You’re viewing a text-only version of this website that uses less data. View the main version of the website including all images and videos.
ਕੌਫ਼ੀ ਪੀਣ ਦਾ ਕੀ ਫਾਇਦਾ ਹੈ ਤੇ ਕੀ ਨੁਕਸਾਨ, ਇਹ ਕਿੰਨੀ ਪੀਣੀ ਚਾਹੀਦੀ ਹੈ, ਜਾਣੋ ਮਾਹਰਾਂ ਦੀ ਰਾਇ
ਕੌਫ਼ੀ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹੈ। ਪਿਛਲੀਆਂ ਪੰਜ ਸਦੀਆਂ ਤੋਂ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣੀ ਹੋਈ ਹੈ।
ਕੁਝ ਮਾਹਰਾਂ ਦੀ ਰਾਇ ਹੈ ਕਿ ਕੌਫ਼ੀ ਕਾਰਨ ਹੀ 17ਵੀਂ ਅਤੇ 18ਵੀਂ ਸਦੀ ਦੀ ਪੁਨਰ ਜਾਗਰਿਤੀ ਆਈ ਸੀ। ਇਨ੍ਹਾਂ ਸਦੀਆਂ ਦੌਰਾਨ ਹੀ ਆਧੁਨਿਕ ਯੁੱਗ ਦੇ ਕਈ ਯੁੱਗ ਪਲਟਾਊ ਵਿਚਾਰਾਂ ਦਾ ਜਨਮ ਹੋਇਆ ਸੀ।
ਕੌਫ਼ੀ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹੈ। ਪਿਛਲੀਆਂ ਪੰਜ ਸਦੀਆਂ ਤੋਂ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣੀ ਹੋਈ ਹੈ।
ਕੁਝ ਮਾਹਰਾਂ ਦੀ ਰਾਇ ਹੈ ਕਿ ਕੌਫ਼ੀ ਕਾਰਨ ਹੀ 17ਵੀਂ ਅਤੇ 18ਵੀਂ ਸਦੀ ਦੀ ਪੁਨਰ ਜਾਗਰਿਤੀ ਆਈ ਸੀ। ਇਨ੍ਹਾਂ ਸਦੀਆਂ ਦੌਰਾਨ ਹੀ ਆਧੁਨਿਕ ਯੁੱਗ ਦੇ ਕਈ ਯੁੱਗ ਪਲਟਾਊ ਵਿਚਾਰਾਂ ਦਾ ਜਨਮ ਹੋਇਆ ਸੀ।
ਕੌਫ਼ੀ ਦਾ ਮੁੱਖ ਤੱਤ ਕੈਫ਼ੀਨ ਹੈ। ਕੈਫ਼ੀਨ ਹੁਣ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਤੱਤ ਹੈ।
ਇਹ ਸਾਡੇ ਸੋਚਣ-ਸਮਝਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।
ਕੌਫ਼ੀ ਕਿੱਥੋਂ ਆਈ?
