You’re viewing a text-only version of this website that uses less data. View the main version of the website including all images and videos.
ਕੌਫ਼ੀ ਅਤੇ ਰੈੱਡ ਵਾਈਨ ਤੁਹਾਡੀ ਸਿਹਤ ਲਈ ਚੰਗੀਆਂ ਹਨ ਜਾਂ ਨਹੀਂ, ਸੱਚ ਕੀ ਹੈ
ਸਾਨੂੰ ਅਕਸਰ ਖਾਣ-ਪੀਣ ਵਾਲੀਆਂ ਵਸਤੂਆਂ ਬਾਰੇ ਕਈ ਕਿਸਮ ਦੀ ਜਾਣਕਾਰੀ ਇੱਧਰੋਂ-ਉੱਧਰੋਂ ਮਿਲਦੀ ਰਹਿੰਦੀ ਹੈ। ਜਿਸ ਕਾਰਨ ਅਸੀਂ ਅਕਸਰ ਫ਼ੈਸਲਾ ਨਹੀਂ ਕਰ ਪਾਉਂਦੇ ਕਿ ਕੀ ਕੀਤਾ ਜਾਵੇ।
ਹਾਲਾਂਕਿ ਇਹ ਜੋ ਸਲਾਹ ਸਾਨੂੰ ਮਿਲਦੀ ਹੈ, ਉਹ ਬਦਲਦੇ ਸਮੇਂ ਅਤੇ ਵਿਗਿਆਨਕ ਖੋਜਾਂ ਸਦਕਾ ਬਦਲੀ ਵੀ ਰਹਿੰਦੀ ਹੈ।
ਸਭ ਤੋਂ ਜ਼ਿਆਦਾ ਜਿਨ੍ਹਾਂ ਦੋ ਪਦਾਰਥਾਂ ਵਿੱਚ ਸਾਇੰਸਦਾਨਾਂ ਅਤੇ ਆਮ ਇਨਸਾਨ ਦੀ ਦਿਲਚਸਪੀ ਹਮੇਸ਼ਾ ਰਹੀ ਹੈ, ਉਹ ਹਨ ਕੌਫ਼ੀ ਅਤੇ ਰੈਡ ਵਾਈਨ।
ਜਿੱਥੇ ਕੁਝ ਲੋਕ ਕਹਿੰਦੇ ਹਨ ਕਿ ਇਹ ਸਾਡੇ ਸਰੀਰ ਲਈ ਬਹੁਤ ਗੁਣਕਾਰੀ ਹਨ ਤਾਂ ਦੂਜਿਆਂ ਮੁਤਾਬਕ ਇਹ ਨੁਕਸਾਨਦਾਇਕ ਹਨ। ਇਸ ਬਹਿਸ ਦਾ ਅਜੇ ਤੱਕ ਕੋਈ ਸਾਰਥਕ ਨਤੀਜਾ ਤਾਂ ਨਹੀਂ ਨਿਕਲਿਆ, ਹਾਂ ਪਰ ਅਸੀਂ ਭੰਭਲਭੂਸੇ ਵਿੱਚ ਜ਼ਰੂਰ ਪੈ ਜਾਂਦੇ ਹਾਂ।
ਇਨ੍ਹਾਂ ਦੋਵਾਂ ਬਾਰੇ ਤਾਜ਼ਾ ਵਿਗਿਆਨਕ ਅਧਿਐਨ ਕੀ ਕਹਿੰਦੇ ਹਨ?
