ਖੰਡ ਦੇ ਸਸਤੇ ਤੇ ਸਿਹਤਮੰਦ ਬਦਲ ਕੀ ਹੋ ਸਕਦੇ ਹਨ?

    • ਲੇਖਕ, ਜ਼ੋ ਕਾਰਬਿਨ, ਬੀਬੀਸੀ ਪੱਤਰਕਾਰ
    • ਰੋਲ, ਸੇਨ ਫ੍ਰੈਂਸਿਸਕੋ

ਚਿੱਟੇ ਰੰਗ ਦੇ ਦਾਣੇਦਾਰ ਪਾਊਡਰ ਏਲਯੁਲੋਜ਼ ਨੂੰ ਲੈ ਕੇ ਜ਼ਿਵ ਜ਼ਿਵਗਾਫ਼ਤ ਕਹਿੰਦੇ ਹਨ, ‘‘ਸਾਨੂੰ ਲੱਗਦਾ ਹੈ ਕਿ ਇਹ ਉਹ ਪਵਿੱਤਰ ਪਿਆਲਾ ਹੈ, ਜੋ ਸ਼ੁਗਰ ਯਾਨੀ ਖੰਡ ਦੀ ਥਾਂ ਲਵੇਗਾ।’’

ਏਲਯੁਲੋਜ਼ ਵਿੱਚ ਖੰਡ ਦੇ ਮੁਕਾਬਲੇ 70 ਫੀਸਦੀ ਮਿਠਾਸ ਹੁੰਦੀ ਹੈ, ਪਰ ਕੈਲਰੀ ਬਹੁਤ ਹੀ ਘੱਟ ਹੁੰਦੀ ਹੈ। ਐਨੀਂ ਘੱਟ ਕਿ ਸ਼ਰੀਰ ਦੇ ਸ਼ੁਗਰ ਲੈਵਲ, ਜਿਸ ਨੂੰ ਗਲਾਇਸੇਮਿਕ ਇੰਡੈਕਸ ਨਾਲ ਮਾਪਿਆ ਜਾਂਦਾ ਹੈ, ਉਸ ਉੱਤੇ ਬਹੁਤ ਹੀ ਘੱਟ ਅਸਰ ਪੈਂਦਾ ਹੈ।

ਕੁਦਰਤੀ ਰੂਪ ਵਿੱਚ ਏਲਯੁਲੋਜ਼ ਬਹੁਤ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਅੰਜੀਰ ਅਤੇ ਸੋਗੀ ਵਿੱਚ ਹੁੰਦਾ ਹੈ।

ਏਲਯੁਲੋਜ਼ ਨੂੰ ਪਹਿਲੀ ਵਾਰ ਲਗਭਗ ਇੱਕ ਦਹਾਕੇ ਪਹਿਲਾਂ ਅਮਰੀਕਾ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਇਸ ਕਥਿਤ ਦੁਰਲਭ ਸ਼ੁਗਰ ਨੂੰ ਵੱਡੇ ਪੱਧਰ ਉੱਤੇ ਫ੍ਰਕਟੋਜ਼ (ਫਲਾਂ ਵਿੱਚ ਪਾਈ ਜਾਣ ਵਾਲੀ ਸ਼ੁਗਰ) ਨਾਲ ਤਿਆਰ ਕੀਤਾ ਜਾਂਦਾ ਹੈ।

ਪਰ ਇਸ ਨੂੰ ਕਈ ਮਾਮਲਿਆਂ ਵਿੱਚ ਖੰਡ ਨਾਲੋਂ ਬਿਹਤਰ ਵਿਕਲਪ ਮੰਨਿਆ ਜਾਂਦਾ ਹੈ। ਜਿਵੇਂ ਕਿ ਇਸ ਦਾ ਸਵਾਦ ਖੰਡ ਵਰਗਾ ਹੀ ਹੈ।

