ਟਰੂਡੋ ਦੇ ਉਹ ਫ਼ੈਸਲੇ ਜੋ ਪੰਜਾਬੀਆਂ 'ਤੇ ਪਏ ਭਾਰੀ, ਅਸਤੀਫੇ ਤੋਂ ਬਾਅਦ ਕੈਨੇਡਾ ਵੱਸਦੇ ਪੰਜਾਬੀ ਕੀ ਸੋਚ ਰਹੇ

ਵਿਦਿਆਰਥਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ ਦੇ ਕਾਰਜਕਾਲ ਵਿੱਚ ਲਈ ਕਈ ਫ਼ੈਸਲਿਆਂ ਕਾਰਨ ਵਿਦੇਸ਼ੀ ਵਿਦਿਆਰਥੀਆਂ ਨੂੰ ਨੁਕਸਾਨ ਹੋਇਆ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਇਸ ਦੇ ਕਾਰਨਾਂ, ਪ੍ਰਭਾਵਾਂ ਅਤੇ ਮੁਲਕ ਦੇ ਭਵਿੱਖ ਬਾਰੇ ਚਰਚਾ ਛਿੜੀ ਹੋਈ ਹੈ।

"ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਸਾਨੂੰ ਫਿਰ ਤੋਂ ਇਸ ਦੇਸ ਦੇ ਬਿਹਤਰ ਹੋਣ ਦੀ ਉਮੀਦ ਜਾਗੀ ਹੈ।"

ਇਹ ਟਿੱਪਣੀ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਸਨੀਕ ਕੰਵਰ ਸੁਮੀਤ ਸਿੰਘ ਸੀਰਾ ਦੇ ਹਨ। ਸੁਮੀਤ ਇਮੀਗ੍ਰੇਸ਼ਨ ਇੰਡਸਟਰੀ ਨਾਲ ਵੀ ਜੁੜੇ ਹੋਏ ਹਨ।

ਜਸਟਿਨ ਟਰੂਡੋ ਨੇ ਸੋਮਵਾਰ (ਸਥਾਨਕ ਸਮੇਂ ਦੇ ਅਨੁਸਾਰ) ਨੂੰ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਦਕਿ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ʼਤੇ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਛੱਡ ਦੇਣਗੇ।

ਟਰੂਡੋ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਆਪਣੇ ਅਸਤੀਫ਼ਾ ਦਾ ਐਲਾਨ ਕਰਦਿਆਂ ਕਿਹਾ, "ਉਹ ਪਾਰਟੀ ਦੇ ਨੇਤਾ ਵਜੋਂ ਅਸਤੀਫ਼ਾ ਦਿੰਦੇ ਹਨ ਅਤੇ ਅਗਲਾ ਨੇਤਾ ਚੁਣੇ ਜਾਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣਗੇ।"

ਜਸਟਿਨ ਟਰੂਡੋ ਨੇ 2015 ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਸੀ, ਇਸ ਸਮੇਂ ਦੌਰਾਨ ਉਨ੍ਹਾਂ ਕਈ ਨੀਤੀਆਂ ਲਾਗੂਆਂ ਕੀਤੀਆਂ ਜਿਸ ਦਾ ਅਸਰ ਭਾਰਤ, ਖ਼ਾਸ ਤੌਰ ਉੱਤੇ ਪੰਜਾਬ ਉੱਤੇ ਦੇਖਣ ਨੂੰ ਮਿਲਿਆ।

ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਟਰੂਡੋ ਦੇ ਅਸਤੀਫ਼ੇ ਨੂੰ ਕਿਵੇਂ ਦੇਖਦੇ ਹਨ ਅਤੇ ਉਥੋਂ ਦੇ ਮੌਜੂਦਾ ਹਾਲਤਾਂ ਬਾਰੇ ਬੀਬੀਸੀ ਪੰਜਾਬੀ ਨੇ ਭਾਰਤੀ ਮੂਲ ਦੇ ਕਈ ਕੈਨੇਡੀਅਨ ਨਾਗਰਿਕਾਂ ਨਾਲ ਗੱਲ ਕੀਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਟਰੂਡੋ ਦੀਆਂ ਪਰਵਾਸ ਨੀਤੀਆਂ

