ਕੈਨੇਡਾ : ਹਰਦੀਪ ਨਿੱਝਰ ਕੇਸ ਵਿੱਚ 'ਭਾਰਤੀ ਏਜੰਟਾਂ' ਦਾ ਹੱਥ ਹੋਣ ਦੇ ਜਸਟਿਨ ਟਰੂਡੋ ਦੇ ਇਲਜ਼ਾਮਾਂ ਬਾਰੇ ਨਵਾਂ ਦਾਅਵਾ

ਤਸਵੀਰ ਸਰੋਤ, Getty Images
ਕੈਨੇਡੀਅਨ ਵਿਦੇਸ਼ੀ ਦਖ਼ਲ ਕਮਿਸ਼ਨ ਨੇ ਮੰਗਲਵਾਰ ਨੂੰ ਜਾਰੀ ਕੀਤੀ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਕਿ ਕੈਨੇਡਾ ਵਾਸੀ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਵਿਦੇਸ਼ਾਂ ਦਾ ਹੱਥ ਹੋਣ ਦਾ 'ਕੋਈ ਠੋਸ ਲਿੰਕ ਨਹੀਂ ਮਿਲਿਆ ਹੈ'।
ਰਿਪੋਰਟ ਵਿੱਚ ਨਿੱਝਰ ਕਤਲ ਮਾਮਲੇ ਵਿੱਚ ਭਾਰਤੀ ਏਜੰਟਾਂ ਦੀ ਹਿੱਸੇਦਾਰੀ ਦੀ ਸੰਭਾਵਨਾ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਨੂੰ ਗ਼ਲਤ ਜਾਣਕਾਰੀ ਦਾ ਨਤੀਜਾ ਦੱਸਿਆ ਗਿਆ ਹੈ।
ਸਤੰਬਰ 2023 ਵਿੱਚ, ਟਰੂਡੋ ਨੇ ਦਾਅਵਾ ਕੀਤਾ ਕਿ ਕੈਨੇਡਾ ਕੋਲ 'ਭਰੋਸੇਯੋਗ ਸਬੂਤ' ਹਨ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਸਨ।
ਹਾਲਾਂਕਿ ਭਾਰਤ ਲਗਾਤਾਰ ਅਜਿਹੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਾ ਰਿਹਾ ਹੈ।
18 ਜੂਨ, 2023 ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖਾਲਿਸਤਾਨ ਹਮਾਇਤੀ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ।
ਨਿੱਝਰ ਕਈ ਮਾਮਲਿਆਂ ਵਿੱਚ ਭਾਰਤ ਸਰਕਾਰ ਨੂੰ ਲੋੜੀਂਦੇ ਸਨ।

ਰਿਪੋਰਟ ਵਿੱਚ ਕੀ ਕਿਹਾ ਗਿਆ
123 ਪੰਨ੍ਹਿਆਂ ਦੀ ਮੌਜੂਦਾ ਰਿਪੋਰਟ ਜਿਸ ਦਾ ਸਿਰਲੇਖ 'ਪਬਲਿਕ ਇਨਕੁਆਇਰੀ ਇੰਨਟੂ ਫ਼ੌਰਨ ਇੰਟਰਫੇਅਰੈਂਸ ਇੰਨ ਫ਼ੈਡਰਲ ਇਲੈਕਟੋਰੈਲ ਪ੍ਰੋਸੈਸ ਐਂਡ ਡੈਮੋਕ੍ਰੇਟਿਕ ਇੰਟੀਚਿਊਸ਼ਨਜ਼' (ਸੰਘੀ ਚੋਣ ਪ੍ਰਕਿਰਿਆਵਾਂ ਅਤੇ ਜਮਹੂਰੀ ਸੰਸਥਾਵਾਂ ਵਿੱਚ ਵਿਦੇਸ਼ੀ ਦਖਲ ਦੀ ਜਨਤਕ ਜਾਂਚ) ਹੈ।
ਜਨਤਕ ਪੜਤਾਲ ਦੇ ਕਮਿਸ਼ਨਰ ਮੈਰੀ-ਜੋਸੀ ਹੌਗ ਨੇ ਰਿਪੋਰਟ ਵਿੱਚ ਕਿਹਾ, "ਗ਼ਲਤ ਜਾਣਕਾਰੀ ਦੀ ਵਰਤੋਂ ਕੌਮੀ ਹਿੱਤ ਦੇ ਉਲਟ ਫ਼ੈਸਲੇ ਲੈਣ ਵਾਲੇ ਲੋਕਾਂ ਨੂੰ ਸਜ਼ਾ ਦੇਣ ਲਈ, ਇੱਕ ਬਦਲਾ ਲੈਣ ਦੀ ਰਣਨੀਤੀ ਵਜੋਂ ਕੀਤੀ ਜਾਂਦੀ ਹੈ।"
ਰਿਪੋਰਟ ਵਿੱਚ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢਣ ਦਾ ਵੀ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ, "ਅਕਤੂਬਰ 2024 ਵਿੱਚ, ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ।"