ਇਜ਼ਰਾਈਲੀ ਸਟਾਰਟ ਅੱਪ ਐਮਬ੍ਰੋਸੀਆ ਬਾਓ ਦੇ ਡਾਕਟਰ ਜ਼ਿਵਗਾਫਤ ਨੇ ਇਸ ਨੂੰ ਘੱਟ ਕੀਮਤ ਵਿੱਚ ਤਿਆਰ ਕਰਨ ਦਾ ਤਰੀਕਾ ਲੱਭਿਆ ਹੈ।

ਉਹ ਇੱਕ ਜੇਨੇਟਿਕਲੀ ਮੌਡੀਫਾਈ ਕੀਤੇ ਗਏ ਏਂਜ਼ਾਇਮ ਦੀ ਮਦਦ ਨਾਲ ਇਸ ਨੂੰ ਤਿਆਰ ਕਰ ਰਹੇ ਹਨ। ਇਸ ਦੇ ਲਈ ਉਹ ਖੰਡ ਜਾਂ ਕੌਰਨ ਸਿਰਪ ਇਸਤੇਮਾਲ ਕਰਦੇ ਹਨ।

ਜ਼ਿਵਗਾਫਤ ਨੂੰ ਉਮੀਦ ਹੈ ਕਿ ਖੰਡ ਦਾ ਉਤਪਾਦਨ ਕਰਨ ਵਾਲੀ ਕੰਪਨੀਆਂ ਨਾਲ ਪਾਰਟਨਰਸ਼ਿਪ ਕਰਕੇ ਉਹ ਏਲਯੁਲੋਜ਼ ਨੂੰ ਮਸ਼ਹੂਰ ਬਣਾ ਸਕਦੇ ਹਨ।

ਮੋਟਾਪੇ ਅਤੇ ਸ਼ੁਗਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ਵਿੱਚ ਲੋਕ ਮਿੱਠੇ ਲਈ ਅਜਿਹੇ ਬਦਲ ਦੀ ਭਾਲ ਕਰ ਰਹੇ ਹਨ, ਜੋ ਖੰਡ ਦੇ ਮੁਕਾਬਲੇ ਸਿਹਤ ਲਈ ਬਿਹਤਰ ਹੋਣ।

ਬਹੁਤ ਸਾਰੇ ਟੈੱਕ ਸਟਾਰਟ ਅੱਪ ਇਹਨਾਂ ਵਿਕਲਪਾਂ ਨੂੰ ਵੱਡੀ ਫ਼ੂਡ ਕੰਪਨੀਆਂ ਨੂੰ ਵੇਚਣਾ ਚਾਹੁੰਦੇ ਹਨ, ਤਾਂ ਜੋ ਉਹ ਆਪਣੇ ਉਤਪਾਦਾਂ ਵਿੱਚ ਇਨ੍ਹਾਂ ਨੂੰ ਇਸਤੇਮਾਲ ਕਰ ਸਕਣ।

ਇਨੋਵੇਸ਼ਨ ਕੰਸਲਟੇਂਸੀ ਗ੍ਰੇਬੀ ਵਿੱਚ ਐਨਾਲਿਸਟ ਗੌਰਵ ਸਾਹਨੀ ਕਹਿੰਦੇ ਹਨ, ‘‘ਖੰਡ ਦੇ ਬਦਲ ਦਾ ਆਲਮੀ ਉਦਯੋਗ ਇਸ ਸਮੇਂ ਉਭਾਰ ’ਤੇ ਹੈ।’’

ਉਹ ਕਹਿੰਦੇ ਹਨ ਕਿ ਖੰਡ ਉੱਤੇ ਟੈਕਸ ਲਗਾਉਣ ਵਰਗੇ ਕਦਮ ਚੁੱਕ ਕੇ ਸਰਕਾਰਾਂ ਵੀ ਇਸ ਉਦਯੋਗ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਦੇ ਰਹੀਆਂ ਹਨ।

