ਅਮ੍ਰਿਤਪਾਲ ਸਿੰਘ : 'ਖਾਲਿਸਤਾਨ ਸਮਰਥਕ ਨਾ ਹੋਣ' ਦੇ ਮਾਂ ਦੇ ਬਿਆਨ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹੜੀ ਸਾਖੀ ਦਾ ਹਵਾਲਾ ਦਿੱਤਾ

ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਨਵੇਂ ਚੁਣੇ ਗਏ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਨੇ ਆਪਣੀ ਮਾਤਾ ਦੇ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ''ਖਾਲਿਸਤਾਨ ਸਮਰਥਕ ਨਾ ਹੋਣ'' ਦੇ ਦਿੱਤੇ ਬਿਆਨ ਉੱਤੇ ਸਪੱਸ਼ਟੀਕਰਨ ਦਿੱਤਾ ਹੈ।

ਅਮ੍ਰਿਤਪਾਲ ਸਿੰਘ ਕਰੀਬ ਤੋਂ ਸਾਲ ਤੋਂ ਵੱਧ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨੈਸ਼ਨਲ ਸਕਿਊਰਿਟੀ ਐਕਟ ਤਹਿਤ ਬੰਦ ਹਨ।

ਉਨ੍ਹਾਂ ਨੂੰ 5 ਜੁਲਾਈ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਸ਼ਰਤਾਂ ਸਹਿਤ ਚਾਰ ਦਿਨਾਂ ਦੀ ਆਰਜ਼ੀ ਰਿਹਾਈ ਦਿੱਤੀ ਗਈ ਸੀ।

ਜਿਸ ਤਹਿਤ ਉਹ ਦਿੱਲੀ ਆਏ ਹੋਏ ਸਨ ਅਤੇ ਅੰਮ੍ਰਿਤਸਰ ਦੇਹਾਤੀ ਪੁਲਿਸ ਦੇ ਸੁਰੱਖਿਆ ਘੇਰੇ ਵਿੱਚ ਰਹੇ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਤੋ ਇਲਾਵਾ ਹੋਰ ਕਿਸੇ ਨੂੰ ਮਿਲਣ ਜਾਂ ਕੋਈ ਬਿਆਨਬਾਜ਼ੀ ਕਰਨ ਦੀ ਮਨਾਹੀ ਸੀ।

ਪਰ ਅਮ੍ਰਿਤਪਾਲ ਸਿੰਘ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਦੀ ਮਾਤਾ ਵਲੋਂ ਦਿੱਤੇ ਗਏ ਬਿਆਨ ਉੱਤੇ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਾਤਾ ਨੇ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਹੈ, ” ਜੋ ਕਿ ਉਨ੍ਹਾਂ ਦੇ ਪਰਿਵਾਰ ਜਾਂ ਕਿਸੇ ਵੀ ਹਮਾਇਤੀ ਵੱਲੋਂ ਨਹੀਂ ਆਉਣਾ ਚਾਹੀਦਾ ਸੀ।''

ਅਮ੍ਰਿਤਪਾਲ ਜੋ ਕਿ ਖਡੂਰ ਸਾਹਿਬ ਹਲਕੇ ਲੋਕ ਸਭਾ ਮੈਂਬਰ ਚੁਣੇ ਗਏ ਹਨ, ਸਹੁੰ ਚੁੱਕਣ ਲਈ ਦਿੱਲੀ ਆਏ ਹੋਏ ਹਨ।

ਇਸ ਦੌਰਾਨ ਉਨ੍ਹਾਂ ਦੀ ਮਾਂ ਨੇ ਕਿਹਾ ਸੀ ਕਿ ਅਮ੍ਰਿਤਪਾਲ ਖ਼ਾਲਿਸਤਾਨ ਪੱਖੀ ਨਹੀਂ ਹਨ, ਉਨ੍ਹਾਂ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ।

ਅਮ੍ਰਿਤਪਾਲ ਦਾ ਤਾਜ਼ਾ ਬਿਆਨ ਕੀ ਹੈ

ਅਮ੍ਰਿਤਪਾਲ ਦਾ ਇਹ ਬਿਆਨ ਆਪਣੀ ਮਾਂ ਦੇ ਬਿਆਨ ਤੋਂ ਬਾਅਦ ਆਪਣੇ ਅਧਿਕਾਰਿਤ ਟਵਿਟਰ ਹੈਂਡਲ ਤੋਂ ਪੱਸ਼ਟੀਕਰਨ ਵਜੋਂ ਸਾਂਝਾ ਕੀਤਾ ਗਿਆ ਹੈ।

ਉਨ੍ਹਾਂ ਨੇ ਲਿਖਿਆ, “ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ, ਉਸ ਵੱਲੋਂ ਨਹੀਂ ਆਉਣਾ ਚਾਹੀਦਾ।”

