ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 8 ਸਾਬਕਾ ਭਾਰਤੀ ਅਫਸਰਾਂ ਦੀ ਰਿਹਾਈ, ਭਾਰਤ ਪਰਤੇ

ਕਤਰ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿੱਚ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ, "ਭਾਰਤ ਸਰਕਾਰ ਉਨ੍ਹਾਂ ਅੱਠ ਭਾਰਤੀ ਨਾਗਰਿਕਾਂ ਦੀ ਰਿਹਾਈ ਦਾ ਸਵਾਗਤ ਕਰਦੀ ਹੈ, ਜੋ ਦਹਰਾ ਗਲੋਬਲ ਕੰਪਨੀ ਲਈ ਕੰਮ ਕਰ ਰਹੇ ਸਨ ਅਤੇ ਕਤਰ ਵਿੱਚ ਹਿਰਾਸਤ ਵਿੱਚ ਲਏ ਗਏ ਸਨ।"

"ਅੱਠਾਂ ਵਿੱਚੋਂ ਸੱਤ ਭਾਰਤ ਵਾਪਿਸ ਪਰਤ ਆਏ ਹਨ। ਅਸੀਂ ਕਤਰ ਦੇ ਅਮੀਰ ਵੱਲੋਂ ਲਏ ਗਏ ਇਨ੍ਹਾਂ ਨਾਗਰਿਕਾਂ ਦੀ ਰਿਹਾਈ ਦੇ ਫੈਸਲੇ ਅਤੇ ਘਰ ਪਰਤਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ।"

ਇਨ੍ਹਾਂ ਅੱਠ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਵਧਾ ਰਿਹਾ ਸੀ।

ਕਤਰ ਨੇ ਅਗਸਤ 2022 ਵਿੱਚ ਜਿਨ੍ਹਾਂ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਾਰਨ ਕਦੇ ਜਨਤਕ ਨਹੀਂ ਕੀਤਾ ਸੀ।

ਇਸ ਤੋਂ ਪਹਿਲਾਂ ਭਾਰਤ ਨੇ ਇਨ੍ਹਾਂ ਭਾਰਤੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਖ਼ਿਲਾਫ਼ ਦੋਹਾ ਵਿੱਚ ਅਪੀਲ ਵੀ ਦਾਇਰ ਕੀਤੀ ਸੀ। ਇਸ ਤੋਂ ਬਾਅਦ ਪਿਛਲੇ ਸਾਲ ਕਤਰ ਨੇ ਇਨ੍ਹਾਂ ਭਾਰਤੀ ਨਾਗਰਿਕਾਂ ਦੀ ਮੌਤ ਦੀ ਸਜ਼ਾ ਘਟਾ ਦਿੱਤੀ ਸੀ।

ਕੀ ਸੀ ਮਾਮਲਾ, ਜਿਸ ਵਿੱਚ ਹੋਈ ਸੀ ਮੌਤ ਦੀ ਸਜ਼ਾ?

ਸਤੰਬਰ 2022 ਵਿੱਚ ਕਤਰ ਸਰਕਾਰ ਨੇ ਭਾਰਤੀ ਨੇਵੀ ਦੇ 8 ਸਾਬਕਾ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮਾਰਚ ਵਿੱਚ ਇਨ੍ਹਾਂ ’ਤੇ ਜਸੂਸੀ ਦੇ ਇਲਜ਼ਾਮ ਤੈਅ ਕੀਤੇ ਗਏ ਸਨ।

ਇਹ ਲੋਕ ਕਤਰ ਦੀ ਜ਼ਾਹਿਰਾ ਅਲ ਆਲਮੀ ਨਾਮ ਦੀ ਕੰਪਨੀ ਵਿੱਚ ਕੰਮ ਕਰਦੇ ਸਨ।

ਇਹ ਕੰਪਨੀ ਪਣਡੁੱਬੀ ਪ੍ਰੋਗਰਾਮ ਵਿੱਚ ਕਤਰ ਦੀ ਨੇਵੀ ਲਈ ਕੰਮ ਕਰ ਰਹੀ ਸੀ। ਇਸ ਪ੍ਰੋਗਰਾਮ ਦਾ ਮਕਸਦ ਰਡਾਰ ਤੋਂ ਬਚਣ ਵਾਲੀ ਇਤਲਾਵੀ ਤਕਨੀਕ ਉੱਪਰ ਅਧਾਰਿਤ ਹਾਈਟੈਕ ਪਣਡੁੱਬੀ ਤਿਆਰ ਕਰਨਾ ਸੀ।

