'ਜੋ ਹੋ ਰਿਹਾ ਹੈ ਉਹ ਮਾਫ਼ ਕਰਨ ਯੋਗ ਨਹੀਂ ਹੈ', ਹੇਮਾ ਮਾਲਿਨੀ ਨੇ ਧਰਮਿੰਦਰ ਬਾਰੇ ਚੱਲ ਰਹੀਆਂ ਖ਼ਬਰਾਂ 'ਤੇ ਨਾਰਾਜ਼ਗੀ ਪ੍ਰਗਟਾਈ

    • ਲੇਖਕ, ਰਵੀ ਜੈਨ
    • ਰੋਲ, ਬੀਬੀਸੀ ਸਹਿਯੋਗੀ

ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ 'ਹੀ-ਮੈਨ' ਧਰਮਿੰਦਰ ਦਾ ਇਲਾਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਜਦੋਂ ਬੀਬੀਸੀ ਹਿੰਦੀ ਨੇ ਧਰਮਿੰਦਰ ਦਾ ਇਲਾਜ ਕਰ ਰਹੇ ਇੱਕ ਡਾਕਟਰ ਨਾਲ ਫ਼ੋਨ 'ਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਮਰੀਜ਼ ਅਤੇ ਪਰਿਵਾਰ ਦੀ ਨਿੱਜਤਾ ਦਾ ਹਵਾਲਾ ਦਿੰਦੇ ਹੋਏ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਬੀਬੀਸੀ ਨਿਊਜ਼ ਹਿੰਦੀ ਨੂੰ ਮਿਲੀ ਜਾਣਕਾਰੀ ਮੁਤਾਬਕ, ਧਰਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਨਮੂਨੀਆ ਕਾਰਨ ਤਕਰੀਬਨ ਤਿੰਨ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਧਰਮਿੰਦਰ ਦੀ ਉਮਰ ਅਤੇ ਸਿਹਤ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਈਸੀਯੂ ਵਿੱਚ ਰੱਖਿਆ ਗਿਆ ਹੈ।

ਇਸ ਦੌਰਾਨ ਮੰਗਲਵਾਰ ਨੂੰ ਧਰਮਿੰਦਰ ਦੀ ਧੀ ਈਸ਼ਾ ਦਿਓਲ ਅਤੇ ਪਤਨੀ ਹੇਮਾ ਮਾਲਿਨੀ ਨੇ ਮੀਡੀਆ ਵਿੱਚ ਉਨ੍ਹਾਂ ਦੀ 'ਮੌਤ' ਬਾਰੇ ਝੂਠੀ ਖ਼ਬਰ ਫ਼ੈਲਾਏ ਜਾਣ ਤੋਂ ਬਾਅਦ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ' ਤੇ ਲਿਖਿਆ, "ਮੀਡੀਆ ਜਲਦੀ ਵਿੱਚ ਹੈ ਅਤੇ ਝੂਠੀਆਂ ਖ਼ਬਰਾਂ ਫੈਲਾਅ ਰਿਹਾ ਹੈ। ਮੇਰੇ ਪਿਤਾ ਦੀ ਹਾਲਤ ਸਥਿਰ ਹੈ ਅਤੇ ਠੀਕ ਹੋ ਰਹੇ ਹਨ। ਪਾਪਾ ਦੀ ਚੰਗੀ ਸਿਹਤ ਲਈ ਤੁਹਾਡੀਆਂ ਅਰਦਾਸਾਂ ਲਈ ਧੰਨਵਾਦ।"

ਧਰਮਿੰਦਰ ਦੀ ਪਤਨੀ, ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਇੰਸਟਾਗ੍ਰਾਮ 'ਤੇ ਲਿਖਿਆ , "ਜੋ ਹੋ ਰਿਹਾ ਹੈ ਉਹ ਮਾਫ਼ ਕਰਨ ਯੋਗ ਨਹੀਂ ਹੈ! ਜ਼ਿੰਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਬਾਰੇ ਝੂਠੀਆਂ ਖ਼ਬਰਾਂ ਕਿਵੇਂ ਫੈਲਾ ਸਕਦੇ ਹਨ ਜੋ ਇਲਾਜ ਪ੍ਰਤੀ ਹੁੰਗਾਰਾ ਭਰ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ?"

