You’re viewing a text-only version of this website that uses less data. View the main version of the website including all images and videos.
ਯੂਕੇ: ਪਰਵਾਸੀਆਂ ਖ਼ਿਲਾਫ਼ ਅੰਦਰਖਾਤੇ ਕੌਣ ਖੜ੍ਹੀ ਕਰ ਰਿਹਾ ਹੈ ਫਿਰਕੂ ਮੁਹਿੰਮ - ਬੀਬੀਸੀ ਪੜਤਾਲ
- ਲੇਖਕ, ਬੀਬੀਸੀ ਵੇਲਜ਼ ਇਨਵੈਸਟੀਗੇਟਸ ਟੀਮ
- ਰੋਲ, ਬੀਬੀਸੀ ਨਿਊਜ਼
ਚੇਤਾਵਨੀ: ਇਸ ਰਿਪੋਰਟ ਦੇ ਵੇਰਵੇ ਪ੍ਰੇਸ਼ਾਨ ਕਰ ਸਕਦੇ ਹਨ
‘ਸੱਜੇ-ਪੱਖੀ ਸੰਗਠਨ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਪੁਲਿਸ ਦੁਆਰਾ ਮੈਂਬਰਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।’
ਇਹ ਸਭ ਬੀਬੀਸੀ ਨੂੰ ਉਸ ਤੋਂ ਬਾਅਦ ਕਿਹਾ ਗਿਆ, ਜਦੋਂ ਬੀਬੀਸੀ ਦੀ ਟੀਮ ਨੇ ਖ਼ੁਫੀਆ ਤਰੀਕੇ ਨਾਲ ਇੱਕ ਸਮੂਹ ਵਿੱਚ ਸ਼ਾਮਲ ਲੋਕਾਂ ਨੂੰ ਇਹ ਕਹਿੰਦੇ ਹੋਏ ਰਿਕਾਰਡ ਕੀਤਾ ਸੀ ਕਿ ਪਰਵਾਸੀਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।
ਕਾਊਂਟਰ ਐਕਸਟ੍ਰੀਮੀਜ਼ਮ ਏਜੰਸੀ ਦੇ ਸਾਬਕਾ ਕਮਿਸ਼ਨਰ ਸਾਰਾ ਖ਼ਾਨ ਦਾ ਮੰਨਣਾ ਹੈ ਕਿ ਯੂਕੇ ਸਰਕਾਰ ਨੂੰ ਪੈਟ੍ਰੀਓਟਿਕ ਅਲਟਰਨੇਟਿਵ ਵਰਗੇ ਕੱਟੜਪੰਥੀ ਸਮੂਹਾਂ ਨੂੰ ਗੈਰ-ਕਾਨੂੰਨੀ ਐਲਾਨਣ ਲਈ ਤੁਰੰਤ ਕਾਨੂੰਨ ਵਿੱਚ ਬਦਲਾਅ ਕਰਨਾ ਚਾਹੀਦਾ ਹੈ।
ਵਕੀਲ ਰਾਮਿਆ ਨਾਗੇਸ਼ ਨੇ ਖ਼ੁਫੀਆ ਫੁਟੇਜ ਨੂੰ ਵੇਖਿਆ ਅਤੇ ਕਿਹਾ, "ਹੁਣ ਪੁਲਿਸ ਕੋਲ ਜਾਂਚ ਕਰਨ ਅਤੇ ਸ਼ਾਮਲ ਲੋਕਾਂ ਨੂੰ ਦੋਸ਼ੀ ਠਹਿਰਾਉਣ ਲਈ ਲੋੜੀਂਦੇ ਸਬੂਤ ਹਨ।"
ਇੱਕ ਬੀਬੀਸੀ ਰਿਪੋਰਟਰ ਖੁਫੀਆ ਤਰੀਕੇ ਨਾਲ ਇੱਕ ਸਾਲ ਸੱਜੇ ਪੱਖੀ ਸਮੂਹਾਂ ਦਾ ਹਿੱਸਾ ਬਣਕੇ ਰਹੇ। ਇਸ ਸਮੇਂ ਮੈਂਬਰਾਂ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕੀਤਾ ਅਤੇ ਇਸ ਸਮੇਂ ਮੈਂਬਰਾਂ ਨੂੰ ਨਸਲੀ ਗਾਲ਼ਾਂ ਵਰਤਦੇ ਵੀ ਰਿਕਾਰਡ ਕੀਤਾ ਗਿਆ।
