ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਮੇਸ਼ਾ ਲਾਹੇਵੰਦ ਕਿਉਂ ਨਹੀਂ ਹੁੰਦਾ, ਬੁਰਸ਼ ਕਰਨ ਦਾ ਸਹੀ ਤਰੀਕਾ ਕੀ ਹੈ?

ਤਸਵੀਰ ਸਰੋਤ, Getty Images
- ਲੇਖਕ, ਯਾਸਮੀਨ ਰੂਫੋ
- ਰੋਲ, ਬੀਬੀਸੀ ਨਿਊਜ਼
ਅਸੀਂ ਸਾਰੇ ਸੋਚਦੇ ਹਾਂ ਕਿ ਅਸੀਂ ਜਾਣਦੇ ਹਾਂ ਕਿ ਆਪਣੇ ਦੰਦਾਂ ਨੂੰ ਕਿਵੇਂ ਬੁਰਸ਼ ਕਰਨਾ ਹੈ, ਸਵੇਰੇ ਅਤੇ ਰਾਤੀਂ ਬੁਰਸ਼ ਕਰਨਾ ਹੈ, ਪਾਣੀ ਨਾਲ ਕੁਰਲੀ ਕਰਨਾ ਅਤੇ ਸ਼ਾਇਦ ਚੰਗੇ ਨਤੀਜੇ ਲਈ ਪੁਦੀਨੇ ਵਾਲਾ ਮਾਊਥਵਾਸ਼ ਵਰਤਣਾ।
ਪਰ ਦੰਦਾਂ ਦੇ ਮਾਹਰਾਂ ਦੇ ਅਨੁਸਾਰ ਸਭ ਤੋਂ ਵਧੀਆ ਬੁਰਸ਼ ਕਰਨ ਵਾਲੇ ਵੀ ਕੁਝ ਗ਼ਲਤੀਆਂ ਕਰ ਰਹੇ ਹੋਣਗੇ ਜੋ ਉਨ੍ਹਾਂ ਦੇ ਚੰਗੇ ਕੰਮ 'ਤੇ ਪਾਣੀ ਫੇਰ ਸਕਦੀਆਂ ਹਨ।
ਬਰਮਿੰਘਮ ਯੂਨੀਵਰਸਿਟੀ ਦੇ ਦੰਦਾਂ ਦੇ ਸਕੂਲ ਤੋਂ ਡਾ. ਪ੍ਰਵੀਨ ਸ਼ਰਮਾ ਕਹਿੰਦੇ ਹਨ ਕਿ ਯੂਕੇ ਵਿੱਚ ਅੱਧੇ ਬਾਲਗਾਂ ਨੂੰ ਕਿਸੇ ਸਮੇਂ ਮਸੂੜਿਆਂ ਦੀ ਬਿਮਾਰੀ ਹੋਵੇਗੀ ਅਤੇ ਇੱਕ ਸ਼ੁਰੂਆਤੀ ਨਿਸ਼ਾਨੀ ਮਸੂੜਿਆਂ ਵਿੱਚੋਂ ਖੂਨ ਵਗਣਾ ਹੈ।
ਉਹ ਆਖਦੇ ਹਨ, "ਜੇਕਰ ਤੁਹਾਡੇ ਮਸੂੜਿਆਂ ਵਿੱਚੋਂ ਖੂਨ ਵਗ ਰਿਹਾ ਹੈ ਜਾਂ ਸੋਜਿਸ਼ ਆ ਰਹੀ ਹੈ ਤਾਂ ਇਹ ਇੱਕ ਸੰਕੇਤ ਹੈ ਕਿ ਤੁਹਾਨੂੰ ਬਿਹਤਰ ਢੰਗ ਨਾਲ ਬੁਰਸ਼ ਕਰਨ ਦੀ ਲੋੜ ਹੈ।"
ਦੰਦਾਂ ਦੇ ਡਾਕਟਰ ਨੂੰ ਸਮੇਂ-ਸਮੇਂ 'ਤੇ ਦਿਖਾਉਣ ਦੇ ਨਾਲ-ਨਾਲ ਡਾ. ਪ੍ਰਵੀਨ, ਬੀਬੀਸੀ ਦੇ ਵਟਸ ਅੱਪ ਡੌਕਸ ਪੋਡਕਾਸਟ ਹੋਸਟ ਡਾ. ਜ਼ੈਂਡ ਅਤੇ ਡਾ. ਕ੍ਰਿਸ ਵੈਨ ਟੁਲਕੇਨ ਇੱਥੇ ਚਾਰ ਗੱਲਾਂ ਦੱਸਦੇ ਹਨ।
