ਭਾਰ ਘਟਾਉਣ ਲਈ ਕਿਹੜਾ ਮਿੱਠਾ ਨਾ ਖਾਣ ਬਾਰੇ ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਚੇਤਾਵਨੀ

ਲਿਆਓ ਜੀ, ਮੂੰਹ ਮਿੱਠਾ ਕਰਾਓ।

ਕੋਈ ਖੁਸ਼ੀ ਦਾ ਮੌਕਾ ਹੋਵੇ ਜਾਂ ਨਾ ਹੋਵੇ, ਮਿੱਠਾ ਖਾਣ ਤੋਂ ਜ਼ਿਆਦਾਤਰ ਲੋਕ ਗੁਰੇਜ਼ ਨਹੀਂ ਕਰਦੇ। ਖ਼ਾਸ ਕਰ ਕੇ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਅਨੇਕਾਂ ਹੀ ਪ੍ਰਕਾਰ ਦੀਆਂ ਮਠਿਆਈਆਂ ਮਿਲਦੀਆਂ ਹਨ।

ਪਰ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਵਧਦੀਆਂ ਦਿੱਕਤਾਂ ਅਤੇ ਲੋਕਾਂ 'ਚ ਵਧੀ ਜਾਗਰੂਕਤਾ ਨੇ ਕੁਝ ਹੱਦ ਤੱਕ ਮਿੱਠਾ ਖਾਣ ਦੀ ਆਦਤ ਨੂੰ ਪ੍ਰਭਾਵਿਤ ਕੀਤਾ ਹੈ।

ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਦਿੱਕਤਾਂ ਵੀ ਪੈਦਾ ਹੋ ਸਕਦੀਆਂ ਹਨ।

ਇਸ ਲਈ ਮਾਹਰ ਸਲਾਹ ਦਿੰਦੇ ਹਨ ਕਿ ਇੱਕ ਦਿਨ ਵਿੱਚ ਇੱਕ ਸੀਮਿਤ ਮਾਤਰਾ ਤੋਂ ਵੱਧ ਮਿੱਠੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਹਾਲਾਂਕਿ, ਬਹੁਤ ਸਾਰੇ ਲੋਕ ਡਾਇਬਟੀਜ਼ (ਸ਼ੱਕਰ ਰੋਗ) ਕਾਰਨ ਜਾਂ ਉਂਝ ਹੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਆਮ ਮਿੱਠੇ ਦੀ ਬਜਾਏ ਨੌਨ-ਸ਼ੂਗਰ ਸਵੀਟਨਰਜ਼ ਦਾ ਵੀ ਇਸਤੇਮਾਲ ਕਰਦੇ ਹਨ।

ਨੌਨ-ਸ਼ੂਗਰ ਸਵੀਟਨਰਜ਼ ਦਾ ਅਰਥ ਉਸ ਸਮੱਗਰੀ ਤੋਂ ਹੈ, ਜੋ ਕੁਦਰਤੀ/ ਗੈਰ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਖਾਣ ਵਿੱਚ ਤਾਂ ਮਿੱਠੀਆਂ ਹੁੰਦੀਆਂ ਹਨ, ਪਰ ਉਨ੍ਹਾਂ ਵਿੱਚ ਕੈਲਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਪਰ ਹੁਣ ਵਿਸ਼ਵ ਸਿਹਤ ਸੰਗਠਨ ਨੇ ਨੌਨ-ਸ਼ੂਗਰ ਸਵੀਟਰਨਜ਼ ਬਾਰੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਇਹ ਨਵੇਂ ਦਿਸ਼ਾ-ਨਿਰਦੇਸ਼ ਨੌਨ-ਸ਼ੂਗਰ ਸਵੀਟਰਨਜ਼ ਯਾਨੀ ਐੱਨਐੱਸਐੱਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹਨ।

ਨੌਨ-ਸ਼ੂਗਰ ਸਵੀਟਰਨਜ਼, ਸਰੀਰ ਦੇ ਭਾਰ ਨੂੰ ਕੰਟਰੋਲ ਕਰਨ ਜਾਂ ਅਛੂਤ ਦੀਆਂ ਬਿਮਾਰੀਆਂ ਦੇ ਜੋਖ਼ਮ ਨੂੰ ਘਟਾਉਣ ਲਈ ਵਰਤੇ ਜਾਂਦੇ ਹਨ।

ਨੌਨ-ਸ਼ੂਗਰ ਸਵੀਟਨਰ ਹੁੰਦੇ ਕੀ ਹਨ?

