ਮੁਸਤਫ਼ਿਜ਼ੁਰ ਨੂੰ ਕੇਕੇਆਰ ਤੋਂ ਹਟਾਉਣ 'ਤੇ ਵਧਿਆ ਵਿਵਾਦ, ਬੰਗਲਾਦੇਸ਼ ਨੇ ਆਈਪੀਐੱਲ ਅਤੇ ਵਿਸ਼ਵ ਕੱਪ ਮੈਚਾਂ ਨੂੰ ਲੈ ਕੇ ਕਹੀ ਇਹ ਗੱਲ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ਨੀਵਾਰ ਨੂੰ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ ਬੰਗਲਾਦੇਸ਼ੀ ਕ੍ਰਿਕਟਰ ਮੁਸਤਫ਼ਿਜ਼ੁਰ ਰਹਿਮਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀ ਟੀਮ ਤੋਂ ਬਾਹਰ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਤੋਂ ਬਾਅਦ ਕੇਕੇਆਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਬੀਸੀਸੀਆਈ ਦੇ ਨਿਰਦੇਸ਼ਾਂ ਅਨੁਸਾਰ ਮੁਸਤਫ਼ਿਜ਼ੁਰ ਰਹਿਮਾਨ ਨੂੰ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ।

ਭਾਰਤ ਵਿੱਚ ਹੋਏ ਇਸ ਘਟਨਾਕ੍ਰਮ 'ਤੇ ਹੁਣ ਬੰਗਲਾਦੇਸ਼ ਵੱਲੋਂ ਸਖ਼ਤ ਪ੍ਰਤੀਕਿਰਿਆ ਆਈ ਹੈ। ਬੰਗਲਾਦੇਸ਼ ਦੇ ਖੇਡ ਮੰਤਰਾਲੇ ਦੇ ਸਲਾਹਕਾਰ ਆਸਿਫ਼ ਨਜ਼ਰੁਲ ਨੇ ਸੂਚਨਾ ਅਤੇ ਪ੍ਰਸਾਰਣ ਸਲਾਹਕਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਬੰਗਲਾਦੇਸ਼ ਵਿੱਚ ਆਈਪੀਐੱਲ ਮੈਚਾਂ ਦਾ ਪ੍ਰਸਾਰਣ ਰੋਕਿਆ ਜਾਵੇ।

ਇਸ ਤੋਂ ਇਲਾਵਾ, ਆਸਿਫ਼ ਨਜ਼ਰੁਲ ਨੇ ਅਗਲੇ ਮਹੀਨੇ ਮਤਲਬ ਫ਼ਰਵਰੀ ਵਿੱਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ਅਤੇ ਆਪਣੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ।

ਇਸ ਦੇ ਨਾਲ ਹੀ, ਭਾਰਤ ਵਿੱਚ ਵੀ ਬੀਸੀਸੀਆਈ ਦੇ ਇਸ ਫ਼ੈਸਲੇ 'ਤੇ ਸਵਾਲ ਉੱਠ ਰਹੇ ਹਨ।

ਕਾਂਗਰਸ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਖੇਡ ਨੂੰ ਸਿਆਸੀ ਤਣਾਅ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ।

ਇਤਿਹਾਸਕਾਰ ਰਾਮਚੰਦਰ ਗੁਹਾ ਦਾ ਮੰਨਣਾ ਹੈ ਕਿ ਇਹ ਇੱਕ ਨਾਸਮਝੀ ਭਰਿਆ ਫ਼ੈਸਲਾ ਹੈ ਅਤੇ ਇਸ ਦੇ ਕਾਰਨ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਕਾਰ ਨਜ਼ਦੀਕੀਆਂ ਹੋਰ ਜ਼ਿਆਦਾ ਵਧਣਗੀਆਂ।