ਉਨ੍ਹਾਂ ਮੁਤਾਬਕ, ਸਾਡੇ ਵਿੱਚੋਂ ਬਹੁਤ ਸਾਰੇ ਇਸ ਸਮੇਂ ਗ਼ਲਤ ਤਰੀਕਾ ਅਪਣਾ ਰਹੇ ਹਨ, ਜੇਕਰ ਅਸੀਂ ਇਸ ਨੂੰ ਬਦਲਦੇ ਹਾਂ ਤਾਂ ਸਾਡੇ ਦੰਦਾਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ।

ਤਸਵੀਰ ਸਰੋਤ, Getty Images
1. ਇੱਕ ਵਾਰ ਚੰਗੀ ਤਰ੍ਹਾਂ ਬੁਰਸ਼ ਕਰਨਾ ਦੋ ਵਾਰ ਜਲਦੀ ਕਰਨ ਨਾਲੋਂ ਬਿਹਤਰ
ਇਹ ਦੰਦਾਂ ਦੇ ਬਿਹਤਰ ਹੁਕਮਾਂ ਵਿੱਚੋਂ ਇੱਕ ਹੈ, ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਅਤੇ ਇਹੀ ਐੱਨਐੱਚਐੱਸ ਸਿਫ਼ਾਰਸ਼ ਵੀ ਕਰਦਾ ਹੈ।
ਪਰ ਡਾ. ਸ਼ਰਮਾ ਕਹਿੰਦੇ ਹਨ ਕਿ ਅਸਲ ਕੁੰਜੀ ਗੁਣਵੱਤਾ ਹੈ, ਮਾਤਰਾ ਨਹੀਂ।
ਉਹ ਕਹਿੰਦੇ ਹਨ, "ਜੇਕਰ ਤੁਸੀਂ ਸਮਾਂ ਲੱਭ ਸਕਦੇ ਹੋ, ਤਾਂ ਹਾਂ, ਦਿਨ ਵਿੱਚ ਦੋ ਵਾਰ ਸਹੀ ਢੰਗ ਨਾਲ ਬੁਰਸ਼ ਕਰੋ। ਪਰ ਇਹ ਦਿਨ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਅਤੇ ਦੋ ਮਿੰਟਾਂ ਲਈ ਕਰਨਾ ਬਿਹਤਰ ਹੈ।
ਜੇਕਰ ਤੁਹਾਡੇ ਕੋਲ ਦਿਨ ਵਿੱਚ ਇੱਕ ਵਾਰ ਹੀ ਬੁਰਸ਼ ਕਰਨ ਅਤੇ ਫਲਾਸ ਕਰਨ ਦਾ ਸਮਾਂ ਹੈ ਤਾਂ ਉਹ ਇਸ ਨੂੰ ਸ਼ਾਮ ਨੂੰ ਕਰਨ ਦੀ ਸਿਫਾਰਸ਼ ਕਰਦੇ ਹਨ।
ਬੇਸ਼ੱਕ, ਕਿਸੇ ਨੂੰ ਵੀ ਫਲੌਸਿੰਗ ਪਸੰਦ ਨਹੀਂ ਹੈ, ਪਰ ਡਾ. ਸ਼ਰਮਾ ਕਹਿੰਦੇ ਹਨ ਕਿ ਇੰਟਰਡੈਂਟਲ ਬੁਰਸ਼ ਦੀ ਵਰਤੋਂ ਕਰਨਾ ਆਸਾਨ ਅਤੇ ਘੱਟ ਦਰਦਨਾਕ ਹੋ ਸਕਦਾ ਹੈ।
