ਧੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਿਤਾ ਤੋਂ ਬਚਾਉਣ ਲਈ ਲੱਖਾਂ ਰੁਪਏ ਖਰਚ ਕਰਨ ਵਾਲੀ ਮਾਂ ਦੀ ਕਹਾਣੀ

- ਲੇਖਕ, ਸੰਚੀਆ ਬਰਗ ਅਤੇ ਕੇਟੀ ਇਨਮਾਨ
- ਰੋਲ, ਬੀਬੀਸੀ ਨਿਊਜ਼
ਜਦੋਂ ਪਿਤਾ ਨੂੰ ਬੱਚੇ ਦੇ ਜਿਨਸੀ ਸ਼ੋਸ਼ਣ ਕਾਰਨ ਜੇਲ੍ਹ ਭੇਜਿਆ ਗਿਆ ਤਾਂ ਮਾਂ ਬੇਥਨ ਇਹ ਜਾਣ ਕੇ ਡਰ ਗਏ ਸੀ ਕਿ ਰਿਹਾਅ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਪਤੀ ਨੂੰ ਬੱਚੇ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਇੱਕ ਜੋਖ਼ਮ ਸੀ ਜੋ ਮਾਂ ਲੈਣ ਲਈ ਤਿਆਰ ਨਹੀਂ ਸੀ।
ਬ੍ਰਿਟੇਨ ਦੇ ਸ਼ਹਿਰ ਕਾਰਡਿਫ਼ ਦੀ ਅਦਾਲਤ ਦੇ ਬਾਹਰ ਇੱਕ ਔਰਤ ਇੰਤਜ਼ਾਰ ਕਰ ਰਹੀ ਹੈ। ਇਹ ਔਰਤ ਬੇਥਨ ਹੈ ਜੋ ਕਦੇ ਵੀ ਇਸ ਤੋਂ ਪਹਿਲਾਂ ਅਦਾਲਤ ਨਹੀਂ ਗਏ, ਪਰ ਇਸ ਵਾਰ ਆਪਣੇ ਬੱਚੇ ਦੇ ਬਚਾਅ ਲਈ ਉੱਥੇ ਪਹੁੰਚੇ ਸਨ।
ਇਸ ਬੱਚੇ ਦੇ ਪਿਤਾ ਨੂੰ ਪੀਡੋਫ਼ਾਈਲ ਅਪਰਾਧਾਂ (ਬੱਚਿਆਂ ਦੇ ਜਿਨਸੀ ਸ਼ੋਸ਼ਣ) ਹੇਠ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਹਨ।
ਜਦੋਂ ਇਸ ਵਿਅਕਤੀ ਨੂੰ ਕੁਝ ਮਹੀਨੇ ਪਹਿਲਾਂ ਸਜ਼ਾ ਸੁਣਾਈ ਗਈ ਤਾਂ ਬੱਚਿਆਂ ਨਾਲ ਭਵਿੱਖ ਵਿੱਚ ਰਾਬਤਾ ਰੱਖਣ ਉੱਤੇ ਪਾਬੰਦੀ ਲਗਾਉਣ ਦਾ ਹੁਕਮ ਵੀ ਸੁਣਾਇਆ ਗਿਆ, ਪਰ ਇਹ ਪਾਬੰਦੀ ਇਸ ਵਿਅਕਤੀ ਨੂੰ ਆਪਣੇ ਖ਼ੁਦ ਦੇ ਬੱਚੇ ਨਾਲ ਰਾਬਤਾ ਰੱਖਣ ਤੋਂ ਨਹੀਂ ਰੋਕਦੀ।
ਇਸ ਵਿਅਕਤੀ ਤੇ ਬੇਥਨ ਦਾ ਵਿਆਹ ਉਦੋਂ ਹੋਇਆ ਸੀ ਜਦੋਂ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਸੀ ਅਤੇ ਇਸ ਲਈ ਉਹ ਮਾਪਿਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਦਾ ਹੈ, ਜਿਸ ਨਾਲ ਉਸ ਨੂੰ ਘੱਟੋ-ਘੱਟ ਆਪਣੇ ਬੱਚੇ ਦੀ ਸਿਹਤ, ਸਿੱਖਿਆ ਅਤੇ ਰਹਿਣ-ਸਹਿਣ ਦੇ ਪ੍ਰਬੰਧਾਂ ਬਾਰੇ ਕੁਝ ਕਹਿਣ ਦੀ ਇਜਾਜ਼ਤ ਮਿਲਦੀ ਹੈ।