ਗ੍ਰੇਬੀ ਦਾ ਅੰਦਾਜ਼ਾ ਹੈ ਕਿ ਇਹ ਮਾਰਕਿਟ ਅੱਜ ਕਰੀਬ 17 ਅਰਬ ਡਾਲਰ ਦੀ ਹੈ ਅਤੇ ਇੱਕ ਦਹਾਕੇ ਅੰਦਰ 27 ਅਰਬ ਡਾਲਰ ਤੋਂ ਜ਼ਿਆਦਾ ਦੀ ਹੋ ਜਾਵੇਗੀ।

ਕੀ ਹਨ ਖੰਡ ਦੇ ਬਦਲ

ਖੰਡ ਦੇ ਕਈ ਬਦਲ ਉਪਲਬਧ ਹਨ। ਜਿਵੇਂ ਕਿ ਏਸਪਾਰਟੇਮ, ਸੈਕੇਰੀਨ ਅਤੇ ਸੁਕ੍ਰਾਲੋਜ਼ ਵਰਗੇ ਪੁਰਾਣੇ ਬਨਾਵਟੀ ਸਵੀਟਨਰ, ਜਿਨ੍ਹਾਂ ਨੂੰ ਡਾਈਟ ਡਰਿੰਕਸ ਵਿੱਚ ਵਰਤਿਆ ਜਾਂਦਾ ਹੈ।

ਇਸੇ ਤਰ੍ਹਾਂ ਸਟੀਵੀਆ ਅਤੇ ਮੰਕ ਫਰੂਟ ਵਰਗੇ ਸਵੀਟਨਰ ਵੀ ਹਨ, ਜਿੰਨ੍ਹਾਂ ਨੂੰ ਪੌਦਿਆਂ ਤੋਂ ਕੱਢਿਆ ਜਾਂਦਾ ਹੈ। ਹਾਲਾਂਕਿ, ਮੰਕ ਫਰੂਟ ਨੂੰ ਅਮਰੀਕਾ ਅਤੇ ਯੂਰਪੀ ਸੰਘ ਨੇ ਖਾਣੇ ਵਿੱਚ ਇਸਤੇਮਾਲ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਇਹ ਸਵੀਟਨਰ ਕਈ ਵਾਰ ਖੰਡ ਤੋਂ ਵੀ ਜ਼ਿਆਦਾ ਮਿੱਠੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਥੋੜ੍ਹੀ ਹੀ ਮਾਤਰਾ ਵਿੱਚ ਇਸਤੇਮਾਲ ਕਰਨਾ ਹੁੰਦਾ ਹੈ।

ਇਸ ਤੋਂ ਇਲਾਵਾ ਏਰਿਥ੍ਰਿਟੌਲ ਵਰਗੇ ਪੌਲੀਓਲਸ ਜਾਂ ਸ਼ੁਗਰ ਏਲਕੋਹਲ ਵੀ ਹਨ ਜੋ ਹਾਲ ਹੀ ਵਿੱਚ ਮਸ਼ਹੂਰ ਹੋਏ ਹਨ।

ਇਹ ਕੁਦਰਤੀ ਰੂਪ ਵਿੱਚ ਵੀ ਪਾਏ ਜਾਂਦੇ ਹਨ, ਪਰ ਕਮਰਸ਼ੀਅਲ ਤੌਰ ਉੱਤੇ ਇਨ੍ਹਾਂ ਨੂੰ ਖੰਡ ਜਾਂ ਸਟਾਰਚ ਤੋਂ ਤਿਆਰ ਕੀਤਾ ਜਾਂਦਾ ਹੈ। ਉਹ ਖੰਡ ਦੇ ਬਰਾਬਰ ਮਿੱਠੇ ਨਹੀਂ ਹੁੰਦੇ, ਪਰ ਬੇਕਰੀ ਅਤੇ ਪ੍ਰੋਸੈਸਡ ਫੂਡ ਵਿੱਚ ਇਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ।

ਹਾਲਾਂਕਿ ਇਹ ਸਾਰੇ ਬਦਲ ਪੂਰੀ ਤਰ੍ਹਾਂ ਖੰਡ ਵਰਗੇ ਨਹੀਂ ਹਨ। ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਨੂੰ ਖਾਣ ਤੋਂ ਬਾਅਦ ਆਉਣਾ ਵਾਲਾ ਸਵਾਦ ਹੈ।