ਹਾਲਾਂਕਿ ਭਾਜਪਾ ਆਗੂ ਸੰਗੀਤ ਸੋਮ ਨੇ ਬੀਸੀਸੀਆਈ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਦੇਸ਼ ਦੇ ਸਾਰੇ ਹਿੰਦੂਆਂ ਦੀ ਜਿੱਤ ਹੈ।

ਇਸ ਤੋਂ ਪਹਿਲਾਂ ਭਾਰਤ ਵਿੱਚ ਦੱਖਣਪੰਥੀ ਸੰਗਠਨ ਅਤੇ ਕੁਝ ਭਾਜਪਾ ਆਗੂਆਂ ਨੇ ਮੁਸਤਫ਼ਿਜ਼ੁਰ ਰਹਿਮਾਨ ਨੂੰ ਕੇਕੇਆਰ ਟੀਮ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਸ਼ਾਹਰੁਖ਼ ਖ਼ਾਨ 'ਤੇ ਨਾਰਾਜ਼ਗੀ ਪ੍ਰਗਟਾਈ ਸੀ।

ਸ਼ਨੀਵਾਰ ਨੂੰ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕਿਆ ਨੇ ਕਿਹਾ ਕਿ ਇਹ ਫ਼ੈਸਲਾ ਹਾਲੀਆ ਘਟਨਾਕ੍ਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਬੋਰਡ ਕੇਕੇਆਰ ਨੂੰ ਮੁਸਤਫ਼ਿਜ਼ੁਰ ਰਹਿਮਾਨ ਦੀ ਥਾਂ ਕਿਸੇ ਹੋਰ ਖਿਡਾਰੀ ਨੂੰ ਰੱਖਣ ਦੀ ਇਜਾਜ਼ਤ ਦੇਵੇਗਾ।

ਆਸਿਫ਼ ਨਜ਼ਰੁਲ ਨੇ ਕੀ ਕਿਹਾ?

ਬੰਗਲਾਦੇਸ਼ ਦੇ ਖੇਡ ਮੰਤਰਾਲੇ ਦੇ ਸਲਾਹਕਾਰ ਆਸਿਫ਼ ਨਜ਼ਰੁਲ ਨੇ ਬੀਸੀਸੀਆਈ ਦੇ ਫ਼ੈਸਲੇ ਦਾ ਸਖਤ ਵਿਰੋਧ ਕੀਤਾ ਹੈ। ਆਸਿਫ਼ ਨਜ਼ਰੁਲ ਉਨ੍ਹਾਂ ਲੋਕਾਂ ਵਿੱਚੋਂ ਵੀ ਹਨ ਜੋ ਹਾਲ ਹੀ ਵਿੱਚ ਬੰਗਲਾਦੇਸ਼ ਗਏ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮਿਲੇ ਸਨ।

ਉਨ੍ਹਾਂ ਨੇ ਫੇਸਬੁੱਕ 'ਤੇ ਇੱਕ ਪੋਸਟ ਵਿੱਚ ਕਿਹਾ, "ਭਾਰਤੀ ਕ੍ਰਿਕਟ ਬੋਰਡ ਨੇ ਕੱਟੜਪੰਥੀ ਫਿਰਕੂ ਸਮੂਹਾਂ ਦੀ ਨੀਤੀ ਨੂੰ ਸਵੀਕਾਰ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੂੰ ਬੰਗਲਾਦੇਸ਼ ਦੇ ਕ੍ਰਿਕਟਰ ਮੁਸਤਫ਼ਿਜ਼ੁਰ ਰਹਿਮਾਨ ਨੂੰ ਟੀਮ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਮੈਂ ਇਸ ਦੀ ਕੜੀ ਨਿੰਦਾ ਕਰਦਾ ਹਾਂ ਅਤੇ ਇਸ ਦਾ ਵਿਰੋਧ ਕਰਦਾ ਹਾਂ।"

