ਭਾਰਤ ਨੇ ਕੈਨੇਡਾ ਦੇ ਕੂਟਨੀਤਿਕ ਅਧਿਕਾਰੀਆਂ ਬਾਰੇ ਲਿਆ ਨਵਾਂ ਫੈਸਲਾ ਤਾਂ ਟਰੂਡੋ ਨੇ ਦੋਵਾਂ ਦੇਸ਼ਾਂ ਦੇ ਮਤਭੇਦਾਂ ਬਾਰੇ ਕੀ ਕਿਹਾ

ਭਾਰਤ-ਕੈਨੇਡਾ

ਤਸਵੀਰ ਸਰੋਤ, Getty Images

    • ਲੇਖਕ, ਮੈਰਿਲ ਸੈਬੇਸਟੇਨ
    • ਰੋਲ, ਬੀਬੀਸੀ ਨਿਊਜ਼

ਰਿਪੋਰਟਾਂ ਮੁਤਾਬਕ ਭਾਰਤ ਨੇ ਕੈਨੇਡਾ ਨੂੰ ਆਪਣੇ 40 ਕੂਟਨੀਤਿਕ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ।

ਇਹ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਕਈ ਹਫ਼ਤਿਆਂ ਤੋਂ ਚੱਲ ਰਹੇ ਤਣਾਅ ਦੌਰਾਨ ਆਇਆ ਹੈ।

ਫ਼ਾਈਨੈਸ਼ੀਅਲ ਟਾਇਮਜ਼ ਨੇ ਲਿਖਿਆ ਹੈ ਕਿ ਜੋ ਲੋਕ 10 ਅਕਤੂਬਰ ਤੋਂ ਬਾਅਦ ਵੀ ਇੱਖੇ ਰਹੇ, ਉਹ ਆਪਣੀਆਂ ਕੂਟਨੀਤਕ ਛੋਟਾਂ ਖੋਹ ਲੈਣਗੇ।

ਪਿਛਲੇ ਮਹੀਨੇ ਕੈਨੇਡਾ ਨੇ ਇਲਜ਼ਾਮ ਲਗਾਇਆ ਸੀ ਕਿ ਖ਼ਾਲਿਸਤਾਨੀ ਹਿਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ ਪਰ ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਕਿਹਾ ਕਿ ਉਹਨਾਂ ਦੀ ਇਸ ਬਾਰੇ ਕੋਈ ਟਿੱਪਣੀ ਨਹੀਂ ਹੈ।

ਭਾਰਤ ਵਿੱਚ ਕੈਨੇਡਾ ਦੇ ਕੂਟਨੀਤਿਕ ਅਧਿਕਾਰੀਆਂ ਦੀ ਗਿਣਤੀ ਭਾਰਤ ਦੀ ਓਟਾਵਾ ਵਿੱਚ ਸੰਖਿਆ ਦੇ ਮੁਕਾਬਲੇ ਜ਼ਿਆਦਾ ਹੈ।

ਜਦੋਂ ਤੋਂ ਇਹ ਹਾਲਾਤ ਬਣੇ ਹਨ, ਭਾਰਤ ਨੇ ਕੈਨੇਡਾ ਨੂੰ ਆਪਣੇ ਕੂਟਨੀਤਕ ਮਿਸ਼ਨਾਂ ਵਿੱਚ ਸਮਾਨਤਾ ਲਿਆਉਣ ਲਈ ਕਿਹਾ ਹੈ।

ਕੈਨੇਡਾ

ਤਸਵੀਰ ਸਰੋਤ, REUTERS

ਤਸਵੀਰ ਕੈਪਸ਼ਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਜਸਟਿਨ ਟਰੂਡੋ ਨੇ ਦੋਵਾਂ ਦੇਸ਼ਾਂ ਦੇ ਮਤਭੇਦਾਂ ਬਾਰੇ ਕੀ ਕਿਹਾ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਹ ਭਾਰਤ ਨਾਲ ਮਤਭੇਦ ਨੂੰ ਵਧਾਉਣਾ ਨਹੀਂ ਚਾਹੁੰਦੇ ਹਨ।

ਉਨ੍ਹਾਂ ਕਿਹਾ, "ਅਸੀਂ ਭਾਰਤ ਸਰਕਾਰ ਦੇ ਨਾਲ ਜ਼ਿੰਮੇਵਾਰੀ ਅਤੇ ਰਚਨਾਤਮਕ ਢੰਗ ਨਾਲ ਜੁੜੇ ਰਹਾਂਗੇ।"

