ਥਾਈਲੈਂਡ ’ਚ ਨਸ਼ੀਲੇ ਪਦਾਰਥਾਂ ਦਾ ਸਾਮਰਾਜ ਕਿਵੇਂ ਵੱਧ-ਫੁੱਲ ਰਿਹਾ ਹੈ

ਤਸਵੀਰ ਸਰੋਤ, LULU LUO/BBC
- ਲੇਖਕ, ਜੋਨਾਥਨ ਹੈੱਡ
- ਰੋਲ, ਸਾਊਥ ਈਸਟ ਏਸ਼ੀਆ ਪੱਤਰਕਾਰ
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੀ ਸੁਖੁਮਵਿਤ ਰੋਡ ’ਤੇ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਲਾਨੀਆਂ ਦੀ ਭੀੜ ਵੇਖਣ ਨੂੰ ਮਿਲਦੀ ਹੈ।
ਰੰਗ-ਬਿਰੰਗੀਆਂ ਲਾਈਟਾਂ ਨਾਲ ਰੋਸ਼ਨਾਈ ਇਹ ਥਾਂ, ਇੱਕ ਵਿਲੱਖਣ ਦੁਨੀਆ ਦਾ ਨਮੂਨਾ ਪੇਸ਼ ਕਰਦੀ ਹੈ।
ਅਚਾਨਕ ਗਾਂਜੇ ਜਾਂ ਭੰਗ ਦੀ ਪੈਦਾਵਾਰ ’ਚ ਹੋਏ ਵਾਧੇ ਨੇ ਥਾਈਲੈਂਡ ’ਚ ਇਸ ਦੇ ਵਪਾਰੀਆਂ ’ਚ ਖੁਸ਼ੀ ਦੀ ਲਹਿਰ ਲਿਆਂਦੀ ਹੈ, ਕਿਉਂਕਿ ਪਿਛਲੇ ਸਾਲ ਜੂਨ ਮਹੀਨੇ ਥਾਈਲੈਂਡ ’ਚ ਭੰਗ ਦੇ ਕਾਰੋਬਾਰ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ।
ਬੈਂਕਾਕ ’ਚ ਬੀਬੀਸੀ ਦੇ ਦਫ਼ਤਰ ਤੋਂ ਦੋ ਕੁ ਕਿਲੋਮੀਟਰ ਪੂਰਬ ਵੱਲ ਜਾਣ ’ਤੇ ਰਸਤੇ ’ਚ 40 ਤੋਂ ਵੀ ਵੱਧ ਦਵਾਈਆਂ ਦੀਆਂ ਦੁਕਾਨਾਂ ਨਜ਼ਰ ਆਉਂਦੀਆਂ ਹਨ।
ਇਨ੍ਹਾਂ ਦੁਕਾਨਾਂ ’ਤੇ ਭੰਗ ਦੇ ਫੁੱਲਾਂ ਦੀਆਂ ਕਲੀਆਂ ਅਤੇ ਸਿਗਰਟਨੋਸ਼ੀ ਨਾਲ ਸਬੰਧਤ ਸਮਾਨ ਆਮ ਹੀ ਵੇਚਿਆ ਜਾਂਦਾ ਹੈ।
ਇਸ ਤੋਂ ਉਲਟ ਦਿਸ਼ਾ ਵੱਲ ਚੱਲਣ ’ਤੇ ਮਸ਼ਹੂਰ ਖਾਓ ਸੈਨ ਰੋਡ ’ਤੇ ਮਰਿਜੁਆਨਾ ਥੀਮ ਵਾਲਾ ਸ਼ਾਪਿੰਗ ਮਾਲ ‘ਪਲਾਂਟੋਪਿਆ’ ਹੈ।
ਮਾਲ ਦੀਆਂ ਦੁਕਾਨਾਂ ਗਾਹਕਾਂ ਵੱਲੋਂ ਬਣਾਏ ਧੂੰਏ ਦੀ ਧੁੰਦ ਪਿੱਛੇ ਧੁੰਦਲੀਆਂ ਨਜ਼ਰ ਆ ਰਹੀਆਂ ਹਨ। ਇਹ ਜਗ੍ਹਾ ਸੈਲਾਨੀਆਂ ਦੀਆਂ ਮਨਪਸੰਦ ਥਾਵਾਂ ’ਚੋਂ ਇੱਕ ਹੈ।
ਥਾਈਲੈਂਡ ’ਚ ‘ਵੀਡ’ ਵੈੱਬਸਾਈਟ ਦੇਸ਼ ਭਰ ’ਚ ਭੰਗ ਅਤੇ ਇਸ ਦੇ ਡੈਰੀਵੇਟਿਵ ਵੇਚਣ ਵਾਲੇ 4 ਹਜ਼ਾਰ ਤੋਂ ਵੀ ਵੱਧ ਆਊਟਲੈਟਾਂ/ਦੁਕਾਨਾਂ ਨੂੰ ਸੂਚੀਬੱਧ ਕਰਦੀ ਹੈ, ਜੋ ਕਿ ਭੰਗ ਅਤੇ ਉਸ ਨਾਲ ਜੁੜੇ ਉਤਪਾਦਾਂ ਦੀ ਵਿਕਰੀ ਕਰਦੇ ਹਨ।
ਇਹ ਉਹੀ ਥਾਈਲੈਂਡ ਹੈ ਜਿੱਥੇ ਪਿਛਲੇ ਸਾਲ ਜੂਨ ਮਹੀਨੇ ਤੱਕ ਭੰਗ ਰੱਖਣ ਵਾਲੇ ਨੂੰ 5 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਸੀ ਅਤੇ ਇਸ ਨੂੰ ਉਗਾਉਣ ’ਤੇ 15 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਸੀ।
ਉੱਥੇ ਹੀ ਦੂਜੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ’ਚ ਮੌਤ ਦੀ ਸਜ਼ਾ ਦਾ ਪ੍ਰਬੰਧ ਸੀ। ਦੇਸ਼ ’ਚ ਬਦਲਾਅ ਦੀ ਇਹ ਰਫ਼ਤਾਰ ਰੋਮਾਂਚਕ ਹੈ।
