ਤੁਹਾਡੀ ਕਿਡਨੀ ਠੀਕ ਹੈ ਜਾਂ ਖਰਾਬ, ਇਨ੍ਹਾਂ 5 ਲੱਛਣਾਂ ਤੋਂ ਪਛਾਣ ਕਰੋ

    • ਲੇਖਕ, ਦੀਪਕ ਮੰਡਲ
    • ਰੋਲ, ਬੀਬੀਸੀ ਪੱਤਰਕਾਰ

ਕਿਡਨੀਆਂ ਸਾਡੇ ਸਰੀਰ ਵਿੱਚ ਇੱਕੋ ਸਮੇਂ ਬਹੁਤ ਸਾਰੇ ਕੰਮ ਕਰਦੀਆਂ ਹਨ। ਇਹ ਸਰੀਰ ਵਿੱਚੋਂ ਰਹਿੰਦ-ਖੂੰਹਦ ਨੂੰ ਬਾਹਰ ਕੱਢਦੀਆਂ ਹਨ। ਤਰਲ ਪਦਾਰਥਾਂ ਅਤੇ ਇਲੈਕਟ੍ਰੋਲਾਈਟਸ ਦਾ ਸੰਤੁਲਨ ਬਣਾ ਕੇ ਰੱਖਦਿਆਂ ਹਨ।

ਇਹ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕਰਦੀਆਂ ਹਨ ਅਤੇ ਖੂਨ ਦੇ ਰੈੱਡ ਸੈੱਲ ਬਣਾਉਣ ਵਿੱਚ ਵੀ ਮਦਦ ਕਰਦੀਆਂ ਹਨ। ਪਰ ਲੋਕ ਅਕਸਰ ਕਿਡਨੀਆਂ ਦੀ ਖਰਾਬੀ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

ਜੇਕਰ ਇਨ੍ਹਾਂ ਸੰਕੇਤਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਕਿਡਨੀਆਂ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਵੀ ਜਲਦ ਹੀ ਸ਼ੁਰੂ ਹੋ ਸਕਦਾ ਹੈ।

ਆਓ ਜਾਣਦੇ ਹਾਂ ਉਨ੍ਹਾਂ ਪੰਜ ਲੱਛਣਾਂ ਬਾਰੇ, ਜਿਨ੍ਹਾਂ ਵੱਲ ਅਸੀਂ ਅਕਸਰ ਧਿਆਨ ਨਹੀਂ ਦਿੰਦੇ। ਇਹ ਕਿਡਨੀਆਂ ਦੀ ਬਿਮਾਰੀ ਜਾਂ ਉਨ੍ਹਾਂ ਦੀ ਖਰਾਬੀ ਦੇ ਸੰਕੇਤ ਹੋ ਸਕਦੇ ਹਨ।

1. ਜਲਦੀ-ਜਲਦੀ ਪਿਸ਼ਾਬ ਆਉਣਾ

ਜਲਦੀ-ਜਲਦੀ ਪਿਸ਼ਾਬ ਆਉਣਾ ਕਿਡਨੀ ਦੇ ਖਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ। ਇਸਨੂੰ ਪੌਲੀਯੂਰੀਆ ਕਿਹਾ ਜਾਂਦਾ ਹੈ।

ਹਾਲਾਂਕਿ, ਜਦੋਂ ਕਿਡਨੀ ਖਰਾਬ ਹੋ ਜਾਂਦੀ ਹੈ ਤਾਂ ਲੋੜ ਤੋਂ ਘੱਟ ਪਿਸ਼ਾਬ ਬਣਦਾ ਹੈ। ਅਕਸਰ ਪਿਸ਼ਾਬ ਵਿੱਚ ਝੱਗ ਆਉਣਾ ਇਸ ਦੀ ਨਿਸ਼ਾਨੀ ਕਿਹਾ ਜਾਂਦਾ ਹੈ।

ਸਰ ਗੰਗਾ ਰਾਮ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾਕਟਰ ਮੋਹਸਿਨ ਵਲੀ ਕਹਿੰਦੇ ਹਨ, ਪਰ ਇਹ ਜ਼ਰੂਰੀ ਨਹੀਂ ਹੈ। ਹੋਰ ਬਿਮਾਰੀਆਂ ਵੀ ਪਿਸ਼ਾਬ ਵਿੱਚ ਝੱਗ ਦਾ ਕਾਰਨ ਬਣ ਸਕਦੀਆਂ ਹਨ।