ਜਦੋਂ ਵਿਧੀ ਦੀ ਗੱਲ ਆਉਂਦੀ ਹੈ, ਤਾਂ ਹਰੇਕ ਦੰਦ ਦੀ ਇੱਕ ਬਾਹਰੀ, ਕੱਟਣ ਵਾਲੀ ਅਤੇ ਅੰਦਰੂਨੀ ਸਤ੍ਹਾ ਹੁੰਦੀ ਹੈ ਅਤੇ ਤਿੰਨਾਂ ਨੂੰ ਬੁਰਸ਼ ਕਰਨ ਦੀ ਲੋੜ ਹੁੰਦੀ ਹੈ।
ਡਾ. ਸ਼ਰਮਾ ਬਹੁਤ ਜ਼ਿਆਦਾ ਦਬਾਅ ਪਾਏ ਬਿਨਾਂ ਹਰੇਕ ਸਤ੍ਹਾ 'ਤੇ ਹੌਲੀ-ਹੌਲੀ ਘੁਮਾ ਕੇ ਬੁਰਸ਼ ਕਰਨ ਦੀ ਸਲਾਹ ਦਿੰਦੇ ਹਨ। ਉਹ ਦੰਦ ਅਤੇ ਮਸੂੜਿਆਂ ਦੇ ਵਿਚਕਾਰ ਜੰਕਸ਼ਨ ਵੱਲ ਖ਼ਾਸ ਧਿਆਨ ਦੇਣ ਲਈ ਵੀ ਕਹਿੰਦੇ ਹਨ ਕਿਉਂਕਿ ਇਹੀ ਥਾਂ ਹੈ ਜਿੱਥੇ ਮਸੂੜਿਆਂ ਦੀ ਬਿਮਾਰੀ ਹੋ ਸਕਦੀ ਹੈ।
ਡਾ. ਜ਼ੈਂਡ ਕਹਿੰਦੇ ਹਨ ਕਿ "ਬ੍ਰਿਸਟਲਾਂ ਦੀ ਸੰਵੇਦਨਾ 'ਤੇ ਧਿਆਨ ਕੇਂਦਰਿਤ ਕਰਨਾ" ਅਤੇ ਦੰਦਾਂ ਨੂੰ ਬੁਰਸ਼ ਕਰਨ ਨੂੰ ਧਿਆਨ ਨਾਲ ਦੇਖਣਾ ਮਹੱਤਵਪੂਰਨ ਹੈ, ਉਸ ਵੇਲੇ ਹੋਰ ਕੰਮ ਜਾਂ ਫੋਨ ਨਹੀਂ ਦੇਖਣਾ ਚਾਹੀਦਾ।

2. ਨਾਸ਼ਤੇ ਤੋਂ ਪਹਿਲਾਂ ਬੁਰਸ਼ ਕਰੋ, ਬਾਅਦ 'ਚ ਨਹੀਂ
ਬਹੁਤ ਸਾਰੇ ਲੋਕ ਖਾਣ ਤੋਂ ਤੁਰੰਤ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਕਰਦੇ ਹਨ, ਪਰ ਇਹ ਤੁਹਾਡੇ ਇਨੈਮਲ ਨੂੰ ਕੋਈ ਲਾਭ ਨਹੀਂ ਦੇ ਰਿਹਾ ਹੋ ਸਕਦਾ ਹੈ।
ਡਾ. ਸ਼ਰਮਾ ਕਹਿੰਦੇ ਹਨ, "ਆਦਰਸ਼ਕ ਤੌਰ 'ਤੇ ਨਾਸ਼ਤੇ ਤੋਂ ਪਹਿਲਾਂ ਬੁਰਸ਼ ਕਰੋ। ਕਿਸੇ ਤੇਜ਼ਾਬੀ ਚੀਜ਼ ਤੋਂ ਬਾਅਦ ਅਜਿਹਾ ਨਹੀਂ ਕਰਨਾ ਚਾਹੀਦਾ।"
"ਜੇਕਰ ਤੁਸੀਂ ਖਾਣ ਤੋਂ ਬਾਅਦ ਬੁਰਸ਼ ਕਰਦੇ ਹੋ, ਤਾਂ ਤੁਹਾਨੂੰ ਖਾਣ ਅਤੇ ਬੁਰਸ਼ ਕਰਨ ਦੇ ਵਿਚਕਾਰ ਕੁਝ ਸਮਾਂ ਛੱਡਣ ਦੀ ਜ਼ਰੂਰਤ ਹੈ।"