ਬੇਥਨ ਇਸ ਬਾਰੇ "ਬਿਲਕੁਲ ਘਬਰਾਏ ਹੋਏ" ਹਨ ਕਿ ਉਨ੍ਹਾਂ ਦੇ ਪਤੀ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੀ ਹੋਵੇਗਾ।
ਬੇਥਨ ਨੂੰ ਡਰ ਹੈ ਕਿ ਉਨ੍ਹਾਂ ਦੇ ਪਤੀ ਇੱਕ ਦਿਨ ਧੀ ਨੂੰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਸਕੂਲ ਤੋਂ ਬਾਹਰ ਲੈ ਜਾਣਗੇ ਅਤੇ ਬੱਚੇ ਨੂੰ ਵਾਪਸ ਲਿਆਉਣ ਦਾ ਇੱਕੋ-ਇੱਕ ਤਰੀਕਾ ਪਰਿਵਾਰਕ ਅਦਾਲਤ ਵਿੱਚ ਜਾਣਾ ਹੋਵੇਗਾ। ਬੇਥਨ ਨੂੰ ਇਹ ਵੀ ਡਰ ਹੈ ਕਿ ਕਿਉਂਕਿ ਪਤੀ ਕੋਲ ਧੀ ਹੈ, ਉਹ ਧੀ ਨਾਲ ਉਹੀ ਕਰ ਸਕਦੇ ਹਨ ਜੋ ਉਨ੍ਹਾਂ ਨੇ ਦੂਜੇ ਬੱਚਿਆਂ ਨਾਲ ਕੀਤਾ ਸੀ।
ਬੇਥਨ ਕਹਿੰਦੇ ਹਨ, ‘‘ਤੁਸੀਂ ਖ਼ੁਦ ਕਦੇ ਮੁਆਫ਼ ਨਹੀਂ ਕਰੋਗੇ।’’
‘‘ਧੀ ਦੇ ਬਾਲਗ ਹੋਣ ਤੱਕ ਰਾਬਤੇ ਉੱਤੇ ਪਾਬੰਦੀ ਰਹੇ’’

ਆਪਣੇ ਮਾਪਿਆਂ ਦੇ ਸਾਥ ਦੇ ਨਾਲ ਬੇਥਨ ਨੇ ਇੱਕ ਵੱਖਰਾ ਕਦਮ ਚੁੱਕਦਿਆਂ ਅਦਾਲਤ ਨੂੰ ਉਨ੍ਹਾਂ ਦੇ ਸਾਬਕਾ ਪਤੀ ਦੇ ਬਤੌਰ ਮਾਪੇੇ ਹੱਕ ਹਟਾਉਣ ਨੂੰ ਕਿਹਾ।
ਬੇਥਨ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਿੱਧੇ, ਅਸਿੱਧੇ ਅਤੇ ਸੋਸ਼ਲ ਮੀਡੀਆ ਰਾਹੀਂ ਰਾਬਤੇ ਨੂੰ ਉਦੋਂ ਤੱਕ ਬੈਨ ਕੀਤਾ ਜਾਵੇ ਜਦੋਂ ਤੱਕ ਧੀ 18 ਸਾਲ ਦੀ ਨਹੀਂ ਹੋ ਜਾਂਦੀ।
ਸਾਬਕਾ ਸਾਥੀ ਦੇ ਅਪਰਾਧਾਂ ਦੀ ਗੰਭੀਰਤਾ ਦੇ ਬਾਵਜੂਦ, ਬੇਥਨ ਨੂੰ ਸਲਾਹ ਦਿੱਤੀ ਗਈ ਕਿ ਇਹ ਪ੍ਰਕਿਰਿਆ ਮੁਸ਼ਕਲ ਹੋਣ ਦੀ ਸੰਭਾਵਨਾ ਹੈ। ਬੇਥਨ ਆਪਣੇ ਸਾਬਕਾ ਸਾਥੀ ਨੂੰ "ਹੇਰ-ਫੇਰ" ਕਰਨ ਵਾਲੇ ਵਜੋਂ ਬਿਆਨ ਕਰਦੇ ਹਨ ਅਤੇ ਡਰਦੇ ਹਨ ਕਿ ਉਨ੍ਹਾਂ ਦਾ ਸਾਬਕਾ ਸਾਥੀ ਅਦਾਲਤ ਨੂੰ ਆਪਣੇ ਪਛਤਾਵੇ ਲਈ ਯਕੀਨ ਦਿਵਾਉਣ ਦੇ ਯੋਗ ਹੋ ਜਾਣਗੇ।