ਆਸਿਫ਼ ਨਜ਼ਰੁਲ ਨੇ ਕਿਹਾ, "ਖੇਡ ਮੰਤਰਾਲੇ ਦਾ ਜ਼ਿੰਮੇਵਾਰ ਸਲਾਹਕਾਰ ਹੋਣ ਦੇ ਨਾਤੇ ਮੈਂ ਕ੍ਰਿਕਟ ਕੰਟਰੋਲ ਬੋਰਡ ਨੂੰ ਕਿਹਾ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਆਈਸੀਸੀ ਨੂੰ ਦੇਵੇ। ਬੋਰਡ ਨੇ ਕਿਹਾ ਕਿ ਜਦੋਂ ਕਿਸੇ ਬੰਗਲਾਦੇਸ਼ੀ ਕ੍ਰਿਕਟਰ ਨੂੰ ਕਾਂਟ੍ਰੈਕਟ ਦੇ ਬਾਵਜੂਦ ਭਾਰਤ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਮਿਲ ਸਕਦੀ, ਤਾਂ ਪੂਰੀ ਬੰਗਲਾਦੇਸ਼ ਕ੍ਰਿਕਟ ਟੀਮ ਵਿਸ਼ਵ ਕੱਪ ਵਿੱਚ ਜਾਣ ਨੂੰ ਲੈ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੀ।"

ਬੰਗਲਾਦੇਸ਼ ਦੇ ਖੇਡ ਮੰਤਰਾਲੇ ਦੇ ਸਲਾਹਕਾਰ ਨੇ ਕਿਹਾ ਕਿ ਉਨ੍ਹਾਂ ਨੇ "ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਆਈਸੀਸੀ ਕੋਲੋਂ ਬੰਗਲਾਦੇਸ਼ ਦੇ ਵਿਸ਼ਵ ਕੱਪ ਮੈਚ ਸ਼੍ਰੀਲੰਕਾ ਵਿੱਚ ਕਰਵਾਉਣ ਦੀ ਬੇਨਤੀ ਕਰੇ।"

ਦਰਅਸਲ, ਇਸ ਸਾਲ ਫ਼ਰਵਰੀ ਵਿੱਚ ਹੋਣ ਵਾਲੇ ਟੀ-20 ਕ੍ਰਿਕਟ ਵਰਲਡ ਕੱਪ ਦੀ ਮੇਜ਼ਬਾਨੀ ਭਾਰਤ ਅਤੇ ਸ਼ੀਲੰਕਾ ਕਰ ਰਹੇ ਹਨ।

ਆਸਿਫ਼ ਨਜ਼ਰੁਲ ਨੇ ਆਈਪੀਐੱਲ ਮੈਚਾਂ ਦੇ ਪ੍ਰਸਾਰਣ ਨੂੰ ਲੈ ਕੇ ਸਖਤ ਰੁਖ਼ ਅਪਣਾਉਂਦਿਆਂ ਕਿਹਾ, "ਮੈਂ ਸੂਚਨਾ ਅਤੇ ਪ੍ਰਸਾਰਣ ਸਲਾਹਕਾਰ ਨੂੰ ਬੇਨਤੀ ਕਰਦਾ ਹਾਂ ਕਿ ਬੰਗਲਾਦੇਸ਼ ਵਿੱਚ ਆਈਪੀਐੱਲ ਮੈਚਾਂ ਦਾ ਪ੍ਰਸਾਰਣ ਰੋਕਿਆ ਜਾਵੇ।"

ਉਨ੍ਹਾਂ ਕਿਹਾ, "ਅਸੀਂ ਕਿਸੇ ਵੀ ਹਾਲਤ ਵਿੱਚ ਬੰਗਲਾਦੇਸ਼ ਦੇ ਕ੍ਰਿਕਟ, ਬੰਗਲਾਦੇਸ਼ੀ ਕ੍ਰਿਕਟਰਾਂ ਅਤੇ ਬੰਗਲਾਦੇਸ਼ ਦਾ ਅਪਮਾਨ ਸਵੀਕਾਰ ਨਹੀਂ ਕਰਾਂਗੇ। ਗ਼ੁਲਾਮੀ ਦੇ ਦਿਨ ਹੁਣ ਖ਼ਤਮ ਹੋ ਚੁੱਕੇ ਹਨ।"

