You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ: ਹੋਲੋਗ੍ਰਾਮ ਤਕਨੀਕ ਕੀ ਹੈ ਜਿਸ ਨਾਲ ਹੋਵੇਗਾ ਮੂਸੇਵਾਲਾ ਦਾ 2026 ਵਰਲਡ ਟੂਰ 'ਸਾਈਨਡ ਟੂ ਗੌਡ'
ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ 14 ਜੁਲਾਈ ਨੂੰ ਇੱਕ ਵੀਡੀਓ ਪੋਸਟ ਕੀਤੀ ਗਈ ਜਿੱਥੇ ਲਿਖਿਆ ਸੀ Signed to God, World Tour, 2026… ਇਹ ਪੋਸਟ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋਈ ਕਿ ਸਿੱਧੂ ਮੂਸੇਵਾਲਾ ਦਾ ਵਰਲਡ ਟੂਰ 2026 ਵਿੱਚ ਹੋਵੇਗਾ।
ਹਾਲਾਂਕਿ ਹਾਲੇ ਤੱਕ ਕੋਈ ਅਧਿਕਾਰਤ ਤਰੀਕ, ਸਥਾਨ ਜਾਂ ਸ਼ਡਿਊਲ ਸਾਂਝਾ ਨਹੀਂ ਕੀਤਾ ਗਿਆ। ਕਈ ਮੀਡੀਆ ਹਾਊਸਿਜ਼ ਨਾਲ ਕੀਤੀ ਗਈ ਗੱਲ ਵਿੱਚ ਸਿੱਧੂ ਮੂਸੇਵਾਲਾ ਦੀ ਟੀਮ ਨੇ ਦੱਸਿਆ ਕਿ ਫਿਲਹਾਲ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਪਰ ਇਸ ਟੂਰ ਬਾਰੇ ਹਰ ਗੱਲ ਸਿੱਧੂ ਮੂਸੇਵਾਲਾ ਦੇ ਸੋਸ਼ਲ ਅਕਾਊਂਟਸ ਉੱਤੇ ਹੀ ਫੈਨਜ਼ ਨਾਲ ਸਾਂਝੀ ਕੀਤੀ ਜਾਵੇਗੀ।
ਹਰ ਕਿਸੇ ਦੇ ਜ਼ਹਿਨ ਵਿੱਚ ਇਹ ਹੀ ਸਵਾਲ ਹੈ ਕਿ ਆਖ਼ਰ ਕਿਵੇਂ ਇਹ ਟੂਰ ਮੁਮਕਿਨ ਹੈ।
29 ਮਈ 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੇ 11 ਗਾਣੇ ਰਿਲੀਜ਼ ਕੀਤੇ ਜਾ ਚੁੱਕੇ ਹਨ।
ਸਿੱਧੂ ਮੂਸੇਵਾਲਾ ਦੇ ਫੈਨਜ਼ ਇਸ ਗੱਲ ਨੂੰ ਲੈ ਕੇ ਉਤਸੁਕ ਵੀ ਹਨ ਅਤੇ ਸ਼ਸ਼ੋਪੰਜ ਵਿੱਚ ਵੀ ਹਨ ਕਿ ਜੋ ਸ਼ਖ਼ਸ ਇਸ ਦੁਨੀਆਂ 'ਤੇ ਹੈ ਹੀ ਨਹੀਂ, ਉਸ ਦਾ ਵਰਲਡ ਟੂਰ ਆਖ਼ਰ ਕਿਵੇਂ ਹੋਵੇਗਾ।