ਕੰਪਨੀ ਵਿੱਚ 75 ਭਾਰਤੀ ਨਾਗਰਿਕ ਕਰਮਚਾਰੀ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਜਲ ਸੈਨਾ ਦੇ ਸਾਬਕਾ ਅਫ਼ਸਰ ਸਨ। ਮਈ ਵਿੱਚ ਕੰਪਨੀ ਨੇ ਕਿਹਾ ਸੀ ਕਿ ਉਹ 31 ਮਈ ਨੂੰ 2022 ਵਿੱਚ ਕੰਪਨੀ ਬੰਦ ਕਰ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਦੇ ਮੁਖੀ ਖ਼ਮੀਸ ਅਲ ਅਜਾਮੀ ਅਤੇ ਗ੍ਰਿਫ਼ਤਾਰ ਕੀਤੇ ਗਏ 8 ਭਾਰਤੀਆਂ ਦੇ ਖ਼ਿਲਾਫ਼ ਕੁਝ ਇਲਜ਼ਾਮ ਆਮ ਹੀ ਲਗਾਏ ਜਾਣ ਵਾਲੇ ਹਨ ਜਦਕਿ ਕੁਝ ਦੇ ਖ਼ਿਲਾਫ਼ ਖ਼ਾਸ ਕਿਸਮ ਦੇ ਇਲਜ਼ਾਮ ਸਨ।

ਜਸੂਸੀ ਦੇ ਇਲਜ਼ਾਮਾਂ ਵਿੱਚ ਫੜੇ ਗਏ ਅੱਠ ਕਰਮਚਾਰੀਆਂ ਨੂੰ ਪਹਿਲਾਂ ਹੀ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਤਨਖਾਹਾਂ ਦਾ ਹਿਸਾਬ ਵੀ ਨਹੀਂ ਕੀਤਾ ਗਿਆ ਸੀ।

ਲੰਘੀ ਮਈ ਵਿੱਚ ਕਤਰ ਨੇ ਕੰਪਨੀ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਇਸ ਦੇ ਲਗਭਗ 70 ਕਰਮਚਾਰੀਆਂ ਨੂੰ ਮਈ 2023 ਦੇ ਅੰਤ ਤੱਕ ਦੇਸ਼ ਛੱਡਣ ਦੇ ਹੁਕਮ ਦਿੱਤੇ।

ਜਸੂਸੀ ਦੇ ਇਲਜ਼ਾਮ

ਮੀਡੀਆ ਰਿਪੋਰਟਾਂ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਕਰਮਚਾਰੀਆਂ ਨੇ ਸੰਵੇਦਨਾਸ਼ੀਲ ਜਾਣਕਾਰੀ ਇਜ਼ਰਾਈਲ ਨੂੰ ਦਿੱਤੀ ਸੀ।

ਭਾਰਤੀ ਮੀਡੀਆ ਅਤੇ ਹੋਰ ਗਲੋਬਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਸਾਬਕਾ ਜਲ ਸੈਨਿਕਾਂ ਉੱਪਰ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਅਤਿ ਉੱਨਤ ਇਤਲਾਵੀ ਪਣਡੁੱਬੀ ਨੂੰ ਖ਼ਰੀਦਣ ਬਾਰੇ ਕਤਰ ਦੇ ਗੁਪਤ ਪ੍ਰੋਗਰਾਮ ਬਾਰੇ ਇਜ਼ਰਾਈਲ ਨੂੰ ਸੂਚਨਾ ਦਿੱਤੀ ਸੀ।

