ਮਨਮੋਹਨ ਸਿੰਘ ਨੂੰ ਜਦੋਂ ਵਾਜਪਾਈ ਨੇ ਅਸਤੀਫ਼ਾ ਦੇਣ ਤੋਂ ਰੋਕਿਆ ਸੀ

ਭਾਰਤ ਦੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਬਣੇ ਸਾਬਕਾ ਪੀਐੱਮ ਡਾ਼ ਮਨਮੋਹਨ ਸਿੰਘ, ਇੰਦਰਾ ਗਾਂਧੀ (ਪਹਿਲੇ ਕਾਰਜਕਾਲ ਲਈ) ਅਤੇ ਇੰਦਰ ਕੁਮਾਰ ਗੁਜਰਾਲ ਤੋਂ ਬਾਅਦ ਤੀਜੇ ਵਿਅਕਤੀ ਸਨ ਜੋ ਰਾਜ ਸਭਾ ਤੋਂ ਪ੍ਰਧਾਨ ਮੰਤਰੀ ਬਣੇ ਸਨ।

ਉਨ੍ਹਾਂ ਨੂੰ ਭਾਰਤ ਦੀ ਉਦਾਰਵਾਦੀ ਆਰਥਿਕਤਾ ਦੇ ਪਿਤਾਮਾ ਅਤੇ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਦੇ ਨਿਰਮਾਤਾ ਮੰਨਿਆ ਜਾਂਦਾ ਹੈ।

ਪਾਕਿਸਤਾਨ ਦੇ ਪਿੰਡ ਤੋਂ ਭਾਰਤ ਦੀ ਰਾਜਧਾਨੀ ਤੱਕ

ਡਾ਼ ਮਨਮੋਹਨ ਸਿੰਘ ਦਾ ਜਨਮ ਅਜੋਕੇ ਪਾਕਿਸਤਾਨ ਦੇ ਗਾਹ (ਪੱਛਮੀ ਪੰਜਾਬ) ਵਿੱਚ 26 ਸਤੰਬਰ 1932 ਨੂੰ ਹੋਇਆ।

ਉਹ ਦੇਸ ਦੇ 13ਵੇਂ ਪ੍ਰਧਾਨ ਮੰਤਰੀ ਬਣੇ ਉਸ ਤੋਂ ਪਹਿਲਾਂ ਉਹ ਵੱਖ-ਵੱਖ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲੇ ਅਹੁਦਿਆਂ ਉੱਪਰ ਰਹੇ।

1982 ਤੋਂ 1985 ਤੱਕ ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ।

1985 ਤੋਂ 1987 ਤੱਕ ਉਹ ਤਤਕਾਲੀ ਯੋਜਨਾ ਕਮਿਸ਼ਨ ਜਿਸ ਨੂੰ ਮੋਦੀ ਸਰਕਾਰ ਨੇ ਭੰਗ ਕਰ ਕੇ ਨੀਤੀ ਆਯੋਗ ਵਿੱਚ ਮਿਲਾ ਦਿੱਤਾ, ਦੇ ਉਪ ਚੇਅਰਮੈਨ ਰਹੇ।

ਸਾਲ 1991 ਵਿੱਚ ਉਨ੍ਹਾਂ ਨੂੰ ਵਿਸ਼ਵ ਵਿਦਿਆਲਾ ਆਯੋਗ (ਯੂਜੀਸੀ) ਦਾ ਚੇਅਰਮੈਨ ਲਾ ਦਿੱਤਾ ਗਿਆ।

ਉਹ ਯੂਜੀਸੀ ਦੇ ਚੇਅਰਮੈਨ ਸਨ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਨਰਸਿੰਮ੍ਹਾ ਰਾਓ ਨੇ ਮਨਮੋਹਨ ਸਿੰਘ ਨੂੰ ਕੇਂਦਰੀ ਵਿੱਤ ਮੰਤਰੀ ਵਜੋਂ ਨਾਮਜ਼ਦ ਕੀਤਾ।

ਜੂਨ 1991 ਵਿੱਚ ਕੇਂਦਰੀ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਡਾ਼ ਮਨਮੋਹਨ ਸਿੰਘ ਉਸੇ ਸਾਲ ਅਕਤੂਬਰ ਵਿੱਚ ਰਾਜ ਸਭਾ ਦੇ ਮੈਂਬਰ ਬਣੇ।

ਸਦਨ ਵਿੱਚ ਉਨ੍ਹਾਂ ਨੇ ਲਗਾਤਾਰ ਪੰਜ ਵਾਰ ਅਸਾਮ ਦੀ ਨੁਮਾਇੰਦਗੀ ਕੀਤੀ। ਸਾਲ 2019 ਵਿੱਚ ਉਹ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਬਣੇ।

ਅੰਗਰੇਜ਼ੀ ਅਤੇ ਉਰਦੂ ਦੇ ਮਾਹਰ ਬੁਲਾਰੇ, ਮਨਮੋਹਨ ਸਿੰਘ ਆਪਣੇ ਸਮਿਆਂ ਦਾ ਸਰਬੋਤਮ ਸੰਸਦੀ ਬੁਲਾਰੇ ਰਹੇ ਹਨ।

ਆਪਣੇ ਪਹਿਲੇ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਸੀ, “ਜਿਸ ਵਿਚਾਰ ਦਾ ਸਮਾਂ ਆ ਚੁੱਕਿਆ ਹੈ, ਉਸ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਮੈਂ ਇਸ ਸਦਨ ਨੂੰ ਦੱਸਣਾ ਚਾਹਾਂਗਾ ਕਿ ਦੁਨੀਆਂ ਵਿੱਚ ਭਾਰਤ ਦੇ ਇੱਕ ਵੱਡੀ ਆਰਥਿਕ ਸ਼ਕਤੀ ਵਜੋਂ ਉਭਾਰ ਵੀ ਇੱਕ ਅਜਿਹਾ ਹੀ ਵਿਚਾਰ ਹੈ।”

ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਲਈ ਸੰਸਦ ਵਿੱਚ ਸਰਕਾਰ ਵੱਲੋਂ ਮਾਫੀ ਮੰਗੀ ਅਤੇ ਕਿਹਾ, “ਮੈਂ ਸ਼ਰਮ ਨਾਲ ਆਪਣਾ ਸਿਰ ਝੁਕਾਉਂਦਾ ਹੈ।” ਹਾਲਾਂਕਿ ਡਾ਼ ਸਿੰਘ ਤੋਂ 1984 ਦੇ ਸਿੱਖ ਕਤਲੇਆਮ ਲਈ ਮਾਫੀ ਮੰਗਵਾਉਣ ਲਈ ਕਾਂਗਰਸ ਦੀ ਆਲੋਚਨਾ ਵੀ ਹੋਈ। ਕਿਹਾ ਗਿਆ ਕਿ ਜਿਨ੍ਹਾਂ ਦਾ ਕਤਲੇਆਮ ਕੀਤਾ ਗਿਆ ਉਨ੍ਹਾਂ ਦੇ ਹੀ ਨੁਮਾਇੰਦੇ ਤੋਂ ਮਾਫੀ ਮੰਗਵਾ ਲਈ।

ਸਾਲ 2004 ਤੋਂ 2014 ਤੱਕ ਦੇਸ ਦੇ ਪ੍ਰਧਾਨ ਮੰਤਰੀ ਰਹੇ।

ਆਪਣੇ ਇੱਕ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ, "ਇਤਿਹਾਸ ਮੇਰੇ ਨਾਲ ਨਰਮੀ ਦਿਖਾਵੇਗਾ।"

ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਬਾਰੇ ਉਨ੍ਹਾਂ ਨੇ ਕਿਹਾ, "ਮੈਂ ਨਹੀਂ ਮੰਨਦਾ ਮੈਂ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਰਿਹਾ ਹਾਂ.... ਮੈਂ ਇਮਾਦਾਰੀ ਨਾਲ ਮੰਨਦਾ ਹਾਂ ਕਿ ਇਤਿਹਾਸ ਮੇਰੇ ਪ੍ਰਤੀ ਤਤਕਾਲੀ ਮੀਡੀਆ, ਸੰਸਦ ਵਿੱਚ ਵਿਰੋਧੀ ਧਿਰ ਨਾਲੋਂ ਜ਼ਿਆਦਾ ਨਰਮੀ ਦਿਖਾਵੇਗਾ...ਸਿਆਸੀ ਬੰਦਿਸ਼ਾਂ ਦੇ ਮੱਦੇ ਨਜ਼ਰ ਜੋ ਮੈਂ ਕਰ ਸਕਦਾ ਸੀ ਉਹ ਮੈਂ ਸਭ ਤੋਂ ਵਧੀਆ ਕੀਤਾ ਹੈ।"

ਯੂਪੀਏ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਦਸ ਸਾਲ ਇੱਕ ਬਹੁਤ ਹੀ ਨਾਜ਼ੁਕ ਗਠਬੰਧਨ ਸਰਕਾਰ ਦੀ ਅਗਵਾਈ ਕੀਤੀ। ਸਾਲ 2008 ਵਿੱਚ ਸੀਪੀਆਈ (ਐੱਮ) ਨੇ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ਕਾਰਨ ਸਰਕਾਰ ਤੋਂ ਹੱਥ ਖਿੱਚ ਲਿਆ। ਜਦੋਂ ਪਾਰਟੀ ਆਗੂ ਸੀਤਾ ਰਾਮ ਯੇਚੁਰੀ ਉਨ੍ਹਾਂ ਨੂੰ 2009 ਵਿੱਚ ਮਿਲਣ ਗਏ ਤਾਂ ਡਾ਼ ਸਿੰਘ ਨੇ ਕਿਹਾ, “ਮੈਨੂੰ ਤੁਹਾਡੀ ਸਲਾਹ ਦੀ ਘਾਟ ਰੜਕਦੀ ਹੈ।”

ਉਹ ਬੋਲਦੇ ਘੱਟ ਸਨ, ਇਸੇ ਲਈ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਧਾਰਨਾਵਾਂ ਵੀ ਬਣੀਆਂ ਹੋਈਆਂ ਹਨ।

ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਹਥਠੋਕਾ, ਮੌਨ ਪ੍ਰਧਾਨ ਮੰਤਰੀ ਅਤੇ ਭ੍ਰਿਸ਼ਟ ਯੂਪੀਏ ਸਰਕਾਰ ਦੇ ਮੁਖੀ ਵਜੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇੱਥੇ ਅਸੀਂ ਮਨਮੋਹਨ ਸਿੰਘ ਦੇ ਸਿਆਸੀ ਕਰੀਅਰ ਦੇ ਅਜਿਹੇ ਪਲਾਂ ਦੀ ਚਰਚਾ ਕਰਾਂਗੇ ਜੋ ਉਨ੍ਹਾਂ ਦੀ ਸਖ਼ਸੀਅਤ ਉਨ੍ਹਾਂ ਬਾਰੇ ਪੇਸ਼ ਕੀਤੀਆਂ ਧਾਰਨਾਵਾਂ ਨੂੰ ਗਲਤ ਸਾਬਿਤ ਕਰਦੇ ਹਨ।

ਵਾਜਪਾਈ ਨਾਲ ਰਿਸ਼ਤੇ

ਦੇਸ ਨੂੰ ਆਪਣੇ ਭਾਸ਼ਣਾਂ ਨਾਲ ਮੋਹ ਲੈਣ ਵਾਲਾ ਵਿਅਕਤੀ ਅਟਲ ਬਿਹਾਰੀ ਵਾਜਪਾਈ ਸੰਨਿਆਸ ਲੈਣ ਨੂੰ ਤਿਆਰ ਸੀ। ਭਾਸ਼ਣ ਕਲਾ ਦੇ ਮਾਹਿਰ, ਕਵੀ ਤੇ ਇੱਕ ਵੱਡੇ ਰਾਜਨੇਤਾ ਅਟਲ ਬਿਹਾਰੀ ਵਾਜਪਾਈ ਦੀਆਂ ਤਕਰੀਰਾਂ ਦੇ ਵਿਰੋਧੀ ਵੀ ਕਾਇਲ਼ ਸਨ।

ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਲੋਕ ਸਭਾ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ।

ਕੁਝ ਆਗੂ ਹਰ ਸਾਲ 25 ਦਸੰਬਰ ਨੂੰ ਉਨ੍ਹਾਂ ਨੂੰ ਜਨਮ ਦਿਨ ਮੌਕੇ ਉਨ੍ਹਾਂ ਨੂੰ ਮਿਲਣ ਜਾਂਦੇ ਸਨ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ।

