You’re viewing a text-only version of this website that uses less data. View the main version of the website including all images and videos.
ਲਵਪ੍ਰੀਤ ਸਿੰਘ ਦੀ ਕੈਨੇਡਾ ਤੋਂ ਵਾਪਸੀ ਉੱਤੇ ਅਸਥਾਈ ਰੋਕ ਦੀਆਂ ਖ਼ਬਰਾਂ, ਕੀ ਹੈ ਉਨ੍ਹਾਂ ਦਾ ਪਿਛੋਕੜ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁਤਾਬਕ ਕੈਨੇਡਾ ਤੋਂ ਪੰਜਾਬੀ ਵਿਦਿਆਰਥੀ ਲਵਪ੍ਰੀਤ ਸਿੰਘ ਦੀ ਵਾਪਸੀ ਰੁਕ ਗਈ ਹੈ।
ਪੰਜਾਬ ਸਰਕਾਰ ਦੇ ਅਧਿਕਾਰਤ ਫੇਸਬੁੱਕ ਪੰਨੇ ਉੱਤੇ ਧਾਲੀਵਾਲ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਧਾਲੀਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿੱਚੋਂ ਜਬਰੀ ਵਤਨ ਵਾਪਸੀ ਦੀ ਮਾਰ ਝੱਲ ਰਹੇ ਪੰਜਾਬੀ ਨੌਜਵਾਨਾਂ ਲਈ ਇੱਕ ਖੁਸ਼ ਖਬਰੀ ਹੈ।
‘‘ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਖਬਰ ਆਈ ਹੈ ਕਿ ਇੱਕ ਪੰਜਾਬੀ ਵਿਦਿਆਰਥੀ ਲਵਪ੍ਰੀਤ ਸਿੰਘ ਦੀ ਵਤਨ ਵਾਪਸੀ ‘ਤੇ ਕੈਨੇਡਾ ਸਰਕਾਰ ਨੇ ਰੋਕ ਲਗਾ ਦਿੱਤੀ ਹੈ।’’
ਇੱਕ ਵੀਡੀਓ ਸੰਦੇਸ਼ ਰਾਹੀ ਲਵਪ੍ਰੀਤ ਸਿੰਘ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਾਪਸੀ ਉੱਤੇ ਅਸਥਾਈ ਰੋਕ ਲੱਗੀ ਹੈ, ਪੱਕੇ ਤੌਰ ਉੱਤੇ ਰੋਕੀ ਨਹੀਂ ਗਈ ਹੈ। ਇਸ ਲਈ ਸੰਘਰਸ਼ ਅਜੇ ਜਾਰੀ ਹੈ।
ਲਵਪ੍ਰੀਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਇਸ ਵਿੱਚ ਉਸ ਦੀ ਕੋਈ ਗ਼ਲਤੀ ਨਹੀਂ ਹੈ ਬਲਕਿ ਉਸ ਨੂੰ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ, ਲਿਹਾਜ਼ਾ ਉਹ ਤਾਂ ਆਪ ਪੀੜਤ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਕੈਨੇਡਾ ਸਰਕਾਰ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰ ਲਈ ਹੈ ਤੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਉੱਤੇ ਅਸਥਾਈ ਰੋਕ ਲਗਾ ਦਿੱਤੀ ਹੈ।
ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਬੀਬੀਸੀ ਪੰਜਾਬੀ ਨੇ 9 ਜੂਨ ਨੂੰ ਗੱਲਬਾਤ ਕੀਤੀ ਸੀ, ਉਸ ਨੂੰ ਕੈਨੇਡਾ ਤੋਂ ਵਾਪਸ ਭੇਜਣ ਅਤੇ ਪਰਿਵਾਰ ਹਾਲਾਤ ਨੂੰ ਸਮਝਿਆ ਸੀ। ਜਿਸ ਦੀ ਜਾਣਕਾਰੀ ਹੂਬਹੂ ਇੱਥੇ ਦਿੱਤੀ ਜਾ ਰਹੀ ਹੈ।
“ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਸਾਡੇ ਨਾਲ ਹੋਇਆ ਕੀ ਹੈ, ਟਰੈਵਲ ਏਜੰਟਾਂ ਨੇ ਪੈਸਿਆਂ ਦੇ ਲਾਲਚ ਵਿੱਚ ਲਵਪ੍ਰੀਤ ਸਿੰਘ ਵਰਗੇ ਪਤਾ ਨਹੀਂ ਕਿੰਨੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।’’
ਇਹ ਸ਼ਬਦ ਲਵਪ੍ਰੀਤ ਦੇ ਪਿਤਾ ਜੋਗਾ ਸਿੰਘ ਦੇ ਹਨ।
ਭਰੀਆਂ ਅੱਖਾਂ ਨਾਲ ਲਵਪ੍ਰੀਤ ਦੀ ਮਾਂ ਸਰਬਜੀਤ ਕੌਰ ਆਖਦੇ ਹਨ, ‘‘ਜਦੋਂ ਹੁਣ ਲਵਪ੍ਰੀਤ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਉਸ ਨੂੰ ਦੇਸ਼ ਤੋਂ ਵਾਪਸ ਜਾਣ ਦੇ ਹੁਕਮ ਸੁਣਾ ਦਿੱਤੇ ਹਨ। ਪਿਛਲੇ ਛੇ ਸਾਲਾਂ ਤੋਂ ਬੇਟੇ ਨੂੰ ਮਿਲ ਵੀ ਨਹੀਂ ਪਾਈ, ਕਿਉਂਕਿ ਉਹ ਭਾਰਤ ਆ ਨਹੀਂ ਸੀ ਸਕਦਾ।’’
ਰੋਪੜ ਜ਼ਿਲ੍ਹੇ ਦੇ ਪਿੰਡ ਚਤਾਮਲਾ ਦੇ ਰਹਿਣ ਵਾਲੇ ਜੋਗਾ ਸਿੰਘ ਅਤੇ ਸਰਬਜੀਤ ਕੌਰ ਕੈਨੇਡਾ ਵਿੱਚ ਆਪਣੇ ਭਵਿੱਖ ਦੀ ਲੜਾਈ ਰਹੇ ਪੁੱਤਰ ਲਵਪ੍ਰੀਤ ਸਿੰਘ ਲਈ ਚਿੰਤਤ ਹਨ।
ਜੋਗਾ ਸਿੰਘ ਮੁਤਾਬਕ ਛੇ ਸਾਲ ਪਹਿਲਾਂ ਉਹ ਜਿਸ ਥਾਂ ਉੱਤੇ ਸਨ, ਉਸੇ ਥਾਂ ਉੱਤੇ ਆ ਕੇ ਫਿਰ ਤੋਂ ਖੜ੍ਹੇ ਹੋ ਗਏ ਹਨ ਪਰ ਲੱਖਾਂ ਰੁਪਏ ਦਾ ਨੁਕਸਾਨ ਕਰਵਾ ਕੇ।
ਲਵਪ੍ਰੀਤ ਸਿੰਘ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਗਏ ਸੀ ਪਰ ਕੈਨੇਡੀਅਨ ਏਜੰਸੀਆਂ ਮੁਤਾਬਕ ਉਨ੍ਹਾਂ ਨੇ ਪੜ੍ਹਾਈ ਲਈ ਜਿਸ ਕਾਲਜ ਦਾ ਆਫ਼ਰ ਲੈਟਰ ਆਪਣੀ ਵੀਜ਼ਾ ਐਪਲੀਕੇਸ਼ਨ ਦੇ ਨਾਲ ਲਗਾਇਆ ਸੀ, ਉਹ ਜਾਂਚ ਦੌਰਾਨ ਜਾਅਲੀ ਪਾਇਆ ਗਿਆ।
ਇਸੇ ਇਲਜ਼ਾਮ ਵਿੱਚ ਲਵਪ੍ਰੀਤ ਸਿੰਘ ਉੱਤੇ ਕੈਨੇਡਾ ਤੋਂ ਵਾਪਸ ਭਾਰਤ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ।
ਸਿਰਫ਼ ਲਵਪ੍ਰੀਤ ਸਿੰਘ ਨਹੀਂ, ਉਨ੍ਹਾਂ ਵਰਗੇ ਕਈ ਹੋਰ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਦੇ ਕਾਲਜਾਂ ਵਿੱਚ ਦਾਖ਼ਲਾ ਲੈਣ ਵੇਲੇ ਦਸਤਾਵੇਜ਼ ਜਾਅਲੀ ਪਾਏ ਗਏ ਸਨ।
ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਵਾਪਿਸ ਭੇਜੇ ਜਾਣ ਦੀ ਗੱਲ ਆਖੀ ਜਾ ਰਹੀ ਸੀ।