ਇਸ ਤੋਂ ਇਲਾਵਾ ਖੰਡ ਨਾਲ ਖਾਣ ਦੀਆਂ ਚੀਜ਼ਾਂ ਵਿੱਚ ਜਿਵੇਂ ਦਾ ਰੰਗ ਜਾਂ ਬਨਾਵਟ ਆਉਂਦੀ ਹੈ, ਉਸ ਤਰ੍ਹਾਂ ਉਸ ਦੇ ਬਦਲ ਨਾਲ ਨਹੀਂ ਹੁੰਦਾ। ਇਸ ਤੋਂ ਇਲਾਵਾ ਖੰਡ ਖਾਣ-ਪੀਣ ਦੀਆਂ ਚੀਜ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਵਿੱਚ ਵੀ ਵਰਤੀ ਜਾਂਦੀ ਹੈ।

ਅਮਰੀਕੀ ਬਾਓਟੇਕ ਕੰਪਨੀ ਜਿੰਗਕੋ ਬਾਓਵਰਕਸ ਵਿੱਚ ਸੀਨੀਅਰ ਨਿਦੇਸ਼ਕ ਮੇਰਵਿਨ ਡਿਸੂਜ਼ਾ ਵੀ ਕਹਿੰਦੇ ਹਨ, ‘‘ਖੰਡ ਸਿਰਫ਼ ਮਿਠਾਸ ਦਾ ਜ਼ਰੀਆ ਨਹੀਂ ਹੈ।’’

ਉਹ ਕਹਿੰਦੇ ਹਨ ਕਿ ਵਿਕਲਪਾਂ ਦੇ ਕਈ ਹੋਰ ਖ਼ਤਰੇ ਹਨ, ਜਿਵੇਂ ਕਿ ਪੌਲੀਓਲ ਨੂੰ ਜ਼ਿਆਦਾ ਮਾਤਰਾ ਵਿੱਚ ਲਿਆ ਜਾਵੇਂ ਤਾਂ ਢਿੱਡ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ।

ਕੀ-ਕੀ ਹਨ ਖ਼ਤਰੇ?

ਏਰਿਥ੍ਰਿਟੌਲ ਨੂੰ ਸਟਰੋਕ ਅਤੇ ਹਾਰਟ ਅਟੈਕ ਨਾਲ ਵੀ ਜੋੜਿਆ ਜਾਂਦਾ ਹੈ, ਹਾਲਾਂਕਿ ਇਸ ਸਬੰਧੀ ਆਈ ਰਿਸਰਚ ਨੂੰ ਕੁਝ ਹੋਰ ਮਾਹਰ ਵਾਧੂ ਨਹੀਂ ਮੰਨਦੇ।

ਏਸਪਾਰਟੇਮ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਹੋ ਸਕਦਾ ਹੈ ਕਿ ਇਸ ਨਾਲ ਕੈਂਸਰ ਹੋ ਜਾਵੇ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਦੀ ਹੀ ਇੱਕ ਹੋਰ ਸੰਸਥਾ ਕਹਿੰਦੀ ਹੈ ਕਿ ਜੇ ਇਸ ਨੂੰ ਸੀਮਤ ਮਾਤਰਾ ਵਿੱਚ ਲਿਆ ਜਾਵੇ ਤਾਂ ਕੋਈ ਖ਼ਤਰਾ ਨਹੀਂ ਹੈ।

ਮਈ ਮਹੀਨੇ ਵਿਸ਼ਵ ਸਿਹਤ ਸੰਗਠਨ ਨੇ ਵਜ਼ਨ ਕਾਬੂ ਵਿੱਚ ਕਰਨ ਲਈ ਸ਼ੁਗਰ ਫਰੀ ਸਵੀਟਨਰ ਇਸਤੇਮਾਲ ਨਾ ਕਰਨ ਦੀ ਹਦਾਇਤ ਦਿੱਤੀ ਸੀ। ਇਹ ਕਿਹਾ ਗਿਆ ਕਿ ਇਨ੍ਹਾਂ ਨਾਲ ਸ਼ੁਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।