ਐਨਐਮ ਘਟਾਟੇ ਨੇ ਇੱਕ ਦਿਲਚਸਪ ਘਟਨਾ ਦੱਸੀ, ''1991 ਵਿੱਚ ਨਰਸਿਮਹਾ ਰਾਓ ਨੇ ਵਾਜਪਾਈ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਬਜਟ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਕਿ ਮੇਰੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਅਸਤੀਫਾ ਦੇਣਾ ਚਾਹੁੰਦੇ ਹਨ।''

''ਇਹ ਸੁਣਕੇ ਵਾਜਪਾਈ ਨੇ ਡਾ. ਮਨਮੋਹਨ ਸਿੰਘ ਨੂੰ ਬੁਲਾਇਆ ਤੇ ਕਿਹਾ ਕਿ ਆਲੋਚਨਾ ਨੂੰ ਨਿੱਜੀ ਤੌਰ 'ਤੇ ਨਹੀਂ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਰਾਜਨੀਤਕ ਭਾਸ਼ਣ ਸੀ।''

ਉਸ ਦਿਨ ਤੋਂ ਦੋਵਾਂ ਵਿਚਾਲੇ ਇੱਕ ਖਾਸ ਰਿਸ਼ਤਾ ਬਣ ਗਿਆ।

ਭਾਰਤੀ ਅਰਥਚਾਰੇ ਦੀ ਨੁਹਾਰ ਦੇ ਘਾੜੇ

ਖ਼ਬਰ ਦੇ ਅਗਲੇ ਕੁਝ ਅੰਸ਼ ਬੀਬੀਸੀ ਪੱਤਰਕਾਰ ਖੁਸ਼ਾਹਾਲ ਲਾਲੀ ਦੀ ਰਿਪੋਰਟ ਉੱਪਰ ਅਧਾਰਿਤ ਹਨ।

ਨਰਸਿਮ੍ਹਾ ਰਾਓ ਨੇ ਮਨਮੋਹਨ ਸਿੰਘ ਨੂੰ ਕਿਵੇਂ ਵਿੱਤ ਮੰਤਰੀ ਬਣਨ ਲਈ ਮਨਾਇਆ ਸੀ।

ਤਤਕਾਲੀ ਪ੍ਰਧਾਨ ਮੰਤਰੀ ਨਰਸ੍ਹਿਮਾ ਰਾਓ ਨੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਤਾਂ ਉਹ ਸੰਸਦ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸੀ।

ਮਨਮੋਹਨ ਸਿੰਘ ਨੂੰ ਮੰਤਰੀ ਮੰਡਲ ਵਿੱਚ ਲਿਆਉਣ ਦਾ ਮੁੱਖ ਕਾਰਨ ਭਾਰਤ ਦੇ ਅਰਥਚਾਰੇ ਵਿੱਚ ਆਈ ਮੰਦਹਾਲੀ ਸੀ।

24 ਜੁਲਾਈ 1991 ਨੂੰ ਆਪਣੇ ਪਹਿਲੇ ਬਜਟ ਵਿੱਚ ਮਨਮੋਹਨ ਸਿੰਘ ਨੇ ਭਾਰਤੀ ਅਰਥਚਾਰੇ ਦੇ ਉਦਾਰੀਕਰਨ ਦੀ ਨੀਂਹ ਰੱਖੀ।

ਉਨ੍ਹਾਂ ਭਾਰਤ ਵਿੱਚ ਚਲਦੇ ਲਾਇਸੰਸ ਪਰਮਿਟ ਰਾਜ ਨੂੰ ਖ਼ਤਮ ਕੀਤਾ। ਸਰਕਾਰ ਨੇ ਨਿੱਜੀ ਕੰਪਨੀਆਂ ਤੋਂ ਆਪਣਾ ਕੰਟਰੋਲ ਖ਼ਤਮ ਕੀਤਾ।

ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ ਦਿੱਤਾ। ਇਨ੍ਹਾਂ ਕਦਮਾਂ ਨੇ ਨੇ ਭਾਰਤ ਦੀ ਮਾੜੇ ਅਰਥਚਾਰੇ ਦੀ ਦਿਸ਼ਾ ਤੇ ਦਸ਼ਾ ਸਦਾ ਲਈ ਬਦਲ ਦਿੱਤੀ।

ਅਮਰੀਕਾ ਪਰਮਾਣੂ ਕਰਾਰ ’ਤੇ ਅਸਤੀਫ਼ੇ ਦੀ ਪੇਸ਼ਕਸ਼

ਡਾਕਟਰ ਮਨਮੋਹਨ ਸਿੰਘ ਦੇ ਸਿਆਸੀ ਜੀਵਨ ਦੌਰਾਨ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਦੌਰਾਨ ਪੈਦਾ ਹੋਏ ਹਾਲਾਤ ਕਾਫ਼ੀ ਔਖ਼ੇ ਪਲ਼ਾਂ ਵਿਚੋਂ ਇੱਕ ਸਨ।

ਪਰ ਮਨਮੋਹਨ ਸਿੰਘ ਦਾ ਮੰਨਣਾ ਸੀ ਕਿ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਲੰਬੇ ਸਮੇਂ ਤੱਕ ਹੁਲਾਰਾ ਮਿਲੇਗਾ।

ਇਹ ਸਮਝੌਤਾ ਕਰਨ ਲਈ ਉਹ ਆਪਣਾ ਪ੍ਰਧਾਨ ਮੰਤਰੀ ਦਾ ਅਹੁਦਾ ਤੱਕ ਕੁਰਬਾਨ ਕਰਨ ਲਈ ਤਿਆਰ ਸਨ।

ਇਹ ਦਾਅਵਾ ਭਾਰਤ ਦੇ ਸਾਬਕਾ ਆਰਥਿਕ ਸਲਾਹਕਾਰ ਮੌਨਟੇਂਕ ਸਿੰਘ ਆਹਲੂਵਾਲੀਆ ਨੇ 17 ਫਰਵਰੀ 2020 ਨੂੰ ਹਿੰਦੂਸਤਾਨ ਟਾਇਮਜ਼ ਵਿੱਚ ਛਪੇ ਇੱਕ ਲੇਖ ਵਿੱਚ ਕੀਤਾ ਸੀ।

ਮੌਂਟੇਕ ਸਿੰਘ ਲਿਖਦੇ ਹਨ ਇੱਕ ਦਿਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ।

