ਕੈਨੇਡਾ: ਬੱਸ ਵਿੱਚ ਸਿੱਖ ਵਿਦਿਆਰਥੀ ਉੱਤੇ ਹਮਲੇ ਦਾ ਕੀ ਹੈ ਪੂਰਾ ਮਾਮਲਾ, ਹੁਣ ਤੱਕ ਕੀ ਕਾਰਵਾਈ ਹੋਈ

ਕੈਨੇਡਾ
ਤਸਵੀਰ ਕੈਪਸ਼ਨ, ਕੇਲੋਨਾ ਦੀ ਇਕ ਬੱਸ 'ਚ ਸਿੱਖ ਵਿਦਿਆਰਥੀ ਨਾਲ ਬਦਸਲੂਕੀ ਦੀ ਘਟਨਾ ਸਾਹਮਣੇ ਆਈ ਸੀ। (ਫਾਈਲ ਫੋਟੋ)

ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਇੱਕ ਸਿੱਖ ਨੌਜਵਾਨ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।

ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿੱਚ ਕਿਹਾ ਹੈ, "ਅਸੀਂ ਕੇਲੋਨਾ ਵਿੱਚ ਇੱਕ ਭਾਰਤੀ ਉੱਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਕੈਨੇਡਾ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਫੜਨ ਲਈ ਬੇਨਤੀ ਕਰਦੇ ਹਾਂ।"

ਇਸੇ ਦੌਰਾਨ ਕਾਂਗਰਸ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕੈਨੇਡਾ ਵਿੱਚ ਵਿਦਿਆਰਥੀ ਉੱਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਮਸਲੇ ਨੂੰ ਮੋਦੀ ਸਰਕਾਰ ਨੂੰ ਜਸਟਿਨ ਟਰੂਡੋ ਸਰਕਾਰ ਨਾਲ ਚੁੱਕਣ ਲਈ ਕਿਹਾ ਹੈ।

ਖੇੜਾ ਨੇ ਕਿਹਾ, ''ਪਿਛਲ਼ੇ ਸਮੇਂ ਦੌਰਾਨ ਕੈਨੇਡਾ ਵਿੱਚ ਸਾਡੇ ਲੋਕਾਂ ਪ੍ਰਤੀ ਅਸਹਿਣਸ਼ੀਲਤਾ ਵਧੀ ਹੈ।''

ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਕੇਲੋਨਾ ਦੀ ਇਕ ਬੱਸ 'ਚ ਸਿੱਖ ਵਿਦਿਆਰਥੀ ਨਾਲ ਬਦਸਲੂਕੀ ਦੀ ਘਟਨਾ ਸਾਹਮਣੇ ਆਈ ਸੀ।

ਕੈਨੇਡਾ

ਤਸਵੀਰ ਸਰੋਤ, Twitter

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਸੰਸਥਾ ਮੁਤਾਬਕ ਸਕੂਲ ਤੋਂ ਵਾਪਸ ਆਉਂਦੇ ਸਮੇਂ ਬੱਸ 'ਚ ਸਿੱਖ ਵਿਦਿਆਰਥੀ 'ਤੇ ਹਮਲਾ ਕੀਤਾ ਗਿਆ ਸੀ।

ਇਹ ਵਿਦਿਆਰਥੀ ਹਾਲ ਹੀ ਵਿੱਚ ਕੈਨੇਡਾ ਆਇਆ ਸੀ ਅਤੇ ਇਸ ਘਟਨਾ ਤੋਂ ਉਸ ਨੂੰ ਬਹੁਤ ਸਦਮਾ ਲੱਗਿਆ।

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕੀ ਹੈ ਮਾਮਲਾ ?

ਖ਼ਬਰ ਏਜੰਸੀ ਪੀਟੀਆਈ ਨੇ ਸੀਟੀਵੀ ਨਿਊਜ਼ ਦੇ ਹਵਾਲੇ ਨਾਲ ਰਿਪੋਰਟ ਕੀਤਾ ਹੈ ਕਿ ਇਹ ਮਾਮਲਾ ਸੋਮਵਾਰ ਦਾ ਹੈ।

ਇਹ ਘਟਨਾ ਕੇਲੋਨਾ ਵਿੱਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਇੰਟਰਸੈਕਸ਼ਨ 'ਤੇ ਵਾਪਰੀ ਜਿੱਥੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਕਥਿਤ ਤੌਰ 'ਤੇ "ਲੱਤਾਂ ਤੇ ਮੁੱਕੇ ਮਾਰੇ ਗਏ ਅਤੇ ਕਾਲੀਆਂ ਮਿਰਚਾਂ ਸੁੱਟੀਆਂ ਗਈਆਂ।