ਤਸਵੀਰ ਸਰੋਤ, Reuters
ਭਾਰਤ ਨੇ ਇਸ ਉੱਤੇ ਜਵਾਬੀ ਕਾਰਵਾਈ ਕਰਦਿਆਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਅਤੇ ਆਪਣੇ ਹਾਈ ਕਮਿਸ਼ਨਰ ਨੂੰ ਕੈਨੇਡਾ ਤੋਂ ਵਾਪਸ ਬੁਲਾ ਲਿਆ ਸੀ।
ਇਸ ਮਾਮਲੇ ਵਿੱਚ ਕਮਿਸ਼ਨਰ ਮੈਰੀ-ਜੋਸੀ ਹੋਗ ਨੇ ਦੱਸਿਆ,"ਹੋ ਸਕਦਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ 'ਸ਼ੱਕੀ ਭਾਰਤੀ ਸ਼ਮੂਲੀਅਤ' ਬਾਰੇ ਪ੍ਰਧਾਨ ਮੰਤਰੀ ਟਰੂਡੋ ਦੇ ਐਲਾਨ ਤੋਂ ਬਾਅਦ ਇੱਕ ਗ਼ਲਤ ਸੂਚਨਾ ਮੁਹਿੰਮ ਨਾਲ ਅਜਿਹਾ ਹੋਇਆ ਹੋਵੇ।"
ਜ਼ਿਕਰਯੋਗ ਹੈ ਕਿ ਟਰੂਡੋ ਦੇ ਇਲਜ਼ਾਮਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਿਕ ਤਣਾਅ ਪੈਦਾ ਹੋ ਗਿਆ ਸੀ।
ਹਾਲਾਂਕਿ ਨਵੀਂ ਦਿੱਲੀ ਨੇ ਟਰੂਡੋ ਦੇ ਬਿਆਨਾਂ ਨੂੰ 'ਬੇਤੁਕਾ' ਕਹਿ ਕੇ ਖਾਰਜ ਕਰ ਦਿੱਤਾ ਸੀ।
ਹਰਦੀਪ ਸਿੰਘ ਨਿੱਝਰ ਕਤਲ ਮਾਮਲਾ

ਤਸਵੀਰ ਸਰੋਤ, VIRSA SINGH VALTOHA/X
ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਵਾਰਦਾਤ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਵਾਪਰੀ ਸੀ। ਨਿੱਝਰ ਸਰੀ ਦੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।
ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ। ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।
ਨਿੱਝਰ 1997 ਵਿੱਚ ਕੈਨੇਡਾ ਗਏ ਸਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।
ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ 'ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਦੇ ਪੜਾਅ