ਇਹ ਇਸ ਲਈ ਹੈ ਕਿਉਂਕਿ ਭੋਜਨ ਅਤੇ ਪੀਣ ਵਾਲੇ ਪਦਾਰਥਾਂ, ਖ਼ਾਸ ਕਰਕੇ ਫਲਾਂ ਦੇ ਜੂਸ ਜਾਂ ਕੌਫੀ ਤੋਂ ਐਸਿਡ, ਦੰਦਾਂ ਦੀ ਪਰਤ (ਇਨੈਮਲ) ਨੂੰ ਨਰਮ ਕਰ ਸਕਦੇ ਹਨ ਅਤੇ ਬਹੁਤ ਜਲਦੀ ਬੁਰਸ਼ ਕਰਨ ਨਾਲ ਇਹ ਖ਼ਰਾਬ ਹੋ ਸਕਦੀ ਹੈ।
ਡਾ. ਕ੍ਰਿਸ ਸੁਝਾਅ ਦਿੰਦੇ ਹਨ ਕਿ ਖਾਣ ਤੋਂ ਬਾਅਦ ਪਾਣੀ ਨਾਲ ਕੁਰਲੀ ਕਰੋ ਤਾਂ ਜੋ ਕੁਝ ਐਸਿਡ ਤੋਂ ਛੁਟਕਾਰਾ ਪਾਇਆ ਜਾ ਸਕੇ ਅਤੇ ਫਿਰ ਜੇਕਰ ਤੁਸੀਂ ਨਾਸ਼ਤੇ ਤੋਂ ਬਾਅਦ ਬੁਰਸ਼ ਕਰ ਰਹੇ ਹੋ ਤਾਂ ਘੱਟੋ ਘੱਟ 30 ਮਿੰਟ ਦੀ ਉਡੀਕ ਕਰੋ।
3. ਬੁਰਸ਼ ਕਰਨ ਤੋਂ ਬਾਅਦ ਕੁਰਲੀ ਨਾ ਕਰੋ

ਤਸਵੀਰ ਸਰੋਤ, Getty Images
ਜੇਕਰ ਤੁਸੀਂ ਹਰ ਬੁਰਸ਼ ਤੋਂ ਬਾਅਦ ਥੁੱਕਦੇ, ਕੁਰਲੀ ਕਰਦੇ ਅਤੇ ਗਰਾਰੇ ਕਰਦੇ ਰਹੇ ਹੋ, ਤਾਂ ਤੁਸੀਂ ਉਸ ਆਖ਼ਰੀ ਕਦਮ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ।
ਡਾ. ਸ਼ਰਮਾ ਸਲਾਹ ਦਿੰਦੇ ਹਨ, "ਤੁਸੀਂ ਥੁੱਕੋ ਪਰ ਪਾਣੀ ਨਾਲ ਕੁਰਲੀ ਨਾ ਕਰੋ। ਕੁਰਲੀ ਕਰਨ ਨਾਲ ਬਾਕੀ ਬਚੇ ਟੂਥਪੇਸਟ ਵਿੱਚ ਸੰਘਣਾ ਫਲੋਰਾਈਡ ਧੋਤਾ ਜਾਂਦਾ ਹੈ।"
ਇਸ ਦਾ ਮਤਲਬ ਹੈ ਕਿ ਸਿਰਫ਼ ਵਾਧੂ ਟੂਥਪੇਸਟ ਨੂੰ ਥੁੱਕਣਾ ਚਾਹੀਦਾ ਹੈ ਅਤੇ ਫਲੋਰਾਈਡ ਦੀ ਪਤਲੀ ਪਰਤ ਨੂੰ ਪਿੱਛੇ ਛੱਡਣਾ ਚਾਹੀਦਾ ਹੈ ਤਾਂ ਜੋ ਆਪਣੇ ਦੰਦਾਂ ਦੀ ਰੱਖਿਆ ਜਾਰੀ ਰੱਖੀ ਜਾ ਸਕੇ।
ਜੇ ਤੁਸੀਂ ਬੁਰਸ਼ ਕਰਨ ਤੋਂ ਬਾਅਦ ਕੁਰਲੀ ਕਰਨਾ ਚਾਹੁੰਦੇ ਹੋ, ਤਾਂ ਮਾਊਥਵਾਸ਼ ਦੀ ਵਰਤੋਂ ਕਰੋ।
