ਪੰਜਾਬ ਬੰਦ : ਕਿਸਾਨਾਂ ਨੇ ਰੇਲ- ਸੜਕੀ ਆਵਾਜਾਈ ਕੀਤੀ ਠੱਪ, ਕਾਰੋਬਾਰੀ ਅਦਾਰਿਆਂ ਉੱਤੇ ਵਿਆਪਕ ਅਸਰ

ਸਰਵਣ ਸਿੰਘ ਪੰਧੇਰ

ਤਸਵੀਰ ਸਰੋਤ, Sarwan Pandher

ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਤਹਿਤ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਬੀਬੀਸੀ ਸਹਿਯੋਗੀਆਂ ਵਲੋਂ ਪੰਜਾਬ ਭਰ ਤੋਂ ਭੇਜੀ ਗਈ ਜਾਣਕਾਰੀ ਮੁਤਾਬਕ ਕਿਸਾਨਾਂ ਨੇ ਜਿੱਥੇ ਸੂਬੇ ਭਰ ਵਿੱਚ ਸੜਕਾਂ ਜਾਮ ਕੀਤੀਆਂ ਹੋਈਆਂ ਹਨ, ਉੱਥੇ ਰੇਲਵੇ ਟਰੈਕ ਬੰਦ ਹੋਣ ਕਾਰਨ 100 ਤੋਂ ਵੱਧ ਰੇਲ ਗੱਡੀਆਂ ਰੱਦ ਕੀਤੇ ਜਾਣ ਕਾਰਨ ਲੋਕਾਂ ਦੀ ਕਾਫੀ ਖੱਜਲ-ਖੁਆਰੀ ਦੇਖਣ ਨੂੰ ਮਿਲ ਰਹੀ ਹੈ।

ਇਸ ਬੰਦ ਦਾ ਸੱਦਾ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੇ ਦਿੱਤਾ ਹੈ, ਜਿਸ ਨੂੰ ਸੂਬੇ ਦੀਆਂ ਕਈ ਹੋਰ ਜਨਤਕ ਜਥੇਬੰਦੀਆਂ ਨੇ ਸਮਰਥਨ ਦਿੱਤਾ ਹੈ।

ਪੰਜਾਬ ਬੰਦ ਦੌਰਾਨ ਜ਼ਿੰਦਗੀ ਅਸਤ ਵਿਅਸਤ

ਤਸਵੀਰ ਸਰੋਤ, Pardeep Sharma/BBC

ਤਸਵੀਰ ਕੈਪਸ਼ਨ, ਜਲੰਧਰ ਦੇ ਬੱਸ ਸਟੈਂਡ ਦੀ ਬੰਦ ਦੌਰਾਨ ਦੀ ਤਸਵੀਰ

ਪੰਜਾਬ ਵਿੱਚ ਉੱਚੇਰੀ ਸਿੱਖਿਆ ਸੰਸਥਾਨਾਂ ਸੋਮਵਾਰ ਨੂੰ ਹੋਣ ਵਾਲੇ ਇਮਤਿਹਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਪੰਜਾਬ ਯੂਨੀਵਸਰਸਿਟੀ, ਚੰਡੀਗੜ੍ਹ ਨੇ ਸ਼ਨੀਵਾਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਸੋਮਵਾਰ ਨੂੰ ਹੋਣ ਵਾਲੇ ਇਮਤਿਹਾਨ ਨੂੰ ਮੰਗਲਵਾਰ ਕਰਵਾਉਣ ਦੀ ਹਿਦਾਇਤ ਦਿੱਤੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅਧੀਨ ਆਉਂਦੇ ਸੰਸਥਾਨਾਂ 'ਚ ਵੀ 30 ਦਸੰਬਰ ਨੂੰ ਹੋਣ ਵਾਲਾ ਪੇਪਰ ਹੁਣ 12 ਜਨਵਰੀ ਨੂੰ ਹੋਵੇਗਾ।

ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ- ਗੈਰ-ਰਾਜਨੀਤਿਕ) ਵੱਲੋਂ ਸੋਮਾਵਾਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ।

ਤਸਵੀਰ ਸਰੋਤ, KKM

ਤਸਵੀਰ ਕੈਪਸ਼ਨ, ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ- ਗੈਰ-ਰਾਜਨੀਤਿਕ) ਵੱਲੋਂ ਸੋਮਾਵਾਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ।

ਸੜਕੀ ਤੇ ਰੇਲਵੇ ਆਵਾਜਾਈ ਠੱਪ

ਲੁਧਿਆਣਾ ਤੋਂ ਹਰਮਨ ਅਤੇ ਮੋਗਾ ਤੋਂ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ ਜਿੱਥੇ ਦੋਵਾਂ ਜਿਲ੍ਹਿਆਂ ਚੋਂ ਲੰਘਣ ਵਾਲੇ ਚੰਡੀਗੜ੍ਹ ਫਿਰੋਜ਼ਪੁਰ ਹਾਈਵੇਅ ਨੂੰ ਕਿਸਾਨਾਂ ਨੇ ਠੱਪ ਕੀਤਾ ਹੋਇਆ ਹੈ, ਉੱਥੇ ਲੁਧਿਆਣਾ-ਜਲੰਧਰ, ਦਿੱਲੀ ਜੰਮੂ ਹਾਈਵੇਅ ਨੂੰ ਠੱਪ ਕੀਤਾ ਹੋਇਆ ਹੈ।

