ਏਸ਼ੀਅਨ ਗੇਮਜ਼: ਮੁੰਡਿਆਂ ਦੀ ਕਬੱਡੀ ਅਤੇ ਕ੍ਰਿਕੇਟ ’ਚ ਭਾਰਤ ਨੇ ਜਿੱਤੇ ਸੋਨ ਤਮਗ਼ੇ, ਕੁੜੀਆਂ ਦੀ ਹਾਕੀ ’ਚ ਕਾਂਸੀ

ਤਸਵੀਰ ਸਰੋਤ, Getty Images
ਸ਼ਨੀਵਾਰ ਦਾ ਦਿਨ ਭਾਰਤ ਲਈ ਮੈਡਲਾਂ ਦਾ ਦਿਨ ਰਿਹਾ। ਭਾਰਤ ਦੀ ਨੇ ਕਬੱਡੀ ਅਤੇ ਕ੍ਰਿਕੇਟ ਦੀ ਪੁਰਸ਼ਾਂ ਦੇ ਮੁਕਬਾਲੇ ਜਿੱਤੇ ਕੇ ਸੋਨ ਤਮਗ਼ੇ ਆਪਣੇ ਨਾਂ ਕੀਤੇ।
ਚੀਨ ਦੇ ਹਾਂਗਜ਼ੋ ਵਿੱਚ ਚੱਲ ਰਹੀਆਂ ਏਸ਼ੀਅਨ ਗੇਮਜ਼ ਦੌਰਾਨ ਕ੍ਰਿਕੇਟਾ ਦਾ ਫ਼ਾਈਨਲ ਮੈਚ ਮੀਂਹ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ। ਮੈਚ ਪੂਰਾ ਨਹੀਂ ਹੋ ਸਕਿਆ ਪਰ ਭਾਰਤ ਦੀ ਬਹਿਤਰੀਨ ਰੈਂਕਿੰਗ ਅਤੇ ਪ੍ਰਦਰਸ਼ਨ ਦੇ ਆਧਾਰ ’ਤੇ ਭਾਰਤੀ ਟੀਮ ਨੂੰ ਗੋਲਡ ਮੈਡਲ ਦਿੱਤਾ ਗਿਆ।
ਕ੍ਰਿਕੇਟ ਦਾ ਇਹ ਫ਼ਾਈਨਲ ਮੈਚ ਅਫ਼ਗਾਨਿਸਤਾਨ ਅਤੇ ਭਾਰਤੀ ਟੀਮ ਵਿਚਕਾਰ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਨੇ 18.2 ਓਵਰਾਂ 'ਚ 112 ਦੌੜਾਂ ਬਣਾਈਆਂ ਸਨ। ਪਰ ਮੈਚ ਨੂੰ ਮੀਂਹ ਕਾਰਨ ਮੈਚ ਰੋਕਣਾ ਪਿਆ ਸੀ।

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਮਗ਼ਾ ਜਿੱਤਿਆ ਸੀ।
ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਜਪਾਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤ ਲਿਆ ਹੈ।
ਹੁਣ ਤੱਕ ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਕੁੱਲ 104 ਤਮਗ਼ੇ ਜਿੱਤੇ ਹਨ। ਇਨ੍ਹਾਂ ਵਿੱਚ 28 ਸੋਨ, 35 ਚਾਂਦੀ ਅਤੇ 41 ਕਾਂਸੀ ਦੇ ਤਮਗ਼ੇ ਸ਼ਾਮਲ ਹਨ।
ਮਹਿਲਾ ਕਬੱਡੀ ਵਿੱਚ ਜਿੱਤਿਆ ਗੋਲਡ

ਤਸਵੀਰ ਸਰੋਤ, Getty Images
ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਗੋਲਡ ਮੈਡਲ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ।
ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਟੀਮ ਨੇ ਚੀਨੀ ਤਾਇਪੇ ਟੀਮ ਨੂੰ ਹਰਾ ਦਿੱਤਾ।
ਉਧਰ ਭਾਰਤ ਦੀ ਨਿਸ਼ਾਨੇਬਾਜ਼ ਅਦਿਤੀ ਸਵਾਮੀ ਨੇ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ।
ਇਸ ਤੋਂ ਬਾਅਦ ਜਯੋਤੀ ਸੁਰੇਖਾ ਵੇਣਮ ਨੇ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ।

ਤਸਵੀਰ ਸਰੋਤ, Reuters
ਚੀਨ ਵਿੱਚ ਚੱਲ ਰਹੇ ਏਸ਼ੀਅਨ ਗੇਮਜ਼ ਦੀ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਮਰਦਾਂ ਦੀ ਟੀਮ ਨੇ ਜਪਾਨ ਨੂੰ 5-1 ਨਾਲ ਹਰਾ ਦਿੱਤਾ ਹੈ।
ਇਸ ਦੇ ਨਾਲ ਹੀ ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ 22 ਗੋਲਡ ਜਿੱਤ ਲਏ ਹਨ। ਹੁਣ ਤੱਕ ਟੂਰਨਾਮੈਂਟ ਵਿੱਚ ਭਾਰਤ ਨੇ ਕੁੱਲ੍ਹ 95 ਮੈਡਲ ਜਿੱਤ ਲਏ ਹਨ।
ਇਹ ਚੌਥੀ ਵਾਰ ਹੈ ਜਦੋਂ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਸਾਲ 1966, 1998 ਅਤੇ 2014 ਵਿੱਚ ਵੀ ਭਾਰਤੀ ਹਾਕੀ ਟੀਮ ਨੇ ਗੋਲਡ ਜਿੱਤਿਆ ਸੀ। ਆਖਰੀ ਵਾਰ ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਦੱਖਣੀ ਕੋਰੀਆ ਵਿੱਚ ਪਾਕਿਸਤਾਨ ਨੂੰ ਹਰਾ ਕੇ ਗੋਲਡ ਜਿੱਤਿਆ ਸੀ।

