ਪਾਸਟਰ ਬਜਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ 'ਚ ਉਮਰ ਕੈਦ, ਜਾਣੋ ਕੀ ਸੀ ਪੂਰਾ ਮਾਮਲਾ

ਤਸਵੀਰ ਸਰੋਤ, Prophet Bajinder Singh Ministries/FB
ਜਲੰਧਰ ਵਿੱਚ ਪੈਂਦੇ 'ਦਿ ਚਰਚ ਆਫ ਗਲੋਰੀ ਐਂਡ ਵਿਜ਼ਡਮ' ਦੇ ਸੰਸਥਾਪਕ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ 2018 ਦੇ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।
ਪਾਸਟਰ ਬਜਿੰਦਰ ਸਿੰਘ ਨੂੰ 28 ਮਾਰਚ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਸੁਣਵਾਈ ਤੋਂ ਬਾਅਦ ਪੁਲਿਸ ਨੇ ਬਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਮੌਕੇ ਸੁਣਵਾਈ ਦੌਰਾਨ ਮੁਹਾਲੀ ਅਦਾਲਤ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।
ਜ਼ੀਰਕਪੁਰ ਦੀ ਰਹਿਣ ਵਾਲੀ ਪੀੜਤਾ ਦੀ ਸ਼ਿਕਾਇਤ ਉੱਤੇ ਬਜਿੰਦਰ ਸਿੰਘ ਸਣੇ 6 ਜਣਿਆਂ ਉੱਤੇ ਸਾਲ 2018 ਵਿੱਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ 28 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ ਬਾਕੀ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਜਿੰਦਰ ਸਿੰਘ ਖਿਲਾਫ਼ ਇੱਕ ਹੋਰ ਜਿਨਸੀ ਸੋਸ਼ਣ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਜਾਂਚ ਜਾਰੀ ਹੈ।

"ਸਾਡੇ ਉਪਰ ਬਹੁਤ ਦਬਾਅ ਸੀ"

ਪੀੜਤ ਧਿਰ ਨੇ ਅਦਾਲਤ ਦੇ ਫ਼ੈਸਲੇ ਉੱਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ।
ਪੀੜਤ ਮਹਿਲਾ ਨੇ ਕਿਹਾ, "ਮੈਂ ਪਿਛਲੇ ਸੱਤ ਸਾਲਾਂ ਤੋਂ ਨਿਆਂ ਦੇ ਲਈ ਕੋਰਟ ਅਤੇ ਪੁਲਿਸ ਦੇ ਚੱਕਰ ਲਗਾ ਰਹੀ ਸੀ ਪਰ ਅੱਜ ਦੀ ਸੁਣਵਾਈ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ।"
ਇਸ ਸੁਣਵਾਈ ਤੋਂ ਬਾਅਦ ਉਨ੍ਹਾਂ ਨੇ ਜੱਜ ਅਤੇ ਆਪਣੇ ਵਕੀਲ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ, "ਇਹ ਸਫ਼ਰ ਇੱਕ ਕੁੜੀ ਲਈ ਬਹੁਤ ਮੁਸ਼ਕਲ ਹੁੰਦਾ ਹੈ। ਜਦੋਂ ਤੁਹਾਡੇ ਉੱਪਰ ਪਰਚੇ ਦਰਜ ਹੁੰਦੇ ਹਨ ਅਤੇ ਤੁਹਾਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ। ਸਾਡੇ ਉੱਪਰ ਬਹੁਤ ਦਬਾਅ ਸੀ, ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਸਨ। ਮੈਂ ਚਾਹੁੰਦੀ ਹਾਂ ਕਿ ਉਸ ਨੂੰ ਫਾਂਸੀ ਦੀ ਨਹੀਂ ਬਲਕਿ ਉਮਰ ਕੈਦ ਦੀ ਸਜ਼ਾ ਹੋਵੇ ਤੇ ਉਹ ਜੇਲ੍ਹ ਵਿੱਚ ਹੀ ਰਹੇ।"
ਉਨ੍ਹਾਂ ਕਿਹਾ ਕਿ ਬਜਿੰਦਰ ਸਿੰਘ ਧਰਮ ਦੇ ਨਾਮ 'ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀ। ਉਨ੍ਹਾਂ ਨੇ ਨਾਲ ਹੀ ਡੀਜੀਪੀ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ।
ਵਕੀਲ ਨੇ ਕੀ ਕਿਹਾ