ਮੌਨਟੇਂਕ ਸਿੰਘ ਅੱਗੇ ਲਿਖਦੇ ਹਨ, ''ਪ੍ਰਧਾਨ ਮੰਤਰੀ ਨੇ ਪਰਮਾਣੂ ਸਮਝੌਤਾ ਸਿਰੇ ਨਾ ਚੜ੍ਹਨ ਦੇਣ ਦੀ ਸੂਰਤ ਵਿੱਚ ਅਸਤੀਫਾ ਦੇਣ ਦੀ ਵੀ ਪੇਸ਼ਕਸ਼ ਕੀਤੀ।''

ਸੋਨੀਆ ਗਾਂਧੀ ਨੇ ਮੌਨਟੇਕ ਸਿੰਘ ਨੂੰ ਕਿਹਾ ਕਿ ਉਹ ਮਨਮੋਹਨ ਸਿੰਘ ਨੂੰ ਅਸਤੀਫ਼ਾ ਨਾ ਦੇਣ ਲਈ ਮਨਾਉਣ, ਅਤੇ ਸੋਨੀਆ ਵਲੋਂ ਉਨ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਵੀ ਦੇਣ।

ਨੋਟਬੰਦੀ ਨੂੰ ਕਿਹਾ 'ਆਰਗੇਨਾਈਜ਼ਡ ਲੁੱਟ'

2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਰਾਤੀ 8 ਵਜੇ ਟੀਵੀ ਚੈਨਲ ਉੱਤੇ ਆ ਕੇ 1000 ਅਤੇ 500 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਤਾਂ ਪੂਰੇ ਦੇਸ ਵਿੱਚ ਹਾਹਾਕਾਰ ਮਚ ਗਈ।

ਮਨਮੋਹਨ ਸਿੰਘ ਦਾ ਰਾਜ ਸਭਾ ਵਿੱਚ ਦਿੱਤਾ ਗਿਆ ਭਾਸ਼ਣ ਸਭ ਤੋਂ ਵੱਧ ਚਰਚਾ ਵਿੱਚ ਆਇਆ।

ਸਾਬਕਾ ਪ੍ਰਧਾਨ ਮੰਤਰੀ ਪਹਿਲੇ ਅਰਥ ਸਾਸ਼ਤਰੀ ਸਨ, ਜਿਨ੍ਹਾਂ ਨੋਟਬੰਦੀ ਦਾ ਭਾਰਤ ਦੀ ਆਰਥਿਕਤਾ 'ਤੇ ਨੈਗੇਵਿਟ ਅਸਰ ਹੋਣ ਦਾ ਦਾਅਵਾ ਕੀਤਾ ਜੋ ਬਾਅਦ ਵਿੱਚ ਸਹੀ ਵੀ ਸਾਬਤ ਹੋਇਆ।

ਨੋਟਬੰਦੀ ਬਾਰੇ ਲੋਕ ਆਮ ਕਰਕੇ ਮਨਮੋਹਨ ਸਿੰਘ ਇਨ੍ਹਾਂ ਸ਼ਬਦਾਂ ਦਾ ਹਵਾਲਾ ਦਿੰਦੇ ਹਨ, ''ਜਿਸ ਤਰੀਕੇ ਨਾਲ ਇਹ ਸਕੀਮ ਲਾਗੂ ਕੀਤੀ ਉਹ ਇੱਕ ਇਤਿਹਾਸਕ ਪ੍ਰਬੰਧਨ ਨਾਕਾਮੀ ਹੈ, ਅਸਲ ਵਿੱਚ ਇਹ ਸੰਗਠਿਤ ਲੁੱਟ ਅਤੇ ਕਾਨੂੰਨੀ ਡਾਕਾ ਹੈ।''

‘ਗੁਸਲਖਾਨੇ ਵਿੱਚ ਰੇਨਕੋਟ ਪਾ ਕੇ ਨਹਾਉਣ ਦੀ ਕਲਾ’

ਡਾਕਟਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ 10 ਸਾਲਾ ਕਾਰਜਕਾਲ ਦੌਰਾਨ ਕਈ ਵੱਡੇ ਸਕੈਂਡਲ ਸਾਹਮਣੇ ਆਏ।

ਇਨ੍ਹਾਂ ਵਿੱਚ ਟੈਲੀਕਾਮ ਘੋਟਾਲਾ, ਕੋਲ ਘੋਟਾਲਾ, ਕਾਮਨਵੈਲਥ ਗੇਮਜ਼ ਘੋਟਾਲਾ, ਏਅਰਫੋਰਸ ਦੇ ਹਵਾਈ ਜਹਾਜ਼ ਖਰੀਦ ਘੋਟਾਲਾ, ਕੈਸ਼ ਫਾਰ ਵੋਟ ਘੋਟਾਲਾ, ਸੱਤਿਅਮ ਘੋਟਾਲਾ ਜ਼ਿਕਰਯੋਗ ਹਨ।

ਕੋਲਾ ਮੰਤਰਾਲਾ ਪ੍ਰਧਾਨ ਮੰਤਰੀ ਕੋਲ ਹੋਣ ਕਾਰਨ ਅਤੇ ਟੈਲੀਕਾਮ ਘੋਟਾਲੇ ਵਿੱਚ ਉਨ੍ਹਾਂ 'ਤੇ ਸਿੱਧੇ ਇਲਜ਼ਾਮ ਲਾਏ ਗਏ।

ਪਰ ਮਨਮੋਹਨ ਸਿੰਘ ਨੇ ਇਨ੍ਹਾਂ ਦਾ ਸੰਸਦ ਦੇ ਅੰਦਰ ਤੇ ਬਾਹਰ ਬੇਬਾਕੀ ਨਾਲ ਜਵਾਬ ਦਿੱਤਾ ਸੀ।

ਰਾਜ ਸਭਾ ਵਿੱਚ ਨੋਟਬੰਦੀ ਦੀ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਮੋਹਨ ਸਿੰਘ ਦੇ ਬੇਦਾਗ਼ ਹੋਣ ਉੱਤੇ ਖੁਦ ਮੋਹਰ ਲਾਈ ਸੀ।

ਮੋਦੀ ਨੇ ਰਾਜ ਸਭਾ ਵਿੱਚ ਕਿਹਾ, ''ਪਿਛਲੇ 70 ਸਾਲਾ ਵਿੱਚ ਡਾਕਟਰ ਮਨਮੋਹਨ ਸਿੰਘ ਅਜਿਹੇ ਅਰਥ ਸ਼ਾਸਤਰੀ ਰਹੇ ਹਨ ਜਿਨ੍ਹਾਂ ਦਾ ਕਰੀਬ 35 ਸਾਲ ਆਰਥਿਕ ਫੈਸਲਿਆਂ ਉੱਤੇ ਅਸਰ ਰਿਹਾ ਹੈ।"