ਤਸਵੀਰ ਸਰੋਤ, Reuters
1958 ਵਿੱਚ ਏਸ਼ੀਅਨ ਗੇਮਜ਼ ਵਿੱਚ ਹਾਕੀ ਜਦੋਂ ਤੋਂ ਸ਼ਾਮਿਲ ਕੀਤੀ ਗਈ ਹੈ, ਉਦੋਂ ਤੋਂ ਭਾਰਤ 15 ਮੈਡਲ ਜਿੱਤ ਚੁੱਕਿਆ ਹੈ। ਇਨ੍ਹਾਂ ਵਿੱਚ ਤਿੰਨ ਗੋਲਡ, ਨੌ ਸਿਲਵਰ ਅਤੇ ਤਿਨ ਬ੍ਰੌਜ਼ ਮੈਡਲ ਸ਼ਾਮਿਲ ਹਨ।

ਤਸਵੀਰ ਸਰੋਤ, Reuters
ਇਸ ਤੋਂ ਪਹਿਲਾਂ ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਸੰਧੂ ਦੀ ਜੋੜੀ ਨੇ ਸਕੁਐਸ਼ ਮਿਕਸਡ ਡਬਲ ਨੇ ਭਾਰਤ ਦੀ ਝੋਲੀ ਵਿੱਚ ਮੈਡਲ ਪਾਇਆ ਸੀ।
ਮਿਕਸਡ ਡਬਲਜ਼ ਸਕੁਐਸ਼ ਮੁਕਾਬਲੇ ਵਿੱਚ ਭਾਰਤ ਦੇ ਅਭੈ ਸਿੰਘ ਅਤੇ ਅਨਾਹਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ।
ਇਸ ਤੋਂ ਇਲਾਵਾ ਪੁਰਸ਼ ਸਿੰਗਲ ਸਕੁਐਸ਼ ਮੁਕਾਬਲੇ ਵਿੱਚ ਸੌਰਵ ਘੋਸਲ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ।

ਤਸਵੀਰ ਸਰੋਤ, SAI
ਪ੍ਰਨੀਤ ਕੌਰ, ਵੀਜੇ ਸੁਰੇਖਾ ਅਤੇ ਅਦਿਤੀ ਨੇ ਚਾਇਨੀਜ਼ ਤਾਈਪੇ ਦੀ ਟੀਮ ਨੂੰ ਹਰਾ ਕੇ ਤੀਰ-ਅੰਦਾਜ਼ੀ ’ਚ ਸੋਨ ਤਮਗਾ ਜਿੱਤਿਆ ਹੈ।
ਭਾਰਤ ਲਈ ਤੀਰ-ਅੰਦਾਜ਼ੀ ਵਿੱਚ ਦੂਜਾ ਸੋਨ ਤਮਗ਼ਾ ਹੈ ਅਤੇ ਇਸ ਦੇ ਨਾਲ ਹੀ ਹੁਣ ਤੱਕ ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ 19 ਸੋਨੇ ਦੇ ਤਮਗੇ , 31 ਚਾਂਦੀ ਅਤੇ 32 ਕਾਂਸੀ ਦੇ ਤਮਗਿਆਂ ਸਮੇਤ ਕੁੱਲ 81 ਤਮਗੇ ਜਿੱਤੇ ਹਨ।
ਭਾਰਤ ਨੇ ਪਿਛਲੀ ਵਾਰ ਕੁੱਲ 70 ਤਮਗੇ ਜਿੱਤੇ ਸਨ।

ਤਸਵੀਰ ਸਰੋਤ, reteurs
ਏਸ਼ੀਆਈ ਖੇਡਾਂ ਦੇ 11ਵੇਂ ਦਿਨ ਬੁੱਧਵਾਰ ਨੂੰ ਭਾਰਤ ਦੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ 'ਚ ਗੋਲਡ ਜਿੱਤ ਲਿਆ ਹੈ।
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਸੱਟ ਕਾਰਨ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ।
ਪਿਛਲੇ ਸਾਲ ਅਗਸਤ ਵਿੱਚ ਨੀਰਜ ਚੋਪੜਾ ਨੇ ਅਥਲੈਟਿਕਸ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਦੀ ਜੋਤੀ ਸੁਰੇਖਾ ਵੇਨਮ ਤੇ ਓਜਸ ਪ੍ਰਵੀਨ ਦੇਵਤਾਲੇ ਨੇ ਤੀਰਅੰਦਾਜ਼ੀ ਮਿਕਸਡ ਟੀਮ ਕੰਪਾਊਂਡ ’ਚ ਸੋਨ ਤਮਗਾ ਜਿੱਤਿਆ।

