You’re viewing a text-only version of this website that uses less data. View the main version of the website including all images and videos.
ਐਂਡੋਮੇਟ੍ਰੀਓਸਿਸ: ਔਰਤਾਂ ਨੂੰ ਮਾਹਵਾਰੀ ਦੌਰਾਨ ਜਾਨਲੇਵਾ ਦਰਦ ਹੋਣ ਦੀ ਸਮੱਸਿਆ ਕੀ ਹੈ, ਜਿਸ ਦਾ ਕੋਈ ਇਲਾਜ ਨਹੀਂ ਹੈ
- ਲੇਖਕ, ਏਮੀ ਗ੍ਰਾਂਟ ਕੰਬਰਬੈਚ
- ਰੋਲ, ਬੀਬੀਸੀ ਲਈ
ਅੰਦਾਜ਼ਨ 10% ਔਰਤਾਂ ਵਿੱਚ ਐਂਡੋਮੇਟ੍ਰੀਓਸਿਸ ਦੀ ਸਥਿਤੀ ਹੁੰਦੀ ਹੈ, ਜਿਸ ਵਿੱਚ ਜਾਨਲੇਵਾ ਦਰਦ ਸ਼ਾਮਲ ਹੋ ਸਕਦਾ ਹੈ। ਪਰ ਇਸ ਬਿਮਾਰੀ ’ਤੇ ਖੋਜ ਘੱਟ ਕੀਤੀ ਗਈ ਹੈ, ਇਸ ਬਾਰੇ ਸਮਝਿਆ ਵੀ ਘੱਟ ਗਿਆ ਹੈ। ਇਸ ਦਾ ਅਜੇ ਵੀ ਕੋਈ ਇਲਾਜ ਨਹੀਂ ਹੈ।
ਮੇਰਾ ਦਰਦਨਾਕ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਲਗਭਗ 14 ਸਾਲ ਦੀ ਸੀ। ਮੈਂ ਇਸ ਉਮੀਦ ਵਿੱਚ ਸਕੂਲ ਹੀਟ ਪੈਚ ਲਾ ਕੇ ਜਾਂਦੀ ਸੀ ਕਿ ਇਹ ਮੈਨੂੰ ਦਿਨ ਭਰ ਆਰਾਮ ਦੇਣ ਵਿੱਚ ਮਦਦ ਕਰਨਗੇ।
ਕਈ ਵਾਰ ਉਨ੍ਹਾਂ ਨੇ ਅਜਿਹਾ ਕੀਤਾ ਵੀ, ਪਰ ਕਈ ਵਾਰ ਮੈਂ ਫੋਲਡਿੰਗ ਬੈੱਡ 'ਤੇ ਤੜਫ਼ਦੇ ਹੋਏ ਕਲੀਨਿਕ ਵਿੱਚ ਪਹੁੰਚ ਜਾਂਦੀ ਸੀ, ਜਿੱਥੇ ਰਿਸੈਪਸ਼ਨਿਸਟ ਨੂੰ ਨਹੀਂ ਪਤਾ ਹੁੰਦਾ ਸੀ ਕਿ ਕੀ ਕਰਨਾ ਹੈ ਕਿਉਂਕਿ ਮੈਂ ਪਹਿਲਾਂ ਹੀ ਆਪਣਾ ਅਪੈਂਡਿਕਸ ਹਟਵਾ ਦਿੱਤਾ ਸੀ।
ਦਸ ਸਾਲ ਦੇ ਅਸਹਿ ਦਰਦ ਦੇ ਬਾਅਦ ਆਖਿਰਕਾਰ ਪਤਾ ਲੱਗਾ ਕਿ ਮੈਂ ਐਂਡੋਮੇਟ੍ਰੀਓਸਿਸ ਤੋਂ ਪੀੜਤ ਹਾਂ।
ਪਰ ਮੇਰੀ ਸਮੱਸਿਆ ਨੂੰ ਘੱਟ ਕਰਨ ਦੀ ਗੱਲ ਤਾਂ ਬਹੁਤ ਦੂਰ, ਮੈਂ ਆਪਣੇ ਸਾਰੇ ਡਾਕਟਰਾਂ ਨਾਲ ਹੋਈਆਂ ਮੁਲਾਕਾਤਾਂ ਦੌਰਾਨ ਜੋ ਦੇਖਿਆ ਹੈ, ਉਹ ਇਹ ਹੈ ਕਿ ਇਸ ਬਿਮਾਰੀ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ।
ਇਸ ਦੀ ਪੁਸ਼ਟੀ ਕਰਨੀ ਅਤੇ ਇਲਾਜ ਇੱਕ ਗੁੰਝਲਦਾਰ ਅਤੇ ਜੀਵਨ ਭਰ ਚੱਲਣ ਵਾਲੀ ਕਠਿਨ ਪ੍ਰੀਖਿਆ ਹੋ ਸਕਦੀ ਹੈ।
ਐਂਡੋਮੇਟ੍ਰੀਓਸਿਸ ਦੇ ਲੱਛਣ ਤੇ ਖੋਜ
ਐਂਡੋਮੇਟ੍ਰੀਓਸਿਸ ਮਾਸਿਕ ਧਰਮ ਨਾਲ ਜੁੜਿਆ ਇੱਕ ਇਸਤਰੀ ਰੋਗ ਹੈ, ਜਿੱਥੇ ਬੱਚੇਦਾਨੀ ਦੀ ਪਰਤ ਦੇ ਸਮਾਨ ਟਿਸ਼ੂ ਫੈਲੋਪੀਅਨ ਟਿਊਬ, ਪੇਡੂ, ਅੰਤੜੀ, ਯੋਨੀ ਅਤੇ ਅੰਤੜੀਆਂ ਸਮੇਤ ਸਰੀਰ ਦੇ ਹੋਰ ਖੇਤਰਾਂ ਵਿੱਚ ਪਾਏ ਜਾਂਦੇ ਹਨ।
ਦੁਰਲੱਭ ਮਾਮਲਿਆਂ ਵਿੱਚ ਇਹ ਫੇਫੜਿਆਂ, ਅੱਖਾਂ, ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਵਿੱਚ ਵੀ ਪਾਇਆ ਗਿਆ ਹੈ।
ਦਰਅਸਲ, ਸਰੀਰ ਵਿੱਚ ਇੱਕੋ ਇੱਕ ਜਗ੍ਹਾ ਹੈ ਜਿੱਥੇ ਇਸ ਨੂੰ ਕਦੇ ਵੀ ਨਹੀਂ ਪਾਇਆ ਗਿਆ, ਉਹ ਹੈ ਤਿੱਲੀ (spleen)।
ਇਸ ਦੇ ਲੱਛਣਾਂ ਵਿੱਚ ਗੰਭੀਰ, ਕਈ ਵਾਰ ਅਸਹਿ ਦਰਦ, ਪੇਡੂ ਵਿੱਚ ਦਰਦ, ਥਕਾਵਟ ਅਤੇ ਭਾਰੀ ਮਾਹਵਾਰੀ ਸ਼ਾਮਲ ਹਨ।