2. ਸਰੀਰ ਵਿੱਚ ਸੋਜ

ਅੱਖਾਂ ਅਤੇ ਪੈਰਾਂ ਵਿੱਚ ਸੋਜ ਵੀ ਕਿਡਨੀ ਖਰਾਬ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ। ਜੇਕਰ ਗਿੱਟਿਆਂ ਅਤੇ ਪਿੰਜਣੀਆਂ ਵਿੱਚ ਸੋਜ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਕਿਡਨੀ ਦੀ ਬਿਮਾਰੀ ਨੂੰ ਦਰਸਾਉਂਦੀ ਹੈ।

ਮਣੀਪਾਲ ਹਸਪਤਾਲ ਦੇ ਸਲਾਹਕਾਰ ਨੈਫਰੋਲੋਜਿਸਟ ਡਾਕਟਰ ਗਰਿਮਾ ਅਗਰਵਾਲ ਦਾ ਕਹਿਣਾ ਹੈ ਕਿ ਜੇਕਰ ਪੈਰ ਸੁੱਜਣ 'ਤੇ ਸੁਚੇਤ ਹੋ ਜਾਣਾ ਚਾਹੀਦਾ ਹੈ। ਅੱਖਾਂ, ਚਿਹਰੇ ਅਤੇ ਪੈਰਾਂ ਵਿੱਚ ਸੋਜ ਕਿਡਨੀ ਦੀ ਬਿਮਾਰੀ ਨੂੰ ਦਰਸਾਉਂਦੀ ਹੈ।

3. ਬਲੱਡ ਪ੍ਰੈਸ਼ਰ

ਮਾਹਿਰਾਂ ਅਨੁਸਾਰ, ਬਲੱਡ ਪ੍ਰੈਸ਼ਰ ਦੋਧਾਰੀ ਤਲਵਾਰ ਹੈ। ਬਲੱਡ ਪ੍ਰੈਸ਼ਰ ਜ਼ਿਆਦਾ ਹੋਣ 'ਤੇ ਇਹ ਕਿਡਨੀਆਂ ਨੂੰ ਪ੍ਰਭਾਵਿਤ ਕਰਦਾ ਹੈ।

ਇਸ ਦੇ ਨਾਲ ਹੀ ਕਿਡਨੀ ਖਰਾਬ ਹੋਣ ਨਾਲ ਵੀ ਬਲੱਡ ਪ੍ਰੈਸ਼ਰ ਵਧਦਾ ਹੈ।

ਇਸ ਲਈ, ਬਲੱਡ ਪ੍ਰੈਸ਼ਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

ਡਾਕਟਰ ਗਰਿਮਾ ਅਗਰਵਾਲ ਦਾ ਕਹਿਣਾ ਹੈ ਕਿ ਕਈ ਵਾਰ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੁੰਦਾ ਅਤੇ ਦਵਾਈਆਂ ਦੀ ਖੁਰਾਕ ਵਧ ਜਾਂਦੀ ਹੈ। ਇਹ ਵੀ ਕਿਡਨੀ ਦੀ ਬਿਮਾਰੀ ਦੀ ਨਿਸ਼ਾਨੀ ਹੈ।

4. ਸ਼ੂਗਰ

ਸ਼ੂਗਰ ਕਰਕੇ ਸਭ ਤੋਂ ਵੱਧ ਅਸਰ ਕਿਡਨੀਆਂ 'ਤੇ ਪੈਂਦਾ ਹੈ।

ਡਾਕਟਰ ਗਰਿਮਾ ਅਗਰਵਾਲ ਦਾ ਕਹਿਣਾ ਹੈ ਕਿ ਕਿਡਨੀ ਸਬੰਧੀ ਸਮੱਸਿਆਵਾਂ ਦੇ 80 ਫੀਸਦੀ ਮਰੀਜ਼ ਸ਼ੂਗਰ ਤੋਂ ਪੀੜਤ ਹੁੰਦੇ ਹਨ।

30 ਤੋਂ 40 ਫੀਸਦੀ ਸ਼ੂਗਰ ਦੇ ਮਾਮਲਿਆਂ ਵਿੱਚ ਕਿਡਨੀ 'ਤੇ ਅਸਰ ਪੈਂਦਾ ਹੈ।

ਜੇਕਰ ਸ਼ੂਗਰ ਤੋਂ ਪੀੜਤ ਲੋਕਾਂ ਵਿੱਚ ਕਿਡਨੀ ਦੀ ਬਿਮਾਰੀ ਹੋਣ ਲੱਗਦੀ ਹੈ, ਤਾਂ ਉਨ੍ਹਾਂ ਦਾ ਸ਼ੂਗਰ ਲੈਵਲ ਵੀ ਘਟ ਵੀ ਜਾਂਦਾ ਹੈ।