ਇਹ ਸਵਾਲ ਲੈ ਕੇ ਅਸੀਂ ਪਹੁੰਚੇ ਦੋ ਸਾਇੰਸਦਾਨਾਂ ਕੋਲ ਅਤੇ ਉਨ੍ਹਾਂ ਤੋਂ ਕੌਫ਼ੀ ਅਤੇ ਰੈਡ ਵਾਈਨ ਦੇ ਮਨੁੱਖੀ ਸਿਹਤ ਉੱਪਰ ਅਸਰ ਬਾਰੇ ਪੁੱਛਿਆ।
ਕੌਫ਼ੀ ਅਤੇ ਲੰਬੀ ਉਮਰ
ਕਿਹਾ ਜਾਂਦਾ ਹੈ ਕਿ ਜੇ ''ਤੁਸੀਂ ਸਵੇਰੇ ਉੱਠ ਕੇ ਇੱਕ ਕੱਪ ਕੌਫ਼ੀ ਦਾ ਪੀਂਦੇ ਹੋ ਤਾਂ ਇਹ ਤੁਹਾਡੀ ਉਮਰ ਲੰਬੀ ਕਰ ਸਕਦਾ ਹੈ।''
ਘੱਟੋ-ਘੱਟ ਮੈਡੀਸਨ ਦੇ ਇੱਕ ਖੋਜ ਰਸਾਲੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਤਾਂ ਇਹੀ ਨਤੀਜਾ ਕੱਢਿਆ ਗਿਆ ਹੈ। ਅਧਿਐਨ ਲਈ ਦੋ ਲੱਖ ਲੋਕਾਂ ਉੱਪਰ ਦਸ ਸਾਲ ਸਟੱਡੀ ਕੀਤੀ ਗਈ।
ਖੋਜਕਾਰਾਂ ਨੇ ਦੇਖਿਆ ਕਿ ਜਿਨ੍ਹਾਂ ਲੋਕਾਂ ਨੇ ਦਿਨ ਦੇ ਡੇਢ ਤੋਂ ਸਾਢੇ ਤਿੰਨ ਕੱਪ ਕੌਫ਼ੀ ਦੇ ਪੀਤੇ, ਭਾਵੇਂ ਉਸ ਵਿੱਚ ਉਨ੍ਹਾਂ ਨੇ ਇੱਕ ਚਮਚਾ ਖੰਡ ਵੀ ਕਿਉਂ ਨਾ ਪਾਈ ਹੋਵੇ। ਅਧਿਐਨ ਦੇ ਦਹਾਕੇ ਦੌਰਾਨ ਉਨ੍ਹਾਂ ਦੇ ਮਰਨ ਦੀ ਸੰਭਾਵਨਾ ਕੌਫ਼ੀ ਨਾ ਪੀਣ ਵਾਲਿਆਂ ਦੇ ਮੁਕਾਬਲੇ 30% ਤੱਕ ਘੱਟ ਸੀ।
ਇਸਦੀ ਤੁਲਨਾ ਵਿੱਚ ਬਿਨਾਂ ਸ਼ੱਕਰ ਦੇ ਕੌਫ਼ੀ ਪੀਣ ਵਾਲਿਆਂ ਦੇ ਅਧਿਐਨ ਦੇ ਅਰਸੇ ਦੌਰਾਨ ਮੌਤ ਹੋਣ ਦਾ ਖ਼ਤਰਾ 16 ਤੋਂ 21% ਤੱਕ ਘੱਟ ਸੀ।
ਜਿਹੜੇ ਲੋਕ ਦਿਨ ਵਿੱਚ ਤਿੰਨ ਕੱਪ ਕੌਫ਼ੀ ਪੀਂਦੇ ਸਨ, ਅਧਿਐਨ ਦੇ ਅਰਸੇ ਦੌਰਾਨ ਉਨ੍ਹਾਂ ਦੀ ਮੌਤ ਹੋਣ ਦਾ ਖ਼ਤਰਾ ਸਭ ਤੋਂ ਘੱਟ ਸੀ।
ਦੱਸ ਦਈਏ ਕਿ ਕੌਫ਼ੀ ਨੂੰ ਸੰਭਾਵੀ ਲੰਬੀ ਉਮਰ ਨਾਲ ਜੋੜਨ ਵਾਲਾ ਇਹ ਕੋਈ ਪਹਿਲਾ ਅਧਿਐਨ ਨਹੀਂ ਸੀ।
ਸਾਲ 2008 ਵਿੱਚ ਇੱਕ ਹੋਰ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਜਿਸ ਲਈ ਪੰਜ ਲੱਖ ਲੋਕਾਂ ਨੂੰ 10 ਸਾਲਾਂ ਲਈ ਸਟੱਡੀ ਕੀਤੀ ਗਈ ਸੀ। ਇਸ ਵਿੱਚ ਵੀ ਦੇਖਿਆ ਗਿਆ ਕਿ ਕੌਫ਼ੀ ਪੀਣ ਵਾਲਿਆਂ ਵਿੱਚ ਅਕਾਲ ਮੌਤ ਦੀ ਸੰਭਾਵਨਾ 16% ਤੱਕ ਘੱਟ ਸੀ।
ਇਹ ਵੀ ਪੜ੍ਹੋ-
ਹਾਲਾਂਕਿ ਬਹੁਤ ਸਾਰੇ ਲੋਕ ਫਿਰ ਵੀ ਮੰਨਦੇ ਹਨ ਕਿ ਕੌਫ਼ੀ ਪੀਣਾ ਸਾਡੇ ਲਈ ਹਾਨੀਕਾਰਕ ਹੈ। ਉਨ੍ਹਾਂ ਮੁਤਾਬਕ ਸਾਨੂੰ ਜਿੱਥੇ ਤੱਕ ਸੰਭਵ ਹੋਵੇ ਕੌਫ਼ੀ ਦੀ ਮਾਤਰਾ ਸੀਮਤ ਕਰਨੀ ਚਾਹੀਦੀ ਹੈ।
ਕੀ ਅਸੀਂ ਇੰਨੇ ਸਮੇਂ ਤੋਂ ਕੌਫ਼ੀ ਬਾਰੇ ਗਲਤ ਹੀ ਸੋਚਦੇ ਰਹੇ ਹਾਂ?