ਕੌਫ਼ੀ ਮੂਲ ਰੂਪ ਵਿੱਚ ਇਥੋਪੀਆ ਵਿੱਚ ਉਗਾਏ ਜਾਣ ਵਾਲੇ ਕੌਫ਼ੀ ਅਰੈਬਿਕਾ ਨਾਮ ਦੇ ਪੌਦੇ ਦੇ ਬੀਜਾਂ ਤੋਂ ਹਾਸਲ ਕੀਤੀ ਜਾਂਦੀ ਹੈ।
ਦੁਨੀਆਂ ਦਾ ਨੱਬੇ ਫੀਸਦੀ ਕੌਫ਼ੀ ਉਤਪਾਦਨ ਵਿਕਾਸਸ਼ੀਲ ਦੇਸਾਂ, ਖਾਸ ਕਰਕੇ ਦੱਖਣੀ ਅਮਰੀਕਾ, ਵਿਅਤਨਾਮ ਅਤੇ ਇੰਡੋਨੇਸ਼ੀਆ ਵਿੱਚ ਕੀਤਾ ਜਾਂਦਾ ਹੈ।
ਰਵਾਇਤ ਹੈ ਕਿ ਨੌਵੀਂ ਸਦੀ ਦੌਰਾਨ ਕਾਲਡੀ ਨਾਮ ਦੇ ਇੱਕ ਚਰਵਾਹੇ ਨੇ ਦੇਖਿਆ ਕਿ ਉਸ ਦੀਆਂ ਬੱਕਰੀਆਂ ਵਿੱਚ ਕੌਫੀ ਦੇ ਬੀਜ ਖਾਣ ਤੋਂ ਬਾਅਦ ਊਰਜਾ ਦਾ ਪੱਧਰ ਵਧ ਜਾਂਦਾ ਹੈ। ਇਹ ਦੇਖ ਕੇ ਚਰਵਾਹੇ ਨੇ ਵੀ ਕੌਫੀ ਦੇ ਬੀਜ ਖਾਣ ਦਾ ਫੈਸਲਾ ਕੀਤਾ।
ਉਦੋਂ ਤੋਂ ਲੈਕੇ ਸਥਾਨਕ ਲੋਕਾਂ ਨੇ ਕੌਫ਼ੀ ਦੀ ਵਰਤੋਂ ਸ਼ੁਰੂ ਕਰ ਦਿੱਤੀ। ਉਨ੍ਹਾਂ ਇਸਦੇ ਬੀਜਾਂ ਦਾ ਪਾਊਡਰ ਅਤੇ ਪੱਤਿਆਂ ਤੋਂ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ।
ਇਤਿਹਾਸਕ ਤੱਥਾਂ ਮੁਤਾਬਕ ਯਮਨ ਦੇ ਸੂਫੀਆਂ ਨੇ 14ਵੀਂ ਸਦੀ ਵਿੱਚ ਕੌਫ਼ੀ ਦੇ ਬੀਜਾਂ ਨੂੰ ਭੁੰਨ ਕੇ ਅਜੋਕੀ ਕੌਫ਼ੀ ਤਿਆਰ ਕੀਤੀ।
ਪੰਦਰਵੀਂ ਸਦੀ ਤੱਕ ਪੂਰੀ ਓਟੋਮਨ ਸਲਤਨਤ ਵਿੱਚ ਕੌਫ਼ੀ ਘਰ ਖੁੱਲ੍ਹ ਗਏ ਸਨ ਜਿੱਥੋਂ ਇਹ ਯੂਰਪ ਵਿੱਚ ਫੈਲ ਗਏ। ਉੱਥੇ ਪਹੁੰਚ ਕੇ ਕੌਫ਼ੀ ਸਿਆਸਤ, ਕਾਰੋਬਾਰ ਅਤੇ ਨਵੇਂ ਵਿਚਾਰਾਂ ਦੇ ਕੇਂਦਰ ਵਿੱਚ ਆ ਗਈ।
ਵੀਹਵੀਂ ਸਦੀ ਦੇ ਮਸ਼ਹੂਰ ਜਰਮਨ ਚਿੰਤਕ ਜਿਵੇਂ ਯੂਰਗਨ ਹਬਰਮਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੌਫ਼ੀ ਬਿਨਾਂ ਤਾਂ ਪੁਨਰ-ਜਾਗਰਿਤੀ ਵੀ ਸੰਭਵ ਨਹੀਂ ਸੀ।
ਉਨ੍ਹਾਂ ਦੀ ਦਲੀਲ ਹੈ ਕਿ 17ਵੀਂ ਤੇ 18ਵੀਂ ਸਦੀ ਤੱਕ ਕੌਫ਼ੀ ਘਰ ਆਲੋਚਨਾ ਦੇ ਕੇਂਦਰ ਬਣ ਗਏ ਸਨ। ਜਿੱਥੇ ਲੋਕ ਰਾਇ ਰੂਪ ਲੈਂਦੀ ਸੀ।
ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਿਤੀ ਦੀਆਂ ਮਸ਼ਹੂਰ ਸ਼ਖਸ਼ੀਅਤਾਂ ਵੀ ਕੌਫ਼ੀ ਦੀਆਂ ਸ਼ੁਕੀਨ ਸਨ।
ਫਰਾਂਸੀਸੀ ਦਾਰਸ਼ਨਿਕ ਵੋਲਟੇਅਰ ਦਿਨ ਵਿੱਚ ਕੌਫ਼ੀ ਦੇ 72 ਕੱਪ ਪੀ ਜਾਂਦੇ ਸਨ। ਉਸਦੇ ਸਮੇਂ ਉਨ੍ਹਾਂ ਦੇ ਹੀ ਹਮ ਵਤਨੀ ਡਿਡਰੋਟ ਨੇ 28 ਜਿਲਦਾਂ ਵਿੱਚ ਲਿਖਿਆ ਆਪਣਾ ਵਿਸ਼ਵ ਕੋਸ਼ ਕੌਫ਼ੀ ਦੇ ਸਹਾਰੇ ਹੀ ਪੂਰ ਚਾੜ੍ਹਿਆ ਸੀ।
ਅਮਰੀਕੀ ਲੇਖਕ ਮਿਸ਼ੇਲ ਪੋਲਨ ਮੁਤਾਬਕ ਵਿਸ਼ਵ ਕੋਸ਼ ਨੂੰ ਪੁਨਰ ਜਾਗਰਿਤੀ ਦੇ ਸਮੇਂ ਦਾ ਸ਼ਾਹਕਾਰ ਸਿਧਾਂਤਕ ਕੰਮ ਮੰਨਿਆ ਜਾਂਦਾ ਹੈ।
ਮਾਨਵ ਵਿਗਿਆਨ ਦੇ ਪ੍ਰੋਫੈਸਰ ਟੈਡ ਫਿਸ਼ਰ ਜੋ ਕਿ ਅਮਰੀਕਾ ਦੀ ਵੈਂਡਰਬਿਲਟ ਯੂਨੀਵਰਸਿਟੀ ਵਿੱਚ ਕੌਫ਼ੀ ਦੇ ਇੱਕ ਅਧਿਐਨ ਕੇਂਦਰ ਦੇ ਮੁਖੀ ਹਨ। ਉਨ੍ਹਾਂ ਮੁਤਾਬਕ, “ਕੌਫ਼ੀ ਨੇ ਪੂੰਜੀਵਾਦ ਦੇ ਉੱਥਾਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ”।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਕੌਫ਼ੀ ਨੇ ਇਤਿਹਾਸ ਦੀ ਦਿਸ਼ਾ ਬਦਲ ਦਿੱਤੀ। ਇਸ ਨੇ ਵਿਚਾਰਾਂ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਿਸ ਦੇ ਸਿੱਟੇ ਵਜੋਂ ਪੁਨਰ ਜਾਗਰਿਤੀ ਦੌਰਾਨ ਪੂੰਜੀਵਾਦ ਵਾਪਰਿਆ”।
“ਇਹ ਮੈਨੂੰ ਕੋਈ ਮੌਕਾ-ਮੇਲ ਨਹੀਂ ਲਗਦਾ ਕਿ ਲੋਕਤੰਤਰ, ਤਰਕਵਾਦ, ਪ੍ਰਯੋਗਵਾਦ, ਸਾਇੰਸ ਅਤੇ ਪੂੰਜੀਵਾਦ ਲਗਭਗ ਉਦੋਂ ਪੈਦਾ ਹੋਏ ਜਦੋਂ ਕੌਫ਼ੀ ਪੀਣ ਦਾ ਰਿਵਾਜ਼ ਵਧ ਰਿਹਾ ਸੀ।”
