ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਜੋ ਲੁਕ ਆਉਟ ਸਰਕੁਲਰ ਜਾਰੀ ਹੋਇਆ, ਉਹ ਕਦੋਂ ਜਾਰੀ ਹੁੰਦਾ ਹੈ

ਤਸਵੀਰ ਸਰੋਤ, Charanjit Singh Channi/FB
ਪੰਜਾਬ ਵਿਜੀਲੈਂਸ ਬਿਓਰੋ ਨੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁਕ ਆਉਟ ਨੋਟਿਸ ਜਾਰੀ ਕਰ ਦਿੱਤਾ ਹੈ।
ਚਰਨਜੀਤ ਸਿੰਘ ਚੰਨੀ 'ਤੇ ਕਥਿਤ ਤੌਰ 'ਤੇ ਆਮਦਨ ਦੇ ਸਪਸ਼ਟ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਸਬੰਧੀ ਜਾਂਚ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਨੇ ਭਗਵੰਤ ਮਾਨ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਕਾਂਗਰਸੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈੈ।
ਕੀ ਹੁੰਦਾ ਹੈ ਲੁਕ ਆਉਟ ਨੋਟਿਸ 'ਤੇ ਕਿਸ ਸਥਿਤੀ 'ਚ ਜਾਰੀ ਕੀਤਾ ਜਾਂਦਾ ਹੈ, ਇਸ ਬਾਰੇ ਜਾਣਨ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਇਸ ਪੂਰੇ ਮਾਮਲੇ ਵਿੱਚ ਚੰਨੀ ਸਮੇਤ ਹੋਰ ਸਿਆਸੀ ਆਗੂਆਂ ਦਾ ਕੀ ਕਹਿਣਾ ਹੈ।
‘ਬਜਟ ਦੀਆਂ ਖਾਮੀਆਂ ਲੁਕਾਉਣ ਦੀ ਕੋਸ਼ਿਸ਼’

ਤਸਵੀਰ ਸਰੋਤ, Getty Images
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ''ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਕਿ ਜਿਹੜਾ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਅਤੇ ਅੱਜ ਦੀ ਡੇਟ 'ਚ ਚੰਨੀ ਸਾਬ੍ਹ ਖ਼ਿਲਾਫ਼ ਕੋਈ ਕੇਸ ਨਹੀਂ ਹੈ, ਕਿਉਂਕਿ ਬਜਟ 'ਚ ਕੁਝ ਨਹੀਂ ਹੈ, ਉਹ ਖਾਮੀਆਂ ਲੁਕਾਉਣ ਵਾਸਤੇ ਚੰਨੀ ਸਾਬ੍ਹ ਖਿਲਾਫ਼ ਲੁਕ ਆਉਟ ਨੋਟਿਸ ਜਾਰੀ ਕਰ ਰਹੇ ਹੋ।'
''ਚੰਨੀ ਸਾਬ੍ਹ ਤਾਂ ਕਿਤੇ ਜਾ ਹੀ ਨਹੀਂ ਰਹੇ, ਫਿਰ ਉਨ੍ਹਾਂ ਖ਼ਿਲਾਫ਼ ਲੁਕ ਆਉਟ ਨੋਟਿਸ ਕਿਉਂ ਜਾਰੀ ਕੀਤਾ ਗਿਆ।''
ਉਨ੍ਹਾਂ ਕਿਹਾ ਕਿ ''ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਮੈਂ ਟਿਕਟ ਕਟਵਾਈ ਹੈ ਪਰ ਜਿਸ ਦਿਨ ਵਿਧਾਨ ਸਭਾ 'ਚ ਮੁੱਖ ਮੰਤਰੀ ਸਾਬ੍ਹ ਨੇ ਕਿਹਾ, ਉਸ ਤੋਂ ਬਾਅਦ ਮੈਂ ਆਪਣੀ ਟਿਕਟ ਕੈਂਸਲ ਕਰਵਾ ਦਿੱਤੀ।''
ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਾਰੇ ਭਗੌੜੇ ਹਨ, ਪਰ ਕੋਈ ਕਿਤੇ ਭੱਜਣ ਵਾਲਾ ਨਹੀਂ ਹੈ।
‘ਇਹ ਕਾਂਗਰਸ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼’