ਬੇਥਨ ਕਾਨੂੰਨੀ ਸਹਾਇਤਾ ਦੇ ਹੱਕਦਾਰ ਨਹੀਂ ਹਨ ਅਤੇ ਪਹਿਲੀ ਸੁਣਵਾਈ ਤੋਂ ਪਹਿਲਾਂ ਹੀ ਉਨ੍ਹਾਂ ਦੇ ਵਕੀਲ ਅਤੇ ਬੈਰਿਸਟਰ ਲਈ ਖਰਚੇ ਵਧ ਰਹੇ ਹਨ।
ਬੇਥਨ ਦੇ ਕੇਸ ਦੀ ਸੁਣਵਾਈ ਪਰਿਵਾਰਕ ਅਦਾਲਤ ਵਿੱਚ ਕੀਤੀ ਜਾਵੇਗੀ, ਜਿੱਥੇ ਮਾਪਿਆਂ ਵਿਚਕਾਰ ਝਗੜੇ ਅਤੇ ਅਕਸਰ ਕਮਜ਼ੋਰ ਬੱਚੇ ਸ਼ਾਮਲ ਹੁੰਦੇ ਹਨ ਅਤੇ ਅਜਿਹੇ ਮਸਲਿਆਂ ਨਾਲ ਨਜਿੱਠਿਆ ਜਾਂਦਾ ਹੈ। ਹਾਲ ਦੇ ਸਮੇਂ ਤੱਕ, ਕੇਸਾਂ ਦੀ ਨਿੱਜੀ ਤੌਰ 'ਤੇ ਸੁਣਵਾਈ ਹੁੰਦੀ ਰਹੀ ਹੈ ਅਤੇ ਪੱਤਰਕਾਰਾਂ ਨੂੰ ਉਨ੍ਹਾਂ ਦੀ ਰਿਪੋਰਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਪਰ ਜਨਵਰੀ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਲੀਡਜ਼, ਕਾਰਲਿਸਲ ਅਤੇ ਕਾਰਡਿਫ਼ ਦੀਆਂ ਪਰਿਵਾਰਕ ਅਦਾਲਤ ਅੰਦਰ ਜਾਣ ਦੀ ਇਜਾਜ਼ਤ ਹੈ। ਜਿਸ ਨਾਲ ਨਾਮ ਗੁਪਤ ਰੱਖ ਕੇ ਸਖਤ ਨਿਯਮਾਂ ਦੇ ਅਧੀਨ ਸਥਾਨਕ ਅਥਾਰਟੀਆਂ ਅਤੇ ਅਦਾਲਤਾਂ ਦੀਆਂ ਕਾਰਵਾਈਆਂ ਦੀ ਨੇੜਿਓਂ ਜਾਂਚ ਕੀਤੀ ਜਾ ਸਕਦੀ ਹੈ।
ਬੀਬੀਸੀ ਨਿਊਜ਼ ਲੰਘੇ ਛੇ ਮਹੀਨਿਆਂ ਤੋਂ ਬੇਥਨ ਦੇ ਕੇਸ ਉੱਤੇ ਨਜ਼ਰ ਰੱਖ ਰਿਹਾ ਹੈ।
ਅਦਾਲਤ ਵਿੱਚ ਜਦੋਂ ਬੀਬੀਸੀ ਨੇ ਕਾਰਵਾਈ ਦੇਖੀ

ਤਸਵੀਰ ਸਰੋਤ, Getty Images
ਅਦਾਲਤ ਵਿੱਚ ਬੇਥਨ ਅਜਿਹੀ ਥਾਂ ’ਤੇ ਬੈਠਦੇ ਕਿ ਉਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਧੀ ਦੇ ਪਤੀ ਕੋਲ ਕੋਈ ਵਕੀਲ ਨਹੀਂ ਹੈ ਅਤੇ ਉਹ ਜੇਲ੍ਹ ਵਿੱਚੋਂ ਵੀਡੀਓ ਲਿੰਕ ਰਾਹੀਂ ਵੱਡੀ ਸਕਰੀਨ ਉੱਤੇ ਪੇਸ਼ ਹੁੰਦੇ ਹਨ। ਇੱਕ ਲੰਬੇ ਟੇਬਲ ਦੇ ਪਿੱਛੇ ਬੈਠੇ ਉਹ ਛੋਟੇ ਦਿਖਦੇ ਹਨ ਅਤੇ ਉਨ੍ਹਾਂ ਦੇ ਅੱਗੇ ਕਈ ਕਾਗਜ਼ ਖਿਲਰੇ ਪਏ ਹਨ।