ਯਾਨੀ ਇਨ੍ਹਾਂ ਜਲ ਸੈਨਿਕਾਂ ਉੱਪਰ ਇਜ਼ਰਾਈਲ ਦੇ ਲਈ ਕਤਰ ਦੀ ਜਸੂਸੀ ਕਰਨ ਦੇ ਇਲਜ਼ਾਮ ਵੀ ਲਾਏ ਜਾ ਸਕਦੇ ਹਨ।

ਕਤਰ ਦੀ ਸੂਹੀਆ ਏਜੰਸੀ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਕਥਿਤ ਜਸੂਸੀ ਬਾਰੇ ਇਲੈਕਟਰਾਨਿਕ ਸਬੂਤ ਹਨ।

ਕਤਰ ਦੀ ਨਿੱਜੀ ਸੁਰੱਖਿਆ ਕੰਪਨੀ ਜਾਹਿਰਾ ਅਲ ਆਲਮੀ ਦੇ ਲਈ ਕੰਮ ਕਰਨ ਵਾਲੇ ਇਹ ਸਾਬਕਾ ਅਫ਼ਸਰ ਕਤਰ ਦੀ ਜਲ ਸੈਨਾ ਨੂੰ ਕਈ ਤਰ੍ਹਾਂ ਦੀ ਸਿਖਲਾਈ ਦਿੰਦੇ ਸਨ।

ਇਨ੍ਹਾਂ ਨੂੰ ਭਾਰਤ ਅਤੇ ਕਤਰ ਦਰਮਿਆਨ ਦੁਵੱਲੇ ਸਮਝੌਤੇ ਤਹਿਤ ਲਾਇਆ ਗਿਆ ਸੀ।

ਜ਼ਾਹਿਰਾ ਅਲ ਆਲਮੀ ਕੰਪਨੀ ਦਾ ਕੀ ਸੀ ਕਾਰੋਬਾਰ?

ਕੰਪਨੀ ਦੀ ਵੈੱਬਸਾਈਟ ਉੱਤੇ ਇਸ ਕੰਪਨੀ ਨੂੰ ਕਤਰ ਦੇ ਰੱਖਿਆ ਮੰਤਰਾਲੇ, ਸੁਰੱਖਿਆ ਅਤੇ ਦੂਜੀਆਂ ਸਰਕਾਰੀ ਏਜੰਸੀਆਂ ਦਾ ਸਥਾਨਕ ਸਾਂਝੇਦਾਰ ਦੱਸਿਆ ਗਿਆ ਹੈ।

ਇਹ ਨਿੱਜੀ ਕੰਪਨੀ ਕਤਰ ਦੀ ਹਥਿਆਰਬੰਦ ਫ਼ੌਜ ਨੂੰ ਸਿਖਲਾਈ ਅਤੇ ਸੇਵਾਵਾਂ ਮੁਹਈਆ ਕਰਾਉਂਦੀ ਹੈ।

ਕੰਪਨੀ ਨੇ ਖ਼ੁਦ ਨੂੰ ਰੱਖਿਆ ਉਪਕਰਣ ਚਲਾਉਣ ਅਤੇ ਉਨ੍ਹਾਂ ਦੀ ਮੁਰੰਮਤ ਅਤੇ ਦੇਖਭਾਲ ਦਾ ਮਾਹਰ ਦੱਸਿਆ ਹੈ।

ਇਸ ਵੈਬਸਾਈਟ ਉੱਪਰ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਅਹੁਦਿਆਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਕੰਪਨੀ ਦੇ ਸਿਖਰਲੇ ਅਧਿਕਾਰੀਆਂ ਵਿੱਚ ਭਾਰਤੀ ਵੀ ਸ਼ਾਮਲ ਹਨ।

ਕੰਪਨੀ ਦੇ ਲਿੰਕਡਿਨ ਪੇਜ ’ਤੇ ਲਿਖਿਆ ਹੈ, “ਇਹ ਰੱਖਿਆ ਉਪਕਰਣਾਂ ਨੂੰ ਚਲਾਉਣ ਅਤੇ ਲੋਕਾਂ ਨੂੰ ਸਿਖਲਾਈ ਦੇਣ ਦੇ ਮਾਮਲੇ ਵਿੱਚ ਕਤਰ ਵਿੱਚ ਸਭ ਤੋਂ ਅੱਗੇ ਹੈ।“