ਤਸਵੀਰ ਸਰੋਤ, ANI
ਅਵਿਨਾਸ਼ ਸਾਬਲ ਦਾ ਦੂਜਾ ਤਮਗਾ
ਭਾਰਤੀ ਦੌੜਾਕ ਅਵਿਨਾਸ਼ ਸਾਬਲ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।
1 ਅਕਤੂਬਰ ਨੂੰ ਸੇਬਲ ਨੇ ਏਸ਼ਿਆਈ ਖੇਡਾਂ ਵਿੱਚ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ।
ਮੰਗਲਵਾਰ ਨੂੰ ਭਾਰਤ ਦੀ ਪਾਰੂਲ ਚੌਧਰੀ ਨੇ ਹਾਂਗਜ਼ੋ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ 5000 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਜਪਾਨ ਦੀ ਰਿਰਕਾ ਹਿਰੋਨਕਾ ਦੂਜੇ ਸਥਾਨ ਉੱਤੇ ਰਹੀ।
ਪਾਰੂਲ ਇਸੇ ਟੂਰਨਾਮੈਂਟ ਦੌਰਾਨ 3000 ਸਟੀਪਲ ਚੇਜ਼ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਚੁੱਕੀ ਹੈ।

ਤਸਵੀਰ ਸਰੋਤ, Athletics Federation of India/X
ਇਸੇ ਦੌਰਾਨ ਭਾਰਤੀ ਦੌੜਾਕ ਤੇਜਸਵਿਨ ਨੇ 400 ਮੀਟਰ ਡਕੈਥਲਿਕ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ।
ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ 3000 ਮੀਟਰ ਪੁਰਸ਼ਾਂ ਦੇ ਸਕੇਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਆਪਣੇ ਨਾਂ ਕਰ ਲਿਆ ਹੈ।
ਤਮਗ਼ਿਆਂ ਦੇ ਲਿਹਾਜ਼ ਨਾਲ ਐਤਵਾਰ ਦਾ ਦਿਨ ਭਾਰਤ ਲਈ ਚੰਗੇ ਪ੍ਰਦਰਸ਼ਨ ਵਾਲਾ ਰਿਹਾ ਸੀ।
ਮੰਗਲਵਾਰ ਨੂੰ ਭਾਰਤ ਦੀ ਤਮਗਿਆਂ ਦੀ ਗਿਣਤੀ 67 ਤੱਕ ਪਹੁੰਚ ਗਈ ਹੈ। ਭਾਰਤ ਦੇ ਖਾਤੇ 'ਚ 14 ਸੋਨ, 24 ਚਾਂਦੀ ਅਤੇ 24 ਕਾਂਸੀ ਦੇ ਤਮਗੇ ਹਨ।
ਭਾਰਤ ਆਪਣੇ 67 ਤਗ਼ਮਿਆਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ।

ਤਸਵੀਰ ਸਰੋਤ, Anurag Thakur/X
ਭਾਰਤ ਦੇ ਤਜਿੰਦਰ ਪਾਲ ਸਿੰਘ ਤੂਰ ਨੇ ਐਤਵਾਰ ਨੂੰ ਸ਼ਾਟ ਪੁਟ, ਅਵਿਨਾਸ਼ ਸਾਬਲ ਨੇ 3000 ਮੀਟਰ ਸਟੀਪਲਚੇਜ਼ ਅਤੇ ਪੁਰਸ਼ਾਂ ਦੇ ਟਰੈਪ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ ਹੈ।
ਤਜਿੰਦਰ ਪਾਲ ਸਿੰਘ ਨੇ 2018 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਵੀ ਸ਼ਾਟ ਪੁਟ ਵਿੱਚ ਸੋਨ ਤਮਗਾ ਜਿੱਤਿਆ ਸੀ, ਜਦੋਂ ਕਿ ਅਵਿਨਾਸ਼ ਸਾਬਲ ਨੇ ਭਾਰਤ ਨੂੰ ਪਹਿਲੀ ਵਾਰ 3000 ਮੀਟਰ ਸਟੀਪਲਚੇਜ਼ ਵਿੱਚ ਸੋਨ ਤਮਗਾ ਦਿਵਾਇਆ ਸੀ।
ਪੁਰਸ਼ਾਂ ਦੀ ਟਰੈਪ ਸ਼ੂਟਿੰਗ ਵਿੱਚ ਸੋਨੇ ਤੋਂ ਇਲਾਵਾ ਇਸੇ ਈਵੈਂਟ ਦੇ ਟੀਮ ਈਵੈਂਟ ਵਿੱਚ ਵੀ ਮਹਿਲਾਵਾਂ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਭਾਰਤ ਦੀ ਜੋਤੀ ਯਾਰਰਾਜੀ ਨੇ ਔਰਤਾਂ ਦੀ 100 ਮੀਟਰ ਹਡਲ ਦੌੜ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸ ਤਰ੍ਹਾਂ ਗੋਲਫ਼ਰ ਅਦਿਤੀ ਅਸ਼ੋਕ, ਗੋਲਫ਼ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ।
ਅਜੈ ਕੁਮਾਰ ਸਰੋਜ ਨੇ ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਮੁਰਲੀ ਸ਼੍ਰੀਸ਼ੰਕਰ ਨੇ ਲੰਬੀ ਛਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਪੰਜਾਬ ਦੀ ਹਰਮਿਲਨ ਨੇ ਕੀਤਾ ਕਮਾਲ