ਬੀਬੀਸੀ ਨਿਊਜ਼ ਆਨਲਾਈਨ ਦੇ ਸਿਹਤ ਸੰਪਾਦਕ ਮਿਸ਼ੈਲ ਰੌਬਰਟਸ ਦੀ ਇੱਕ ਪੁਰਾਣੀ ਰਿਪੋਰਟ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨੌਨ-ਸ਼ੂਗਰ ਸਵੀਟਨਰਜ਼ ਕੀ ਹੁੰਦੇ ਹਨ...

ਅਜਿਹੇ ਬਹੁਤ ਸਾਰੇ ਉਤਪਾਦ ਬਾਜ਼ਾਰ ਵਿੱਚ ਮੌਜੂਦ ਹਨ, ਜੋ ਖੰਡ, ਗੁੜ, ਸ਼ੱਕਰ ਆਦਿ ਦੀ ਥਾਂ ਮਿੱਠੇ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ।

ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੇ ਸੇਵਨ ਨਾਲ ਘੱਟ ਕੈਲੋਰੀਜ਼ ਸਰੀਰ ਵਿੱਚ ਜਾਂਦੀਆਂ ਹਨ ਅਤੇ ਭਾਰ ਨੂੰ ਵਧਣ ਤੋਂ ਰੋਕਣ 'ਚ ਮਦਦ ਮਿਲਦੀ ਹੈ।

ਇਨ੍ਹਾਂ ਵਿੱਚੋਂ ਕੁਝ ਹਨ- ਸੈਕਰੀਨ, ਸੁਕਰਲੋਜ਼, ਐਸੀਸਲਫੇਮ ਕੇ ਅਤੇ ਐਸਪਾਰਟੇਮ। ਇਨ੍ਹਾਂ ਦੀਆਂ ਛੋਟੀਆਂ ਖੁਰਾਕਾਂ ਵੀ ਬਹੁਤ ਮਿੱਠੀਆਂ ਹੁੰਦੀਆਂ ਹਨ।

ਇਨ੍ਹਾਂ ਦਾ ਵਧੇਰੇ ਇਸਤੇਮਾਲ ਘੱਟ-ਕੈਲੋਰੀ ਵਾਲੇ ਠੰਡੇ (ਸਾਫਟ ਡਰਿੰਕਸ) ਅਤੇ ਸ਼ੂਗਰ-ਰਹਿਤ ਚੂਇੰਗ ਗਮ ਬਣਾਉਣ ਲਈ ਕੀਤਾ ਜਾਂਦਾ ਹੈ।

ਅਜਿਹੇ ਕੁਝ ਹੋਰ ਸਵੀਟਨਰ ਸੋਰਬਿਟੋਲ ਅਤੇ ਜ਼ਾਈਲੀਟੋਲ ਵੀ ਹਨ।

ਕੀ ਹਨ ਇਨ੍ਹਾਂ ਦੇ ਖ਼ਤਰੇ

ਡਬਲਿਯੂਐੱਚਓ ਦੀਆਂ ਇਹ ਹਦਾਇਤਾਂ, ਇੱਕ ਯੋਜਨਾਬੱਧ ਸਮੀਖਿਆ ਦੇ ਨਤੀਜਿਆਂ ਉੱਤੇ ਆਧਾਰਿਤ ਹਨ।

ਇਹ ਸਮੀਖਿਆ ਸੁਝਾਅ ਦਿੰਦੀ ਹੈ ਕਿ ਨੌਨ-ਸ਼ੂਗਰ ਸਵੀਟਰਨਜ਼ ਦੀ ਵਰਤੋਂ ਬਾਲਗਾਂ ਜਾਂ ਬੱਚਿਆਂ ਵਿੱਚ ਸਰੀਰ ਦੀ ਚਰਬੀ ਨੂੰ ਘਟਾਉਣ ਵਿੱਚ ਲੰਬੇ ਸਮੇਂ ਲਈ ਕੋਈ ਲਾਭ ਨਹੀਂ ਦਿੰਦੀ ਹੈ।