ਡਾ਼ ਐਸਥਰ ਲੋਪੇਜ਼-ਗਰੇਸੀਆ, ਅਟੌਨਮਸ ਯੂਨੀਵਰਸਿਟੀ ਆਫ਼ ਮੈਡਰਿਡ ਵਿੱਚ ਪ੍ਰੀਵੈਂਟਿਵ ਮੈਡੀਸਨ ਐਂਡ ਪਬਲਿਕ ਹੈਲਥ ਦੇ ਪ੍ਰੋਫ਼ੈਸਰ ਹਨ। ਬੀਬੀਸੀ ਮੁੰਡੋ ਸੇਵਾ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਉਹ ਕਹਿੰਦੇ ਹਨ, ''ਕੌਫ਼ੀ ਬਾਰੇ ਲੋਕਾਂ ਦੀ ਧਾਰਨਾ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਕਾਫ਼ੀ ਬਦਲਾਅ ਆਇਆ ਹੈ।''
ਪ੍ਰੋਫ਼ੈਸਰ ਲੋਪੇਜ਼ ਖ਼ੁਦ ਵੀ ਕੌਫ਼ੀ ਅਤੇ ਦਿਲ ਦੀਆਂ ਬੀਮਾਰੀਆਂ ਨਾਲ ਜੁੜੇ ਕਈ ਅਧਿਐਨਾਂ ਦਾ ਹਿੱਸਾ ਰਹੇ ਹਨ।
''ਸਾਲ 2003 ਤੋਂ ਵੱਡੀ ਗਿਣਤੀ ਵਿੱਚ ਲੋਕਾਂ ਉੱਪਰ ਅਧਿਐਨ ਕੀਤੇ ਜਾਣ ਲੱਗੇ ਹਨ।''
''ਇਨ੍ਹਾਂ ਅਧਿਐਨਾਂ ਵਿੱਚ ਕਾਫ਼ੀ ਲੰਬੇ ਅਰਸੇ ਤੱਕ ਕੌਫ਼ੀ ਪੀਣ ਵਾਲੇ ਲੋਕਾਂ ਉੱਪਰ ਨਜ਼ਰ ਰੱਖੀ ਗਈ ਅਤੇ ਦੇਖਿਆ ਗਿਆ ਕਿ ਕੌਫ਼ੀ ਕਿਵੇਂ ਲੋਕਾਂ ਦੀ ਅਕਾਲ ਮੌਤ, ਦਿਲ ਦੀ ਬੀਮਾਰੀ ਜਾਂ ਟਾਈਪ-2 ਡਾਇਬਿਟੀਜ਼ ਨੂੰ ਪ੍ਰਭਾਵਿਤ ਕਰਦੀ ਹੈ।''
ਪ੍ਰੋਫ਼ੈਸਰ ਲੋਪੇਜ਼ ਮੁਤਾਬਕ,''ਜੇ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕਾਂ ਜਿਵੇਂ ਤਬਾਂਕੂ ਜਾਂ ਸ਼ਰਾਬ ਨੂੰ ਕੰਟਰੋਲ ਕਰ ਲਿਆ ਜਾਵੇ ਤਾਂ ਨਿਯਮਤ ਤੌਰ 'ਤੇ ਕੌਫ਼ੀ ਪੀਣ ਦੇ ਕੋਈ ਹਾਨੀਕਾਰਕ ਅਸਰ ਨਹੀਂ ਦੇਖੇ ਗਏ ਹਨ। ਸਗੋਂ ਇਹ ਟਾਈਪ-2 ਡਾਇਬੀਟੀਜ਼ ਨੂੰ ਵਿਕਸਿਤ ਹੋਣ ਤੋਂ ਰੋਕਣ ਵਿੱਚ ਲਾਭਦਾਇਕ ਪਾਈ ਗਈ।''