ਥਾਈਲੈਂਡ ’ਚ ਭੰਗ ਦੇ ਕਾਰੋਬਾਰ ’ਚ ਸਲਾਹਕਾਰ ਕੰਪਨੀ ਐਲੀਵੇਟਿਡ ਅਸਟੇਟ ਦੀ ਸੰਸਥਾਪਕ ਅਤੇ ਨਵੇਂ ਨਿਯਮਾਂ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੰਸਦੀ ਕਮੇਟੀ ਦਾ ਹਿੱਸਾ ਰਹੀ ਕਿੱਟੀ ਚੋਪਕਾ ਦਾ ਕਹਿਣਾ ਹੈ, “ਇਹ ਉਲਝਾਉਣ ਵਾਲਾ ਹੈ, ਪਰ ਇਹ ਥਾਈਲੈਂਡ ਹੈ ਅਤੇ ਭੰਗ ਦੇ ਕਾਰੋਬਾਰ ’ਚ ਉਦਾਰੀਕਰਨ ਤੋਂ ਬਿਨ੍ਹਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਇਹ ਸਥਿਤੀ ਬਣੀ ਹੁੰਦੀ।”
ਪਰ ਕਿੱਟੀ ਚੋਪਕਾ ਵਰਗੇ ਪ੍ਰਚਾਰਕਾਂ ਵੱਲੋਂ ਭੰਗ ਦੇ ਜਿਸ ਉਦਾਰੀਕਰਨ ਦੀ ਕਲਪਨਾ ਕੀਤੀ ਗਈ ਸੀ, ਇਹ ਉਹ ਨਹੀਂ ਹੈ।
ਕਿੱਟੀ ਚੋਪਕਾ ਦਾ ਕਹਿਣਾ ਹੈ, “ਸਾਨੂੰ ਇੱਕ ਅਜਿਹੇ ਰੈਗੁਲੇਟਰੀ ਸ਼ਾਸਨ ਦੀ ਲੋੜ ਹੈ, ਜਿਸ ’ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੋਵੇ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ ਹੋ।”
“ਇਹ ਕਾਫ਼ੀ ਭੁਲੇਖਾ ਪਾ ਰਿਹਾ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਉਨ੍ਹਾਂ ਦੀਆਂ ਸੀਮਾਵਾਂ ਕੀ ਹਨ।”

ਤਸਵੀਰ ਸਰੋਤ, LULU LUO/BBC
ਭੰਗ ’ਤੇ ਸਿਆਸਤ
ਜੇਕਰ ਇਸ ’ਤੇ ਛੋਟ ਹੈ ਤਾਂ ਇਸ ਦੇ ਨਾਲ ਕੁਝ ਨਿਯਮ ਵੀ ਹਨ, ਪਰ ਉਨ੍ਹਾਂ ਨਿਯਮਾਂ ਨੂੰ ਬੇਤੁਕੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਕੋਲ ਭੰਗ ਵੇਚਣ ਦਾ ਲਾਇਸੈਂਸ ਨਹੀਂ ਹੈ। ਦੁਕਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਭੰਗ ਦੀ ਪੈਦਾਵਾਰ ਤੋਂ ਲੈ ਕੇ ਗਾਹਕਾਂ ਦੇ ਨਿੱਜੀ ਵੇਰਵਿਆਂ ਦਾ ਰਿਕਾਰਡ ਰੱਖਣ।
ਗੈਰ-ਪ੍ਰੋਸੈਸਡ ਭੰਗ ਦੇ ਫੁੱਲਾਂ ਨੂੰ ਛੱਡ ਕੇ, ਕਿਸੇ ਵੀ ਉਤਪਾਦ ’ਚ ਟੀਐੱਚਸੀ ਦੀ ਮਾਤਰਾ 0.2% ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਟੀਐਚਸੀ ਭੰਗ ’ਚ ਮੌਜੂਦ ਸਾਈਕੋਟ੍ਰੋਪਿਕ ਰਸਾਇਣ ਹੈ। ਇਨ੍ਹਾਂ ਉਤਪਾਦਾਂ ਦੀ ਆਨਲਾਈਨ ਵਿਕਰੀ ’ਤੇ ਪਾਬੰਦੀ ਹੈ।
ਪਰ ਇਸ ਦੇ ਬਾਵਜੂਦ ਸਪਲਾਇਰ ਵਧੇਰੇ ਟੀਐੱਚਸੀ ਵਾਲੀ ਭੰਗ ਨੂੰ ਆਨਲਾਈਨ ਵੇਚ ਰਹੇ ਹਨ। ਇਨ੍ਹਾਂ ਉਤਪਾਦਾਂ ’ਚ ਭੰਗ ਨਾਲ ਬਣੀ ਬ੍ਰਾਊਨੀ ਅਤੇ ਗਮੀ ਸ਼ਾਮਲ ਹਨ। ਇਸ ਦੀ ਡਿਲੀਵਰੀ ਇੱਕ ਘੰਟੇ ਦੇ ਅੰਦਰ ਕਰ ਦਿੱਤੀ ਜਾਂਦੀ ਹੈ।
20 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਗਾਹਕ ਨੂੰ ਭੰਗ ਨਹੀਂ ਵੇਚੀ ਜਾ ਸਕਦੀ ਹੈ। ਪਰ ਮੋਟਰਸਾਈਕਲ ’ਤੇ ਕਿਹੜਾ ਉਤਪਾਦ ਡਿਲੀਵਰ ਕੀਤਾ ਜਾ ਰਿਹਾ ਹੈ, ਇਸ ਬਾਰੇ ਕੋਈ ਕੀ ਜਾਣਦਾ ਹੈ?