ਪੀੜਤਾ ਦੇ ਵਕੀਲ ਅਨਿਲ ਕੇ ਸਾਗਰ ਨੇ ਕਿਹਾ ਕਿ ਪਾਸਟਰ ਬਜਿੰਦਰ ਸਿੰਘ ਖ਼ਿਲਾਫ਼ ਕਈ ਇਲਜ਼ਾਮ ਲੱਗਦੇ ਰਹੇ ਹਨ ਪਰ ਹੁਣ ਬਹੁਤ ਕੁਝ ਖੁੱਲ੍ਹ ਕੇ ਸਾਹਮਣੇ ਆਵੇਗਾ।
ਉਨ੍ਹਾਂ ਕਿਹਾ, "ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਪਾਇਆ ਸੀ। ਹੁਣ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।"
ਉਨ੍ਹਾਂ ਕਿਹਾ, “ਅਜਿਹੇ ਕਿਸੇ ਵੱਕਾਰੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਮਿਸਾਲੀ ਸਜ਼ਾ ਦਿੱਤੇ ਜਾਣ ਦਾ ਅਸੀਂ ਸ਼ਲਾਘਾ ਕਰਦੇ ਹਾਂ।”

ਪਾਸਟਰ ਬਜਿੰਦਰ ਸਿੰਘ ਕੌਣ ਹਨ
ਪਾਸਟਰ ਬਜਿੰਦਰ ਦਾ ਸਬੰਧ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਹੈ ਅਤੇ ਉਹ ਜਾਟ ਭਾਈਚਾਰੇ ਨਾਲ ਸਬੰਧਤ ਰੱਖਦੇ ਹਨ। ਉਨ੍ਹਾਂ ਦੀ ਚਰਚ ਦੀਆਂ ਪੂਰੇ ਦੇਸ਼ ਵਿੱਚ 260 ਇਕਾਈਆਂ ਹਨ ਅਤੇ ਸਭ ਤੋਂ ਵੱਡੀ ਬਰਾਂਚ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਵਿੱਚ ਹੈ।
ਪਾਸਟਰ ਬਜਿੰਦਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਤਾਜਪੁਰ ਵਿੱਚ ਇੱਕ ਚਰਚ ਚਲਾਉਂਦੇ ਹਨ। ਜਿਸ ਨੂੰ 'ਗਲੋਰੀ ਆਫ ਵਿਜ਼ਡਮ ਚਰਚ' ਕਿਹਾ ਜਾਂਦਾ ਹੈ।
ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਜਾਟ ਪਰਿਵਾਰ ਵਿੱਚ ਜੰਮੇ, ਬਜਿੰਦਰ ਸਿੰਘ ਨੇ ਲਗਭਗ 15 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੋਣ 'ਤੇ ਈਸਾਈ ਧਰਮ ਅਪਣਾ ਲਿਆ ਸੀ।

ਤਸਵੀਰ ਸਰੋਤ, Bajinder Singh
ਕੁਝ ਦਿਨ ਪਹਿਲਾਂ ਇੱਕ ਮਹਿਲਾ ਪੀੜਤ ਵੱਲੋਂ ਪਾਸਟਰ ਉੱਤੇ ਜਿਨਸੀ ਛੇੜਛਾੜ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਮਾਮਲੇ ਵਿੱਚ ਕਪੂਰਥਲਾ ਪੁਲਿਸ ਨੇ ਸਿਟੀ ਥਾਣੇ ਵਿੱਚ ਆਈਪੀਸੀ ਦੀ ਧਾਰਾ 354-ਏ, 354-ਡੀ ਅਤੇ 506 ਤਹਿਤ ਕੇਸ ਦਰਜ ਕੀਤਾ ਹੈ।
ਇਸ ਤੋਂ ਬਿਨਾਂ ਪਹਿਲਾਂ ਵੀ ਪਾਸਟਰ ਬਜਿੰਦਰ ਸਿੰਘ ਵਿਵਾਦਾਂ ਵਿੱਚ ਘਿਰੇ ਰਹੇ ਹਨ।
ਸਾਲ 2023 ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਜਲੰਧਰ ਵਿੱਚ ਪਾਸਟਰ ਬਜਿੰਦਰ ਨਾਲ ਸਬੰਧਤ ਟਿਕਾਣਿਆਂ ਉੱਤੇ ਰੇਡ ਵੀ ਕੀਤੀ ਗਈ ਸੀ।
ਇਸ ਤੋਂ ਇਲਾਵਾ ਪਾਸਟਰ ਬਜਿੰਦਰ ਕਈ ਸਾਲ ਪਹਿਲਾਂ ਕਤਲ ਦੇ ਇੱਕ ਕੇਸ ਵਿੱਚ ਜੇਲ੍ਹ ਵੀ ਗਏ ਸਨ।
ਪਾਸਟਰ ਬਜਿੰਦਰ ਸਿੰਘ ਦਾ ਸਪੱਸ਼ਟੀਕਰਨ