ਵੇਲਸ ਲਈ ਕੈਫ਼ਕਾਸ ਸਾਇਮਰੂ ਤੋਂ ਸਮਾਜਿਕ ਕਾਰਕੁੰਨ, ਬੱਚਾ ਅਤੇ ਪਰਿਵਾਰਕ ਅਦਾਲਤ ਦੀ ਐਡਵਾਇਜ਼ਰੀ ਸਰਵਿਸ ਵੀ ਇੱਥੇ ਮੌਜੂਦ ਹੈ।
ਬੇਥਨ ਦੇ ਸਾਬਕਾ ਸਾਥੀ ਨੇ ਅਦਾਲਤ ਨੂੰ ਇਹ ਦੱਸਿਆ ਕਿ ਉਹ ਮੰਨਦੇ ਹਨ ਕਿ ਉਹ ‘‘ਬਹੁਤ ਗੰਭੀਰ ਸੁਭਾਅ’’ ਦੇ ਅਪਰਾਧਾਂ ਕਾਰਨ ਜੇਲ੍ਹ ਵਿੱਚ ਹਨ ਅਤੇ ਕਹਿੰਦੇ ਹਨ ਕਿ ਉਹ ‘‘ਆਪਣੇ ਬੱਚੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ’’, ਜੇ ਉਹ (ਬੇਥਨ) ਉਨ੍ਹਾਂ ਨਾਲ ਰਿਸ਼ਤਾ ਬਣਾਉਣਾ ਚਾਹੁੰਦੇ ਹਨ।
ਉਹ ਬੇਥਨ ਨੂੰ ਹਰ ਹਫ਼ਤੇ ਚਿੱਠੀਆਂ ਲਿਖ ਰਹੇ ਹਨ, ਜੋ ਉਹ ਹੁਣ ਨਹੀਂ ਭੇਜ ਸਕਦੇ।
ਬਾਅਦ ਵਿੱਚ ਉਨ੍ਹਾਂ ਨੇ ਭਰੇ ਹੋਏ ਦਿਲ ਨਾਲ ਅਪੀਲ ਕੀਤੀ ਕਿ ਉਹ ਇੱਕ ਪਿਤਾ ਹਨ ‘‘ਜੋ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਹਨ।’’ ਉਨ੍ਹਾਂ ਦੀ ਆਵਾਜ਼ ਲੜਖੜਾ ਰਹੀ ਸੀ ਜਦੋਂ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਆਪਣੀ ਧੀ ਲਈ ‘‘ਕਾਸ਼ ਉਹ ਉੱਥੇ ਹੁੰਦੇ।’’
ਬੇਥਨ ਲਈ ਇਹ ਸੁਣਨਾ "ਸਿਰਫ਼ ਅਸਹਿਣਯੋਗ" ਅਤੇ "ਅਵਿਸ਼ਵਾਸ਼ਯੋਗ ਤੌਰ 'ਤੇ ਦਰਦਨਾਕ" ਹੈ।
ਬੇਥਨ ਦੀ ਧੀ ਉਨ੍ਹਾਂ 80,000 ਤੋਂ ਵੱਧ ਬੱਚਿਆਂ ਵਿੱਚੋਂ ਇੱਕ ਹਨ, ਜੋ ਨਿੱਜੀ ਪ੍ਰਾਈਵੇਟ ਫੈਮਿਲੀ ਲਾਅ ਦੀ ਪ੍ਰਕਿਰਿਆਵਾਂ ਵਿੱਚ ਫਸੇ ਹਨ।
2022 ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਔਸਤਨ ਪ੍ਰਾਈਵੇਟ ਫੈਮਿਲੀ ਲਾਅ ਕੇਸ ਨੂੰ 10 ਮਹੀਨੇ ਜਾਂ 45 ਹਫ਼ਤਿਆਂ ਤੋਂ ਵੀ ਵੱਧ ਲੱਗੇ। ਲਾਅ ਸੁਸਾਇਟੀ ਮੁਤਾਬਕ ਇਹ ਇੱਕ ਅਜਿਹੀ ਪ੍ਰਣਾਲੀ ਹੈ ਜੋ ‘‘ਸੰਕਟ ਵਿੱਚ’’ ਹੈ।
ਫੈਮਿਲੀ ਲਾਅ ਬਾਰ ਅਸੋਸੀਏਸ਼ਨ ਦੇ ਮੁਖੀ ਹਨਾਹ ਮਾਰਖ਼ਮ ਕੇਸੀ ਦੱਸਦੇ ਹਨ ਕਿ ਕਾਨੂੰਨ ਵਿੱਚ ਮਾਪਿਆਂ ਦੇ ਹੱਕ ਸਭ ਤੋਂ ਅਹਿਮ ਹਨ ਅਤੇ ਇਹਨਾਂ ਨਾਲ ਅਦਾਲਤ ਦੇ ਆਰਡਰ ਰਾਹੀਂ ਹੀ ਨਜਿੱਠਿਆ ਜਾ ਸਕਦਾ ਹੈ।