"ਉਨ੍ਹਾਂ ਦੇ ਆਲੇ ਦੁਆਲੇ ਇੰਨਾ ਕੁਝ ਹੋਇਆ ਪਰ ਉਨ੍ਹਾਂ ਖੁਦ ਉੱਤੇ ਇੱਕ ਵੀ ਦਾਗ ਨਹੀਂ ਲੱਗਣ ਦਿੱਤਾ।''

ਮੋਦੀ ਨੇ ਕਿਹਾ ਸੀ, “ਮਨਮੋਹਨ ਸਿੰਘ ਵਰਗੇ ਵਿਅਕਤੀ ਤੋਂ ਸਾਨੂੰ ਸਿਆਸੀ ਆਗੂਆਂ ਨੂੰ ਵੀ ਸਿੱਖਣ ਦੀ ਜ਼ਰੂਰਤ ਹੈ।”

ਵਿਅੰਗਆਤਮਕ ਲਹਿਜ਼ੇ ਵਿੱਚ ਪਿਛਲੀ ਯੂਪੀਏ ਸਰਕਾਰ ਉੱਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ, ''ਬਾਥਰੂਮ ਵਿੱਚ ਰੇਨ ਕੋਟ ਪਾ ਕੇ ਨਹਾਉਣ ਦੀ ਕਲਾ ਤਾਂ ਡਾਕਟਰ ਮਨਮੋਹਨ ਸਿੰਘ ਹੀ ਜਾਣਦੇ ਹਨ, ਹੋਰ ਕੋਈ ਨਹੀਂ ਜਾਣਦਾ।''

ਮਨਮੋਹਨ ਸਿੰਘ ਨੇ ਖੁਦ ਵੀ ਇੱਕ ਭਾਸ਼ਣ ਵਿੱਚ ਕਿਹਾ ਸੀ, ''ਮੈਂ ਕਦੇ ਵੀ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਂ ਦੋਸਤ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਵਰਤੋਂ ਨਹੀਂ ਕੀਤੀ।''

ਸੰਸਦ 'ਚ ਸ਼ੇਅਰੋ-ਸ਼ਾਇਰੀ

ਮਨਮੋਹਨ ਸਿੰਘ ਨੂੰ ਆਮ ਤੌਰ ਉੱਤੇ ਉਨ੍ਹਾਂ ਦੀ ਚੁੱਪ ਕਾਰਨ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੇ ਵਿਰੋਧੀਆਂ ਦਾ ਇਲਜ਼ਾਮ ਰਿਹਾ ਹੈ ਕਿ ਉਹ ਕਦੇ ਵੀ ਬੋਲਦੇ ਨਹੀਂ ਹਨ।

ਹਾਲਾਂਕਿ ਮਨਮੋਹਨ ਸਿੰਘ ਨੇ ਭਾਜਪਾ ਦੀ ਵਿਰੋਧੀ ਧਿਰ ਆਗੂ ਸੁਸ਼ਮਾ ਸਵਰਾਜ ਦੀ ਉਰਦੂ ਸ਼ਾਇਰੀ ਦਾ ਜਿਸ ਤਰੀਕੇ ਨਾਲ ਜਵਾਬ ਦਿੱਤਾ ਸੀ ਉਹ ਮੀਡੀਆ ਅਤੇ ਸੋਸ਼ਲ ਹਲਕਿਆਂ ਵਿੱਚ ਕਾਫ਼ੀ ਵਾਇਰਲ ਹੋਇਆ ਸੀ।

ਅਸਲ ਵਿੱਚ ਮਨਮੋਹਨ ਸਿੰਘ ਨੇ ਭਾਜਪਾ ਬਾਰੇ ਸਦਨ ਵਿੱਚ ਕਿਹਾ ਸੀ, ''ਹਮਕੋ ਹੈ ਉਨਸੇ ਵਫ਼ਾ ਕੀ ਉਮੀਦ ਜੋ ਜਾਨਤੇ ਨਹੀਂ ਵਫ਼ਾ ਕਿਆ ਹੈ।''

ਪਰ ਸ਼ੁਸ਼ਮਾ ਸਵਰਾਜ ਨੇ ਕਿਹਾ ਕਿ ਮਨਮੋਹਨ ਸਿੰਘ ਉਰਦੂ ਦੇ ਚੰਗੇ ਗਿਆਤਾ ਹਨ ਅਤੇ ਸ਼ਾਇਰੀ ਵੀ ਸਮਝਦੇ ਹਨ ਅਤੇ ਸ਼ਾਇਰੀ ਦਾ ਉਧਾਰ ਨਹੀਂ ਰੱਖਿਆ ਜਾਂਦਾ।

ਸੁਸ਼ਮਾ ਨੇ ਸ਼ੇਅਰ ਰਾਹੀਂ ਹੀ ਜਵਾਬ ਦਿੱਤਾ, 'ਪ੍ਰਧਾਨ ਮੰਤਰੀ ਜੀ, ਕੁਛ ਤੋਂ ਮਜਬੂਰੀਆਂ ਰਹੀ ਹੋਂਗੀ ਯੂੰ ਹੀ ਕੋਈ ਬੇਵਫਾ ਨਹੀਂ ਹੋਤਾ।'

ਸੁਸ਼ਮਾ ਸਵਰਾਜ ਨੇ ਮਨਮੋਹਨ ਸਿੰਘ ਉੱਤੇ ਮੁਲਕ ਨਾਲ ਬੇਵਫਾਈ ਕਰਨ ਦਾ ਇਲਜ਼ਾਮ ਲਾਉਂਦਿਆ ਕਿਹਾ,

ਤੁਮਹੇ ਵਫ਼ਾ ਯਾਦ ਨਹੀਂ , ਹਮੇ ਯਫ਼ਾ ਯਾਦ ਨਹੀਂ।

ਜ਼ਿੰਦਗੀ ਔਰ ਮੌਤ ਕੇ ਦੋ ਹੀ ਤੋਂ ਤਰਾਨੇ ਹੈ।

ਇੱਕ ਤੁਮਹੇ ਯਾਦ ਨਹੀਂ ਇੱਕ ਹਮੇ ਯਾਦ ਨਹੀਂ।

ਸੁਸ਼ਮਾ ਸਵਰਾਜ ਨੇ ਦੂਜੇ ਸ਼ੇਅਰ ਰਾਹੀ ਮਨਮੋਹਨ ਸਿੰਘ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ:

