You’re viewing a text-only version of this website that uses less data. View the main version of the website including all images and videos.
ਨਵਾਂ ਸ਼ਹਿਰ 'ਚ ਜੰਮੇ ਅਮਰੀਸ਼ ਪੁਰੀ ਜੋ ਹਾਲੀਵੁੱਡ ਵਿੱਚ ਵੀ ਖ਼ਲਨਾਇਕ ਬਣੇ, ਕੀ ਓਹ ਅਸਲ ਜ਼ਿੰਦਗੀ ਵਿੱਚ ਵੀ ਗੁੱਸੇ ਵਾਲੇ ਸਨ?
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
ਜਦੋਂ ਸ਼ੇਖਰ ਕਪੂਰ ਦੀ ਫਿਲਮ 'ਮਿਸਟਰ ਇੰਡੀਆ' 1987 ਵਿੱਚ ਰਿਲੀਜ਼ ਹੋਈ ਸੀ, ਤਾਂ ਹੀਰੋ ਤੋਂ ਵੀ ਵੱਧ ਧਿਆਨ ਫਿਲਮ ਦੇ ਖ਼ਲਨਾਇਕ ਅਮਰੀਸ਼ ਪੁਰੀ ਨੇ ਆਪਣੇ ਵੱਲ ਖਿੱਚਿਆ।
'ਮੋਗੈਂਬੋ' ਨੂੰ ਬਾਲੀਵੁੱਡ ਦੇ ਇਤਿਹਾਸ ਵਿੱਚ ਇੱਕ ਮੀਲ ਦਾ ਪੱਥਰ ਵਾਲਾ ਕਿਰਦਾਰ ਮੰਨਿਆ ਜਾਂਦਾ ਹੈ।
ਬਾਲਾਜੀ ਵਿੱਠਲ ਆਪਣੀ ਕਿਤਾਬ 'ਪਿਓਰ ਈਵਿਲ ਦਿ ਬੈਡਮੈਨ ਆਫ ਬਾਲੀਵੁੱਡ' ਵਿੱਚ ਲਿਖਦੇ ਹਨ, "ਸਿਨੇਮਾ ਵਿੱਚ ਖ਼ਲਨਾਇਕ ਦੇ ਜਿੰਨੇ ਵੀ ਰੂਪ ਹੋ ਸਕਦੇ ਹਨ, ਮੋਗੈਂਬੋ ਨੇ ਆਪਣੀ ਸ਼ਖਸੀਅਤ ਵਿੱਚ ਉਨ੍ਹਾਂ ਸਾਰਿਆਂ ਨੂੰ ਦਰਸਾਇਆ ਸੀ ਪਰ ਮਹਿਲਾਵਾਂ ਵਿਰੁੱਧ ਹਿੰਸਾ ਉਸਨੂੰ ਨਾਪਸੰਦ ਸੀ।''
''ਆਪਣੇ ਵੱਲ ਧਿਆਨ ਖਿੱਚਣ ਦਾ ਉਸਦਾ ਤਰੀਕਾ ਬਿਲਕੁਲ ਬੱਚਿਆਂ ਵਰਗਾ ਸੀ। ਆਪਣੇ ਗੁੰਡਿਆਂ ਤੋਂ ਹਿਟਲਰ ਦੇ ਅੰਦਾਜ਼ ਵਿੱਚ 'ਹੇਲ ਮੋਗੈਂਬੋ' ਕਹਾਉਣਾ ਅਤੇ ਅਪਰਾਧ ਦੇ ਹਰੇਕ ਘਿਨਾਉਣੇ ਕੰਮ ਤੋਂ ਬਾਅਦ 'ਮੋਗੈਂਬੋ ਖੁਸ਼ ਹੁਆ' ਪੰਚਲਾਈਨ ਬੋਲਣ ਨੇ ਦਰਸ਼ਕਾਂ ਦੀਆਂ ਨਜ਼ਰਾਂ ਵਿੱਚ ਉਸਦੀ ਬੁਰਾਈ ਨੂੰ ਘਟਾ ਦਿੱਤਾ ਸੀ ਅਤੇ ਉਹ ਉਸਦੇ ਇਸ ਅੰਦਾਜ਼ 'ਤੇ ਤਾੜੀਆਂ ਮਾਰਨ ਲਈ ਮਜਬੂਰ ਹੋ ਜਾਂਦੇ ਸਨ।"
ਪੰਜਾਬ ਦੇ ਨਵਾਂਸ਼ਹਿਰ ਵਿੱਚ ਜੰਮੇ ਅਮਰੀਸ਼ ਪੁਰੀ ਨੇ ਸ਼ਿਮਲਾ ਦੇ ਬੀਐਮ ਕਾਲਜ ਤੋਂ ਪੜ੍ਹਾਈ ਕੀਤੀ। ਪੰਜਾਹ ਦੇ ਦਹਾਕੇ ਵਿੱਚ ਉਹ ਬੰਬਈ ਚਲੇ ਗਏ, ਜਿੱਥੇ ਉਨ੍ਹਾਂ ਦੇ ਦੋ ਭਰਾ ਮਦਨ ਪੁਰੀ ਅਤੇ ਚਮਨ ਪੁਰੀ ਪਹਿਲਾਂ ਹੀ ਫਿਲਮਾਂ ਵਿੱਚ ਕੰਮ ਕਰ ਰਹੇ ਸਨ।
ਆਪਣੀ ਟ੍ਰੇਡਮਾਰਕ ਟੋਪੀ, ਚੌੜੇ ਮੋਢੇ, ਲੰਬੇ ਕੱਦ ਅਤੇ ਪ੍ਰਭਾਵਸ਼ਾਲੀ ਆਵਾਜ਼ ਲਈ ਮਸ਼ਹੂਰ, ਅਮਰੀਸ਼ ਪੁਰੀ ਨੂੰ ਭਾਰਤੀ ਰੰਗਮੰਚ ਦੀ ਇੱਕ ਮਸ਼ਹੂਰ ਸ਼ਖਸੀਅਤ ਅਲਕਾਜ਼ੀ ਨੇ ਪਹਿਲਾ ਬ੍ਰੇਕ ਦਿੱਤਾ।
ਉਨ੍ਹਾਂ ਦੇ ਇੱਕ ਦੋਸਤ, ਐਸਪੀ ਮੇਘਨਾਨੀ ਉਨ੍ਹਾਂ ਨੂੰ ਅਲਕਾਜ਼ੀ ਨਾਲ ਮਿਲਣ ਲਈ ਲੈ ਗਏ ਸਨ।
