ਧਰਮਵੀਰ ਗਾਂਧੀ: ਕਾਂਗਰਸ ਵਿੱਚ ਸ਼ਾਮਲ ਹੋਣ ਵੇਲੇ ਗਾਂਧੀ ਨੇ ਕਿਸ ਜੰਗ ਦਾ ਜ਼ਿਕਰ ਕੀਤਾ

ਤਸਵੀਰ ਸਰੋਤ, INC/YT
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਸਹਿਯੋਗੀ
''2024 ਦੀਆਂ ਲੋਕ ਸਭਾ ਚੋਣਾਂ ਆਮ ਚੋਣਾਂ ਨਹੀਂ ਹਨ, ਇਹ ਜੰਗ ਹੈ, ਅਸੀਂ ਜੰਗ ਵਿੱਚ ਹਾਂ।''
ਇਹ ਸ਼ਬਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੇ ਕਾਰਨ ਗਿਣਵਾਉਂਦੇ ਹੋਏ ਡਾ. ਧਰਮਵੀਰ ਗਾਂਧੀ ਨੇ ਕਹੇ। ਉਨ੍ਹਾਂ ਕਿਹਾ ਮੈਂ ਕਿਸੇ ਟਿਕਟ ਜਾਂ ਸੰਸਦ ਮੈਂਬਰ ਬਣਨ ਲਈ ਨਹੀਂ ਕਾਂਗਰਸ ਵਿੱਚ ਆਇਆ, ਸਗੋਂ 2024 ਵਿੱਚ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਮੈਂ ਸਹੀ ਪਾਸੇ ਖੜਨ ਲਈ ਇੱਥੇ ਆਇਆ ਹਾਂ। ਇਹੀ ਗਾਂਧੀ ਹੈ, ਇਹੀ ਧਰਮਵੀਰ ਹੈ।
ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤੇ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਧਰਮਵੀਰ ਗਾਂਧੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਖ਼ਿਲਾਫ਼ ਚੋਣ ਲੜੀ ਅਤੇ ਜਿੱਤੀ ਸੀ।
ਧਰਮਵੀਰ ਗਾਂਧੀ ਦੇ ਅੱਜ ਦਿੱਲੀ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜਣ ਨਾਲ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛਿੜ ਗਈ।
ਸਿਆਸੀ ਮਾਹਰ ਮੰਨਦੇ ਹਨ ਕਿ ਹੁਣ ਉਹ ਕਾਂਗਰਸ ਦੀ ਟਿਕਟ ਤੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋਣਗੇ ਅਤੇ ਇੱਕ ਵਾਰ ਮੁੜ ਭਾਜਪਾ ਵਿੱਚ ਸ਼ਾਮਲ ਹੋਏ ਪਰਨੀਤ ਕੌਰ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰਣਗੇ।

ਤਸਵੀਰ ਸਰੋਤ, Getty Images
ਪੇਸ਼ੇ ਵਜੋਂ ਡਾਕਟਰ
ਧਰਮਵੀਰ ਗਾਂਧੀ ਪੇਸ਼ੇ ਵਜੋਂ ਡਾਕਟਰ ਹਨ ਅਤੇ ਦਿਲ ਦੇ ਰੋਗਾਂ ਦੇ ਮਾਹਰ ਹਨ। ਉਨ੍ਹਾਂ ਨੂੰ ਇੱਕ ਸਮਾਜਿਕ ਕਾਰਕੁੰਨ ਵਜੋਂ ਵੀ ਜਾਣਿਆ ਜਾਂਦਾ ਹੈ।
ਡਾਕਟਰ ਧਰਮਵੀਰ ਗਾਂਧੀ ਨੇ ਆਪਣਾ ਕਰੀਅਰ ਇੱਕ ਸਰਕਾਰੀ ਹਸਤਪਤਾਲ ਤੋਂ ਸ਼ੁਰੂ ਕੀਤਾ ਸੀ।
ਉਨ੍ਹਾਂ ਨੇ ਬਹੁਤਾ ਸਮਾਂ ਮਾਲਵਾ ਪੱਟੀ ਵਿੱਚ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਬਿਲਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਬਤੌਰ ਡਾਕਟਰ ਸੇਵਾਵਾਂ ਨਿਭਾਈਆਂ।
ਸਾਲ 1987 ਵਿੱਚ ਪੰਜਾਬ ਦੇ ਗਵਰਨਰ ਸਿਧਾਰਥ ਸ਼ੰਕਰ ਰੇਅ ਨੇ ਇੱਕ ਪੇਂਡੂ ਇਲਾਕੇ ਵਿੱਚ ਡਾਕਟਰ ਵਜੋਂ ਵਧੀਆ ਸੇਵਾਵਾਂ ਨਿਭਾਉਣ ਬਦਲੇ ਉਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਸੀ।
ਗਾਂਧੀ ਨੇ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਜਿਸ ਤੋਂ ਬਾਅਦ ਵਿੱਚ ਉਨਾਂ ਨੇ ਨੌਕਰੀ ਛੱਡ ਕੇ ਆਪਣਾ ਕਲੀਨਿਕ ਖੋਲ੍ਹ ਲਿਆ ਜਿੱਥੇ ਉਹ ਬਹੁਤ ਹੀ ਘੱਟ ਪੈਸਿਆਂ ਉੱਤੇ ਮਰੀਜ਼ਾਂ ਦਾ ਇਲਾਜ ਕਰਨ ਲਈ ਜਾਣੇ ਜਾਂਦੇ ਹਨ।