ਜਿੰਨ੍ਹਾਂ ਖੇਤਰਾਂ ਵਿੱਚ ਘੱਟ-ਖੋਜ ਹੋਈ ਹੈ, ਉਨ੍ਹਾਂ ਵਿੱਚ ਐਂਡੋਮੇਟ੍ਰੀਓਸਿਸ ਵੀ ਹੈ ਜੋ ਵਿਸ਼ਵ ਪੱਧਰ 'ਤੇ ਲਗਭਗ 176 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਅਮਰੀਕਾ ਵਿੱਚ ਜਿੱਥੇ, ਦੂਜੇ ਦੇਸ਼ਾਂ ਵਾਂਗ ਇਸ ਵੱਲੋਂ ਪ੍ਰਜਣਨ ਉਮਰ ਦੀਆਂ 10 ਔਰਤਾਂ ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਨ ਦਾ ਅਨੁਮਾਨ ਹੈ, ਇਸ ਨੂੰ ਹਰ ਸਾਲ ਖੋਜ ਫੰਡਿੰਗ ਵਿੱਚ ਲਗਭਗ 6 ਮਿਲੀਅਨ ਡਾਲਰ (4.7 ਮਿਲੀਅਨ ਪੌਂਡ) ਫੰਡ ਪ੍ਰਾਪਤ ਹੁੰਦਾ ਹੈ। ਇਕੱਲੇ ਨੀਂਦ ਸਬੰਧੀ ਖੋਜ ਕਾਰਜ ਨੂੰ ਇਸ ਤੋਂ 50 ਗੁਣਾ ਵੱਧ ਰਾਸ਼ੀ ਪ੍ਰਾਪਤ ਹੁੰਦੀ ਹੈ।
ਸਿਰਫ਼ ਦਰਦ ਹੀ ਐਂਡੋਮੇਟ੍ਰੀਓਸਿਸ ਦਾ ਇੱਕੋ ਇੱਕ ਨਤੀਜਾ ਨਹੀਂ ਹੈ। 10 ਦੇਸ਼ਾਂ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਐਂਡੋਮੇਟ੍ਰੀਓਸਿਸ ਕਾਰਨ ਹਰੇਕ ਮਰੀਜ਼ ਨੂੰ ਸਿਹਤ ਸੰਭਾਲ, ਉਤਪਾਦਕਤਾ ਅਤੇ ਜੀਵਨ ਦੀ ਗੁਣਵੱਤਾ ਵਿੱਚ ਔਸਤਨ ਸਾਲਾਨਾ ਕੁੱਲ 9,579 ਯੂਰੋ (8,600 ਪੌਂਡ) ਦਾ ਖਰਚਾ ਆਉਂਦਾ ਹੈ, ਜੋ ਕਿ ਪ੍ਰਤੀ ਦਿਨ 26 ਯੂਰੋ (23.45 ਪੌਂਡ) ਤੋਂ ਵੱਧ ਹੈ।
ਇਸ ਨੂੰ ਬਾਂਝਪਨ ਨਾਲ ਜੋੜਿਆ ਜਾ ਸਕਦਾ ਹੈ। ਫਿਰ ਇਹ ਵੀ ਸੰਭਾਵਨਾ ਹੈ ਕਿ ਇਸ ਦਾ ਦਰਦ ਹੀ ਮਰੀਜ਼ਾਂ ਨੂੰ ਹੋਰ ਸਥਿਤੀਆਂ ਪ੍ਰਤੀ ਸੰਵੇਦਨਸ਼ੀਲ ਬਣਾ ਦਿੰਦਾ ਹੈ।
ਆਕਸਫੋਰਡ ਯੂਨੀਵਰਸਿਟੀ ਵਿੱਚ ਸੀਨੀਅਰ ਪੇਨ ਫੈਲੋ ਕੈਟੀ ਵਿੰਸੈਂਟ ਕਹਿੰਦੇ ਹਨ, ‘‘ਸਾਡੇ ਕੋਲ ਚੰਗੇ ਸਬੂਤ ਹਨ ਕਿ ਗੰਭੀਰ ਦਰਦ ਹੋਣ ਨਾਲ ਤੁਹਾਡਾ ਕੇਂਦਰੀ ਦਿਮਾਗ਼ੀ ਤੰਤਰ ਬਦਲ ਜਾਂਦਾ ਹੈ, ਭਵਿੱਖ ਵਿੱਚ ਤੁਸੀਂ ਦਰਦ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹੋ, ਉਹ ਬਦਲ ਜਾਂਦਾ ਹੈ। ਇਹ ਤੁਹਾਨੂੰ ਸੰਭਾਵੀ ਤੌਰ ’ਤੇ ਹੋਰ ਗੰਭੀਰ ਦਰਦ ਵਾਲੀਆਂ ਸਥਿਤੀਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾ ਦਿੰਦਾ ਹੈ।’’
ਜਿਨ੍ਹਾਂ ਔਰਤਾਂ ਵਿੱਚ ਇਸ ਰੋਗ ਦੇ ਲੱਛਣ ਹਨ, ਅਤੇ ਬਹੁਤੀਆਂ ਵਿੱਚ ਨਹੀਂ ਹਨ, ਉਨ੍ਹਾਂ ਲਈ ਮੁੱਢਲਾ ਲੱਛਣ ਆਮ ਤੌਰ 'ਤੇ ਬਿਨਾਂ ਕਿਸੇ ਸਪੱਸ਼ਟ ਸਰੀਰਕ ਕਾਰਨ ਦੇ ਤੀਬਰ ਪੇਡੂ ਦਾ ਦਰਦ ਹੁੰਦਾ ਹੈ। ਇਹ ਇਸ ਨੂੰ ਰਹੱਸਮਈ ਬਣਾ ਸਕਦਾ ਹੈ।
ਪਰ ਇਹ ਇੱਕ ਸਿਹਤ ਸਥਿਤੀ ਹੈ ਜਿਸ ਨੂੰ ਸਿਰਫ਼ ਔਰਤਾਂ ਦੁਆਰਾ ਮਹਿਸੂਸ ਕੀਤਾ ਜਾਂਦਾ ਹੈ ਅਤੇ ਇਹ ਵਿਸ਼ੇਸ਼ ਤੌਰ ’ਤੇ ਮਾਹਵਾਰੀ ਨਾਲ ਜੁੜੀ ਹੋਈ ਹੈ। ਇਸ ਨੇ ਇਸ ਨੂੰ ਜਿੰਨਾ ਸੰਭਵ ਹੋ ਸਕਦਾ ਸੀ, ਉਸ ਤੋਂ ਕਿਧਰੇ ਜ਼ਿਆਦਾ ਇੱਕ ਪਹੇਲੀ ਬਣਾ ਦਿੱਤਾ ਹੈ।
ਪ੍ਰਾਚੀਨ ਮੂਲ
ਐਂਡੋਮੇਟ੍ਰੀਓਸਿਸ ਦੀ ਸੂਖਮ ਖੋਜ ਦਾ ਸਿਹਰਾ ਅਕਸਰ 1860 ਵਿੱਚ ਚੈੱਕ ਵਿਗਿਆਨੀ ਕਾਰਲ ਵਾਨ ਰੋਕਿਟੰਸਕੀ ਨੂੰ ਦਿੱਤਾ ਜਾਂਦਾ ਹੈ, ਹਾਲਾਂਕਿ ਇਹ ਵਿਵਾਦਪੂਰਨ ਹੈ ਅਤੇ ਇਹ ਪਿਛਲੀਆਂ ਹੋਰ ਮੂਲ ਸੂਖਮ ਖੋਜਾਂ ਵਿੱਚ ਵੀ ਦਰਜ ਕੀਤਾ ਗਿਆ ਹੈ।