ਅਮਰੀਸ਼ ਪੁਰੀ ਆਪਣੀ ਆਤਮਕਥਾ 'ਦਿ ਐਕਟ ਆਫ਼ ਲਾਈਫ਼' ਵਿੱਚ ਲਿਖਦੇ ਹਨ, "ਅਲਕਾਜ਼ੀ ਨੇ ਪੰਜ ਮਿੰਟਾਂ ਦੇ ਅੰਦਰ ਇੱਕ ਸਕ੍ਰਿਪਟ ਦੇ ਕੇ ਮੈਨੂੰ ਬਹੁਤ ਆਤਮਵਿਸ਼ਵਾਸ ਨਾਲ ਭਰ ਦਿੱਤਾ। ਮੈਨੂੰ ਪਤਾ ਸੀ ਕਿ ਉਹ ਲੰਬੇ ਕੋਰੀਡੋਰ ਦੇ ਦੂਜੇ ਸਿਰੇ 'ਤੇ ਆਪਣੀ ਮੇਜ਼ ਵੱਲ ਆਉਂਦੇ ਹੋਏ ਮੈਨੂੰ ਧਿਆਨ ਨਾਲ ਦੇਖ ਰਹੇ ਸਨ। ਉਨ੍ਹਾਂ ਨੇ ਮੈਨੂੰ ਪੁੱਛਿਆ, ਕੀ ਮੈਨੂੰ ਥੀਏਟਰ ਵਿੱਚ ਦਿਲਚਸਪੀ ਹੈ? ਜਿਵੇਂ ਹੀ ਮੈਂ ਹਾਂ ਕਿਹਾ, ਉਹ ਝੁਕੇ ਅਤੇ ਇੱਕ ਸਕ੍ਰਿਪਟ ਕੱਢੀ। ਉਸੇ ਪਲ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਆਰਥਰ ਮਿਲਰ ਦੇ ਨਾਟਕ 'ਏ ਵਿਊ ਫਰਾਮ ਦਿ ਬ੍ਰਿਜ' ਦੇ ਮੁੱਖ ਪਾਤਰ ਦੀ ਭੂਮਿਕਾ ਨਿਭਾਵਾਂਗਾ।"
ਇਸ ਤੋਂ ਬਾਅਦ ਅਮਰੀਸ਼ ਪੁਰੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਸਖਾਰਾਮ ਬਾਇੰਡਰ ਤੋਂ ਪ੍ਰਸਿੱਧੀ
ਇਸ ਤੋਂ ਬਾਅਦ ਅਮਰੀਸ਼ ਪੂਰੀ ਨੇ ਵਿਜੇ ਤੇਂਦੁਲਕਰ ਦੇ ਨਾਟਕ 'ਸਖਾਰਾਮ ਬਾਇੰਡਰ' ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।
ਇਹ ਨਾਟਕ ਇੱਕ ਅਣਵਿਆਹੇ ਕਿਤਾਬ ਬਾਇੰਡਰ ਦੀ ਕਹਾਣੀ ਸੀ ਜੋ ਇੱਕ ਬੇਘਰ ਮਹਿਲਾ ਨੂੰ ਘਰ ਲਿਆਉਂਦਾ ਹੈ ਅਤੇ ਉਸ ਨਾਲ ਸਬੰਧ ਬਣਾਉਂਦਾ ਹੈ।
ਇਸ ਨਾਟਕ ਵਿੱਚ ਪੁਰੀ ਨੂੰ ਗੰਦੇ, ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਦਿਖਾਇਆ ਗਿਆ ਸੀ।
ਇਸ ਨਾਟਕ ਦਾ ਇਹ ਕਹਿ ਕੇ ਸਖ਼ਤ ਵਿਰੋਧ ਕੀਤਾ ਗਿਆ ਸੀ ਕਿ ਇੱਕ ਮਹਿਲਾ ਦਾ ਸ਼ੋਸ਼ਣ ਕਰਨ ਵਾਲੇ ਵਿਅਕਤੀ ਦੇ ਕੰਮ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ?
ਅਮਰੀਸ਼ ਪੁਰੀ ਨੇ ਲਿਖਿਆ, "ਮੈਨੂੰ ਬਹੁਤ ਹੈਰਾਨੀ ਹੋਈ ਕਿ ਥੀਏਟਰ ਦੀ ਇੱਕ ਅਮੀਰ ਪਰੰਪਰਾ ਰੱਖਣ ਵਾਲੇ ਮਹਾਰਾਸ਼ਟਰ ਦੇ ਲੋਕਾਂ ਨੇ ਉਸ ਨਾਟਕ ਨੂੰ ਅਸ਼ਲੀਲ ਸਮਝਿਆ। ਇਹ ਮੰਦਭਾਗਾ ਸੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿੰਦਗੀ ਵਿੱਚ ਕੋਈ ਵੀ ਅਨੁਭਵ ਕਿੰਨਾ ਵੀ ਬਦਸੂਰਤ ਅਤੇ ਹੈਰਾਨ ਕਰਨ ਵਾਲਾ ਕਿਉਂ ਨਾ ਹੋਵੇ, ਸਟੇਜ 'ਤੇ ਇਸਨੂੰ ਕਲਾ ਦੀਆਂ ਪਰਤਾਂ ਰਾਹੀਂ ਛਾਣ ਪੇਸ਼ ਕੀਤਾ ਜਾਂਦਾ ਹੈ।"
ਅਮਰੀਸ਼ ਪੁਰੀ ਦੇ ਇੱਕ ਹੋਰ ਸਲਾਹਕਾਰ ਅਤੇ ਥੀਏਟਰ ਗੁਰੂ ਸਤਿਆਦੇਵ ਦੂਬੇ ਸਨ।