'ਨਾਸਮਝੀ ਭਰਿਆ ਕਦਮ'

ਰਾਮਚੰਦਰ ਗੁਹਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, "ਇਹ ਬਹੁਤ ਹੀ ਨਾਸਮਝੀ ਭਰਿਆ ਕਦਮ ਹੈ। ਬੰਗਲਾਦੇਸ਼ ਨਾਲ ਚੰਗੇ ਸਬੰਧ ਰੱਖਣਾ ਭਾਰਤ ਦੇ ਰਾਸ਼ਟਰੀ ਹਿੱਤ ਵਿੱਚ ਹੈ ਅਤੇ ਦੋਵਾਂ ਦੇਸ਼ਾਂ ਦੇ ਕ੍ਰਿਕਟ ਨਾਲ ਜੁੜੇ ਰਿਸ਼ਤੇ ਇਸ ਵਿੱਚ ਮਹੱਤਵਪੂਰਨ ਹੋ ਸਕਦੇ ਹਨ। ਪਰ ਇਹ ਫ਼ੈਸਲਾ ਢਾਕਾ ਨੂੰ ਇਸਲਾਮਾਬਾਦ ਦੇ ਹੋਰ ਨੇੜੇ ਲਿਜਾ ਸਕਦਾ ਹੈ।"

ਸੀਨੀਅਰ ਪੱਤਰਕਾਰ ਪ੍ਰਭੂ ਚਾਵਲਾ ਨੇ ਬੀਸੀਸੀਆਈ ਦੇ ਇਸ ਫ਼ੈਸਲੇ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਢਾਕਾ ਜਾ ਕੇ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਆਗੂਆਂ ਨਾਲ ਹੱਥ ਮਿਲਾ ਸਕਦੇ ਹਨ, ਤਾਂ ਇੱਕ ਖਿਡਾਰੀ ਭਾਰਤ ਕਿਉਂ ਨਹੀਂ ਆ ਸਕਦਾ?

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ 'ਤੇ ਲਿਖਿਆ, "ਕੀ ਬੀਸੀਸੀਆਈ ਇਸ ਸਾਲ ਦੇ ਅਖ਼ੀਰ ਵਿੱਚ ਭਾਰਤੀ ਟੀਮ ਦਾ ਬੰਗਲਾਦੇਸ਼ ਦੌਰਾ ਵੀ ਰੱਦ ਕਰ ਦੇਵੇਗਾ? ਫ਼ੈਸਲੇ ਕਰਨ ਵਿੱਚ ਨਿਰੰਤਰਤਾ ਕਿਉਂ ਨਹੀਂ ਹੈ? ਜੇ ਵਿਦੇਸ਼ ਮੰਤਰੀ ਜੈਸ਼ੰਕਰ ਢਾਕਾ ਜਾ ਕੇ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਆਗੂਆਂ ਨਾਲ ਹੱਥ ਮਿਲਾ ਸਕਦੇ ਹਨ, ਤਾਂ ਇੱਕ ਖਿਡਾਰੀ ਭਾਰਤ ਕਿਉਂ ਨਹੀਂ ਜਾ ਸਕਦਾ?"

ਬੰਗਲਾਦੇਸ਼ੀ ਕ੍ਰਿਕਟਰ ਸ਼ਾਕਿਬ ਅਲ ਹਸਨ ਇੰਟਰਨੈਸ਼ਨਲ ਲੀਗ ਟੀ-20 ਵਿੱਚ ਐੱਮਆਈ ਐਮੀਰੇਟਸ ਵੱਲੋਂ ਖੇਡਦੇ ਹਨ।