ਉੱਥੇ ਕਈ ਅਜਿਹੇ ਰੈਸਟੋਰੈਂਟ ਹਨ ਜੋ ਕਿ ਭੰਗ ਜਾਂ ਗਾਂਜੇ ਤੋਂ ਬਣੇ ਪਕਵਾਨ ਪਰੋਸਦੇ ਹਨ। ਇੱਥੇ ਮਰਿਜੁਆਨਾ ਚਾਹ ਅਤੇ ਮਰਿਜੁਆਨਾ ਆਈਸਕ੍ਰੀਮ ਵੀ ਮਿਲਦੀ ਹੈ।
ਕਰਿਆਨੇ ਦੀਆਂ ਦੁਕਾਨਾਂ ’ਤੇ ਪਾਣੀ ’ਚ ਗਾਂਜਾ ਅਤੇ ਭੰਗ ਮਿਲਾ ਕੇ ਵੇਚਿਆ ਜਾ ਰਿਹਾ ਹੈ।
ਥਾਈਲੈਂਡ ਪੁਲਿਸ ਨੇ ਮੰਨਿਆ ਹੈ ਕਿ ਉਹ ਇਸ ਬਾਰੇ ਉਲਝਨ ’ਚ ਹਨ ਕਿ ਕੀ ਕਾਨੂੰਨੀ ਹੈ ਅਤੇ ਕੀ ਨਹੀਂ। ਪੁਲਿਸ ਭੰਗ ਸਬੰਧੀ ਬਹੁਤ ਘੱਟ ਨਿਯਮ ਲਾਗੂ ਕਰ ਸਕੀ ਹੈ।
ਭੰਗ ਅਤੇ ਗਾਂਜੇ ਦੇ ਨੇਮਾਂ ’ਚ ਬਦਲਾਅ ਇੱਕ ਸਿਆਸੀ ਇਤਫ਼ਾਕ ਹੈ।

ਤਸਵੀਰ ਸਰੋਤ, Getty Images
ਥਾਈਲੈਂਡ ਦੀ ਸਭ ਤੋਂ ਵੱਡੀ ਪਾਰਟੀ ਦੇ ਪ੍ਰਮੁੱਖ ਆਗੂ ਅਨੁਤਿਨ ਚਰਨਵਿਰਕੁਲ ਨੇ ਸਾਲ 2019 ਦੇ ਆਪਣੇ ਚੋਣ ਮੈਨੀਫੈਸਟੋ ’ਚ ਭੰਗ ਅਤੇ ਗਾਂਜੇ ਨੂੰ ਕਾਨੂੰਨੀ ਮਾਨਤਾ ਦੇਣ ਦੀ ਗੱਲ ਕਹੀ ਸੀ।
ਇਸ ਵਾਅਦੇ ਨੇ ਉਨ੍ਹਾਂ ਨੂੰ ਚੋਣ ਜਿੱਤਣ ’ਚ ਮਦਦ ਕੀਤੀ। ਬਹੁਤ ਸਾਰੇ ਲੋਕ ਇਸ ਧਾਰਨਾ ਦਾ ਸ਼ਿਕਾਰ ਹੋ ਗਏ ਕਿ ਭੰਗ ਦੀ ਫਸਲ ਗਰੀਬ ਕਿਸਾਨਾਂ ਲਈ ਇੱਕ ਲਾਭਦਾਇਕ ਬਦਲ ਨਕਦੀ ਫਸਲ ਹੋ ਸਕਦੀ ਹੈ।
ਨਵੀਂ ਸਰਕਾਰ ’ਚ ਸਿਹਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਨੁਤਿਨ ਚਰਨਵਿਰਕੁਲ ਨੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਛੇਤੀ ਤੋਂ ਛੇਤੀ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਨੂੰ ਪਾਬੰਦੀਸ਼ੁਦਾ ਸੂਚੀ ’ਚੋਂ ਹਟਾਉਣ ਨੂੰ ਤਰਜੀਹ ਦਿੱਤੀ।
ਜਦੋਂ ਤੱਕ ਭੰਗ ਦੇ ਉਤਪਾਦਾਂ ਦੇ ਨਵੇਂ ਕਾਰੋਬਾਰ ਨੂੰ ਕੰਟਰੋਲ ਕਰਨ ਲਈ ਨਿਯਮ ਬਣਾਏ ਜਾਂਦੇ, ਉਦੋਂ ਤੱਕ ਭੰਗ ਅਤੇ ਗਾਂਜੇ ਨੂੰ ਡਿਕ੍ਰਿਮੀਨਲਾਈਜ਼ ਕੀਤਾ ਜਾ ਚੁੱਕਿਆ ਸੀ ਅਤੇ ਨਵੇਂ ਕਾਨੂੰਨ ਪਾਰਟੀ ਦੀ ਅੰਦਰੂਨੀ ਲੜਾਈ ਦਾ ਸ਼ਿਕਾਰ ਹੋ ਗਏ ਸਨ।
ਮਈ 2023 ’ਚ ਇੱਕ ਹੋਰ ਆਮ ਚੋਣਾਂ ਹੋਣ ਤੋਂ ਬਾਅਦ ਵੀ ਇਸ ਸਾਲ ਦੇ ਅੰਤ ਤੱਕ ਸੰਸਦ ਵੱਲੋਂ ਕਾਨੂੰਨ ਪਾਸ ਕੀਤੇ ਜਾਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਵਿਖਾਈ ਦੇ ਰਹੀਆਂ ਹਨ।
ਵਿਰੋਧੀ ਧਿਰਾਂ ਪਹਿਲਾਂ ਹੀ ਗੈਰ-ਨਿਯੰਤ੍ਰਿਤ ਭੰਗ ਦੇ ਖ਼ਤਰਿਆਂ ਦੇ ਬਾਰੇ ’ਚ ਚੇਤਾਵਨੀ ਦੇ ਰਹੀਆਂ ਹਨ ਅਤੇ ਸੱਤਾ ’ਚ ਆਉਣ ’ਤੇ ਇਸ ਨੂੰ ਮੁੜ ਅਪਰਾਧ ਐਲਾਨਨ ਦੀ ਚੇਤਾਵਨੀ ਵੀ ਦੇ ਰਹੀਆਂ ਹਨ।
ਭੰਗ ਜੜੀ-ਬੂਟੀਆਂ ਅਤੇ ਭੋਜਨ ’ਚ ਵਰਤੀ ਜਾਂਦੀ ਸੀ

ਤਸਵੀਰ ਸਰੋਤ, Getty Images