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ
ਖੱਬੇ ਪੱਖੀ ਵਿਚਾਰਧਾਰਾ ਦੇ ਹਾਮੀ ਭਰਦੇ ਡਾਕਟਰ ਧਰਮਵੀਰ ਗਾਂਧੀ ਨੇ ਆਪਣਾ ਸਿਆਸੀ ਸਫ਼ਰ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਨਾਲ ਸ਼ੁਰੂ ਕੀਤਾ।
ਆਮ ਆਦਮੀ ਪਾਰਟੀ ਦੀ ਟਿਕਟ ਤੋਂ ਹੀ 72 ਸਾਲਾ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਪਰਨੀਤ ਕੌਰ ਨੂੰ ਮਾਤ ਦਿੱਤੀ ਅਤੇ ਚਰਚਾ ਵਿੱਚ ਆ ਗਏ।
ਜ਼ਿਕਰਯੋਗ ਹੈ ਕਿ ਪਰਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਹਨ ਅਤੇ ਪਟਿਆਲਾ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਸਿਆਸੀ ਦਬਦਬਾ ਵੀ ਮੰਨਿਆ ਜਾਂਦਾ ਹੈ।
ਭਾਵੇਂ ਡਾਕਟਰ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਟਿਕਟ ਉੱਪਰ ਪਟਿਆਲਾ ਤੋਂ ਜਿੱਤ ਹਾਸਲ ਕੀਤੀ ਸੀ ਪਰ ਉਨਾਂ ਦਾ 'ਆਪ' ਤੋਂ ਜਲਦੀ ਹੀ ਮੋਹ 'ਭੰਗ' ਹੋ ਗਿਆ ਸੀ। ਅਤੇ ਉਨ੍ਹਾਂ ਨੇ ਸਿਧਾਂਤਕ ਵਖਰੇਵਿਆਂ ਦਾ ਹਵਾਲਾ ਦਿੰਦਿਆਂ ਸਾਲ 2016 ਵਿੱਚ ਆਮ ਆਦਮੀ ਪਾਰਟੀ ਤੋਂ ਕਿਨਾਰਾਕਸ਼ੀ ਕਰ ਲਈ ਸੀ।