''ਇਹ ਵੀ ਦੇਖਿਆ ਗਿਆ ਹੈ ਕਿ ਨਿਯਮਤ ਕੌਫ਼ੀ ਪੀਣ ਵਾਲੇ ਕੈਫ਼ੀਨ ਪ੍ਰਤੀ ਸਹਿਣਸ਼ੀਲ ਹੋ ਜਾਂਦੇ ਹਨ ਅਤੇ ਉਨ੍ਹਾਂ ਉੱਪਰ ਇਸਦੇ ਦੁਸ਼ਪ੍ਰਭਾਵ ਨਹੀਂ ਦੇਖੇ ਗਏ ਹਨ। ਉਨ੍ਹਾਂ ਲੋਕਾਂ ਵਿੱਚ ਸਗੋਂ ਕੌਫ਼ੀ ਦੇ ਦੂਜੇ ਤੱਤਾਂ ਦੇ ਲਾਭਕਾਰੀ ਅਸਰ ਜ਼ਿਆਦਾ ਦੇਖੇ ਗਏ ਹਨ।''
ਪ੍ਰੋਫ਼ੈਸਰ ਲੋਪੇਜ਼ ਦੱਸਦੇ ਹਨ,''ਸਭ ਤੋਂ ਜ਼ਿਆਦਾ ਪੁਖਤਾ ਸਬੂਤ ਟਾਈਪ-2 ਡਾਇਬੀਟੀਜ਼ ਨੂੰ ਲੈ ਕੇ ਹਨ ਜਦਕਿ ਬਾਕੀ ਬੀਮਾਰੀਆਂ ਬਾਰੇ ਅਜੇ ਸਪੱਸ਼ਟਤਾ ਨਹੀਂ ਹੈ।''
ਕੌਫ਼ੀ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਕੰਪਾਊਂਡ ਹੁੰਦੇ ਅਤੇ ਇਨ੍ਹਾਂ ਵਿੱਚੋਂ ਬਹੁਤੇ ਖੋਜ ਦਾ ਵਿਸ਼ਾ ਹਨ।
ਮਿਸਾਲ ਵਜੋਂ ਕੌਫ਼ੀ ਵਿੱਚ ਐਂਟੀਔਕਸੀਡੈਂਟ ਮੌਜੂਦ ਹੁੰਦੇ ਹਨ ਜੋ ਕਿ ਰਿਸਰਚ ਮੁਤਾਬਕ ਸਰੀਰ ਦੇ ਸੈਲਾਂ ਨੂੰ ਟੁੱਟ ਭੱਜ ਤੋਂ ਬਚਾਉਂਦੇ ਹਨ।
ਇੱਕ ਐਂਟੀਔਕਸੀਡੈਂਟ ਹੈ ਜਿਸ ਦੇ ਗੁਲੂਕੋਜ਼ ਅਤੇ ਮੈਟਾਬੋਲਿਜ਼ਮ ਉੱਪਰ ਕਈ ਲਾਭਕਾਰੀ ਪ੍ਰਭਾਵ ਹਨ। ਇਸ ਵਿੱਚ ਮੈਗਨੀਸ਼ੀਅਮ ਵਰਗੇ ਖਣਿਜ ਵੀ ਹਨ ਜਿਸ ਦੇ ਸਿਹਤ ਉੱਪਰ ਕਈ ਕਿਸਮ ਦੇ ਅਸਰ ਹਨ।
ਕੌਫ਼ੀ ਦੀ ਬੁਰੀ ਤਸਵੀਰ ਦਾ ਕਾਰਨ ਸ਼ਾਇਦ ਅਤੀਤ ਵਿੱਚ ਹੈ ਜਦੋਂ ਕੈਫ਼ੀਨ ਨੂੰ ਨਸ਼ੇ ਵਜੋਂ ਦੇਖਿਆ ਜਾਂਦਾ ਸੀ। ਕੁਝ ਲੋਕਾਂ ਦੀ ਰਾਇ ਸੀ ਕਿ ਕੈਫ਼ੀਨ ਕਾਰਨ ਐਂਗਜ਼ਾਇਟੀ ਅਤੇ ਇਨਸੋਮੇਨੀਆ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।