ਫਿਸ਼ਰ ਦਾ ਕਹਿਣਾ ਹੈ, “ਕਾਰੋਬਾਰੀਆਂ ਨੇ ਮਹਿਸੂਸ ਕੀਤਾ ਕਿ ਕੌਫ਼਼ੀ ਨਾਲ ਕਾਮਿਆਂ ਦੀ ਉਤਪਾਦਕਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਤਾਂ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਕੌਫ਼ੀ ਪਿਲਾਉਣੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਕੌਫ਼ੀ ਬਰੇਕ ਦੇਣ ਦੀ ਪਿਰਤ ਪੈ ਗਈ।
ਕੌਫ਼ੀ ਦੇ ਇਤਿਹਾਸ ਦੇ ਕਾਲੇ ਪੰਨੇ
ਇਤਿਹਾਸ ਵਿੱਚ ਕੌਫ਼ੀ ਨੇ ਬਹੁਤ ਸਾਰੇ ਲੋਕਾਂ ਨੂੰ ਦਾਸ ਪ੍ਰਥਾ ਅਤੇ ਗੁਲਾਮੀ ਦੀ ਦਲਦਲ ਵਿੱਚ ਧੱਕਿਆ ਹੈ।
ਫਰਾਂਸੀਸੀ ਲੋਕਾਂ ਨੇ ਅਫਰੀਕਾ ਤੋਂ ਦਾਸ ਲਿਆ ਕੇ ਹਾਇਤੀ ਵਿੱਚ ਕੌਫ਼ੀ ਦੀ ਖੇਤੀ ਕਰਵਾਈ। 1800ਵਿਆਂ ਦੇ ਸ਼ੁਰੂ ਵਿੱਚ ਬ੍ਰਾਜ਼ੀਲ ਦੁਨੀਆਂ ਦੀ ਇੱਕ ਤਿਹਾਈ ਕੌਫ਼ੀ ਦਾ ਉਤਪਾਦਨ ਦਾਸਾਂ ਦੇ ਅਫ਼ਰੀਕੀ ਸਿਰ ’ਤੇ ਕਰਦਾ ਸੀ।
ਅੱਜ ਕੌਫ਼ੀ ਵਿਸ਼ਵ ਸੱਭਿਅਤਾ ਦਾ ਬੁਨਿਆਦੀ ਤੱਤ ਹੈ। ਹਰ ਰੋਜ਼ ਦੋ ਬਿਲੀਅਨ ਕੱਪ ਤੋਂ ਜ਼ਿਆਦਾ ਪੀਤੇ ਜਾਂਦੇ ਹਨ। ਇਹ ਹਰ ਸਾਲ ਕਰੀਬ 90 ਬਿਲੀਅਨ ਅਮਰੀਕੀ ਡਾਲਰ ਇਸ ਸਨਅਤ ਵਿੱਚ ਵਧਾਉਂਦੇ ਹਨ।
ਹੀਫ਼ਰ ਇੰਟਰਨੈਸ਼ਨਲ ਜੋ ਕਿ ਗਰੀਬੀ ਅਤੇ ਭੁਖ ਖਤਮ ਕਰਨ ਲਈ ਲੜ ਰਹੀ ਇੱਕ ਸੰਸਥਾ ਹੈ ਮੁਤਾਬਕ ਫਿਰ ਵੀ ਪਿਛਲੇ 600 ਸਾਲਾਂ ਦੌਰਾਨ ਕੌਫ਼ੀ ਦੇ ਕਾਮਿਆਂ ਦੀ ਕਿਸਮਤ ਜ਼ਿਆਦਾ ਨਹੀਂ ਬਦਲੀ ਹੈ।
ਸੰਗਠਨ ਦਾ ਕਹਿਣਾ ਹੈ ਕਿ ਕੌਫ਼ੀ ਸਨਅਤ ਦੀ ਰੀੜ੍ਹ ਦੀ ਹੱਡੀ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਵਾਲੇ ਲੋਕ ਹਨ, ਜੋ ਤੁੱਛ ਦਿਹਾੜੀ ਉੱਤੇ ਕੰਮ ਕਰਦੇ ਹਨ।
50 ਦੇਸਾਂ ਵਿੱਚ ਕਰੀਬ 125 ਮਿਲੀਅਨ ਲੋਕ ਆਪਣੀ ਰੋਜ਼ੀ-ਰੋਟੀ ਲਈ ਕੌਫ਼ੀ ਉੱਪਰ ਨਿਰਭਰ ਹਨ। ਉਨ੍ਹਾਂ ਵਿੱਚੋਂ ਅੱਧੇ ਗਰੀਬੀ ਵਿੱਚ ਰਹਿ ਰਹੇ ਹਨ।
ਕੌਫ਼ੀ ਦਾ ਸਰੀਰ ਉੱਤੇ ਕੀ ਅਸਰ ਪੈਂਦਾ ਹੈ?