ਮੂਸੇਵਾਲਾ ਦੀ ਟੀਮ ਵੱਲੋਂ ਸ਼ੇਅਰ ਕੀਤੀ ਗਈ ਸਾਈਟ ਸਾਈਨ ਟੂ ਗੌਡ ਦੇ ਮੁਤਾਬਕ, "ਇਹ ਹੋਲੋਗ੍ਰਾਮ ਸ਼ੋਅ ਹੋਵੇਗਾ।"
ਸਾਈਟ ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਲਿਖਿਆ ਗਿਆ ਕਿ "ਇਹ ਉਨ੍ਹਾਂ ਦਾ ਪਹਿਲਾ ਹੋਲੋਗ੍ਰਾਮ ਟੂਰ ਮੂਸੇਵਾਲਾ ਨੂੰ ਸ਼ਰਧਾਂਜਲੀ ਹੋਵੇਗੀ ਜਿਸ ਵਿੱਚ ਤਕਨੀਕ ਅਤੇ ਭਾਵਨਾਵਾਂ ਦਾ ਸੁਮੇਲ ਤੁਹਾਨੂੰ ਦੇਖਣ ਨੂੰ ਮਿਲੇਗਾ। ਦੁਨੀਆਂ ਭਰ ਵਿੱਚ ਮੌਜੂਦ ਉਨ੍ਹਾਂ ਦੇ ਫੈਨਜ਼ ਇੱਕ ਵਾਰ ਮੁੜ ਉਨ੍ਹਾਂ ਦੀ ਐਨਰਜੀ, ਆਵਾਜ਼ ਅਤੇ ਮੌਜੂਦਗੀ ਨੂੰ ਇੱਕ ਯਾਦ ਦੀ ਤਰ੍ਹਾਂ ਨਹੀਂ ਬਲਕਿ ਹਕੀਕਤ ਦੀ ਤਰ੍ਹਾਂ ਮਹਿਸੂਸ ਕਰ ਪਾਉਣਗੇ।"
"ਹਰ ਸ਼ੋਅ ਦੇ ਵਿੱਚ ਉਨ੍ਹਾਂ ਦੀ ਅਸਲ ਆਵਾਜ਼, ਸਿਨੈਮੈਟਿਕ ਵਿਜ਼ੂਅਲਜ਼, ਸਟੇਜ ਇਫੈਕਟਸ ਦੇ ਨਾਲ ਉਨ੍ਹਾਂ ਦੀ 3-ਡੀ ਹੋਲੋਗ੍ਰਾਫਿਕ ਪ੍ਰੋਜੈਕਸ਼ਨ ਜੋੜੀ ਜਾਵੇਗੀ।"
"ਪੰਜਾਬ ਤੋਂ ਟੋਰਾਂਟੋ, ਲੰਡਨ ਤੋਂ ਐਲਏ – ਇਹ ਯਾਤਰਾ ਇਤਿਹਾਸ ਦਿਖਾਏਗੀ।"
ਇਸ ਟੂਅਰ ਨੂੰ ਪਲੈਟੀਨਮ ਈਵੈਂਟਸ ਵੱਲੋਂ ਕਰਾਇਆ ਜਾਵੇਗਾ।
ਇਸ ਸਭ ਦਰਮਿਆਨ ਜਾਣਦੇ ਹਾਂ ਕਿ ਹੋਲੋਗ੍ਰਾਮ ਤਕਨੀਕ ਆਖ਼ਰ ਹੈ ਕੀ, ਕੀ ਪਹਿਲਾਂ ਵੀ ਅਜਿਹੀ ਤਕਨੀਕ ਨਾਲ ਕੌਂਸਰਟ ਹੋ ਚੁੱਕੇ ਹਨ, ਇਹ ਤਕਨੀਕ ਹੋਰ ਕਿੱਥੇ-ਕਿੱਥੇ ਵਰਤੀ ਜਾਂਦੀ ਹੈ ਅਤੇ ਕੀ ਸਿੱਧੂ ਮੂਸੇਵਾਲਾ ਪਹਿਲੇ ਭਾਰਤੀ ਹੋਣਗੇ ਜਿਨ੍ਹਾਂ ਦਾ ਹੋਲੋਗ੍ਰਾਮ ਕੌਂਸਰਟ ਹੋਣ ਜਾ ਰਿਹਾ ਹੈ।
ਹੋਲੋਗ੍ਰਾਮ ਕੀ ਹੁੰਦਾ ਹੈ