ਸੱਜੇ-ਪੱਖੀ ਸੰਗਠਨ ਪੈਟ੍ਰੀਓਟਿਕ ਅਲਟਰਨੇਟਿਵ (ਪੀਏ) ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਸਲੀ ਜੰਗ ਹੋਣੀ ਹੀ ਹੈ ਅਤੇ ਇਸ ਤੋਂ ਬਚਿਆ ਨਹੀਂ ਜਾ ਸਕਦਾ ਤੇ ਸੰਗਠਨ ਨੂੰ ਸੱਤਾ ਹਾਸਲ ਕਰਨ ਲਈ ਹਿਟਲਰ ਦੀ ਨਾਜ਼ੀ ਪਾਰਟੀ ਵਾਂਗ ਹੀ ਰਣਨੀਤੀ ਵਰਤਣੀ ਚਾਹੀਦੀ ਹੈ।
ਮੌਜੂਦਾ ਕਾਨੂੰਨ ਦੇ ਤਹਿਤ ਸੰਗਠਨ 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ, ਕਿਉਂਕਿ ਉਹ ਅੱਤਵਾਦ ਦੀ ਵਕਾਲਤ ਨਹੀਂ ਕਰਦੇ ਪਰ ਯੂਕੇ ਦੇ ਕਾਊਂਟਰ ਐਕਸਟ੍ਰੀਮੀਜ਼ਮ ਏਜੰਸੀ ਦੇ ਸਾਬਕਾ ਕਮਿਸ਼ਨਰ ਸਾਰਾ ਖ਼ਾਨ ਨੂੰ ਲੱਗਦਾ ਹੈ ਕਿ ਉਹ ਅੱਤਵਾਦ ਦਾ ਮਾਹੌਲ ਪੈਦਾ ਕਰ ਰਹੇ ਹਨ।"
ਪੈਟ੍ਰੀਓਟਿਕ ਅਲਟਰਨੇਟਿਵ (ਪੀਏ) ਦੇ ਲੀਡਰ ਮਾਰਕ ਕੋਲੇਟ ਨੇ ਕਿਹਾ ਕਿ ਉਹ ਕੱਟੜਪੰਥੀ ਨਹੀਂ ਹਨ, ਉਹ ਹਿੰਸਾ ਨੂੰ ਉਤਸ਼ਾਹਿਤ ਨਹੀਂ ਕਰਦੇ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਸਵਦੇਸ਼ੀ ਬਰਤਾਨਵੀ ਲੋਕਾਂ ਦੇ ਹੱਕਾਂ ਲਈ ਮੁਹਿੰਮ ਚਲਾਉਂਦੇ ਹਨ।
ਇਸ ਸੰਗਠਨ ਨੂੰ ਯੂਕੇ ਦਾ ਸਭ ਤੋਂ ਵੱਡਾ ਸੱਜੇ-ਪੱਖੀ ਸੰਗਠਨ ਮੰਨਿਆ ਜਾਂਦਾ ਹੈ। ਇਸ ਦੇੇ ਲਗਭਗ 500 ਦੇ ਕਰੀਬ ਮੈਂਬਰ ਹਨ ਅਤੇ ਔਨਲਾਈਨ ਫਾਲੋਅਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਸਮੂਹ ਮੁਤਾਬਕ ਇਹ ਪਰਵਾਸ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਨ।
ਬੀਬੀਸੀ ਵੇਲਜ਼ ਇਨਵੈਸਟੀਗੇਟਸ ਪ੍ਰੋਗਰਾਮ ਨੇ ਕੁਝ ਮੈਂਬਰਾਂ ਨੂੰ ਨਸਲੀ ਟਿੱਪਣੀਆਂ ਕਰਦੇ ਹੋਏ ਪਾਇਆ। ਮਾਹਰਾਂ ਦਾ ਕਹਿਣਾ ਹੈ ਕਿ ਇਹ ਟਿੱਪਣੀਆਂ ਨਸਲੀ ਨਫ਼ਰਤ ਭੜਕਾਉਣ ਦਾ ਕਾਰਨ ਬਣ ਸਕਦੀਆਂ ਹਨ।
ਪੈਟ੍ਰੀਓਟਿਕ ਅਲਟਰਨੇਟਿਵ ਸੰਗਠਨ ਦੀਆਂ ਯੂਕੇ ਭਰ ਵਿੱਚ ਸ਼ਾਖਾਵਾਂ ਹਨ। ਇਹ ਆਪਣੇ ਸਮੂਹ ਦੇ ਮੈਂਬਰਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ, ਪ੍ਰਵਾਸ ਦੇ ਮੁੱਦਿਆਂ ਨੂੰ ਉਜਾਗਰ ਕਰਨ, ਆਪਣੀਆਂ ਗਤੀਵਿਧੀਆਂ ਨੂੰ ਰਿਕਾਰਡ ਕਰ ਔਨਲਾਈਨ ਕਲਿੱਪਾਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਇੱਕ ਬੀਬੀਸੀ ਪੱਤਰਕਾਰ ਡੈਨ ਜੋਨਸ, ਵੇਲਜ਼ ਵਿੱਚ ਇੱਕ ਜਾਅਲੀ ਪਛਾਣ ਦੀ ਵਰਤੋਂ ਕਰਕੇ ਸਮੂਹ ਵਿੱਚ ਦਾਖਲ ਹੋਏ।