ਤਸਵੀਰ ਸਰੋਤ, PARTAP SINGH BAJWA/FB
ਪ੍ਰਤਾਪ ਬਾਜਵਾ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਕਾਂਗਰਸ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ, “ਲੁਕ ਆਊਟ ਸਰਕੁਲਰ ਜੇ ਮਾਨ ਸਰਕਾਰ ਵੱਲੋਂ ਜਾਰੀ ਕੀਤਾ ਜਾਣਾ ਸੀ ਤਾਂ ਉਨ੍ਹਾਂ ਦੇ ਆਗੂਆਂ ਖਿਲਾਫ਼ ਪਹਿਲਾਂ ਜਾਰੀ ਕੀਤਾ ਜਾਣਾ ਚਾਹੀਦਾ ਸੀ ਜਿਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ।”
“ਪੰਜਾਬ ਵਿੱਚ ਜਲੰਧਰ ਲੋਕ ਸਭਾ ਲਈ ਜਿਮਨੀ ਚੋਣ ਹੈ ਇਸੇ ਲਈ ਕਾਂਗਰਸੀਆਂ ਉੱਤੇ ਦਬਾਅ ਪਾਉਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ।”
ਉਨ੍ਹਾਂ ਕਿਹਾ ਕਿ ਇਹ ਸਾਰੀ ਰਣਨੀਤੀ ਭਗਵੰਤ ਮਾਨ ਦੀ ਹੈ ਤੇ ਇਹ ਸਰਕਾਰ ਹੋਰ ਕਾਂਗਰਸੀ ਲੀਡਰਾਂ 'ਤੇ ਵੀ ਅਜਿਹੀਆਂ ਕਰਵਾਈਆਂ ਕਰਵਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਰਣਨੀਤੀ ਵਿੱਚ 'ਆਪ' ਬੁਰੀ ਤਰ੍ਹਾਂ ਫੇਲ ਹੋਵੇਗੀ।

- ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁਕ ਆਉਟ ਨੋਟਿਸ ਜਾਰੀ
- ਚੰਨੀ 'ਤੇ ਕਥਿਤ ਤੌਰ 'ਤੇ ਆਮਦਨ ਦੇ ਸਪਸ਼ਟ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ
- ਕਾਂਗਰਸ ਆਗੂਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ
- ਚੰਨੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਵਿਦੇਸ਼ ਚਲੇ ਗਏ ਸਨ ਤੇ ਕੁਝ ਸਮਾਂ ਪਹਿਲਾਂ ਹੀ ਦੇਸ਼ ਵਾਪਸ ਪਰਤੇ ਹਨ
- ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਤੇ ਘਪਲੇਬਾਜ਼ੀ ਦੇ ਇਲਜ਼ਾਮ ਲਗਾਏ ਸਨ

ਸ਼੍ਰੋਮਣੀ ਅਕਾਲੀ ਦਲ ਆਗੂ, ਮਨਪ੍ਰੀਤ ਸਿੰਘ ਅਯਾਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਪੱਖਪਾਤ ਨਹੀਂ ਹੋਣਾ ਚਾਹੀਦਾ, ਬਦਲੇ ਵਾਲੀ ਭਾਵਨਾ ਨਾਲ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਜਿਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਉਸ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।''
ਚਰਨਜੀਤ ਸਿੰਘ ਚੰਨੀ ਨੇ ਬਾਹਰ ਜਾਣ ਬਾਰੇ ਕੀ ਕਿਹਾ