ਇਸ ਵਿਚਕਾਰ ਐਂਡੋਮੇਟ੍ਰੀਓਸਿਸ ਵਰਗੇ ਲੱਛਣਾਂ ਦੇ ਰਿਕਾਰਡ ਪ੍ਰਾਚੀਨ ਕਾਲ ਦੇ ਹਨ। ਇਸ ਵਿੱਚ ‘ਹਿਸਟੀਰੀਆ’ ਸਥਿਤੀ ਨਾਲ ਓਵਰਲੈਪ ਵੀ ਹੈ, ਜੋ ਕਿ ‘ਕੁੱਖ’ ਲਈ ਇੱਕ ਲਾਤੀਨੀ ਸ਼ਬਦ ਤੋਂ ਲਿਆ ਗਿਆ ਹੈ।
ਡਾਕਟਰੀ ਸਾਹਿਤ ਵਿੱਚ ਪੇਡੂ ਦੇ ਦਰਦ ਦੀਆਂ ਪ੍ਰਤੀਨਿਧਤਾਵਾਂ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ‘ਹਿਸਟੀਰੀਆ’ ਦੇ ਰੂਪ ਵਿੱਚ ਖਾਰਜ ਕੀਤੇ ਗਏ ਕਈ ਮਾਮਲੇ ਐਂਡੋਮੇਟ੍ਰੀਓਸਿਸ ਹੋ ਸਕਦੇ ਹਨ।
ਅਧਿਐਨ ਵਿੱਚ ਪਾਇਆ ਗਿਆ ਹੈ ਕਿ ‘‘ਇਸ ਯੁੱਗ ਦੌਰਾਨ ਹਾਲੋਂ ਬੇਹਾਲ ਕਰ ਦੇਣ ਵਾਲੇ ਕੜਵੱਲਾਂ ਦਾ ਅਸਲੀ ਅਰਥ ਆਮਤੌਰ ’ਤੇ ਔਰਤਾਂ ਦੇ ਜ਼ਮੀਨ ’ਤੇ ਹੀ ਡਿੱਗ ਪੈਣਾ ਹੈ, ਜੋ ਦਰਦ ਨਾਲ ਭਰੂਣ ਵਾਂਗ ਇਕੱਠੀਆਂ ਹੋ ਜਾਂਦੀਆਂ ਸਨ।’’
ਇਹ ਉਨ੍ਹਾਂ ਦੀ ਗੰਭੀਰ ਪੇਟ ਦਰਦ ਪ੍ਰਤੀ ਪ੍ਰਤੀਕਿਰਿਆ ਨੂੰ ਬਹੁਤ ਆਸਾਨੀ ਨਾਲ ਦਰਸਾ ਸਕਦਾ ਹੈ।
ਐਂਡੋਮੇਟ੍ਰੀਓਸਿਸ ਦਾ ਇਤਿਹਾਸ ਵਿੱਚ ਘੱਟ ਅਨੁਮਾਨ ਅਤੇ ਗਲਤਫਹਿਮੀ ਆਧੁਨਿਕ ਮੈਡੀਸਨ ਜਗਤ ਨੂੰ ਸੁਚੇਤ ਕਰਨਾ ਜਾਰੀ ਰੱਖਦੀ ਹੈ। ਹੋਰ ਸਥਿਤੀਆਂ ਦੀ ਤੁਲਨਾ ਵਿੱਚ ਇਸ ’ਤੇ ਘੱਟ ਖੋਜ ਕੀਤੀ ਗਈ, ਇਸ ਨੂੰ ਸਮਝਿਆ ਵੀ ਘੱਟ ਗਿਆ ਹੈ। ਐਂਡੋਮੇਟ੍ਰੀਓਸਿਸ ਦੇ ਹੋਣ ਦਾ ਕਾਰਨ ਪਤਾ ਨਹੀਂ ਹੈ।
ਐਂਡੋਮੇਟ੍ਰੀਓਸਿਸ ਬਾਰੇ ਖ਼ਾਸ ਗੱਲਾਂ:
- ਅੰਦਾਜ਼ਨ 10% ਔਰਤਾਂ ਵਿੱਚ ਐਂਡੋਮੇਟ੍ਰੀਓਸਿਸ ਦੀ ਸਥਿਤੀ ਹੁੰਦੀ ਹੈ
- ਇਸ ਵਿੱਚ ਜਾਨਲੇਵਾ ਦਰਦ ਸ਼ਾਮਲ ਹੋ ਸਕਦਾ ਹੈ ਜਿਸ ਦਾ ਇਲਾਜ ਨਹੀਂ ਹੈ
- ਐਂਡੋਮੇਟ੍ਰੀਓਸਿਸ ਮਾਸਿਕ ਧਰਮ ਨਾਲ ਜੁੜਿਆ ਇੱਕ ਇਸਤਰੀ ਰੋਗ ਹੈ
- ਇਹ ਵਿਸ਼ਵ ਪੱਧਰ 'ਤੇ ਲਗਭਗ 176 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ
ਪੀੜ੍ਹਤ ਔਰਤਾਂ ਕੀ ਕਹਿੰਦੀਆਂ ਹਨ?
ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਬਾਰੇ ਪਤਾ ਲਗਾਉਣ ਵਿੱਚ ਅਕਸਰ ਦਹਾਕੇ ਤੱਕ ਦਾ ਸਮਾਂ ਲੱਗਦਾ ਹੈ, ਅਤੇ ਨਿਸ਼ਚਿਤ ਹੱਲ ਦਾ ਇੱਕੋ ਇੱਕ ਸਾਧਨ ਕੀਹੋਲ ਸਰਜਰੀ ਦਾ ਇੱਕ ਰੂਪ ਹੈ, ਜਿਸ ਨੂੰ ਲੈਪਰੋਸਕੋਪੀ ਕਿਹਾ ਜਾਂਦਾ ਹੈ।
ਮੈਂ ਐਂਡੋਮੇਟ੍ਰੀਓਸਿਸ ਤੋਂ ਪੀੜਤ ਤਿੰਨ ਔਰਤਾਂ ਨਾਲ ਗੱਲ ਕੀਤੀ। ਉਹ ਸਾਰੀਆਂ 20 ਅਤੇ 30 ਸਾਲ ਦੀ ਉਮਰ ਦੀਆਂ ਹਨ।
ਤਿੰਨਾਂ ਵਿੱਚ ਹੋਰ ਮੈਡੀਕਲ ਸਥਿਤੀਆਂ ਦੀ ਗਲਤ ਪਛਾਣ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਲੱਛਣਾਂ ਨੂੰ ਖਾਰਜ ਕਰ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਘੱਟ ਕਰਕੇ ਦੇਖਿਆ ਗਿਆ ਸੀ।
ਇਕੱਤੀ ਸਾਲਾ ਐਲਿਸ ਬੋਡੇਨਹੈਮ ਕਹਿੰਦੇ ਹਨ, ‘‘ਮੈਨੂੰ ਕਦੇ ਵੀ ਕਿਸੇ ਜੀਪੀ ਜਾਂ ਹਸਪਤਾਲ ਦੇ ਡਾਕਟਰ ਵੱਲੋਂ ‘ਐਂਡੋਮੇਟ੍ਰੀਓਸਿਸ’ ਸ਼ਬਦ ਵਰਤਿਆ ਯਾਦ ਨਹੀਂ ਹੈ। ਜਾਂ ਉਨ੍ਹਾਂ ਨੇ ਸਹੀ ਸਵਾਲ ਹੀ ਪੁੱਛਿਆ ਹੋਵੇ।’’