ਹੋਲੋਗ੍ਰਾਮ ਇੱਕ 3-ਡੀ ਇਮੇਜ ਹੁੰਦੀ ਹੈ ਜੋ ਕਿ ਰੇਡੀਏਸ਼ਨ ਜਾਂ ਲੇਜ਼ਰ ਦੇ ਬੀਮ ਨਾਲ ਬਣਾਈ ਜਾਂਦੀ ਹੈ।
ਕੈਂਬ੍ਰਿਜ ਡਿਕਸ਼ਨਰੀ ਦੀ ਵੈੱਬਸਾਈਟ ਦੇ ਮੁਤਾਬਕ, "ਹੋਲੋਗ੍ਰਾਮ ਇੱਕ ਖ਼ਾਸ ਤਰ੍ਹਾਂ ਦੀ ਤਸਵੀਰ ਜਾਂ ਇਮੇਜ ਹੁੰਦੀ ਹੈ ਜਿਸ ਨੂੰ ਲੇਜ਼ਰ ਬੀਮ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਤਕਨੀਕ ਰਾਹੀਂ ਇਮੇਜ ਠੋਸ (solid) ਅਤੇ ਅਸਲ ਲੱਗਦੀ ਹੈ ਪਰ ਅਸਲ ਵਿੱਚ ਇਹ ਫਲੈਟ ਇਮੇਜ ਹੁੰਦੀ ਹੈ।"
ਹੋਲੋਸੈਂਟਰ (ਸੈਂਟਰ ਫੌਰ ਦਿ ਹੋਲੋਗ੍ਰਾਫਿਕ ਆਰਟਸ) ਦੇ ਮੁਤਾਬਕ, ਇੱਕ ਹੋਲੋਗ੍ਰਾਫਿਕ ਇਮੇਜ ਨੂੰ ਇੱਕ ਪ੍ਰਕਾਸ਼ਮਾਨ (illuminated) ਹੋਲੋਗ੍ਰਾਫਿਕ ਪ੍ਰਿੰਟ ਵਿੱਚ ਦੇਖ ਕੇ ਜਾਂ ਲੇਜ਼ਰ ਨੂੰ ਚਮਕਾ ਕੇ ਜਾਂ ਚਿੱਤਰ ਨੂੰ ਇੱਕ ਸਕ੍ਰੀਨ ਉੱਤੇ ਪ੍ਰੋਜੈਕਟ ਕਰਕੇ ਦੇਖਿਆ ਜਾ ਸਕਦਾ ਹੈ।
ਇਸ ਤਕਨੀਕ ਰਾਹੀਂ ਚੱਲਦੀ ਫਿਰਦੀ ਤਸਵੀਰ ਸਿਰਜੀ ਜਾ ਸਕਦੀ ਹੈ।
ਕਿਹੜੇ ਮਿਊਜ਼ਿਕ ਆਰਟਿਸਟਜ਼ ਦਾ ਹੋ ਚੁੱਕਿਆ ਹੈ ਹੋਲੋਗ੍ਰਾਫਿਕ ਕੌਂਸਰਟ
ਪਹਿਲਾਂ ਵੀ ਕਈ ਕੌਮਾਂਤਰੀ ਸਿਤਾਰਿਆਂ ਦਾ ਹੋਲੋਗ੍ਰਾਫਿਕ ਕੌਂਸਰਟ ਹੋ ਚੁੱਕਿਆ ਹੈ। ਸਭ ਤੋਂ ਜ਼ਿਆਦਾ ਚਰਚਿਤ ਹੋਲੋਗ੍ਰਾਮ ਸ਼ੋਅ ਟੂਪੈਕ ਸ਼ਾਕੁਰ ਦਾ ਰਿਹਾ। ਸਾਲ 2012 ਵਿੱਚ ਕੋਚੇਲਾ ਫੈਸਟੀਵਲ ਵਿੱਚ ਟੂਪੈਕ ਸ਼ਾਕੁਰ ਦੀ ਹੋਲੋਗ੍ਰਾਫਿਕ ਇਮੇਜ ਦੀ ਪਰਫਾਰਮੈਂਸ ਸਨੂਪ ਡੌਗ ਨਾਲ ਹੋਈ ਸੀ। ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਉਸ ਵੇਲੇ ਇਸ ਕੌਂਸਰਟ ਉੱਤੇ 4 ਲੱਖ ਡਾਲਰ ਦਾ ਖਰਚ ਆਇਆ ਸੀ ਅਤੇ ਇਸ ਨੂੰ ਤਿਆਰ ਕਰਨ ਵਿੱਚ 4 ਮਹੀਨੇ ਲੱਗੇ ਸਨ।