ਮਸਲਾ ਹੈ ਕੀ
ਜ਼ਿਕਰਯੋਗ ਹੈ ਕਿ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਸੈਂਕੜੇ ਭਾਰਤੀ ਵਿਦਿਆਰਥੀਆਂ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕੈਨੇਡਾ ਆਉਣ ਲਈ ਫ਼ਰਜ਼ੀ ਦਸਤਾਵੇਜ਼ ਵਰਤੇ ਸਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕੈਨੇਡਾ ਦੀ ਸਥਾਈ ਰਿਹਾਇਸ਼ ਮੁਹੱਈਆ ਨਹੀਂ ਕਰਵਾਈ ਜਾ ਸਕਦੀ।
ਕੈਨੇਡਾ ਤੋਂ ਵਾਪਸ ਭੇਜੇ ਜਾਣ ਦੀ ਤਲਵਾਰ ਸਿਰਫ਼ ਲਵਪ੍ਰੀਤ ਸਿੰਘ ਉੱਤੇ ਹੀ ਨਹੀਂ ਲਟਕ ਕਰ ਰਹੀ ਸਗੋਂ ਕਈ ਭਾਰਤੀ ਵਿਦਿਆਰਥੀ ਇਸ ਸਮੱਸਿਆ ਨਾਲ ਜੂਝ ਰਹੇ ਹਨ।
ਇਨ੍ਹਾਂ ਦਾ ਸਹੀ ਅੰਕੜਾ ਕਿੰਨਾ ਹੈ, ਇਸ ਬਾਰੇ ਕੈਨੇਡੀਅਨ ਸਰਕਾਰ ਨੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ।
ਇਸ ਮਾਮਲੇ ਨਾਲ ਜੁੜੇ ਇੱਕ ਵਕੀਲ ਮੁਤਾਬਕ ਅਜਿਹੇ ਵਿਦਿਆਰਥੀਆਂ ਦੀ ਗਿਣਤੀ 150 ਤੋਂ 200 ਤੱਕ ਹੋ ਸਕਦੀ ਹੈ।
ਇਹ ਵਿਦਿਆਰਥੀ ਕੈਨੇਡਾ ਦੀਆਂ ਸੜਕਾਂ ਉੱਤੇ ਏਜੰਟਾਂ ਦੇ ਧੋਖੇ ਵਿਰੁੱਧ ਤੇ ਆਪਣੇ ਭਵਿੱਖ ਲਈ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਹਨ।
ਕੈਨੇਡਾ ਦੀ ਸੰਸਦ ਵਿੱਚ ਪਹੁੰਚਿਆ ਮੁੱਦਾ
ਇਹ ਮੁੱਦਾ ਆਮ ਲੋਕਾਂ ਦੇ ਨਾਲ-ਨਾਲ ਕੈਨੇਡਾ ਅਤੇ ਭਾਰਤ ਵਿੱਚ ਸਿਆਸੀ ਤੌਰ ਉੱਤੇ ਵੀ ਬਹੁਤ ਭਖਿਆ ਹੈ।
ਭਾਰਤ ਤੋਂ ਕੈਨੇਡਾ ਗਏ ਕਈ ਵਿਦਿਆਰਥੀਆਂ ਨੂੰ ਦੇਸ਼ ਤੋਂ ਵਾਪਸ ਭੇਜਣ ਦਾ ਮਸਲਾ ਹੁਣ ਉੱਥੋਂ ਦੀ ਸੰਸਦ ਤੱਕ ਪਹੁੰਚ ਗਿਆ ਹੈ।
ਕੈਨੇਡਾ ਵਿੱਚ ਐੱਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਇਸ ਮਸਲੇ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ 7 ਜੂਨ ਨੂੰ ਸਵਾਲ ਪੁੱਛਿਆ, ਜਿਸ ਦਾ ਜਵਾਬ ਉਨ੍ਹਾਂ ਵੱਲੋਂ ਸੰਸਦ ਵਿੱਚ ਦਿੱਤਾ ਗਿਆ ਹੈ।
ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਸਵਾਲ ਕੀਤਾ ਸੀ ਕਿ ’’ਇਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਭਾਰਤੀ ਵਿਦਿਆਰਥੀਆਂ ਨੂੰ ਕੀ ਪੱਕੀ ਨਾਗਰਿਕਤਾ ਦੇਣ ਲਈ ਪ੍ਰਧਾਨ ਮੰਤਰੀ ਕੋਈ ਰਾਹ ਮੁਹੱਈਆ ਕਰਵਾਉਣਗੇ?’’