ਆਪਣੇ-ਆਪ ਨੂੰ ਨਵੇਂ ਮੈਂਬਰ ਵਜੋਂ ਪੇਸ਼ ਕਰਦੇ ਹੋਏ, ਅੰਡਰਕਵਰ ਰਿਪੋਰਟਰ ਨੇ ਇੱਕ ਸਾਲ ਦੇ ਦੌਰਾਨ ਪੈਟ੍ਰੀਓਟਿਕ ਅਲਟਰਨੇਟਿਵ ਦੇ ਪ੍ਰਦਰਸ਼ਨਾਂ, ਕੈਂਪਾਂ ਅਤੇ ਗੁਪਤ ਸਾਲਾਨਾ ਕਾਨਫਰੰਸਾਂ ਨੂੰ ਖ਼ੁਫੀਆ ਰੂਪ ਵਿੱਚ ਰਿਕਾਰਡ ਕੀਤਾ ਅਤੇ ਇਸ ਦੌਰਾਨ ਹੀ ਕੁਝ ਮੈਂਬਰਾਂ ਨੂੰ ਕੱਟੜਪੰਥੀ ਗੱਲਾਂ ਸਾਂਝੇ ਕਰਦੇ ਸੁਣਿਆ ਗਿਆ।
ਪ੍ਰਦਰਸ਼ਨ ਅਤੇ ਬੈਨਰ
ਡੈਨ ਨੇ ਵੇਲਜ਼ ਵਿੱਚ ਕਈ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਇਸ ਵਿੱਚ ਇੱਕ ਪ੍ਰਦਰਸ਼ਨ ਵਿੱਚ ਸਮੂਹ ਦੇ ਮੈਂਬਰਾਂ ਵੱਲੋਂ ਪਰਵਾਸੀਆਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।
ਉਨ੍ਹਾਂ ਨੇ ਸੜਕ ਅਤੇ ਪੁਲਾਂ 'ਤੇ ਬੈਨਰ ਲਹਿਰਾਉਣ ਵਾਲੇ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ, ਇਸ ਵਿੱਚ ਸਮੂਹ ਦੇ ਮੈਂਬਰ ਸਥਾਨਕ ਮੁੱਦਿਆਂ ਉੱਤੇ ਵਿਰੁੱਧ ਪ੍ਰਦਰਸ਼ਨ ਕਰਦੇ ਹਨ ਅਤੇ ਡਰਾਈਵਰਾਂ ਨੂੰ ਸਮਰਥਨ ਵਿੱਚ ਹਾਰਨ ਵਜਾਉਣ ਲਈ ਉਤਸ਼ਾਹਿਤ ਕਰਦੇ ਸਨ।
ਇਹ ਸਭ ਪ੍ਰਦਰਸ਼ਨ ਅਤੇ ਸਮਾਗਮ ਕਾਨੂੰਨੀ ਹਨ ਅਤੇ ਇਨ੍ਹਾਂ ਵਿੱਚ ਅਕਸਰ ਉਹ ਲੋਕ ਵੀ ਸ਼ਾਮਲ ਹੁੰਦੇ ਹਨ, ਜੋ ਪੈਟ੍ਰੀਓਟਿਕ ਅਲਟਰਨੇਟਿਵ ਦੇ ਮੈਂਬਰ ਨਹੀਂ ਹਨ।
ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਡੈਨ, ਰੋਜਰ ਫਿਲਿਪਸ ਨੂੰ ਮਿਲੇ।
ਉਨ੍ਹਾਂ ਨੇ ਕਿਹਾ ਕਿ ਉਹ ਪੈਟ੍ਰੀਓਟਿਕ ਅਲਟਰਨੇਟਿਵ ਦੇ ਮੈਂਬਰ ਨਹੀਂ ਹਨ। ਰੋਜਰ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਸਨ ਅਤੇ ਉਨ੍ਹਾਂ ਡੈਨ ਨੂੰ ਕਿਹਾ ਕਿ ਉਨ੍ਹਾਂ ਵਿੱਚੋਂ 35 ਤੋਂ 40 ਲੋਕ ਹਥਿਆਰਬੰਦ ਹੋਣ ਦੀ ਤਿਆਰੀ ਕਰ ਰਹੇ ਹਨ।
ਇਸ ਸਮੇਂ ਉਹ ਸ਼ਰਣ ਮੰਗਣ ਵਾਲਿਆਂ ਪਰਵਾਸੀਆਂ ਨੂੰ ਠਹਿਰਾਉਣ ਲਈ ਲੈਨੇਲੀ ਦੇ ਇੱਕ ਹੋਟਲ ਦੀ ਵਰਤੋਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ।
ਰੋਜਰ ਨੇ ਅੰਡਰਕਵਰ ਰਿਪੋਰਟਰ ਨੂੰ ਕਿਹਾ, "ਮੈਂ ਹੁਣ ਇੱਕ ਸ਼ਾਟਗਨ ਖਰੀਦ ਰਿਹਾ ਹਾਂ।"