ਅੱਗੇ ਲਿਖਿਆ ਹੈ, “ਅਲ ਜਾਹਿਰਾ ਕੰਪਨੀ ਰੱਖਿਆ ਅਤੇ ਐਰੋਸਪੇਸ ਦੇ ਮਾਮਲੇ ਵਿੱਚ ਕਤਰ ਵਿੱਚ ਵਿਸ਼ੇਸ਼ ਮੁਕਾਮ ਰੱਖਦੀ ਹੈ।"

ਮੋਦੀ ਅਤੇ ਕਤਰ ਦੇ ਅਮੀਰ ਦੀ ਮੁਲਾਕਾਤ

ਪਿਛਲੇ ਸਾਲ ਦਸੰਬਰ 'ਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ 'ਚ ਆਯੋਜਿਤ ਸੀਓਪੀ28 ਸੰਮੇਲਨ ਦੌਰਾਨ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ ਸੀ।

ਇਸ ਦੌਰਾਨ ਪੀਐੱਮ ਮੋਦੀ ਨੇ ਕਤਰ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦਾ ਹਾਲ-ਚਾਲ ਪੁੱਛਿਆ ਅਤੇ ਦੁਵੱਲੇ ਮੁੱਦਿਆਂ 'ਤੇ ਚਰਚਾ ਕੀਤੀ ਸੀ।

ਦੋਵਾਂ ਨੇਤਾਵਾਂ ਦੀ ਇਸ ਮੁਲਾਕਾਤ ਨੂੰ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ ਕਿਉਂਕਿ ਉਸ ਸਮੇਂ ਇਹ ਭਾਰਤੀ ਸਾਬਕਾ ਮਰੀਨ ਕਤਰ ਦੀ ਜੇਲ 'ਚ ਬੰਦ ਸਨ।

ਇਸ ਮੁਲਾਕਾਤ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀ ਕਿਹਾ ਕਿ ਦੋਵਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਲੈ ਕੇ ਚੰਗੀ ਚਰਚਾ ਹੋਈ।

ਭਾਰਤੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ 'ਤੇ ਭਾਰਤ ਨੇ ਕਿਹਾ ਸੀ ਕਿ ਉਹ ਹੈਰਾਨ ਹੈ ਅਤੇ ਸਾਰੇ ਕਾਨੂੰਨੀ ਬਦਲਾਂ 'ਤੇ ਕੰਮ ਕਰ ਰਿਹਾ ਹੈ।

ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇਨ੍ਹਾਂ ਅੱਠ ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ।

ਇਨ੍ਹਾਂ ਅੱਠ ਸਾਬਕਾ ਮਰੀਨਾਂ ਦੀ ਰਿਹਾਈ ਲਈ ਕੇਂਦਰ ਦੀ ਮੋਦੀ ਸਰਕਾਰ 'ਤੇ ਲਗਾਤਾਰ ਦਬਾਅ ਬਣਿਆ ਹੋਇਆ ਸੀ। ਕਾਂਗਰਸ, ਏਆਈਐੱਮਆਈਐੱਮ ਅਤੇ ਹੋਰ ਵਿਰੋਧੀ ਪਾਰਟੀਆਂ ਇਨ੍ਹਾਂ ਭਾਰਤੀਆਂ ਨੂੰ ਜਲਦੀ ਭਾਰਤ ਵਾਪਸ ਲਿਆਉਣ ਦੀ ਮੰਗ ਕਰ ਰਹੀਆਂ ਸਨ।

ਇਹ ਰਿਹਾਈ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਪਿਛਲੇ ਹਫ਼ਤੇ ਹੀ ਭਾਰਤ ਅਤੇ ਕਤਰ ਵਿਚਾਲੇ ਇੱਕ ਮਹੱਤਵਪੂਰਨ ਸਮਝੌਤਾ ਹੋਇਆ ਸੀ।