‘‘ਇਹ ਬਹੁਤ ਹੱਦ ਤੱਕ ‘‘ਇਹ ਹੋ ਸਕਦਾ ਹੈ’’, ਜਾਂ 'ਤੁਹਾਨੂੰ ਇਹ ਹੋ ਰਿਹਾ ਹੈ’ ਹੀ ਰਿਹਾ ਹੈ।’’
ਸਮੱਸਿਆ ਦਾ ਇੱਕ ਹਿੱਸਾ ਔਰਤਾਂ ਦੇ ਦਰਦ ਨੂੰ ਖਾਰਜ ਕਰਨ ਦੀ ਪ੍ਰਣਾਲੀਗਤ ਪ੍ਰਵਿਰਤੀ ਹੈ, ਜਦੋਂਕਿ ਦਰਦ ਐਂਡੋਮੇਟ੍ਰੀਓਸਿਸ ਦਾ ਸਭ ਤੋਂ ਆਮ ਲੱਛਣ ਹੁੰਦਾ ਹੈ।
ਮੈਂ ਖ਼ੁਦ ਇਸ ਦਾ ਅਨੁਭਵ ਕੀਤਾ ਜਦੋਂ ਮੈਨੂੰ ਇੱਕ ਅੰਦਰੂਨੀ ਅਲਟਰਾਸਾਊਂਡ ਸਕੈਨ ਨਾਲ ਬਹੁਤ ਦਰਦ ਹੋਇਆ ਅਤੇ ਡਾਕਟਰਾਂ ਨੇ ਬਾਅਦ ਵਿੱਚ ਆਪਣੀ ਰਿਪੋਰਟ ਵਿੱਚ ਸਿਰਫ਼ ਇਹ ਨੋਟ
ਲਿਖਿਆ: ‘‘ਮਰੀਜ਼ ਨੂੰ ਸਕੈਨ ਦੌਰਾਨ ਹਲਕੀ ਬੇਆਰਾਮੀ ਦਾ ਅਨੁਭਵ ਹੋਇਆ।"
ਮਾਮਲੇ ਨੂੰ ਹੋਰ ਬਦਤਰ ਬਣਾਉਂਦੇ ਹੋਏ ਮਹਿਸੂਸ ਕੀਤੇ ਗਏ ਦਰਦ ਦੇ ਪੱਧਰ ਅਤੇ ਕਿਸੇ ਵਿਅਕਤੀ ਦੀ ਸਥਿਤੀ ਦੀ ਗੰਭੀਰਤਾ ਵਿਚਕਾਰ ਕੋਈ ਸਬੰਧ ਨਹੀਂ ਹੈ।
ਜਿਵੇਂ ਕਿ ਇਸ ਬਿਮਾਰੀ ਬਾਰੇ ਨਿਸ਼ਚਤ ਤੌਰ ’ਤੇ ਪਤਾ ਲਾਉਣ ਦੇ ਕੋਈ ਆਮ ਸਾਧਨ ਨਹੀਂ ਹਨ।
ਕਿਸੇ ਡਾਕਟਰ ਦੁਆਰਾ ਮਰੀਜ਼ ਦੇ ਲੱਛਣਾਂ ਦੇ ਵਰਣਨ ’ਤੇ ਵਿਸ਼ਵਾਸ ਕੀਤੇ ਬਿਨਾਂ, ਇਸ ਦਾ ਪਤਾ ਲਾਉਣ ਲਈ ਕਿਸੇ ਹੋਰ ਪਾਸੇ ਮਰੀਜ਼ ਨੂੰ ਰੈਫਰ ਨਹੀਂ ਕੀਤਾ ਜਾ ਸਕਦਾ।
ਪਰ ਔਰਤਾਂ ਵੱਲੋਂ ਦਰਸਾਏ ਲੱਛਣਾਂ ਨੂੰ ਵੀ ਅਕਸਰ ‘‘ਇਹ ਤੁਹਾਡੇ ਮਨ ਦਾ ਵਹਿਮ ਹੈ’’ ਦੇ ਰੂਪ ਵਿੱਚ ਖਾਰਜ ਕਰ ਦਿੱਤਾ ਜਾਂਦਾ ਹੈ।
ਫਿਰ, ਇਹ ਥੋੜ੍ਹੀ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ ਕਿ ਯੂਕੇ ਸਰਕਾਰ ਦੇ ਇੱਕ ਸਰਵੇਖਣ ਵਿੱਚ ਐਂਡੋਮੇਟ੍ਰੀਓਸਿਸ ਤੋਂ ਪੀੜਤ 2,600 ਔਰਤਾਂ ਵਿੱਚ ਪਾਇਆ ਗਿਆ ਕਿ 40% ਔਰਤਾਂ ਕਿਸੇ ਮਾਹਰ ਕੋਲ ਰੈਫਰ ਕੀਤੇ ਜਾਣ ਤੋਂ ਪਹਿਲਾਂ 10 ਜਾਂ ਵੱਧ ਵਾਰ ਡਾਕਟਰ ਕੋਲ ਗਈਆਂ ਸਨ।
ਉਦਾਹਰਨ ਲਈ, ਬੋਡੇਨਹੈਮ। ਉਸ ਦੇ ਦਰਦ ਨੂੰ ਗੰਭੀਰਤਾ ਨਾਲ ਲੈਣ ਤੋਂ ਪਹਿਲਾਂ ਉਹ ਕਈ ਵਾਰ ਬੇਹੋਸ਼ ਹੋ ਗਈ।
‘ਮਾਈ ਐਂਡੋਮੇਟ੍ਰੀਓਸਿਸ ਡਾਇਰੀ’ ਨਾਮਕ ਬਲਾਗ ਚਲਾਉਣ ਵਾਲੀ 24 ਸਾਲਾ ਕੈਟਲਿਨ ਕੋਨੀਅਰਸ ਨੂੰ ਆਪਣੀ ਖ਼ੁਦ ਦੀ ਖੋਜ ਜ਼ਰੀਏ ਸ਼ੱਕ ਹੋਣ ਲੱਗਾ ਕਿ ਉਸ ਨੂੰ ਇਹ ਬਿਮਾਰੀ ਹੋ ਸਕਦੀ ਹੈ, ਪਰ ਉਸ ਦੇ ਡਾਕਟਰਾਂ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ, ‘‘ਲਗਭਗ ਤਿੰਨ ਸਾਲ ਪਹਿਲਾਂ ਮੈਂ ਇੱਕ ਐਮਰਜੈਂਸੀ ਸਿਹਤ ਸੰਭਾਲ ਕੇਂਦਰ ਵਿੱਚ ਪਹੁੰਚ ਗਈ। ਮੈਂ ਇਸ ਬਿਮਾਰੀ ਦੇ ਵੱਖ-ਵੱਖ ਕਾਰਨਾਂ ਬਾਰੇ ਗੂਗਲ ਕਰ ਰਹੀ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਐਂਡੋਮੇਟ੍ਰੀਓਸਿਸ ਸੀ। ਮੈਂ ਉਸੇ ਸਮੇਂ ਡਾਕਟਰ ਨੂੰ ਇਹ ਸੁਝਾਅ ਦਿੱਤਾ ਸੀ ਅਤੇ ਉਨ੍ਹਾਂ ਨੇ ਸਿਰਫ਼ ਇੰਨਾ ਕਿਹਾ, ‘‘ਓਹ ਨਹੀਂ, ਇਹ ਨਿਸ਼ਚਤ ਤੌਰ 'ਤੇ ਅਜਿਹਾ ਨਹੀਂ ਹੈ।’’
"ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਨੂੰ ਸੱਚਮੁੱਚ ਮਾਹਵਾਰੀ ਦੌਰਾਨ ਬਹੁਤ ਦਰਦ ਅਤੇ ਆਮ ਤੌਰ ’ਤੇ ਪੇਟ ਵਿੱਚ ਦਰਦ ਰਹਿੰਦਾ ਹੈ ਅਤੇ ਉਨ੍ਹਾਂ ਨੇ ਫਿਰ ਵੀ ਨਾਂਹ ਹੀ ਕਿਹਾ।’’
ਆਕਸਫੋਰਡ ਦੇ ਵਿੰਸੈਂਟ ਇਸ ਗੱਲ ਤੋਂ ਝਿਜਕਦੇ ਨਹੀਂ ਹਨ ਕਿ ਲਿੰਗ ਕੋਈ ਭੂਮਿਕਾ ਨਿਭਾਉਂਦਾ ਹੈ ਜਾਂ ਨਹੀਂ।
ਉਹ ਕਹਿੰਦੇ ਹਨ, ‘‘ਜੇਕਰ ਹਰ 14 ਸਾਲ ਦਾ ਮੁੰਡਾ ਜੀਪੀ ਕੋਲ ਜਾ ਕੇ ਇਹ ਕਹੇ, ‘‘ਮੈਂ ਹਰ ਮਹੀਨੇ ਦੋ ਦਿਨ ਸਕੂਲ ਨਹੀਂ ਜਾਂਦਾ', ਤਾਂ ਉਹ ਹਰ ਮਹੀਨੇ ਸਕੂਲ ਜਾਣਾ ਬੰਦ ਕਰ ਦੇਣਗੇ।’’
ਮਾਮਲੇ ਨੂੰ ਹੋਰ ਗੁੰਝਲਦਾਰ ਬਣਾਉਂਦੇ ਹੋਏ, ਡਾਕਟਰ ਵੀ ਕਈ ਵਾਰ ਸ਼ੁਰੂਆਤੀ ਸਕੈਨ ’ਤੇ ਜ਼ਖ਼ਮਾਂ ਦੇ ਸਬੂਤ ਲੱਭਣ ਵਿੱਚ ਅਸਫਲ ਹੋ ਜਾਂਦੇ ਹਨ, ਖ਼ਾਸ ਕਰਕੇ ਜੇ ਜ਼ਖ਼ਮ ਸਤਹੀ ਹੋਣ।
ਐਂਡੋਮੇਟ੍ਰੀਓਸਿਸ ਫੋਰਮ ਫਾਲਸ ਨੈਗੇਟਿਵ ਅਲਟਰਾਸਾਊਂਡ ਸਕੈਨ ਨਾਲ ਭਰੇ ਹੋਏ ਹਨ।
ਜਾਗਰੂਕਤਾ ਦੀ ਕਮੀ ਤੇ ਸਰਕਾਰੀ ਯਤਨ
ਮਰੀਜ਼ ਪੱਖ ਵਿੱਚ ਜਾਗਰੂਕਤਾ ਦੀ ਕਮੀ ਨਾਲ ਵੀ ਇਸ ਬਾਰੇ ਪਤਾ ਲਗਾਉਣ ਵਿੱਚ ਦੇਰੀ ਹੋ ਸਕਦੀ ਹੈ।
ਮਾਹਵਾਰੀ ਸਬੰਧੀ ਪਾਬੰਦੀਆਂ ਅਜੇ ਵੀ ਕਾਇਮ ਹਨ।
ਜਿਨ੍ਹਾਂ ਔਰਤਾਂ ਨਾਲ ਮੈਂ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਦੋ ਨੂੰ ਪਰਿਵਾਰ ਦੁਆਰਾ ਜਾਂ ਜਿਨਸੀ ਸਿੱਖਿਆ ਦੁਆਰਾ ਇਹ ਦੱਸਿਆ ਗਿਆ ਕਿ ਮਾਹਵਾਰੀ ਦਰਦਨਾਕ ਜਾਂ ਅਸਹਿਜ ਹੋ ਸਕਦੀ ਹੈ।
ਉਨ੍ਹਾਂ ਨੂੰ ਕਦੇ ਇਹ ਨਹੀਂ ਸਮਝ ਆਇਆ ਕਿ ਆਮ ਮਹਾਮਾਰੀ ਕਿੰਨੀ ਦਰਦਨਾਕ ਹੋਣੀ (ਜਾਂ ਨਹੀਂ ਹੋਣੀ) ਚਾਹੀਦੀ ਹੈ।
ਦੁਨੀਆ ਭਰ ਵਿੱਚ ਐਂਡੋਮੇਟ੍ਰੀਓਸਿਸ ਚੈਰਿਟੀ ਅਤੇ ਪ੍ਰਚਾਰਕ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰ ਰਹੇ ਹਨ, ਅਤੇ ਉਨ੍ਹਾਂ ਦੇ ਯਤਨਾਂ ਨਾਲ ਮਦਦ ਮਿਲਦੀ ਨਜ਼ਰ ਆ ਰਹੀ ਹੈ।
2017 ਵਿੱਚ ਆਸਟਰੇਲੀਆਈ ਸਰਕਾਰ ਨੇ ਐਂਡੋਮੇਟ੍ਰੀਓਸਿਸ ਲਈ ਇੱਕ ਨੈਸ਼ਨਲ ਐਕਸ਼ਨ ਪਲਾਨ ਸ਼ੁਰੂ ਕੀਤਾ ਜਿਸ ਦਾ ਉਦੇਸ਼ ਇਸ ਸਥਿਤੀ ਦੇ ‘‘ਇਲਾਜ, ਸਮਝ ਅਤੇ ਜਾਗਰੂਕਤਾ ਵਿੱਚ ਸੁਧਾਰ ਕਰਨਾ’’ ਹੈ, ਅਤੇ ਫੰਡਿੰਗ ਨੂੰ ਵਧਾ ਕੇ 4.5 ਮਿਲੀਅਨ ਡਾਲਰ (2.5 ਮਿਲੀਅਨ ਪੌਂਡ), ਨਵੇਂ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਅਤੇ ਮਹੱਤਵਪੂਰਨ ਤੌਰ 'ਤੇ ਪ੍ਰਾਇਮਰੀ ਹੈਲਥਕੇਅਰ ਪੇਸ਼ਾਵਰਾਂ ਦੀ ਡਾਕਟਰੀ ਸਿੱਖਿਆ ਦਾ ਹਿੱਸਾ ਬਣਾਉਣਾ ਹੈ।
ਯੂਕੇ ਵਿੱਚ ਸਰਕਾਰੀ ਸਲਾਹਕਾਰ ਸੰਸਥਾ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਟ (ਨਾਇਸ) ਨੇ ਮਰੀਜ਼ਾਂ ਲਈ ਇਸ ਦੇ ਨਿਦਾਨ ਅਤੇ ਇਲਾਜ ਦੇ ਮਾਰਗਾਂ ਨੂੰ ਮਿਆਰੀ ਬਣਾਉਣ ਦੇ ਉਦੇਸ਼ ਨਾਲ 2017 ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਇਹ ਸਹੀ ਦਿਸ਼ਾ ਵਿੱਚ ਇੱਕ ਚੰਗਾ ਕਦਮ ਹੈ, ਪਰ ਰੋਇਲ ਕਾਲਜ ਆਫ ਜੀਪੀ ਵਿੱਚ ਔਰਤਾਂ ਦੀ ਸਿਹਤ ਲਈ ਕਲੀਨਿਕਲ ਚੈਂਪੀਅਨ ਐਨੀ ਕੋਨੋਲੀ ਦਾ ਕਹਿਣਾ ਹੈ ਕਿ ਜੀਪੀ ਲਈ ਪਹਿਲਾਂ ਤੋਂ ਹੀ ਕਈ ਦਿਸ਼ਾ ਨਿਰਦੇਸ਼ ਮੌਜੂਦ ਹਨ।