ਸਾਡੀ ਪਾਚਨ ਪ੍ਰਣਾਲੀ ਇੱਕ ਵਾਰ ਕੈਫ਼ੀਨ ਨੂੰ ਸਾਡੇ ਖੂਨ ਵਿੱਚ ਪਹੁੰਚਾ ਦਿੰਦੀ ਹੈ। ਹਾਲਾਂਕਿ ਇਸਦਾ ਅਸਰ ਉਦੋਂ ਹੀ ਹੁੰਦਾ ਹੈ ਜਦੋਂ ਇਹ ਨਰਵਸ ਸਿਸਟਮ ਵਿੱਚ ਪਹੁੰਚਦੀ ਹੈ।
ਕੈਫ਼ੀਨ ਦੀ ਰਸਾਇਣਕ ਬਣਤਰ ਐਡਨੋਸਾਈਨ ਰਸ ਨਾਲ ਮਿਲਦੀ ਹੈ, ਜੋ ਕਿ ਸਰੀਰ ਕੁਦਰਤੀ ਰੂਪ ਵਿੱਚ ਤਿਆਰ ਕਰਦਾ ਹੈ।
ਇਹ ਰਸ ਨਰਵਸ ਸਿਸਟਮ ਦੀਆਂ ਆਪਣੇ-ਆਪ ਚੱਲਣ ਵਾਲੀਆਂ ਪ੍ਰਕਿਰਿਆਵਾਂ ਨੂੰ ਸ਼ਾਂਤ ਕਰਦਾ ਹੈ। ਨਤੀਜੇ ਵਜੋਂ ਦਿਲ ਦੀ ਧੜਕਣ ਵਿੱਚ ਕਮੀ ਆਉਂਦੀ ਹੈ, ਨੀਂਦ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਹੁੰਦੀ ਹੈ।
ਉਹ ਖੂਨ ਦੇ ਦਬਾਅ ਵਿੱਚ ਬਦਲਾਅ ਕਰਦੀ ਹੈ। ਦਿਮਾਗ ਨੂੰ ਚੁਸਤ ਕਰਦੀ ਹੈ। ਭੁੱਖ ਨੂੰ ਸ਼ਾਂਤ ਕਰਦੀ ਹੈ ਅਤੇ ਸੁਚੇਤਨਾ ਵਧਾਉਂਦੀ ਹੈ। ਇਹ ਲੰਬੇ ਸਮੇਂ ਤੱਕ ਤੁਹਾਨੂੰ ਪ੍ਰਭਾਵਿਤ ਕਰਦੀ ਹੈ।
ਕੈਫ਼ੀਨ ਮੂਡ ਠੀਕ ਕਰਨ, ਥਕਾਨ ਘਟਾਉਣ ਅਤੇ ਸਰੀਰਕ ਕਾਰਗੁਜ਼ਾਰੀ ਸੁਧਾਰਨ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ। ਕਈ ਵਾਰ ਖਿਡਾਰੀ ਇਸ ਨੂੰ ਇੱਕ ਪੋਸ਼ਣ ਪੂਰਕ ਵਜੋਂ ਵੀ ਇਸਤੇਮਾਲ ਕਰਦੇ ਹਨ।
ਕੈਫ਼ੀਨ ਦਾ ਅਸਰ 15 ਮਿੰਟਾਂ ਤੋਂ ਦੋ ਘੰਟਿਆਂ ਲਈ ਵੀ ਰਹਿ ਸਕਦਾ ਹੈ। ਹਜ਼ਮ ਹੋਣ ਤੋਂ ਪੰਜ ਤੋਂ 10 ਘੰਟਿਆਂ ਬਾਅਦ ਸਰੀਰ ਕੈਫ਼ੀਨ ਨੂੰ ਬਾਹਰ ਕੱਢਦਾ ਹੈ। ਹਾਲਾਂਕਿ ਇਸਦੇ ਬੁਰੇ-ਅਸਰ ਉਸ ਤੋਂ ਵੀ ਜ਼ਿਆਦਾ ਦੇਰ ਤੱਕ ਰਹਿੰਦੇ ਹਨ।