ਦੋਵਾਂ ਦੇਸ਼ਾਂ ਵਿਚਕਾਰ ਉਸ ਸਮੇਂ ਤਣਾਅ ਵਧਿਆ ਸੀ ਜਦੋਂ ਸਤੰਬਰ ਵਿੱਚ ਜਸਟਿਨ ਟਰੂਡੋ ਨੇ ਇਲਜ਼ਾਮ ਲਗਾਇਆ ਸੀ ਕਿ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਹੋਈ ਹੱਤਿਆ ਵਿੱਚ ਭਾਰਤ ਦਾ ਹੱਥ ਹੈ।

ਨਿੱਝਰ ਕੈਨੇਡਾ ਦਾ ਨਾਗਰਿਕ ਸੀ ਅਤੇ ਉਸ ਨੂੰ ਦੋ ਬੰਦਿਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਹਨ।

ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਕੂਟਨੀਤਿਕ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ।

21 ਸਤੰਬਰ ਨੂੰ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਇਸ ਦਾ ਕਾਰਨ ਭਾਰਤ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਦੱਸਿਆ ਗਿਆ ਸੀ

ਹਾਲਾਂਕਿ, ਕੈਨੇਡਾ ਦੀਆਂ ਵੀਜ਼ਾ ਸੇਵਾਵਾਂ ਭਾਰਤ ਵਿੱਚ ਖੁੱਲੀਆਂ ਹਨ।

ਕੈਨੇਡਾ

ਤਸਵੀਰ ਸਰੋਤ, GETTY IMAGES/FB-VIRSA SINGH VALTOHA

ਤਸਵੀਰ ਕੈਪਸ਼ਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਖ਼ਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

  • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਕਤਲ ਬਾਰੇ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’

ਹਰਦੀਪ ਸਿੰਘ ਨਿੱਝਰ ਕੌਣ ਸੀ?

ਕੈਨੇਡਾ

ਤਸਵੀਰ ਸਰੋਤ, FB/VIRSA SINGH VALTOHA

ਤਸਵੀਰ ਕੈਪਸ਼ਨ, ਹਰਦੀਪ ਸਿੰਘ ਨਿੱਝਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ) ਦੇ ਪ੍ਰਧਾਨ ਸਨ

ਹਰਦੀਪ ਸਿੰਘ ਨਿੱਝਰ (45) ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ। ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।

ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।

ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।

ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ। ਨਿੱਝਰ ਨੂੰ ਹਾਲ ਹੀ 'ਚ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

ਕੈਨੇਡਾ

ਤਸਵੀਰ ਸਰੋਤ, PRADEEP SHARMA/BBC

ਨਿੱਝਰ 'ਤੇ ਲੱਗੇ ਇਲਜ਼ਾਮ

ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਨਿੱਝਰ ’ਤੇ 10 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਸੀ।

ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਨਿੱਝਰ ਦਾ ਨਾਂ ਉਸ ਵਾਂਟੇਡ ਲਿਸਟ ਵਿੱਚ ਸੀ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2018 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਫੇਰੀ ਦੌਰਾਨ ਸੌਂਪੀ ਸੀ।

ਨਿੱਝਰ ਦਾ ਨਾਂ ਉਸ ਐੱਫ਼ਆਈਆਰ ਵਿੱਚ ਵੀ ਸੀ ਜੋ ਦਸੰਬਰ 2020 ਵਿੱਚ ਐੱਨਆਈਏ ਨੇ ਦਰਜ ਕੀਤੀ ਸੀ, ਜਦੋਂ ਪੰਜਾਬ ਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ।

ਐੱਨਆਈਏ ਨੇ ਕਈ ਸਿੱਖ ਕਾਰਕੁਨਾਂ ਦੇ ਨਾਂ ਉਸ ਐਫ਼ਆਈਆਰ ਵਿੱਚ ਦਰਜ ਕੀਤੇ ਸੀ।

ਇਨ੍ਹਾਂ ਵਿੱਚ ਹਰਦੀਪ ਸਿੰਘ ਨਿੱਝਰ, ਗੁਰਪਤਵੰਤ ਸਿੰਘ ਪੰਨੂ ਅਤੇ ਪਰਮਜੀਤ ਸਿੰਘ ਪੰਮਾ ਸ਼ਾਮਲ ਸਨ।

ਇਨ੍ਹਾਂ ’ਤੇ ਲੋਕਾਂ ਵਿੱਚ ਡਰ ਪੈਦਾ ਕਰਕੇ ਭਾਰਤ ਖਿਲਾਫ ਬਗਾਵਤ ਕਰਵਾਉਣ, ਲੋਕਾਂ ਵਿੱਚ ਨਿਰਾਸ਼ਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਭੜਕਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾਏ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)