ਭੰਗ ਦੀ ਜੜੀ-ਬੂਟੀਆਂ ਅਤੇ ਭੋਜਨ ’ਚ ਹੁੰਦੀ ਸੀ ਵਰਤੋਂ। ਇਸ ਬੇਲਗਾਮ ਨਵੇਂ ਉਦਯੋਗ ਦਾ ਭਵਿੱਖ ਅਨਿਸ਼ਚਿਤ ਹੈ।
ਪਿਛਲੇ ਸਾਲ ਯੂਨੀਵਰਸਿਟੀ ਦੀ 21 ਸਾਲਾ ਵਿਦਿਆਰਥਣ ਤੁਕਤਾ ਨੇ ਭੰਗ ਦੀ ਖੇਡ ’ਚ ਕਦਮ ਰੱਖਿਆ ੳਤੇ ਬੈਂਕਾਕ ਦੇ ਕਲੋਂਗ ਟੋਈ ਜ਼ਿਲ੍ਹੇ ’ਚ ਹਰਬ ਕਲੱਬ ਨਾਮਕ ਇੱਕ ਡਿਸਪੈਂਸਰੀ ਅਤੇ ਕੌਫੀ ਦੀ ਦੁਕਾਨ ’ਚ ਦੱਸ ਲੱਖ ਬਹਤ ਭਾਵ 30 ਹਜ਼ਾਰ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ।
ਉਹ ਭੰਗ ਦੇ ਫੁੱਲਾਂ ਦੀਆਂ 16 ਵੱਖ-ਵੱਖ ਕਿਸਮਾਂ ਵੇਚਦੀ ਹੈ, ਜਿਸ ਦੀ ਕੀਮਤ 10 ਡਾਲਰ ਤੋਂ 80 ਡਾਲਰ ਪ੍ਰਤੀ ਗ੍ਰਾਮ ਹੈ। ਪਰ ਉਹ ਕਾਨੂੰਨ ’ਚ ਸੰਭਾਵਿਤ ਤਬਦੀਲੀਆਂ ਪ੍ਰਤੀ ਚਿੰਤਤ ਹੈ।
ਕਿੱਟੀ ਚੋਪਕਾ ਦਾ ਕਹਿਣਾ ਹੈ, “ਗਾਂਜੇ ਦੀ ਵੱਧ ਪੈਦਾਵਾਰ ਦੇ ਕਾਰਨ ਉਸ ਦੀਆਂ ਕੀਮਤਾਂ ’ਚ ਗਿਰਾਵਟ ਆ ਰਹੀ ਹੈ।”
“ਇੱਥੇ ਬਹੁਤ ਸਾਰਾ ਗੈਰ ਕਾਨੂੰਨੀ ਆਯਾਤ ਹੁੰਦਾ ਹੈ। ਅਸੀਂ ਵਿਦੇਸ਼ੀ ਨਸਲਾਂ ਉਗਾ ਰਹੇ ਹਾਂ, ਜਿਨ੍ਹਾਂ ਨੂੰ ਏਅਰ-ਕੰਡੀਸ਼ਨਿੰਗ ਅਤੇ ਧੁੱਪ ਦੀ ਲੋੜ ਹੁੰਦੀ ਹੈ।”
“ਸਾਨੂੰ ਲਾਗਤ ਘੱਟ ਕਰਨ ਲਈ ਅਜਿਹੀਆਂ ਕਿਸਮਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਕਿ ਸਾਡੀ ਜਲਵਾਯੂ ’ਚ ਵਧੀਆ ਢੰਗ ਨਾਲ ਵੱਧ-ਫੁੱਲ ਸਕਦੀਆਂ ਹਨ।”
“ਸਾਨੂੰ ਅਸਲ ’ਚ ਆਪਣੀ ਪੁਰਾਣੀ ਵਿਰਾਸਤ, ਆਪਣੇ ਪੁਰਾਣੇ ਸਭਿਆਚਾਰ ਵੱਲ ਵਾਪਸ ਜਾਣ ਦੀ ਜ਼ਰੂਰਤ ਹੈ, ਕਿਉਂਕਿ ਗਾਂਜੇ ਦੇ ਪੌਦੇ ਅਤੇ ਥਾਈਲੈਂਡ ਦੋਵੇਂ ਹੀ ਇੱਕ ਦੂਜੇ ਨਾਲ ਜੁੜੇ ਹੋਏ ਹਨ।”
ਥਾਈਲੈਂਡ ਦੇ ਕਈ ਨਾਗਰਿਕਾਂ ਦੇ ਅਨੁਸਾਰ, ਉਹ ਇੱਕ ਅਜਿਹੇ ਦੇਸ਼ ’ਚ ਵੱਡੇ ਹੋਏ ਹਨ, ਜਿੱਥੇ ਹਰ ਕਿਸਮ ਦੇ ਨਸ਼ੀਲੇ ਪਦਾਰਥਾਂ ਨੂੰ ਇੱਕ ਖ਼ਤਰਨਾਕ ਸਮਾਜਿਕ ਬੁਰਾਈ ਵੱਜੋਂ ਵੇਖਿਆ ਜਾਂਦਾ ਹੈ। ਗਾਂਜੇ ਦੇ ਕਾਰੋਬਾਰ ਦਾ ਨਾਟਕੀ ਢੰਗ ਨਾਲ ਵੱਧਣਾ-ਫੁੱਲਣਾ ਉਨ੍ਹਾਂ ਨੂੰ ਹੈਰਾਨ ਕਰਦਾ ਹੈ।
ਸਰਕਾਰੀ ਨਜ਼ਰੀਏ ’ਚ ਡਰੱਗ ਪ੍ਰਤੀ ਬਹੁਤ ਸਖ਼ਤੀ ਵਰਤੀ ਜਾਂਦੀ ਹੈ।
1970 ਦੇ ਦਹਾਕੇ ਦੇ ਅੰਤ ਤੱਕ ਉੱਤਰੀ ਥਾਈਲੈਂਡ ’ਚ ਪਹਾੜੀ ਕਬੀਲਿਆਂ ਵੱਲੋਂ ਵਿਆਪਕ ਪੱਧਰ ’ਤੇ ਗਾਂਜੇ ਦੀ ਖੇਤੀ ਕੀਤੀ ਜਾਂਦੀ ਸੀ।
ਇਸ ਨੂੰ ਗੋਲਡਨ ਟ੍ਰਾਈਐਂਗਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਕਿ ਦੁਨੀਆ ਦੀ ਅਫ਼ੀਮ ਦਾ ਬਹੁਤ ਵੱਡਾ ਸਰੋਤ ਹੁੰਦਾ ਸੀ। ਉੱਤਰ-ਪੂਰਬੀ ਥਾਈਲੈਂਡ ’ਚ ਗਾਂਜੇ ਦੀ ਵਰਤੋਂ ਜੜੀ-ਬੂਟੀਆਂ ਅਤੇ ਖਾਣਾ ਬਣਾਉਣ ਦੀ ਇੱਕ ਸਮੱਗਰੀ ਵੱਜੋਂ ਕੀਤੀ ਜਾਂਦੀ ਸੀ।