ਕਈ ਸਾਲਾਂ ਤੱਕ ਹਾਈ ਸ਼ੂਗਰ ਹੋਣ ਕਾਰਨ ਕਿਡਨੀ ਦੀ ਬਿਮਾਰੀ ਪੈਦਾ ਹੋਣ ਲੱਗਦੀ ਹੈ।

5. ਥਕਾਵਟ, ਖੁਜਲੀ ਅਤੇ ਮਤਲੀ

ਥਕਾਵਟ, ਸਰੀਰ 'ਤੇ ਖੁਜਲੀ ਅਤੇ ਮਤਲੀ ਕਿਡਨੀ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ।

ਮਾਹਿਰਾਂ ਦੇ ਅਨੁਸਾਰ, ਸਰੀਰ ਵਿੱਚ ਫਾਸਫੋਰਸ ਦੀ ਘਾਟ ਕਾਰਨ ਖੁਜਲੀ ਹੁੰਦੀ ਹੈ। ਕਿਡਨੀ ਦੀ ਬਿਮਾਰੀ ਕਾਰਨ ਸਰੀਰ ਵਿੱਚ ਫਾਸਫੋਰਸ ਦੀ ਕਮੀ ਹੋ ਜਾਂਦੀ ਹੈ।

ਕਿਡਨੀ ਦੀ ਬਿਮਾਰੀ ਵਾਲੇ ਕੁਝ ਮਰੀਜ਼ ਮਤਲੀ ਮਹਿਸੂਸ ਕਰਨ ਲੱਗਦੇ ਹਨ। ਉਨ੍ਹਾਂ ਨੂੰ ਕੁਝ ਖਾਣ ਦਾ ਮਨ ਨਹੀਂ ਕਰਦਾ।

ਮਾਹਿਰਾਂ ਦਾ ਕਹਿਣਾ ਹੈ ਕਿ ਕਿਡਨੀ ਦੀ ਬਿਮਾਰੀ ਨੂੰ ਰੋਕਣ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਬਹੁਤ ਮਦਦਗਾਰ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਤ ਕਸਰਤ, ਲੋੜੀਂਦੀ ਮਾਤਰਾ 'ਚ ਪਾਣੀ ਪੀਣਾ ਅਤੇ ਨਮਕ ਤੇ ਖੰਡ ਦੀ ਵਰਤੋਂ ਘੱਟ ਕਰਨਾ। ਕਿਡਨੀ ਦੀ ਬਿਮਾਰੀ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੈ।

ਡਾਕਟਰ ਮੋਹਸਿਨ ਵਲੀ ਅਤੇ ਡਾਕਟਰ ਗਰਿਮਾ ਅਗਰਵਾਲ ਦੋਵਾਂ ਨੇ ਬੀਬੀਸੀ ਹਿੰਦੀ ਨੂੰ ਕੁਝ ਤਰੀਕੇ ਦੱਸੇ, ਜਿਨ੍ਹਾਂ ਦੀ ਮਦਦ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

1. ਉਚਿਤ ਮਾਤਰਾ 'ਚ ਪਾਣੀ ਪੀਓ

ਇੱਕ ਸਿਹਤਮੰਦ ਕਿਡਨੀ ਵਿੱਚ ਪਾਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਤੁਸੀਂ ਉਚਿਤ ਮਾਤਰਾ 'ਚ ਪਾਣੀ ਪੀਂਦੇ ਹੋ, ਤਾਂ ਕਿਡਨੀਆਂ ਸਰੀਰ ਵਿੱਚੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢਣ ਲਈ ਉਚਿਤ ਮਾਤਰਾ 'ਚ ਪਿਸ਼ਾਬ ਪੈਦਾ ਕਰਦੀਆਂ ਹਨ।