ਇਸੇ ਕਾਰਨ ਸ਼ਾਇਦ ਪ੍ਰੋਫ਼ੈਸਰ ਲੋਪੇਜ਼ ਕਹਿੰਦੇ ਹਨ ਕਿ ਸਿਹਤਮੰਦ ਲੋਕ ਆਮ ਤੌਰ 'ਤੇ ਤਿੰਨ ਤੋਂ ਪੰਜ ਕੱਪ ਕੌਫ਼ੀ ਪੀ ਸਕਦੇ ਹਨ।
ਹਾਲਾਂਕਿ ਜਿਨ੍ਹਾਂ ਲੋਕਾਂ ਨੂੰ ਕੌਫ਼ੀ ਪੀਣ ਕਾਰਨ ਸਿਹਤ ਨਾਲ ਜੁੜੀਆਂ ਪੇਚਦਗੀਆਂ ਪੇਸ਼ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਇਸ ਬਾਰੇ ਵਿਅਕਤੀਗਤ ਮਸ਼ਵਰਾ ਲੈਣਾ ਚਾਹੀਦਾ ਹੈ।
ਵਾਈਨ ਅਤੇ ਇਸ ਦੇ ਲਾਭ
ਰੈਡ ਵਾਈਨ ਨੂੰ ਅਕਸਰ ਸ਼ਰਾਬ ਦੇ ਸਿਹਤਮੰਦ ਬਦਲ ਵਜੋਂ ਪੇਸ਼ ਕੀਤਾ ਜਾਂਦਾ ਹੈ।
ਪਿਛਲੇ ਦਹਾਕਿਆਂ ਦੌਰਾਨ ਹੋਏ ਬਹੁਤ ਸਾਰੇ ਅਧਿਐਨਾਂ ਵਿੱਚ ਕਿਹਾ ਗਿਆ ਹੈ ਕਿ ਦਿਲ ਦੀ ਬਿਹਤਰ ਸਿਹਤ ਲਈ ਕਦੇ-ਕਦਾਈਂ ਵਾਈਨ ਦਾ ਇੱਕ ਗਲਾਸ ਸਿਹਤਮੰਦ ਹੋ ਸਕਦਾ ਹੈ।
ਮਿਸਾਲ ਵਜੋਂ ਸਾਲ 2019 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਸੁਝਾਇਆ ਗਿਆ ਕਿ ਵਾਈਨ ਵਿੱਚ ਪਾਏ ਜਾਂਦੇ ਕਈ ਕਿਸਮ ਦੇ ਪੌਲੀਫਿਨਾਇਲ ਯੌਗਿਕਾਂ ਕਾਰਨ ਵਾਈਨ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਬਹੁਤ ਘੱਟ ਹੈ।
ਹਾਲਾਂਕਿ ਇਸੇ ਸਾਲ ਜਨਵਰੀ ਵਿੱਚ ਵਿਸ਼ਵ ਸਿਹਤ ਫੈਡਰੇਸ਼ਨ ਨੇ ਇੱਕ ਰਿਸਰਚ ਰਿਵੀਊ ਪ੍ਰਕਾਸ਼ਿਤ ਕੀਤਾ ਜਿਸ ਮੁਤਾਬਕ ਸ਼ਰਾਬ ਦਿਲ ਦੀ ਸਿਹਤ ਲਈ ਕਤਈ ਠੀਕ ਨਹੀਂ ਹੈ।
ਰਿਪੋਰਟ ਵਿੱਚ ਕਿਹਾ ਗਿਆ, ''ਪਿਛਲੇ ਦਹਾਕਿਆਂ ਦੌਰਾਨ ਦਿਲ ਦੀਆਂ ਬੀਮਾਰੀਆਂ ਦੇ ਮਾਮਲੇ ਲਗਭਗ ਦੁੱਗਣੇ ਹੋ ਗਏ ਹਨ ਅਤੇ ਸ਼ਰਾਬ ਨੇ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਈ ਹੈ।''