ਤਸਵੀਰ ਸਰੋਤ, Getty Images
‘ਨਵਾਂ ਪੰਜਾਬ’ ਪਾਰਟੀ ਦਾ ਆਗਾਜ਼
ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜਨ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਨੇ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ 'ਨਵਾਂ ਪੰਜਾਬ ਪਾਰਟੀ' ਦੇ ਰੂਪ ਵਿੱਚ ਆਪਣਾ ਸਿਆਸੀ ਸੰਗਠਨ ਖੜ੍ਹਾ ਕਰ ਲਿਆ ਸੀ।
ਇਸ ਤੋਂ ਬਾਅਦ ਉਨਾਂ ਨੇ ਸਾਲ 2019 ਵਿੱਚ 'ਨਵਾਂ ਪੰਜਾਬ ਪਾਰਟੀ' ਦੇ ਬੈਨਰ ਹੇਠ ਪਟਿਆਲਾ ਤੋਂ ਹੀ ਲੋਕ ਸਭਾ ਦੀ ਚੋਣ ਵੀ ਲੜੀ ਸੀ।
ਇਸ ਚੋਣ ਮੁਕਾਬਲੇ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਚੋਣ ਜਿੱਤ ਗਏ ਸਨ।
ਦੱਸਣਯੋਗ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ 14 ਮਾਰਚ 2024 ਨੂੰ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਜੇਕਰ ਕਾਂਗਰਸ ਪਾਰਟੀ ਗਾਂਧੀ ਨੂੰ ਪਟਿਆਲਾ ਤੋਂ ਟਿਕਟ ਦਿੰਦੀ ਹੈ ਤਾਂ ਹੋਰਨਾਂ ਉਮੀਦਵਾਰਾਂ ਤੋਂ ਇਲਾਵਾ ਉਹ ਅਤੇ ਪਰਨੀਤ ਕੌਰ ਚੋਣ ਅਖਾੜੇ ਵਿੱਚ ਇੱਕ ਵਾਰ ਮੁੜ ਆਹਮੋ-ਸਾਹਮਣੇ ਹੋਣਗੇ।

ਤਸਵੀਰ ਸਰੋਤ, Getty Images
ਕਾਂਗਰਸ ਪਾਰਟੀ ਦਾ ਪੱਲਾ ਫੜਨਾ
ਧਰਮਵੀਰ ਗਾਂਧੀ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਬਾਬਤ ਚਰਚਾ ਦਾ ਮੁੱਢ ਉਸ ਵੇਲੇ ਹੀ ਬੱਝ ਗਿਆ ਸੀ, ਜਦੋਂ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਸ਼ੁਰੂ ਕੀਤੀ ਸੀ।
ਰਾਹੁਲ ਗਾਂਧੀ ਵੱਲੋਂ 7 ਸਤੰਬਰ 2022 ਨੂੰ 4, 080 ਕਿਲੋਮੀਟਰ ਦੀ ਸ਼ੁਰੂ ਕੀਤੀ ਗਈ ਇਹ ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਜੰਮੂ ਕਸ਼ਮੀਰ ਵਿੱਚ ਖਤਮ ਹੋਈ ਸੀ।
ਇਸ ਯਾਤਰਾ ਵਿੱਚ ਡਾਕਟਰ ਧਰਮਵੀਰ ਗਾਂਧੀ ਭਾਰਤ ਦੇ ਕਈ ਹਿੱਸਿਆਂ ਵਿੱਚ ਰਾਹੁਲ ਗਾਂਧੀ ਨਾਲ ਨਜ਼ਰ ਆਏ ਸਨ।
ਜਦੋਂ ਇਹ ਯਾਤਰਾ ਪੰਜਾਬ ਵਿੱਚ ਦਾਖਲ ਹੋਈ ਸੀ ਤਾਂ ਧਰਮਵੀਰ ਗਾਂਧੀ ਪੂਰਾ ਸਮਾਂ ਰਾਹੁਲ ਗਾਂਧੀ ਨਾਲ ਇਸ ਯਾਤਰਾ ਵਿੱਚ ਰਹੇ ਸਨ।
ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਚੱਲ ਰਹੀ ਸੀ ਕਿ ਪਰਨੀਤ ਕੌਰ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹੇ ਜਾਣ ਨਾਲ ਕਾਂਗਰਸ ਪਾਰਟੀ ਲਈ ਪਟਿਆਲਾ ਖਿੱਤੇ ਵਿੱਚ ਇੱਕ ਵੱਡਾ ਸਿਆਸੀ 'ਖਲਾਅ' ਪੈਦਾ ਹੋ ਗਿਆ ਸੀ। ਜਿਸ ਨੂੰ ਗਾਂਧੀ ਦੀ ਸ਼ਮੂਲੀਅਤ ਨਾਲ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾਕਟਰ ਗਾਂਧੀ ਦੀ 'ਨਵਾਂ ਪੰਜਾਬ ਪਾਰਟੀ' ਵੀ ਕਾਂਗਰਸ ਪਾਰਟੀ ਵਿੱਚ ਮਰਜ਼ ਹੋ ਜਾਵੇਗੀ।
ਨਿਰਪੱਖਤਾ ਦਾ ਦਾਅਵਾ

