ਸਕੂਲ ਦੀ ਪ੍ਰਿੰਸੀਪਲ 'ਤੇ ਪਤੀ ਦੇ ਕਤਲ ਦਾ ਇਲਜ਼ਾਮ, ਪੁਲਿਸ ਦਾ ਦਾਅਵਾ, 'ਜ਼ਹਿਰੀਲੇ ਫੁੱਲਾਂ ਦੇ ਸ਼ੇਕ ਪਿਲਾ ਕੇ ਕੀਤਾ ਕਤਲ', ਪੂਰਾ ਮਾਮਲਾ ਜਾਣੋ

    • ਲੇਖਕ, ਨਿਤੇਸ਼ ਰਾਉਤ
    • ਰੋਲ, ਬੀਬੀਸੀ ਸਹਿਯੋਗੀ

15 ਮਈ ਨੂੰ ਯਵਤਮਾਲ ਸ਼ਹਿਰ ਦੇ ਨੇੜੇ ਚੌਸਾਲਾ ਜੰਗਲ ਵਿੱਚ ਇੱਕ ਸੜੀ ਹੋਈ ਲਾਸ਼ ਮਿਲੀ ਸੀ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਤਾਂ ਪਤਾ ਲੱਗਿਆ ਕਿ ਇਹ ਕਤਲ ਦਾ ਮਾਮਲਾ ਸੀ।

ਕਤਲ ਦੇ ਹੈਰਾਨ ਕਰਨ ਵਾਲੇ ਵੇਰਵੇ ਇੱਕ-ਇੱਕ ਕਰਕੇ ਸਾਹਮਣੇ ਆਉਣ ਲੱਗੇ।

ਪੁਲਿਸ ਮੁਤਾਬਕ ਪਤਨੀ, ਜੋ ਕਿ ਇੱਕ ਪ੍ਰਿੰਸੀਪਲ ਸੀ, ਨੇ ਆਪਣੇ ਦੋ ਵਿਦਿਆਰਥੀਆਂ ਦੀ ਮਦਦ ਨਾਲ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਉਸਦੀ ਲਾਸ਼ ਨੂੰ ਜੰਗਲ ਵਿੱਚ ਲੈ ਜਾ ਕੇ ਸਾੜ ਦਿੱਤਾ ਸੀ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਲਾਸ਼ 32 ਸਾਲਾ ਸ਼ਾਂਤੁਨ ਦੇਸ਼ਮੁਖ ਨਾਮ ਦੇ ਵਿਅਕਤੀ ਦੀ ਸੀ। ਉਨ੍ਹਾਂ ਦੀ ਮੁਲਜ਼ਿਮ ਪਤਨੀ ਦਾ ਨਾਮ ਨਿਧੀ ਦੇਸ਼ਮੁਖ ਹੈ।

ਸ਼ਾਂਤਨੂ 13 ਮਈ ਤੋਂ ਲਾਪਤਾ ਸੀ। ਉਸਦੀ ਪਤਨੀ ਨਿਧੀ ਦੇਸ਼ਮੁਖ ਉੱਤੇ ਇਲਜ਼ਾਮ ਹੈ ਕਿ ਉਸ ਨੇ ਫਰੂਟ ਸ਼ੇਕ ਵਿੱਚ ਜ਼ਹਿਰ ਮਿਲਾ ਕੇ ਉਸਦਾ ਕਤਲ ਕਰ ਦਿੱਤਾ ਅਤੇ ਦੋ ਵਿਦਿਆਰਥੀਆਂ ਦੀ ਮਦਦ ਨਾਲ ਲਾਸ਼ ਨੂੰ ਸਾੜ ਦਿੱਤਾ ਸੀ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਿਧੀ ਦੇਸ਼ਮੁਖ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਪੁਲਿਸ ਨੇ ਦੋ ਨਾਬਾਲਗ ਮੁਲਜ਼ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਨੇ ਲਾਸ਼ ਨੂੰ ਟਿਕਾਣੇ ਲਗਾਉਣ ਵਿੱਚ ਨਿਧੀ ਦੀ ਮਦਦ ਕੀਤੀ ਸੀ।

ਇਹ ਮਾਮਲਾ ਅਸਲ ਵਿੱਚ ਹੈ ਕੀ? ਕੀ ਹੋਇਆ? ਆਓ ਜਾਣਦੇ ਹਾਂ ਪੁਲਿਸ ਜਾਂਚ ਵਿੱਚੋਂ ਹੋਰ ਕੀ-ਕੀ ਸਾਹਮਣੇ ਆਇਆ ਹੈ।

ਕੀ ਹੈ ਮਾਮਲਾ?