ਨਾਲ ਹੀ, ਕਿਡਨੀ (ਗੁਰਦੇ) ਦੀ ਪੱਥਰੀ ਅਤੇ ਇਨਫੈਕਸ਼ਨ ਦਾ ਵੀ ਖ਼ਤਰਾ ਘਟ ਜਾਂਦਾ ਹੈ। ਜੇਕਰ ਤੁਸੀਂ ਕਾਫ਼ੀ ਪਾਣੀ ਪੀ ਰਹੇ ਹੋ ਤਾਂ ਤੁਹਾਡਾ ਪਿਸ਼ਾਬ ਸਾਫ਼ ਜਾਂ ਹਲਕਾ ਪੀਲਾ ਹੋਵੇਗਾ।

ਡਾਕਟਰ ਗਰਿਮਾ ਅਗਰਵਾਲ ਕਹਿੰਦੇ ਹਨ, ਆਮ ਤੌਰ 'ਤੇ ਇੱਕ ਦਿਨ ਵਿੱਚ ਦੋ ਤੋਂ ਢਾਈ ਲੀਟਰ ਪਾਣੀ ਪੀਣਾ ਚਾਹੀਦਾ ਹੈ।

2. ਜ਼ਿਆਦਾ ਲੂਣ ਨਾ ਖਾਓ

ਬਹੁਤ ਜ਼ਿਆਦਾ ਨਮਕ ਜਾਂ ਲੂਣ ਗੁਰਦੇ ਲਈ ਚੰਗਾ ਨਹੀਂ ਹੁੰਦਾ। ਕਿਉਂਕਿ ਇਹ ਬਲੱਡ ਪ੍ਰੈਸ਼ਰ ਵਧਾਉਂਦਾ ਹੈ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਚਾਰ, ਪਾਪੜ ਅਤੇ ਪ੍ਰੋਸੈਸਡ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਨੂਡਲਜ਼, ਚਾਉਮੀਨ ਵਰਗੀਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਨਮਕ ਹੁੰਦਾ ਹੈ। ਇਨ੍ਹਾਂ ਤੋਂ ਪਰਹੇਜ਼ ਕਰੋ।

3. ਸੇਂਧਾ ਨਮਕ ਨਾ ਖਾਓ

ਅੱਜਕੱਲ੍ਹ ਸੇਂਧਾ ਨਮਕ ਖਾਣ ਦਾ ਰੁਝਾਨ ਵਧਿਆ ਹੈ। ਪਰ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਸੇਂਧਾ ਨਮਕ ਨਹੀਂ ਖਾਣਾ ਚਾਹੀਦਾ।

ਡਾਕਟਰ ਮੋਹਸਿਨ ਵਲੀ ਕਹਿੰਦੇ ਹਨ ਕਿ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਸੇਂਧਾ ਨਮਕ ਆਮ ਨਮਕ ਨਾਲੋਂ ਸਿਹਤ ਲਈ ਬਿਹਤਰ ਹੈ। ਪਰ ਇਸ ਵਿੱਚ ਪੋਟਾਸ਼ੀਅਮ ਘੱਟ ਅਤੇ ਸੋਡੀਅਮ ਜ਼ਿਆਦਾ ਹੁੰਦਾ ਹੈ।

4. ਖੰਡ ਵੀ ਘੱਟ ਕਰੋ

ਜੇ ਤੁਸੀਂ ਕਿਡਨੀ ਦੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਘੱਟ ਮਿੱਠਾ ਖਾਓ।

ਚੀਨੀ ਜਾਂ ਖੰਡ ਨਾ ਖਾਇ ਜਾਵੇ ਤਾਂ ਬਿਹਤਰ ਹੈ। ਕੇਕ, ਕੂਕੀਜ਼, ਪੇਸਟਰੀਆਂ ਅਤੇ ਕੋਲਾ ਵਰਗੀਆਂ ਚੀਜ਼ਾਂ ਵਿੱਚ ਪ੍ਰੋਸੈਸਡ ਖੰਡ ਹੁੰਦੀ ਹੈ।

ਖੰਡ ਮੋਟਾਪਾ ਵਧਾਉਂਦੀ ਹੈ ਅਤੇ ਗੁਰਦੇ ਜਾਂ ਕਿਡਨੀ ਦੀ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ।

5. ਭਾਰ ਨੂੰ ਕੰਟਰੋਲ 'ਚ ਰੱਖੋ

ਮਾਹਿਰ ਕਹਿੰਦੇ ਹਨ ਕਿ ਆਪਣਾ ਭਾਰ ਘਟਾਓ। ਕਿਉਂਕਿ ਮੋਟੇ ਲੋਕਾਂ ਨੂੰ ਕਿਡਨੀ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਬਾਡੀ ਮਾਸ ਇੰਡੈਕਸ ਯਾਨੀ ਬੀਐਮਆਈ ਘੱਟ ਰੱਖੋ। ਜੇਕਰ ਇਹ 24 ਤੋਂ ਘੱਟ ਹੋਵੇ ਤਾਂ ਬਹੁਤ ਚੰਗਾ ਹੈ।