ਸਰੀਰ ਨੂੰ ਕੈਫ਼ੀਨ ਦੇ ਲਾਭ ਵਧਾਉਣ ਲਈ, ਮਾਹਰ ਇਸ ਦੀ ਸੀਮਤ ਮਾਤਰਾ ਵਿੱਚ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦੇ ਹਨ। ਇਸ ਦੇ ਬੁਰੇ-ਅਸਰ ਤੋਂ ਬਚਣ ਲਈ ਦੁਪਹਿਰ ਵਿੱਚ ਕੌਫ਼ੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੱਕ ਬਾਲਗ 400 ਮਿਲੀਗ੍ਰਾਮ ਕੈਫ਼ੀਨ ਲੈ ਸਕਦਾ ਹੈ, ਜੋ ਕਿ ਚਾਰ ਤੋਂ ਪੰਜ ਕੱਪ ਕੌਫ਼ੀ ਹੈ।
ਇਸ ਤੋਂ ਜ਼ਿਆਦਾ ਕੌਫ਼ੀ ਉਨੀਂਦਰਾ, ਚਿੰਤਾ, ਤਰੇਲ਼ੀਆਂ, ਪੇਟ ਦੀ ਗੜਬੜ, ਜੀਅ ਮਤਲਾਉਣਾ, ਸਿਰ ਦਰਦ ਦਾ ਕਾਰਨ ਬਣ ਸਕਦੀ ਹੈ।
ਉਨ੍ਹਾਂ ਮੁਤਾਬਕ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਦੇ ਮਾਹਰ ਸੁਚੇਤ ਕਰਦੇ ਹਨ ਕਿ 1200 ਮਿਲੀਗ੍ਰਾਮ ਕੈਫ਼ੀਨ ਭਾਵ 12 ਕੱਪ ਕੌਫ਼ੀ ਦਾ ਤੁਰੰਤ ਹੀ ਬੁਰਾ ਅਸਰ ਪੈਂਦਾ ਹੈ ਅਤੇ ਮਰੀਜ਼ ਨੂੰ ਦੌਰਾ ਪੈ ਸਕਦਾ ਹੈ।
ਹਾਲਾਂਕਿ ਜੇ ਕੌਫ਼ੀ ਦਾ ਵਿਵੇਕਪੂਰਨ ਇਸਤੇਮਾਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਫਾਇਦੇਮੰਦ ਹੋ ਸਕਦੀ ਹੈ।
ਕਈ ਬੀਮਾਰੀਆਂ ਵਿੱਚ ਤਾਂ ਕੈਫ਼ੀਨ ਮੌਤ ਦੇ ਖ਼ਤਰੇ ਨੂੰ ਵੀ ਘਟਾਉਣ ਵਿੱਚ ਕਾਰਗਰ ਦੇਖੀ ਗਈ ਹੈ।
ਮਾਟਿਆਸ ਹੈਨ ਹਾਵਰਡ ਟੀਐੱਚ ਚਾਨ ਸਕੂਲ ਆਫ਼ ਪਬਲਿਕ ਹੈਥਲ ਵਿੱਚ ਡਾਕਟਰ ਹਨ।
ਮਾਟਿਆਸ ਹੈਨ ਮੁਤਾਬਕ, “ਦਿਨ ਵਿੱਚ ਦੋ ਤੋਂ ਪੰਜ ਕੱਪ ਕੌਫ਼ੀ ਪੀਣ ਨਾਲ ਮੌਤ ਦਾ ਖ਼ਤਰਾ ਘਟ ਸਕਦਾ ਹੈ। ਇਸਦੀ ਸ਼ੱਕਰ ਰੋਗ, ਦਿਲ ਦੀਆਂ ਬੀਮਾਰੀਆਂ ਅਤੇ ਕੁਝ ਕਿਸਮ ਦੇ ਕੈਂਸਰ ਦਾ ਖ਼ਤਰਾ ਘਟਾਉਣ ਵਿੱਚ ਵੀ ਭੂਮਿਕਾ ਹੈ।”
ਅਗਲੀ ਵਾਰ ਅਸੀਂ ਕੌਫ਼ੀ ਦਾ ਕੱਪ ਪੀਣ ਲਈ ਚੁੱਕੀਏ ਤਾਂ ਸਾਨੂੰ ਇਸ ਦੀਆਂ ਲਾਭ ਹਾਨੀਆਂ ਦੇ ਨਾਲ-ਨਾਲ ਇਸਦੇ ਕਾਲੇ ਅਤੀਤ ਬਾਰੇ ਵੀ ਜ਼ਰੂਰ ਯਾਦ ਕਰਨਾ ਚਾਹੀਦਾ ਹੈ।