ਸ਼ਾਂਤਨੂ ਅਤੇ ਨਿਧੀ ਦੀ ਇੱਕ ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਸ਼ਾਂਤਨੂ ਦੇ ਮਾਪੇ ਵਿਆਹ ਦੇ ਵਿਰੁੱਧ ਸਨ। ਸ਼ਾਂਤਨੂ ਪਹਿਲਾਂ ਹੀ ਨਸ਼ਿਆਂ ਦਾ ਆਦੀ ਸੀ। ਉਸਦਾ ਪਰਿਵਾਰ ਵੀ ਉਸਦੀ ਇਸ ਆਦਤ ਤੋਂ ਪਰੇਸ਼ਾਨ ਸੀ। ਇਸ ਲਈ ਉਸਦੇ ਮਾਪਿਆਂ ਨੇ ਉਸਨੂੰ ਦੂਰ ਰਹਿਣ ਲਈ ਕਿਹਾ।

ਇਸ ਲਈ, ਸ਼ਾਂਤਨੂ ਆਪਣੀ ਪਤਨੀ ਅਤੇ ਮਾਪਿਆਂ ਤੋਂ ਵੱਖ ਰਹਿਣ ਲੱਗਿਆ ਸੀ। ਉਹ ਦੋਵੇਂ ਸੁਯੋਗ ਨਗਰ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਸਨ। ਦੋਵੇਂ ਇੱਕੋ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਸਨ।

ਸ਼ਾਂਤਨੂ ਯਵਤਮਾਲ ਦੇ ਸਨਰਾਈਜ਼ ਇੰਗਲਿਸ਼ ਮੀਡੀਅਮ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਦੀ ਪਤਨੀ ਨਿਧੀ ਦੇਸ਼ਮੁਖ ਉਸੇ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਕੰਮ ਕਰਦੀ ਸੀ।

ਪੁਲਿਸ ਮੁਤਾਬਕ ਵਿਆਹ ਦੇ ਕੁਝ ਮਹੀਨਿਆਂ ਦੇ ਅੰਦਰ ਹੀ, ਸ਼ਾਂਤਨੂ ਨੇ ਆਪਣੀ ਪਤਨੀ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸ਼ਰਾਬ ਕਾਰਨ ਦੋਵਾਂ ਵਿੱਚ ਲੜਾਈ ਹੋਣ ਲੱਗ ਪਈ।

ਸ਼ਾਂਤਨੂ ਵਾਰ-ਵਾਰ ਆਪਣੀ ਪਤਨੀ ਤੋਂ ਸ਼ਰਾਬ ਲਈ ਪੈਸੇ ਮੰਗਦਾ ਸੀ ਅਤੇ ਪੈਸੇ ਨਾ ਦੇਣ 'ਤੇ ਉਸਨੂੰ ਕੁੱਟਦਾ ਸੀ।

ਪੁਲਿਸ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਦੀਆਂ ਕੁਝ ਅਸ਼ਲੀਲ ਫੋਟੋਆਂ ਖਿੱਚੀਆਂ ਸਨ, ਜਿਨ੍ਹਾਂ ਨੂੰ ਆਪਣੇ ਮੋਬਾਈਲ ਫ਼ੋਨ 'ਚ ਸੇਵ ਕੀਤਾ ਹੋਇਆ ਸੀ।

ਉਹ ਨਿਧੀ ਨੂੰ ਲਗਾਤਾਰ ਧਮਕਾਉਂਦਾ ਸੀ ਕਿ ਜੇਕਰ ਉਸ ਨੂੰ ਸ਼ਰਾਬ ਲਈ ਪੈਸੇ ਨਾ ਦਿੱਤੇ ਤਾਂ ਉਹ ਉਸ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਕਰ ਦੇਵੇਗਾ। ਇਸ ਤੋਂ ਤੰਗ ਆ ਕੇ, ਉਸਦੀ ਪਤਨੀ ਨੇ ਉਸਨੂੰ ਮਾਰਨ ਦਾ ਗੰਭੀਰ ਕਦਮ ਚੁੱਕਿਆ।

ਇਸ ਤਰ੍ਹਾਂ ਰਚੀ ਗਈ ਕਤਲ ਦੀ ਸਾਜ਼ਿਸ਼

ਪੁਲਿਸ ਨੇ ਦੱਸਿਆ ਕਿ ਆਪਣੇ ਪਤੀ ਨੂੰ ਮਾਰਨ ਲਈ, ਨਿਧੀ ਨੇ ਜ਼ਹਿਰ ਤਿਆਰ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਲਈ ਗੂਗਲ 'ਤੇ ਖੋਜ ਕੀਤੀ।