ਜਸਟਿਨ ਟਰੂਡੋ ਦਾ ਸਬੰਧ ਲਿਬਰਲ ਪਾਰਟੀ ਨਾਲ ਹੈ, ਜੋ ਅਸਾਨ ਪਰਵਾਸ ਨੀਤੀਆਂ ਦੇ ਹਿਮਾਇਤੀ ਵਜੋਂ ਜਾਣੇ ਜਾਂਦੇ ਹਨ।

ਪਰ ਉਨ੍ਹਾਂ ਦੀ ਇਹ ਨੀਤੀ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਨਾਪੱਖੀ ਅਕਸ ਬਣਾਉਣ ਵਾਲੀ ਬਣੀ।

ਟਰੂਡੋ ਦੇ ਵਿਰੋਧੀ ਉਨ੍ਹਾਂ ʼਤੇ ਇਲਜ਼ਾਮ ਲਗਾਉਂਦੇ ਹਨ ਕਿ ਉਨ੍ਹਾਂ ਨੇ ਬਿਨਾਂ ਸੋਚੇ ਸਮਝੇ ਪਰਵਾਸ ਨੂੰ ਦੁਨੀਆ ਭਰ ਦੇ ਲੋਕਾਂ ਲਈ ਖੋਲ੍ਹਿਆ, ਜੋ ਦੇਸ਼ ਦੇ ਲੋਕਾਂ ਲਈ ਦਿੱਕਤ ਦਾ ਵੱਡਾ ਕਾਰਨ ਬਣਿਆ।

ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਭਾਰਤੀ ਵਰਕ ਪਰਮਿਟ, ਪੱਕੇ ਤੌਰ ਉਤੇ ਅਤੇ ਸਟਡੀ ਵੀਜ਼ੇ ਉਤੇ ਕੈਨੇਡਾ ਗਏ ਹਨ। ਪਰ ਇਮੀਗ੍ਰੇਸ਼ਨ ਨੀਤੀਆਂ ਕਾਰਨ ਜਸਟਿਨ ਟੂਰਡੋ ਕੈਨੇਡੀਅਨ ਨਾਗਰਿਕਾਂ ਦੇ ਸਵਾਲਾਂ ਦੇ ਘੇਰੇ ਵਿੱਚ ਰਹੇ।

ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਕੰਵਰ ਸੁਮੀਤ ਸਿੰਘ ਸੀਰਾ ਦਾ ਕਹਿਣਾ ਹੈ ਕਿ ਉਹ ਵੀ ਕੈਨੇਡਾ ਇੱਕ ਬਿਹਤਰ ਅਤੇ ਖੁਸ਼ਹਾਲ ਜ਼ਿੰਦਗੀ, ਜਿਸ ਵਿੱਚ ਕਾਨੂੰਨ ਵਿਵਸਥਾ ਪ੍ਰਮੁੱਖ ਸੀ, ਦੀ ਉਮੀਦ ਨਾਲ ਗਏ ਸਨ।

ਪਰ ਕੈਨੇਡਾ ਦੇ ਜੋ ਮੌਜੂਦਾ ਹਾਲਾਤ ਹਨ, ਉਸ ਦੀ ਉਨ੍ਹਾਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

ਉਨ੍ਹਾਂ ਆਖਿਆ ਬੇਸ਼ੱਕ ਸਰਕਾਰ ਨੇ ਹੁਣ ਇਮੀਗ੍ਰੇਸ਼ਨ ਸਬੰਧੀ ਕਾਨੂੰਨ ਸਖ਼ਤ ਕੀਤੇ ਹਨ ਪਰ ਇਹ ਦੇਰ ਨਾਲ ਚੁੱਕਿਆ ਗਿਆ ਕਦਮ ਹੈ ਜਿਸ ਦਾ ਖ਼ਾਮਿਆਜ਼ਾ ਆਮ ਕੈਨੇਡੀਅਨ ਦੇ ਨਾਲ-ਨਾਲ ਪੰਜਾਬੀ ਭਾਈਚਾਰਾ ਵੀ ਭੁਗਤ ਰਿਹਾ ਹੈ।