ਹਨਾਹ ਕਹਿੰਦੇ ਹਨ, ‘‘ਜੇ ਕੋਈ ਬਹੁਤ ਹੀ ਗੰਭੀਰ ਪੀਡੋਫ਼ਾਈਲ ਅਪਰਾਧਾਂ ਤਹਿਤ ਜੇਲ੍ਹ ਵਿੱਚ ਹੋਵੇ ਤਾਂ ਉਨ੍ਹਾਂ ਕੋਲ ਬਤੌਰ ਮਾਪੇ ਜ਼ਿੰਮੇਵਾਰੀ ਹੁੰਦੀ ਹੈ।’’
ਹਨਾਹ ਨੇ ਬੇਥਨ ਨੂੰ ਇਸ ਦੌਰ ਵਿੱਚ ਲੰਘਣ ਕਰਕੇ ‘‘ਬਹਾਦਰ’’ ਦੱਸਿਆ ਹੈ।
ਕੇਸ ਵੀ ਅੱਗੇ ਵੱਧਦਾ ਗਿਆ ਤੇ ਬੇਥਨ ਦੇ ਵਕੀਲਾਂ ਦਾ ਖ਼ਰਚਾ ਵੀ

ਤਸਵੀਰ ਸਰੋਤ, Getty Images
ਆਉਣ ਵਾਲੇ ਹਫ਼ਤਿਆਂ ਵਿੱਚ ਸਮਾਜਕ ਕਾਰਕੁੰਨ ਬੇਥਨ ਤੇ ਉਨ੍ਹਾਂ ਦੀ ਧੀ ਨਾਲ ਸਮਾਂ ਬਿਤਾਉਂਦੇ ਹਨ, ਇਹੀ ਨਹੀਂ ਜੇਲ੍ਹ ਵਿੱਚ ਪਿਤਾ ਨੂੰ ਵੀ ਮਿਲਣ ਜਾਂਦੇ ਹਨ।
ਕੇਸ ਤੇਜ਼ੀ ਨਾਲ ਅੱਗੇ ਵਧਦਾ ਹੈ ਅਤੇ ਬੈਥਨ ਤਿੰਨ ਮਹੀਨਿਆਂ ਬਾਅਦ ਕਾਰਡਿਫ ਫੈਮਿਲੀ ਜਸਟਿਸ ਸੈਂਟਰ ਵਿੱਚ ਵਾਪਸ ਆ ਗਏ ਹਨ।
ਸਮਾਜਕ ਕਾਰਕੁੰਨ ਦੀ ਰਿਪੋਰਟ ਬੇਥਨ ਦੇ ਸਾਬਕਾ ਪਤੀ ਦੀ ਬਹੁਤ ਜ਼ਿਆਦਾ ਆਲੋਚਨਾ ਕਰਦੀ ਹੈ। ਅਦਾਲਤ ਦਾ ਧੰਨਵਾਦ ਕਰਨ ਤੋਂ ਪਹਿਲਾਂ ਸਮਾਜਕ ਕਾਰਕੁੰਨ ਟੁੱਟਦੇ ਦਿਖਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ "ਅਫਸੋਸ ਹੈ ਕਿ ਉਹ (ਬੇਥਨ ਦੇ ਸਾਬਕਾ ਸਾਥੀ) ਪਿਤਾ ਨਹੀਂ ਬਣ ਸਕਦੇ ਜਿਸ ਦਾ ਹੱਕਦਾਰ ਉਨ੍ਹਾਂ ਦਾ ਬੱਚਾ ਹੈ।"
ਬੇਥਨ ਦੇ ਸਾਬਕਾ ਸਾਥੀ ਨੂੰ ਉਮੀਦ ਹੈ ਕਿ ਜਦੋਂ ਉਨ੍ਹਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਮੁੜ ਮੁਲਾਂਕਣ ਕੀਤਾ ਜਾ ਸਕਦਾ ਹੈ ਅਤੇ ਇੱਕ ਸਾਲਾਨਾ ਰਿਪੋਰਟ ਦੀ ਵੀ ਉਹ ਬੇਨਤੀ ਕਰਦੇ ਹਨ, ਜਿਸ ਵਿੱਚ ਪਤਾ ਲੱਗੇ ਕਿ ਉਨ੍ਹਾਂ ਦਾ ਧੀ ਦਾ ਕੀ ਹਾਲ ਹੈ।
ਬੇਥਨ ਲਈ ਇਸ ਕਿਸਮ ਦਾ ਅਸਿੱਧਾ ਰਾਬਤਾ ਅਸਵੀਕਾਰਨਯੋਗ ਮਹਿਸੂਸ ਹੁੰਦਾ ਹੈ।