ਪਾਸਟਰ ਬਜਿੰਦਰ ਸਿੰਘ ਨੇ ਕਪੂਰਥਲਾ ਸਿਟੀ ਥਾਣੇ 'ਚ ਦਰਜ ਕੇਸ ਸਬੰਧੀ ਆਪਣੇ 'ਤੇ ਲੱਗੇ ਜਿਨਸੀ ਛੇੜਛਾੜ ਦੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ।
ਪਾਸਟਰ ਨੇ ਇੱਕ ਹੋਰ ਪਾਸਟਰ ਦੀ ਤਸਵੀਰ ਦਿਖਾ ਕੇ ਕਿਹਾ ਸੀ ਕਿ ਉਹ ਉਨ੍ਹਾਂ ਨਾਲ ਪਿਛਲੇ ਪੰਜਾਂ ਸਾਲਾਂ ਤੋਂ ਮਾੜਾ ਵਤੀਰਾ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, "ਉਹ ਬੰਦਾ ਉੱਥੇ ਹੀ ਰਹਿੰਦਾ ਹੈ ਜਿੱਥੇ ਉਹ ਰਹਿੰਦੇ ਹਨ ਅਤੇ ਉਹ ਪਹਿਲਾ ਪਾਸਟਰ ਬਣਿਆ ਮੈਂ ਬਾਅਦ ਵਿੱਚ ਬਣਿਆ। ਇਸ ਲਈ ਉਹ ਮੇਰੇ ਤੋਂ ਝਿੜਨ ਲੱਗ ਗਿਆ। ਉਸ ਨੇ ਮੇਰੇ ਬਾਰੇ ਪੁੱਠੀਆਂ-ਸਿੱਧੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।"
"ਉਸ ਨੇ ਮਰੇ ਉੱਤੇ ਇਲਜ਼ਾਮ ਲਗਾਏ ਕਿ ਇਹ ਕੁੜੀਆਂ ਰੱਖਦਾ ਹੈ। ਅਸੀਂ ਪੰਜਾਬ ਵਿੱਚ ਲੋਕਾਂ ਨੂੰ ਸਿੱਖਿਆ ਦਿੰਦੇ ਹਾਂ ਕਿ ਉਹ ਨਸ਼ੇ ਤੋਂ ਆਜ਼ਾਦ ਹੋਣ, ਰੱਬ ਦੇ ਦੱਸੇ ਮਾਰਗ ʼਤੇ ਚੱਲਣ। ਇਹ ਮੇਰੇ ਉੱਤੇ ਕੋਈ ਵੀ ਝਗੜੇ ਦੇ ਜਾਂ ਨਸ਼ੇ ਦਾ ਪਰਚਾ ਦੱਸ ਦੇਣ।"
ਇਸ ਮੌਕੇ ਉਨ੍ਹਾਂ ਵੱਲੋਂ ਉਸ ਬੰਦੇ ʼਤੇ ਉਨ੍ਹਾਂ ਵੱਲੋਂ ਕਰਵਾਈ ਗਈ ਐੱਫਆਈਆਰ ਵੀ ਦਿਖਾਈ।
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਖ਼ਿਲਾਫ਼ ਸਕੈਂਡਲ ਹੈ ਅਤੇ ਤਾਂ ਹੀ ਕੁੜੀ ਨਾਲ ਪ੍ਰੈੱਸ ਕਾਨਫਰੰਸ ਵਿੱਚ ਨਜ਼ਰ ਆ ਰਿਹਾ ਹੈ।
ਪਾਸਟਰ ਨੇ ਇਹ ਵੀ ਕਿਹਾ ਕਿ ਇਲਜ਼ਾਮ ਲਗਾਉਣ ਵਾਲੀ ਕੁੜੀ ਦਾ ਪਤੀ ਉਸੇ ਬੰਦੇ ਦਾ ਫੌਲੋਅਰ ਵੀ ਹੈ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਹ ਕੁੜੀ ਉਨ੍ਹਾਂ ਦੇ ਚਰਚ ਵਿੱਚ ਆਉਂਦੀ ਸੀ।
ਬਜਿੰਦਰ ਨੇ ਕਿਹਾ, "ਨਾ ਮੈਂ ਫੋਨ ਰੱਖਦਾ ਹਾਂ ਅਤੇ ਨਾ ਹੀ ਮੈਂ ਕਿਸੇ ਨੂੰ ਮਿਲਦਾ ਹਾਂ। ਮੇਰਾ ਕੰਮ ਹੈ ਪ੍ਰਾਰਥਨਾ ਕਰਨਾ। ਮੇਰੇ ਕੋਲ ਤਾਂ ਇੰਨਾ ਸਮਾਂ ਹੀ ਨਹੀਂ ਹੁੰਦਾ।"