ਜਸਟਿਨ ਟਰੂਡੋ ਨੇ ਜਗਮੀਤ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲੇ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ।
ਇਸ ਸਵਾਲ ਦੇ ਜਵਾਬ ਵਿੱਚ ਜਸਟਿਨ ਟਰੂਡੋ ਨੇ ਕਿਹਾ, ''ਹਰ ਇੱਕ ਕੇਸ ਦਾ ਮੁਲਾਂਕਣ ਹੋਵੇਗਾ ਅਤੇ ਪੀੜਤਾਂ ਨੂੰ ਉਨ੍ਹਾਂ ਦਾ ਪੱਖ਼ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਸਾਡਾ ਮਕਸਦ ਦੋਸ਼ੀਆਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”
ਇਸ ਤੋਂ ਪਹਿਲਾਂ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਰੈਡ ਰੇਡੇਕੋਪ ਨੇ ਵੀ ਕਿਹਾ ਕਿ ਦੇਸ਼ ਦੀ ਇਮੀਗ੍ਰੇਸ਼ਨ ਕਮੇਟੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੇ ਇਸ ਮਸਲੇ ਦੀ ਤਹਿ ਤੱਕ ਜਾਣ ਲਈ ਇੱਕ ਮਤਾ ਪਾਸ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਛੋਟੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ ਲਵਪ੍ਰੀਤ ਸਿੰਘ
ਪੰਜਾਬ ਦੇ ਮੋਰਿੰਡਾ–ਕੁਰਾਲੀ ਮਾਰਗ ਉੱਤੇ ਸਥਿਤ ਪਿੰਡ ਚਤਾਮਲਾ ਵਿਖੇ ਜਦੋਂ ਲਵਪ੍ਰੀਤ ਸਿੰਘ ਦੇ ਘਰ ਬੀਬੀਸੀ ਦੀ ਟੀਮ ਪਹੁੰਚੀ ਤਾਂ ਉਨ੍ਹਾਂ ਦੇ ਪਿਤਾ ਜੋਗਾ ਸਿੰਘ ਅਖ਼ਬਾਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਦੇ ਕੌਮਾਂਤਰੀ ਵਿਦਿਆਰਥੀਆਂ ਸਬੰਧੀ ਦਿੱਤੇ ਬਿਆਨ ਦੀ ਖ਼ਬਰ ਪੜ੍ਹ ਰਹੇ ਸਨ।
ਜੋਗਾ ਸਿੰਘ ਨੇ ਦੱਸਿਆ ਕਿ ਉਹ ਛੋਟੇ ਜ਼ਿਮੀਦਾਰ ਹਨ ਅਤੇ ਬਹੁਤ ਹੀ ਮੁਸ਼ਕਲ ਨਾਲ ਲਵਪ੍ਰੀਤ ਸਿੰਘ ਨੂੰ 2017 ਵਿੱਚ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ।
ਇਸ ਤੋਂ ਪਹਿਲਾਂ ਲਵਪ੍ਰੀਤ ਸਿੰਘ ਨੇ ਲਾਂਡਰਾਂ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ।