ਇਹ ਗੱਲ ਮਾਰਕਿਟ ਵਿੱਚ ਉਪਲਬਧ ਸਟੀਵੀਆ ਵਰਗੇ ਹੋਰ ਉਤਪਾਦਾਂ ਨੂੰ ਲੈ ਕੇ ਕਹੀ ਗਈ ਸੀ, ਪਰ ਮੰਕ ਫਰੂਟ, ਏਰਿਥ੍ਰਿਟਾਲ ਜਾਂ ਏਲਯੁਲੋਜ਼ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਬਹੁਤ ਕੁਝ ਕਰਨਾ ਬਾਕੀ

ਏਂਬ੍ਰੋਸਿਆ ਬਾਓ ਇਕੱਲੀ ਕੰਪਨੀ ਨਹੀਂ ਹੈ ਜੋ ਕੁਦਰਤੀ ਤਰੀਕੇ ਨਾਲ ਦੁਰਲਭ ਸ਼ੁਗਰ ਨੂੰ ਸਸਤੀ ਕੀਮਤ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਅਮਰੀਕੀ ਸਟਾਰਟ ਅੱਪ ਬੌਨੂਮੋਸ ਨੇ ਗੰਨੇ ਤੋਂ ਖੰਡ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਏਐੱਸਆਰ ਗਰੁੱਪ ਦੀ ਮਦਦ ਨਾਲ ਇੱਕ ਨਵਾਂ ਪਲਾਂਟ ਖੋਲ੍ਹਿਆ ਹੈ। ਇੱਥੇ ਟਾਗਾਟੋਜ਼ ਨਾਮ ਦੇ ਇੱਕ ਨਵੇਂ ਪੌਦੇ ਨੂੰ ਉਗਾਇਆ ਜਾ ਰਿਹਾ ਹੈ।

ਟਾਗਾਟੋਜ਼ ਨੂੰ ਹਰ ਲਿਹਾਜ਼ ਤੋਂ ਖੰਡ ਦਾ ਬਿਹਤਕ ਬਦਲ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਮਿਠਾਸ ਦੇ ਮਾਮਲੇ ਵਿੱਚ ਇਹ ਏਲਯੁਲੋਜ਼ ਨੂੰ ਵੀ ਪਿੱਛੇ ਛੱਡ ਦਿੰਦਾ ਹੈ। ਇਹ 90 ਫੀਸਦੀ ਖੰਡ ਵਰਗਾ ਮਿੱਠਾ ਹੈ।

ਬੌਨੂਮੋਜ਼ ਦੇ ਸੀਈਓ ਐਡ ਰੋਜ਼ਰਜ਼ ਕਹਿੰਦੇ ਹਨ ਕਿ ਇਹ ਖੰਡ ਵਰਗਾ ਹੀ ਹੈ।

ਬਹੁਤ ਸਾਰੀਆਂ ਮਿਠਾਸ ਵਾਲੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ, ਪਰ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਖਾਣੇ ਵਿੱਚ ਮਿਲਾਉਣਾ ਪੈਂਦਾ ਹੈ।

ਬ੍ਰਿਟੇਨ ਵਿੱਚ ਦਿ ਸਪਲਾਂਟ ਕੰਪਨੀ ਨੇ ਘੱਟ ਕੈਲਰੀ ਵਾਲਾ ਅਤੇ ਸ਼ਰੀਰ ਵਿੱਚ ਸ਼ੁਗਰ ਦਾ ਲੈਵਲ ਘੱਟ ਵਧਾਉਣ ਵਾਲਾ ਇੱਕ ਉਤਪਾਦ ਵਿਕਸਿਤ ਕੀਤਾ ਹੈ।