ਉਨ੍ਹਾਂ ਨੇ ਲਿਖਿਆ, “ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।“

ਉਨ੍ਹਾਂ ਨੇ ਆਪਣੀ ਮਾਂ ਅਤੇ ਆਪਣੇ ਸੰਬੰਧ ਵਿੱਚ ਸਥਿਤੀ ਸਪੱਸ਼ਟ ਕਰਨ ਲਈ ਸਿੱਖ ਇਤਿਹਾਸ ਦੀ ਇੱਕ ਘਟਨਾ ਦਾ ਹਵਾਲਾ ਦਿੱਤਾ।

ਉਨ੍ਹਾਂ ਨੇ ਲਿਖਿਆ,“ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ।“

ਉਹ ਲਿਖਦੇ ਹਨ, “ਬੇਸ਼ੱਕ ਇਹ ਉਦਾਹਰਨ ਇਸ ਘਟਨਾ ਵਾਸਤੇ ਬੇਹੱਦ ਸਖ਼ਤ ਹੈ ,ਪਰ ਸਿਧਾਂਤਕ ਪੱਖ਼ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ।”

ਅਮ੍ਰਿਤਪਾਲ ਸਿੰਘ ਦੀ ਮਾਂ ਨੇ ਕੀ ਕਿਹਾ ਸੀ

ਅਮ੍ਰਿਤਪਾਲ ਸਿੰਘ ਨੂੰ 5 ਜੁਲਾਈ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਲੋਕ ਸਭਾ ਸਪੀਕਰ ਦੇ ਚੈਂਬਰ ਵਿੱਚ ਸਹੁੰ ਚੁੱਕੀ ਸੀ।

ਇਸ ਮੌਕੇ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਸੀ, “ਅਮ੍ਰਿਤਪਾਲ ਸਿੰਘ ਵੱਲੋਂ ਸਹੁੰ ਚੁੱਕ ਲਏ ਜਾਣ ਉੱਤੇ ਖਡੂਰ ਸਾਹਿਬ ਦੇ ਲੋਕਾਂ ਅਤੇ ਹੋਰ ਸੰਗਤਾਂ ਨੂੰ ਖ਼ੁਸ਼ੀ ਹੈ।”

ਅਮ੍ਰਿਤਪਾਲ ਸਿੰਘ ਦੇ ਖਾਲਿਸਤਾਨੀ ਸਮਰਥਕ ਹੋਣ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਲਵਿੰਦਰ ਕੌਰ ਨੇ ਕਿਹਾ, "ਕੋਈ ਕੁਝ ਵੀ ਕਹੇ ਉਹ ਕੋਈ ਖਾਲਿਸਤਾਨੀ ਸਰਮਰਥਕ ਨਹੀਂ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾਲ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੋ ਜਾਂਦਾ, ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਨ੍ਹਾਂ ਨੇ ਚੋਣ ਲੜੀ ਹੈ, ਸੰਵਿਧਾਨ ਦੀ ਸਹੁੰ ਚੁੱਕੀ ਹੈ ਤਾਂ ਅਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ।"

ਇਸ ਮੌਕੇ ਬਲਵਿੰਦਰ ਕੌਰ ਨੇ ਕਿਹਾ ਕਿ ਲੋਕਾਂ ਨੇ ਅਮ੍ਰਿਤਪਾਲ ਸਿੰਘ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਹੈ ਇਸ ਲਈ ਅਮ੍ਰਿਤਪਾਲ ਸਿੰਘ ਨੂੰ ਲੋਕਾਂ ਨਾਲ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ ਸਰਕਾਰ ਵੱਲੋਂ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਖਾਲਿਸਤਾਨ ਕੀ ਹੈ

ਜਦੋਂ ਵੀ ਸਿੱਖਾਂ ਦੀ ਖੁਦਮੁਖ਼ਤਾਰੀ ਜਾਂ ਖ਼ਾਲਿਸਤਾਨ ਦੀ ਮੰਗ ਉੱਠਦੀ ਹੈ, ਤਾਂ ਸਾਰਿਆਂ ਦਾ ਧਿਆਨ ਭੂਗੋਲਿਕ ਪੱਖੋਂ ਭਾਰਤੀ ਪੰਜਾਬ ਵੱਲ ਜਾਂਦਾ ਹੈ।