ਹਰਮਿਲਨ ਨੇ 2023 ਏਸ਼ੀਆਈ ਖੇਡਾਂ ਵਿੱਚ 1500 ਅਤੇ 800 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ।
ਤਮਗਾ ਜਿੱਤਣ ਤੋਂ ਬਾਅਦ ਹਰਮਿਲਨ ਨੇ ਗੱਲ ਕਰਦਿਆਂ ਕਿਹਾ, "ਮੇਰੇ ਮਾਪਿਆਂ ਦਾ ਸੁਪਨਾ ਸੀ ਕਿ ਮੈਂ ਏਸ਼ੀਅਨ ਗੇਮਜ਼ ਵਿੱਚ ਜਾਵਾਂ ਅਤੇ ਮੈਡਲ ਲੈ ਕੇ ਆਵਾਂ, ਗੋਲਡ ਲੈ ਕੇ ਆਵਾਂ। ਪਰ ਅੱਜ ਕੁਝ ਗ਼ਲਤੀਆਂ ਕਾਰਨ ਮੇਰੇ ਕੋਲੋਂ ਉਹ ਮੌਕਾ ਖੁੰਝ ਗਿਆ ਹੈ।"
ਪੰਜਾਬ ਵਿੱਚ ਪੈਦਾ ਹੋਏ ਹਰਮਿਲਨ ਦੀ ਮਾਂ ਮਾਧੁਰੀ ਸਕਸੈਨਾ ਅਤੇ ਪਿਤਾ ਅਮਨਦੀਪ ਬੈਂਸ ਦੋਵੇਂ ਅਥਲੀਟ ਸਨ ਅਤੇ ਵੱਖ-ਵੱਖ ਚੈਂਪੀਅਨਸ਼ਿਪਾਂ ਵਿੱਚ ਮੈਡਲ ਜਿੱਤ ਚੁੱਕੇ ਹਨ।
ਦਰਅਸਲ, ਉਨ੍ਹਾਂ ਦੀ ਮਾਂ ਮਾਧੁਰੀ ਨੇ 2002 ਦੇ ਬੁਸਾਨ ਏਸ਼ੀਅਨਜ਼ ਵਿੱਚ 800 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਉਨ੍ਹਾਂ ਦੇ ਪਿਤਾ ਨੇ 1996 ਦੱਖਣੀ ਏਸ਼ੀਆਈ ਖੇਡਾਂ ਵਿੱਚ ਤਮਗਾ ਜਿੱਤਿਆ ਸੀ ਅਤੇ 1500 ਮੀਟਰ ਵਿੱਚ ਕੌਮੀ ਚੈਂਪੀਅਨ ਸੀ।
ਹਰਮਿਲਨ ਨੇ 2015 ਵਿੱਚ ਰਾਂਚੀ U-18 ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 800 ਮੀਟਰ ਅਤੇ 1500 ਮੀਟਰ ਦੋਨਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ, ਹਰਮਿਲਨ ਬੈਂਸ ਨੇ 2016 ਵਿੱਚ ਹੋ ਚੀ-ਮਿਨਹ, ਵੀਅਤਨਾਮ ਵਿੱਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ 1500 ਮੀਟਰ ਕਾਂਸੀ ਜਿੱਤਣ ਤੋਂ ਬਾਅਦ ਆਪਣਾ ਅੰਤਰਰਾਸ਼ਟਰੀ ਤਗਮੇ ਦਾ ਖਾਤਾ ਖੋਲ੍ਹਿਆ ਸੀ।
ਉਨ੍ਹਾਂ ਨੇ ਇੰਡੀਅਨ ਗ੍ਰਾਂ ਪ੍ਰੀ ਵਿੱਚ 800 ਮੀਟਰ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ।
ਉਨ੍ਹਾਂ ਨੂੰ ਗੋਡੇ ਦੀ ਸੱਟ ਤੋਂ ਬਾਅਦ 2017 ਵਿੱਚ ਬ੍ਰੇਕ ਲੈਣਾ ਪਿਆ ਸੀ।
2019 ਵਿੱਚ, ਉਨ੍ਹਾਂ ਨੇ ਪੂਰੀ ਤੰਦਰੁਸਤੀ ਪ੍ਰਾਪਤ ਕੀਤੀ ਅਤੇ ਪਟਿਆਲਾ ਵਿੱਚ ਫੈਡਰੇਸ਼ਨ ਕੱਪ ਵਿੱਚ 1500 ਮੀਟਰ ਵਿੱਚ ਇੱਕ ਬ੍ਰੌਂਜ਼ ਮੈਡਲ ਜਿੱਤਿਆ। ਉਨ੍ਹਾਂ ਨੇ 1500 ਮੀਟਰ ਵਿੱਚ ਅਤੇ 800 ਮੀਟਰ ਵਿੱਚ ਕਾਂਸੀ ਦਾ ਮੈਡਲ ਅੰਤਰ-ਯੂਨੀਵਰਸਿਟੀ ਚੈਂਪੀਅਨਸ਼ਿਪ, ਮੂਡਬਿਦਰੀ ਵਿੱਚ ਜਿੱਤਿਆ ਸੀ।
ਹਰਮਿਲਨ ਬੈਂਸ ਨੇ ਸਾਲ 2020 ਵਿੱਚ ਭੁਵਨੇਸ਼ਵਰ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ 800 ਮੀਟਰ ਅਤੇ 1500 ਮੀਟਰ ਦੋਵਾਂ ਵਿੱਚ ਸੋਨ ਤਮਗਾ ਜਿੱਤਿਆ।
2022 ਵਿੱਚ ਉਨ੍ਹਾਂ ਨੂੰ ਗੋਡੇ ਦੀ ਸਰਜਰੀ ਕਰਵਾਉਣੀ ਪਈ ਸੀ ਜਿਸ ਦੇ ਨਤੀਜੇ ਵਜੋਂ ਬਰਮਿੰਘਮ ਵਿੱਚ 2022 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਓਰੇਗਨ ਵਿੱਚ ਵਿਸ਼ਵ ਚੈਂਪੀਅਨਸ਼ਿਪ ਉਹ ਹਿੱਸਾ ਨਹੀਂ ਲੈ ਸਕੇ ਸੀ।
ਕਾਂਸੀ ਦੇ ਤਮਗ਼ੇ ਲਈ ਵਿਵਾਦ
ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਆਪਣੇ ਨਾਂ ਕਈ ਤਮਗ਼ੇ ਕੀਤੇ ਪਰ ਨਾਲ ਹੀ ਇੱਕ ਤਮਗ਼ੇ ਦੀ ਦਾਅਵੇਦਾਰੀ ਨੂੰ ਲੈ ਕੇ ਰੌਲੇ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਚੌਥੇ ਸਥਾਨ 'ਤੇ ਰਹੀ ਸਵਪਨਾ ਬਰਮਨ ਨੇ ਏਸ਼ਿਆਈ ਖੇਡਾਂ 'ਚ ਹੈਪਟਾਥਲਨ 'ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੀ ਨੰਦਿਨੀ ਅਗਾਸਾਰਾ ਦੇ ਤਮਗ਼ੇ 'ਤੇ ਦਾਅਵਾ ਜਤਾਇਆ ਹੈ।
ਸਵਪਨਾ ਬਰਮਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਹੈ ਕਿ ਨੰਦਿਨੀ ਟਰਾਂਸਜੈਂਡਰ ਹੈ।
ਪਰ ਉਨ੍ਹਾਂ ਨੇ ਮਹਿਲਾ ਵਰਗ ਵਿੱਚ ਹਿੱਸਾ ਲਿਆ ਕਿਉਂਕਿ ਉਹ ਚੌਥੇ ਸਥਾਨ 'ਤੇ ਸੀ, ਇਸ ਲਈ ਇਹ ਤਮਗਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।
ਬਰਮਨ ਨੇ ਐਕਸ 'ਤੇ ਲਿਖਿਆ, ''ਮੈਂ ਚੀਨ ਦੇ ਹਾਂਗਜ਼ੂ ਸ਼ਹਿਰ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਹੈਪਟਾਥਲਨ 'ਚ ਕਾਂਸੀ ਦਾ ਤਗਮਾ ਇੱਕ ਟਰਾਂਸਜੈਂਡਰ ਔਰਤ ਤੋਂ ਹੱਥੋਂ ਹਾਰਿਆ।”
“ਮੈਨੂੰ ਮੇਰਾ ਮੈਡਲ ਵਾਪਸ ਚਾਹੀਏ ਕਿਉਂਕਿ ਇਹ ਸਾਡੇ ਅਥਲੈਟਿਕਸ ਦੇ ਨਿਯਮਾਂ ਦੇ ਖ਼ਿਲਾਫ਼ ਹੈ। ਮੇਰੀ ਮਦਦ ਕਰੋ। ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ।”

ਤਸਵੀਰ ਸਰੋਤ, SAI Media/X
ਇਸ ਤੋਂ ਪਹਿਲਾਂ ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।
ਇਸ ਜੇਤੂ ਟੀਮ ਵਿੱਚ ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਿਵਾ ਨਰਵਾਲ ਸ਼ਾਮਲ ਸਨ।

ਤਸਵੀਰ ਸਰੋਤ, SAI Media/X
ਇਸ ਤੋਂ ਇਲਾਵਾ, ਭਾਰਤ ਦੀ ਰੋਸ਼ੀਬੀਨਾ ਦੇਵੀ ਨਾਓਰੇਮ ਨੇ ਵੁਸ਼ੂ 'ਚ ਮਹਿਲਾਵਾਂ ਦੇ 60 ਕਿਲੋਗ੍ਰਾਮ ਵਰਗ 'ਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ।
ਹੁਣ ਤੱਕ ਭਾਰਤ ਨੇ ਏਸ਼ੀਅਨ ਖੇਡਾਂ ਵਿੱਚ ਕੁੱਲ 23 ਤਮਗੇ ਜਿੱਤੇ ਸਨ।
ਸਿਫ਼ਤ ਕੌਰ ਸਮਰਾ ਨੇ ਜਿੱਤਿਆ ਗੋਲਡ