ਸੀਰਾ ਮੁਤਾਬਕ ਪਿਛਲੇ ਸਾਲਾਂ ਦੌਰਾਨ ਸਟੂਡੈਂਟ ਵੀਜ਼ਾ ਪ੍ਰਣਾਲੀ ਤਹਿਤ ਵੱਡੀ ਗਿਣਤੀ ਵਿੱਚ ਵੀਜ਼ੇ ਦਿੱਤੇ ਗਏ, ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਆਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਵੀ ਹੈ।

ਪਰ ਮੌਜੂਦਾ ਸਥਿਤੀ ਇਹ ਹੈ ਕਿ ਉੱਥੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।

ਕੰਵਰ ਸਿੰਘ ਸੀਰਾ

ਤਸਵੀਰ ਸਰੋਤ, Kanwar Sierah/FB

ਤਸਵੀਰ ਕੈਪਸ਼ਨ, ਸੀਰਾ ਮੁਤਾਬਕ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਇਸ ਦੇਸ ਦੇ ਬਿਹਤਰ ਹੋਣ ਦੀ ਉਮੀਦ ਜਾਗੀ ਹੈ

ਖ਼ਾਲਿਸਤਾਨੀ ਪੱਖੀ ਸਿਆਸਤ

ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਕਈ ਅਜਿਹੇ ਮੌਕੇ ਆਏ, ਜਿੱਥੇ ਉਨ੍ਹਾਂ ਉੱਤੇ ਭਾਰਤ ਖ਼ਿਲਾਫ਼ ਖਾਲਿਸਤਾਨੀ ਸਮਰਥਕਾਂ ਨੂੰ ਸ਼ੈਅ ਦੇਣ ਦੇ ਇਲਜ਼ਾਮ ਲੱਗੇ।

ਖ਼ਾਸ ਤੌਰ ਉੱਤੇ 2018 ਵਿੱਚ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪਰ ਬਾਅਦ ਵਿੱਚ ਇਹ ਮੁਲਾਕਾਤ ਅੰਮ੍ਰਿਤਸਰ ਵਿਖੇ ਹੋਈ ਸੀ।

ਇਸ ਤੋਂ ਬਾਅਦ ਨਵੀਂ ਦਿੱਲੀ ਸਥਿਤ ਕੈਨੇਡੀਅਨ ਦੂਤਾਵਾਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੂੰ ਦਿੱਤੇ ਗਏ ਰਾਤ ਦੇ ਖਾਣੇ ਵਿੱਚ ਇੱਕ ਖ਼ਾਲਿਸਤਾਨੀ ਸਮਰਥਕ ਨੂੰ ਸੱਦਾ ਪੱਤਰ ਭੇਜੇ ਜਾਣ ਉੱਤੇ ਵਿਵਾਦ ਹੋ ਗਿਆ ਸੀ।

ਭਾਰਤ ਦੇ ਇਤਰਾਜ਼ ਤੋਂ ਬਾਅਦ ਹਾਲਾਂਕਿ ਦੂਤਾਵਾਸ ਨੇ ਸੱਦਾ ਪੱਤਰ ਵਾਪਸ ਲੈ ਲਿਆ ਸੀ ਪਰ ਵਿਵਾਦ ਨੇ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਦਾ ਸਵਾਦ ਜ਼ਰੂਰ ਕੁਝ ਖੱਟਾ ਕੀਤਾ ਸੀ।

ਕੈਨੇਡਾ ਅਤੇ ਖ਼ਾਲਿਸਤਾਨ ਦਾ ਮੁੱਦਾ 2023 ਵਿੱਚ ਉਸ ਸਮੇਂ ਸਿਖ਼ਰ ਉੱਤੇ ਪਹੁੰਚ ਗਿਆ ਜਦੋਂ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਵਿੱਚ ਕਤਲ ਕਰ ਦਿੱਤਾ ਗਿਆ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਕਾਇਦਾ ਸੰਸਦ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਇਲਜ਼ਾਮ ਲੱਗਾ ਦਿੱਤਾ ਸੀ, ਜਿਸ ਨੂੰ ਭਾਰਤ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ।