ਵਰਲਡ ਐਂਡੋਮੇਟ੍ਰੀਓਸਿਸ ਸੁਸਾਇਟੀ ਦੇ ਮੁੱਖ ਕਾਰਜਕਾਰੀ ਲੋਨ ਹਮਲਸ਼ੋਜ ਕਹਿੰਦੇ ਹਨ ਕਿ ਮਾਹਰ ਕੇਂਦਰਾਂ ਦੀ ਘਾਟ ਇੱਕ ਹੋਰ ਵਿਸ਼ਵਵਿਆਪੀ ਸਮੱਸਿਆ ਹੈ।
ਕੋਈ ਤੇਜ਼ ਹੱਲ ਨਹੀਂ
ਇਸ ਬਿਮਾਰੀ ਦਾ ਪਤਾ ਲਗਾਉਣ ਤੋਂ ਬਾਅਦ ਵੀ, ਲੱਛਣ ਪ੍ਰਬੰਧਨ ਕਿਸੇ ਵੀ ਤਰ੍ਹਾਂ ਸਿੱਧਾ ਨਹੀਂ ਹੈ ਅਤੇ ਗਲਤ ਜਾਣਕਾਰੀ ਇੱਥੇ ਵੀ ਬਣੀ ਰਹਿੰਦੀ ਹੈ।
ਕੁਝ ਮੈਡੀਕਲ ਪ੍ਰੈਕਟੀਸ਼ਨਰ ਅਜੇ ਵੀ ਮਰੀਜ਼ਾਂ ਨੂੰ ਕਹਿੰਦੇ ਹਨ ਕਿ ਗਰਭ ਧਾਰਨ ਕਰਨਾ ਇਸ ਦਾ ਇੱਕ ਪ੍ਰਭਾਵਸ਼ਾਲੀ ਇਲਾਜ ਹੈ।
ਇਸ ਸਾਲ ਇੱਕ ਡਾਕਟਰ ਨੇ ਮੈਨੂੰ ਦੱਸਿਆ ਕਿ ਉਸ ਨੂੰ ਐਂਡੋਮੇਟ੍ਰੀਓਸਿਸ ਦਾ ਸ਼ੱਕ ਹੈ, ਪਰ, ਉਸ ਨੇ ਅੱਗੇ ਕਿਹਾ, ‘‘ਜਦੋਂ ਤੱਕ ਤੁਸੀਂ ਗਰਭਵਤੀ ਹੋਣਾ ਪਸੰਦ ਨਹੀਂ ਕਰਦੇ, ਅਸੀਂ ਬਹੁਤ ਕੁਝ ਨਹੀਂ ਕਰ ਸਕਦੇ।’’
ਇਹ ਦੇਖਦੇ ਹੋਏ ਕਿ ਇਹ ਬਿਮਾਰੀ ਮਰੀਜ਼ਾਂ ਦੀ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਹ ਬਹੁਤ ਘੱਟ ਅਸੰਵੇਦਨਸ਼ੀਲ ਜਾਪਦਾ ਹੈ।
ਇਹ ਵੀ ਗਲਤ ਹੈ ਕਿ ਇਹ ਐਂਡੋਮੇਟ੍ਰੀਓਸਿਸ ਦੇ ਲੱਛਣਾਂ ਤੋਂ ਛੁਟਕਾਰਾ ਪਾ ਸਕਦਾ ਹੈ, ਇਹ ਸਿਰਫ਼ ਗਰਭ ਅਵਸਥਾ ਦੇ ਸਮੇਂ ਦੌਰਾਨ ਲਈ ਹੀ ਹੈ।
ਇਸ ਵਿਚਕਾਰ ਲੇਖਿਕਾ ਅਤੇ ਕਲਾਕਾਰ ਲੀਨਾ ਡਨਹੈਮ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਵੋਗ, ਯੂਐੱਸ ਵਿੱਚ ਸਰਜਰੀ ਕਰਵਾਉਣ ਦੀ ਆਪਣੀ ਚੋਣ ਬਾਰੇ ਲਿਖ ਕੇ ਐਂਡੋਮੇਟ੍ਰੀਓਸਿਸ ਦੇ ਇਲਾਜ ਵਜੋਂ ਹਿਸਟਰੇਕਟੋਮੀ (ਬੱਚੇਦਾਨੀ ਦੇ ਸਾਰੇ ਜਾਂ ਕੁਝ ਹਿੱਸੇ ਨੂੰ ਹਟਾਉਣ ਲਈ ਆਪ੍ਰੇਸ਼ਨ) ਨੂੰ ਉਭਾਰਿਆ।
ਪਰ ਐਂਡੋਮੇਟ੍ਰੀਓਸਿਸ ਦੇ ਇਲਾਜ ਵਜੋਂ ਇਸ ਦੀ ਵਰਤੋਂ ਵਿਵਾਦਪੂਰਨ ਹੈ। ਕਿਉਂਕਿ ਇਹ ਸਥਿਤੀ ਬੱਚੇਦਾਨੀ ਦੇ ਅੰਦਰ ਨਹੀਂ ਬਲਕਿ ਬਾਹਰਲੇ ਜ਼ਖ਼ਮਾਂ ਰਾਹੀਂ ਦਰਸਾਈ ਹੁੰਦੀ ਹੈ। ਇਸ ਲਈ ਇਸ ਨੂੰ ਹਟਾਉਣਾ ਕਿਸੇ ਵੀ ਤਰ੍ਹਾਂ ਦਾ ਇਲਾਜ ਨਹੀਂ ਹੈ ਅਤੇ ਐਂਡੋਮੇਟ੍ਰੀਓਸਿਸ ਬਾਅਦ ਵਿੱਚ ਦੁਬਾਰਾ ਹੋ ਸਕਦੀ ਹੈ।
ਕਿਉਂਕਿ ਐਂਡੋਮੇਟ੍ਰੀਓਸਿਸ ਦੇ ਜ਼ਖ਼ਮਾਂ ਦਾ ਵਿਕਾਸ ਐਸਟ੍ਰੋਜਨ ਦੁਆਰਾ ਨਿਯੰਤਰਿਤ ਹੁੰਦਾ ਹੈ, ਹਾਰਮੋਨਲ ਇਲਾਜ ਅਕਸਰ ਪਹਿਲੇ ਨਿਰਧਾਰਤ ਕੀਤੇ ਇਲਾਜ ਵਿੱਚੋਂ ਇੱਕ ਹੁੰਦੇ ਹਨ।
ਉਹ ਇਸ ਸਥਿਤੀ ਨੂੰ ਥੋੜ੍ਹਾ ਘਟਾਉਣ ਵਿੱਚ ਮਦਦ ਕਰ ਸਕਦੇ ਹਨ, ਪਰ ਇਸ ਨੂੰ ਠੀਕ ਨਹੀਂ ਕਰਦੇ, ਅਤੇ ਇਸ ਦੇ ਆਪਣੇ ਮਾੜੇ ਪ੍ਰਭਾਵ ਹੋ ਸਕਦੇ ਹਨ।