ਉਨ੍ਹਾਂ ਨੇ ਇੱਕ ਵਾਰ ਅਮਰੀਸ਼ ਪੁਰੀ ਨੂੰ ਯਾਦ ਕਰਦੇ ਹੋਏ ਕਿਹਾ ਸੀ, "ਅਮਰੀਸ਼ ਲਈ ਇੱਕੋ ਸਮੇਂ ਨੌਕਰੀ ਅਤੇ ਥੀਏਟਰ ਕਰਨਾ ਆਸਾਨ ਨਹੀਂ ਸੀ। ਉਹ ਆਪਣੇ ਸਮੇਂ ਨੂੰ ਮੈਨੇਜ ਕਰਨਾ ਜਾਣਦੇ ਸੀ। ਉਸ ਕੋਲ ਪਰਿਵਾਰਕ ਜ਼ਿੰਮੇਵਾਰੀਆਂ ਸਨ ਅਤੇ ਵਧਦੇ ਪਰਿਵਾਰ ਲਈ ਵਾਧੂ ਪੈਸੇ ਕਮਾਉਣ ਦੀ ਵੀ ਲੋੜ ਸੀ। ਥੀਏਟਰ ਉਸਨੂੰ ਬਿਲਕੁਲ ਵੀ ਪੈਸੇ ਨਹੀਂ ਦਿੰਦਾ ਸੀ। ਅੰਤ ਵਿੱਚ ਉਸਨੇ ਫਿਲਮਾਂ ਪ੍ਰਤੀ ਆਪਣੀ ਵਚਨਬੱਧਤਾ ਦੇ ਕਾਰਨ ਨਾਟਕਾਂ ਵਿੱਚ ਕੰਮ ਘਟਾ ਦਿੱਤਾ ਪਰ ਉਦੋਂ ਤੱਕ ਉਹ ਹਿੰਦੀ ਥੀਏਟਰ ਵਿੱਚ ਕਿਸੇ ਵੀ ਹੋਰ ਅਦਾਕਾਰ ਨਾਲੋਂ ਵੱਧ ਯੋਗਦਾਨ ਪਹਿਲਾਂ ਹੀ ਪਾ ਚੁੱਕਾ ਸੀ।"
ਸਤਿਆਦੇਵ ਦੂਬੇ ਨੇ ਅਮਰੀਸ਼ ਦੇ ਬਹੁਤ ਨਿਮਰ ਹੋਣ ਦੇ ਗੁਣ ਬਾਰੇ ਵੀ ਗੱਲ ਕੀਤੀ ਸੀ।
ਉਨ੍ਹਾਂ ਕਿਹਾ, "ਕੋਈ ਹੋਰ ਕਲਾਕਾਰ ਸ਼ਾਇਦ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸਨੂੰ ਮੇਰੇ ਤੋਂ ਉਸ ਪੱਧਰ ਦੀ ਝਿੜਕ ਮਿਲੀ ਹੈ ਜੋ ਅਮਰੀਸ਼ ਨੂੰ ਮੇਰੇ ਤੋਂ ਮਿਲੀ। ਪਰ ਨਾ ਤਾਂ ਉਹ ਕਦੇ ਵੀ ਇਸ ਨਾਲ ਨਿਰਾਸ਼ ਹੋਇਆ ਅਤੇ ਨਾ ਹੀ ਉਸਦੇ ਸਵੈ-ਮਾਣ ਨੂੰ ਠੇਸ ਪਹੁੰਚੀ। ਮੈਂ ਇੱਕ ਵਰਕਸ਼ਾਪ ਵਿੱਚ ਕਿਹਾ ਸੀ ਕਿ ਮਹਿਲਾਵਾਂ ਵਿੱਚ ਉਨ੍ਹਾਂ ਦੇ ਸਮਰਪਣ ਕਾਰਨ ਸਿੱਖਣ ਦੀ ਵਧੇਰੇ ਸਮਰੱਥਾ ਹੁੰਦੀ ਹੈ। ਮੈਂ ਅੱਗੇ ਇਹ ਵੀ ਜੋੜ ਦਿੱਤਾ ਕਿ ਅਮਰੀਸ਼ ਅੱਜ ਤੱਕ ਮੈਨੂੰ ਥੀਏਟਰ ਵਿੱਚ ਮਿਲੀ ਸਭ ਤੋਂ ਵਧੀਆ ਮਹਿਲਾ ਹੈ।"
ਸ਼ਿਆਮ ਬੇਨੇਗਲ ਨੇ ਦਿੱਤਾ ਫਿਲਮਾਂ 'ਚ ਬ੍ਰੇਕ
ਅਮਰੀਸ਼ ਪੁਰੀ ਦੀ ਨਾਟਕ ਪ੍ਰਤਿਭਾ ਨੂੰ ਪਛਾਣਦੇ ਹੋਏ ਸ਼ਿਆਮ ਬੇਨੇਗਲ ਨੇ ਉਨ੍ਹਾਂ ਨੂੰ ਆਪਣੀਆਂ ਸ਼ੁਰੂਆਤੀ ਫਿਲਮਾਂ 'ਮੰਥਨ', 'ਨਿਸ਼ਾਂਤ' ਅਤੇ 'ਭੂਮਿਕਾ' ਵਿੱਚ ਮੌਕਾ ਦਿੱਤਾ।
ਨਤੀਜਾ ਇਹ ਨਿਕਲਿਆ ਕਿ ਸ਼ਿਆਮ ਬੇਨੇਗਲ ਅਤੇ ਅਮਰੀਸ਼ ਪੁਰੀ ਸਮਾਨੰਤਰ ਸਿਨੇਮਾ ਦੀ ਜੋੜੀ ਬਣ ਗਏ।
ਅਮਰੀਸ਼ ਨੇ ਆਪਣੀ ਪਹਿਲੀ ਫਿਲਮ ਉਦੋਂ ਕੀਤੀ ਜਦੋਂ ਉਹ ਚਾਲ਼ੀ ਸਾਲ ਦੇ ਹੋਣ ਵਾਲੇ ਸਨ।
ਸ਼ਿਆਮ ਬੇਨੇਗਲ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਮੈਂ ਅਮਰੀਸ਼ ਦੇ ਨਾਟਕ ਦੇਖਦਾ ਹੁੰਦਾ ਸੀ। ਨਿਸ਼ਾਂਤ ਵਿੱਚ ਲੈਣ ਤੋਂ ਪਹਿਲਾਂ, ਮੈਂ ਉਸਨੂੰ ਇੱਕ ਦੋਸਤ ਵਜੋਂ ਜਾਣਦਾ ਸੀ। ਨਿਸ਼ਾਂਤ ਲਈ, ਮੈਂ ਇੱਕ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਚਾਹੁੰਦਾ ਸੀ। ਉਸਦੀ ਸ਼ਖਸੀਅਤ ਵਿੱਚ ਇੱਕ ਦਬਦਬਾ ਸੀ ਜੋ ਪਰਦੇ 'ਤੇ ਉੱਭਰ ਕੇ ਸਾਹਮਣੇ ਆਇਆ। ਉਸਨੇ ਆਪਣਾ ਕੰਮ ਇੰਨਾ ਵਧੀਆ ਢੰਗ ਨਾਲ ਕੀਤਾ ਕਿ ਉਸਨੂੰ ਕਿਸੇ ਵੀ ਤਰ੍ਹਾਂ ਦੀ ਪਾਲਿਸ਼ਿੰਗ ਦੀ ਲੋੜ ਹੀ ਨਹੀਂ ਪਈ।"