ਜਸਟਿਨ ਟਰੂਡੋ ਆਪਣੇ ਪਰਿਵਾਰ ਦੇ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ 2018 ਵਿੱਚ ਆਪਣੇ ਪਰਿਵਾਰ ਨਾਲ ਭਾਰਤ ਦੌਰੇ ਲਈ ਆਏ ਸਨ

ਇਸੇ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਸਬੰਧ ਇਸ ਕਦਰ ਵਿਗੜ ਗਏ ਸਨ ਕਿ ਦੋਵਾਂ ਦੇਸਾਂ ਨੂੰ ਆਪੋ-ਆਪਣੇ ਸਫ਼ਾਰਤੀ ਅਮਲੇ ਦੀ ਗਿਣਤੀ ਵਿੱਚ ਕਟੌਤੀ ਕਰਨ ਪਈ, ਜਿਸ ਦਾ ਸਿੱਧਾ ਅਸਰ ਵੀਜ਼ਾ ਪ੍ਰਣਾਲੀ ਉੱਤੇ ਪਿਆ।

ਭਾਰਤ ਨੇ ਇਸ ਤੋਂ ਇੱਕ ਕਦਮ ਹੋਰ ਅੱਗੇ ਜਾਂਦੇ ਹੋਏ, ਕੈਨੇਡੀਆਈ ਪਾਸਪੋਰਟ ਧਾਰਕ ਕੈਨੇਡੀਆਈ ਨਾਗਰਿਕਾਂ ਦੇ ਲਈ ਈ-ਵੀਜ਼ਾ ਸੇਵਾ ਬੰਦ ਕਰ ਦਿੱਤੀ ਸੀ। ਕਰੀਬ ਦੋ ਮਹੀਨੇ ਬਾਅਦ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਭਾਰਤ ਵੱਲੋਂ ਇਹ ਸੇਵਾ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ।

ਪਰ ਇਸ ਕਾਰਨ ਬਹੁਤ ਸਾਰੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤ ਦੇ ਕੈਨੇਡਾ ਉੱਤੇ ਖ਼ਾਲਿਸਤਾਨੀ ਸਮਰਥਕਾਂ ਨੂੰ ਸ਼ੈਅ ਦੇਣ ਅਤੇ ਉਸ ਤੋਂ ਬਾਅਦ ਦੋਵਾਂ ਦੇਸਾਂ ਦੇ ਵਿਗੜਦੇ ਰਿਸ਼ਤਿਆਂ ਦੇ ਮੁੱਦੇ ਉੱਤੇ ਕੰਵਰ ਸੁਮੀਤ ਸਿੰਘ ਸੀਰਾ ਦਾ ਕਹਿਣਾ ਹੈ ਕਿ ਕੈਨੇਡਾ "ਪ੍ਰਗਟਾਵੇ ਦੀ ਆਜ਼ਾਦੀ" ਦੀ ਖੁੱਲ੍ਹ ਦਿੰਦਾ ਹੈ।

ਇਸ ਕਰ ਕੇ ਸ਼ਾਂਤਮਈ ਤਰੀਕੇ ਨਾਲ ਉੱਥੇ ਕੋਈ ਵੀ ਵਿਅਕਤੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਹੈ ਪਰ ਇਸ ਨੂੰ ਖ਼ਾਲਿਸਥਾਨੀ ਪੱਖੀ ਮੰਨਣਾ ਠੀਕ ਨਹੀਂ ਹੈ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਆਖਿਆ ਕਿ ਕੈਨੇਡਾ ਦੀ ਧਰਤੀ ਉੱਤੇ ਕਿਸੇ ਵੀ ਕੈਨੇਡੀਅਨ ਨਾਗਰਿਕ ਦਾ ਕਤਲ ਜਾਇਜ਼ ਨਹੀਂ ਹੈ, ਇਸ ਕਰ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਟੈਂਡ ਉਸ ਸਮੇਂ ਬਿਲਕੁਲ ਸਹੀ ਸੀ।