ਤਸਵੀਰ ਸਰੋਤ, Getty Images
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਖਟਾਸ ਨਿੱਝਰ ਦੇ ਕਤਲ ਤੋਂ ਬਾਅਦ ਜਸਟਿਨ ਟਰੂਡੋ ਵੱਲੋਂ ਦਿੱਤੇ ਬਿਆਨਾਂ ਦੇ ਚਲਦਿਆਂ ਵਧੀ ਸੀ।
ਸਤੰਬਰ 2023 ਵਿੱਚ ਕੈਨੇਡਾ ਦੀ ਟਰੇਡ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਭਾਰਤ, ਨਿੱਝਰ ਕਤਲ ਕੇਸ ਵਿੱਚ ਕੈਨੇਡਾ ਨਾਲ ਸਹਿਯੋਗ ਨਹੀਂ ਕਰਦਾ ਅਸੀਂ ਉਸ ਨਾਲ ਕਾਰੋਬਾਰੀ ਗੱਲਬਾਤ ਅੱਗੇ ਨਹੀਂ ਵਧਾਵਾਂਗੇ।
ਉਸੇ ਮਹੀਨੇ ਵਿੱਚ ਟਰੂਡੋ ਭਾਰਤ ਵਿੱਚ ਜੀ 20 ਸੰਮੇਲਨ ਵਿੱਚ ਸ਼ਾਮਲ ਹੋਏ ਅਤੇ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਕੈਨੇਡਾ ਦੀ ਸੰਸਦ ਵਿੱਚ 18 ਸਤੰਬਰ ਨੂੰ ਬਿਆਨ ਦਿੱਤਾ ਕਿ ਨਿੱਝਰ ਦੇ ਕਤਲ ਮਾਮਲੇ ਵਿੱਚ "ਭਾਰਤ ਸਰਕਾਰ ਦਾ ਸੰਭਾਵੀ ਸੰਬੰਧ ਹੋਣ ਦੇ ਭਰੋਸੇਯੋਗ ਇਲਜ਼ਾਮਾਂ ਦੀ ਜਾਂਚ ਕੀਤੀ" ਜਾ ਰਹੀ ਹੈ।
ਹਾਲਾਂਕਿ ਮੋਦੀ ਸਰਕਾਰ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਗੈਰ-ਨਿਆਂਇਕ ਕਤਲਾਂ ਵਿੱਚ ਆਪਣੀ ਸ਼ਮੂਲੀਅਤ ਦੇ ਇਲਜ਼ਮਾਂ ਤੋਂ ਇਨਕਾਰ ਕੀਤਾ ਸੀ।
ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਿਕਾਂ ਦੀ ਡਿਪਲੋਮੈਟਿਕ ਇਮਿਊਨਿਟੀ ਰੱਦ ਕਰ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰਕੇ ਵਾਪਸ ਬੁਲਾਉਣ ਲਈ ਕਿਹਾ।
20 ਅਕਤੂਬਰ 2023 ਨੂੰ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਜਾਰੀ ਕੀਤੀ।
ਇਸੇ ਘਟਨਾਕ੍ਰਮ ਵਿੱਚ ਭਾਰਤੀ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਕਿਹਾ, "ਜੇ ਸਥਿਤੀ ਬਿਹਤਰ ਹੋ ਜਾਂਦੀ ਹੈ ਤਾਂ ਅਸੀਂ ਕੈਨੇਡਾ ਨਾਲ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨੀਆਂ ਚਾਹਾਂਗੇ।"
ਇਸ ਕਾਰਨ ਕੈਨੇਡੀਅਨ ਸਫਾਰਤਖਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ।
ਜਨਵਰੀ 2024 ਵਿੱਚ ਕੈਨੇਡਾ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੇ ਅਜ਼ਾਦ ਕਮਿਸ਼ਨ ਨੇ ਇਸ ਸੰਬੰਧ ਵਿੱਚ ਓਟਾਵਾ ਪ੍ਰੋਵਿੰਸ ਤੋਂ ਜਾਣਕਾਰੀ ਦੀ ਮੰਗ ਕੀਤੀ।
ਭਾਰਤ ਨੇ ਕਿਹਾ ਕਿ ਕੈਨੇਡਾ ਸਿੱਖ ਵੱਖਵਾਦੀਆਂ ਨੂੰ ਜੋ ਖੁੱਲ੍ਹ ਦੇ ਰਿਹਾ ਹੈ ਉਹ ਭਾਰਤ ਲਈ ਹੀ ਨਹੀਂ ਸਗੋਂ ਕੈਨੇਡਾ ਦੇ ਮਾਹੌਲ ਲਈ ਵੀ ਸਹੀ ਨਹੀਂ ਹੈ।
ਮਈ 2024 ਦੇ ਪਹਿਲੇ ਹਫ਼ਤੇ ਦੌਰਾਨ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਨਿੱਝਰ ਦੇ ਕਤਲ ਅਤੇ ਭਾਰਤ ਨਾਲ ਰਿਸ਼ਤਿਆਂ ਦਾ ਜ਼ਿਕਰ ਕੀਤਾ ਅਤੇ ਭਾਰਤ ਨੇ ਇਸ ਬਾਰੇ ਇਤਰਾਜ਼ ਜਤਾਇਆ।
ਤਾਜ਼ਾ ਘਟਨਾਕ੍ਰਮ ਵਿੱਚ ਕੈਨੇਡਾ ਵਿੱਚ ਹੋਈ ਇੱਕ ਜਨਤਕ ਜਾਂਚ ਰਿਪੋਰਟ ਵਿੱਚ ਟਰੂਡੋ ਦੇ ਲਾਏ ਇਲਜ਼ਾਮਾਂ ਨੂੰ ਡਿਸਇੰਨਫ਼ਰਮੇਸ਼ਨ ਦਾ ਨਤੀਜਾ ਦੱਸਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