ਉਨ੍ਹਾਂ ਕਿਹਾ, ''ਅਮਰੀਸ਼ ਨੇ ਮੰਡੀ ਵਿੱਚ ਇੱਕ ਫਕੀਰ ਦੀ ਭੂਮਿਕਾ ਨਿਭਾਈ ਅਤੇ ਇੱਕ ਹੋਰ ਵਧੀਆ ਪ੍ਰਦਰਸ਼ਨ ਕੀਤਾ। ਉਸਦਾ ਨੌਜਵਾਨ ਕਲਾਕਾਰਾਂ ਨਾਲ ਬਹੁਤ ਵਧੀਆ ਤਾਲਮੇਲ ਸੀ। ਸਰਦਾਰੀ ਬੇਗਮ ਵਿੱਚ ਇੱਕ ਨੌਜਵਾਨ ਅਦਾਕਾਰਾ ਸਮ੍ਰਿਤੀ ਮਿਸ਼ਰਾ ਬਹੁਤ ਘਬਰਾਈ ਹੋਈ ਸੀ ਅਤੇ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਹੀ ਸੀ। ਮੈਂ ਗੁੱਸੇ ਵਿੱਚ ਉਸ 'ਤੇ ਚੀਕ ਰਿਹਾ ਸੀ ਪਰ ਅਮਰੀਸ਼ ਨੇ ਉਸਨੂੰ ਬਹੁਤ ਹੌਸਲਾ ਦਿੱਤਾ ਅਤੇ ਉਸਦਾ ਆਤਮਵਿਸ਼ਵਾਸ ਵਧਾਇਆ।''
ਅਮਰੀਸ਼ ਨੇ ਖੁਦ ਮੰਨਿਆ ਸੀ ਕਿ ਸ਼ਿਆਮ ਬੇਨੇਗਲ ਨਾਲ ਕੰਮ ਕਰਨ ਨਾਲ ਉਨ੍ਹਾਂ ਦੇ ਕਰੀਅਰ ਵਿੱਚ ਨਿਖਾਰ ਆਇਆ।
ਆਪਣੀ ਆਤਮਕਥਾ ਵਿੱਚ ਅਮਰੀਸ਼ ਲਿਖਦੇ ਹਨ, "ਸ਼ਿਆਮ ਦਰਸਾਏ ਜਾ ਰਹੇ ਦ੍ਰਿਸ਼ ਬਾਰੇ ਬਹੁਤ ਸਪਸ਼ਟ ਹੁੰਦੇ ਹਨ ਅਤੇ ਆਪਣੀਆਂ ਯੋਜਨਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਸੁਝਾਵਾਂ ਅਤੇ ਸੁਧਾਰਾਂ ਨੂੰ ਉਤਸ਼ਾਹਿਤ ਨਹੀਂ ਕਰਦੇ। ਉਹ ਸਿਰਫ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਨਿਰਦੇਸ਼ਾਂ ਵਿੱਚ ਕਿਸੇ ਵੀ ਪ੍ਰਸਤਾਵਿਤ ਤਬਦੀਲੀ ਦੀ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਹੀ ਦੇ ਦਿੱਤੀ ਜਾਵੇ।"
"ਸ਼ਿਆਮ ਅਤੇ ਗੋਵਿੰਦ ਨਿਹਲਾਨੀ ਦੋਵੇਂ ਜਾਣਦੇ ਸਨ ਕਿ ਉਹ ਮੇਰੇ ਤੋਂ ਕੀ ਚਾਹੁੰਦੇ ਹਨ ਅਤੇ ਮੈਨੂੰ ਪਤਾ ਸੀ ਕਿ ਉਹ ਮੈਨੂੰ ਕਿਵੇਂ ਪੇਸ਼ ਕਰਨਗੇ। ਉਹ ਮੈਨੂੰ ਸਿਰਫ਼ ਠੋਸ ਅਤੇ ਅਰਥਪੂਰਨ ਭੂਮਿਕਾਵਾਂ ਹੀ ਦੇਣਗੇ। ਮੈਂ ਕਿਸੇ ਹੋਰ ਨਾਲ ਸਮਾਨਾਂਤਰ ਸਿਨੇਮਾ ਨਹੀਂ ਕਰ ਸਕਦਾ ਸੀ।"
ਅਮਰੀਸ਼ ਪੁਰੀ ਨੇ ਵਿਜੇ ਤੇਂਦੁਲਕਰ ਦੁਆਰਾ ਲਿਖੇ ਕਈ ਨਾਟਕਾਂ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ।
ਅਮਰੀਸ਼ ਪੁਰੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਲਿਖਿਆ ਸੀ, "ਜਦੋਂ ਮੈਂ ਪਹਿਲੀ ਵਾਰ ਅਮਰੀਸ਼ ਨੂੰ ਸਟੇਜ 'ਤੇ ਦੇਖਿਆ, ਤਾਂ ਮੈਂ ਉਨ੍ਹਾਂ ਦੇ ਕੰਮ ਕਰਨ ਦੀ ਗਤੀ ਤੋਂ ਆਕਰਸ਼ਿਤ ਹੋਇਆ। ਉਨ੍ਹਾਂ ਦੀ ਆਵਾਜ਼ ਵੀ ਸਟੇਜ ਲਈ ਬਹੁਤ ਢੁਕਵੀਂ ਸੀ। ਉਨ੍ਹਾਂ ਨੇ ਸਖਾਰਾਮ ਬਾਇੰਡਰ ਦੀ ਅਦਾਕਾਰੀ ਵਿੱਚ ਆਪਣੀ ਆਤਮਾ ਪਾ ਦਿੱਤੀ। ਰੰਗਮੰਚ ਨੇ ਉਨ੍ਹਾਂ ਨੂੰ ਆਕਾਰ ਦਿੱਤਾ ਸੀ। ਉਨ੍ਹਾਂ ਦੀ ਅਦਾਕਾਰੀ ਮਸ਼ੀਨੀ ਨਹੀਂ ਸੀ। ਫਿਲਮ 'ਸੂਰਜ ਕਾ ਸੱਤਵਾਂ ਘੋੜਾ' ਵਿੱਚ ਉਹ ਅਜਿਹੇ ਪਲ ਸਿਰਜਦੇ ਹਨ ਜੋ ਤੁਹਾਡੇ 'ਤੇ ਆਪਣੀ ਛਾਪ ਛੱਡ ਜਾਂਦੇ ਹਨ।"
ਅਮਰੀਸ਼ ਪੁਰੀ ਨੇ ਆਪਣੇ ਇੱਕ ਹੋਰ ਨਿਰਦੇਸ਼ਕ ਗਿਰੀਸ਼ ਕਰਨਾਡ ਨੂੰ ਇੱਕ 'ਦਾਰਸ਼ਨਿਕ ਨਾਟਕਕਾਰ' ਦਾ ਨਾਮ ਦਿੱਤਾ ਸੀ।