1960 ਦੇ ਦਹਾਕੇ ’ਚ ਜਦੋਂ ਅਮਰੀਕੀ ਸੈਨਿਕ ਆਰਾਮ ਅਤੇ ਮਨੋਰੰਜਨ ਨਾ ਮਿਲਣ ਦੀ ਸੂਰਤ ’ਚ ਵਿਅਤਨਾਮ ਯੁੱਧ ’ਚ ਕਮਜ਼ੋਰ ਪੈ ਰਹੇ ਸਨ, ਉਦੋਂ ਉਨ੍ਹਾਂ ਨੂੰ ਥਾਈ ਸਟਿੱਕ ਮਿਲੀ (ਬਾਂਸ ਦੀ ਸੋਟੀ ਦੇ ਚਾਰੇ ਪਾਸੇ ਪੱਤੀਆਂ ’ਚ ਲਪੇਟ ਕੇ ਗਾਂਜੇ ਦੀਆਂ ਕਲੀਆਂ ਨੂੰ ਇੱਕ ਮੋਟੀ ਸਿਗਾਰ ਦੀ ਤਰ੍ਹਾਂ ਬਣਾਇਆ ਜਾਂਦਾ ਹੈ)।
ਅਮਰੀਕੀ ਸੈਨਿਕਾਂ ਨੇ ਥਾਈਲੈਂਡ ਦੇ ਗਾਂਜੇ ਨੂੰ ਵੱਡੇ ਪੱਧਰ ’ਤੇ ਅਮਰੀਕਾ ਭੇਜਣਾ ਸ਼ੁਰੂ ਕਰ ਦਿੱਤਾ। ਗੋਲਡਨ ਟ੍ਰਾਈਐਂਗਲ ਨਾਲ ਅਮਰੀਕਾ ’ਚ ਵਧੇਰੇ ਨਸ਼ੀਲੇ ਪਦਾਰਥ ਭੇਜੇ ਜਾਣ ਲੱਗੇ।

ਤਸਵੀਰ ਸਰੋਤ, LULU LUO/BBC
ਅਮਰੀਕਾ ਦੀ ਮਦਦ ਨਾਲ ਡਰੱਗ ’ਤੇ ਲੱਗੀ ਸੀ ਪਾਬੰਦੀ
ਜਿਵੇਂ ਹੀ ਵਿਅਤਨਾਮ ਯੁੱਧ ਦੇ ਜ਼ਖਮ ਭਰੇ, ਥਾਈਲੈਂਡ ’ਤੇ ਡਰੱਗ ਉਤਪਾਦਨ ’ਤੇ ਰੋਕ ਲਗਾਉਣ ਲਈ ਅਮਰੀਕਾ ਨੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।
1979 ’ਚ ਥਾਈਲੈਂਡ ਨੇ ਇੱਕ ਨਾਰਕੋਟਿਕਸ ਐਕਟ ਲਾਗੂ ਕੀਤਾ, ਜਿਸ ’ਚ ਮੌਤ ਦੀ ਸਜ਼ਾ ਦੇ ਨਾਲ ਡਰੱਗ ਦੀ ਵਰਤੋਂ ਕਰਨ ਅਤੇ ਵੇਚਣ ਦੇ ਲਈ ਇੱਕ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਸੀ।
ਥਾਈਲੈਂਡ , ਸਿੰਗਾਪੁਰ ਅਤੇ ਮਲੇਸ਼ੀਆ ਨੇ ਆਪਣੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਹਿੱਪੀ ਲੋਕਾਂ ਦੀ ਭਾਲ ਕਰਨ ਅਤੇ ਉਨ੍ਹਾਂ ਦੇ ਦਾਖਲੇ ’ਤੇ ਰੋਕ ਲਗਾਈ ਜਾਵੇ।
ਸਿੰਗਾਪੁਰ ਹਵਾਈਅੱਡੇ ’ਤੇ ਲੰਮੇ ਵਾਲਾਂ ਵਾਲੇ ਲੋਕਾਂ ਨੂੰ ਨਾਈ ਕੋਲ ਜਾਣ ਜਾਂ ਫਿਰ ਵਾਪਸ ਜਾਣ ਦਾ ਵਿਕਲਪ ਦਿੱਤਾ ਜਾਂਦਾ ਸੀ।
ਮਲੇਸ਼ੀਆ ’ਚ ਕਿਸੇ ਵੀ ਸ਼ੱਕੀ ਵਿਅਕਤੀ ਵੱਲੋਂ ਦੇਸ਼ ਛੱਡਣ ਤੋਂ ਪਹਿਲਾਂ ਉਸ ਦੇ ਪਾਸਪੋਰਟ ’ਤੇ ‘ਐਸਐਚਆਈਟੀ’ ਦੀ ਮੋਹਰ ਲਗਾ ਦਿੱਤੀ ਜਾਂਦੀ ਸੀ, ਜਿਸ ਦਾ ਮਤਲਬ ਹੁੰਦਾ ਸੀ ਟ੍ਰਾਂਜਿਟ ’ਚ ਪਾਇਆ ਗਿਆ ਸ਼ੱਕੀ ਹਿੱਪੀ।
ਅਕਤੂਬਰ 1976 ’ਚ ਬੈਂਕਾਕ ਦੀ ਥੰਮਾਸੈਟ ਯੂਨੀਵਰਸਿਟੀ ’ਚ ਇੱਕ ਖੱਬੇ ਪੱਖੀ ਵਿਦਿਆਰਥੀ ਅੰਦੋਲਨ ਨੂੰ ਕੁਚਲਣ ਤੋਂ ਬਾਅਦ ਥਾਈਲੈਂਡ ਦੀ ਸਰਕਾਰ ਉਭਰਦੇ ਨੌਜਵਾਨ ਸਭਿਆਚਾਰ ਤੋਂ ਖਾਸ ਤੌਰ ’ਤੇ ਸਾਵਧਾਨ ਸੀ।

ਤਸਵੀਰ ਸਰੋਤ, LULU LUO/BBC
ਸਰੀਰ ਅਤੇ ਦਿਮਾਗ ’ਤੇ ਪ੍ਰਭਾਵ
ਰੂੜੀਵਾਦੀਆਂ ਨੂੰ ਡਰ ਸੀ ਕਿ ਨੌਜਵਾਨ ਪੀੜ੍ਹੀ ਥਾਈਲੈਂਡ ’ਚ ਕਮਿਊਨਿਸਟ ਕਬਜ਼ੇ ਦਾ ਸਮਰਥਨ ’ਚ ਨਿਤਰ ਸਕਦੀ ਹੈ, ਜਿਵੇਂ ਕਿ ਉਸ ਸਮੇਂ ਗੁਆਂਢੀ ਮੁਲਕ ਲਾਓਸ, ਕੰਬੋਡੀਆ ਅਤੇ ਵਿਅਤਨਾਮ ’ਚ ਹੋਇਆ ਸੀ।