"ਤੁਹਾਨੂੰ ਕੀ ਲੱਗਦਾ ਹੈ ਕਿ ਇਨ੍ਹਾਂ ਪਰਵਾਸੀਆਂ ਨਾਲ ਕੌਣ ਲੜੇਗਾ? ਅਸੀਂ।"
ਉਨ੍ਹਾਂ ਨੇ ਗੋਲਾ ਬਾਰੂਦ ਦੀ ਵਰਤੋਂ ਬਾਰੇ ਚਰਚਾ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਜਿਸ ਹਥਿਆਰ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਹ ਕਿਸੇ ਵਿਅਕਤੀ ਨੂੰ 150 ਗਜ਼ ਦੀ ਦੂਰੀ 'ਤੇ ਮਾਰ ਸਕਦਾ ਹੈ"।
ਰੋਜਰ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੂੰ ਪਹਿਲਾ ਹੀ ਸ਼ੱਕ ਸੀ ਕਿ ਡੈਨ ਅੰਡਰਕਵਰ ਰਿਪੋਰਟਰ ਹੈ, ਇਸ ਲਈ ਉਨ੍ਹਾਂ ਨੇ ਡੈਨ ਨੂੰ ਗਲਤ ਜਾਣਕਾਰੀ ਦਿੱਤੀ ਅਤੇ ਉਹ ਪੇਂਟਬਾਲਿੰਗ ਬੰਦੂਕਾਂ ਦੀ ਗੱਲ ਕਰ ਰਹੇ ਸਨ।
ਪੈਟ੍ਰੀਆਟਿਕ ਅਲਟਰਨੇਟਿਵ ਦੇ ਵੇਲਜ਼ ਆਯੋਜਕ ਅਤੇ ਮੁਸਲਿਮ ਵਿਰੋਧੀ ਲੀਗ ਦੇ ਸਾਬਕਾ ਲੀਡਰ ਜੋਅ ਮਾਰਸ਼ ਨੇ ਡੈਨ ਨੂੰ ਕਈ ਸਮਾਗਮਾਂ ਵਿੱਚ ਸੱਦਾ ਦਿੱਤਾ ਸੀ।
ਬ੍ਰਿਟਿਸ਼ ਨੈਸ਼ਨਲ ਪਾਰਟੀ (ਬੀਐੱਨਪੀ) ਦੇ ਸਾਬਕਾ ਕਾਰਕੁਨ ਅਤੇ ਸਾਬਕਾ ਫੁੱਟਬਾਲ ਖਿਡਾਰੀ ਨੂੰ ਇਹ ਕਹਿੰਦੇ ਹੋਏ ਰਿਕਾਰਡ ਕੀਤਾ ਗਿਆ, "ਜੇਕਰ ਜਮੈਕਨ ਅਤੇ ਅਫਰੀਕੀ ਲੋਕ ਚਾਕੂਆਂ ਨਾਲ ਵਸਨੀਕਾਂ ਤੇ ਹਮਲਾ ਨਾ ਕਰ ਰਹੇ ਹੁੰਦੇ, ਤਾਂ ਸਾਨੂੰ ਵੀ ਕੋਈ ਅਪਰਾਧ ਕਰਨ ਦੀ ਜ਼ਰੂਰਤ ਨਾ ਹੁੰਦੀ।"
ਜੁਲਾਈ 2024 ਵਿੱਚ ਸਾਊਥਪੋਰਟ ਵਿੱਚ ਤਿੰਨ ਨੌਜਵਾਨ ਲੜਕੀਆਂ ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ, ਮਾਰਸ਼ ਨੇ ਆਪਣੇ ਅਨੁਯਾਈਆਂ ਨੂੰ ਕਿਹਾ, "ਲੋਕਾਂ ਨੂੰ ਮਸਜਿਦਾਂ ਵਿੱਚ ਪ੍ਰਦਰਸ਼ਨ ਨਹੀਂ ਕਰਨੇ ਚਾਹੀਦੇ, ਜੇਕਰ ਤੁਸੀਂ ਪ੍ਰਦਰਸ਼ਨ ਕਰਨ ਜਾ ਰਹੇ ਹੋ, ਤਾ ਕਿਸੇ ਪਰਵਾਸੀ ਹੋਟਲ ਦੇ ਬਾਹਰ ਜਾਂ ਕਸਬੇ ਦੇ ਕੇਂਦਰ ਵਿੱਚ ਕਰੋ।"
ਅਗਲੇ ਹੀ ਦਿਨ ਰੋਦਰਹੈਮ ਸ਼ਹਿਰ ਅਤੇ ਟੈਮਵਰਥ ਸ਼ਹਿਰਾਂ ਵਿੱਚ ਪਰਵਾਸੀਆਂ ਦੇ ਠਹਿਰਣ ਵਾਲੇ ਹੋਟਲਾਂ ਵਿੱਚ ਪ੍ਰਦਰਸ਼ਨਾਂ ਦਾ ਹੜ ਆ ਗਿਆ। ਭਾਵੇਂ ਕਿ ਇਹ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਪ੍ਰਦਰਸ਼ਨਕਾਰੀਆਂ ਵਿੱਚੋਂ ਕੋਈ ਵੀ ਪੈਟਰੋਐਟਿਕ ਅਲਟਰਨੇਟਿਵ ਦਾ ਮੈਂਬਰ ਜਾਂ ਮਾਰਸ਼ ਦੇ ਪੈਰੋਕਾਰ ਸੀ।
