ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੀ ਇਲਜ਼ਾਮ ਹਨ ਅਤੇ ਇਸ ਤੋਂ ਪਹਿਲਾਂ ਕਦੋਂ-ਕਦੋਂ ਗਏ ਜੇਲ੍ਹ, ਪਿਛਲੇ ਮਾਮਲਿਆਂ ਦਾ ਕੀ ਬਣਿਆ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਮੁੜ ਚਰਚਾ ਵਿੱਚ ਹਨ। ਇਸ ਵਾਰ ਚਰਚਾ ਦਾ ਕਾਰਨ ਉਨ੍ਹਾਂ ਦੀ ਵਿਜੀਲੈਂਸ ਵੱਲੋਂ 25 ਜੂਨ 2025 ਨੂੰ ਕੀਤੀ ਗਈ ਗ੍ਰਿਫ਼ਤਾਰੀ ਹੈ।

ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਐਤਵਾਰ 7 ਜੁਲਾਈ ਨੂੰ ਉਨ੍ਹਾਂ ਨੂੰ ਮੁਹਾਲੀ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ 11 ਦਿਨਾਂ ਦੀ ਰਿਮਾਂਡ ਉੱਤੇ ਰੱਖਿਆ ਗਿਆ ਸੀ। ਐਤਵਾਰ ਨੂੰ ਉਨ੍ਹਾਂ ਦੇ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਸਖ਼ਤ ਸੁਰੱਖਿਆ ਤੈਨਾਤ ਕੀਤੀ ਗਈ ਸੀ ਉੱਥੇ ਹੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।

ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਕਾਰਵਾਈ ਨੂੰ ਸਿਆਸੀ ਬਦਲਾ ਖੋਰੀ ਦੀ ਭਾਵਨਾ ਤੋਂ ਪ੍ਰੇਰਿਤ ਦੱਸ ਰਹੇ ਹਨ। ਵਿਜੀਲੈਂਸ ਦੀ ਇਸ ਕਾਰਵਾਈ ਨੂੰ ਚੁਣੌਤੀ ਦਿੰਦਿਆਂ ਮਜੀਠੀਆ ਧਿਰ ਵੱਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ।

ਦੂਜੇ ਪਾਸੇ ਪੰਜਾਬ ਸਰਕਾਰ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਅਧੀਨ ਕੀਤੀ ਗਈ ਕਾਰਵਾਈ ਦਾ ਹਿੱਸਾ ਦੱਸ ਰਹੀ ਹੈ।

ਇਹ ਦੂਸਰੀ ਵਾਰ ਹੈ ਜਦੋਂ ਬਿਕਰਮ ਮਜੀਠੀਆ ਹਿਰਾਸਤ ਵਿੱਚ ਲਏ ਗਏ ਹਨ। ਇਸ ਰਿਪੋਰਟ ਜ਼ਰੀਏ ਜਾਣੋ ਆਪਣੇ ਇਲਾਕੇ ਵਿੱਚ 'ਮਾਝੇ ਦੇ ਜਰਨੈਲ' ਵੱਜੋਂ ਜਾਣੇ ਜਾਂਦੇ ਬਿਕਰਮ ਮਜੀਠੀਆ ਕਦੋਂ-ਕਦੋਂ ਵਿਵਾਦਾਂ ਵਿੱਚ ਰਹੇ।

ਮਜੀਠੀਆ ਖ਼ਿਲਾਫ਼ ਮੌਜੂਦਾ ਮਾਮਲੇ ਦਾ ਕੀ ਹੈ ਆਧਾਰ

ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਮਜੀਠੀਆ ਖ਼ਿਲਾਫ਼ ਮੌਜੂਦਾ ਕਾਰਵਾਈ ਪੰਜਾਬ ਰਾਜ ਅਪਰਾਧ ਪੁਲਿਸ ਸਟੇਸ਼ਨ ਵਿੱਚ ਦਰਜ ਐੱਫ਼ਆਈਆਰ ਨੰਬਰ 02 (2021) ਦੀ ਚੱਲ ਰਹੀ ਜਾਂਚ ਦੇ ਮਾਮਲੇ 'ਚ ਕੀਤੀ ਗਈ ਹੈ।

ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ, ਐੱਸਆਈਟੀ ਦੀ ਰਿਪੋਰਟ ਦੇ ਆਧਾਰ 'ਤੇ ਐੱਨਡੀਪੀਐੱਸ ਐਕਟ 1985 ਦੀ ਧਾਰਾ 25, 27-ਏ ਅਤੇ 29 ਤਹਿਤ, ਮਿਤੀ 20-12-2021 ਨੂੰ ਦਰਜ ਐੱਫਆਈਆਰ ਨੰਬਰ 02 ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਦਾ ਦਾਅਵਾ ਹੈ ਕਿ, ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਮਜੀਠੀਆ ਵੱਲੋਂ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਚਿੱਟੇ ਧਨ ਵਿੱਚ ਤਬਦੀਲ ਕੀਤਾ ਗਿਆ ਹੈ।

ਜਾਂਚ ਵਿੱਚ ਇਸ ਗੱਲ ਦੇ ਪੁਖਤਾ ਸਬੂਤ ਸਾਹਮਣੇ ਆਏ ਹਨ ਕਿ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਚਿੱਟੇ ਧਨ ਵਿੱਚ ਬਦਲਿਆ।

ਇਹ ਵੀ ਸਾਹਮਣੇ ਆਇਆ ਹੈ ਕਿ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਤਨੀ ਗਨੀਵ ਕੌਰ ਦੇ ਨਾਮ 'ਤੇ ਅਚੱਲ ਅਤੇ ਚੱਲ ਜਾਇਦਾਦਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਪੇਸ਼ ਨਹੀਂ ਕੀਤਾ ਗਿਆ ਹੈ।

ਵਿਜੀਲੈਂਸ ਬੁਲਾਰੇ ਨੇ ਕਿਹਾ ਕਿ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ 540 ਕਰੋੜ ਰੁਪਏ ਦੀ ਕਮਾਈ ਦਾ ਪਤਾ ਲੱਗਿਆ ਹੈ, ਜੋ ਕਿ ਮਜੀਠੀਆ ਵੱਲੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਹਿੰਦੇ ਹੋਏ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਕਮਾਈ ਗਈ ਸੀ।

ਵਿਜੀਲੈਂਸ ਬਿਊਰੋ ਅਤੇ ਐੱਸਆਈਟੀ ਦੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਰਕਮ ਸਰਾਇਆ ਇੰਡਸਟਰੀਜ਼ ਵਿੱਚ ਨਿਵੇਸ਼ ਕੀਤੀ ਗਈ, ਜਿਸਦੀ ਵਿਵਸਥਾ ਖ਼ੁਦ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਸੀ।

ਇਸ ਮਾਮਲੇ ਵਿੱਚ ਵਿਜੀਲੈਂਸ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਅਤੇ ਚੰਡੀਗੜ੍ਹ ਵਿੱਚ ਮਜੀਠੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।

2 ਜੁਲਾਈ 2025 ਨੂੰ ਮੁਹਾਲੀ ਅਦਾਲਤ ਵਿੱਚ ਮਜੀਠੀਆ ਦੀ ਪੇਸ਼ੀ ਦੌਰਾਨ ਵਿਜੀਲੈਂਸ ਨੇ ਇਲਜ਼ਾਮ ਲਗਾਇਆ ਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਅਤੇ ਰਿਮਾਂਡ ਦੀ ਮਿਆਦ ਵਧਾਉਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਮੁਹਾਲੀ ਅਦਾਲਤ ਨੇ ਉਨ੍ਹਾਂ ਨੂੰ 4 ਦਿਨ ਦੀ ਹੋਰ ਰਿਮਾਂਡ ਦੇ ਦਿੱਤੀ।

ਅਕਾਲੀ ਦਲ ਨੇ ਮਜੀਠੀਆ ਉੱਤੇ ਲੱਗੇ ਇਲਜ਼ਾਮਾਂ ਬਾਰੇ ਕੀ ਕਿਹਾ?