ਜਦੋਂ ਬੇਥਨ ਦੇ ਵਕੀਲ ਨੇ ਸਵਾਲ ਕੀਤਾ ਕਿ ਅਜਿਹੀ ਰਿਪੋਰਟ ਦਾ ਕੀ ਮੁੱਲ ਹੋਵੇਗਾ ਤਾਂ ਬੱਚੀ ਦੇ ਪਿਤਾ ਨੇ ਕਿਹਾ, ‘‘ਇਸ ਦਾ ਮੇਰੇ ਲਈ ਘਾਤਕ ਮੁੱਲ ਹੋਵੇਗਾ।’’
ਜਿਵੇਂ-ਜਿਵੇਂ ਕੇਸ ਅੱਗੇ ਵਧਦਾ ਹੈ, ਬੇਥਨ ਦੇ ਕਾਨੂੰਨੀ ਬਿੱਲਾਂ ਦਾ ਭਾਰ ਵਧਦਾ ਰਹਿੰਦਾ ਹੈ। ਫੀਸਾਂ ਵਿੱਚ ਬੇਥਨ ਦੀ ਮਦਦ ਕਰਨ ਲਈ ਉਨ੍ਹਾਂ ਦੇ ਮਾਪੇ ਆਪਣਾ ਘਰ ਦੇ ਦਿੰਦੇ ਹਨ, ਅਜਿਹਾ ਕੁਝ ਜੋ "ਉਨ੍ਹਾਂ ਦੇ ਭਵਿੱਖ ਨੂੰ ਮਹੱਤਵਪੂਰਣ ਰੂਪ ਵਿੱਚ ਬਦਲ ਦੇਵੇਗਾ", ਪਰ ਉਨ੍ਹਾਂ ਦੀ ਤਰਜੀਹ ਪਰਿਵਾਰ ਦੀ ਰੱਖਿਆ ਕਰਨਾ ਹੈ।
ਬੇਥਨ ਦੇ ਪਿਤਾ ਕਹਿੰਦੇ ਹਨ, ‘‘ਮੈਨੂੰ ਉਨ੍ਹਾਂ ਲੋਕਾਂ ਲਈ ਅਫ਼ਸੋਸ ਹੈ ਜੋ ਇਹਨਾਂ ਪੈਸਿਆਂ ਦੇ ਸਮਰੱਥ ਨਹੀਂ ਹਨ। ਉਹ ਬਹੁਤ ਭਿਆਨਕ ਹਾਲਤ ਵਿੱਚ ਹਨ।’’
ਕੇਸ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਕੁਝ ਲੈ ਲਿਆ, ਪਰ ਹੋਰਾਂ ਪਰਿਵਾਰਾਂ ਦੇ ਕੋਰਟ ਕੇਸਾਂ ਦੇ ਮੁਕਾਬਲੇ ਉਨ੍ਹਾਂ ਦਾ ਕੇਸ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਆਖ਼ਰੀ ਸੁਣਵਾਈ ਦੀ ਤਾਰੀਕ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਹੈ।
ਅਦਾਲਤ ਵਿੱਚ ਜੱਜ ਨੇ ਸਮਾਜਕ ਕਾਰਕੁੰਨ ਦੀਆਂ ਖੋਜਾਂ ਦਾ ਸਾਰ ਦਿੱਤਾ। ਬੇਥਨ ਨੂੰ "ਬਹੁਤ ਰਾਹਤ ਮਿਲੀ", ਉਹ ਫੈਸਲਾ ਕਰਦੇ ਹਨ ਕਿ ਉਨ੍ਹਾਂ ਦੀ ਧੀ ਨੂੰ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਾ ਚਾਹੀਦਾ ਹੈ, ਜਦ ਕਿ ਬੇਥਨ ਦੇ ਸਾਬਕਾ ਸਾਥੀ ਦੀ ਬਤੌਰ ਮਾਪੇ ਜ਼ਿੰਮੇਵਾਰੀ "ਵਿਆਪਕ ਤੌਰ 'ਤੇ ਸੀਮਤ" ਹੈ।
ਜਿਹੜੇ ਅਪਰਾਧਾਂ ਕਾਰਨ ਉਹ ਜੇਲ੍ਹ ਵਿੱਚ ਹਨ, ਉਸ ਬਾਰੇ ਜੱਜ ਦਾ ਕਹਿਣਾ ਹੈ ਕਿ ਉਸ ਨੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਅਨੈਤਿਕਤਾ ਅਤੇ ਇੱਕ ਕਮਜ਼ੋਰ ਨੌਜਵਾਨ ਨੂੰ ਤਿਆਰ ਕਰਨ ਵਾਲੀ ਸਮੱਗਰੀ ਨੂੰ ਦੇਖਣਾ ਵੀ ਮੰਨਿਆ ਹੈ।