ਕੈਨੇਡਾ

ਤਸਵੀਰ ਸਰੋਤ, Getty Images

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, "ਅਧਿਕਾਰੀਆਂ ਨੇ ਪਾਇਆ ਕਿ ਇੱਕ 17 ਸਾਲਾ ਸਿੱਖ ਵਿਦਿਆਰਥੀ ਜਦੋਂ ਘਰ ਜਾ ਰਿਹਾ ਸੀ ਤਾਂ ਬੱਸ ’ਚੋਂ ਬਾਹਰ ਨਿਕਲਣ ਸਮੇਂ ਉਸ ਉਪਰ ਕਿਸੇ ਨੌਜਵਾਨ ਨੇ ਬੀਅਰ ਜਾਂ ਕਾਲੀਆਂ ਮਿਰਚਾਂ ਦੇ ਪਾਊਡਰ ਦਾ ਛਿੜਕਾਅ ਕੀਤਾ।"

ਪੁਲਿਸ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਬੱਸ ਵਿੱਚ "ਇੱਕ ਝਗੜਾ" ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਝਗੜਾ ਕਰਨ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਹਾਲਾਂਕਿ, ਪੁਲਿਸ ਨੇ ਝਗੜੇ ਬਾਰੇ ਹੋਰ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ।

ਕੈਨੇਡਾ

ਕੈਨੇਡਾ ਅਤੇ ਭਾਰਤੀ ਵਿਦਿਆਰਥੀਆਂ ਬਾਰੇ ਖਾਸ ਗੱਲਾਂ:

  • ਕੈਨੇਡਾ ਵਿੱਚ ਇੱਕ 17 ਸਾਲਾਂ ਸਿੱਖ ਵਿਦਿਆਰਥੀ ’ਤੇ ਹਮਲਾ ਹੋਇਆ ਹੈ
  • ਭਾਰਤ ਨੇ ਇਸ ਦੀ ਨਿੰਦਾ ਕੀਤੀ ਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ
  • ਕੈਨੇਡਾ ਵਿੱਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ
  • ਹਾਲਾਂਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਅਮਰੀਕਾ ਗਏ ਹਨ
ਕੈਨੇਡਾ
ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਅਧਿਕਾਰੀ ਮਾਈਕਲ ਗੌਥੀਅਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਸ਼ੱਕੀ ਵਿਅਕਤੀ ਹਮਲੇ ਦੌਰਾਨ ਪੀੜਤ ਉੱਤੇ ਹਮਲਾ ਕਰਦਾ ਹੈ ਅਤੇ ਛਿੜਕਾਅ ਕਰਦਾ ਹੈ।

ਹਮਲਾ ਕਰਨ ਵਾਲਾ ‘ਗ੍ਰਿਫ਼ਤਾਰ’

ਟੋਰਾਂਟੋ ਸਟਾਰ ਨਿਊਜ਼ ਨੇ ‘ਦਿ ਕਨੇਡੀਆਨ ਪ੍ਰੈਸ’ ਦੇ ਹਵਾਲੇ ਨਾਲ ਲਿਖਿਆ ਹੈ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਸਿੱਖ ਵਿਦਿਆਰਥੀ ’ਤੇ ਹਮਲੇ ਦੇ ਕੇਸ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਧਿਕਾਰੀ ਮਾਈਕਲ ਗੌਥੀਅਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਸ਼ੱਕੀ ਵਿਅਕਤੀ ਹਮਲੇ ਦੌਰਾਨ ਪੀੜਤ ਉੱਤੇ ਹਮਲਾ ਕਰਦਾ ਹੈ ਅਤੇ ਕੁਝ ਛਿੜਕਾਅ ਕਰਦਾ ਹੈ।

ਗੌਥੀਅਰ ਦਾ ਕਹਿਣਾ ਹੈ ਕਿ ਸ਼ੱਕੀ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਹਮਲੇ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਸਾਲ ਕੇਲੋਨਾ ਵਿੱਚ ਬੱਸ ਵਿੱਚ ਸਵਾਰ ਸਿੱਖ ਵਿਦਿਆਰਥੀ ਉੱਤੇ ਇਹ ਦੂਸਰਾ ਕਥਿਤ ਹਮਲਾ ਹੈ। ਇਸ ਘਟਨਾ ਤੋਂ ਉਹ ਬਹੁਤ ਚਿੰਤਤ ਹਨ।