ਸੰਗਠਨ ਦਾ ਇਹ ਵੀ ਕਹਿਣਾ ਹੈ ਕਿ ਕਈ ''ਦਹਾਕਿਆਂ ਤੋਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਸ਼ਰਾਬ ਅਸਲ ਵਿੱਚ ਦਿਲ ਦੀ ਬੀਮਾਰੀ ਦੇ ਖ਼ਤਰੇ ਨੂੰ ਘੱਟ ਕਰਕੇ ਉਮਰ ਲੰਬੀ ਕਰਦੀ ਹੈ।''
ਜਦਕਿ ਰਿਪੋਰਟ ਅੱਗੇ ਕਹਿੰਦੀ ਹੈ ਕਿ ਸ਼ਰਾਬ ਪੀਣ ਕਾਰਨ ''ਜ਼ਿਆਦਾਤਰ ਦਿਲ ਦੀਆਂ ਬੀਮਾਰੀਆਂ ਸਮੇਤ ਕਈ ਹੋਰ ਬੀਮਾਰੀਆਂ ਦਾ ਖ਼ਤਰਾ ਵਧਿਆ ਹੈ।''
ਅਸੀਂ ਡਾ਼ ਮੀਗੁਲ ਮਾਰਕੁਸ ਮਾਰਿਟਨ ਨੂੰ ਪੁੱਛਿਆ ਕਿ ਆਖ਼ਰ ਰੈਡ ਵਾਈਨ ਸਿਹਤ ਲਈ ਫਾਇਦੇਮੰਦ ਹੈ ਜਾਂ ਨਹੀਂ।
ਉਹ ਯੂਨੀਵਰਿਸਟੀ ਆਫ਼ ਸਾਲਾਮਾਨਕਾ ਵਿੱਚ ਪ੍ਰੋਫ਼ੈਸਰ ਹਨ ਅਤੇ ਸਾਲਾਮਾਨਕਾ ਖੋਜ ਸੰਸਥਾਨ ਵਿੱਚ ਰਿਸਰਚਰ ਹਨ।
ਉਹ ਖ਼ੁਦ ਵੀ ਸ਼ਰਾਬ ਦੇ ਦਿਲ ਦੀ ਸਿਹਤ ਉੱਪਰ ਪੈਣ ਵਾਲੇ ਅਸਰਾਂ ਨਾਲ ਜੁੜੇ ਅਧਿਐਨਾਂ ਦਾ ਹਿੱਸਾ ਰਹੇ ਹਨ।
ਇਹ ਸੱਚ ਹੈ ਕਿ ਅਜਿਹੀਆਂ ਸਟੱਡੀਜ਼ ਹਨ ਜੋ ਸ਼ਰਾਬ ਪੀਣ ਨੂੰ ਸਿਹਤ ਨੂੰ ਵਿਵਾਦਿਤ ਅਤੇ ਬੇਸਿੱਟਾ ਸੰਭਾਵੀ ਫਾਇਦਿਆਂ ਨਾਲ ਜੋੜਦੇ ਹਨ।
ਹਾਲਾਂਕਿ ਅਸੀਂ ਭੁੱਲ ਨਹੀਂ ਸਕਦੇ ਕਿ ਦੂਜੇ ਅਧਿਐਨ ਸਪੱਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਇਹ ਉਹ ਤੱਤ ਹੈ ਜੋ ਕਈ ਹਾਨੀਕਾਰਕ ਅਸਰਾਂ ਨਾਲ ਜੁੜਿਆ ਹੋਇਆ ਹੈ, ਭਾਵੇਂ ਥੋੜ੍ਹੀ ਮਾਤਰਾ ਵਿੱਚ ਹੀ ਕਿਉਂ ਨਾਲ ਲਿਆ ਜਾਵੇ।
ਵੀਡੀਓ: ਕੋਰੋਨਾ ਨੇ ਸ਼ਰਾਬੀਆਂ ਨੂੰ ਕਿਵੇਂ ਬਦਲਿਆ?