ਮੁਹਾਲੀ ਕੋਰਟ ਵਿੱਚ ਬਿਕਰਮ ਮਜੀਠੀਆ ਦੀ ਪੇਸ਼ੀ ਵਾਲੇ ਦਿਨ 2 ਜੁਲਾਈ ਨੂੰ ਅਕਾਲੀ ਦਲ ਦੇ ਆਗੂਆਂ ਨੇ ਮੁਹਾਲੀ ਕੋਰਟ ਅਤੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠ ਕਰਕੇ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ।

ਅਕਾਲੀ ਆਗੂਆਂ ਨੇ 'ਆਪ' ਸਰਕਾਰ 'ਤੇ ਮਜੀਠੀਆ ਨੂੰ ਚੁੱਪ ਕਰਾਉਣ ਅਤੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਦੀ ਅਸਫ਼ਲਤਾ ਤੋਂ ਧਿਆਨ ਹਟਾਉਣ ਲਈ ਕੀਤੀ ਗਈ ਸਿਆਸੀ ਬਦਲਾਖੋਰੀ ਕਰਨ ਦਾ ਇਲਜ਼ਾਮ ਲਾਇਆ।

ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ, "540 ਕਰੋੜ ਰੁਪਏ ਦੀਆਂ ਦੱਸੀਆਂ ਗਈਆਂ ਜਾਇਦਾਦਾਂ ਬਿਕਰਮ ਮਜੀਠੀਆ ਦੇ ਜਨਮ ਤੋਂ ਪਹਿਲਾਂ ਹੀ ਮਜੀਠੀਆ ਪਰਿਵਾਰ ਦੀ ਮਲਕੀਅਤ ਸਨ।"

ਉਹ ਕਹਿੰਦੇ ਹਨ, "ਮਜੀਠੀਆ ਪਰਿਵਾਰ ਇੱਕ ਜੱਦੀ ਤੌਰ 'ਤੇ ਅਮੀਰ ਪਰਿਵਾਰ ਹੈ ਜਿਸਦੇ ਦਾਦਾ ਜੀ ਕੋਲ 1950 ਦੇ ਦਹਾਕੇ ਵਿੱਚ ਜਹਾਜ਼ ਅਤੇ ਇੱਕ ਰੋਲਜ਼ ਰਾਇਸ ਕਾਰ ਵੀ ਸੀ।"

"ਇਹ ਵੀ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਕਿ ਸਰਾਇਆ ਇੰਡਸਟਰੀਜ਼ ਵਿੱਚ ਫੈਸਲਾ ਲੈਣ ਦੀ ਜ਼ਿੰਮੇਵਾਰੀ ਬਿਕਰਮ ਮਜੀਠੀਆ ਕੋਲ ਸੀ, ਪਰ ਉਨ੍ਹਾਂ ਨੇ 2007 ਵਿੱਚ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।"

ਪਾਰਟੀ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਮਜੀਠੀਆ ਵਿਰੁੱਧ ਨਵੇਂ ਕੇਸ ਵਿੱਚ ਲਗਾਏ ਗਏ ਇਲਜ਼ਾਮਾਂ ਨੂੰ ਸੁਪਰੀਮ ਕੋਰਟ ਵਿੱਚ ਵੀ ਪੇਸ਼ ਕੀਤਾ ਗਿਆ ਸੀ, ਜਦੋਂ ਕਿ ਐੱਨਡੀਪੀਐੱਸ ਕੇਸ ਵਿੱਚ ਅਕਾਲੀ ਆਗੂ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਸੀ।

ਨਸ਼ਾ ਤਸਕਰੀ ਵਿੱਚ ਮਜੀਠੀਆ ਦਾ ਨਾਮ

ਬਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ ਆਉਣ ਤੋਂ ਬਾਅਦ ਲਗਾਤਾਰ ਵਿਵਾਦਾਂ ਵਿੱਚ ਰਹੇ ਹਨ। ਬਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਪਹਿਲਾਂ ਨਾਮ ਚਰਚਾ ਵਿੱਚ ਉਦੋਂ ਆਇਆ ਸੀ ਜਦੋਂ ਨਸ਼ੇ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਗਏ ਨਾਮੀ ਭਲਵਾਨ ਤੇ ਪੁਲਿਸ ਮੁਲਾਜ਼ਮ ਜਗਦੀਸ਼ ਸਿੰਘ ਭੋਲਾ ਨੇ ਬਿਕਰਮ ਮਜੀਠੀਆ ਦਾ ਨਾਮ ਡਰਗਜ਼ ਤਸਕਰੀ ਵਿੱਚ ਲਿਆ ਸੀ।