ਇਸ ਦੌਰਾਨ ਥਾਈਲੈਂਡ ’ਚ ਸ਼ਾਹੀ-ਪ੍ਰਯੋਜਿਤ ਫਸਲ ਸੁਧਾਰ ਪ੍ਰੋਜੈਕਟਾਂ ਦੀ ਇੱਕ ਲੜੀ ਤਹਿਤ ਵਧੇਰੇਤਰ ਪਹਾੜੀ ਕਬੀਲਿਆਂ ਨੂੰ ਅਫ਼ੀਮ ਅਤੇ ਗਾਂਜੇ ਦੀ ਖੇਤੀ ਦੀ ਬਜਾਏ ਕੌਫੀ ਜਾਂ ਮੈਕਾਡਾਮੀਆ ਨੱਟਸ ਦੀ ਕਾਸ਼ਤ ਕਰਨ ਲਈ ਰਾਜ਼ੀ ਕੀਤਾ ਗਿਆ।
1990 ਦੇ ਦਹਾਕੇ ਤੋਂ ਮਿਆਂਮਾਰ ਦੇ ਯੁੱਧ ਤੋਂ ਪ੍ਰਭਾਵਿਤ ਇਲਾਕਿਆਂ ’ਚੋਂ ਸਸਤੀ ਮੇਥਾਮਫੇਟਾਮਾਈਨ ਥਾਈਲੈਂਡ ’ਚ ਨਿਰਯਾਤ ਕੀਤੀ ਗਈ। ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ, ਨਸ਼ੀਲਾ ਅਤੇ ਘਾਤਕ ਪਦਾਰਥ ਹੈ।
ਮੇਥਾਮਫੇਟਾਮਾਈਨ ਦਿਮਾਗ ’ਚ ਡੋਪਾਮਾਈਨ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਇਸ ਦੀ ਵਰਤੋਂ ਨਾਲ ਵਿਅਕਤੀ ਉਤਸ਼ਾਹਿਤ ਹੋ ਜਾਂਦਾ ਹੈ। ਇਸ ਦੀ ਆਦਤ ਬਹੁਤ ਹੀ ਜਲਦੀ ਲੱਗ ਜਾਂਦੀ ਹੈ ਅਤੇ ਸਰੀਰ ’ਤੇ ਇਸ ਦੇ ਕਈ ਮਾੜੇ ਪ੍ਰਭਾਵ ਵੀ ਪੈਂਦੇ ਹਨ।
ਮੇਥਾਮਫੇਟਾਮਾਈਨ ਦੀ ਲਤ ਨਾਲ ਸਮਾਜ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਕਾਰਨ ਥਾਈਲੈਂਡ ਦੀ ਜਨਤਾ ਇਸ ਦੇ ਖ਼ਿਲਾਫ ਖੜੀ ਹੋਈ ਜਿਸ ਦੇ ਕਾਰਨ 2003 ’ਚ ਇੱਕ ਸਖ਼ਤ ਨਸ਼ਾ ਵਿਰੋਧੀ ਮੁਹਿੰਮ ਦਾ ਆਗਾਜ਼ ਹੋਇਆ।
ਇਸ ਮੁਹਿੰਮ ਦੇ ਤਹਿਤ ਘੱਟ ਤੋਂ ਘੱਟ 1400 ਸ਼ੱਕੀ ਉਪਯੋਗਕਰਤਾਵਾਂ ਅਤੇ ਡੀਲਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਉਸ ਸਮੇਂ ਥਾਈਲੈਂਡ ਦੀਆਂ ਜੇਲ੍ਹਾਂ ’ਚ ਬਹੁਤ ਭੀੜ ਸੀ। ਇਨ੍ਹਾਂ ’ਚੋਂ ਤਿੰਨ-ਚੌਥਾਈ ਕੈਦੀ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧ ਅਤੇ ਕਈ ਤਾਂ ਬਹੁਤ ਮਾਮੂਲੀ ਅਪਰਾਧਾਂ ਕਰਕੇ ਜੇਲ੍ਹ ’ਚ ਸਨ।
ਜੇਲ੍ਹਾਂ ’ਚ ਵਧੇਰੇ ਭੀੜ ਨੇ ਥਾਈਲੈਂਡ ਦੇ ਅਧਿਕਾਰੀਆਂ ਨੂੰ ਆਪਣੇ ਸਖ਼ਤ ਰਵੱਈਏ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਦੇਸ਼ ਦੇ ਸਫਲ ਮੈਡੀਕਲ ਸੈਰ-ਸਪਾਟਾ ਉਦਯੋਗ ’ਚ ਗਾਂਜੇ ਦੀ ਚਿਕਿਤਸਕ ਅਤੇ ਉਪਚਾਰਕ ਵਰਤੋਂ ਇੱਕ ਸਾਰਥਕ ਪੂਰਕ ਸਾਬਤ ਹੋ ਸਕਦੀ ਹੈ। ਗਾਂਜੇ ਦੀ ਬਿਹਤਰ ਵਰਤੋਂ ਦੀ ਸੰਭਾਵਨਾ ਦੀ ਜਾਂਚ ਦੇ ਲਈ ਇਹ ਕੋਈ ਵੱਡਾ ਫੈਸਲਾ ਨਹੀਂ ਸੀ।

ਤਸਵੀਰ ਸਰੋਤ, Getty Images
‘ਗਾਂਜੇ ਨੂੰ ਕਾਨੂੰਨੀ ਮਾਨਤਾ ਮਿਲਣ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਬਲਕਿ ਮਦਦ ਮਿਲੀ ਹੈ’