ਮਸ਼ਹੂਰ ਮਿਊਜ਼ਿਕ ਆਰਟਿਸਟ ਮਾਈਕਲ ਜੈਕਸਨ ਦੀ ਮੌਤ ਤੋਂ ਕਰੀਬ 5 ਸਾਲਾਂ ਬਾਅਦ ਸਾਲ 2014 ਵਿੱਚ ਬਿਲਬੌਰਡ ਮਿਊਜ਼ਿਕ ਐਵਾਰਡ ਦੌਰਾਨ ਉਨ੍ਹਾਂ ਦੀ ਲਾਈਵ ਹੋਲੋਗ੍ਰਾਫਿਕ ਪਰਫਾਰਮੈਂਸ ਹੋਈ ਸੀ। ਉਸ ਵੇਲੇ ਉਨ੍ਹਾਂ ਦੀ ਐਂਟਰੀ ਇੱਕ ਸੁਨਹਿਰੇ ਸਿਹਾਂਸਨ ਉੱਤੇ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਫੇਮਸ ਮੂਨਵੌਕ ਕਰਦੇ ਵੀ ਉਹ ਦਿਖਾਏ ਗਏ ਸਨ।
ਸਾਲ 2016 ਵਿੱਚ ਗਾਇਕ ਪੈਟਸੀ ਕਲਾਈਨ ਦਾ ਹੋਲੋਗ੍ਰਾਮ ਸ਼ੋਅ ਹੋਇਆ ਸੀ। ਕਲਾਈਨ ਸਾਲ 1963 ਵਿੱਚ ਇੱਕ ਪਲੇਨ ਕ੍ਰੈਸ਼ ਦੌਰਾਨ ਮਾਰੇ ਗਏ ਸਨ।
ਇਸੇ ਤਰ੍ਹਾਂ ਬੱਡੀ ਹੌਲੀ, ਲਿਬਰੇਸ ਆਦਿ ਵਰਗੇ ਕਈ ਅਜਿਹੇ ਆਰਟਿਸਟ ਹਨ ਜਿਨ੍ਹਾਂ ਦਾ ਹੋਲੋਗ੍ਰਾਫਿਕ ਕੌਂਸਰਟ ਹੋ ਚੁੱਕਿਆ ਹੈ।
ਜੇਕਰ ਸਿੱਧੂ ਮੂਸੇਵਾਲਾ ਦਾ ਇਹ ਸ਼ੋਅ ਵੀ ਹੋਲੋਗ੍ਰਾਮ ਤਕਨੀਕ ਰਾਹੀਂ ਕੀਤਾ ਜਾਂਦਾ ਹੈ ਤਾਂ ਉਹ ਪਹਿਲੇ ਭਾਰਤੀ ਸਿਤਾਰੇ ਹੋਣਗੇ ਜਿਨ੍ਹਾਂ ਦੀ ਹੋਲੋਗ੍ਰਾਫਿਕ ਪਰਫਾਰਮੈਂਸ ਹੋਵੇਗੀ।
ਹੋਲੋਗ੍ਰਾਮ ਤਕਨੀਕ ਦੀ ਵਰਤੋਂ ਕਿੱਥੇ-ਕਿੱਥੇ ਹੋ ਰਹੀ
ਹੋਲੋਗ੍ਰਾਮ ਤਕਨੀਕ ਦੀ ਵਰਤੋਂ ਮਹਿਜ਼ ਕੌਂਸਰਟ ਲਈ ਹੀ ਨਹੀਂ ਕੀਤੀ ਜਾਂਦੀ ਬਲਕਿ ਇਸ ਤਕਨੀਕ ਨਾਲ ਕਈ ਹੋਰ ਕੰਮ ਵੀ ਕੀਤੇ ਜਾ ਰਹੇ ਹਨ।
ਆਸਟ੍ਰੇਲੀਆ ਦੇ ਹੋਲੋਗ੍ਰਾਮ ਜ਼ੂ ਵਿੱਚ ਤੁਸੀਂ ਡਾਇਨਾਸੌਰ ਤੋਂ ਲੈ ਕੇ ਗੋਰੀਲਾ ਤੱਕ ਕਰੀਬ 50 ਤਰ੍ਹਾਂ ਦੇ ਜਾਨਵਰਾਂ ਦੀ ਹੋਲੋਗ੍ਰਾਮ ਇਮੇਜ ਆਪਣੇ ਆਲੇ-ਦੁਆਲੇ ਚਲਦਿਆਂ ਵੇਖ ਸਕਦੇ ਹੋ।