ਡੈਨਮਾਰਕ ਵਿੱਚ ਖੋਜਕਰਤਾਵਾਂ ਦੁਆਰਾ 2016 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਹਾਰਮੋਨਲ ਗਰਭ ਨਿਰੋਧਕ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿੱਚ ਡਿਪਰੈਸ਼ਨ ਦਾ ਇਲਾਜ ਕਰਵਾਉਣ ਦੀ ਸੰਭਾਵਨਾ ਜ਼ਿਆਦਾ ਸੀ। (ਅੱਠ ਔਰਤਾਂ ਬਾਰੇ ਸਾਡਾ ਵੀਡੀਓ ਦੇਖੋ ਜਿਨ੍ਹਾਂ ਨੇ ਗਰਭ ਨਿਰੋਧਕ ਗੋਲੀ ਦੇ ਗੰਭੀਰ ਮਾੜੇ ਪ੍ਰਭਾਵਾਂ ਦਾ ਅਨੁਭਵ ਕੀਤਾ ਹੈ)।
ਇੱਕ ਹੋਰ ਸੰਭਾਵੀ ਇਲਾਜ ਮੈਡੀਕਲ ਮੀਨੋਪੌਜ਼ ਹੈ। ਹਾਲਾਂਕਿ, ਇਹ ਲੰਬੇ ਸਮੇਂ ਦਾ ਵਿਕਲਪ ਨਹੀਂ ਹੈ ਕਿਉਂਕਿ ਇਹ ਹੱਡੀਆਂ ਦੀ ਘਣਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ, ਖ਼ਾਸ ਤੌਰ 'ਤੇ ਨੌਜਵਾਨ ਔਰਤਾਂ ਵਿੱਚ। ਹਾਲਾਂਕਿ ਦੁਰਲੱਭ, ਬ੍ਰਾਂਡ ਜ਼ੋਲਾਡੈਕਸ ਦੁਆਰਾ ਦਰਸਾਏ ਗਏ ਸੰਭਾਵੀ ਮਾੜੇ ਪ੍ਰਭਾਵਾਂ ਵਿੱਚੋਂ ਇੱਕ ਅਚਾਨਕ ਸੰਪੂਰਨ ਮੇਨੋਪੌਜ਼ (accidental full menopause) ਹੋਣਾ ਹੈ।
ਕੁੱਕ ਨੇ ਮੈਨੂੰ ਦੱਸਿਆ ਕਿ ਇਸ ਇਲਾਜ ਦੀ ਵਰਤੋਂ ਬਾਰੇ ਸਹਿਮਤੀ ਦੀ ਘਾਟ ਹੈ। ਉਹ ਕਹਿੰਦੇ ਹਨ, ‘‘ਜਿਨ੍ਹਾਂ ਚੀਜ਼ਾਂ ਬਾਰੇ ਮੈਂ ਅਕਸਰ ਸੁਣਦੀ ਹਾਂ ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਅਜਿਹੀਆਂ ਔਰਤਾਂ ਦੀ ਗਿਣਤੀ ਕਿੰਨੀ ਹੈ ਜੋ ਮੈਡੀਕਲ ਮੀਨੋਪੌਜ਼ ਵਿੱਚ ਜਾਣ ਲਈ ਦਵਾਈਆਂ ਜਾਂ ਟੀਕੇ ਲਗਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਕੀ ਹੈ।’’
ਉਂਜ, ਸੰਭਾਵੀ ਵਿਕਲਪਾਂ ਬਾਰੇ ਖੋਜ ਚੱਲ ਰਹੀ ਹੈ।
ਹਾਰਮੋਨਜ਼ ਕੇਂਦਰਿਤ ਇਲਾਜ
ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰਜਣਨ ਅਤੇ ਜੀਨੋਮਿਕ ਮਹਾਂਮਾਰੀ ਵਿਗਿਆਨ ਦੀ ਪ੍ਰੋਫੈਸਰ ਕ੍ਰਿਨਾ ਜ਼ੋਂਡਰਵਨ ਕਹਿੰਦੇ ਹਨ, "ਐਂਡੋਮੇਟ੍ਰੀਓਸਿਸ ਲਈ ਦਵਾਈ ਦਾ ਇਲਾਜ ਪੂਰੀ ਤਰ੍ਹਾਂ ਹਾਰਮੋਨਜ਼ 'ਤੇ ਕੇਂਦਰਿਤ ਹੈ ਅਤੇ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਔਰਤਾਂ ਲਈ ਇਹ ਬਹੁਤ ਵਧੀਆ ਢੰਗ ਨਾਲ ਕੰਮ ਨਹੀਂ ਕਰਦਾ।’’
‘‘ਇਹ ਬਹੁਤ ਸਾਰੇ ਮਾੜੇ ਪ੍ਰਭਾਵ ਛੱਡਦਾ ਹੈ ਜਿਨ੍ਹਾਂ ਨੂੰ ਔਰਤਾਂ ਲੰਬੇ ਸਮੇਂ ਵਿੱਚ ਅਨੁਭਵ ਕਰਨ ਵਿੱਚ ਓਨੀਆਂ ਖੁਸ਼ ਨਹੀਂ ਹੁੰਦੀਆਂ ਹਨ।’’
ਹਾਲਾਂਕਿ ਉਹ ਸਿਰਫ਼ ਲੱਛਣਾਂ ਦਾ ਇਲਾਜ ਕਰਦੇ ਹਨ, ਸਥਿਤੀ ਦਾ ਨਹੀਂ। ਦਰਦ ਨਿਵਾਰਕ ਦਵਾਈਆਂ ਇੱਕ ਹੋਰ ਵਿਕਲਪ ਹਨ, ਪਰ ਉਹ ਮਾੜੇ ਪ੍ਰਭਾਵਾਂ ਤੋਂ ਰਹਿਤ ਨਹੀਂ ਹਨ।
ਬੋਡੇਨਹੈਮ ਨੇ ਮੈਨੂੰ ਦੱਸਿਆ ਕਿ ਕਿਵੇਂ ਉਹ ਪਿਛਲੇ ਤਿੰਨ ਸਾਲਾਂ ਤੋਂ ਓਪੀਔਡ ਦਰਦ ਨਿਵਾਰਕ ਦਵਾਈਆਂ ਲੈ ਰਹੀ ਹੈ, ਜਿਸ ਨਾਲ ਉਸ ਨੂੰ ‘ਅਨੀਮੀਆ ਅਤੇ ਹਾਈਪਰਟੈਨਸ਼ਨ’ ਸਮੇਤ ਕਈ ਮਾੜੇ ਪ੍ਰਭਾਵ ਹੋ ਗਏ ਹਨ।
ਉਹ ਕਹਿੰਦੇ ਹਨ, ‘‘ਮੈਂ ਹਰ ਹਫ਼ਤੇ 5 ਕਿਲੋਮੀਟਰ ਦੌੜਦੀ ਸੀ... ਅਤੇ ਹੁਣ ਕੁਝ ਦਿਨਾਂ ਵਿੱਚ ਇੱਕ ਗਿਲਾਸ ਪਾਣੀ ਲੈਣ ਲਈ ਪੌੜੀਆਂ ਉਤਰਨਾ ਮੈਰਾਥਨ ਕਰਨ ਵਰਗਾ ਮਹਿਸੂਸ ਹੁੰਦਾ ਹੈ।’’