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ ਨੇ ਸੋਮਵਾਰ ਨਬੰ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ

ਕਾਨੂੰਨ ਵਿਵਸਥਾ ਦਾ ਮੁੱਦਾ

ਪਿਛਲੇ ਸਾਲਾਂ ਦੌਰਾਨ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜਿਸ ਕਾਰਨ ਉੱਥੇ ਰੁਜ਼ਗਾਰ ਅਤੇ ਘਰਾਂ ਦੀ ਥੁੜ ਦੀ ਸਮੱਸਿਆ ਪੈਦਾ ਹੋ ਗਈ। ਕੰਵਰ ਸੁਮੀਤ ਸਿੰਘ ਸੀਰਾ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਮਾੜੀ ਹੈ।

ਉਨ੍ਹਾਂ ਆਖਿਆ ਕਿ ਕਰੀਬ ਵੀਹ ਸਾਲ ਪਹਿਲਾਂ ਉਹ ਕੈਨੇਡਾ ਇਸ ਕਰ ਕੇ ਗਏ ਸਨ ਕਿ ਉੱਥੇ ਕਾਨੂੰਨ ਵਿਵਸਥਾ ਬਹੁਤ ਚੰਗੀ ਹੈ ਪਰ ਹੁਣ ਉੱਥੇ ਗੈਂਗਸਟਰ, ਫਿਰੌਤੀਆਂ ਦੀ ਭਰਮਾਰ ਹੈ, ਜਿਸ ਕਾਰਨ ਉੱਥੇ ਕਾਨੂੰਨ ਵਿਵਸਥਾ ਦਾ ਹਾਲ ਕਾਫ਼ੀ ਖ਼ਰਾਬ ਹੈ।

ਯਾਦ ਰਹੇ ਕਿ ਕੁਝ ਸਮੇਂ ਪਹਿਲਾਂ ਪੀਲ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਜੋ ਅਕਸਰ ਸੋਸ਼ਲ ਮੀਡੀਆ ਜਿਵੇਂ ਕਿ ਵਟਸਐਪ, ਫੇਸਬੁਕ ਰਾਹੀਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਪੀਲ ਪੁਲਿਸ ਦੇ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਨੇ ਇੱਕ ਸਾਲ ਦੀ ਜਾਂਚ ਦੌਰਾਨ 60 ਦੇ ਕਰੀਬ ਘਟਨਾਵਾਂ ਦੀ ਜਾਂਚ ਕੀਤੀ ਅਤੇ ਉਸ ਤੋ ਬਾਅਦ 21 ਗ੍ਰਿਫਤਾਰੀਆਂ ਕੀਤੀਆਂ ਹਨ ਅਤੇ 154 ਉੱਤੇ ਅਪਰਾਧਿਕ ਇਲਜ਼ਾਮ ਲਗਾਏ। ਗ੍ਰਿਫਤਾਰ ਕੀਤੇ ਗਏ, ਇਸ ਗਿਰੋਹ ਦੇ ਜ਼ਿਆਦਾਤਰ ਮੈਂਬਰ ਪੰਜਾਬੀ ਮੂਲ ਦੇ ਸਨ।

ਗੁਰਲਾਡ ਸਿੰਘ

ਤਸਵੀਰ ਸਰੋਤ, Gurlad Singh/BBC

ਆਰਥਿਕ ਮੰਦੀ ਅਤੇ ਬੇਰੁਜ਼ਗਾਰੀ

ਕੈਨੇਡਾ ਇਸ ਸਮੇਂ ਆਰਥਿਕ ਮੰਦੀ ਦੇ ਨਾਲ ਵੀ ਜੂਝ ਰਿਹਾ ਹੈ। ਕੈਨੇਡਾ ਦੇ ਮੌਜੂਦਾ ਹਾਲਾਤ ਬਾਰੇ ਟਿੱਪਣੀ ਕਰਦੇ ਹੋਏ ਗੁਰਲਾਡ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਇਸ ਵਕਤ ਕੈਨੇਡਾ ਵਿੱਚ ਕਾਰੋਬਾਰ ਦੇ ਹਾਲਾਤ ਕਾਫ਼ੀ ਮਾੜੇ ਹਨ।