ਇਨ੍ਹਾਂ ਸਾਰੇ ਕਾਰਨਾਂ ਕਰਕੇ, ''ਇਸ ਸਮੇਂ ਸ਼ਰਾਬ ਦੀ ਵਰਤੋਂ ਦੀ ਕਿਸੇ ਵੀ ਮਾਤਰਾ ਵਿੱਚ ਸਿਫ਼ਾਰਿਸ਼ ਨਹੀਂ ਕੀਤੀ ਜਾ ਸਕਦੀ।''
ਡਾ਼ ਮਾਰਕੋਸ ਮਾਰਟਿਨ ਪੁਸ਼ਟੀ ਕਰਦੇ ਹਨ, ''ਇਹ ਪ੍ਰਚਾਰ ਕਿ ਰੈਡ ਵਾਈਨ ਦੇ ਦਿਲ ਲਈ ਰੱਖਿਆਤਮਿਕ ਪ੍ਰਭਾਵ ਹਨ ਇੱਕ ਅਜਿਹੀ ਸਲਾਹ ਹੈ ਜੋ ਕਿ ਪਹਿਲਾਂ ਤਾਂ ਵਿਗਿਆਨਕ ਸਬੂਤਾਂ ਉੱਪਰ ਅਧਾਰਿਤ ਨਹੀਂ ਹੈ ਕਿਉਂਕਿ ਇਸ ਬਾਰੇ ਕੋਈ ਸਿੱਟਾ ਨਹੀਂ ਕੱਢਿਆ ਗਿਆ ਹੈ ਕਿ ਅਜਿਹਾ ਹੈ।''
ਦੂਜੇ ਪਾਸੇ ਜੇ ਇਹ ਸੱਚ ਵੀ ਹੋਵੇ ਕਿ ਵਾਈਨ ਦੇ ਕੁਝ ਬੀਮਾਰੀਆਂ ਪ੍ਰਤੀ ਰੱਖਿਆਤਮਿਕ ਪ੍ਰਭਾਵ ਹਨ ਵੀ ਤਾਂ, ''ਅਸੀਂ ਇਸ ਦੁਆਰਾ ਪੈਦਾ ਕੀਤੇ ਜਾਂਦੇ ਦੁਸ਼ਪ੍ਰਭਾਵਾਂ ਨੁੰ ਭੁਲਾ ਨਹੀਂ ਸਕਦੇ। ਸ਼ਰਾਬ ਵਾਲੇ ਪੀਣਯੋਗ ਪਦਾਰਥ, ਨਿਰਭਰਤਾ, ਜਿਗਰ, ਪੈਂਕਰੀਆਜ਼, ਆਦਿ ਨਾਲ ਜੁੜੀਆਂ ਪੇਚੀਦਗੀਆਂ ਪੈਦਾ ਕਰਦੇ ਹਨ।''
ਰੈਡਵਾਈਨ ਦੇ ਦਿਲ ਦੀ ਸਿਹਤ ਲਈ ਚੰਗੇ ਹੋਣ ਦਾ ਪ੍ਰਚਾਰ ਇਸ ਵਿੱਚ ਮਿਲਦੇ ਪੋਲੀਫਿਨੋਲਸ ਸਮੂਹ ਦੇ ਯੋਗਿਕਾਂ ਕਾਰਨ ਹੈ।
ਮੰਨਿਆਂ ਜਾਂਦਾ ਹੈ ਕਿ ਇਹ ਪੋਲੀਫਿਨੋਲਸ, ਐਂਟੀਔਕਸੀਡੈਂਟ ਵਜੋਂ ਕੰਮ ਕਰਦੇ ਹਨ ਅਤੇ ਸਰੀਰ ਦੇ ਸੈਲਾਂ ਨੂੰ ਟੁੱਟਭੱਜ ਤੋਂ ਬਚਾਉਂਦੇ ਹਨ ਜਿਸ ਕਾਰਨ ਕੈਂਸਰ ਅਤੇ ਕਾਰਡੀਔਵੈਸਕੂਲਰ ਬੀਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ।
ਹਾਲਾਂਕਿ ਯੂਨੀਵਰਸਿਟੀ ਹਸਪਤਾਲ ਆਫ਼ ਸਾਲਾਮਾਨਕ ਦੇ ਡਾਕਟਰ ਸਮਝਾਉਦੇ ਹਨ ਕਿ ਸਰੀਰ ਨੂੰ ਇਨ੍ਹਾਂ ਯੋਗਿਕਾਂ ਦੀ ਵਾਈਨ ਦੇ ਕੁਝ ਗਿਲਾਸਾਂ ਤੋਂ ਮਿਲਣ ਵਾਲੀ ਮਾਤਰਾ ਤੋਂ ਕਿਤੇ ਜ਼ਿਆਦਾ ਮਾਤਰਾ ਵਿੱਚ ਲੋੜ ਹੋ ਸਕਦੀ ਹੈ ਤਾਂ ਜੋ ਇਹ ਸਿਹਤ ਲਾਭ ਹਾਸਲ ਕੀਤੇ ਜਾ ਸਕਣ।