ਸ਼ੁੱਕਰਵਾਰ ਨੂੰ ਸ਼ਾਕਿਬ ਅਲ ਹਸਨ ਨੇ ਐੱਮਆਈ ਐਮੀਰੇਟਸ ਵੱਲੋਂ ਖੇਡਦੇ ਹੋਏ 24 ਗੇਂਦਾਂ ਵਿੱਚ 38 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਐੱਮਆਈ ਐਮੀਰੇਟਸ ਨੇ ਦੂਜੇ ਕਵਾਲੀਫਾਇਰ ਵਿੱਚ ਆਬੂ ਧਾਬੀ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਆਪਣੀ ਬਣਾਈ।

ਸ਼ਾਕਿਬ ਅਲ ਹਸਨ ਨੂੰ ਇਸ ਪਾਰੀ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।

ਇਸ ਗੱਲ ਦਾ ਜ਼ਿਕਰ ਕਰਦਿਆਂ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਸਤਫ਼ਿਜ਼ੁਰ ਰਹਿਮਾਨ, ਸ਼ਾਹਰੁਖ਼ ਖ਼ਾਨ ਅਤੇ ਕੇਕੇਆਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, "ਇੱਕ ਕ੍ਰਿਕਟ ਪੱਤਰਕਾਰ ਨੇ ਮੈਨੂੰ ਯਾਦ ਦਿਵਾਇਆ ਕਿ ਸ਼ਾਕਿਬ ਅਲ ਹਸਨ ਯੂਏਈ ਵਿੱਚ ਖੇਡੀ ਜਾ ਰਹੀ ਇੰਟਰਨੈਸ਼ਨਲ ਲੀਗ ਟੀ20 ਵਿੱਚ ਐਮਆਈ ਐਮੀਰੇਟਸ ਦੇ ਸਟਾਰ ਖਿਡਾਰੀ ਹਨ। ਬੰਗਲਾਦੇਸ਼ ਪ੍ਰੀਮੀਅਰ ਲੀਗ ਕਰਵਾਉਣ ਵਾਲੀ ਕਰੂ ਵਿੱਚ ਜ਼ਿਆਦਾਤਰ ਭਾਰਤੀ ਹਨ ਅਤੇ ਉਨ੍ਹਾਂ ਦਾ ਢਾਕਾ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ। ਮੁਸਤਫ਼ਿਜ਼ੁਰ, ਸ਼ਾਹਰੁਖ਼ ਖ਼ਾਨ ਅਤੇ ਕੇਕੇਆਰ ਆਸਾਨ ਨਿਸ਼ਾਨਾ ਹਨ।"

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਾਲ 2025 ਦਾ ਅੰਤ ਢਾਕਾ ਦੌਰੇ ਨਾਲ ਕੀਤਾ ਸੀ। 31 ਦਸੰਬਰ ਨੂੰ ਜੈਸ਼ੰਕਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ੀਆ ਨੂੰ ਸ਼ਰਧਾਂਜਲੀ ਦੇਣ ਲਈ ਢਾਕਾ ਗਏ ਸਨ।

ਦਿ ਹਿੰਦੂ ਦੇ ਡਿਪਲੋਮੈਟਿਕ ਅਫੇਅਰਜ਼ ਐਡੀਟਰ ਸੁਹਾਸਿਨੀ ਹੈਦਰ ਨੇ ਵੀ ਕਿਹਾ ਕਿ ਵਿਦੇਸ਼ ਮੰਤਰੀ ਜੈਸ਼ੰਕਰ ਬੰਗਲਾਦੇਸ਼ ਜਾ ਸਕਦੇ ਹਨ, ਪਰ ਇੱਕ ਕ੍ਰਿਕਟਰ ਭਾਰਤ ਵਿੱਚ ਨਹੀਂ ਖੇਡ ਸਕਦਾ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਸਰਕਾਰ ਸੋਸ਼ਲ ਮੀਡੀਆ ਮੁਹਿੰਮਾਂ ਨੂੰ ਇੱਕ ਤੋਂ ਬਾਅਦ ਇੱਕ ਗੁਆਂਢੀ ਦੇਸ਼ਾਂ ਨਾਲ ਆਪਣੀ ਕੂਟਨੀਤੀ 'ਤੇ ਹਾਵੀ ਹੋਣ ਦੇ ਰਹੀ ਹੈ ਅਤੇ ਆਪਣੀ ਸੌਫਟ ਪਾਵਰ ਨੂੰ ਖ਼ਤਮ ਕਰ ਰਹੀ ਹੈ।"