ਜੋਗਾ ਸਿੰਘ ਮੁਤਾਬਕ ਚੰਗੇ ਭਵਿੱਖ ਦੀ ਉਮੀਦ ਵਿੱਚ ਲਵਪ੍ਰੀਤ ਸਿੰਘ ਵੀ ਕੈਨੇਡਾ ਪੜ੍ਹਾਈ ਲਈ ਗਿਆ ਸੀ।
ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਨੇ ਆਈਲੈਟਸ ਵਿੱਚ 7 ਬੈਂਡ ਹਾਸਲ ਕੀਤੇ ਸਨ ਅਤੇ ਉਸ ਨੂੰ ਕੈਨੇਡਾ, ਅੰਮ੍ਰਿਤਸਰ ਦੇ ਇੱਕ ਏਜੰਟ ਨੇ ਭੇਜਿਆ ਸੀ।
''ਪਰ ਏਜੰਟ ਨੇ ਜਿਸ ਕਾਲਜ ਦਾ ਆਫ਼ਰ ਲੈਟਰ ਵੀਜ਼ਾ ਐਪਲੀਕੇਸ਼ਨ ਦੇ ਨਾਲ ਜਮਾਂ ਕਰਵਾਇਆ ਉਹ ਨਕਲੀ ਪਾਇਆ ਗਿਆ ਜਿਸ ਦਾ ਭੁਗਤਾਨ ਉਸ ਦਾ ਪੁੱਤਰ ਪਿਛਲੇ ਛੇ ਸਾਲਾਂ ਤੋਂ ਕਰ ਰਿਹਾ ਹੈ।''
ਲਵਪ੍ਰੀਤ ਦੀ ਮਾਂ ਮਾਨਸਿਕ ਤੌਰ ’ਤੇ ਪਰੇਸ਼ਾਨ
ਜੋਗਾ ਸਿੰਘ ਨੇ ਦੱਸਿਆ ਕਿ 2017 ਵਿੱਚ ਲਵਪ੍ਰੀਤ ਸਿੰਘ ਕੌਮਾਂਤਰੀ ਵਿਦਿਆਰਥੀ ਵੀਜ਼ੇ ਉੱਤੇ ਕੈਨੇਡਾ ਗਿਆ ਸੀ।
ਕੈਨੇਡਾ ਪਹੁੰਚਣ ਉੱਤੇ ਲਵਪ੍ਰੀਤ ਜਦੋਂ ਸਬੰਧਤ ਕਾਲਜ ਵਿੱਚ ਪਹੁੰਚਿਆ ਤਾਂ ਕਾਲਜ ਵਾਲਿਆਂ ਨੇ ਦੱਸਿਆ ਕਿ ਉਸ ਦਾ ਆਫ਼ਰ ਲੈਟਰ ਜਾਅਲੀ ਹੈ।
ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਏਜੰਟ ਦੇ ਖ਼ਿਲਾਫ਼ ਮੁਹਾਲੀ ਵਿੱਚ ਐਫਆਈਆਰ ਦਰਜ ਕਰਵਾਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਸ ਤੋਂ ਬਾਅਦ ਲਵਪ੍ਰੀਤ ਸਿੰਘ ਨੂੰ ਕੈਨੇਡਾ ਸਰਕਾਰ ਨੇ ਦੂਜੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਇਜਾਜ਼ਤ ਦੇ ਦਿੱਤੀ।
ਜੋਗਾ ਸਿੰਘ ਮੁਤਾਬਕ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਲਵਪ੍ਰੀਤ ਸਿੰਘ ਨੇ ਵਰਕ ਪਰਮਿਟ ਅਪਲਾਈ ਕੀਤਾ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐਸ.ਏ) ਨੇ ਉਸ ਨੂੰ ਦੇਸ਼ ਨਿਕਾਲੇ ਦੇ ਹੁਕਮ ਦੇ ਦਿੱਤੇ।
ਇਸ ਅਰਸੇ ਦੌਰਾਨ 25-30 ਲੱਖ ਰੁਪਏ ਲਵਪ੍ਰੀਤ ਸਿੰਘ ਦੀ ਪੜ੍ਹਾਈ ਲਈ ਖ਼ਰਚ ਹੋਏ ਹਨ।