ਇਸ ਨੂੰ ਖੇਤੀਬਾੜੀ ਉਤਪਾਦਾਂ ਦੇ ਬਚੇ ਹੋਏ ਹਿੱਸਿਆਂ, ਜਿਵੇਂ ਕਿ ਛੱਲੀ ਦੇ ਦਾਣੇ ਕੱਢਣ ਤੋਂ ਬਾਅਦ ਬਚੇ ਹਿੱਸੇ, ਛਿੱਲਣ ਆਦਿ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਫੰਗਸ ਦੀ ਮਦਦ ਲਈ ਜਾਂਦੀ ਹੈ।

ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਟੌਮ ਸਿਨਸ ਕਹਿੰਦੇ ਹਨ ਕਿ ਇਹ ਖੰਡ ਵਰਗਾ ਹੀ ਹੈ ਅਤੇ ਇਸ ਨੂੰ ਬਣਾਉਣ ਵਾਲੀਆਂ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ। ਨਾਲ ਹੀ ਉਹ ਸਸਤੀ ਹੈ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੀ ਹੈ।

ਇੱਕ ਹੋਰ ਇਜ਼ਰਾਈਲੀ ਸਟਾਰਟ ਅੱਪ ਇੰਕ੍ਰੇਡੋ ਖੰਡ ਦੇ ਦਾਣਿਆਂ ਨੂੰ ਖਣਿਜ ਸਿਲਿਕਾ ਤੋਂ ਮਿਲਾਉਂਦੀ ਹੈ। ਇਸ ਤਰ੍ਹਾਂ ਦੀ ਸਿਲਿਕਾ ਨੂੰ ਘੱਟ ਮਾਤਰਾ ਵਿੱਚ ਖਾਣੇ ਵਿੱਚ ਮਿਲਾਇਆ ਜਾਂਦਾ ਰਿਹਾ ਹੈ।

ਇਸ ਤਰ੍ਹਾਂ ਖੰਡ ਆਸਾਨੀ ਨਾਲ ਮੂੰਹ ਵਿੱਚ ਘੁਲ ਜਾਂਦੀ ਹੈ ਅਤੇ ਤੁਹਾਨੂੰ ਘੱਟ ਖੰਡ ਵਿੱਚ ਜ਼ਿਆਦਾ ਮਿਠਾਸ ਮਿਲਦੀ ਹੈ।

ਇੰਕ੍ਰੇਡੋ ਦੀਆਂ ਗਾਹਕ ਕੰਪਨੀਆਂ ਵਿੱਚ ਅਮਰੀਕੀ ਚਾਕਲੇਟ ਕੰਪਨੀ ਬਲੌਮਰ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ, ਕਥਿਤ ਮਿੱਠੇ ਪ੍ਰੋਟੀਨ ਵੀ ਇੱਕ ਵਿਕਲਪ ਹਨ। ਇਹ ਪ੍ਰੋਟੀਨ ਖੰਡ ਨਾਲੋਂ ਹਜ਼ਾਰਾਂ ਗੁਣਾ ਮਿੱਠੇ ਹੁੰਦੇ ਹਨ ਅਤੇ ਕੁਝ ਫਲਾਂ ਅਤੇ ਬੇਰੀਜ਼ ਵਿੱਚ ਮਿਲਦੇ ਹਨ।

ਅਮਰੀਕੀ ਸਟਾਰਟ ਅੱਪ ਊਬਲੀ ਇਨ੍ਹਾਂ ਪ੍ਰੋਟੀਨ ਨੂੰ ਖੰਡ ਨਾਲ ਤਿਆਰ ਕਰਦੀ ਹੈ। ਇਸ ਦੇ ਲਈ ਉਹ ਜੇਨੇਟਿਕਲੀ ਮੌਡੀਫਾਈਡ ਯੀਸਟ ਦਾ ਸਹਾਰਾ ਲੈਂਦੀ ਹੈ।

ਊਬਲੀ ਦੇ ਸੀਈਓ ਅਲੀ ਵਿੰਗ ਕਹਿੰਦੇ ਹਨ, ‘‘ਇਹ ਮਿੱਠੇ ਪ੍ਰੋਟੀਨ ਸੌਫਟ ਡਰਿੰਕਸ ਵਿੱਚ ਇਸਤੇਮਾਲ ਕੀਤੇ ਜਾ ਸਕਦੇ ਹਨ।’’

ਚੁਣੌਤੀਆਂ

ਖੰਡ ਨੂੰ ਹਟਾਉਣ ਦੇ ਕੰਮ ਵਿੱਚ ਕਈ ਔਕੜਾਂ ਹਨ। ਪਹਿਲਾਂ ਤਾਂ ਤੁਹਾਨੂੰ ਗਾਹਕ ਲੱਭਣੇ ਹੋਣਗੇ।

ਵੱਡੇ ਪੱਧਰ ਉੱਤੇ ਨਵਾਂ ਉਤਪਾਦ ਬਣਾਉਣ ਲਈ ਕਈ ਸਾਲ ਦਾ ਸਮਾਂ ਲਗ ਸਕਦਾ ਹੈ। ਫ਼ਿਰ ਸਟਾਰਟ ਅੱਪ ਨੂੰ ਸਾਬਤ ਕਰਨਾ ਹੋਵੇਗਾ ਕਿ ਉਹ ਭਰੋਸੇਮੰਦ ਢੰਗ ਨਾਲ ਵੱਡੇ ਪੱਧਰ ਉੱਤੇ ਇਹਨਾਂ ਵਿਕਲਪ ਨੂੰ ਤਿਆਰ ਕਰ ਸਕਦੇ ਹਨ।

ਨਾਲ ਹੀ, ਖਰੀਦਦਾਰਾਂ ਵਿੱਚ ਨਵੇਂ ਉਤਪਾਦਾਂ ਨੂੰ ਅਜ਼ਮਾਉਣ ਨੂੰ ਲੈ ਕੇ ਝਿਝਕ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸਤੇਮਾਲ ਲਈ ਸੰਸਥਾਵਾਂ ਦੀ ਮਨਜ਼ੂਰੀ ਲੈਣਾ ਵੀ ਸੌਖਾ ਕੰਮ ਨਹੀਂ ਹੈ।

ਭਾਵੇਂ ਕੰਪਨੀਆਂ ਦੇ ਨਵੇਂ ਵਿਕਲਪਾਂ ਨੂੰ ਅਮਰੀਕਾ ਵਿੱਚ ਸੁਰੱਖਿਅਤ ਦੱਸਿਆ ਗਿਆ ਹੋਵੇ, ਪਰ ਉਨ੍ਹਾਂ ਨੂੰ ਯੂਰਪ ਵਿੱਚ ਮਨਜ਼ੂਰੀ ਮਿਲਣੇ ਪੇਚੀਦਾ ਕੰਮ ਹੈ।

ਏਲਯੁਲੋਜ਼ ਨੂੰ ਹਾਲੇ ਬ੍ਰਿਟੇਨ ਅਤੇ ਯੂਰਪੀ ਸੰਘ ਵਿੱਚ ਵਰਤੋਂ ਦੀ ਮਨਜ਼ੂਰੀ ਨਹੀਂ ਮਿਲੀ ਹੈ। ਹਾਲਾਂਕਿ, ਕਈ ਕੰਪਨੀਆਂ ਇਸ ਦੇ ਲਈ ਕੋਸ਼ਿਸ਼ ਕਰ ਰਹੀਆਂ ਹਨ।

ਸਪਲਾਂਟ ਕੰਪਨੀ ਨੇ ਦਸਤਾਵੇਜ਼ ਤਿਆਰ ਕੀਤੇ ਹਨ, ਜਿੰਨ੍ਹਾਂ ਨੂੰ ਉਹ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੀਆਂ ਸੰਸਥਾਵਾਂ ਕੋਲ ਜਮਾਂ ਕਰਵਾਉਣਾ ਚਾਹੁੰਦੀ ਹੈ।