ਉਨ੍ਹਾਂ ਅੱਗੇ ਕਿਹਾ, "ਵਿਦੇਸ਼ ਮੰਤਰੀ ਜੈਸ਼ੰਕਰ ਢਾਕਾ ਜਾ ਸਕਦੇ ਹਨ, ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼ ਦੇ ਆਗੂ ਨਾਲ ਮਿਲ ਸਕਦੇ ਹਨ, ਪਰ ਇੱਕ ਕ੍ਰਿਕਟਰ ਭਾਰਤ ਵਿੱਚ ਨਹੀਂ ਖੇਡ ਸਕਦਾ ਹੈ।"

ਕਾਂਗਰਸ ਨੇ ਬੀਸੀਸੀਸੀਆਈ ਨੂੰ ਘੇਰਿਆ

ਹਾਲ ਹੀ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਯਸਵਾਲ ਨੇ ਬੰਗਲਾਦੇਸ਼ ਦੇ ਮੈਮਨ ਸਿੰਘ ਵਿੱਚ ਦੀਪੂ ਚੰਦਰ ਦਾਸ ਦੇ ਕਤਦਲ ਦਾ ਜ਼ਿਕਰ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਸੀ।

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਬੰਗਲਾਦੇਸ਼ ਵਿੱਚ ਹਿੰਦੂਆਂ, ਇਸਾਈਆਂ ਅਤੇ ਬੋਧੀਆਂ ਸਮੇਤ ਘੱਟ ਗਿਣਤੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ ਸੀ।

ਦੂਜੇ ਪਾਸੇ, ਬੰਗਲਾਦੇਸ਼ ਨੇ ਭਾਰਤ ਵਿੱਚ ਵੱਖ-ਵੱਖ ਪੱਖਾਂ ਨੂੰ ਘੱਟ ਗਿਣਤੀ ਮੁੱਦਿਆਂ 'ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ ਸੀ।

ਇਸ ਦੇ ਨਾਲ ਹੀ ਬੰਗਲਾਦੇਸ਼ ਨੇ ਕਿਹਾ ਸੀ ਕਿ ਹਾਲ ਹੀ ਵਿੱਚ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਹੋਈਆਂ ਕੁਝ ਘਟਨਾਵਾਂ "ਚਿੰਤਾਜਨਕ" ਹਨ ਅਤੇ ਉਸ ਨੂੰ ਉਮੀਦ ਹੈ ਕਿ ਭਾਰਤ ਇਨ੍ਹਾਂ ਦੀ "ਨਿਰਪੱਖ ਜਾਂਚ" ਕਰਾਵੇਗਾ।

ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਵਿੱਚ ਸਰਧਨਾ ਦੇ ਸਾਬਕਾ ਵਿਧਾਇਕ ਸੰਗੀਤ ਸਿੰਘ ਸੋਮ ਨੇ ਮੁਸਤਫ਼ਿਜ਼ੁਰ ਰਹਿਮਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਟੀਮ ਵਿੱਚ ਸ਼ਾਮਲ ਕਰਨ ਲਈ ਸ਼ਾਹਰੁਖ਼ ਖ਼ਾਨ ਨੂੰ "ਗੱਦਾਰ" ਕਿਹਾ ਸੀ।

ਦੇਵਕੀਨੰਦਨ ਠਾਕੁਰ ਨੇ ਵੀ ਬੰਗਲਾਦੇਸ਼ ਵਿੱਚ ਹਿੰਦੂਆਂ ਖ਼ਿਲਾਫ਼ ਕਥਿਤ ਹਿੰਸਾ ਦਾ ਹਵਾਲਾ ਦਿੰਦੇ ਹੋਏ ਕੇਕੇਆਰ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਸਨ।