ਗਿਰੀਸ਼ ਕਰਨਾਡ ਨੇ ਆਪਣੀ ਆਤਮਕਥਾ 'ਦਿ ਲਾਈਫ ਐਟ ਪਲੇ' ਵਿੱਚ ਅਮਰੀਸ਼ ਪੁਰੀ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਲਿਖਿਆ ਹੈ, "ਜਦੋਂ ਅਮਰੀਸ਼ ਰਿਹਰਸਲ ਨਹੀਂ ਕਰ ਰਿਹਾ ਹੁੰਦਾ ਸੀ, ਤਾਂ ਉਹ ਗਰੁੱਪ ਤੋਂ ਬਾਹਰ ਘੁੰਮਦਾ ਰਹਿੰਦਾ ਸੀ। ਸਤਿਆਦੇਵ ਦੂਬੇ ਉਸਨੂੰ ਸਿਖਲਾਈ ਦਿੰਦੇ, ਨਿਰਦੇਸ਼ਿਤ ਕਰਦੇ ਅਤੇ ਝਿੜਕਦੇ ਸਨ।''
''ਜਦੋਂ ਮੈਨੂੰ ਫਿਲਮ 'ਕਾਡੂ' ਦੇ ਨਿਰਦੇਸ਼ਨ ਦਾ ਕੰਮ ਮਿਲਿਆ, ਤਾਂ ਮੈਂ ਅਮਰੀਸ਼ ਨੂੰ ਆਪਣੇ ਨਾਲ ਲੈ ਲਿਆ। ਉਨ੍ਹਾਂ ਲਈ ਕੰਨੜ ਭਾਸ਼ਾ ਨਾ ਆਉਣਾ ਫਿਲਮ ਲਈ ਇੱਕ ਵੱਡੀ ਰੁਕਾਵਟ ਬਣ ਗਿਆ। ਉਹ ਘੰਟਿਆਂ ਬੱਧੀ ਕੁਝ ਸੰਵਾਦ ਯਾਦ ਰੱਖਣ ਦੀ ਕੋਸ਼ਿਸ਼ ਕਰਦੇ, ਪਰ ਜਿਵੇਂ ਹੀ ਕੈਮਰਾ ਚਾਲੂ ਹੁੰਦਾ, ਉਹ ਨਿਰਾਸ਼ਾ ਵਿੱਚ ਆਪਣੇ ਮੱਥੇ 'ਤੇ ਹੱਥ ਮਾਰਦੇ।''
ਉਨ੍ਹਾਂ ਕਿਹਾ, "ਮੈਨੂੰ ਪੂਰੀ ਫਿਲਮ ਵਿੱਚ ਉਨ੍ਹਾਂ ਦੇ ਸੰਵਾਦਾਂ ਨੂੰ ਘੱਟ ਕਰਕੇ ਸਿਰਫ਼ ਛੇ ਲਾਈਨਾਂ ਦਾ ਕਰਨਾ ਪਿਆ। ਨਤੀਜਾ ਇਹ ਹੋਇਆ ਕਿ ਉਹ ਫਿਲਮ ਵਿੱਚ ਇੱਕ ਮੂਕ ਕਿਰਦਾਰ ਬਣ ਗਏ, ਪਰ ਘੱਟ ਸੰਵਾਦਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਆਪਣੇ ਆਪ ਨੂੰ ਫਿਲਮ ਵਿੱਚ ਝੋਕ ਦਿੱਤਾ।"
ਕਾਡੂ ਬਾਕਸ ਆਫਿਸ 'ਤੇ ਇੱਕ ਵੱਡੀ ਹਿੱਟ ਬਣੀ।
'ਤਮਸ' ਦੀ ਯਾਦਗਾਰ ਭੂਮਿਕਾ
ਅਮਰੀਸ਼ ਪੁਰੀ ਵਿੱਚ ਇੱਕ ਪਲ ਨੂੰ ਕੈਦ ਕਰਨ ਦੀ ਅਦਭੁਤ ਯੋਗਤਾ ਸੀ।
ਗੋਵਿੰਦ ਨਿਹਲਾਨੀ, ਜੋ ਉਨ੍ਹਾਂ ਦੇ ਸਾਥੀ ਅਤੇ ਕਈ ਫਿਲਮਾਂ ਵਿੱਚ ਨਿਰਦੇਸ਼ਕ ਹਨ, ਯਾਦ ਕਰਦੇ ਹਨ, "ਅਮਰੀਸ਼ ਨੇ 'ਤਮਸ' ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨੇ ਇੱਕ ਬੁੱਢੇ ਸਿੱਖ ਦੀ ਭੂਮਿਕਾ ਨਿਭਾਈ ਹੈ, ਜਿਸ ਵਿੱਚ ਇੱਕ ਲੜਾਕੂ ਭਾਵਨਾ ਹੈ। ਇੱਕ ਸੀਨ ਹੈ ਜਿਸ ਵਿੱਚ ਉਹ ਆਪਣੇ ਪੋਤੇ ਅਤੇ ਨੂੰਹ ਨਾਲ ਬੈਠਾ ਹੈ ਅਤੇ ਉਨ੍ਹਾਂ ਦਾ ਪੁੱਤਰ ਮੌਜੂਦ ਨਹੀਂ ਹੈ। ਕੋਈ ਹੋਰ ਅਦਾਕਾਰ ਉਹ ਸੀਨ ਨਹੀਂ ਕਰ ਸਕਦਾ ਸੀ। ਉਸ ਸੀਨ ਵਿੱਚ, ਉਨ੍ਹਾਂ ਨੂੰ ਅਰਦਾਸ ਦੀਆਂ ਕੁਝ ਲਾਈਨਾਂ ਪੜ੍ਹਨੀਆਂ ਪਈਆਂ। ਉਨ੍ਹਾਂ ਨੇ ਅਰਦਾਸ ਤਾਂ ਯਾਦ ਕਰ ਲਈ ਪਰ ਸਤਿਸੰਗ ਵਿੱਚ ਦਿੱਤਾ ਜਾਣ ਵਾਲਾ ਭਾਸ਼ਣ ਯਾਦ ਨਹੀਂ ਕਰ ਸਕੇ। ਫਿਰ ਅਸੀਂ ਇੱਕ ਬੋਰਡ ਲਗਾਇਆ ਜਿਸ 'ਤੇ ਉਹ ਪੈਰ੍ਹਾ ਲਿਖਿਆ ਜਾ ਸਕਦਾ ਸੀ। ਅਮਰੀਸ਼ ਨੇ ਖੁਦ ਆਪਣੀ ਲਿਖਾਵਟ 'ਚ ਉਹ ਪੈਰ੍ਹਾ ਉਰਦੂ ਵਿੱਚ ਲਿਖਿਆ। ਅਸੀਂ ਬੋਰਡ ਨੂੰ ਵੱਖ-ਵੱਖ ਕੈਮਰਿਆਂ ਦੀ ਸਥਿਤੀ ਦੇ ਮੁਤਾਬਕ ਲਗਾ ਦਿੱਤਾ ਸੀ। ਅਮਰੀਸ਼ ਨੇ ਉਹ ਸ਼ਾਟ ਇੱਕ ਹੀ ਟੇਕ ਵਿੱਚ ਦੇ ਦਿੱਤਾ।"