ਤਸਵੀਰ ਸਰੋਤ, Charanjit Singh Channi/FB
ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਬਾਹਰ ਜਾਣ ਬਾਰੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ, ''ਕੈਲੀਫੋਰਨੀਆ ਵਿੱਚ ਸੈਕਰਾਮੈਂਟੋ ਇੱਕ ਥਾਂ ਹੈ, ਉੱਥੇ ਗੁਰੂ ਰਵੀਦਾਸ ਜੀ ਦਾ ਇੱਕ ਵੱਡਾ ਮੰਦਰ ਬਣਿਆ ਹੋਇਆ ਹੈ। ਪਿਛਲੇ 23 ਸਾਲਾਂ ਤੋਂ ਉੱਥੇ ਹਰ ਸਾਲ ਇੱਕ ਬਹੁਤ ਵੱਡਾ ਨਗਰ ਕੀਰਤਨ ਨਿਕਲਦਾ ਹੈ।''
''ਉਨ੍ਹਾਂ ਨੇ ਮੈਨੂੰ ਵੀ ਸੱਦਾ ਭੇਜਿਆ ਸੀ। ਮੈਂ ਟਿਕਟ ਬੁੱਕ ਕਰਵਾਈ ਹੋਈ ਸੀ ਤੇ ਮੇਰੀ ਫਲਾਈਟ ਸੀ।''
''ਪਰ ਦੋ ਦਿਨ ਪਹਿਲਾਂ ਮੁੱਖ ਮੰਤਰੀ ਜੀ ਨੇ ਵਿਧਾਨ ਸਭਾ 'ਚ ਕਿਹਾ ਕਿ ਚੰਨੀ ਨੂੰ ਫੜ੍ਹਨਾ ਹੈ, ਇਸ 'ਤੇ ਵੀ ਕੇਸ ਬਣਾਉਣੇ ਹਨ। ਮੈਂ ਕਿਹਾ ਜੇ ਮੈਂ ਚਲਿਆ ਗਿਆ ਤਾਂ ਬਾਅਦ 'ਚ ਕਹੇਗਾ ਕਿ ਭੱਜ ਗਿਆ। ਇਸ ਕਰਕੇ ਮੈਨੂੰ ਆਪਣੀ ਫਲਾਈਟ ਕੈਂਸਲ ਕਰਨੀ ਪਈ ਤੇ ਮੈਂ ਨਹੀਂ ਜਾ ਰਿਹਾ ਹਾਂ।''
ਕਦੋਂ ਜਾਰੀ ਹੁੰਦਾ ਹੈ ਲੁਕ ਆਊਟ ਸਰਕੁਲਰ
ਬੀਬੀਸੀ ਪੰਜਾਬੀ ਸਹਿਯੋਗੀ ਮਯੰਕ ਮੋਂਗੀਆ ਨੇ ਸੀਨੀਅਰ ਵਕੀਲ ਆਰਐੱਸ ਬੈਂਸ ਨਾਲ ਇਸ ਬਾਰੇ ਗੱਲਬਾਤ ਕੀਤੀ।
ਆਰਐੱਸ ਬੈਂਸ ਕਹਿੰਦੇ ਹਨ, ''ਜਦੋਂ ਵੀ ਅਦਾਲਤ ਨੂੰ ਸੁਣਵਾਈ ਲਈ ਅਤੇ ਪੁਲਿਸ ਨੂੰ ਜਾਂਚ ਲਈ ਕੋਈ ਮੁਲਜ਼ਮ ਲੋੜੀਂਦਾ ਹੁੰਦਾ ਹੈ ਤਾਂ ਉਸ ਸਥਿਤੀ ਵਿੱਚ ਲੁਕ ਆਊਟ ਨੋਟਿਸ ਜਾਰੀ ਕੀਤਾ ਜਾਂਦਾ ਹੈ।''
ਉਨ੍ਹਾਂ ਮੁਤਾਬਕ, “ਇਹ ਜ਼ਮਾਨਤ (ਲਿਖਤੀ) ਦਾ ਇੱਕ ਹਿੱਸਾ ਹੀ ਹੁੰਦਾ ਹੈ ਕਿ ਤੁਸੀਂ ਅਦਾਲਤ ਨੂੰ ਦੱਸੇ ਬਿਨਾਂ ਜਾਂ ਜਾਂਚ ਅਫ਼ਸਰ ਨੂੰ ਦੱਸੇ ਬਿਨਾਂ ਦੇਸ਼ ਨਹੀਂ ਛੱਡ ਸਕਦੇ ਹੋ।”
ਬੈਂਸ ਕਹਿੰਦੇ ਹਨ ਕਿ ਕਈ ਵਾਰ ਪੁਲਿਸ ਕੋਲ ਜਾਣਕਾਰੀ ਹੁੰਦੀ ਹੈ ਕਿ ਸਬੰਧਿਤ ਵਿਅਕਤੀ ਬਾਹਰ ਜਾਣ ਦੀ ਕੋਸ਼ਿਸ਼ ਕਰ ਸਕਦਾ ਹੈ, ਉਸ ਸਥਿਤੀ 'ਚ ਪੁਲਿਸ ਉਨ੍ਹਾਂ ਸਾਰੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਨੂੰ ਇਸ ਬਾਰੇ ਸੂਚਿਤ ਕਰ ਦਿੰਦੀ ਹੈ, ਜਿੱਥੋਂ ਵਿਅਕਤੀ ਜਹਾਜ਼ ਸਮੁੰਦਰੀ ਜਹਾਜ਼ ਚੜ੍ਹ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਭੱਜਣ ਤੋਂ ਰੋਕਣ ਲਈ ਇਹ ਆਮ ਹੀ ਪ੍ਰਕਿਰਿਆ ਹੈ।
ਚੰਨੀ ਦੇ ਮਾਮਲੇ ਵਿੱਚ ਉਹ ਕਹਿੰਦੇ ਹਨ ਕਿ ਹੋ ਸਕਦਾ ਹੈ ਉਨ੍ਹਾਂ 'ਤੇ ਕੋਈ ਕੇਸ ਚੱਲ ਰਿਹਾ ਹੋਵੇ ਤੇ ਇਸੇ ਕਾਰਨ ਉਨ੍ਹਾਂ ਨੇ ਚੰਨੀ ਖ਼ਿਲਾਫ਼ ਇਹ ਨੋਟਿਸ ਜਾਰੀ ਕੀਤਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)