ਭਾਰਤ ਵਿੱਚ ਕੁਝ ਸਿੱਖ ਸੰਗਠਨ ਅਤੇ ਆਗੂ ਸਿੱਖਾਂ ਲ਼ਈ ਅਲੱਗ ਖੁਦਮੁਖਤਿਆਰ ਖਿੱਤੇ ਦੀ ਮੰਗ ਕਰਦੇ ਹਨ। ਇਸ ਨੂੰ ਉਹ ‘ਖਾਲਿਸਤਾਨ’ ਦਾ ਨਾਂ ਦਿੰਦੇ ਹਨ। ਲੋਕਤੰਤਰੀ ਅਤੇ ਹਥਿਆਰਬੰਦ, ਦੋਵੇਂ ਤਰੀਕਿਆਂ ਨਾਲ ਖਾਲਿਸਤਾਨ ਹਾਸਲ ਕਰਨ ਲਈ ਲੰਬਾ ਸੰਘਰਸ਼ ਕੀਤਾ ਗਿਆ ਹੈ। ਕੁਝ ਜਥੇਬੰਦੀਆਂ ਇਸ ਆਸ਼ੇ ਦੀ ਪਾਪ੍ਰਤੀ ਲ਼ਈ ਅਜੇ ਵੀ ਲੱਗੀਆਂ ਹੋਈਆਂ ਹਨ। ਅਮ੍ਰਿਤਪਾਲ ਸਿੰਘ ਦੀ 'ਜਥੇਬੰਦੀ ਵਾਰਿਸ ਪੰਜਾਬ ਦੇ' ਵੀ ਇਸ ਮੰਗ ਦਾ ਸਮਰਥਨ ਕਰਦੀ ਹੈ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਰਿਪੋਰਟ ਮੁਤਾਬਕ ਭਾਵੇਂ ਕਿ ਖਾਲਿਸਤਾਨ ਮੰਗ ਕਾਫ਼ੀ ਪੁਰਾਣੀ ਹੈ ਅਤੇ ਇਸ ਦਾ ਜ਼ਿਕਰ ਹੁੰਦਾ ਰਿਹਾ ਹੈ ਪਰ ਇਹ ਮੰਗ ਰਸਮੀ ਤੌਰ 'ਤੇ 29 ਅਪ੍ਰੈਲ 1986 ਨੂੰ ਖਾੜਕੂ ਸੰਗਠਨਾਂ ਦੇ ਸਾਂਝੇ ਮੋਰਚੇ ਪੰਥਕ ਕਮੇਟੀ ਵੱਲੋਂ ਕੀਤੀ ਗਈ।

ਇਸ ਦਾ ਰਾਜਸੀ ਨਿਸ਼ਾਨਾ ਇੰਝ ਬਿਆਨ ਕੀਤਾ ਗਿਆ ਸੀ: "ਪਵਿੱਤਰ ਅਕਾਲ ਤਖ਼ਤ ਸਾਹਿਬ ਤੋਂ ਅੱਜ ਦੇ ਖ਼ਾਸ ਦਿਹਾੜੇ 'ਤੇ ਅਸੀਂ ਸਾਰੇ ਮੁਲਕਾਂ, ਸਰਕਾਰਾਂ ਸਾਹਮਣੇ ਐਲਾਨ ਕਰਦੇ ਹੋਏ, ਉਨ੍ਹਾਂ ਨੂੰ ਦੱਸ ਰਹੇ ਹਾਂ ਕਿ ਅੱਜ ਤੋਂ ਖ਼ਾਲਸਾ ਪੰਥ ਦਾ 'ਖ਼ਾਲਿਸਤਾਨ' ਅਲੱਗ ਘਰ ਹੋਵੇਗਾ, ਜਿੱਥੇ ਸਾਰੇ ਖਾਲਸੇ ਦੇ ਆਸ਼ੇ ਮੁਤਾਬਕ ਚੜ੍ਹਦੀ ਕਲਾ ਵਿੱਚ ਰਹਿਣਗੇ।''

"ਅਜਿਹੇ ਸਿੱਖਾਂ ਨੂੰ ਸਰਕਾਰੀ ਪ੍ਰਬੰਧ ਚਲਾਉਣ ਲਈ ਉੱਚੇ ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਜਿਹੜੇ ਸਰਬਤ ਦੇ ਭਲੇ ਲਈ ਕੰਮ ਕਰਣਗੇ ਅਤੇ ਆਪਣੇ ਖ਼ੂਨ-ਪਸੀਨੇ ਦੀ ਕਮਾਈ ਨਾਲ ਗੁਜ਼ਾਰਾ ਕਰਦੇ ਹੋਣਗੇ।"

ਭਾਰਤੀ ਪੁਲਿਸ ਦੇ ਸਾਬਕਾ ਆਈਪੀਐੱਸ ਅਫ਼ਸਰ ਸਿਮਰਨਜੀਤ ਸਿੰਘ ਮਾਨ ਨੇ ਸਾਲ 1989 ਵਿੱਚ ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਇਸ ਮੁੱਦੇ ਨੂੰ ਚੁੱਕਿਆ ਸੀ। ਪਰ ਉਹ ਵਾਰ-ਵਾਰ ਆਪਣਾ ਰੁਖ਼ ਬਦਲਦੇ ਰਹੇ।

ਸਿਮਰਨਜੀਤ ਸਿੰਘ ਮਾਨ ਹੁਣ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ ਹੈ।

ਇਸੇ ਤਰ੍ਹਾਂ ਭਾਵੇਂ ਅਮ੍ਰਿਤਪਾਲ ਸਿੰਘ ਵੀ ਖੁਦ ਨੂੰ ਖਾਲਿਸਤਾਨ ਸਮਰਥਕ ਦੱਸਦੇ ਹਨ, ਪਰ ਉਨ੍ਹਾਂ ਨੇ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ ਹੈ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕ ਸਹੁੰ ਚੁੱਕਣ ਨੂੰ ਆਪਣੇ ਸੰਘਰਸ਼ ਦਾ ਇੱਕ ਦਾਅ ਪੇਚ ਦੱਸਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)