ਤੂੰ ਇਧਰ ਉੱਧਰ ਕੀ ਨਾ ਬਾਤ ਕਰ , ਯਹ ਬਤਾ ਕਿ ਕਾਫ਼ਿਲਾ ਕਿਉਂ ਲੁਟਾ

ਹਮੇ ਰਹਿਬਰੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।

ਜਿਸ ਦੇ ਜਵਾਬ ਵਿੱਚ ਮਨਮੋਹਨ ਸਿੰਘ ਨੇ ਅਗਲਾ ਸ਼ੇਅਰ ਪੜ੍ਹ ਕੇ ਵਿਰੋਧੀ ਧਿਰ ਦੀ ਆਗੂ ਦਾ ਜਵਾਬ ਦਿੱਤਾ :

ਮਾਨਾ ਕੇ ਤੇਰੀ ਦੀਦ ਕੇ ਕਾਬਿਲ ਨਹੀਂ ਹੂੰ ਮੈਂ

ਤੂੰ ਮੇਰਾ ਸ਼ੌਕ ਦੇਖ, ਮੇਰਾ ਇੰਤਜ਼ਾਰ ਤੋਂ ਕਰ।

ਓਬਾਮਾ ਨੇ ਡਾ਼ ਮਨਮੋਹਨ ਸਿੰਘ ਬਾਰੇ ਕੀ ਕਿਹਾ

ਸੌਤਿਕ ਬਿਸਵਾਸ ਆਪਣੀ ਰਿਪੋਰਟ ਵਿੱਚ ਲਿਖਦੇ ਹਨ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ "ਦਿ ਪਰੌਮਿਸਡ ਲੈਂਡ" ਵਿੱਚ ਭਾਰਤ ਵਿੱਚ ਹਲਚਲ ਛੇੜ ਦਿੱਤੀ ਸੀ।

ਕਿਤਾਬਾਕ ਵਿੱਚ ਉਨ੍ਹਾਂ ਨੇ ਦੁਨੀਆਂ ਦੇ ਹੋਰ ਆਗੂਆਂ ਸਮੇਤ ਡਾ਼ ਮਨਮੋਹਨ ਸਿੰਘ ਨਾਲ ਹੋਈ ਆਪਣੀ ਮੁਲਾਕਾਤ ਬਾਰੇ ਵੀ ਲਿਖਿਆ ਸੀ।

ਕਿਤਾਬ ਵਿੱਚ ਉਨ੍ਹਾਂ ਨੇ ਲਗਭਗ 1400 ਸ਼ਬਦਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਾਲ 2010 ਵਿਚਲੀ ਆਪਣੀ ਪਹਿਲੀ ਭਾਰਤ ਫੇਰੀ ਦਾ ਜ਼ਿਕਰ ਕੀਤਾ। ਉਦੋਂ ਅੱਜ ਵਿਰੋਧੀ ਧਿਰ ਵਿੱਚ ਬੈਠੀ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਸਰਕਾਰ ਸੀ ਅਤੇ ਡਾ਼ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ।

ਓਬਾਮਾ ਲਿਖਦੇ ਹਨ ਕਿ ਜਦੋਂ ਉਹ ਡਾ. ਮਨਮੋਹਨ ਸਿੰਘ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ "ਜ਼ੋਰ ਫ਼ੜ ਰਹੇ ਮੁਸਲਿਮ ਵਿਰੋਧੀ ਜ਼ਜਬੇ ਨੇ ਹਿੰਦੂ ਰਾਸ਼ਟਰਵਾਦੀ ਭਾਜਪਾ ਦੇ ਪ੍ਰਭਾਵ ਨੂੰ ਮਜ਼ਬੂਤ ਕੀਤਾ ਸੀ"। ਭਾਜਪਾ ਉਸ ਸਮੇਂ ਵਿਰੋਧੀ ਧਿਰ ਸੀ।

ਓਬਾਮਾ ਲਿਖਦੇ ਹਨ ਕਿ ਜਦੋਂ ਬੰਦੂਕਧਾਰੀਆਂ ਵੱਲੋਂ ਮੁੰਬਈ ਵਿੱਚ 166 ਜਣਿਆਂ ਨੂੰ ਮਾਰ ਦੇਣ ਤੋਂ ਬਾਅਦ ਡਾ. ਮਨਮੋਹਨ ਸਿੰਘ ਪਾਕਿਸਤਾਨ ਖ਼ਿਲਾਫ਼ ਕਾਰਵਾਈ ਤੋਂ ਝਿਜਕੇ, ਇਸ "ਝਿਜਕ ਦੀ ਉਨ੍ਹਾਂ ਨੂੰ ਸਿਆਸੀ ਕੀਮਤ ਚੁਕਾਉਣੀ ਪਈ।"

ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਦੱਸਿਆ, "ਅਨਿਸ਼ਚਿਤ ਸਮਿਆਂ ਵਿੱਚ, ਰਾਸ਼ਟਰਪਤੀ ਧਾਰਮਿਕ ਅਤੇ ਨਸਲੀ ਇੱਕਜੁਟਤਾ ਦਾ ਸੱਦਾ ਨਸ਼ੀਲਾ ਹੋ ਸਕਦਾ ਹੈ। ਅਤੇ ਸਿਆਸਤਦਾਨਾਂ ਲਈ ਭਾਰਤ ਜਾਂ ਦੁਨੀਆਂ ਵਿੱਚ ਕਿਤੇ ਵੀ ਹੋਰ ਇਸ ਦਾ ਸ਼ੋਸ਼ਣ ਕਰਨਾ ਬਹੁਤਾ ਮੁਸ਼ਕਲ ਨਹੀਂ ਹੈ।"

ਓਬਾਮਾ ਨੇ ਡਾ. ਸਾਹਿਬ ਦੇ ਇਸ ਵਿਚਾਰ ਨਾਲ ਸਹਿਮਤੀ ਦਿੰਦਿਆਂ ਚੈਕ ਗਣਰਾਜ ਦੇ ਪਹਿਲੇ ਰਾਸ਼ਟਰਪਤੀ ਵੈਕਲੈਵ ਹਾਵੇਲ ਨਾਲ ਵੈਲਵਟ ਕ੍ਰਾਂਤੀ ਤੋਂ ਬਾਅਦ ਪਰਾਗ ਫੇਰੀ ਦੌਰਾਨ ਹੋਈ ਮੁਲਾਕਾਤ ਅਤੇ "ਉਨ੍ਹਾਂ ਦੀ ਯੂਰਪ ਵਿੱਚ ਇਲ-ਲਿਬਰਲਿਜ਼ਮ ਦੇ ਉਭਾਰ ਬਾਰੇ ਚੇਤਾਵਨੀ" ਨੂੰ ਯਾਦ ਕੀਤਾ।