ਥਾਈਲੈਂਡ ਦੇ ਉਦਯੋਗਪਤੀ ਟੌਮ ਕਰੁਸੋਪੋਨ ਦੇਸ਼ ’ਚ ਡਰੱਗ ਕਾਨੂੰਨਾਂ ਨੂੰ ਉਦਾਰ ਬਣਾਉਣ ਦੇ ਕਾਰਨ ‘ਮਿਸਟਰ ਵੀਡ’ ਵੱਜੋਂ ਜਾਣੇ ਜਾਂਦੇ ਹਨ।
ਉਹ ਜਰਮਨ ਤੋਂ ਆਏ ਸੈਲਾਨੀਆਂ ਦੇ ਇੱਕ ਸਮੂਹ ਦੇ ਸਾਹਮਣੇ ਖੁਸ਼ ਹੁੰਦੇ ਹੋਏ ਕਹਿੰਦੇ ਹਨ ਕਿ ‘ਨਸ਼ੀਲੀਆਂ ਦਵਾਈਆਂ ਦੇ ਐਮਸਟਰਡਮ ’ਚ ਤੁਹਾਡਾ ਸਵਾਗਤ ਹੈ’।
ਬੈਂਕਾਕ ’ਚ ਕਰੁਸੋਪੋਨ ਨੇ ਅਮਰੀਕੀ ਕੈਨਬਿਜ਼ ਸਟੋਰ ਕੂਕੀਜ਼ ਦੀ ਇੱਕ ਸ਼ਾਖਾ ਖੋਲ੍ਹੀ ਹੈ। ਇਸ ਸਟੋਰ ’ਚ ਸਥਾਨਕ ਤੌਰ ’ਤੇ ਉਗਾਏ ਗਏ ਵੱਖ-ਵੱਖ ਕਿਸਮਾਂ ਦੇ ਗਾਂਜੇ ਨੂੰ ਸੁੰਦਰ ਜਾਰ ’ਚ ਰੱਖਿਆ ਗਿਆ ਹੈ। ਸਟੋਰ ’ਚ ਤਖ਼ਤਿਆਂ ’ਤੇ ਗਾਂਜੇ ਦੀ ਥੀਮ ’ਤੇ ਬਣੀਆਂ ਟੀ-ਸ਼ਰਟਾਂ, ਲੌਂਜਰੀ ਅਤੇ ਚੱਪਲਾਂ ਰੱਖੀਆਂ ਗਈਆਂ ਹਨ।
ਸ਼ਾਇਦ ਇਹ ਬੈਂਕਾਕ ਦੀ ਹਿਲਟਨ ਜੇਲ੍ਹ ’ਚ ਦਹਾਕਿਆ ਤੋਂ ਬੰਦ ਮੰਦਭਾਗੇ ਪੱਛਮੀ ਲੋਕਾਂ ਦੀਆਂ ਜਾਣੀਆਂ-ਪਛਾਣੀਆਂ ਕਹਾਣੀਆਂ ਹਨ ਜੋ ਕਿ ਸੈਲਾਨੀਆਂ ਨੂੰ ਕੁਝ ਪਰੇਸ਼ਾਨ ਕਰਦੀਆਂ ਹਨ।
ਪਰ ਟੌਮ ਕਰੁਸੋਪੋਨ ਉਨ੍ਹਾਂ ਨੂੰ ਭਰੋਸਾ ਦਿੰਦੇ ਹਨ ਕਿ ਹੁਣ ਉਨ੍ਹਾਂ ਨੂੰ ਥਾਈਲੈਂਡ ’ਚ ਭੰਗ ਖਰੀਦਣ ਅਤੇ ਵਰਤਣ ਲਈ ਹਿਰਾਸਤ ’ਚ ਨਹੀਂ ਲਿਆ ਜਾ ਸਕਦਾ ਹੈ, ਹਾਲਾਂਕਿ ਉਹ ਆਪਣੀ ਦੁਕਾਨ ’ਚ ਸਿਗਰਟ ਪੀਣ ਦੀ ਇਜਾਜ਼ਤ ਨਹੀਂ ਦਿੰਦੇ ਹਨ।

ਤਸਵੀਰ ਸਰੋਤ, LULU LUO/BBC
ਸੰਸਦ ਦੇ ਬਾਹਰ ਭੰਗ ਅਤੇ ਗਾਂਜੇ ਬਾਰੇ ਜਨਤਕ ਚਰਚਾ ’ਚ ਇਸ ਬਾਰੇ ਗੱਲਬਾਤ ਨਹੀਂ ਹੁੰਦੀ ਹੈ।
ਸੜਕ ’ਤੇ ਦੁਕਾਨ ਲਗਾਉਣ ਵਾਲੇ ਇੱਕ 32 ਸਾਲਾ ਵਿਅਕਤੀ ਨੇ ਕਿਹਾ, “ਇਹ ਠੀਕ ਨਹੀਂ ਹੈ। ਇਹ ਅਜੇ ਵੀ ਮੇਰੇ ਲਈ ਨਸ਼ੀਲੇ ਪਦਾਰਥਾਂ ਦੀ ਤਰ੍ਹਾਂ ਹੀ ਹੈ। ਸਿਰਫ਼ ਨੌਜਵਾਨ ਹੀ ਇਸ ਦੀ ਵਧੇਰੇ ਵਰਤੋਂ ਕਰ ਰਹੇ ਹਨ ਅਤੇ ਜੋ ਪਹਿਲਾਂ ਇਸ ਦੀ ਵਰਤੋਂ ਕਰ ਚੁੱਕੇ ਹਨ ਉਹ ਮੁੜ ਕਰ ਰਹੇ ਹਨ।”
ਪਰ ਇੱਕ ਬਜ਼ੁਰਗ ਮੋਟਰਸਾਈਕਲ ਟੈਕਸੀ ਡਰਾਈਵਰ ਦਾ ਮੰਨਣਾ ਹੈ ਕਿ ਗਾਂਜੇ ਨੂੰ ਕਾਨੂੰਨੀ ਮਾਨਤਾ ਮਿਲਣ ਨਾਲ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਬਲਕਿ ਮਦਦ ਮਿਲੀ ਹੈ।
ਉਹ ਕਹਿੰਦੇ ਹਨ, “ਅਸੀਂ ਧਿਆਨ ਨਹੀਂ ਦੇ ਰਹੇ ਕਿਉਂਕਿ ਅਸੀਂ ਸਿਗਰਟ ਨਹੀਂ ਪੀ ਰਹੇ ਹਾਂ। ਵੈਸੇ ਵੀ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ।”
ਕੁਝ ਡਾਕਟਰਾਂ ਨੇ ਭੰਗ ਦੀ ਆਦਤ ਦੇ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ ਹੈ, ਪਰ ਵਧੇਰੇਤਰ ਥਾਈ ਲੋਕਾਂ ਦੇ ਲਈ ਇਹ ਲੰਮੇ ਸਮੇਂ ਤੋਂ ਚੱਲੇ ਆ ਰਹੇ ਮੇਥਾਮਫੇਟਾਮਾਈਨ ਦੇ ਸੰਕਟ ਦੇ ਮੁਕਾਬਲੇ ਘੱਟ ਫਿੱਕਾ ਪੈ ਜਾਂਦਾ ਹੈ।