ਜੱਜ ਨੇ ਕਿਹਾ ਕਿ ਉਹ ਸ਼ਖ਼ਸ "ਬਹੁਤ ਜ਼ਿਆਦਾ ਜੋਖ਼ਮ" ਵਾਲਾ ਹੈ ਅਤੇ ਸਾਲਾਨਾ ਰਿਪੋਰਟਾਂ ਲਈ ਪਿਤਾ ਦੀ ਅਪੀਲ ਨੂੰ ਮਨਜ਼ੂਰੀ ਨਹੀਂ ਦਿੰਦੇ।
ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਜੇ ਉਨ੍ਹਾਂ ਧੀ ਬਿਮਾਰ ਹੋਵੇ ਜਾਂ ਉਹ ਕਿਸੇ ਹੋਰ ਮੁਲਕ ਵਿੱਚ ਵੱਸ ਜਾਣ, ਪਰ ਇਹ ਨਹੀਂ ਦੱਸਿਆ ਜਾਵੇਗਾ ਕਿ ਉਹ ਕਿੱਥੇ ਹਨ।

ਤਸਵੀਰ ਸਰੋਤ, Getty Images
ਬੇਥਨ ਨੇ ਪਰਿਵਾਰਕ ਕਾਨੂੰਨ ਦੀ ਰਿਸਰਚ ਵਿੱਚ ਘੰਟੇ ਬਿਤਾਏ ਹਨ ਅਤੇ ਉਨ੍ਹਾਂ ਮਾਪਿਆਂ ਦੇ ਬਹੁਤ ਸਾਰੇ ਅਕਾਊਂਟ ਪੜ੍ਹੇ ਹਨ ਜਿਨ੍ਹਾਂ ਨੂੰ ਉਹ ਫੈਸਲਾ ਨਹੀਂ ਮਿਲਦਾ ਜਿਸ ਦੀ ਉਨ੍ਹਾਂ ਨੂੰ ਉਮੀਦ ਸੀ - ਇਹ ਇੱਕ "ਬਹੁਤ ਵੱਡੀ ਰਾਹਤ" ਹੈ।
ਬੇਥ ਨੇ ਕਿਹਾ, "ਮੈਂ ਬਹੁਤ ਸ਼ੁਕਰਗੁਜ਼ਾਰ ਸੀ।"
ਬੇਥਨ ਦੇ ਮਾਪੇ ਵੀ ਬਹੁਤ ਖੁਸ਼ ਹਨ।
ਬੇਥਨ ਦੀ ਮਾਂ ਕਹਿੰਦੇ ਹਨ, "ਤਿੰਨ ਸਾਲਾਂ ਵਿੱਚ ਪਹਿਲੀ ਵਾਰ ਉਨ੍ਹਾਂ ਨੇ ਮੇਰੀ ਧੀ ਨੂੰ ਆਪਣੇ ਬੱਚੇ ਨੂੰ ਇੱਕ ਆਮ, ਖੁਸ਼ਹਾਲ, ਸਿਹਤਮੰਦ ਤਰੀਕੇ ਨਾਲ ਪਾਲਣ ਦੇ ਯੋਗ ਬਣਾਉਣ ਲਈ ਆਜ਼ਾਦ ਕੀਤਾ।"
"ਅਸੀਂ ਇਹ ਨਹੀਂ ਦੱਸ ਸਕਦੇ ਕਿ ਇਹ ਕਿੰਨਾ ਭਿਆਨਕ ਤੇ ਦਰਦਨਾਕ ਰਿਹਾ ਹੈ।"
ਇਸ ਕੇਸ ਉੱਤੇ ਵੱਡਾ ਖ਼ਰਚਾ ਆਇਆ ਹੈ। 30,000 ਪਾਊਂਡ (31 ਲੱਖ ਰੁਪਏ) ਤੋਂ ਵੱਧ ਦੀ ਲਾਗਤ।
ਇਹ ਕੇਸ ਇੱਕ ਉਦਾਹਰਣ ਵਜੋਂ ਕੰਮ ਕਰੇਗਾ - ਹਨਾਹ

ਪਰਿਵਾਰ ਦਾ ਮੰਨਣਾ ਹੈ ਕਿ ਦੂਜੇ ਲੋਕ ਇਸ ਤਰ੍ਹਾਂ ਦੇ ਮਹਿੰਗੇ ਅਦਾਲਤੀ ਕੇਸਾਂ ਤੋਂ ਬਚ ਸਕਦੇ ਹਨ। ਜੇ ਕਾਨੂੰਨ ਨੂੰ ਬਦਲਿਆ ਜਾਂਦਾ ਹੈ ਤਾਂ ਸਜ਼ਾ ਸੁਣਾਏ ਜਾਣ 'ਤੇ ਮਾਪਿਆਂ ਦੇ ਅਧਿਕਾਰਾਂ ਨੂੰ ਆਪਣੇ ਆਪ ਮੁਅੱਤਲ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਸਿਰਫ਼ ਤਾਂ ਹੀ ਬਹਾਲ ਕੀਤਾ ਜਾਵੇ ਜੇ ਅਪਰਾਧੀ ਪਰਿਵਾਰਕ ਅਦਾਲਤ ਵਿੱਚ ਅਰਜ਼ੀ ਦਿੰਦਾ ਹੈ।