ਇਸ ਤੋਂ ਬਾਅਦ, ਉਸਨੇ ਮਹਾਦੇਵ ਮੰਦਰ ਦੇ ਵਿਹੜੇ ਤੋਂ ਫ਼ਲ ਅਤੇ ਫੁੱਲ ਖਰੀਦੇ। ਫਲਾਂ ਅਤੇ ਫੁੱਲਾਂ ਦਾ ਸ਼ੇਕ ਬਣਾਇਆ ਅਤੇ ਇਸ ਵਿੱਚ ਤਕਰੀਬਨ ਪੰਦਰਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਮਿਲਾ ਦਿੱਤੀਆਂ।

ਪੁਲਿਸ ਦਾ ਕਹਿਣਾ ਹੈ ਕਿ ਨਿਧੀ ਨੇ ਇੰਟਰਨੈੱਟ ਰਾਹੀਂ ਜ਼ਹਿਰੀਲੇ ਫੁੱਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ। ਇਸ ਮੁਤਾਬਕ, ਉਸ ਨੇ ਇੱਕ ਖ਼ਾਸ ਤਰ੍ਹਾਂ ਦੇ ਫੁੱਲਾਂ ਨਾਲ ਇੱਕ ਸ਼ੇਕ ਤਿਆਰ ਕੀਤਾ ਸੀ।

ਉਸਨੇ ਆਪਣੇ ਪਤੀ ਨੂੰ ਉਹ ਸ਼ੇਕ ਪਿਲਾਇਆ। ਫਿਰ, ਮੰਗਲਵਾਰ, 13 ਮਈ ਨੂੰ, ਸ਼ਾਮ 5 ਵਜੇ ਦੇ ਕਰੀਬ, ਸ਼ਾਂਤਨੂ ਦੀ ਮੌਤ ਹੋ ਗਈ।

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨਿਧੀ ਨੇ ਟਿਊਸ਼ਨ ਲਈ ਆਉਣ ਵਾਲੇ ਦੋ ਵਿਦਿਆਰਥੀਆਂ ਨੂੰ ਸਾਰਾ ਘਟਨਾਕ੍ਰਮ ਦੱਸਿਆ ਅਤੇ ਉਨ੍ਹਾਂ ਨੂੰ ਮਦਦ ਲਈ ਕਿਹਾ।

ਉਨ੍ਹਾਂ ਵਿਦਿਆਰਥੀਆਂ ਨੂੰ ਲਾਸ਼ ਦਾ ਨਿਪਟਾਰਾ ਕਰਨ ਦੀ ਸਿਖਲਾਈ ਦਿੱਤੀ ਸੀ। ਫਿਰ ਵਿਦਿਆਰਥੀਆਂ ਨੇ ਲਾਸ਼ ਨੂੰ ਕਾਰ ਤੋਂ ਉਤਾਰਿਆ ਅਤੇ ਜੰਗਲ ਵਿੱਚ ਸੁੱਟ ਦਿੱਤਾ। ਹਾਲਾਂਕਿ, ਪੁਲਿਸ ਤੋਂ ਡਰਦੇ ਹੋਏ, ਤਿੰਨਾਂ ਨੇ ਅਗਲੇ ਦਿਨ ਲਾਸ਼ 'ਤੇ ਪੈਟਰੋਲ ਛਿੜਕ ਕੇ ਉਸ ਨੂੰ ਸਾੜ ਦਿੱਤਾ।

ਫਿਰ ਨਿਧੀ ਨੇ ਦਿਖਾਵਾ ਕੀਤਾ ਕਿ ਸ਼ਾਂਤਨੂ ਲਾਪਤਾ ਹੈ। ਨਿਧੀ ਨੇ ਸਾਂਤਨੂ ਦਾ ਫ਼ੋਨ ਚਾਲੂ ਰੱਖਿਆ ਅਤੇ ਉਸ ਨੂੰ ਵਾਰ-ਵਾਰ ਫ਼ੋਨ ਕਰਦੀ।

ਪੁਲਿਸ ਦੇ ਸ਼ੱਕ ਤੋਂ ਬਚਣ ਲਈ, ਪਤੀ ਦੇ ਮੋਬਾਈਲ ਫ਼ੋਨ ਤੋਂ ਆਪ ਮੈਸੇਜ ਕੀਤਾ, "ਮੈਂ ਥੋੜ੍ਹੀ ਦੇਰ ਵਿੱਚ ਵਾਪਸ ਆਵਾਂਗਾ।"