"ਇਹ ਮੇਰੇ ਉੱਤੇ ਇਲਜ਼ਾਮ ਇਸ ਲਈ ਲਗਾ ਰਹੇ ਹਨ ਕਿ ਦੋ-ਢਾਈ ਸਾਲ ਪਹਿਲਾਂ ਇਹ ਇੱਥੇ ਚਰਚ ਵਿੱਚ ਵਲੰਟੀਅਰ ਸਨ। ਇਹ ਇੱਥੇ ਠੱਗੀ ਕਰਦੇ ਹੋਏ ਫੜ੍ਹੇ ਗਏ ਸਨ, ਲੋਕਾਂ ਤੋਂ ਪੈਸੇ ਮੰਗਦੇ ਹਨ। ਅਸੀਂ ਪਹਿਲਾਂ ਇਸ ਨੂੰ ਮੌਖਿਕ ਚੇਤਾਵਨੀ ਦਿੱਤੀ ਪਰ ਜਦੋਂ ਨਹੀਂ ਮੰਨੇ ਤਾਂ ਅਸੀਂ ਕੇਸ ਵੀ ਕੀਤਾ ਸੀ।"
"ਜਿਸ ਦਿਨ ਇਸ ਨੇ ਸ਼ਿਕਾਇਤ ਕਰਵਾਈ ਉਸ ਦਿਨ ਉਸ ਦਾ ਸਕਾ ਮਾਮਾ ਇੱਥੇ ਚਰਚ ਵਿੱਚ ਸੀ ਅਤੇ ਉਹ ਬਿਲਕੁਲ ਨਾਲ-ਨਾਲ ਘਰ ਵਿੱਚ ਰਹਿੰਦੇ ਹਨ। ਉਹ (ਕੁੜੀ ਦਾ ਪਰਿਵਾਰ) ਇੱਥੇ ਕਿਉਂ ਆਉਂਦਾ ਸੀ ਅਤੇ ਬਾਅਦ ਵਿੱਚ ਉਸ ਨੇ ਮਾਮੇ ਨੂੰ ਵੀ ਆਉਣ ਤੋਂ ਹਟਾ ਦਿੱਤਾ। ਜਦਕਿ ਇਸ ਕੁੜੀ ਦਾ ਸਕਾ ਮਾਮਾ ਕਹਿੰਦਾ ਹੈ ਕਿ ਉਹ ਗ਼ਲਤ ਇਲਜ਼ਾਮ ਲਗਾ ਰਹੀ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਤੁਸੀਂ ਦੇਖ ਲਓ ਇੱਥੇ ਚਰਚ ਵਿੱਚ ਕੈਮਰੇ ਲੱਗੇ ਹੋਏ ਹਨ। ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਮੇਰੇ ਵੀ ਬੱਚੇ ਹਨ, ਉਹ ਵੀ ਪਰੇਸ਼ਾਨ ਹੋ ਰਹੇ ਹਨ। ਮੇਰੀ ਆਪਣੀ ਧੀ 14 ਸਾਲ ਦੀ ਹੈ, ਮੈਂ ਅਜਿਹਾ ਕੰਮ ਕਿਉਂ ਕਰਾਂਗਾ।"
"ਮੇਰੀ ਧੀ ਮੈਨੂੰ ਸਵਾਲ ਕਰ ਰਹੀ ਹੈ। ਅਸੀਂ ਪਰਿਵਾਰ ਵਾਲੇ ਹਾਂ। ਸਾਡਾ ਕੰਮ ਸੇਵਾ ਕਰਨਾ ਹੈ ਜਾਂ ਪ੍ਰਾਰਥਨਾ ਕਰਨਾ। ਅਜਿਹੀਆਂ ਹਰਕਤਾਂ ਕਿਉਂ ਕਰਾਂਗੇ।"
ਇਲਜ਼ਾਮਾਂ ਤੋਂ ਇਨਕਾਰ
ਪਾਸਟਰ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ।
ਉਨ੍ਹਾਂ ਨੇ ਕਿਹਾ, "ਪਾਸਟਰ ਬਜਿੰਦਰ ਸਿੰਘ ਉੱਤੇ ਲੱਗੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ। ਇਹ ਇਲਜ਼ਾਮ ਇੱਕ ਸਾਜ਼ਿਸ਼ ਤਹਿਤ ਲਗਾਏ ਗਏ ਹਨ।"
ਅਵਤਾਰ ਨੇ ਜਾਣਕਾਰੀ ਦਿੱਤੀ ਕਿ ਇਨਕਮ ਟੈਕਸ ਵਿਭਾਗ ਵੱਲੋਂ ਜਲੰਧਰ ਵਿੱਚ ਰੇਡ ਕੀਤੀ ਗਈ ਸੀ। ਕਈ ਸਾਲ ਪਹਿਲਾਂ ਹੋਏ ਕਤਲ ਕੇਸ ਬਾਬਤ ਅਵਤਾਰ ਸਿੰਘ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਪਾਸਟਰ ਨਾਲ ਜੁੜਨ ਤੋਂ ਪਹਿਲਾਂ ਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