ਤਸਵੀਰ ਸਰੋਤ, Dharamvir Gandhi/FB
ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੀ ਪਹਿਲੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਦੇ ਜਮਹੂਰੀ ਢਾਂਚੇ ਨੂੰ ਬਚਾਉਣ ਲਈ ਅੱਗੇ ਆਉਣਾ ਜ਼ਰੂਰੀ ਹੈ।
ਉਨਾਂ ਕਿਹਾ ਸੀ ਕੀ, "ਫ਼ਿਰਕੂ ਤਾਕਤਾਂ ਨੂੰ ਦੂਰ ਰੱਖਣ ਲਈ ਇਕ ਧਰਮ-ਨਿਰਪੱਖ ਪਾਰਟੀ ਹੀ ਭਾਰਤ ਦੇ ਸੁਨਹਿਰੇ ਭਵਿੱਖ ਦੀ ਜ਼ਾਮਨ ਬਣ ਸਕਦੀ ਹੈ"।
"2024 ਦੀਆਂ ਲੋਕ ਸਭਾ ਚੋਣਾਂ ਦੇਸ਼ ਲਈ ਕਾਫ਼ੀ ਅਹਿਮ ਹਨ। ਮੈਂ ਚੋਣ ਲੜਨ ਲਈ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਹਾਂ। ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਅਤੇ ਭਾਰਤ ਨੂੰ ਕਰਜ਼ੇ ਵਿੱਚ ਡੁੱਬਣ ਤੋਂ ਬਚਾਉਣ ਲਈ ਕਾਂਗਰਸ ਪਾਰਟੀ ਹੀ ਇੱਕ ਬਦਲ ਹੈ"।
ਅਫ਼ੀਮ ਦੀ ਖੇਤੀ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲੇ ਗਾਂਧੀ

ਤਸਵੀਰ ਸਰੋਤ, FB/Dharamvir Gandhi
ਡਾ. ਧਰਮਵੀਰ ਗਾਂਧੀ ਉਨਾਂ ਚੰਦ ਕੁ ਸਿਆਸਤਦਾਨਾਂ ਵਿੱਚ ਵੀ ਸ਼ੁਮਾਰ ਹਨ, ਜਿਹੜੇ ਦੇਸ਼ ਵਿੱਚ ਭੁੱਕੀ-ਅਫੀਮ ਅਤੇ ਭੰਗ ਦੀ ਪੈਦਾਵਾਰ ਨੂੰ ਗੈਰ-ਕਾਨੂੰਨੀ ਖੇਤੀ ਦੀ ਸ਼੍ਰੇਣੀ ਵਿੱਚੋਂ ਕੱਢਣ ਦੀ ਮੰਗ ਕਰਦੇ ਆ ਰਹੇ ਹਨ।
ਉਹ ਕਹਿੰਦੇ ਹਨ, "ਰਵਾਇਤੀ ਨਸ਼ਿਆਂ ਪੋਸਤ-ਅਫ਼ੀਮ ਅਤੇ ਭੰਗ ਉੱਪਰ ਪਾਬੰਦੀ ਹੋਣ ਕਾਰਨ ਅਨੇਕਾਂ ਲੋਕ ਸਿੰਥੈਟਿਕ ਜਾਂ ਮੈਡੀਕਲ ਨਸ਼ਿਆਂ ਦੀ ਜਕੜ ਵਿੱਚ ਆ ਰਹੇ ਹਨ"।
ਜ਼ਿਕਰਯੋਗ ਹੈ ਕਿ ਲੋਕ ਸਭਾ ਮੈਂਬਰ ਹੁੰਦਿਆਂ ਉਨਾਂ ਨੇ ਸੰਸਦ ਵਿੱਚ ਭੁੱਕੀ-ਅਫ਼ੀਮ ਅਤੇ ਭੰਗ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਸਬੰਧੀ ਇੱਕ ਨਿੱਜੀ ਬਿੱਲ ਵੀ ਪੇਸ਼ ਕੀਤਾ ਸੀ।