ਪਰਿਵਾਰ ਦੇ ਮੁਤਾਬਕ ਕੈਨੇਡਾ ਸਰਕਾਰ ਲਵਪ੍ਰੀਤ ਸਿੰਘ ਨੂੰ 13 ਜੂਨ ਨੂੰ ਆਪਣੇ ਮੁਲਕ ਤੋਂ ਵਾਪਸ ਭੇਜ ਰਹੀ ਹੈ ਇਸ ਲਈ ਪਰਿਵਾਰ ਬੇਹੱਦ ਤਣਾਅ ਵਿੱਚ ਹੈ।
ਜੋਗਾ ਸਿੰਘ ਮੁਤਾਬਕ ਲਵਪ੍ਰੀਤ ਸਿੰਘ ਦੀ ਮਾਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹੋ ਕੇ ਡਿਪਰੈਸ਼ਨ ਦੀ ਦਵਾਈ ਖਾ ਰਹੀ ਹੈ, ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ।
ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਏਜੰਟਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਨ੍ਹਾਂ ਦੇ ਲਾਲਚ ਅਤੇ ਗ਼ਲਤੀ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ।
‘6 ਸਾਲਾਂ ਤੋਂ ਰੁਲ ਰਿਹਾ ਮੇਰਾ ਪੁੱਤ’
ਲਵਪ੍ਰੀਤ ਸਿੰਘ ਦੀ ਮਾਂ ਸਰਬਜੀਤ ਕੌਰ ਕਹਿੰਦੇ ਹਨ, ‘‘ਏਜੰਟਾਂ ਦੀ ਗ਼ਲਤੀ ਕਾਰਨ ਮੇਰਾ ਬੱਚਾ ਪਿਛਲੇ ਛੇ ਸਾਲਾਂ ਤੋਂ ਕੈਨੇਡਾ ਵਿੱਚ ਰੁਲ ਰਿਹਾ ਹੈ।’’
''ਜਦੋਂ ਵੀ ਅਸੀਂ ਆਪਣੇ ਪੁੱਤ ਨਾਲ ਵੀਡੀਓ ਕਾਲ ਉੱਤੇ ਗੱਲ ਕਰਦੇ ਹਾਂ, ਸਾਡੇ ਤੋਂ ਰੋਂਦਾ ਨਹੀਂ ਵੇਖਿਆ ਜਾਂਦਾ। ਕਿਉਂਕਿ ਉਸਦੀ ਕੋਈ ਗਲਤੀ ਨਹੀਂ ਹੈ।''
''ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਬਿਲਕੁਲ ਵੀ ਸੌਂਦੀ ਨਹੀਂ ਹਾਂ।''
''ਮੈਨੂੰ ਡਿਪ੍ਰੈਸ਼ਨ ਹੋ ਗਿਆ, ਹਰ ਰੋਜ਼ ਹਸਪਤਾਲ ਜਾਣਾ ਪੈਂਦਾ ਹੈ, ਹਰ ਰੋਜ਼ ਮੈਨੂੰ ਟੀਕੇ ਲਗਦੇ ਹਨ।''
''ਮੈਂ ਆਪਣੇ ਬੱਚੇ ਲਈ ਕਿੰਨੀ ਪ੍ਰੇਸ਼ਾਨ ਹਾਂ, ਇਹ ਤਾਂ ਮੈਂ ਜ਼ਾਹਰ ਵੀ ਨਹੀਂ ਕਰ ਸਕਦੀ।''
ਸਰਬਜੀਤ ਕੌਰ ਦੱਸਦੇ ਹਨ ਕਿ ਲਵਪ੍ਰੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਅਤੇ ਆਈਲੈਟਸ ਵਿੱਚੋਂ 7 ਬੈਂਡ ਲੈ ਕੇ ਪੜ੍ਹਾਈ ਕਰਨ ਗਿਆ ਸੀ।