''ਇਹ ਹਾਲਾਂਕਿ ਸਾਬਤ ਨਹੀਂ ਹੋਇਆ ਹੈ। ਹਾਲਾਂਕਿ ਇਨ੍ਹਾਂ ਤੱਤਾਂ ਨੂੰ ਵੱਖਰੇ ਰੂਪ ਵਿੱਚ ਲੈਣ ਦੇ ਸਿਹਤ ਉੱਪਰ ਲੰਬੇ ਸਮੇਂ ਦੌਰਾਨ ਚੰਗੇ ਪ੍ਰਭਾਵ ਹੋ ਸਕਦੇ ਹਨ। ਇਸ ਲਈ ਇਸ ਬਾਰੇ ਵੀ ਬਹੁਤ ਘੱਟ ਸਪੱਸ਼ਟਤਾ ਹੈ ਕਿ ਜਿੰਨੀ ਥੋੜ੍ਹੀ ਮਾਤਰਾ ਵਿੱਚ ਇਹ ਤੱਤ ਸ਼ਰਾਬ ਵਿੱਚ ਪਾਏ ਜਾਂਦੇ ਹਨ ਉਨ੍ਹਾਂ ਦਾ ਅਸਲ ਵਿੱਚ ਕੋਈ ਲਾਭ ਹੈ ਵੀ ਜਾਂ ਨਹੀਂ।''
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਪੀਤੀ ਗਈ ਸ਼ਰਾਬ ਸਿਹਤ ਨੂੰ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ। ਜਦਕਿ ਅਸਲ ਵਿੱਚ, ਦਰਮਿਆਨੀ ਮਾਤਰਾ ਵਿੱਚ ਵੀ, ਜਿਵੇਂ ਕਿ ਹਰ ਦਿਨ ਵਾਈਨ ਦਾ ਇੱਕ ਗਿਲਾਸ ਦਾ ਵੀ ਸਿਹਤ ਉੱਪਰ ਬੁਰਾ ਅਸਰ ਹੋ ਸਕਦਾ ਹੈ।
''ਥੋੜ੍ਹੀ ਮਾਤਰਾ ਵਿੱਚ ਸ਼ਰਾਬ (ਮਿਸਾਲ ਵਜੋਂ ਵਾਈਨ ਜਾਂ ਬੀਅਰ ਦਾ ਇੱਕ ਗਿਲਾਸ) ਰਸੌਲੀਆਂ ਬਣਨ ਨਾਲ ਜੋੜਿਆ ਗਿਆ ਹੈ।''
ਖੁਸ਼ਕਿਸਤਮੀ ਨਾਲ ਥੋੜ੍ਹੀ ਮਾਤਰਾ ਨੂੰ ਥੋੜ੍ਹੇ ਖ਼ਤਰਿਆਂ ਨਾਲ ਜੋੜਿਆ ਗਿਆ ਹੈ ਪਰ ਇਹ ਸਭ ਜੁੜਦਾ ਤਾਂ ਹੈ ਹੀ।''
ਮਾਹਰ ਮੁਤਾਬਕ ਮੁੱਖ ਗੱਲ ਤਾਂ ਇਹ ਨਾ ਮੰਨਣਾ ਹੈ ਕਿ ਵਾਈਨ ਸਿਹਤ ਲਈ ਲਾਹੇਵੰਦ ਹੈ
''ਇਸ ਸਮੇਂ, ਵਿਗਿਆਨਕ ਸਬੂਤ ਤਾਂ ਸਾਨੂੰ ਇਹੀ ਕਹਿਣ ਦੀ ਅਨੁਮਤੀ ਦਿੰਦਾ ਹੈ ਕਿ ਸ਼ਰਾਬ ਜਿੰਨੀ ਹੋ ਸਕੇ ਉਨੀ ਘੱਟ ਪੀਓ।''