱਟ ਸਟ੍ਰੀਮ ਦੱਸਿਆ ਹੈ। ਉੱਪਰਲੇ ਵਾਯੂਮੰਡਲ ਵਿੱਚ ਹਵਾ ਦੇ ਤੰਗ, ਤੇਜ਼ ਵਹਿਣ ਵਾਲੇ ਕਰੰਟ ਜੋ ਪੱਛਮ ਤੋਂ ਪੂਰਬ ਵੱਲ ਦੁਨੀਆਂ ਭਰ ਵਿੱਚ ਯਾਤਰਾ ਕਰਦੇ ਹਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਇਨ੍ਹਾਂ ਕਰੰਟਸ ਨੂੰ 'ਲਹਿਰਦਾਰ' ਬਣਾ ਰਹੀ ਹੈ, ਜਿਸਦਾ ਮਤਲਬ ਹੈ ਕਿ ਇਹ ਘੁੰਮ ਰਹੇ ਹਨ ਅਤੇ ਇੱਕ ਸਥਿਰ ਰਸਤੇ 'ਤੇ ਨਹੀਂ ਚੱਲ ਰਹੇ ਹਨ ਅਤੇ ਇਹ ਹੋਰ ਮੌਸਮ ਪ੍ਰਣਾਲੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਲਹਿਰਦਾਰ ਜੈੱਟ ਸਟ੍ਰੀਮ ਦੁਨੀਆਂ ਭਰ ਵਿੱਚ ਬਹੁਤ ਜ਼ਿਆਦਾ ਮੌਸਮੀ ਘਟਨਾਵਾਂ ਦਾ ਕਾਰਨ ਬਣ ਰਹੇ ਹਨ। ਭਾਰਤ ਵੀ ਇਸ ਵਿੱਚ ਸ਼ਾਮਲ ਹੈ, ਜਿੱਥੇ ਉਪ-ਉਪਖੰਡੀ ਜੈੱਟ ਸਟ੍ਰੀਮ ਪੱਛਮੀ ਗੜਬੜੀਆਂ ਨੂੰ ਅਸਾਧਾਰਨ ਤੌਰ 'ਤੇ ਦੱਖਣ ਵੱਲ ਉੱਤਰੀ ਹਿੱਸਿਆਂ ਵਿੱਚ ਲੈ ਗਿਆ ਹੈ।
ਦਿਓਰਸ ਨੇ ਕਿਹ, "ਇਹ ਇਸ ਗੱਲ ਦੀ ਇੱਕ ਸਪਸ਼ਟ ਯਾਦ ਦਿਵਾਉਂਦਾ ਹੈ ਕਿ ਕਿਵੇਂ ਵਿਸ਼ਵਵਿਆਪੀ ਹਵਾ ਦੇ ਪੈਟਰਨ ਸਥਾਨਕ ਮਾਨਸੂਨ ਗਤੀਸ਼ੀਲਤਾ ਨੂੰ ਵਧਾ ਸਕਦੇ ਹਨ। ਮਾਨਸੂਨ ਨੂੰ ਤਬਾਹੀ ਵਿੱਚ ਬਦਲ ਸਕਦੇ ਹਨ, ਨਦੀਆਂ ਨੂੰ ਤੇਜ਼ ਹੜ੍ਹਾਂ ਵਿੱਚ ਅਤੇ ਹਿਮਾਲਿਆ ਨੂੰ ਕਬਰਸਤਾਨ ਵਿੱਚ ਬਦਲ ਸਕਦੇ ਹਨ।"
ਅਸਥਿਰ ਪਹਾੜ
ਭਾਰਤ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਮਾਨਸੂਨ ਸੀਜ਼ਨ ਦੌਰਾਨ ਬਹੁਤ ਜ਼ਿਆਦਾ ਮੀਂਹ ਹੜ੍ਹਾਂ ਦਾ ਇੱਕ ਵੱਡਾ ਕਾਰਨ ਰਿਹਾ ਹੈ। ਪਰ ਹੋਰ ਕਾਰਕ ਵੀ ਇਸ ਵਿੱਚ ਭੂਮਿਕਾ ਨਿਭਾਉਂਦੇ ਹਨ ਖ਼ਾਸ ਕਰਕੇ ਜਦੋਂ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਗੱਲ ਆਉਂਦੀ ਹੈ।