ਸਰਬਜੀਤ ਕੌਰ ਆਖਦੇ ਹਨ ਕਿ ਲਵਪ੍ਰੀਤ ਸਿੰਘ ਅਤੇ ਉਸ ਵਰਗੇ ਹੋਰ ਵਿਦਿਆਰਥੀ ਪਿਛਲੇ ਕਈ ਦਿਨ ਤੋਂ ਆਪਣੇ ਨਾਲ ਹੋਏ ਧੋਖੇ ਦੇ ਖ਼ਿਲਾਫ਼ ਟੋਰੰਟੋ ਵਿੱਚ ਧਰਨੇ ਉੱਤੇ ਬੈਠੇ ਹਨ ਤੇ ਲੋਕ ਉਨ੍ਹਾਂ ਦੀ ਹਿਮਾਇਤ ਵੀ ਕਰ ਰਹੇ ਹਨ।
ਸਰਬਜੀਤ ਕੌਰ ਦਾ ਕਹਿਣਾ ਹੈ ਕਿ ਇੱਕ ਤਾਂ ਸਾਡਾ ਪੈਸਾ ਖ਼ਰਾਬ ਹੋ ਗਿਆ ਜੋ ਫ਼ੀਸਾਂ ਦੇ ਰੂਪ ਵਿੱਚ ਕਾਲਜ ਨੂੰ ਦਿੱਤਾ ਤੇ ਦੂਜਾ ਬੱਚੇ ਦੇ ਭਵਿੱਖ ਦਾ ਅਜੇ ਵੀ ਪਤਾ ਨਹੀਂ।
ਉਨ੍ਹਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਏਜੰਟਾਂ ਦੀ ਗ਼ਲਤੀ ਦੀ ਸਜਾ ਉਨ੍ਹਾਂ ਦੇ ਬੱਚਿਆਂ ਨਾ ਦਿੱਤੀ ਜਾਵੇ।
ਪੰਜਾਬ ਸਰਕਾਰ ਦੀ ਦਲੀਲ
ਪੰਜਾਬ ਦੇ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਦੇਵੇਗੀ।
ਧਾਲੀਵਾਲ ਮੁਤਾਬਕ ਇਨ੍ਹਾਂ ਵਿਦਿਆਰਥੀਆਂ ‘ਚ ਜ਼ਿਆਦਾ ਪੰਜਾਬ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਦੇ ਮਾਹਿਰ ਵਕੀਲਾਂ ਵੱਲੋਂ ਸਹਾਇਤਾ ਦਿਵਾਈ ਜਾਵੇਗੀ।
ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਉਨ੍ਹਾਂ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਟ੍ਰੈਵਲ ਏਜੰਟਾਂ ਅਤੇ ਇੰਮੀਗ੍ਰੇਸ਼ਨ ਏਜੰਸੀਆਂ ਦੇ ਕਾਗਜ਼ਾਂ ਦੀ ਪੜਤਾਲ ਕਰਕੇ 10 ਜੁਲਾਈ ਤੱਕ ਰਿਪੋਰਟ ਭੇਜੀ ਜਾਵੇ।
ਉਨ੍ਹਾਂ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਕਿ ਬਹੁਤ ਸਾਰੇ ਟ੍ਰੈਵਲ ਏਜੰਟ ਗੈਰ ਕਾਨੂੰਨੀ ਤਰੀਕੇ ਨਾਲ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਕੈਨੇਡਾ ਸਰਕਾਰ ਨਾਲ ਵਿਚਾਰੇ।
ਪੰਜਾਬ ਸਰਕਾਰ ਨੇ ਵੀ ਪ੍ਰੈੱਸ ਰਿਲੀਜ਼ ਜਾਰੀ ਕਰਕੇ ਕਿਹਾ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ ਤੇ ਨਾਲ ਹੀ ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ।