ਹਰਭਜਨ ਤੇ ਯੁਵਰਾਜ ਸਿੰਘ ਦੀ ਤੌਬਾ-ਤੌਬਾ ਵਾਲੀ ਵੀਡੀਓ ’ਤੇ ਕੀ ਵਿਵਾਦ ਹੋਇਆ ਜਿਸ ਬਾਰੇ ਕੇਸ ਦਰਜ ਕਰਨ ਦੀ ਮੰਗ ਉੱਠੀ

ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਦੀ ਇੱਕ ਵੀਡੀਓ ਉੱਤੇ ਵਿਵਾਦ ਹੋ ਗਿਆ ਹੈ। ਇਸ ਵੀਡੀਓ ਵਿੱਚ ਹਰਭਜਨ, ਯੁਵਰਾਜ ਤੋਂ ਇਲਾਵਾ ਗੁਰਕਿਰਤ ਮਾਨ ਤੇ ਸੁਰੈਸ਼ ਰੈਨਾ ਵੀ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਇਨ੍ਹਾਂ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਹਰਕਤਾਂ ਉੱਤੇ ਅਪਾਹਜ ਲੋਕਾਂ ਦੇ ਭਾਈਚਾਰੇ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।

ਵਿਵਾਦ ਉੱਠਣ ਤੋਂ ਬਾਅਦ ਹਰਭਜਨ ਸਿੰਘ ਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ ਤੇ ਸੋਸ਼ਲ ਮੀਡੀਆ ਉੱਤੇ ਮਾਫ਼ੀ ਵੀ ਮੰਗ ਲਈ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਵੀਡੀਓ ਬਾਰੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਵੀ ਪਹੁੰਚੀ ਹੈ ਤੇ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਵਿਵਾਦ ਕਿਵੇਂ ਪੈਦਾ ਹੋਇਆ

ਹਾਲ ਹੀ ਵਿੱਚ ਬ੍ਰਿਟੇਨ ਦੇ ਬਰਮਿੰਘਮ ਵਿੱਚ ਚੈਂਪੀਅਨਸ਼ਿਪ ਆਫ ਲੈਜ਼ੈਂਡਜ਼ (WCL) ਟੂਰਨਾਮੈਂਟ ਸਮਾਪਤ ਹੋਇਆ ਸੀ। ਇਸ ਟੂਰਨਾਮੈਂਟ ਵਿੱਚ ਮੁੱਖ ਤੌਰ ਉੱਤੇ ਸਾਬਕਾ ਖਿਡਾਰੀ ਹਿੱਸਾ ਲੈ ਰਹੇ ਹਨ।

ਇਸ ਖਿਤਾਬ ਨੂੰ ਭਾਰਤੀ ਟੀਮ ਵੱਲੋਂ ਜਿੱਤਿਆ ਗਿਆ ਸੀ। ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੈਸ਼ ਰੈਨਾ ਤੇ ਗੁਰਕੀਰਤ ਮਾਨ ਵੀ ਇਸੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਪਹੁੰਚੇ ਸਨ।

ਹਰਭਜਨ ਸਿੰਘ ਵੱਲੋਂ ਇੱਕ ਵੀਡੀਓ 14 ਜੁਲਾਈ ਨੂੰ ਸੋਸ਼ਲ ਮੀਡੀਆ ਉੱਤੇ ਪਾਈ ਗਈ ਜਿਸ ਵਿੱਚ ਉਹ ਅਤੇ ਹੋਰ ਖਿਡਾਰੀ ਵਿੱਕੀ ਕੌਸ਼ਲ ਦੀ ਫਿਲਮ ਬੈਡ ਨਿਊਜ਼ ਦੇ ਗਾਣੇ ‘ਤੌਬਾ-ਤੌਬਾ’ ਉੱਤੇ ਅਪਾਹਜ ਲੋਕਾਂ ਵਾਂਗ ਤੁਰਦੇ ਹੋਏ ਵੇਖੇ ਗਏ। ਸਭ ਤੋਂ ਪਹਿਲਾਂ ਯੁਵਰਾਜ ਸਿੰਘ ਫਿਰ ਹਰਭਜਨ ਸਿੰਘ ਅਤੇ ਉਨ੍ਹਾਂ ਦੇ ਪਿੱਛੇ ਸੁਰੇਸ਼ ਰੈਨਾ ਵੀ ਲੰਗੜਾ ਕੇ ਤੁਰਦੇ ਹੋਏ ਆਉਂਦੇ ਹਨ।

ਕੀ ਇਤਰਾਜ਼ ਪ੍ਰਗਟ ਹੋਏ

ਨੈਸ਼ਨਲ ਸੈਂਟਰ ਫਾਰ ਪ੍ਰੋਮੋਸ਼ਨ ਆਫ ਇਮਪਲੌਏਮੈਂਟ ਫੌਰ ਡਿਸਏਬਲ ਪੀਪਲ ਦੇ ਐਗਜ਼ੀਕੁਟਿਵ ਡਾਇਰੈਕਟਰ ਅਰਮਾਨ ਅਲੀ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਜਾਵੇ ।

ਅਰਮਾਨ ਅਲੀ ਨੇ ਕਿਹਾ , “ਮੇਰਾ ਮੰਨਣਾ ਹੈ ਕਿ ਇਹ ਭਾਰਤ ਦੇ 10 ਕਰੋੜ ਤੋਂ ਵੱਧ ਦਿਵਯਾਂਗ ਲੋਕਾਂ ਦੀ ਬੇਇੱਜ਼ਤੀ ਹੈ। ਇੱਕ ਮੈਂਬਰ ਪਾਰਲੀਮੈਂਟ ਹੋਣ ਕਰਕੇ ਹਰਭਜਨ ਸਿੰਘ ਨੂੰ ਤਾਂ ਡਿਸਏਬਲ ਭਾਈਚਾਰੇ ਦੀ ਅਵਾਜ਼ ਚੁੱਕਣੀ ਚਾਹੀਦੀ ਹੈ ਪਰ ਇਹ ਕਿਹੋ ਜਿਹੇ ਵੀਡੀਓ ਬਣਾ ਰਹੇ ਹਨ, ਇੰਨ੍ਹਾਂ ਦੇ ਕਰੋੜਾਂ ਫੌਲੋਅਰਜ਼ ਹਨ , ਇਹ ਕੀ ਮਿਸਾਲ ਪੇਸ਼ ਕਰ ਰਹੇ ਹਨ।”

ਹਾਲਾਂਕਿ ਹਰਭਜਨ ਸਿੰਘ ਵੀਡੀਓ ਹਟਾਉਣ ਤੋਂ ਬਾਅਦ ਮੁਆਫੀ ਵੀ ਮੰਗ ਚੁੱਕੇ ਹਨ, ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਹੀ ਪੋਸਟ ਪਾਇਆ ਅਤੇ ਕਿਹਾ, “ਮੈਂ ਆਪਣੇ ਉਨ੍ਹਾਂ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਸੀ, ਜੋ ਇੰਗਲੈਂਡ ਵਿੱਚ ਚੈਂਪੀਅਨਸ਼ਿਪ ਜਿੱਤਣ ਦੀ ਤੋਂ ਬਾਅਦ ਸਾਡੀ ਤੌਬਾ-ਤੌਬਾ ਵਾਲੀ ਤਾਜ਼ਾ ਵੀਡੀਓ ਬਾਰੇ ਸ਼ਿਕਾਇਤ ਕਰ ਰਹੇ ਹਨ।”

“ਅਸੀਂ ਕਿਸੇ ਦੀਆਂ ਭਾਵਾਨਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸੀ। ਅਸੀਂ ਹਰ ਸ਼ਖ਼ਸ ਅਤੇ ਭਾਈਚਾਰੇ ਦੀ ਇੱਜ਼ਤ ਕਰਦੇ ਹਾਂ ਅਤੇ ਇਹ ਵੀਡੀਓ ਲਗਾਤਾਰ 15 ਦਿਨ ਕ੍ਰਿਕਟ ਖੇਡਣ ਤੋਂ ਬਾਅਦ ਸਾਡੇ ਸੁੱਜੇ ਹੋਏ ਸਰੀਰ ਦੀ ਹਾਲਤ ਨੂੰ ਦਰਸਾਉਣ ਲਈ ਸੀ। “

“ਅਸੀਂ ਕਿਸੇ ਦੀ ਬੇਇੱਜ਼ਤੀ ਜਾਂ ਠੇਸ ਪਹੁੰਚ ਲਈ ਅਜਿਹਾ ਨਹੀਂ ਕੀਤਾ, ਫਿਰ ਵੀ ਜੇ ਲੋਕ ਸਮਝਦੇ ਹਨ ਕਿ ਅਸੀਂ ਕੁਝ ਗਲਤ ਕੀਤਾ ਹੈ ਤਾਂ ਮੈਂ ਆਪਣੇ ਵੱਲੋਂ ਸਭ ਤੋਂ ਮੁਆਫੀ ਮੰਗਦਾ ਹਾਂ । ਕ੍ਰਿਪਾ ਕਰਕੇ ਇਸ ਨੂੰ ਇੱਥੇ ਰੋਕੀਏ ਅਤੇ ਅੱਗੇ ਵਧੀਏ ।”

ਸੋਸ਼ਲ ਮੀਡੀਆ 'ਤੇ ਹਰਭਜਨ ਸਿੰਘ ਦੀ ਹੋਈ ਅਲੋਚਨਾ

ਹਰਭਜਨ ਸਿੰਘ ਮੁਤਾਬਕ ਉਹ ਵੀਡੀਓ ਵਿੱਚ 15 ਦਿਨ ਕ੍ਰਿਕਟ ਖੇਡਣ ਕਰਕੇ ਉਨ੍ਹਾਂ ਦੇ ਸਰੀਰ ਦੀ ਹੋਈ ਹਾਲਤ ਬਿਆਨ ਕਰ ਰਹੇ ਸਨ , ਹਾਲਾਂਕਿ ਖਿਡਾਰੀਆਂ ਦੇ ਦਰਦ ਨੂੰ ਪੇਸ਼ ਕਰਨ ਦੇ ਇਸ ਤਰੀਕੇ ਨੇ ਵਿਵਾਦ ਸਹੇੜ ਲਿਆ ਹੈ ।

ਹਰਭਜਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੈਰਾ ਖਿਡਾਰੀਆਂ ਦੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪੈਰਾ ਤੈਰਾਕ ਸ਼ਾਮਸ ਆਲਮ ਨੇ ਇੰਸਟਾਗ੍ਰਾਮ 'ਤੇ ਲਿਖਿਆ, “ਅਸੀਂ ਸਰੀਰ ਦੇ ਦਰਦ ਨੂੰ ਸਮਝਦੇ ਹਾਂ ਪਰ ਜਿਸ ਤਰ੍ਹਾਂ ਤੁਸੀਂ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਬਿਆਨ ਕੀਤਾ ਅਤੇ ਡਿਸਏਬਲ ਭਾਈਚਾਰੇ ਦਾ ਮਜ਼ਾਕ ਬਣਾਇਆ ਉਹ ਸਵੀਕਾਰ ਕਰਨ ਯੋਗ ਨਹੀਂ ਹੈ ।”

ਭਾਵੇਂ ਹਰਭਜਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਵਿਵਾਦ ਵਿੱਚ ਫਸੇ ਹਨ ਪਰ ਉਨ੍ਹਾਂ ਨੂੰ ਡਿਫਰੈਂਟਲੀ ਏਬਲਡ ਕ੍ਰਿਕਟ ਕਾਊਂਸਲ ਆਫ ਇੰਡੀਆ (DCCI) ਦੇ ਜਨਰਲ ਸਕੱਤਰ ਦਾ ਸਾਥ ਵੀ ਮਿਲਿਆ ਹੈ।

DCCI ਜਨਰਲ ਸਕੱਤਰ ਰਵੀ ਚੌਹਾਨ ਨੇ ਟਾਈਮਜ਼ ਔਫ ਇੰਡੀਆ ਨਾਲ ਗੱਲਬਾਤ ਦੌਰਾਨ ਦੱਸਿਆ, “ਮੈਂ ਹਰਭਜਨ ਸਿੰਘ ਨਾਲ ਗੱਲ ਕੀਤੀ ਅਤੇ ਜ਼ਾਹਿਰ ਕੀਤਾ ਕਿ ਇਹ ਡਿਫਰੈਂਟਲੀ ਏਬਲਡ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਅਤੇ ਵੀਡੀਓ ਨਿਰਾਸ਼ ਕਰਨ ਵਾਲਾ ਹੈ ।”

ਰਵੀ ਚੌਹਾਨ ਅੱਗੇ ਕਹਿੰਦੇ ਹਨ, “ਉਨ੍ਹਾਂ ਨੇ ਤੁਰੰਤ ਮੁਆਫੀ ਮੰਗੀ ਅਤੇ ਵਾਅਦਾ ਕੀਤਾ ਕਿ ਉਹ ਇਹ ਵੀਡੀਓ ਹਟਾ ਦੇਣਗੇ ਅਤੇ ਮੈਂ ਸੰਤੁਸ਼ਟ ਹਾਂ ਕਿ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ। ਮੈਨੂੰ ਯਕੀਨ ਹੈ ਕਿ ਸਾਡੇ ਕ੍ਰਿਕਟ ਸੁਪਰ ਸਟਾਰਜ਼ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।”

ਰਵੀ ਚੌਹਾਨ ਭਾਵੇਂ ਇਸ ਨੂੰ ਇੱਕ ਭੁੱਲ ਮੰਨ ਰਹੇ ਨੇ ਪਰ ਮੁਆਫੀ ਦੇ ਬਾਵਜੂਦ ਹਰਭਜਨ ਸਿੰਘ ਨੂੰ ਸਖ਼ਤ ਪ੍ਰਤੀਕਿਰਿਆਵਾਂ ਨਾਲ ਨਜਿੱਠਣਾ ਪੈ ਰਿਹਾ ਹੈ।

ਜਿਸ ਤਰ੍ਹਾਂ ਨਾਲ ਸਾਬਕਾ ਕ੍ਰਿਕਟਰ ਨੇ ਇੰਸਟਾਗ੍ਰਾਮ ਦੇ ਜ਼ਰੀਏ ਮੁਆਫੀ ਮੰਗੀ ਹੈ ਉਸ ’ਤੇ ਵੀ ਇਤਰਾਜ਼ ਜਤਾਇਆ ਗਿਆ ਹੈ।

ਹਰਭਜਨ ਸਿੰਘ ਖ਼ਿਲਾਫ FIR ਦੀ ਮੰਗ ਕਰਨ ਵਾਲੇ ਅਰਮਾਨ ਅਲੀ ਕਹਿੰਦੇ ਹਨ, “ਕੀ ਇੱਕ ਰਸਮੀ ਬਿਆਨ ਨਹੀਂ ਆ ਸਕਦਾ ਤੁਹਾਡਾ, ਕੀ ਹਸਤਾਖ਼ਰ ਕੀਤਾ ਹੋਇਆ ਇੱਕ ਲਿਖਤ ਬਿਆਨ ਨਹੀਂ ਆ ਸਕਦਾ? ਇੱਕ ਇੰਸਟਾਗ੍ਰਾਮ ਦੀ ਸਟੋਰੀ 'ਤੇ ਆਏਗਾ? ਕਈ ਹੋਰ FIRs ਦਰਜ ਹੋਣਗੀਆਂ ਪੂਰੇ ਭਾਰਤ ਵਿੱਚ ਅਤੇ ਇੰਨ੍ਹਾਂ ਸਾਰੀਆਂ ਦਾ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ।”

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।