ਉੱਤਰੀ ਭਾਰਤ ਅਤੇ ਪਾਕਿਸਤਾਨ ਦੇ ਕਈ ਹਿੱਸਿਆਂ ਜੋ ਕਿ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਦੇ ਹੇਠਾਂ ਵੱਲ ਹਨ, ਨੇ ਤਬਾਹਕੁੰਨ ਹੜ੍ਹ ਵੇਖੇ ਹਨ ਹਾਲਾਂਕਿ ਇਸ ਦਾ ਕਾਰਨ ਬੱਦਲ ਫਟਣਾ ਜਾਂ ਮੀਂਹ ਨਹੀਂ ਰਿਹਾ ਸੀ।
ਵਿਗਿਆਨੀਆਂ ਨੇ ਕਈ ਸੰਭਾਵਿਤ ਵਿਆਖਿਆਵਾਂ ਦਿੱਤੀਆਂ ਹਨ। ਜਿਵੇਂ ਕਿ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਕਾਰਨ ਜ਼ਿਆਦਾ ਭਰੀਆਂ ਗਲੇਸ਼ੀਅਰ ਝੀਲਾਂ ਦਾ ਫਟਣਾ। ਭੂਮੀਗਤ ਝੀਲਾਂ ਤਰੇੜਾਂ ਵਿੱਚੋਂ ਪਾਣੀ ਦੇ ਵਹਾਅ ਨਾਲ ਨਕਲੀ ਝੀਲਾਂ ਬਣ ਜਾਂਦੀਆਂ ਹਨ ਜੋ ਫਿਰ ਹੜ੍ਹਾਂ ਦਾ ਕਾਰਨ ਬਣਦੀਆਂ ਹਨ।
ਹਾਲਾਂਕਿ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰਾਂ, ਬਰਫ਼ੀਲੇ ਖੇਤਰਾਂ, ਸਨੋਪੈਕਸ ਅਤੇ ਪਰਮਾਫ੍ਰੌਸਟ (ਸਥਾਈ ਜੰਮੀ ਹੋਈ ਜ਼ਮੀਨ ਜੋ ਮਿੱਟੀ ਦੇ ਹੇਠਾਂ ਲੁਕੀ ਰਹਿੰਦੀ ਹੈ) ਦੇ ਤੇਜ਼ੀ ਨਾਲ ਪਿਘਲਣ ਨਾਲ ਪਹਾੜ ਅਸਥਿਰ ਹੁੰਦੇ ਜਾ ਰਹੇ ਹਨ।
ਬਰਫ਼, ਪਹਾੜੀ ਢਲਾਣਾਂ ਨੂੰ ਸਥਿਰ ਰੱਖਣ ਲਈ ਸੀਮਿੰਟ ਵਾਂਗ ਕੰਮ ਕਰਦੇ ਹਨ ਅਤੇ ਮੀਂਹ ਇੱਥੇ ਵੀ ਨੁਕਸਾਨ ਪਹੁੰਚਾਉਂਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਉੱਚੇ ਇਲਾਕਿਆਂ ਵਿੱਚ ਬਾਰਿਸ਼ ਵੱਧ ਰਹੀ ਹੈ ਜਿੱਥੇ ਪਹਿਲਾਂ ਜ਼ਿਆਦਾਤਰ ਬਰਫ਼ ਪੈਂਦੀ ਸੀ। ਇਸ ਨਾਲ ਪਹਾੜ ਹੋਰ ਵੀ ਅਸਥਿਰ ਹੋਏ ਹਨ, ਪਾਣੀ ਡਿੱਗ ਰਿਹਾ ਹੈ ਅਤੇ ਜ਼ਮੀਨ ਕਮਜ਼ੋਰ ਹੋ ਰਹੀ ਹੈ।