ਪਰ ਸ਼ਸ਼ੀ ਥਰੂਰ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਦਾ ਬੋਝ ਕ੍ਰਿਕਟ 'ਤੇ ਨਹੀਂ ਪਾਇਆ ਜਾਣਾ ਚਾਹੀਦਾ। ਮੁਸਤਫ਼ਿਜ਼ੁਰ ਰਹਿਮਾਨ ਦਾ ਹਿੰਸਾ ਵਿੱਚ ਕੋਈ ਹੱਥ ਨਹੀਂ ਸੀ।

ਉਨ੍ਹਾਂ ਕਿਹਾ, "ਮੁਸਤਫ਼ਿਜ਼ੁਰ ਰਹਿਮਾਨ ਇੱਕ ਕ੍ਰਿਕਟਰ ਹਨ ਅਤੇ ਉਨ੍ਹਾਂ ਦਾ ਇਨ੍ਹਾਂ ਸਾਰੀਆਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ 'ਤੇ ਨਿੱਜੀ ਤੌਰ 'ਤੇ ਕਿਸੇ ਵੀ ਕਿਸਮ ਦੇ ਨਫ਼ਰਤੀ ਭਾਸ਼ਣ ਦੇਣ ਜਾਂ ਕਿਸੇ ਵੀ ਹਮਲੇ ਦਾ ਸਮਰਥਨ ਜਾਂ ਬਚਾਅ ਕਰਨ ਦਾ ਇਲਜ਼ਾਮ ਨਹੀਂ ਹੈ। ਇਨ੍ਹਾਂ ਦੋਵੇਂ ਚੀਜ਼ਾਂ ਨੂੰ ਆਪਸ ਵਿੱਚ ਜੋੜਨਾ ਗਲਤ ਹੈ।"

ਕਾਂਗਰਸ ਆਗੂ ਅਤੇ ਕਰਨਾਟਕ ਸਰਕਾਰ ਵਿੱਚ ਮੰਤਰੀ ਪ੍ਰਿਯਾਂਕ ਖੜਗੇ ਨੇ ਵੀ ਬੀਸੀਸੀਸੀਆਈ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਹਨ।

ਉਨ੍ਹਾਂ ਕਿਹਾ, "ਇੱਕ ਫ੍ਰੈਂਚਾਈਜ਼ੀ ਅਤੇ ਉਸ ਦੇ ਮਾਲਕ ਤੋਂ ਸਵਾਲ ਕਰਨ ਦਾ ਕੀ ਮਤਲਬ ਹੈ। ਇਹ ਨਿਯਮ ਬੀਸੀਸੀਸੀਆਈ ਨੇ ਬਣਾਇਆ ਹੈ। ਕੋਈ ਬੀਸੀਸੀਸੀਆਈ, ਆਈਸੀਸੀ ਅਤੇ ਗ੍ਰਹਿ ਮੰਤਰਾਲੇ ਤੋਂ ਸਵਾਲ ਕਿਉਂ ਨਹੀਂ ਕਰ ਰਿਹਾ?"

"ਜੇ ਸੱਚਮੁੱਚ ਬੀਸੀਸੀਸੀਆਈ ਨੂੰ ਲੋਕਾਂ ਦੀ ਭਾਵਨਾ ਦੀ ਪਰਵਾਹ ਹੈ ਤਾਂ ਫਿਰ ਆਈਪੀਐਲ ਆਕਸ਼ਨ ਭਾਰਤ ਤੋਂ ਬਾਹਰ ਕਿਉਂ ਹੁੰਦੀ ਹੈ। ਕੋਵਿਡ ਦੌਰਾਨ ਆਈਪੀਐਲ ਆਬੂ ਧਾਬੀ ਵਿੱਚ ਕਿਉਂ ਖੇਡਿਆ ਗਿਆ। ਕੀ ਤੁਸੀਂ ਇੰਗਲਿਸ਼ ਪ੍ਰੀਮੀਅਰ ਲੀਗ ਜਾਂ ਐਨਐਫਐਲ ਨੂੰ ਦੇਸ਼ ਤੋਂ ਬਾਹਰ ਆਕਸ਼ਨ ਕਰਵਾਉਂਦੇ ਦੇਖਿਆ ਹੈ?"

ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਨਰੇਂਦਰ ਕਸ਼ਯਮ ਨੇ ਬੀਸੀਸੀਸੀਆਈ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਖਬਰ ਏਜੰਸੀ ਏਐਨਆਈ ਨੂੰ ਕਿਹਾ, "ਅਸੀਂ ਬੀਸੀਸੀਸੀਆਈ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਨੇ ਲੋਕਾਂ ਅਤੇ ਦੇਸ਼ ਦੀ ਭਾਵਨਾ ਨੂੰ ਸਮਝਿਆ ਹੈ।"

"ਜਿਸ ਬੰਗਲਾਦੇਸ਼ ਵਿੱਚ ਨਿਹੱਥੇ ਹਿੰਦੂਆਂ ਦਾ ਕਤਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ, ਉਸ ਬੰਗਲਾਦੇਸ਼ ਦੇ ਖਿਡਾਰੀ ਨੂੰ ਹਟਾਉਣਾ ਸੰਤੋਸ਼ ਦੀ ਗੱਲ ਹੈ।"

ਮੁਸਤਫ਼ਿਜ਼ੁਰ ਰਹਿਮਾਨ ਦੇ ਬਾਹਰ ਹੋਣ ਤੋਂ ਬਾਅਦ ਇਸ ਸਾਲ ਆਈਪੀਐੱਲ ਵਿੱਚ ਬੰਗਲਾਦੇਸ਼ ਦਾ ਕੋਈ ਵੀ ਖਿਡਾਰੀ ਨਜ਼ਰ ਨਹੀਂ ਆਵੇਗਾ।

ਹਾਲਾਂਕਿ ਮੁਸਤਫ਼ਿਜ਼ੁਰ ਰਹਿਮਾਨ ਪਹਿਲਾਂ ਆਈਪੀਐੱਲ ਵਿੱਚ ਖੇਡਦੇ ਰਹੇ ਹਨ।

ਆਈਪੀਐੱਲ 2026 ਲਈ ਮੁਸਤਫ਼ਿਜ਼ੁਰ ਰਹਿਮਾਨ ਨੂੰ ਕੇਕੇਆਰ ਨੇ ਲੰਘੇ ਮਹੀਨੇ ਆਬੂ ਧਾਬੀ ਵਿੱਚ ਹੋਈ ਆਕਸ਼ਨ ਵਿੱਚ 9.20 ਕਰੋੜ ਰੁਪਏ ਵਿੱਚ ਖਰੀਦਿਆ ਸੀ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਰਹਿਮਾਨ ਨੂੰ ਪੂਰੇ ਆਈਪੀਐੱਲ ਵਿੱਚ ਖੇਡਣ ਲਈ ਐੱਨਓਸੀ ਦਿੱਤੀ ਸੀ।

ਪਿਛਲੇ ਸਾਲ ਵੀ ਰਹਿਮਾਨ ਨੇ ਆਈਪੀਐੱਲ ਵਿੱਚ ਹਿੱਸਾ ਲਿਆ ਸੀ। ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਦਿੱਲੀ ਕੈਪਿਟਲਜ਼ ਅਤੇ ਚੇੱਨਈ ਸੁਪਰ ਕਿੰਗਜ਼ ਵੱਲੋਂ ਆਈਪੀਐੱਲ ਵਿੱਚ 60 ਮੈਚ ਖੇਡਦੇ ਹੋਏ ਉਨ੍ਹਾਂ ਨੇ 65 ਵਿਕਟਾਂ ਲਈਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)