ਹਿੰਦੀ ਫਿਲਮਾਂ ਦੇ ਸ਼ੋਅਮੈਨ ਮੰਨੇ ਜਾਂਦੇ ਸੁਭਾਸ਼ ਘਈ ਨੇ ਉਨ੍ਹਾਂ ਨੂੰ ਆਪਣੀ ਪਹਿਲੀ ਫਿਲਮ 'ਕ੍ਰੋਧੀ' ਵਿੱਚ ਇੱਕ ਖਲਨਾਇਕ ਦੀ ਭੂਮਿਕਾ ਦਿੱਤੀ ਸੀ।
ਸੁਭਾਸ਼ ਘਈ ਯਾਦ ਕਰਦੇ ਹਨ, "ਜਦੋਂ ਮੈਂ 'ਵਿਧਾਤਾ' ਅਤੇ 'ਸੌਦਾਗਰ' ਫਿਲਮ ਬਣਾਈ, ਤਾਂ ਮੈਨੂੰ ਦਿਲੀਪ ਕੁਮਾਰ ਦੇ ਸਾਹਮਣੇ ਇੱਕ ਸ਼ਕਤੀਸ਼ਾਲੀ ਅਦਾਕਾਰ ਦੀ ਲੋੜ ਸੀ। ਮੈਂ ਉਹ ਭੂਮਿਕਾ ਅਮਰੀਸ਼ ਨੂੰ ਦਿੱਤੀ ਅਤੇ ਉਨ੍ਹਾਂ ਨੇ ਦੋਵਾਂ ਫਿਲਮਾਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਮੈਂ ਉਨ੍ਹਾਂ ਨੂੰ ਇੱਕ ਅਜਿਹਾ ਅਦਾਕਾਰ ਮੰਨਦਾ ਹਾਂ ਜਿਸਨੇ ਕਦੇ ਵੀ ਆਪਣੇ ਨਿਰਦੇਸ਼ਕ ਨੂੰ ਨਿਰਾਸ਼ ਨਹੀਂ ਕੀਤਾ। ਜਦੋਂ ਉਹ ਸੈੱਟ 'ਤੇ ਹੁੰਦੇ ਸਨ, ਸਾਰੀ ਦੋਸਤੀ ਨੂੰ ਛੱਡ ਕੇ, ਉਨ੍ਹਾਂ ਨੇ ਹਮੇਸ਼ਾ ਨਿਰਦੇਸ਼ਕ ਨੂੰ ਇੱਕ ਟ੍ਰੇਨਰ ਮੰਨਿਆ। ਫਿਲਮ 'ਯਾਦੇਂ' ਦੀ ਸ਼ੂਟਿੰਗ ਦੌਰਾਨ, ਮੈਂ ਉਨ੍ਹਾਂ 'ਤੇ ਚੀਕਿਆ ਸੀ ਪਰ ਉਨ੍ਹਾਂ ਨੇ ਇਸਦਾ ਬੁਰਾ ਨਹੀਂ ਮੰਨਿਆ। ਬਾਅਦ ਵਿੱਚ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ ਅਤੇ ਮੈਂ ਜਾ ਕੇ ਉਨ੍ਹਾਂ ਤੋਂ ਮੁਆਫੀ ਮੰਗੀ।"
ਫਿਲਮ 'ਗਾਂਧੀ' ਵਿੱਚ ਭੂਮਿਕਾ
ਅਮਰੀਸ਼ ਪੁਰੀ ਨੇ ਫਿਲਮ ਗਾਂਧੀ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੇ ਅਮੀਰ ਵਪਾਰੀ ਖ਼ਾਨ ਦੀ ਭੂਮਿਕਾ ਦਿੱਤੀ ਗਈ, ਜੋ ਗਾਂਧੀ ਨੂੰ ਉਹ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਜੋ ਉਹ ਭਾਰਤ ਲਈ ਚਾਹੁੰਦੇ ਸਨ।
ਸਰ ਰਿਚਰਡ ਐਟਨਬਰੋ ਨੇ ਪੁਰੀ 'ਤੇ ਆਪਣੀ ਡੂੰਘੀ ਛਾਪ ਛੱਡੀ ਸੀ।
ਅਮਰੀਸ਼ ਪੁਰੀ ਆਪਣੀ ਆਤਮਕਥਾ ਵਿੱਚ ਲਿਖਦੇ ਹਨ, "ਐਟਨਬਰੋਅ 16 ਸਾਲ ਤੱਕ ਗਾਂਧੀ ਦੀ ਸਕ੍ਰਿਪਟ ਦੇ ਨਾਲ ਜੀਏ। ਉਨ੍ਹਾਂ ਸਾਲਾਂ ਦੌਰਾਨ, ਉਨ੍ਹਾਂ ਨੇ ਸਕ੍ਰਿਪਟ ਦੇ ਇੱਕ-ਇੱਕ ਸ਼ਬਦ ਨੂੰ ਸਟੀਕ ਬਣਾਇਆ। ਸ਼ੂਟਿੰਗ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ, ਸਾਰਿਆਂ ਨੂੰ ਸਕ੍ਰਿਪਟ ਦੀ ਇੱਕ ਬੰਨ੍ਹੀ ਹੋਈ ਕਾਪੀ ਦੇ ਦਿੱਤੀ ਗਈ ਸੀ ਅਤੇ ਸਾਰੇ ਕਲਾਕਾਰਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਜਦੋਂ ਉਹ ਸੈੱਟ 'ਤੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸੰਵਾਦ ਯਾਦ ਹੋਣ। ਐਟਨਬਰੋਅ ਇੱਕ ਬਹੁਤ ਹੀ ਧੀਰਜਵਾਨ ਨਿਰਦੇਸ਼ਕ ਹਨ। ਉਹ ਕੈਮਰੇ ਦੇ ਬਿਲਕੁਲ ਹੇਠਾਂ ਬੈਠ ਜਾਂਦੇ ਅਤੇ ਇੰਨੀ ਕੋਮਲਤਾ ਨਾਲ ਸਾਊਂਡ, ਐਕਸ਼ਨ ਦਾ ਐਲਾਨ ਕਰਦੇ ਕਿ ਕਈ ਵਾਰ ਤਾਂ ਉਨ੍ਹਾਂ ਦੇ ਸ਼ਬਦ ਸੁਣਾਈ ਹੀ ਨਹੀਂ ਦਿੰਦੇ ਸਨ, ਉਹ ਆਪਣੀ ਆਵਾਜ਼ ਦਾ ਪੱਧਰ ਘੱਟ ਰੱਖਦੇ ਸਨ ਤਾਂ ਜੋ ਕਲਾਕਾਰਾਂ ਦੀ ਇਕਾਗਰਤਾ ਵਿੱਚ ਵਿਘਨ ਨਾ ਪਵੇ।"
ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਨਿਰਦੇਸ਼ਕ ਸਟੀਵਨ ਸਪਿਲਬਰਗ ਨੇ ਵੀ ਉਨ੍ਹਾਂ ਨੂੰ ਆਪਣੀ ਫਿਲਮ 'ਇੰਡੀਆਨਾ ਜੋਨਸ' ਵਿੱਚ ਇੱਕ ਖਲਨਾਇਕ ਦੀ ਭੂਮਿਕਾ ਦਿੱਤੀ ਸੀ।
ਸ਼ੁਰੂ ਵਿੱਚ, ਪੁਰੀ ਨੂੰ ਇੰਡੀਆਨਾ ਜੋਨਸ ਦੀ ਸਕ੍ਰਿਪਟ ਪਸੰਦ ਨਹੀਂ ਆਈ। ਉਨ੍ਹਾਂ ਨੇ ਐਟਨਬਰੋਅ ਨੂੰ ਬੁਲਾਇਆ ਅਤੇ ਉਨ੍ਹਾਂ ਦੀ ਸਲਾਹ ਮੰਗੀ।
ਐਟਨਬਰੋ ਨੇ ਉਨ੍ਹਾਂ ਨੂੰ ਕਿਹਾ, "ਮੂਰਖ ਨਾ ਬਣੋ। ਇਸ ਸਮੇਂ ਮੈਂ ਸਟੀਵਨ ਨੂੰ ਦੁਨੀਆਂ ਦੇ ਸਭ ਤੋਂ ਮਹਾਨ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਦਾ ਹਾਂ। ਜੇਕਰ ਸਟੀਵਨ ਨੇ ਤੁਹਾਨੂੰ ਬੁਲਾਇਆ ਹੈ, ਤਾਂ ਉਨ੍ਹਾਂ ਦੇ ਮਨ ਵਿੱਚ ਤੁਹਾਡੇ ਲਈ ਕੁਝ ਨਾ ਕੁਝ ਜ਼ਰੂਰ ਹੋਵੇਗਾ। ਇਹ ਸ਼ਖਸ ਇੱਕ ਸਧਾਰਨ ਕਹਾਣੀ ਵਿੱਚ ਵੀ ਜਾਨ ਪਾ ਦਿੰਦਾ ਹੈ।''
ਅਮਰੀਸ਼ ਨੇ ਐਟਨਬਰੋ ਦੀ ਗੱਲ ਮੰਨ ਲਈ।
ਬਾਅਦ ਵਿੱਚ ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਲਿਖਿਆ, "ਸਪਿਲਬਰਗ ਇੱਕ ਸਧਾਰਨ ਵਿਸ਼ੇ ਨੂੰ ਵੀ ਸ਼ਾਨਦਾਰ ਬਣਾ ਸਕਦੇ ਹਨ। ਉਹ ਇੰਨੇ ਮਿਹਨਤੀ ਹਨ ਕਿ ਇੱਕ ਫਿਲਮ ਦੀ ਸ਼ੂਟਿੰਗ ਕਰਦੇ ਸਮੇਂ ਉਹ ਘੱਟੋ-ਘੱਟ ਦੋ ਫਿਲਮਾਂ ਦੀ ਸਕ੍ਰਿਪਟ 'ਤੇ ਕੰਮ ਕਰਦੇ ਹਨ ਅਤੇ ਉਹ ਇਸਦੀ ਸ਼ੂਟਿੰਗ ਉਦੋਂ ਤੱਕ ਸ਼ੁਰੂ ਨਹੀਂ ਕਰਦੇ ਜਦੋਂ ਤੱਕ ਉਹ ਦੋ ਸਾਲ ਲਗਾ ਜੇ ਸਕ੍ਰਿਪਟ ਵਿੱਚ ਵੱਡੇ ਬਦਲਾਅ ਨਹੀਂ ਕਰ ਲੈਂਦੇ।"
ਘੜੀਆਂ ਅਤੇ ਜੁੱਤੀਆਂ ਇਕੱਠੀਆਂ ਕਰਨ ਦੇ ਸ਼ੌਕੀਨ
ਅਮਰੀਸ਼ ਪੁਰੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਭਾਰਤ ਵਿੱਚ ਗੰਜੇਪਣ ਨੂੰ ਇੱਕ ਫੈਸ਼ਨ ਬਣਾ ਦਿੱਤਾ।
ਇੱਕ ਜ਼ਮਾਨੇ 'ਚ ਉਨ੍ਹਾਂ ਦੇ ਸਿਰ 'ਤੇ ਸੰਘਣੇ ਵਾਲ ਹੁੰਦੇ ਸਨ। ਫਿਲਮ 'ਦਿਲ ਤੁਝਕੋ ਦੀਆ' ਦੇ ਨਿਰਦੇਸ਼ਕ ਰਾਕੇਸ਼ ਕੁਮਾਰ ਨੇ ਉਨ੍ਹਾਂ ਨੂੰ 'ਦਾਦਾ' ਦੀ ਭੂਮਿਕਾ ਲਈ ਆਪਣੇ ਵਾਲ ਮੁੰਨਣ ਲਈ ਮਨਾ ਲਿਆ।
ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਫਿਲਮ ਡੇਢ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਪਰ ਉਸਨੂੰ ਪੂਰਾ ਹੋਣ ਵਿੱਚ ਡੇਢ ਸਾਲ ਲੱਗ ਗਿਆ।