ਮਾਰਸ਼ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਨੇ ਨਸਲੀ ਨਫ਼ਰਤ ਨੂੰ ਨਹੀਂ ਭੜਕਾਇਆ ਅਤੇ ਕਾਨੂੰਨੀ ਤੌਰ 'ਤੇ ਵਿਰੋਧ ਕੀਤਾ ਸੀ।
ਅੰਦਰਖਾਤੇ ਕੀ ਵਿਚਾਰ ਚੱਲ ਰਿਹਾ ਹੈ
ਇਸ ਦੌਰਾਨ ਇਹ ਵੀ ਵੇਖਿਆ ਗਿਆ ਕਿ ਕਿਵੇਂ ਕੁਝ ਮੈਂਬਰਾਂ ਵੱਲੋਂ ਕੱਟੜਪੰਥੀ ਵਿਚਾਰ ਸਾਂਝੇ ਕੀਤੇ ਜਾਂਦੇ ਹਨ।
ਇਸ ਦੌਰਾਨ ਆਰੋਨ ਵਾਟਕਿੰਸ ਨੇ ਡੈਨ ਨੂੰ ਕੁਝ ਕੰਮ ਦੀ ਪੇਸ਼ਕਸ਼ ਕੀਤੀ, ਵਾਟਕਿੰਸ ਹੁਣ ਆਪਣੀ ਨੌਕਰੀ ਗੁਆਉਣ ਤੋਂ ਬਾਅਦ ਇੱਕ ਹੈਂਡੀਮੈਨ ਹਨ। ਉਨ੍ਹਾਂ ਨੂੰ ਔਨਲਾਈਨ ਨਸਲੀ ਟਿੱਪਣੀਆਂ ਕਰਨ ਅਤੇ ਪ੍ਰਦਰਸ਼ਨਾਂ ਵਿੱਚ ਦੇਖੇ ਜਾਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਜਦੋਂ ਇਹ ਦੋਵੇਂ ਇੱਕ ਘਰ ਨੂੰ ਪੋਸਟਰ ਲਗਾ ਰਹੇ ਸਨ, ਤਾਂ ਵਾਟਕਿੰਸ ਨੇ ਡੈਨ ਨੂੰ ਕਿਹਾ, "ਉਹ ਭਾਈਚਾਰੇ ਜੋ ਸਭ ਤੋਂ ਵੱਧ ਵਿਭਿੰਨ ਹਨ, ਉਨ੍ਹਾਂ ਤੋਂ ਹੀ ਅਸੀਂ ਛੁਟਕਾਰਾ ਪਾਉਣਾ ਹੈ।"
"ਉਨ੍ਹਾਂ ਨੂੰ ਕੈਂਪਾਂ ਵਿੱਚ ਘੇਰ ਲਓ ਅਤੇ ਜੇਕਰ ਉਹ ਜਾਣ ਤੋਂ ਇਨਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਗੋਲੀ ਮਾਰ ਦੇਵੋਂ।"
ਵਾਟਕਿੰਸ ਨੇ ਡੈਨ ਨੂੰ ਦੱਸਿਆ ਕਿ ਉਨ੍ਹਾਂ ਦੀ ਅੱਤਵਾਦ ਵਿਰੋਧੀ ਏਜੰਸੀ ਵੱਲੋਂ ਨਸਲੀ ਟਿੱਪਣੀਆਂ ਵਿਰੁੱਧ ਜਾਂਚ ਵਿੱਚ ਕੋਈ ਸਬੂਤ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਦੇ ਕੋਲ ਇੱਕ ਨਵਾਂ ਫੋਨ ਹੈ ਅਤੇ ਉਨ੍ਹਾਂ ਨੇ ਆਪਣਾ ਪੁਰਾਣਾ ਫੋਨ ਨਸ਼ਟ ਕਰ ਦਿੱਤਾ ਸੀ।
"ਮੈਂ ਆਪਣੇ ਪੁਰਾਣੇ ਫੋਨ ਨੂੰ ਸਾੜ ਦਿੱਤਾ ਸੀ, ਇਸ ਲਈ, ਉਹ ਮੈਨੂੰ ਨਹੀਂ ਫੜ ਸਕੇ।"
ਜਦੋਂ ਬੀਬੀਸੀ ਨੇ ਬਾਅਦ ਵਿੱਚ ਵਾਟਕਿੰਸ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਸਾਡੇ ਅੰਡਰਕਵਰ ਰਿਪੋਰਟਰ ਨੂੰ ਸੋਸ਼ਲ ਮੀਡੀਆ ਚੈਟਗਰੁੱਪਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਰੋਜ਼ਾਨਾ ਮੈਸੇਜ ਆਉਂਦੇ ਸਨ ਕਿ ਕਿਵੇਂ ਪਰਵਾਸੀ ਯੂਕੇ 'ਤੇ ਹਮਲਾ ਕਰ ਰਹੇ ਹਨ।