ਇਸ ਹੋਲੋਗ੍ਰਾਮ ਚਿੜਿਆਘਰ ਨੂੰ ਬਣਾਉਣ ਵਾਲੇ ਅਤੇ ਏਗਜ਼ੀਅਮ ਹੋਲੋਗ੍ਰਾਫਿਕ ਦੇ ਚੀਫ਼ ਐਗਜ਼ੈਕਟਿਵ ਬਰੂਸ ਡੈੱਲ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲਾਂ ਤਾਂ ਤੁਸੀਂ ਇਨ੍ਹਾਂ ਹੋਲੋਗ੍ਰਾਫਿਕ ਤਸਵੀਰਾਂ ਨੂੰ ਦੇਖ ਕੇ ਹੱਸੋਗੇ, ਮਜ਼ਾ ਲਵੋਗੇ ਪਰ ਜਦੋਂ 30 ਮੀਟਰ ਲੰਮੀ ਵ੍ਹੇਲ ਦੀ ਹੋਲੋਗ੍ਰਾਫਿਕ ਇਮੇਜ ਤੁਹਾਡੇ ਕੋਲੋ ਨਿਕਲੇਗੀ ਤਾਂ ਕੁਝ ਦੇਰ ਲਈ ਤਾਂ ਤੁਸੀਂ ਹੈਰਾਨ ਰਹਿ ਜਾਵੋਗੇ।
ਹੋਲੋਗ੍ਰਾਮ ਤਕਨੀਕ ਦੀ ਵਰਤੋਂ ਆਰਟ ਫੈਸਟੀਵਲ ਵਿੱਚ ਵੀ ਹੋ ਰਹੀ ਹੈ। ਦਿ ਡ੍ਰਿਮੀ ਪਲੇਸ ਫੈਸਟੀਵਲ ਵੱਲੋਂ ਅਜਿਹੇ ਕਈ ਈਵੇਂਟ ਕਰਵਾਏ ਗਏ ਹਨ ਜਿੱਥੇ ਤਕਨੀਕ ਦੀ ਵਰਤੋਂ ਕਰਕੇ ਇਤਿਹਾਸ ਨੂੰ ਲੋਕਾਂ ਲਈ ਪੇਸ਼ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਦੀ ਪੇਸ਼ਕਾਰੀ ਵੀ ਕੀਤੀ ਜਾ ਰਹੀ ਹੈ।
ਇਸ ਦੀ ਵਰਤੋਂ ਮੈਡੀਕਲ ਫੀਲਡ ਵਿੱਚ ਵੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀਆਂ ਵਿੱਚ ਹੋਲੋਗ੍ਰਾਫਿਕ ਤਸਵੀਰਾਂ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ। ਮੈਡੀਕਲ ਸਟੂਡੈਂਟਸ ਨੂੰ ਹੋਲੋਗ੍ਰਾਫਿਕ ਤਸਵੀਰਾਂ ਰਾਹੀਂ ਸਰੀਰ ਦੇ ਅੰਗਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਸਰਜਰੀ ਅਤੇ ਰਿਸਰਚ ਵਿੱਚ ਵੀ ਇਹ ਤਕਨੀਕ ਕਾਫੀ ਕੰਮ ਆ ਰਹੀ ਹੈ। ਸਕੌਟਲੈਂਡ ਵਿੱਚ ਅਜਿਹੀ ਪਹਿਲੀ ਸਰਜਰੀ ਸੁਜ਼ਨਾਹ ਨਾਮ ਦੀ ਔਰਤ ਉੱਤੇ ਕੀਤੀ ਗਈ। ਗਲੇ ਵਿੱਚ ਕੈਂਸਰ ਸੀ ਅਤੇ ਸਰਜਰੀ ਲਈ ਡਾਕਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਲਾਰ ਗ੍ਰੰਥੀ (salivary gland) ਕੱਟਣੀ ਪਵੇਗੀ, ਜਿਸ ਵਿੱਚ ਚਿਹਰੇ ਦੀਆਂ ਨਸਾਂ ਹੁੰਦੀਆਂ ਹਨ। ਇਸ ਨਾਲ ਉਨ੍ਹਾਂ ਦੇ ਚਿਹਰੇ ਦਾ ਆਕਾਰ ਬਦਲ ਸਕਦਾ ਸੀ। ਪਰ ਨਵੀਂ ਹੋਲੋਗ੍ਰਾਮ ਤਕਨੀਕ ਨਾਲ ਉਹ ਚਿਹਰੇ ਦੀਆਂ ਨਸਾਂ ਦੀ ਸਟੀਕ ਜਗ੍ਹਾ ਨੂੰ ਜਾਣ ਸਕੇ ਜਿਸ ਨਾਲ ਲਾਰ ਗ੍ਰੰਥੀ ਸਿਰਫ ਕੱਟਣੀ ਪਈ ਅਤੇ ਹਟਾਉਣ ਦੀ ਜ਼ਰੂਰਤ ਨਹੀਂ ਪਈ।
ਹੋਲੋਗ੍ਰਾਮ ਤਕਨੀਕ ਦਾ ਭਵਿੱਖ
ਏਗਜ਼ੀਅਮ ਹੋਲੋਗ੍ਰਾਫਿਕ ਦੇ ਚੀਫ਼ ਐਗਜ਼ੈਕਟਿਵ ਬਰੂਸ ਡੈੱਲ ਨੇ ਬੀਬੀਸੀ ਨੂੰ ਦੱਸਿਆ, "ਹੋਲੋਗ੍ਰਾਮ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਆ ਰਹੀ ਹੈ। ਇਹ ਉਹ ਤਕਨੀਕ ਹੈ ਜੋ ਕਦੇ ਸਾਈਂਸ ਫਿਕਸ਼ਨ ਦਾ ਹਿੱਸਾ ਸੀ, ਪਰ ਹੁਣ ਇਸ ਨੂੰ ਅਸੀਂ ਖ਼ੁਦ ਦੇਖ ਪਾ ਰਹੇ ਹਾਂ। ਹਾਲਾਂਕਿ ਹੋਲੋਗ੍ਰਾਮ ਇੱਕ ਮਹਿੰਗੀ ਤਕਨੀਕ ਹੈ ਜਿਸ ਨੂੰ ਸਸਤਾ ਬਣਾਉਣ ਉੱਤੇ ਰਿਸਰਚ ਦੁਨੀਆਂ ਭਰ ਵਿੱਚ ਹੋ ਰਹੀ ਹੈ।"
"ਇਸ ਲਈ ਵੱਡੀ ਗਿਣਤੀ ਵਿੱਚ ਕੰਪਿਊਟਿੰਗ ਪਾਵਰ ਦੀ ਜ਼ਰੂਰਤ ਹੁੰਦੀ ਹੈ। ਪਹਿਲਾਂ ਇੱਕ ਸ਼ੋਅ ਕਰਵਾਉਣ ਲਈ ਕਈ ਕੰਪਿਊਟਰ ਇੱਕ ਸਾਰ ਲਗਾਏ ਜਾਂਦੇ ਸਨ ਪਰ ਹੌਲੀ-ਹੌਲੀ ਇਹ ਗਿਣਤੀ ਘੱਟ ਰਹੀ ਹੈ। ਉਮੀਦ ਹੈ ਕਿ ਜਲਦੀ ਅਜਿਹੀ ਤਕਨੀਕ ਆਵੇਗੀ ਜਦੋਂ ਇੱਕ ਹੀ ਕੰਪਿਊਟਰ ਤੋਂ ਪੂਰਾ ਸ਼ੋਅ ਕਰਵਾਇਆ ਜਾ ਸਕੇਗਾ।"