ਦੂਜੇ ਪਾਸੇ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਸੰਘ ਵਿੱਚ ਟੈਗਾਟੋਜ਼ ਨੂੰ ਮਨਜ਼ੂਰੀ ਮਿਲੀ ਹੋਈ ਹੈ, ਪਰ ਇਸ ਦੀ ਮਾਰਕੀਟਿੰਗ ਕਰਨਾ ਔਖਾ ਹੋਵੇਗਾ। ਤੁਸੀਂ ਇਸ ਨੂੰ ਏਲਯੁਲੋਜ਼ ਦੀ ਤਰ੍ਹਾਂ ਜ਼ੀਰੋ ਸ਼ੁਗਰ ਨਹੀਂ ਕਹਿ ਸਕਦੇ, ਕਿਉਂਕਿ ਇਸ ਵਿੱਚ ਏਲਯੁਲੋਜ਼ ਤੋਂ ਜ਼ਿਆਦਾ ਕੈਲਰੀ ਹੁੰਦੀਆਂ ਹਨ।

ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਦੇ ਨਿਊਟ੍ਰੀਸ਼ਨਲ ਰਿਸਰਚ ਬਾਇਓਲੌਜਿਸਟ ਕਿੰਬਰ ਸਟੈਨਹੋਪ ਕਹਿੰਦੇ ਹਨ, ‘‘ਇਹ ਦੇਖਣਾ ਕਾਫ਼ੀ ਦਿਲਚਸਪ ਹੈ ਕਿ ਖੰਡ ਦੇ ਕਿੰਨੇ ਸਾਰੇ ਵਿਕਲਪ ਸਾਹਮਣੇ ਆ ਰਹੇ ਹਨ। ਖੰਡ ਨੂੰ ਅਸੀਂ ਹਟਾ ਸਕੀਏ, ਇਹੀ ਸਭ ਤੋਂ ਬਿਹਤਰ ਹੱਲ ਹੈ ਪਰ ਅਜਿਹਾ ਕਰਨਾ ਔਖਾ ਹੋਵੇਗਾ। ਸਾਨੂੰ ਇਨ੍ਹਾਂ ਉਤਪਾਦਾਂ ਦੀ ਲੋੜ ਹੈ।’’

ਵਿਸ਼ਵ ਸਿਹਤ ਸੰਗਠਨ ਦੇ ਉਲਟ, ਸਟੈਨਹੋਪ ਨੂੰ ਲਗਦਾ ਹੈ ਕਿ ਸ਼ੁਗਰ ਫਰੀ ਮਿੱਠੇ ਪਦਾਰਥ ਵਜ਼ਨ ਘੱਟ ਕਰਨ ਅਤੇ ਡਾਇਬਿਟੀਜ਼ ਦਾ ਖ਼ਤਰਾ ਘੱਟ ਕਰਨ ਵਿੱਚ ਮਦਦਗਾਰ ਹੋਣਗੇ।

ਉਹ ਕਹਿੰਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਨੇ ਇੱਕ ਹੀ ਰਿਸਰਚ ਦੇ ਆਧਾਰ ਉੱਤੇ ਵਜ਼ਨ ਨੂੰ ਲੈ ਕੇ ਅਜਿਹੀ ਚੇਤਾਵਨੀ ਦਿੱਤੀ ਹੈ।

ਪਰ ਉਹ ਇਹ ਵੀ ਕਹਿੰਦੇ ਹਨ ਕਿ ਨਵੇਂ ਉਤਪਾਦਾਂ ਦੀ ਗੰਭੀਰਤਾਂ ਨਾਲ ਸਮੀਖਿਆ ਕਰਨੀ ਚਾਹੀਦੀ ਹੈ। ਇਹ ਦੇਖਣ ਲਈ ਕਿ ਇਹ ਸੁਰੱਖਿਅਤ ਹਨ ਜਾਂ ਨਹੀਂ ਅਤੇ ਇਨ੍ਹਾਂ ਦੇ ਫਾਇਦੇ ਕੀ ਹਨ।

ਉਹ ਕਹਿੰਦੇ ਹਨ, ‘‘ਇਸ ਦੇ ਲਈ ਸਾਨੂੰ ਕਲੀਨਿਕਲ ਟ੍ਰਾਇਲ ਕਰਨੇ ਹੋਣਗੇ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)