ਡੈਨ ਨੂੰ ਡਰਬੀਸ਼ਾਇਰ ਸ਼ਹਿਰ ਵਿੱਚ ਪੈਟ੍ਰੀਓਟਿਕ ਅਲਟਰਨੇਟਿਵ ਦੇ ਕੈਂਪ ਅਤੇ ਸਾਲਾਨਾ ਕਾਨਫਰੰਸ ਵਿੱਚ ਸੱਦਾ ਦਿੱਤਾ ਗਿਆ ਸੀ, ਇੱਥੇੇ ਉਹ ਪੈਟ੍ਰਿਕ ਨੂੰ ਮਿਲੇ ਅਤੇ ਇਸ ਦੌਰਾਨ ਹੀ ਇੱਕ ਸਾਬਕਾ ਇਤਿਹਾਸ ਦੇ ਅਧਿਆਪਕ ਨੇ ਕਿਹਾ ਕਿ ਸਮੂਹ ਨੂੰ 1920 ਦੇ ਜਰਮਨੀ ਵਿੱਚ ਹਿਟਲਰ ਦੀ ਨਾਜ਼ੀ ਪਾਰਟੀ ਦੀ ਰਣਨੀਤੀ ਨੂੰ ਵਰਤਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ, "ਜੇਕਰ ਤੁਸੀਂ ਦੇਖਦੇ ਹੋ ਕਿ ਹਿਟਲਰ ਦੀ ਨਾਜ਼ੀ ਪਾਰਟੀ ਨੇ ਜਰਮਨੀ ਵਿੱਚ ਕੀ ਕੀਤਾ, ਭਾਈਚਾਰਕ ਸੰਗਠਨ, ਲੋਕਾਂ ਨਾਲ ਸਥਾਨਕ ਮੁੱਦਿਆਂ ਬਾਰੇ ਗੱਲ ਕਰਨਾ, ਇਹੀ ਉਹ ਚੀਜ਼ ਸੀ ਜਿਸ ਨੇ 1929 ਤੋਂ ਬਾਅਦ ਚੋਣਾਂ ਲਈ ਉਨ੍ਹਾਂ ਲਈ ਰਾਹ ਪੱਧਰਾ ਕੀਤਾ ਸੀ।"
ਪੈਟ੍ਰਿਕ ਨੇ ਫਿਰ ਡੈਨ ਨੂੰ ਕਿਹਾ ਕਿ ਇੱਕ ਨਸਲੀ ਯੁੱਧ ਹੋਣਾ ਹੀ ਹੈ ਅਤੇ ਜੇਕਰ ਪਰਵਾਸੀ ਨਹੀਂ ਗਏ ਤਾ, "ਉਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ, ਉਨ੍ਹਾਂ ਵਿੱਚੋਂ ਹਰ ਇੱਕ ਨੂੰ ਮਾਰਨਾ।"
ਜਦੋਂ ਬਾਅਦ ਵਿੱਚ ਉਨ੍ਹਾਂ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ, ਤਾਂ ਪੈਟ੍ਰਿਕ ਨੇ ਬੀਬੀਸੀ 'ਤੇ ਗੋਰਿਆਂ ਵਿਰੁੱਧ ਪੱਖਪਾਤ ਕਰਨ ਅਤੇ ਬਰਤਾਨੀਆ ਦੇ ਮੂਲ ਵਸਨੀਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਦੀ ਪਰਵਾਹ ਕਰਦੇ ਲੋਕਾਂ ਨੂੰ ਸਤਾਉਣ ਦਾ ਇਲਜ਼ਾਮ ਲਗਾਇਆ।
ਰਿਪੋਰਟਰ ਡੈਨ ਨੇ ਕਾਨਫਰੰਸ ਦੇ ਬੁਲਾਰੇ ਬਲੇਅਰ ਕੌਟਰੇਲ ਨਾਲ ਹੋਈ ਗੱਲਬਾਤ ਸਾਂਝੀ ਕੀਤੀ ਜੋ ਕਿ ਇੱਕ ਸੱਜੇ-ਪੱਖੀ ਕਾਰਕੁਨ ਅਤੇ ਆਸਟ੍ਰੇਲੀਆ ਵਿੱਚ ਸਜ਼ਾਜਾਵਤਾ ਅਪਰਾਧੀ ਹਨ।
ਉਨ੍ਹਾਂ ਨੂੰ ਗੁਪਤ ਰੂਪ ਵਿੱਚ ਅਫਰੀਕੀ ਲੋਕਾਂ ਦੀ ਤੁਲਨਾ ਕੁੱਤਿਆਂ ਕਰਦੇ ਰਿਕਾਰਡ ਕੀਤਾ ਗਿਆ ਸੀ।
ਉਨ੍ਹਾਂ ਨੇ ਡੈਨ ਅਤੇ ਹੋਰ ਸਮੂਹ ਮੈਂਬਰਾਂ ਨੂੰ ਦੱਸਿਆ, "ਇੱਕ ਬਜ਼ੁਰਗ ਔਰਤ ਨੂੰ ਅਫਰੀਕੀ ਬੱਚਿਆਂ ਦੇ ਇੱਕ ਸਮੂਹ ਨੇ ਚਾਕੂ ਮਾਰ ਕੇ ਮਾਰ ਦਿੱਤਾ ਸੀ, ਇਹ ਸਿਰਫ ਹਿੰਸਾ ਦੀ ਭਾਸ਼ਾ ਹੀ ਸਮਝਦੇ ਹਨ।"