ਨਵੰਬਰ 2013 ਵਿੱਚ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਸਾਬਕਾ ਪੁਰਸਕਾਰ ਜੇਤੂ ਭਲਵਾਨ ਜਗਦੀਸ਼ ਸਿੰਘ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਦੇ ਘਰੋਂ 20 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ।

ਇਸ ਤੋਂ ਬਾਅਦ, ਇਸ ਮਾਮਲੇ ਵਿੱਚ ਸੱਤ ਹੋਰ ਐੱਫ਼ਆਈਆਰ ਜੋੜੀਆਂ ਗਈਆਂ।

ਜਨਵਰੀ 2014 ਵਿੱਚ, ਜਗਦੀਸ਼ ਭੋਲਾ ਨੇ ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਆਪਣੀ ਭੂਮਿਕਾ ਸਵੀਕਾਰ ਕੀਤੀ ਅਤੇ ਕਈ ਕੌਮਾਂਤਰੀ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਅਤੇ ਤਸਕਰਾਂ ਦੇ ਨਾਮ ਲਏ।

ਇਨ੍ਹਾਂ ਵਿੱਚ ਕੈਨੇਡਾ ਨਿਵਾਸੀ ਸਤਪ੍ਰੀਤ ਸਿੰਘ (ਉਰਫ਼ ਸੱਤਾ), ਪਰਮਿੰਦਰ ਸਿੰਘ (ਪਿੰਡੀ) ਅਤੇ ਅਮਰਿੰਦਰ ਸਿੰਘ (ਲਾਡੀ) ਅਤੇ ਅੰਮ੍ਰਿਤਸਰ ਨਿਵਾਸੀ ਮਨਿੰਦਰ ਸਿੰਘ ਔਲਖ (ਬਿੱਟੂ ਔਲਖ) ਅਤੇ ਜਗਜੀਤ ਸਿੰਘ ਚਾਹਲ ਸ਼ਾਮਲ ਸਨ।

ਇਸ ਦੌਰਾਨ ਭੋਲਾ ਨੇ ਕਿਹਾ ਸੀ ਕਿ ਬਿਕਰਮ ਮਜੀਠੀਆ ਵੀ ਇਨ੍ਹਾਂ ਲੋਕਾਂ ਨਾਲ ਜੁੜੇ ਹੋਏ ਹਨ।

ਇਸ ਤੋਂ ਬਾਅਦ ਬਿਕਰਮ ਮਜੀਠੀਆ ਖ਼ਿਲਾਫ਼ 2021 ਵਿੱਚ ਮੁਹਾਲੀ ਵਿਚ ਇਕ ਐੱਫਆਈਆਰ ਨਸ਼ਾ ਵਿਰੋਧੀ ਕਾਨੂੰਨ ਦੀ ਧਾਰਾ 25, 27 ਏ ਤੇ 29 ਦੇ ਤਹਿਤ ਮੋਹਾਲੀ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਦਰਜ ਕੀਤੀ ਗਈ ਹੈ।

ਨਸ਼ਾ ਤਸਕਰੀ ਮਾਮਲੇ ਵਿੱਚ ਮਜੀਠੀਆ ਨੂੰ ਹੋਈ ਜੇਲ੍ਹ

ਫ਼ਰਵਰੀ 2022 ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਕਰੀਬ ਛੇ ਮਹੀਨੇ ਜੇਲ੍ਹ ਵਿੱਚ ਰਹੇ। ਉਸ ਸਮੇਂ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਸੀ।