ਤਸਵੀਰ ਸਰੋਤ, Getty Images
ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ 50 ਮੀਟਰ ਰਾਈਫ਼ਲ ਸ਼ੂਟਿੰਗ ਵਿੱਚ ਸਿਫ਼ਤ ਕੌਰ ਸਮਰਾ ਨੇ ਸੋਨ ਤਮਗਾ ਜਿੱਤ ਲਿਆ ਹੈ।
ਆਪਣੀ ਧੀ ਦੀ ਇਸ ਕਾਮਯਾਬੀ 'ਤੇ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਦੇਸ਼, ਪੰਜਾਬ ਅਤੇ ਫ਼ਰੀਦਕੋਟ ਦਾ ਨਾਮ ਇੰਨੇ ਵੱਡੇ ਪੱਧਰ 'ਤੇ ਰੌਸ਼ਨ ਕਰੇਗੀ।
ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਆਜ਼ਾਦ ਨੇ ਇਸ ਮੌਕੇ ਸਿਫ਼ਤ ਦੇ ਪਿਤਾ ਪਵਨ ਦੀਪ ਸਮਰਾ ਨਾਲ ਗੱਲਬਾਤ ਕੀਤੀ।
ਇਹ ਪੁੱਛੇ ਜਾਣ 'ਤੇ ਕਿ ਆਪਣੀ ਧੀ ਦੀ ਕਾਮਯਾਬੀ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ, ਪਵਨ ਦੀਪ ਸਮਰਾ ਨੇ ਕਿਹਾ, ''ਬਹੁਤ ਵਧੀਆ ਲੱਗ ਰਿਹਾ ਹੈ। ਪਰਮਾਤਮਾ ਨੇ ਸਾਥ ਦਿੱਤਾ।''

ਤਸਵੀਰ ਸਰੋਤ, Bharat Bhushan Azad/BBC
ਪਵਨਦੀਪ ਕਹਿੰਦੇ, ''ਕਦੇ ਸੋਚਿਆ ਵੀ ਨਹੀਂ ਸੀ ਕਿ ਬੇਟੀ ਸਾਡਾ, ਸਾਡੇ ਦੇਸ਼ ਦਾ ਅਤੇ ਫਰੀਦਕੋਟ ਦਾ ਨਾਮ ਇੰਨੇ ਵੱਡੇ ਪੱਧਰ 'ਤੇ ਰੋਸ਼ਨ ਕਰੇਗੀ। ਅਸੀਂ ਸਵੇਰੇ ਗੁਰਦੁਆਰਾ ਸਾਹਿਬ ਗਏ, ਬੇਟੀ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਆਏ।''
''ਸਾਡਾ ਸਾਰਾ ਪਰਿਵਾਰ ਟੀਵੀ ਤੇ ਲਾਈਵ ਮੈਚ ਵੇਖ ਰਿਹਾ ਸੀ।''
ਉਹ ਕਹਿੰਦੇ ਹਨ ਕਿ ''ਫਰੀਦਕੋਟ ਪੰਜਾਬ ਦਾ ਸੀਮਿਤ ਸਾਧਨਾਂ ਵਾਲਾ ਸ਼ਹਿਰ ਹੈ। ਇਸ ਸ਼ਹਿਰ ਵਿੱਚੋਂ ਉੱਠ ਕੇ ਚੀਨ ਵਿਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਜਿੱਤਣਾ ਵੱਡੀ ਪ੍ਰਾਪਤੀ ਹੈ।''
'ਰਾਸ਼ਟਰੀ ਗਾਣ ਵੱਜਿਆ ਤਾਂ ਲੂ-ਕੰਡੇ ਖੜ੍ਹੇ ਹੋ ਗਏ' - ਸਿਫ਼ਤ

ਬੀਬੀਸੀ ਨਾਲ ਗੱਲ ਕਰਦਿਆਂ ਸਿਫ਼ਤ ਨੇ ਆਪਣੀ ਖੁਸ਼ੀ ਸਾਂਝਾ ਕੀਤੀ ਤੇ ਕਿਹਾ, ''ਬਹੁਤ ਵਧੀਆ ਲੱਗ ਰਿਹਾ ਹੈ, ਇਹ ਇੱਕ ਵੱਖਰਾ ਅਨੁਭਵ ਹੈ।''
ਇਹ ਪੁੱਛੇ ਜਾਣ 'ਤੇ ਕਿ ਜਦੋਂ ਸੋਨ ਤਮਗਾ ਜਿੱਤਣ ਦੇ ਰਾਸ਼ਟਰੀ ਗਾਣ ਵੱਜਿਆ ਤਾਂ ਕਿਹੋ ਜਿਹਾ ਮਹਿਸੂਸ ਹੋਇਆ, ਸਿਫ਼ਤ ਕਹਿੰਦੇ ਹਨ, ''ਲੂ-ਕੰਡੇ ਖੜ੍ਹੇ ਹੋ ਗਏ ਸਨ, ਕਿਉਂਕਿ ਰਾਸ਼ਟਰੀ ਗਾਣ ਸਾਡੇ ਲਈ ਬਹੁਤ ਹੀ ਭਾਵੁਕ ਕਰਨ ਵਾਲੀ ਚੀਜ਼ ਹੈ।''
ਖੇਡ ਦੌਰਾਨ ਦੂਜੀ ਟੀਮ ਦੇ ਸਮਰਥਕਾਂ ਵੱਲੋਂ ਪਾਏ ਜਾਣ ਵਾਲੇ ਸ਼ੋਰ ਬਾਰੇ ਉਹ ਕਹਿੰਦੇ ਹਨ ਕਿ ਇਸ ਨਾਲ ਉਨ੍ਹਾਂ 'ਤੇ ਕੋਈ ਦਬਾਅ ਨਹੀਂ ਬਣਦਾ ਸਗੋਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ।
ਦਿਮਾਗੀ ਤੌਰ 'ਤੇ ਮਜ਼ਬੂਤ ਹੋਣ ਬਾਰੇ ਸਿਫ਼ਤ ਦਾ ਮੰਤਰ ਹੈ ਕਿ ''ਕੁਝ ਨਾ ਸੋਚੋ, ਬਸ ਖੁਸ਼ ਰਹੋ।''
ਸਿਫ਼ਤ ਨੇ ਗੋਲਡ ਮੈਡਲ ਜਿੱਤਣ ਦੇ ਨਾਲ ਇੱਕ ਵਰਲਡ ਰਿਕਾਰਡ ਵੀ ਬਣਾਇਆ ਹੈ, ਜਿਸ ਬਾਰੇ ਉਹ ਕਹਿੰਦੇ ਹਨ ਰਿਕਾਰਡ ਬਾਰੇ ਤਾਂ ਉਨ੍ਹਾਂ ਨੂੰ ਬਾਅਦ 'ਚੋਂ ਪਤਾ ਲੱਗਾ ਤੇ ਉਹ ਬਹੁਤ ਖੁਸ਼ ਹਨ।