ਉਨ੍ਹਾਂ ਨੂੰ ਕਹਿੰਦੇ ਹੋਏ ਰਿਕਾਰਡ ਕੀਤਾ ਗਿਆ, "ਉਨ੍ਹਾਂ ਦੇ ਅਪਰਾਧ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦਾ ਇੱਕੋ ਇੱਕ ਤਰੀਕਾ ਹੈ ਜਿਵੇਂ ਕਿ ਮੈਂ ਦੱਸਿਆ ਹੈ, ਉਨ੍ਹਾਂ ਦੀ ਚਮੜੀ ਉਤਾਰ ਦੇਣਾ।"
"ਤੁਸੀਂ ਉਨ੍ਹਾਂ ਦੇ ਕੁਝ ਸਰੀਰਾਂ ਨੂੰ ਟ੍ਰੈਫਿਕ ਲਾਈਟਾਂ ਜਾਂ ਕਿਸੇ ਹੋਰ ਚੀਜ਼ 'ਤੇ ਲਟਕਾ ਦੇਵੋ।"
ਬੀਬੀਸੀ ਨੇ ਬਲੇਅਰ ਕੌਟਰੇਲ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਬਾਰੇ ਪੁੱਛਿਆ, ਉਨ੍ਹਾਂ ਨੇ ਜਵਾਬ ਦਿੱਤਾ, ਪਰ ਬੀਬੀਸੀ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।
ਡੈਨ ਹੁਣ ਪੈਟ੍ਰੀਓਟਿਕ ਅਲਟਰਨੇਟਿਵ ਸੰਗਠਨ ਨੂੰ ਛੱਡ ਚੁੱਕੇ ਹਨ ਅਤੇ ਅੰਡਰਕਵਰ ਫੁਟੇਜ ਇੱਕ ਪ੍ਰਮੁੱਖ ਵਕੀਲ ਨੂੰ ਦਿਖਾਈ ਗਈ ਸੀ ਉਨ੍ਹਾਂ ਨੇ ਕਿਹਾ ਕਿ ਬੀਬੀਸੀ ਦੀ ਰਿਕਾਰਡਿੰਗ ਤੋਂ ਪੁਲਿਸ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਇਹ ਵਿਚਾਰ ਅਤੇ ਟਿੱਪਣੀਆਂ ਨਸਲੀ ਨਫ਼ਰਤ ਨੂੰ ਭੜਕਾ ਸਕਦੀਆਂ ਹਨ।
ਪੈਟ੍ਰੀਆਟਿਕ ਅਲਟਰਨੇਟਿਵ ਦੀ ਜਾਂਚ
ਰਾਮਿਆ ਨਾਗੇਸ਼ ਨੇ ਕਿਹਾ, "ਸਾਊਥਪੋਰਟ ਦੇ ਦੰਗਿਆਂ ਤੋਂ ਬਾਅਦ, ਉਨ੍ਹਾਂ ਵਿਅਕਤੀਆਂ 'ਤੇ ਮੁਕੱਦਮੇਬਾਜ਼ੀ ਦੇਖੀ ਗਈ, ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ਼ ਇੱਕ ਜਾਂ ਦੋ ਨਸਲੀ ਮੈਸੇਜ ਪੋਸਟ ਕੀਤੇ ਸਨ ਅਤੇ ਉਹ ਸੁਨੇਹੇ ਸ਼ਾਇਦ ਇੰਨੇ ਭੜਕਾਊ ਨਹੀਂ ਸਨ ਜਿੰਨੇ ਤੁਸੀਂ ਮੈਨੂੰ ਦਿਖਾਏ ਹਨ।"
ਡੇਮ ਸਾਰਾ ਨੇ ਕਿਹਾ ਕਿ ਪੈਟ੍ਰੀਆਟਿਕ ਅਲਟਰਨੇਟਿਵ ਵਰਗੇ ਸੰਗਠਨ ਦੇਸ਼ ਵਿੱਚ ਕੱਟੜਤਾ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਡੈਮ ਸਾਰਾ ਨੇ ਕਿਹਾ, "ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।"
"ਅਸੀਂ ਗਰਮੀਆਂ ਦੇ ਸਮੇਂ ਦੌਰਾਨ ਹੋਏ ਦੰਗਿਆਂ ਵਿੱਚ ਉਨ੍ਹਾਂ ਦੀ ਹਾਲੀਆ ਗਤੀਵਿਧੀ ਅਤੇ ਜਨਤਕ ਅਰਾਜਕਤਾ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਦੇਖਿਆ ਹੈ।"