ਬਿਕਰਮ ਸਿੰਘ ਮਜੀਠੀਆ ਫ਼ਰਵਰੀ 2022 ਤੋਂ ਅਗਸਤ 2022 ਤੱਕ ਪਟਿਆਲਾ ਜੇਲ੍ਹ ਵਿੱਚ ਬੰਦ ਰਹੇ।

ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ, ਪਰ ਸ਼ਰਤ ਰੱਖੀ ਗਈ ਕਿ ਉਹ ਇਸ ਮਾਮਲੇ ਬਾਰੇ ਜਨਤਕ ਜਾਂ ਸਿਆਸੀ ਬਿਆਨਬਾਜ਼ੀ ਨਹੀਂ ਕਰਨਗੇ।

ਉਸ ਵੇਲੇ ਤੋਂ ਹੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਆਏ ਹਨ ਅਤੇ ਪੁਲਿਸ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਦੇ ਰਹੇ ਹਨ।

ਜਦੋਂ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੰਗੀ ਸੀ ਮੁਆਫੀ

2017 ਪੰਜਾਬ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਬਿਕਰਮ ਮਜੀਠੀਆ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਗਾਉਂਦੇ ਕਈ ਵਾਰ ਸੁਣੇ ਗਏ ਸਨ।

ਇਸ ਮਾਮਲੇ ਵਿੱਚ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ 3 ਆਗੂਆਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਅਸ਼ੀਸ਼ ਖੇਤਾਨ ਖ਼ਿਲਾਫ਼ ਮਾਣਹਾਨੀ ਦਾ ਮੁੱਕਦਮਾ ਦਰਜ ਕੀਤਾ ਸੀ।

ਜਿਸ ਮਾਮਲੇ ਵਿੱਚ ਕੇਜਰੀਵਾਲ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ੀ ਭੁਗਤਣ ਆਉਂਦੇ ਰਹੇ ਸਨ।

ਜਿਸ ਤੋਂ ਬਾਅਦ 2018 ਵਿੱਚ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈੱਸ ਕਾਨਫ਼ਰੰਸ ਜ਼ਰੀਏ ਜਾਣਕਾਰੀ ਦਿੱਤੀ ਕਿ ਕੇਜਰੀਵਾਲ ਨੇ ਉਨ੍ਹਾਂ 'ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਉਣ ਦੇ ਮਾਮਲੇ ਵਿੱਚ ਲਿਖਤੀ ਰੂਪ ਵਿੱਚ ਮੁਆਫੀ ਮੰਗੀ ਹੈ।

ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੇ ਚਿੱਠੀ ਵਿੱਚ ਲਿਖਿਆ ਹੈ, ''ਮੈਂ ਤੁਹਾਡੇ 'ਤੇ ਲਾਏ ਸਾਰੇ ਇਲਜ਼ਾਮ ਵਾਪਸ ਲੈਂਦਾ ਹਾਂ ਅਤੇ ਮੁਆਫ਼ੀ ਮੰਗਦਾ ਹਾਂ।''

ਜਿਸ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਮੈਂ ਉੇਨ੍ਹਾਂ ਨੂੰ ਮੁਆਫ ਕਰ ਦਿੱਤਾ ਹੈ।

ਬਿਕਰਮ ਮਜੀਠੀਆ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ

ਬਿਕਰਮ ਮਜੀਠੀਆ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਭਰਾ ਹਨ।

ਬਿਕਰਮ ਸਿੰਘ ਮਜੀਠੀਆ 31 ਸਾਲ ਦੀ ਉਮਰ ਵਿੱਚ 2007 ਵਿੱਚ ਅਕਾਲੀ ਦਲ ਦੀ ਟਿਕਟ ਉੱਤੇ ਮਜੀਠਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ।

ਮਜੀਠੀਆ ਨੇ ਇਸੇ ਹਲਕੇ ਤੋਂ 2012 ਅਤੇ 2017 ਵਿੱਚ ਚੋਣ ਲੜੀ ਅਤੇ ਜਿੱਤੀ।

ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਮਜੀਠੀਆ ਮਾਲੀਆ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ, ਸੂਚਨਾ ਅਤੇ ਲੋਕ ਸੰਪਰਕ, ਅਤੇ ਗ਼ੈਰ-ਰਵਾਇਤੀ ਊਰਜਾ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣ ਕਰਕੇ ਬਿਕਰਮ ਮਜੀਠੀਆ ਦਾ ਸਿਆਸੀ ਕੱਦ ਮਾਝੇ ਦੇ ਇਲਾਕੇ ਵਿੱਚ ਵਿਸ਼ਾਲ ਹੁੰਦਾ ਗਿਆ। ਪਾਰਟੀ ਅੰਦਰ ਉਨ੍ਹਾਂ ਨੂੰ 'ਮਾਝੇ ਦਾ ਜਰਨੈਲ' ਕਹਿ ਕੇ ਵੀ ਬੁਲਾਇਆ ਜਾਂਦਾ ਹੈ।