ਦਿੱਲੀ ਤੋਂ ਕੈਨੇਡਾ ਗਏ ਗੁਰਲਾਡ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਉਹ 2016 ਵਿੱਚ ਕੈਨੇਡਾ ਘੁੰਮਣ ਲਈ ਗਏ ਸਨ, ਉੱਥੇ ਸਭ ਕੁਝ ਇੰਨਾ ਚੰਗਾ ਸੀ ਕਿ ਉਨ੍ਹਾਂ ਨੇ ਪੱਕੇ ਤੌਰ ਉੱਤੇ ਉੱਥੇ ਵੱਸਣ ਦਾ ਮੰਨ ਬਣਾ ਲਿਆ।

ਰੇਸਤਰਾਂ ਦੇ ਮਾਲਕ ਗੁਰਲਾਡ ਸਿੰਘ ਕਾਹਲੋਂ ਨੇ ਦੱਸਿਆ ਕੋਵਿਡ ਤੋਂ ਬਾਅਦ ਸਥਿਤੀ ਜ਼ਿਆਦਾ ਖ਼ਰਾਬ ਹੋ ਗਈ ਅਤੇ ਕਾਰੋਬਾਰ ਘਾਟੇ ਵਿੱਚ ਜਾਣੇ ਸ਼ੁਰੂ ਹੋ ਗਏ।

ਉਨ੍ਹਾਂ ਦੱਸਿਆ ਕਿ ਵਿਦਿਆਰਥੀ ਵੀਜ਼ਾ ਸੌਖਾ ਹੋਣ ਕਾਰਨ ਲੋੜ ਤੋਂ ਜ਼ਿਆਦਾ ਪਰਵਾਸੀਆਂ ਨੂੰ ਕੈਨੇਡਾ ਸੱਦ ਲਿਆ ਗਿਆ ਜਿਸ ਕਾਰਨ ਸਥਿਤੀ ਖ਼ਰਾਬ ਹੁੰਦੀ ਗਈ।

ਗੁਰਲਾਡ ਸਿੰਘ ਕਾਹਲੋਂ ਮੁਤਾਬਕ ਘਰਾਂ ਉੱਤੇ ਵਿਆਜ਼ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਕਿਸ਼ਤਾਂ ਦੁਗਣੀਆਂ ਹੋ ਗਈਆਂ ਹਨ ਜੋ ਆਮ ਲੋਕਾਂ ਲਈ ਮਾਨਸਿਕ ਤਣਾਅ ਦਾ ਇੱਕ ਕਾਰਨ ਬਣ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਆਰਥਿਕ ਮੰਦੀ ਕਾਰਨ ਲੋਕਾਂ ਦੇ ਕਾਰੋਬਾਰ ਨਹੀਂ ਚੱਲ ਰਹੇ ਹਨ, ਨੌਕਰੀਆਂ ਵਿੱਚ ਕਟੌਤੀ ਹੋਣ ਕਾਰਨ ਬੇਰੁਜ਼ਗਾਰੀ ਵੱਧ ਰਹੀ ਹੈ।

ਗੁਰਲਾਡ ਸਿੰਘ ਕਾਹਲੋਂ ਮੁਤਾਬਕ ਰਹਿਣ ਵਾਲੀਆਂ ਥਾਵਾਂ ਦੀ ਕਮੀਂ ਹੋਣ ਕਾਰਨ ਮਕਾਨਾਂ ਦੀ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਤੋਂ ਇਲਾਵਾ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਵੀ ਦਿਨ ਪ੍ਰਤੀ ਦਿਨ ਇਜਾਫਾ ਹੋ ਰਿਹਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)