ਇਸ ਦੇ ਬਾਵਜੂਦ, ਬੋਡੇਨਹੈਮ ਉਨ੍ਹਾਂ ਨੂੰ ਪ੍ਰਾਪਤ ਕਰਕੇ ਖੁਸ਼ਕਿਸਮਤ ਮਹਿਸੂਸ ਕਰਦੀ ਹੈ। ਉਹ ਜਾਣਦੀ ਹੈ ਕਿ ਤੇਜ਼ ਦਰਦ ਨਿਵਾਰਕ ਦਵਾਈਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਨਾਲ ਉਸ ’ਤੇ ਇਨ੍ਹਾਂ ਦੀ ਲਤ ਦੇ ਦੋਸ਼ ਲੱਗ ਸਕਦੇ ਹਨ।
(ਇੱਕ ਜੋਖਿਮ ਇਹ ਵੀ ਹੈ ਕਿ ਓਪੀਔਡ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਦੁਰਪ੍ਰਯੋਗ ਜਾਂ ਇਨ੍ਹਾਂ ’ਤੇ ਨਿਰਭਰਤਾ ਹੋ ਸਕਦੀ ਹੈ, ਹਾਲਾਂਕਿ ਇਹ ਉਨ੍ਹਾਂ ਲੋਕਾਂ ਵਿੱਚ ਬਹੁਤ ਘੱਟ ਮਾਤਰਾ ਹੈ ਜਿਨ੍ਹਾਂ ਦਾ ਨਸ਼ੀਲੇ ਪਦਾਰਥਾਂ ਦੇ ਸੇਵਨ ਜਾਂ ਲਤ ਦਾ ਕੋਈ ਇਤਿਹਾਸ ਨਹੀਂ ਹੈ।)
ਫਿਰ ਵੀ ਕੁਝ ਉਮੀਦ ਹੈ। ਬਿਮਾਰੀ ਬਾਰੇ ਜਾਣਕਾਰੀ ਵਧ ਰਹੀ ਹੈ ਅਤੇ ਜੀਪੀ ਅਤੇ ਮਰੀਜ਼ਾਂ ਨੂੰ ਪੇਡੂ ਦੇ ਦਰਦ ਬਾਰੇ ਜਾਗਰੂਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਪਰ ਜਿਵੇਂ ਕਿ ਮਰੀਜ਼ ਮੈਡੀਕਲ ਪ੍ਰਣਾਲੀ ਦੇ ਠੀਕ ਹੋਣ ਦਾ ਇੰਤਜ਼ਾਰ ਕਰਦੇ ਹਨ, ਇਸ ਲਈ ਉਨ੍ਹਾਂ ਦੇ ਲੱਛਣਾਂ ਨੂੰ ਅਜੇ ਵੀ ਗਲਤ ਸਮਝਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਬਿਮਾਰੀਆਂ ਦੀ ਗਲਤ ਪਛਾਣ ਕੀਤੀ ਜਾ ਰਹੀ ਹੈ, ਜਿਸ ਦੇ ਗੰਭੀਰ ਮਾਨਸਿਕ ਅਤੇ ਸਰੀਰਕ ਸਿਹਤ ਨਤੀਜੇ ਹੋ ਸਕਦੇ ਹਨ।
ਇਹ ਪਤਾ ਲਗਾਉਣ ਤੋਂ ਬਾਅਦ ਕਿ ਜਨਮ ਨਿਯੰਤਰਣ ਨੇ ਮੇਰੀ ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ ਪਾਇਆ ਹੈ, ਮੇਰਾ ਅਗਲਾ ਕਦਮ ਇਹ ਤੈਅ ਕਰਨਾ ਹੈ ਕਿ ਕੀ ਮਿਰੇਨਾ ਕੋਇਲ ਦੀ ਹਾਰਮੋਨ ਦੀ ਘੱਟ ਖੁਰਾਕ ਜ਼ਰੀਏ ਇਲਾਜ ਸ਼ੁਰੂ ਕੀਤਾ ਜਾਵੇ, ਜਾਂ ਲੈਪਰੋਸਕੋਪੀ ਜ਼ਰੀਏ ਇੱਕ ਨਿਸ਼ਚਤ ਇਲਾਜ ਨੂੰ ਜਾਰੀ ਰੱਖਿਆ ਜਾਵੇ।
ਪਰ ਲੈਪਰੋਸਕੋਪੀ ਲਈ ਕਈ ਹਫ਼ਤਿਆਂ ਦੀ ਰਿਕਵਰੀ ਦੀ ਲੋੜ ਪਵੇਗੀ ਅਤੇ ਨੌਕਰੀ ਦੀ ਮਾਮੂਲੀ ਜਿਹੀ ਸਥਿਰਤਾ ਦੇ ਨਾਲ ਇੱਕ ਫ੍ਰੀਲਾਂਸ ਲੇਖਕ ਵਜੋਂ, ਮੈਨੂੰ ਆਪਣੇ ਲਈ ਵੱਧ ਬੱਚਤ ਦੀ ਲੋੜ ਹੋਵੇਗੀ।
ਇਹ ਉਨ੍ਹਾਂ ਔਖੇ ਵਿਕਲਪਾਂ ਦਾ ਇੱਕ ਹੋਰ ਉਦਾਹਰਨ ਹੈ ਜਿਨ੍ਹਾਂ ਦਾ ਸਾਹਮਣਾ ਪੇਡੂ ਦੇ ਦਰਦ ਵਾਲੀਆਂ ਔਰਤਾਂ ਨੂੰ ਹਰ ਰੋਜ਼ ਕਰਨਾ ਪੈਂਦਾ ਹੈ।
ਸੁਧਾਰ: ਇਸ ਰਿਪੋਰਟ ਦੇ ਪਿਛਲੇ ਸੰਸਕਰਣ ਨੇ ਕ੍ਰਿਸਟਲ ਰੌਡਰਿਗਜ਼ ਦੇ ਲੱਛਣਾਂ ਵਿੱਚੋਂ ਇੱਕ ਨੂੰ ਬੇਹੋਸ਼ ਹੋਣ ਦੇ ਰੂਪ ਵਿੱਚ ਗਲਤ ਤਰੀਕੇ ਨਾਲ ਵਰਣਨ ਕੀਤਾ ਸੀ। ਇਸ ਨੂੰ ਬਦਲ ਦਿੱਤਾ ਗਿਆ ਹੈ। ਸਾਨੂੰ ਇਸ ਗਲਤੀ ’ਤੇ ਅਫ਼ਸੋਸ ਹੈ।
ਇਹ ਰਿਪੋਰਟ ਹੈਲਥ ਗੈਪ ਦਾ ਹਿੱਸਾ ਹੈ, ਜੋ ਇੱਕ ਵਿਸ਼ੇਸ਼ ਲੜੀ ਹੈ ਕਿ ਕਿਵੇਂ ਮਰਦ ਅਤੇ ਔਰਤਾਂ ਡਾਕਟਰੀ ਪ੍ਰਣਾਲੀ ਅਤੇ ਆਪਣੀ ਖ਼ੁਦ ਦੀ ਸਿਹਤ ਨੂੰ ਬਿਲਕੁਲ ਵੱਖਰੇ ਤਰੀਕਿਆਂ ਨਾਲ ਮਹਿਸੂਸ ਕਰਦੇ ਹਨ।