2022 ਵਿੱਚ ਮਜੀਠੀਆ ਨੇ ਆਪਣਾ ਹਲਕਾ ਛੱਡ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ੍ਹੀ ਅਤੇ ਉਹ ਹਾਰ ਗਏ। ਮੌਜੂਦਾ ਸਮੇਂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਮਜੀਠਾ ਹਲਕੇ ਤੋਂ ਵਿਧਾਇਕ ਹਨ।

ਮਜੀਠੀਆ ਦੀ ਸਿੱਖਿਆ ਅਤੇ ਕਾਰੋਬਾਰ

ਬਿਕਰਮ ਮਜੀਠੀਆ ਨੇ ਡੀਏਵੀ ਸਕੂਲ ਪਟਿਆਲਾ ਤੋਂ 1991 ਵਿੱਚ ਦਸਵੀਂ ਅਤੇ ਫ਼ਿਰ 1993 ਵਿੱਚ ਬਾਲ ਭਾਰਤੀ ਸਕੂਲ ਨਵੀਂ ਦਿੱਲੀ ਤੋਂ ਬਾਰ੍ਹਵੀਂ ਕੀਤੀ।

ਸਾਲ 1996 ਵਿੱਚ ਉਨ੍ਹਾਂ ਨੇ ਦਿੱਲੀ ਦੇ ਹੀ ਸੇਂਟ ਸਟੀਫ਼ਨਜ਼ ਕਾਲਜ, ਦਿੱਲੀ ਤੋਂ ਗਰੈਜੂਏਸ਼ਨ ਕੀਤੀ।

ਬਿਕਰਮ ਮਜੀਠੀਆ ਸ਼ਾਇਰੀ ਅਤੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ, ਕਾਰ ਰੇਸਿੰਗ, ਹਾਈਕਿੰਗ ਐਂਡ ਟਰੈਕਿੰਗ ਅਤੇ ਵਾਇਲਡ ਲਾਇਫ਼ ਵਿੱਚ ਵੀ ਉਨ੍ਹਾਂ ਦੀ ਕਾਫ਼ੀ ਰੂਚੀ ਹੈ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਹੀ ਲੱਗੇ ਹੋਏ ਸਨ।

ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੇ ਵਿਆਹ ਮਗਰੋਂ ਬਿਕਰਮ ਮਜੀਠੀਆ ਨੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ਾਂ ਮੁਤਾਬਕ ਉਨ੍ਹਾਂ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਕਰੀਬ ਸਵਾ ਤਿੰਨ ਕਰੋੜ ਹੈ ਅਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਕੋਲ ਸਾਢੇ 8 ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ।

ਗਨੀਵ ਕੌਰ ਕੋਲ ਕਰੀਬ ਸਾਢੇ ਨੌਂ ਲੱਖ ਦੀ ਖੇਤੀਬਾੜੀ ਤੋਂ ਆਮਦਨ ਅਤੇ ਹੋਰ ਸੋਮਿਆਂ ਤੋਂ ਤਕਰੀਬਨ 23 ਹਜ਼ਾਰ ਆਦਮਨੀ ਦੱਸੀ ਸੀ।

ਉਨ੍ਹਾਂ ਨੇ ਹਲਫੀਆ ਬਿਆਨ ਵਿੱਚ ਆਪਣੀ ਕੁੱਲ ਚੱਲ-ਅਚੱਲ ਜਾਇਦਾਦ ਗਿਆਰਾਂ ਕਰੋੜ ਦੱਸੀ ਸੀ ਅਤੇ ਆਪਣੀ ਪਤਨੀ ਬਾਰੇ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਕੋਲ ਲਗਭਗ ਢਾਈ ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)