ਉਨ੍ਹਾਂ ਨੇ ਹੁਣ ਯੂਕੇ ਸਰਕਾਰ ਨੂੰ ਇਸ ਤਰ੍ਹਾਂ ਦੇ ਸੰਗਠਨ 'ਤੇ ਪਾਬੰਦੀ ਲਗਾਉਣ ਲਈ ਨਵੇਂ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
"ਇਹ ਬਹੁਤ ਜ਼ਰੂਰੀ ਹੈ, ਮੈਨੂੰ ਡਰ ਹੈ ਕਿ ਪੀਏ ਵਰਗੇ ਸੰਗਠਨ ਬੱਚਿਆਂ ਨੂੰ ਕੱਟੜਪੰਥੀ ਬਣਾਉਂਦੇ ਹਨ ਅਤੇ ਸਾਨੂੰ ਇੱਕ ਕਮਜ਼ੋਰ ਅਤੇ ਘੱਟ ਲੋਕਤੰਤਰੀ ਸਮਾਜ ਬਣਾਉਂਦੇ ਹਨ।"
ਯੂਕੇ ਸਰਕਾਰ ਨੇ ਕਿਹਾ ਕਿ ਕੱਟੜਪੰਥੀ ਦੀ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਹੈ ਅਤੇ ਸਰਕਾਰ ਇਸ ਮੁੱਦੇ ਨਾਲ ਨਜਿੱਠਣ ਲਈ ਲਈ ਕੰਮ ਕਰ ਰਹੀ ਹੈ।
ਗ੍ਰਹਿ ਦਫ਼ਤਰ ਦੇ ਬੁਲਾਰੇ ਨੇ ਕਿਹਾ, "ਅਸੀਂ ਏਜੰਸੀਆਂ, ਸਥਾਨਕ ਭਾਈਚਾਰਿਆਂ ਅਤੇ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੇ ਹਾਂ ਤਾਂ ਜੋ ਵੰਡ ਅਤੇ ਨਫ਼ਰਤ ਫੈਲਾਉਣ ਵਾਲੇ ਸੰਗਠਨਾਂ ਅਤੇ ਵਿਅਕਤੀਆਂ ਨਾਲ ਨਜਿੱਠਿਆ ਜਾ ਸਕੇ।"
ਪੈਟ੍ਰੀਆਟਿਕ ਅਲਟਰਨੇਟਿਵ ਦੇ ਲੀਡਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਗਈ ਟਿੱਪਣੀ ਨਿੱਜੀ ਤੌਰ 'ਤੇ ਕੀਤੀ ਗਈ ਸੀ।
ਮਾਰਕ ਕੋਲੇਟ ਨੇ ਕਿਹਾ, "ਅਸੀਂ ਉਹ ਲੋਕ ਹਾਂ ਜੋ ਮੂਲ ਬ੍ਰਿਟਿਸ਼ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕਰਦੇ ਹਾਂ ਅਤੇ ਅਸੀਂ ਉਹ ਲੋਕ ਹਾਂ ਜੋ ਹੁਣ ਇਸ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਵਿਰੁੱਧ ਮੁਹਿੰਮ ਚਲਾ ਰਹੇ ਹਾਂ।"
ਜਦੋਂ ਉਨ੍ਹਾਂ ਦੇ ਮੈਂਬਰਾਂ ਦੁਆਰਾ ਨਸਲੀ ਅਪਮਾਨਾਂ ਦੀ ਵਰਤੋਂ ਬਾਰੇ ਦਬਾਅ ਪਾਇਆ ਗਿਆ, ਤਾਂ ਕੋਲੇਟ ਨੇ ਕਿਹਾ ਕਿ ਇਹ ਸਮੂਹ ਦੇ ਜ਼ਾਬਤੇ ਵਿੱਚ ਵਰਜਿਤ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਜੇਕਰ ਲੋਕਾਂ ਨੇ ਜ਼ਾਬਤੇ ਦੀ ਉਲੰਘਣਾ ਕੀਤੀ ਹੈ, ਤਾਂ ਅਸੀਂ ਇਸ ਨਾਲ ਨਜਿੱਠਾਂਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