ਆਓ ਜਾਣਦੇ ਹਾਂ ਸਿਫ਼ਤ ਕੌਰ ਸਮਰਾ ਬਾਰੇ ਕੁਝ ਖ਼ਾਸ ਗੱਲਾਂ

ਤਸਵੀਰ ਸਰੋਤ, SAI Media/X
ਏਸ਼ੀਆਈ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਭਾਰਤੀ ਖਿਡਾਰਨ ਸਿਫ਼ਤ ਕੌਰ ਸਮਰਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਕਿਸਾਨ ਹਨ।
ਸਿਫ਼ਤ ਕੌਰ ਨੇ ਮਾਰਚ 2023 ਵਿੱਚ ਜਰਮਨੀ ਵਿੱਚ ਹੋਏ ਅੰਤਰ-ਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਵਿਸ਼ਵ ਕੱਪ ਵਿੱਚ 50 ਮੀਟਰ ਰਾਈਫਲ 3 ਪੁਜਿਸ਼ਨ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ ਸੀ।
ਇਹ ਉਨ੍ਹਾਂ ਦਾ 7ਵਾਂ ਅੰਤਰ-ਰਾਸ਼ਟਰੀ ਮੈਡਲ ਸੀ। ਉਨ੍ਹਾਂ ਨੇ ਕਈ ਕੌਮਾਂਤਰੀ ਅਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਤਮਗੇ ਜਿੱਤੇ ਹਨ।
ਸਿਫ਼ਤ ਨੇ 2022 ਵਿੱਚ ਜਰਮਨੀ ਵਿੱਚ ਕਰਵਾਏ ਗਏ ਜੂਨੀਅਰ ਅੰਤਰ-ਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੇ ਮੁਕਾਬਲਿਆਂ ਵਿੱਚ ਦੋ ਸੋਨੇ ਦੇ, ਦੋ ਚਾਂਦੀ ਦੇ ਅਤੇ ਇੱਕ ਕਾਂਸੀ ਦੇ ਤਮਗੇ ਸਮੇਤ ਕੁਲ 5 ਤਮਗੇ ਹਾਸਲ ਕੀਤੇ ਸਨ।
ਇਹ ਤਗਮੇ ਉਨ੍ਹਾਂ ਨੇ 50 ਮੀਟਰ ਰਾਈਫਲ ਮੁਕਾਬਲੇ ਵਿੱਚ ਜਿੱਤੇ ਸਨ।
ਉਹ ਪਹਿਲੀ ਭਾਰਤੀ ਮਹਿਲਾ ਹਨ, ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਇਕੱਲਿਆਂ ਸੋਨਾ ਜਿੱਤਿਆ ਸੀ।