ਓਬਾਮਾ ਦੀ ਭਾਰਤ ਵਿੱਚ ਪਹਿਲੀ ਸ਼ਾਮ ਨੂੰ ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਰਾਤ ਦੇ ਖਾਣੇ ਮੌਕੇ ਡਾ. ਮਨਮੋਹਨ ਸਿੰਘ "ਉਨ੍ਹਾਂ ਬੱਦਲਾਂ ਬਾਰੇ ਖੁੱਲ੍ਹ ਕੇ ਬੋਲੇ ਜੋ ਉਨ੍ਹਾਂ ਨੇ ਦੇਖੇ ਸਨ"।

ਉਨ੍ਹਾਂ ਨੇ ਮੱਧਮ ਹੁੰਦੇ ਅਰਥਚਾਰੇ ਦਾ ਜ਼ਿਕਰ ਕੀਤਾ- ਸਾਲ 2007 ਦੇ ਅਮਰੀਕਾ ਵਿਚਲੇ ਸਬਮਰੀਨ ਸੰਕਟ ਦਾ ਜ਼ਿਕਰ ਕੀਤਾ।

ਓਬਾਮਾ ਲਿਖਦੇ ਹਨ ਕਿ ਡਾ. ਮਨਮੋਹਨ ਸਿੰਘ ਪ੍ਰਮਾਣੂ ਹਥਿਆਰਾਂ ਨਾਲ ਲੈਸ ਸਰੀਕ ਅਤੇ ਗੁਆਂਢੀ ਪਾਕਿਸਤਾਨ ਨਾਲ ਵਧਦੇ ਤਣਾਅ ਬਾਰੇ ਵੀ ਫਿਕਰਮੰਦ ਸਨ।

ਫਿਰ ਪਾਕਿਸਤਾਨ ਦੀ ਸਮੱਸਿਆ ਅਤੇ 2008 ਦੇ ਮੁੰਬਈ ਵਿੱਚ ਹੋਟਲਾਂ ਅਤੇ ਹੋਰ ਥਾਵਾਂ ਉੱਪਰ ਅੱਤਵਾਦੀ ਹਮਲੇ ਬਾਰੇ ਇਸ ਦੀ ਭਾਰਤ ਨਾਲ ਮਿਲ ਕੇ ਕੰਮ ਨਾ ਕਰ ਸਕਣ ਦੀ ਨਿਰੰਤਰ ਅਸਫ਼ਲਤਾ ਨੇ ਦੋਵਾਂ ਦੇਸ਼ਾਂ ਵਿੱਚ ਤਣਾਅ ਬਹੁਤ ਵਧਾ ਦਿੱਤਾ ਸੀ। ਕੁਝ ਇਸ ਕਰ ਕੇ ਵੀ ਕਿ ਮੰਨਿਆਂ ਜਾਂਦਾ ਸੀ ਕਿ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਤਨਜ਼ੀਮ ਲਸ਼ਕਰੇ-ਤਇਬਾ ਦੇ ਪਾਕਿਸਤਾਨ ਦੀ ਸੂਹੀਆ ਏਜੰਸੀ ਨਾਲ ਲਿੰਕ ਸਨ।"

ਓਬਾਮਾ ਨੇ ਮਨਮੋਹਨ ਸਿੰਘ ਨੂੰ "ਭਾਰਤੀ ਆਰਥਿਕ ਰੂਪਾਂਤਰਣ ਦੇ ਮੁੱਖ ਇਮਾਰਤਸਾਜ਼" ਅਤੇ ਇੱਕ "ਸੁਘੜ, ਵਿਚਾਰਵਾਨ, ਅਤੇ ਅਸੂਲਪ੍ਰਸਤੀ ਨਾਲ ਇਮਾਨਦਾਰ" ਦੱਸਿਆ ਹੈ।

ਓਬਾਮਾ ਲਿਖਦੇ ਹਨ ਮਨਮੋਹਨ ਸਿੰਘ ਇੱਕ "ਖ਼ੁਦ ਨੂੰ ਮਾਤ ਦੇਣ ਵਾਲੇ ਟੈਕਨੋਕ੍ਰੇਟ ਸਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਨੂੰ ਵਲਵਲਿਆਂ ਨੂੰ ਅਪੀਲ ਕਰ ਕੇ ਨਹੀਂ ਸਗੋਂ ਉੱਚੇ ਜੀਵਨ ਮਾਪਦੰਡ ਲਿਆ ਕੇ ਤੇ ਭ੍ਰਿਸ਼ਟ ਨਾ ਹੋਣ ਦੇ ਕਮਾਏ ਹੋਏ ਰੁਤਬੇ ਸਦਕਾ ਜਿੱਤਿਆ ਸੀ।"

ਓਬਾਮਾ ਲਿਖਦੇ ਹਨ, "ਜਿੱਥੇ ਉਹ ਵਿਦੇਸ਼ ਨੀਤੀ ਬਾਰੇ ਸੁਚੇਤ ਹੋਣਗੇ, ਭਾਰਤੀ ਅਫ਼ਸਰਸ਼ਾਹੀ ਜੋ ਅਮਰੀਕਾ ਦੇ ਮਨਸ਼ਿਆਂ ਬਾਰੇ ਸੰਦੇਹ ਰਖਦੀ ਹੈ ਤੋਂ ਅਗਾਂਹ ਲੰਘਣਾ ਨਹੀਂ ਚਾਹੁਣਗੇ (ਪਰ) ਸਾਡੇ ਇਕੱਠਿਆਂ ਬਿਤਾਏ ਸਮੇਂ ਨੇ ਮੇਰੀ ਉਨ੍ਹਾਂ ਦੇ ਇੱਕ ਅਸਧਾਰਣ ਸੂਝ ਅਤੇ ਸੁੱਘੜਤਾ ਵਾਲੇ ਵਿਅਕਤੀ ਵਾਲੀ ਧਾਰਨਾ ਦੀ ਪੁਸ਼ਟੀ ਕਰ ਦਿੱਤੀ।"

'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ'

ਡ਼ਾ਼ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਨੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਲ 'ਤੇ ਕਿਤਾਬ ਲਿਖੀ।