ਇਸ ਸਮੀਖਿਆ ਦੇ ਨਤੀਜੇ ਇਹ ਸੁਝਾਅ ਵੀ ਦਿੰਦੇ ਹਨ ਕਿ ਨੌਨ-ਸ਼ੂਗਰ ਸਵੀਟਰਨਜ਼ ਦੀ ਲੰਮੇ ਸਮੇਂ ਲਈ ਵਰਤੋਂ ਦੇ ਸੰਭਾਵੀ ਅਣਚਾਹੇ ਪ੍ਰਭਾਵ ਹੋ ਸਕਦੇ ਹਨ, ਜਿਵੇਂ ਕਿ ਟਾਈਪ 2 ਡਾਇਬਟੀਜ਼, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਬਾਲਗ਼ਾਂ ਵਿੱਚ ਮੌਤ ਦਰ ਦਾ ਜੋਖ਼ਮ ਵਧਣਾ ਆਦਿ।

ਕੀ ਕਹਿੰਦੀਆਂ ਹਨ ਹਦਾਇਤਾਂ

ਡਬਲਿਯੂਐੱਚਓ ਦੇ ਨਿਊਟਰੀਸ਼ਨ ਅਤੇ ਫੂਡ ਸੇਫ਼ਟੀ ਦੇ ਡਾਇਰੈਕਟਰ ਫ੍ਰਾਂਸਿਸਕੋ ਬ੍ਰਾਂਕਾ ਕਹਿੰਦੇ ਹਨ, "ਨੌਨ-ਸ਼ੂਗਰ ਸਵੀਟਰਨਜ਼ ਦੀ ਥਾਂ ਆਮ ਖੰਡ ਦੀ ਵਰਤੋਂ ਨਾਲ ਲੰਬੇ ਸਮੇਂ ਤੱਕ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਨਹੀਂ ਮਿਲਦੀ ਹੈ।"

ਉਹ ਕਹਿੰਦੇ ਹਨ, "ਲੋਕਾਂ ਨੂੰ ਆਮ ਖੰਡ ਦੀ ਮਾਤਰਾ ਨੂੰ ਘਟਾਉਣ ਦੇ ਹੋਰ ਤਰੀਕਿਆਂ 'ਤੇ ਵਿਚਾਰ ਕਰਨ ਦੀ ਲੋੜ ਹੈ। ਜਿਵੇਂ ਅਜਿਹੇ ਭੋਜਨ ਦਾ ਸੇਵਨ ਕਰਨਾ, ਜਿਸ ਵਿੱਚ ਮਿਠਾਸ ਕੁਦਰਤੀ ਤੌਰ 'ਤੇ ਮੌਜੂਦ ਹੋਵੇ ਅਤੇ ਫ਼ਲ ਜਾਂ ਬਿਨਾਂ ਮਿੱਠੇ ਵਾਲੇ ਖਾਣ ਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ।"

ਫ੍ਰਾਂਸਿਸਕੋ ਇਹ ਵੀ ਕਹਿੰਦੇ ਹਨ, "ਨੌਨ-ਸ਼ੂਗਰ ਸਵੀਟਰਨਜ਼ ਜ਼ਰੂਰੀ ਖ਼ੁਰਾਕ ਦੇ ਕਾਰਕ ਨਹੀਂ ਹਨ ਅਤੇ ਇਨ੍ਹਾਂ ਵਿੱਚ ਕੋਈ ਪੋਸ਼ਣ ਦੇ ਤੱਤ ਨਹੀਂ ਹੁੰਦੇ। ਲੋਕਾਂ ਨੂੰ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਹੀ ਖੁਰਾਕ ਵਿੱਚੋਂ ਮਿਠਾਸ ਨੂੰ ਪੂਰੀ ਤਰ੍ਹਾਂ ਘੱਟ ਕਰਨਾ ਚਾਹੀਦਾ ਹੈ।"