ਗ੍ਰੈਜ਼ ਯੂਨੀਵਰਸਿਟੀ ਦੇ ਭੂ-ਵਿਗਿਆਨੀ ਜੈਕਬ ਸਟੀਨਰ ਨੇ ਕਿਹਾ, "ਅਸੀਂ ਇੱਕ ਜਾਂ ਦੋ ਦਿਨਾਂ ਦੇ ਅੰਦਰ ਪੂਰੇ ਬਰਫ਼ੀਲੇ ਖੇਤਰ ਪਿਘਲਦੇ ਦੇਖ ਰਹੇ ਹਾਂ ਜਦੋਂ ਉਨ੍ਹਾਂ 'ਤੇ ਮੀਂਹ ਪੈਂਦਾ ਹੈ ਅਤੇ ਪਾਣੀ ਦੀ ਵੱਡੀ ਮਾਤਰਾ ਹੜ੍ਹਾਂ ਦਾ ਰੂਪ ਲੈ ਲੈਂਦੀ ਹੈ।"
ਮਨੁੱਖੀ ਕਾਰਨਾਂ ਕਰਕੇ ਆਈਆਂ ਆਫ਼ਤਾਂ
ਇਹ ਵਰਤਾਰਾ ਮਨੁੱਖੀ ਗਤੀਵਿਧੀਆਂ ਕਾਰਨ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ।
ਮਨੁੱਖੀ ਬਸਤੀਆਂ ਨੇ ਪਹਾੜਾਂ ਅਤੇ ਮੈਦਾਨਾਂ ਦੋਵਾਂ ਖੇਤਰਾਂ ਵਿੱਚ ਦਰਿਆਵਾਂ ਅਤੇ ਹੜ੍ਹਾਂ ਦੇ ਮੈਦਾਨਾਂ ਦੇ ਰਾਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਹੁਣ ਉਹ ਇਨ੍ਹਾਂ ਦਾ ਵਹਿਣ ਰੋਕਦੇ ਹਨ।
ਹਾਈਵੇਅ, ਸੁਰੰਗਾਂ ਅਤੇ ਪਣ-ਬਿਜਲੀ ਪਲਾਂਟਾਂ ਵਰਗੇ ਬੁਨਿਆਦੀ ਢਾਂਚੇ ਦੇ ਵਿਕਾਸ ਪਹਾੜਾਂ ਨੂੰ ਹੋਰ ਕਮਜ਼ੋਰ ਕਰਦੇ ਹਨ।
ਇਸ ਸਾਲ ਆਮ ਤੋਂ ਵੱਧ ਮਾਨਸੂਨ ਬਾਰਿਸ਼ ਦੀ ਚੇਤਾਵਨੀ ਦੇ ਬਾਵਜੂਦ, ਕਈ ਥਾਵਾਂ 'ਤੇ ਦਰਿਆ ਦੇ ਬੰਨ੍ਹ ਅਤੇ ਪੁਰਾਣੇ ਨਾਲੇ ਮੁਰੰਮਤ ਨਹੀਂ ਹੋਏ। ਪਲਾਸਟਿਕ ਦਾ ਕੂੜਾ ਸ਼ਹਿਰੀ ਇਲਾਕਿਆਂ ਵਿੱਚ ਹੜ੍ਹਾਂ ਨੂੰ ਰੋਕਣ ਲਈ ਕੀਤੀ ਗਈ ਵਿਵਸਥਾ ਵਿੱਚ ਵੱਡਾ ਵਿਘਨ ਪਾਉਂਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਬਾਰਸ਼ਾਂ ਅਤੇ ਹੜ੍ਹਾਂ ਦੇ ਪ੍ਰਭਾਵਾਂ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਇਨ੍ਹਾਂ ਮੁੱਦਿਆਂ ਨੂੰ ਸਮੇਂ ਸਿਰ ਹੱਲ ਕੀਤਾ ਜਾਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