4. ਸਿਰਫ਼ ਮਹਿੰਗਾ ਟੂਥਪੇਸਟ ਬਿਹਤਰ ਨਹੀਂ ਹੁੰਦਾ

ਤਸਵੀਰ ਸਰੋਤ, Getty Images
ਚਿੱਟਾ ਕਰਨ, ਚਾਰਕੋਲ ਅਤੇ ਇਨੇਮਲ ਬੂਸਟਿੰਗ ਪੇਸਟਾਂ ਨਾਲ ਭਰੀਆਂ ਸ਼ੈਲਫਾਂ ਦੇ ਨਾਲ ਇਹ ਮੰਨਣਾ ਆਸਾਨ ਹੈ ਕਿ ਮਹਿੰਗੇ ਬਦਲ ਤੁਹਾਨੂੰ ਇੱਕ ਸਿਹਤਮੰਦ ਮੁਸਕਰਾਹਟ ਦੇਣਗੇ।
ਪਰ ਡਾ. ਸ਼ਰਮਾ ਦੇ ਅਨੁਸਾਰ, ਇਹ ਅਸਲ ਵਿੱਚ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਹੜਾ ਬ੍ਰਾਂਡ ਚੁਣਦੇ ਹੋ, ਜਿੰਨਾ ਚਿਰ ਇਸ ਵਿੱਚ ਇੱਕ ਮੁੱਖ ਸਮੱਗਰੀ ਨਹੀਂ ਹੁੰਦੀ।
ਉਹ ਕਹਿੰਦੇ ਹਨ, "ਜਿੰਨਾ ਚਿਰ ਤੁਹਾਡੇ ਟੂਥਪੇਸਟ ਵਿੱਚ ਫਲੋਰਾਈਡ ਹੁੰਦਾ ਹੈ, ਇਸ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ ਹੈ।"
ਉਹ ਅੱਗੇ ਕਹਿੰਦੇ ਹਨ ਕਿ ਜੋ ਵੀ ਸਸਤਾ ਜਾਂ ਆਫਰ ਵਿੱਚ ਹੁੰਦਾ ਹੈ ਉਸ ਨੂੰ ਖਰੀਦਣ ਦਾ ਰੁਝਾਨ ਰਹਿੰਦਾ ਹੈ।
ਫਲੋਰਾਈਡ ਦੰਦਾਂ ਦੀ ਪਰਤ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ ਤੇ ਸੜਨ ਤੋਂ ਰੋਕਦਾ ਹੈ ਅਤੇ ਅਸਲ ਵਿੱਚ ਇਹੀ ਮਾਇਨੇ ਰੱਖਦਾ ਹੈ।
ਹਾਲਾਂਕਿ, ਜੇਕਰ ਤੁਸੀਂ ਸੰਵੇਦਨਸ਼ੀਲ ਮਸੂੜਿਆਂ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਤੁਹਾਡਾ ਦੰਦਾਂ ਦਾ ਡਾਕਟਰ ਖ਼ਾਸ ਟੁੱਥਪੇਸਟਾਂ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕਰ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