ਏਸ਼ੀਅਨ ਗੇਮਜ਼ ਬਾਰੇ ਖ਼ਾਸ ਗੱਲਾਂ
- ਏਸ਼ੀਆਈ ਖੇਡਾਂ ਚੀਨ ਦੇ ਹਾਂਗਝੂ ਵਿੱਚ 23 ਸਤੰਬਰ ਤੋਂ ਲੈ ਕੇ 8 ਅਕਤੂਬਰ ਤੱਕ 19ਵੀਆਂ ਕਰਵਾਈਆਂ ਜਾ ਰਹੀਆਂ ਹਨ।
- ਇਸ ਖੇਡ ਮੁਕਾਬਲੇ ਨੂੰ ਪਿਛਲੇ ਸਾਲ ਕਰਵਾਇਆ ਜਾਣਾ ਸੀ ਪਰ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਸੀ।
- ਹਾਂਗਝੂ ਏਸ਼ੀਆਈ ਖੇਡਾਂ ਵਿੱਚ ਕੁਲ 40 ਖੇਡਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਦੀਆਂ 61 ਵੰਨਗੀਆਂ ਨੂੰ ਰਲਾ ਕੇ ਕੁਲ 481 ਮੁਕਾਬਲੇ ਕਰਵਾਏ ਜਾਣਗੇ।
- ਇਨ੍ਹਾਂ ਖੇਡਾਂ ਵਿੱਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਉੱਤਰੀ ਕੋਰੀਆ, ਈਰਾਨ, ਅਤੇ ਇੰਡੋਨੇਸ਼ੀਆ ਸਮੇਤ ਕੁਲ 45 ਮੁਲਕ ਸ਼ਾਮਲ ਹੋਏ ਹਨ।
- ਭਾਰਤ ਦੇ ਵੱਲੋਂ 38 ਖੇਡਾਂ ਵਿੱਚ ਕੁੱਲ 634 ਖਿਡਾਰੀ ਹਿੱਸਾ ਲੈ ਰਹੇ ਹਨ। ਐਥਲੈਟਿਕਸ ਦੀ ਟੀਮ ਸਭ ਤੋਂ ਵੱਡੀ ਹੈ, ਇਸ ਵਿੱਚ ਕੁਲ 65 ਖਿਡਾਰੀ ਭੇਜੇ ਗਏ ਹਨ।
- ਇਸ ਤੋਂ ਪਹਿਲਾਂ ਸਾਲ 1951 ਤੋਂ ਲੈ ਕੇ 2018 ਤੱਕ 18 ਵਾਰ ਏਸ਼ੀਆਈ ਖੇਡਾਂ ਕਰਵਾਈਆਂ ਗਈਆਂ ਸਨ।
- ਪਹਿਲੇ ਏਸ਼ੀਆਈ ਖੇਡ ਮੁਕਾਬਲੇ 1951 ਵਿੱਚ ਨਵੀਂ ਦਿੱਲੀ ਵਿੱਚ ਕਰਵਾਏ ਗਏ ਸਨ।

ਪਿਤਾ ਨੇ ਘਰ 'ਚ ਹੀ ਬਣਾਈ ਸ਼ੂਟਿੰਗ ਰੇਂਜ

ਤਸਵੀਰ ਸਰੋਤ, Bharat Bhushan Azad/BBC
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਸੀ, “ਜਿਵੇਂ-ਜਿਵੇਂ ਮੈਂ ਤਮਗੇ ਜਿੱਤਣੇ ਸ਼ੁਰੂ ਕੀਤੇ, ਮੈਂ ਖੇਡ ਵੱਲ੍ਹ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ।”
“ਸਾਡੇ ਜ਼ਿਲ੍ਹੇ ਵਿੱਚ ਇੱਕ ਹੀ ਸ਼ੂਟਿੰਗ ਰੇਂਜ ਸੀ, ਮੈਂ ਕਿਸੇ ਵਜ੍ਹਾ ਕਰਕੇ ਉੱਥੇ ਤਿਆਰੀ ਨਹੀਂ ਕਰ ਸਕੀ ਜਿਸ ਤੋਂ ਬਾਅਦ ਮੇਰੇ ਪਿਤਾ ਨੇ ਇੱਕ ਸ਼ੂਟਿੰਗ ਰੇਂਜ ਘਰ ਵਿੱਚ ਹੀ ਬਣਾ ਲਈ। ਭਾਵੇਂ ਕਿ ਇਸ ਵਿੱਚ ਬਹੁਤ ਖਰਚਾ ਆਇਆ ਪਰ ਮੇਰੇ ਪਿਤਾ ਨੇ ਮੈਨੂੰ ਕਦੇ ਨਾਂਹ ਨਹੀਂ ਕੀਤੀ।”
“ਮੈਂ ਇੱਕ ਦਿਨ ਵਿੱਚ 5 ਤੋਂ 6 ਘੰਟੇ ਤਿਆਰੀ ਕਰਦੀ ਹਾਂ, ਸ਼ੁਰੂਆਤੀ ਦਿਨਾਂ ਤੋਂ ਹੀ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ।”
ਉਨ੍ਹਾਂ ਕਿਹਾ ਕਿ ਸ਼ੂਟਿੰਗ ਖੇਡ ਵਿੱਚ ਬਹੁਤ ਠਹਿਰਾਅ ਅਤੇ ਮਿਹਨਤ ਦੀ ਲੋੜ ਹੁੰਦੀ ਹੈ।
ਸਿਫਤ ਕੌਰ ਦੀ ਕੋਚ ਸੁਖਰਾਜ ਕੌਰ ਨੇ ਸਿਫ਼ਤ ਦੇ ਸਫ਼ਰ ਬਾਰੇ ਦੱਸਦਿਆਂ ਕਿਹਾ ਸੀ, “ਜ਼ਿਲ੍ਹਾ ਪੱਧਰ ਤੋਂ ਸ਼ੁਰੂ ਕਰਕੇ ਉਹ ਸੂਬੇ ਦੀ ਟੀਮ ਦਾ ਹਿੱਸਾ ਬਣੀ ਅਤੇ ਹੁਣ ਉਹ ਅੰਤਰਰਾਸ਼ਟਰੀ ਪੱਧਰ ਉੱਤੇ ਮੱਲਾਂ ਮਾਰ ਰਹੀ ਹੈ।”
ਉਨ੍ਹਾਂ ਬੀਬੀਸੀ ਨੂੰ ਦੱਸਿਆ ਸੀ, “ਖਿਡਾਰੀਆਂ ਲਈ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਸ਼ੂਟਿੰਗ ਖੇਡ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।”
ਸਿਫ਼ਤ ਕੌਰ ਦੀ ਮਾਂ ਰਮਨੀਕ ਕੌਰ ਨੇ ਕਿਹਾ ਸੀ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ।