ਨਿਆਂ ਮੰਤਰਾਲੇ ਨੇ ਬੀਬੀਸੀ ਨੂੰ ਦੱਸਿਆ ਕਿ ਉਹ "ਸਾਰੇ ਬੱਚਿਆਂ ਦੀ ਸੁਰੱਖਿਅਤ ਨੂੰ ਯਕੀਨੀ ਬਣਾਉਣ ਲਈ ਮਾਪਿਆਂ ਦੀ ਪਹੁੰਚ ਦੀ ਸਾਵਧਾਨੀ ਨਾਲ ਸਮੀਖਿਆ ਕਰ ਰਹੇ ਹਨ।"
ਹਨਾਹ ਮੁਤਾਬਕ ਕਾਨੂੰਨ ਨੂੰ ਬਦਲਣਾ ਬੇਥਨ ਵਰਗੇ ਹੋਰ ਮਾਪਿਆਂ ਨੂੰ ਅਦਾਲਤ ਵਿੱਚ ਜਾਣ ਦੇ ਯੋਗ ਬਣਾਉਣ ਦਾ ਇੱਕ ਤੇਜ਼, ਵਧੇਰੇ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਕੇਸ ਇੱਕ ਉਦਾਹਰਣ ਵਜੋਂ ਕੰਮ ਕਰੇਗਾ।
ਹਨਾਹ ਕਹਿੰਦੇ ਹਨ, ‘‘ਜਿੰਨਾ ਜ਼ਿਆਦਾ ਇਸ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਸ ਬਾਰੇ ਗੱਲ ਕੀਤੀ ਜਾਵੇਗੀ, ਓਨਾ ਹੀ ਇਹ ਹੋਰ ਲੋਕਾਂ ਨੂੰ ਜਾਣਨ ਲਈ ਸਿੱਖਿਅਤ ਕਰੇਗਾ ਕਿ ਇਹ ਕਰਨਾ ਸਹੀ ਹੈ।’’
ਬੇਥਨ ਅਤੇ ਉਨ੍ਹਾਂ ਦੇ ਮਾਪਿਆਂ ਦਾ ਮੰਨਣਾ ਹੈ ਕਿ ਨਵੀਂ ਪਾਰਦਰਸ਼ਤਾ ਯੋਜਨਾ ਦੇ ਤਹਿਤ ਅਦਾਲਤ ਵਿੱਚ ਪੱਤਰਕਾਰਾਂ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਅਸਲ ਵਿੱਚ ਲਾਭ ਪਹੁੰਚਾਇਆ ਹੈ ਅਤੇ ਭਵਿੱਖ ਵਿੱਚ ਦੂਜਿਆਂ ਲਈ ਵੀ ਮਦਦਗਾਰ ਹੋਵੇਗਾ।
ਹੁਣ ਬੇਥਨ ਕਹਿੰਦੇ ਹੈ ਕਿ ਉਨ੍ਹਾਂ ਦੀ ਧੀ "ਸਾਧਾਰਨ ਬਚਪਨ ਪਾ ਸਕਦੀ ਹੈ ਅਤੇ ਉਹ ਸੁਰੱਖਿਅਤ ਹੋ ਸਕਦੀ ਹੈ।"
ਅਤੇ ਬੇਥਨ ਕਹਿੰਦੇ ਹਨ ਕਿ ਇੱਕ ਦਿਨ ਜਦੋਂ ਉਹ ਕਾਫ਼ੀ ਬੁੱਢੇ ਹੋ ਜਾਣਗੇ ਤਾਂ ਉਹ ਆਪਣੇ ਬੱਚੇ ਨੂੰ ਪਿਤਾ ਬਾਰੇ ਸੰਵੇਦਨਸ਼ੀਲਤਾ ਅਤੇ ਧਿਆਨ ਨਾਲ ਦੱਸਣਗੇ।
ਬੇਥਨ ਦੀ ਨਿੱਜਤਾ ਦੀ ਰੱਖਿਆ ਲਈ ਇਸ ਕਹਾਣੀ ਵਿੱਚ ਬਦਲਿਆ ਹੋਇਆ ਨਾਮ ਵਰਤਿਆ ਗਿਆ ਹੈ।