ਕੇਲੋਨਾ ਆਰਸੀਐੱਮਪੀ ਨੇ ਕਿਹਾ ਕਿ ਮਾਰਚ ਵਿੱਚ ਇੱਕ ਸਿੱਖ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਬੱਸ ਤੋਂ ਉਤਰਦੇ ਹੀ ਪਿੱਛੇ ਤੋਂ ਮਾਰਿਆ ਗਿਆ ਸੀ। ਇਸ ਮਾਮਲੇ ਵਿੱਚ ਹੇਟ ਕ੍ਰਾਈਮ ਤਹਿਤ ਜਾਂਚ ਦੀ ਸਲਾਹ ਦਿੱਤੀ ਗਈ ਸੀ।

ਗੌਥੀਅਰ ਨੇ ਕਿਹਾ ਕਿ ਤਾਜ਼ਾ ਘਟਨਾ ਦੀ ਜਾਂਚ ਕਰ ਰਹੇ ਜਾਂਚਕਰਤਾਵਾਂ ਨੇ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਲਈ ਮੁੱਢਲੀ ਰਿਪੋਰਟ ਤਿਆਰ ਕਰ ਲਈ ਹੈ। ਨੌਜਵਾਨ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ ਜਾਣਗੇ।

ਕੈਨੇਡਾ

ਤਸਵੀਰ ਸਰੋਤ, Getty Images

ਵਿਦੇਸ਼ਾਂ ਵਿੱਚ ਕਿੰਨੇ ਭਾਰਤੀ ਵਿਦਿਆਰਥੀ

ਭਾਰਤ ਸਰਕਾਰ ਵੱਲੋਂ ਲੋਕ ਸਭਾ ਵਿੱਚ ਉੱਚੇਰੀ ਸਿੱਖਿਆ ਲਈ ਵਿਦੇਸ਼ਾਂ ਵਿੱਚ ਪੜਨ ਗਏ ਵਿਦਿਆਰਥੀਆਂ ਦੀ ਗਿਣਤੀ ਬਾਰੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ।

ਹਾਲਾਂਕਿ, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਮਰੀਕਾ ਗਏ ਹਨ।

27 ਮਾਰਚ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਵਿਭਾਗ ਨੇ ਦੱਸਿਆ ਕਿ 7 ਲੱਖ 50 ਹਜਾਰ 365 ਵਿਦਿਆਰਥੀ ਸਾਲ 2022 ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਪੜਾਈ ਕਰਨ ਗਏ ਸਨ।

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਸ ਦੌਰਾਨ ਸਾਲ 2022 ਦੌਰਾਨ ਅਮਰੀਕਾ ਵਿੱਚ 1 ਲੱਖ 90 ਹਜਾਰ 512 ਵਿਦਿਆਰਥੀ ਗਏ ਸਨ। ਜਦਕਿ ਸਾਲ 2021 ਵਿੱਚ 1 ਲੱਖ 25 ਹਜਾਰ 115 ਅਤੇ 2020 ਵਿੱਚ 62 ਹਜਾਰ 415 ਭਾਰਤੀ ਵਿਦਿਆਰਥੀ ਅਮਰੀਕਾ ਗਏ।

ਦੂਜੇ ਪਾਸੇ ਸਾਲ 2022 ਵਿੱਚ 1 ਲੱਖ 85 ਹਜਾਰ 955 ਵਿਦਿਆਰਥੀ ਕੈਨੇਡਾ ਗਏ। ਇਸ ਤੋਂ ਪਹਿਲਾਂ ਸਾਲ 2021 ਵਿੱਚ 1 ਲੱਖ 2 ਹਜਾਰ 688 ਅਤੇ ਸਾਲ 2020 ਵਿੱਚ 43 ਹਜਾਰ 624 ਭਾਰਤੀ ਵਿਦਿਆਰਥੀ ਕੈਨੇਡਾ ਗਏ ਸਨ।

ਅੰਕੜਿਆਂ ਤੋਂ ਕੈਨੇਡਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਜਾਪਦਾ ਹੈ ਪਰ ਕੈਨੇਡਾ ਵਿੱਚ 150 ਤੋਂ 200 ਦੇ ਕਰੀਬ ਵਿਦਿਆਰਥੀ ਕਿਸੇ ਸਮੇਂ ਵੀ ਬਾਹਰ ਕੱਢੇ ਜਾਣ ਦੇ ਡਰ ਹੇਠ ਜੀਅ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)