ਇਸ ਕਿਤਾਬ ਵਿੱਚ ਉਨ੍ਹਾਂ ਨੇ ਮਨਮੋਹਨ ਸਿੰਘ ਬਾਰੇ ਕਈ ਅਜਿਹੀਆਂ ਟਿੱਪਣੀਆਂ ਕੀਤੀਆਂ ਜੋ ਵਿਵਾਦ ਅਤੇ ਚਰਚਾ ਦੋਵਾਂ ਦਾ ਵਿਸ਼ਾ ਬਣੀਆਂ।

ਸੰਜੇ ਬਾਰੂ ਦੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' ਨੂੰ ਅਧਾਰ ਬਣਾ ਕੇ ਇਸੇ ਨਾਮ ਦੀ ਇੱਕ ਫਿਲਮ ਵੀ ਬਣੀ ਜਿਸ ਵਿੱਚ ਬਾਲੀਵੁਡ ਅਦਾਕਾਰ ਅਨੁਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਅਤੇ ਵਿਨੋਦ ਖੰਨਾ ਦੇ ਪੁੱਤਰ ਅਕਸ਼ੇ ਖੰਨਾ ਬਾਰੂ ਦੀ ਭੂਮਿਕਾ ਵਿੱਚ ਨਜ਼ਰ ਆਏ।

ਬਾਰੂ ਦੀ ਇੱਕ ਟਿੱਪਣੀ ਸੀ ਕਿ ਡਾ਼ ਮਨਮੋਹਨ ਸਿੰਘ ਨੇ ਮੰਨ ਲਿਆ ਸੀ ਕਿ ਕਾਂਗਰਸ ਦੇ ਪਾਰਟੀ ਪ੍ਰਧਾਨ ਦਾ ਅਹੁਦਾ ਪ੍ਰਧਾਨ ਮੰਤਰੀ ਨਾਲੋਂ ਵੱਡਾ ਹੈ। ਜਦਕਿ ਸਾਬਕਾ ਪ੍ਰਧਾਨ ਮੰਤਰੀ ਨਹਿਰੂ ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਨਹਿਰੂ ਨੇ ਸਾਬਤ ਕੀਤਾ ਸੀ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਪ੍ਰਧਾਨ ਨਾਲੋਂ ਵੱਡਾ ਹੈ।

ਵੈਸੇ ਬਾਰੂ ਲਿਖਦੇ ਹਨ ਕਿ ਮਨਮੋਹਨ ਸਿੰਘ ਸੋਨੀਆ ਗਾਂਧੀ ਨਾਲ ਬਹੁਤ ਨਿਮਰਤਾ ਨਾਲ ਪੇਸ਼ ਆਉਂਦੇ ਸਨ ਅਤੇ ਉਹ ਵੀ ਉਨ੍ਹਾਂ ਨਾਲ ਇੱਕ ਬਜ਼ੁਰਗ ਵਾਂਗ ਪੇਸ਼ ਆਉਂਦੇ ਸਨ।

ਬਾਰੂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਹੁੰਦਿਆਂ ਮਨਮੋਹਨ ਸਿੰਘ ਨੂੰ ਆਪਣੀ ਟੀਮ ਆਮ ਚੁਣਨ ਦੀ ਛੋਟ ਨਹੀਂ ਦਿੱਤੀ ਗਈ।

ਸੰਸਦ ਵਿੱਚ ਹਾਜ਼ਰੀਆਂ ਵਿੱਚ ਮੋਹਰੀ

ਜਦੋਂ ਪਿਛਲੇ ਸਾਲ 90 ਸਾਲ ਦੀ ਉਮਰ ਵਿੱਚ ਉਹ ਵੀਲ੍ਹਚੇਅਰ ਉੱਤੇ ਬੈਠ ਕੇ ਸੰਸਦ ਵਿੱਚ ਪਹੁੰਚੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਤੇ ਸਿਆਸੀ ਪਾਰਟੀਆਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ।

ਉਹ ਰਾਜਧਾਨੀ ਦਿੱਲੀ ਦੇ ਪ੍ਰਸ਼ਾਸਕੀ ਕੰਟਰੋਲ ਬਾਰੇ ਸੰਸਦ ਵਿੱਚ ਲਿਆਂਦੇ ਗਏ ਇੱਕ ਅਹਿਮ ਬਿਲ ਬਾਰੇ ਵੋਟਿੰਗ ਦੌਰਾਨ ਉੱਥੇ ਪਹੁੰਚੇ ਸਨ।

ਸੱਤਾਧਾਰੀ ਭਾਜਪਾ ਦੇ ਕਈ ਆਗੂਆਂ ਨੇ ਕਾਂਗਰਸ ਪਾਰਟੀ ਉੱਪਰ ਇਲਜ਼ਾਮ ਲਾਇਆ ਕਿ ਉਸ ਨੇ ਬਜ਼ੁਰਗ ਆਗੂ ਨੂੰ ਇੱਕ ਵੋਟ ਦੀ ਖਾਤਰ ਤਕਲੀਫ਼ ਦੇ ਕੇ "ਸ਼ਰਮਨਾਕ" ਕੰਮ ਕੀਤਾ ਹੈ।

ਜਦਕਿ ਕਾਂਗਰਸ ਨੇ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਦਾ ਲੋਕਤੰਤਰੀ ਕਦਰਾਂ ਕੀਮਤਾਂ ਵਿੱਚ ਦ੍ਰਿੜ ਵਿਸ਼ਵਾਸ ਹੈ ਜੋ ਉਹ ਇਸ ਹਾਲਤ ਵਿੱਚ ਵੀ ਸੰਸਦ ਵਿੱਚ ਪਹੁੰਚੇ ਹਨ।

ਜ਼ਿਕਰਯੋਗ ਹੈ ਕਿ ਇੱਕ ਸਾਂਸਦ ਵਜੋਂ ਡਾ਼ ਮਨਮੋਹਨ ਸਿੰਘ ਦੀਆਂ ਪਾਰਲੀਮੈਂਟ ਵਿੱਚ ਹਾਜ਼ਰੀਆਂ ਬਿਹਤਰੀਨ ਰਹੀਆਂ ਹਨ।

ਸਾਲ 2014 ਤੋਂ ਲਗਭਗ ਹਰ ਬਜਟ ਸੈਸ਼ਨ ਵਿੱਚ ਉਨ੍ਹਾਂ ਦੀ ਹਾਜਰੀ 100 ਫੀਸਦੀ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)