ਕੇਂਦਰੀ ਬੈਂਕਾਕ ’ਚ ਦਵਾਈਆਂ ਦੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਧੇਰੇਤਰ ਗਾਹਕ ਥਾਈਲੈਂਡ ਦੇ ਨਾਗਰਿਕ ਨਹੀਂ ਬਲਕਿ ਵਿਦੇਸ਼ੀ ਸੈਲਾਨੀ ਹਨ। ਥਾਈਲੈਂਡ ’ਚ ਅਜਿਹੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੈ ਜੋ ਕਿ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਨਿਯਮਿਤ ਤੌਰ ’ਤੇ ਗਾਂਜੇ ਦਾ ਸੇਵਨ ਕਰ ਰਹੇ ਸਨ।

ਤਸਵੀਰ ਸਰੋਤ, LULU LUO/BBC
ਲਗਾਤਾਰ ਵੱਧ ਰਿਹਾ ਕਾਰੋਬਾਰ
ਅਮਾਂਡਾ ਵੀ ਅਜਿਹੇ ਲੋਕਾ ’ਚੋਂ ਇੱਕ ਹਨ। ਹੁਣ ਉਹ ਆਪਣੀ ਪਸੰਦ ਦੀ ਨਸਲ ਦੇ ਗਾਂਜੇ ਦੀ ਕਾਸ਼ਤ ਕਰਨ ਨੂੰ ਲੈ ਕੇ ਖੁਸ਼ ਹਨ। ਉਨ੍ਹਾਂ ਨੂੰ ਹੁਣ ਪੁਲਿਸ ਦੇ ਦਰਵਾਜ਼ੇ ’ਤੇ ਦਸਤਕ ਦੇਣ ਦਾ ਡਰ ਨਹੀਂ ਸਤਾਉਂਦਾ ਹੈ।
ਉਨ੍ਹਾਂ ਨੇ ਆਪਣੇ ਛੋਟੇ ਜਿਹੇ ਅਪਾਰਟਮੈਂਟ ’ਚ ਗਾਂਜਾ ਉਗਾਉਣ ਲਈ ਜਗ੍ਹਾ ਬਣਾਈ ਹੋਈ ਹੈ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਬੈੱਡਰੂਮ ਦੀ ਬਾਲਕੋਨੀ ਨੂੰ ਟੈਂਟ ਅਤੇ ਰੋਸ਼ਨੀ ਨਾਲ ਭਰ ਦਿੱਤਾ ਹੈ, ਜਿੱਥੇ ਉਨ੍ਹਾਂ ਨੇ ਗਾਂਜੇ ਦੇ ਸੱਤ ਪੌਦੇ ਲਗਾਏ ਹਨ। ਇਸ ਕਮਰੇ ’ਚ ਉਨ੍ਹਾਂ ਦੀ ਬਿੱਲੀ ਨੂੰ ਆਉਣ ਦੀ ਮਨਾਹੀ ਹੈ।
ਉਨ੍ਹਾਂ ਦਾ ਕਹਿਣਾ ਹੈ, “ਸ਼ੁਰੂਆਤੀ ਸਮੇਂ ’ਚ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਮੈਂ ਅਜੇ ਬਹੁਤ ਕੁਝ ਸਿੱਖਣਾ ਸੀ। ਸ਼ੁਰੂ-ਸ਼ੁਰੂ ’ਚ ਮੈਨੂੰ ਤਾਪਮਾਨ ਦਾ ਕੋਈ ਅੰਦਾਜ਼ਾ ਨਹੀਂ ਸੀ ਅਤੇ ਕਮਰੇ ਨੂੰ ਦਿਨ ਦੇ 24 ਘੰਟੇ ਏਅਰ ਕੰਡੀਸ਼ਨ ਕਰਨਾ ਪੈਂਦਾ ਸੀ। ਪਰ ਥਾਈਲੈਂਡ ’ਚ ਜੋ ਹੋਇਆ, ਉਹ ਬਹੁਤ ਹੀ ਸ਼ਾਨਦਾਰ ਹੋਇਆ ਹੈ। ਹੁਣ ਹਜ਼ਾਰਾਂ ਹੀ ਫਾਰਮ ਅਤੇ ਡਿਸਪੈਂਸਰੀਆਂ ਹਨ। ਇਸ ਕਾਰੋਬਾਰ ’ਚ ਬਹੁਤ ਸਾਰੇ ਦਿਲਚਸਪ ਲੋਕ ਮੌਜੂਦ ਹਨ।”
ਭੰਗ ’ਤੇ ਮੁੜ ਤੋਂ ਪਾਬੰਦੀ ਲਗਾਉਣ ਅਤੇ ਇਸ ਨੂੰ ਸਿਰਫ ਡਾਕਟਰੀ ਵਰਤੋਂ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰਨ ਲਈ ਥਾਈਲੈਂਡ ਦੇ ਸਿਆਸੀ ਦਲਾਂ ’ਚ ਆਪਸੀ ਸਹਿਮਤੀ ਬਣਨ ਦੀ ਉਮੀਦ ਹੈ।
ਅਜਿਹਾ ਨਹੀਂ ਲੱਗਦਾ ਕਿ ਪਿਛਲੇ 9 ਮਹੀਨਿਆਂ ਤੋਂ ਬਾਅਦ ਭੰਗ ’ਤੇ ਮੁੜ ਪਾਬੰਦੀ ਲਾਗੂ ਹੋ ਸਕਦੀ ਹੈ। ਪਰ ਥਾਈਲੈਂਡ ’ਚ ਭੰਗ ਅਤੇ ਗਾਂਜੇ ਦਾ ਉਦਯੋਗ ਕਿਸ ਪੱਧਰ ਤੱਕ ਪਹੁੰਚ ਚੁੱਕਿਆ ਹੈ, ਇਹ ਕਿਸੇ ਦੀ ਵੀ ਕਲਪਨਾ ਤੋਂ ਪਰੇ ਹੈ।