ਇਹ ਸਮਝੌਤਾ ਅਗਲੇ 20 ਸਾਲਾਂ ਲਈ ਕੀਤਾ ਗਿਆ ਹੈ ਅਤੇ ਇਸ ਦੀ ਕੁੱਲ ਲਾਗਤ 78 ਅਰਬ ਡਾਲਰ ਹੈ।

ਭਾਰਤ ਸਾਲ 2048 ਤੱਕ ਕਤਰ ਤੋਂ ਤਰਲ ਕੁਦਰਤੀ ਗੈਸ (ਐੱਲਐੱਨਜੀ) ਖਰੀਦੇਗਾ।

ਭਾਰਤ ਦੀ ਸਭ ਤੋਂ ਵੱਡੀ ਐੱਲਐੱਨਜੀ ਦਰਾਮਦ ਕਰਨ ਵਾਲੀ ਕੰਪਨੀ ਪੈਟਰੋਨੇਟ ਐੱਲਐੱਨਜੀ ਲਿਮਿਟੇਡ (ਪੀਐੱਲਐੱਲ) ਨੇ ਕਤਰ ਦੀ ਸਰਕਾਰੀ ਕੰਪਨੀ ਕਤਰ ਐਨਰਜੀ ਨਾਲ ਇਸ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ।

ਇਸ ਸਮਝੌਤੇ ਤਹਿਤ ਕਤਰ ਹਰ ਸਾਲ ਭਾਰਤ ਨੂੰ 7.5 ਮਿਲੀਅਨ ਟਨ ਗੈਸ ਨਿਰਯਾਤ ਕਰੇਗਾ।

ਇਸ ਗੈਸ ਦੀ ਵਰਤੋਂ ਬਿਜਲੀ, ਖਾਦ ਬਣਾਉਣ ਅਤੇ ਸੀਐੱਨਜੀ ਵਿੱਚ ਬਦਲਣ ਲਈ ਕੀਤੀ ਜਾਂਦੀ ਹੈ।

ਮਾਹਰਾਂ ਦੀ ਕੀ ਰਾਇ ਸੀ

ਭਾਰਤੀ ਜਲ ਸੈਨਾ ਦੇ ਸਾਬਕਾ ਬੁਲਾਰੇ ਕੈਪਟਨ ਡੀਕੇ ਸ਼ਰਮਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ ਸੀ, “ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ, ਕਤਰ ਦੇ ਨਾਲ ਭਾਰਤ ਦੇ ਚੰਗੇ ਸਬੰਧ ਹਨ ਅਜਿਹੇ ਵਿੱਚ ਇਸ ਦੀ ਉਮੀਦ ਨਹੀ ਕੀਤੀ ਗਈ ਸੀ।”

31 ਸਾਲ ਫੌਜ ਵਿੱਚ ਕੰਮ ਕਰਨ ਵਾਲੇ ਰਿਟਾਇਰਡ ਕੈਪਟਨ ਡੀਕੇ ਸ਼ਰਮਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਵਿਸ਼ਿਸ਼ਟ ਸੇਵਾ ਮੈਡਲ ਵੀ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਸੀ, “ਇਹ ਸਾਬਕਾ ਭਾਰਤੀ ਅਧਿਕਾਰੀ ਜਿਸ ਕੰਪਨੀ ਵਿੱਚ ਸਨ, ਉਹ ਬੱਸ ਕਤਰ ਦੀ ਸੈਨਾ ਨੂੰ ਸਿਖਲਾਈ ਦੇਣ ਦਾ ਕੰਮ ਕਰ ਰਹੇ ਸਨ, ਇਹ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਸਨ, ਇਸ ਦੀ ਉਮੀਦ ਨਹੀਂ ਕੀਤਾ ਜਾ ਰਹੀ ਸੀ।"

“ਇਹ ਮੇਰੀ ਰਾਏ ਹੈ, ਉਹ ਸਾਡੇ ਪੁਰਾਣੇ ਫੌਜੀ ਰਹੇ ਹਨ, ਅਜਿਹੇ ਵਿੱਚ ਭਾਰਤ ਸਰਕਾਰ ਨੂੰ ਕਿਰਿਆਸ਼ੀਲ ਭੂਮਿਕਾ ਅਪਣਾਉਣੀ ਚਾਹੀਦੀ ਹੈ ਅਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਣ ਦੀ ਕੋਸ਼ਿਸ਼ ਕਰਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)