ਉਸਨੇ ਸਬੂਤ ਮਿਟਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ।

ਪੁਲਿਸ ਨੂੰ ਸੁਰਾਗ ਮਿਲਣਾ

ਪੁਲਿਸ ਨੂੰ ਸਹੀ ਸੁਰਾਗ ਮਿਲ ਗਏ ਸਨ। ਲੋਹਾਰਾ ਪੁਲਿਸ ਸਟੇਸ਼ਨ ਵਿੱਚ ਇੱਕ ਲਾਵਾਰਿਸ ਲਾਸ਼ ਮਿਲਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ, ਲਾਸ਼ ਦੀ ਪਛਾਣ ਨਹੀਂ ਹੋ ਸਕੀ।

ਪੁਲਿਸ ਕੋਲ ਕਿਸੇ ਵੀ ਵਿਅਕਤੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਇਸ ਲਈ, ਪੁਲਿਸ ਨੂੰ ਕਤਲ ਦੀ ਜਾਂਚ ਵਿੱਚ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ।

ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਿਸ ਨੂੰ ਅਹਿਮ ਸੁਰਾਗ ਮਿਲੇ। ਸ਼ਾਂਤਨੂ ਦੇ ਨਾਲ ਬਾਰ ਵਿੱਚ ਇੱਕ ਦੋਸਤ ਦੀ ਗੱਲਬਾਤ ਹੋਈ ਸੀ ਜਿਸ ਨੇ ਪੁਲਿਸ ਜਾਂਚ ਦੀ ਦਿਸ਼ਾ ਬਦਲ ਦਿੱਤੀ।

ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇਸ ਦੋਸਤ ਤੋਂ ਪੁੱਛਗਿੱਛ ਕੀਤੀ ਸੀ। ਉਸ ਸਮੇਂ, ਪੁਲਿਸ ਨੂੰ ਸ਼ਾਂਤਨੂ ਦੀ ਇੱਕ ਫੋਟੋ ਮਿਲੀ ਜੋ 13 ਮਈ ਨੂੰ ਉਸ ਦੋਸਤ ਦੇ ਮੋਬਾਈਲ ਫੋਨ 'ਤੇ ਲਈ ਗਈ ਸੀ।

ਕ੍ਰਾਈਮ ਬ੍ਰਾਂਚ ਦੇ ਸਹਾਇਕ ਪੁਲਿਸ ਇੰਸਪੈਕਟਰ ਸੰਤੋਸ਼ ਮਨਵਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, "ਲਾਸ਼ ਦੀ ਪਛਾਣ ਕਰਨ ਤੋਂ ਬਾਅਦ, ਅਸੀਂ ਜਾਂਚ ਸ਼ੁਰੂ ਕੀਤੀ।"

"ਦੋਸਤ ਦੇ ਮੋਬਾਈਲ ਫ਼ੋਨ ਵਿੱਚ ਫ਼ੋਟੋ ਵਿੱਚ ਕਮੀਜ਼ ਦਾ ਰੰਗ ਘਟਨਾ ਵਾਲੀ ਥਾਂ 'ਤੇ ਸੜੀ ਹੋਈ ਲਾਸ਼ 'ਤੇ ਕਮੀਜ਼ ਦੇ ਰੰਗ ਨਾਲ ਮਿਲਦਾ-ਜੁਲਦਾ ਸੀ।"

"ਅਸੀਂ ਵਿਸਥਾਰਪੂਰਵਕ ਜਾਣਕਾਰੀ ਲਈ ਅਤੇ ਸ਼ਾਂਤਨੂ ਦੀ ਪਤਨੀ ਤੋਂ ਪੁੱਛਗਿੱਛ ਕੀਤੀ। ਜਿਸ ਤੋਂ ਕੁਝ ਅਸਪਸ਼ਟ ਜਿਹੇ ਜਵਾਬ ਮਿਲੇ। ਜਾਂਚ ਤੋਂ ਬਾਅਦ, ਅਸੀਂ ਮੁਲਜ਼ਿਮ ਪਤਨੀ ਨਿਧੀ ਦੇਸ਼ਮੁਖ ਨੂੰ ਹਿਰਾਸਤ ਵਿੱਚ ਲੈ ਲਿਆ।"

"ਉਸਨੇ ਅਪਰਾਧ ਕਬੂਲ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਆਪਣੇ ਸ਼ਰਾਬੀ ਪਤੀ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਕਤਲ ਕਰਨ ਦੀ ਗੱਲ ਕਬੂਲ ਕੀਤੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)