ਕਿਨ੍ਹਾਂ ਲੋਕਾਂ 'ਤੇ ਲਾਗੂ ਹੁੰਦੀਆਂ ਹਨ ਇਹ ਹਦਾਇਤਾਂ

ਸ਼ੂਗਰ ਦੀ ਬਿਮਾਰੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਛੱਡ ਕੇ ਵਿਸ਼ਵ ਸਿਹਤ ਸੰਗਠਨ ਦੀਆਂ ਇਹ ਹਦਾਇਤਾਂ ਬਾਕੀ ਸਭ ਲੋਕਾਂ ਉੱਤੇ ਲਾਗੂ ਹੁੰਦੀਆਂ ਹਨ।

ਇਸ ਵਿੱਚ ਸਾਰੇ ਸਿੰਥੈਟਿਕ ਅਤੇ ਕੁਦਰਤੀ ਤੌਰ ਉੱਤੇ ਪੈਦਾ ਹੋਣ ਵਾਲੇ ਜਾਂ ਸੋਧੇ ਗਏ ਗ਼ੈਰ-ਪੌਸ਼ਟਿਕ ਮਿੱਠੇ ਦੇ ਪਦਾਰਥ ਸ਼ਾਮਲ ਹਨ। ਜਿਨ੍ਹਾਂ ਡੱਬਾਬੰਦ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਨੌਨ-ਸ਼ੂਗਰ ਸਵੀਟਰਨਜ਼ ਹੁੰਦੇ ਹਨ, ਉਨ੍ਹਾਂ ਨੂੰ ਮਿੱਠੇ ਦੇ ਤੌਰ ’ਤੇ ਵਰਗੀਕ੍ਰਿਤ ਨਹੀਂ ਕੀਤਾ ਜਾਂਦਾ।

ਡਬਲਿਯੂਐੱਚਓ ਦੀਆਂ ਤਾਜ਼ਾ ਹਦਾਇਤਾਂ ਨੌਨ-ਸ਼ੂਗਰ ਸਵੀਟਰਨਜ਼ ਵਾਲੇ ਨਿੱਜੀ ਸੰਭਾਲ ਅਤੇ ਸਫ਼ਾਈ ਨਾਲ ਜੁੜੇ ਉਤਪਾਦਾਂ ਉੱਤੇ ਲਾਗੂ ਨਹੀਂ ਹੁੰਦੀਆਂ, ਜਿਵੇਂ ਕਿ ਟੂਥਪੇਸਟ, ਸਕਿਨ ਕ੍ਰੀਮ, ਦਵਾਈਆਂ ਜਾਂ ਘੱਟ ਕੈਲਰੀ ਵਾਲੇ ਮਿੱਠੇ ਅਤੇ ਸ਼ੂਗਰ -ਐਲਕੋਹਲ।

ਡਬਲਿਯੂਐੱਚਓ ਦੀ ਨੌਨ-ਸ਼ੂਗਰ ਸਵੀਟਰਨਜ਼ ਦੀ ਵਰਤੋਂ ਨਾ ਕਰਨ ਬਾਰੇ ਹਦਾਇਤਾਂ, ਸਿਹਤਮੰਦ ਖ਼ੁਰਾਕ ਬਾਰੇ ਮੌਜੂਦਾ ਅਤੇ ਆਗਾਮੀ ਦਿਸ਼ਾ-ਨਿਰਦੇਸ਼ਾਂ ਦਾ ਹਿੱਸਾ ਹਨ।

ਇਨ੍ਹਾਂ ਹਦਾਇਤਾਂ ਦਾ ਮਕਸਦ ਜ਼ਿੰਦਗੀ ਭਰ ਲਈ ਖਾਣ ਦੀਆਂ ਸਿਹਤਮੰਦ ਆਦਤਾਂ ਬਣਾਉਣਾ, ਖ਼ੁਰਾਕ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਦੁਨੀਆਂ ਭਰ ਵਿੱਚ ਅਛੂਤ ਦੀਆਂ ਬਿਮਾਰੀਆਂ ਦਾ ਖਤਰਾ ਘਟਾਉਣਾ ਹੈ ਤਾਂਕਿ ਅਧਿਐਨ ਦੇ ਨਤੀਜਿਆਂ ਨੂੰ ਵੱਖ-ਵੱਖ ਦੇਸ ਕਾਲ ਜਾਂ ਹਾਲਾਤਾਂ ਦੇ ਅਨੁਸਾਰ ਦੇਖਿਆ ਜਾਣਾ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)