ਇਸ ਸਮੇਂ ਦੌਰਾਨ ਅਮਰੀਸ਼ ਪੁਰੀ ਨੂੰ ਉਸ ਗੰਜੇ ਸਿਰ ਦੀ ਆਦਤ ਪੈ ਗਈ। ਉਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਕਦੇ ਵਾਲ ਨਹੀਂ ਰੱਖੇ ਪਰ ਜਦੋਂ ਵੀ ਸੂਰਜ ਦੀ ਗਰਮੀ ਉਨ੍ਹਾਂ ਦੇ ਸਿਰ ਨੂੰ ਪਰੇਸ਼ਾਨ ਕਰਦੀ ਸੀ, ਤਾਂ ਉਹ ਟੋਪੀ ਪਾ ਲੈਂਦੇ ਸਨ।
ਹੌਲੀ-ਹੌਲੀ ਟੋਪੀ ਉਨ੍ਹਾਂ ਦੀ ਪਛਾਣ ਅਤੇ ਟ੍ਰੇਡਮਾਰਕ ਬਣ ਗਈ। ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੀਆਂ ਟੋਪੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਟੋਪੀਆਂ ਤੋਂ ਇਲਾਵਾ ਉਹ ਜੁੱਤੇ ਅਤੇ ਘੜੀਆਂ ਇਕੱਠੀਆਂ ਕਰਨ ਦੇ ਵੀ ਸ਼ੌਕੀਨ ਸਨ।
ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਲਿਖਿਆ ਹੈ, "ਮੇਰੇ ਆਕਾਰ ਦੇ ਜੁੱਤੇ ਲੱਭਣੇ ਬਹੁਤ ਮੁਸ਼ਕਲ ਹਨ, ਇਸ ਲਈ ਇੱਕ ਵਾਰ ਜਦੋਂ ਮੈਂ ਆਗਰਾ ਗਿਆ ਸੀ, ਤਾਂ ਮੈਂ ਇੱਕੋ ਸਮੇਂ 65 ਜੋੜੇ ਜੁੱਤੇ ਖਰੀਦੇ ਸਨ ਪਰ ਉਹ ਸਟਾਕ ਵੀ ਜਲਦੀ ਖਤਮ ਹੋ ਗਿਆ। ਸ਼ੂਟਿੰਗ ਦੌਰਾਨ, ਜੇਕਰ ਮੈਨੂੰ ਜੁੱਤੀਆਂ ਦੀ ਇੱਕ ਜੋੜੀ ਪਸੰਦ ਆਉਂਦੀ ਹੈ, ਤਾਂ ਮੈਂ ਨਿਰਮਾਤਾ ਨੂੰ ਇਹ ਮੈਨੂੰ ਤੋਹਫ਼ੇ ਵਜੋਂ ਦੇਣ ਲਈ ਮਨਾਉਣ ਲਈ ਮਨਾ ਲੈਂਦਾ ਹਾਂ।"
ਲੋਕਾਂ ਦੇ ਹਾਵ-ਭਾਵ ਨੂੰ ਬਾਰੀਕੀ ਨਾਲ ਦੇਖਣਾ ਉਨ੍ਹਾਂ ਦੀ ਆਦਤ ਸੀ।
ਉਨ੍ਹਾਂ ਦੇ ਪੁੱਤਰ ਰਾਜੀਵ ਪੁਰੀ ਨੇ ਫਿਲਮਫੇਅਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ, "ਕਾਰ ਵਿੱਚ ਯਾਤਰਾ ਕਰਦੇ ਸਮੇਂ ਵੀ ਉਹ ਨੋਟ ਕਰਦੇ ਸਨ ਕਿ ਇੱਕ ਪੁਲਿਸ ਕਾਂਸਟੇਬਲ ਦੀ ਕਮੀਜ਼ ਦੀ ਫਿਟਿੰਗ ਕਿਹੋ-ਜਿਹੀ ਹੈ ਅਤੇ ਉਸਦੇ ਜੁੱਤੇ ਕਿੰਨੇ ਪੁਰਾਣੇ ਹਨ। ਫਿਲਮ 'ਗਾਰਦੀਸ਼' ਵਿੱਚ ਉਨ੍ਹਾਂ ਨੇ ਇਹ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ ਸੀ।"
ਅਮਰੀਸ਼ ਪੁਰੀ ਨੇ ਕੁੱਲ 316 ਫਿਲਮਾਂ ਵਿੱਚ ਕੰਮ ਕੀਤਾ। ਸ਼ਿਆਮ ਬੇਨੇਗਲ ਦੀ 'ਨੇਤਾਜੀ ਸੁਭਾਸ਼ ਚੰਦਰ ਬੋਸ, ਦਿ ਫਾਰਗੋਟਨ ਹੀਰੋ' ਉਨ੍ਹਾਂ ਦੀ ਆਖਰੀ ਫਿਲਮ ਸੀ।
ਆਪਣੇ ਆਖਰੀ ਦਿਨਾਂ ਵਿੱਚ, ਉਹ ਬਲੱਡ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੇ 12 ਜਨਵਰੀ, 2005 ਨੂੰ 73 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਿਹਾ।
ਬਹੁਤ ਘੱਟ ਫਿਲਮੀ ਹਸਤੀਆਂ ਹਨ ਜਿਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ 1979 ਵਿੱਚ ਰੰਗਮੰਚ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