ਉਨ੍ਹਾਂ ਨੇ ਲਿਖਿਆ, "ਇਹ ਬਹੁਤ ਹੀ ਨਿਰਾਦਰਜਨਕ ਅਤੇ ਗ਼ੈਰ-ਜ਼ਿੰਮੇਵਾਰਾਨਾ ਹੈ। ਕ੍ਰਿਪਾ ਕਰਕੇ ਪਰਿਵਾਰ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰੋ।"

ਕਈ ਕਲਾਕਾਰ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੇ

ਧਰਮਿੰਦਰ ਨੂੰ ਆਪਣਾ ਆਦਰਸ਼ ਮੰਨਣ ਵਾਲੇ ਸਲਮਾਨ ਖ਼ਾਨ, ਨੂੰ ਵੀ ਸੋਮਵਾਰ ਦੇਰ ਸ਼ਾਮ ਬ੍ਰੀਚ ਕੈਂਡੀ ਹਸਪਤਾਲ ਜਾਂਦੇ ਦੇਖਿਆ ਗਿਆ।

ਧਰਮਿੰਦਰ ਨਾਲ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਗੋਵਿੰਦਾ ਵੀ ਦੇਰ ਰਾਤ ਧਰਮਿੰਦਰ ਨੂੰ ਮਿਲਣ ਆਏ ਸਨ।

ਇਸ ਦੌਰਾਨ, ਧਰਮਿੰਦਰ ਦੀ ਟੀਮ ਦੇ ਇੱਕ ਮੈਂਬਰ ਨੇ ਸੋਮਵਾਰ ਨੂੰ ਬੀਬੀਸੀ ਹਿੰਦੀ ਨੂੰ ਭੇਜੇ ਇੱਕ ਮੈਸੇਜ ਵਿੱਚ ਕਿਹਾ ਸੀ, "ਧਰਮਿੰਦਰ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਨੂੰ ਨਿਗਰਾਨੀ ਅਧੀਨ ਰੱਖਿਆ ਗਿਆ ਹੈ।"

"ਅਸੀਂ ਸਾਰਿਆਂ ਨੂੰ ਧਰਮਿੰਦਰ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਅਤੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ।"

ਜਦੋਂ ਤੋਂ ਧਰਮਿੰਦਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਨਾ ਤਾਂ ਹਸਪਤਾਲ ਅਤੇ ਨਾ ਹੀ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਸੰਬੰਧੀ ਕੋਈ ਹੈਲਥ ਬੁਲੇਟਿਨ ਜਾਰੀ ਕੀਤਾ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਸੀ।

ਧਰਮਿੰਦਰ ਦੇ ਵੱਡੇ ਪੁੱਤ ਅਦਾਕਾਰ ਸੰਨੀ ਦਿਓਲ, ਸਵੇਰੇ ਹਸਪਤਾਲ ਵਿੱਚ ਮੌਜੂਦ ਸਨ ਅਤੇ ਦੁਪਹਿਰ ਨੂੰ ਚਲੇ ਗਏ।

ਬਾਅਦ ਵਿੱਚ ਸ਼ਾਮ ਨੂੰ ਸੰਨੀ ਦਿਓਲ ਨੂੰ ਹਸਪਤਾਲ ਵਾਪਸ ਆਉਂਦੇ ਦੇਖਿਆ ਗਿਆ।

ਧਰਮਿੰਦਰ ਦੀ ਦੂਜੀ ਪਤਨੀ, ਅਦਾਕਾਰਾ ਹੇਮਾ ਮਾਲਿਨੀ ਨੂੰ ਵੀ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਖਿਆ ਗਿਆ। ਉੱਥੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਆਪਣੀ ਕਾਰ ਵਿੱਚ ਹਸਪਤਾਲ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)