ਹਲਕੀਆਂ ਸਰੀਰਕ ਕਸਰਤਾਂ ਕਰੋ। ਇਹ ਬਹੁਤ ਮਹੱਤਵਪੂਰਨ ਹੈ। ਇਹ ਮੈਟਾਬੋਲਿਜ਼ਮ ਨੂੰ ਚੰਗਾ ਰੱਖਦਾ ਹੈ।

ਜੇਕਰ ਇਹ ਚੰਗਾ ਰਹੇਗਾ ਤਾਂ ਜਦੋਂ ਤੁਸੀਂ 50 ਸਾਲ ਦੀ ਉਮਰ ਤੱਕ ਪਹੁੰਚੋਗੇ ਤਾਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਖ਼ਤਰਾ ਘੱਟ ਹੋਵੇਗਾ।

6. ਸੰਤੁਲਿਤ ਖੁਰਾਕ ਲਓ

ਫਲਾਂ, ਸਬਜ਼ੀਆਂ, ਸਾਬੂਤ ਅਨਾਜ ਨਾਲ ਭਰਪੂਰ ਭੋਜਨ ਖਾਓ। ਪ੍ਰੋ-ਬਾਇਓਟਿਕ ਚੀਜ਼ਾਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਪਹਿਲ ਦਿਓ। ਤਲੇ ਹੋਏ ਭੋਜਨ ਖਾਣ ਤੋਂ ਬਚੋ।

ਪਾਣੀ ਦੀ ਲੋੜੀਂਦੀ ਮਾਤਰਾ, ਸੰਤੁਲਿਤ ਖੁਰਾਕ ਅਤੇ ਕਸਰਤ ਨਾਲ ਕਿਡਨੀਆਂ ਸਿਹਤਮੰਦ ਰਹਿੰਦੀਆਂ ਹਨ ਅਤੇ ਤੁਹਾਡੀ ਸਮੁੱਚੀ ਸਿਹਤ ਚੰਗੀ ਬਣੀ ਰਹਿੰਦੀ ਹੈ।

7. ਡਾਕਟਰ ਨੂੰ ਪੁੱਛੇ ਬਿਨਾਂ ਦਵਾਈ ਨਾ ਲਓ

ਡਾਕਟਰ ਗਰਿਮਾ ਅਗਰਵਾਲ ਕਹਿੰਦੇ ਹਨ ਕਿ "ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਮੈਡੀਕਲ ਸਟੋਰ ਤੋਂ ਆਪ ਹੀ ਦਵਾਈਆਂ ਖਰੀਦ ਲੈਂਦੇ ਹਨ ਅਤੇ ਡਾਕਟਰ ਦੀ ਸਲਾਹ ਲਏ ਬਿਨਾਂ ਹੀ ਉਨ੍ਹਾਂ ਦਾ ਸੇਵਨ ਕਰ ਲੈਂਦੇ ਹਨ।

ਡਾਕਟਰ ਗਰਿਮਾ ਅਗਰਵਾਲ ਕਹਿੰਦੇ ਹਨ ਕਿ ''ਜ਼ਿਆਦਾਤਰ ਲੋਕ ਪੇਨ ਕਿਲਰ ਲੈਂਦੇ ਹਨ।"

ਉਨ੍ਹਾਂ ਅਨੁਸਾਰ, "ਬਜ਼ੁਰਗ ਲੋਕ ਅਕਸਰ ਸਰੀਰ ਦੇ ਦਰਦ ਅਤੇ ਗਠੀਏ ਲਈ ਪੇਨ ਕਿਲਰ ਲੈਂਦੇ ਹਨ। ਕੁਝ ਦਵਾਈਆਂ ਵਿੱਚ ਹੈਵੀ ਮੈਟਲਸ ਅਤੇ ਸਟੇਰੌਇਡਸ ਹੋ ਸਕਦੇ ਹਨ। ਇਸ ਨਾਲ ਕਿਡਨੀਆਂ ਖਰਾਬ ਹੋ ਸਕਦੀਆਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)