ਇਸ ਤਰ੍ਹਾਂ ਮੁਹਾਲੀ ਤੋਂ ਨਵਜੋਤ ਕੌਰ ਦੀ ਰਿਪੋਰਟ ਮੁਤਾਬਕ ਕਿਸਾਨਾਂ ਨੇ ਏਅਰਪੋਰਟ ਰੋਡ ਉੱਤੇ ਜਾਮ ਲਾ ਕੇ ਸ਼ਹਿਰ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਹੋਇਆ ਹੈ।

ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਅਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਅਤੇ ਹੁਸ਼ਿਆਰਪੁਰ – ਜਲੰਧਰ ਵਿੱਚ ਵੀ ਆਵਾਜਾਈ ਠੱਪ ਹੈ। ਸਰਕਾਰੀ ਤੇ ਨਿੱਜੀ ਟਰਾਂਸਪੋਰਟਾਂ ਨੇ ਵੀ ਬੰਦ ਦਾ ਸਮਰਥਨ ਕੀਤਾ ਹੋਇਆ ਹੈ। ਜਿਸ ਕਾਰਨ ਬੱਸ ਅੱਡੇ ਖਾਲੀ ਦਿਖਾਈ ਦੇ ਰਹੇ ਹਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੰਜਾਬ ਵਿੱਚੋਂ ਲੰਘਦੇ ਲਗਭਗ ਸਾਰੇ ਹੀ ਰੇਲਵੇ ਟਰੈਕ ਵੀ ਠੱਪ ਹਨ। ਖਨੌਰੀ ਬਾਰਡਰ, ਸ਼ੰਭੂ ਬਾਰਡਰ, ਲੁਧਿਆਣਾ, ਰਾਜਪੁਰਾ, ਜਲੰਧਰ ਅਤੇ ਅੰਮ੍ਰਿਤਸਰ ਸਣੇ ਹੋਰ ਕਈ ਥਾਵਾਂ ਉੱਤੇ ਕਿਸਾਨ ਰੇਲਵੇ ਟਰੈਕ ਉੱਤੇ ਬੈਠੇ ਹਨ।

ਬੰਦ ਦੇ ਮੱਦੇਨਜ਼ਰ ਰੇਲਵੇ ਨੇ 100 ਤੋਂ ਵੱਧ ਰੇਲਾਂ ਦੇ ਰੂਟ ਰੱਦ ਕਰ ਦਿੱਤੇ ਹਨ। ਜਿਹੜੇ ਚੱਲ ਵੀ ਰਹੇ ਹਨ, ਉੱਤੇ ਵੀ ਰੇਲ ਗੱਡੀਆਂ ਨੂੰ ਰੇਲਵੇ ਸਟੇਸ਼ਨਾਂ ਉੱਤੇ ਰੋਕ ਲਿਆ ਗਿਆ ਹੈ।

ਜੰਮੂ ਤੋਂ ਅੰਮ੍ਰਿਤਸਰ ਆ ਰਹੀ ਰੇਣੁ ਦੱਸਦੇ ਹਨ," ਮੈਂ ਪੰਜਾਬ ਰੋਡਵੇਜ਼ ਦੀ ਬੱਸ 'ਚ ਜੰਮੂ ਤੋਂ ਅੰਮ੍ਰਿਤਸਰ ਆ ਰਹੀ ਸੀ ਪਰ ਬੰਦ ਦੇ ਚਲਦਿਆਂ ਬੱਸ ਨੇ ਮੈਨੂੰ ਬਟਾਲਾ ਹੀ ਉਤਾਰ ਦਿੱਤਾ ਹੈ। ਹੁਣ ਚਾਰ ਵਜੇ ਤੱਕ ਦੂਜਾ ਕੋਈ ਹੋਰ ਵਿਕਲਪ ਨਹੀਂ ਹੈ।

"ਆਮ ਜਨਤਾ ਦੇ ਲਈ ਇਹ ਹੜਤਾਲਾਂ ਬਹੁਤ ਪਰੇਸ਼ਾਨ ਕਰ ਦੇਣ ਵਾਲਿਆਂ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਸਿਰਫ਼ ਆਪਣੇ ਫਾਇਦੇ ਬਾਰੇ ਸੋਚਣਾ ਬਹੁਤ ਗ਼ਲਤ ਹੈ।"

ਜਲੰਧਰ ਵਿੱਚ ਸੜਕੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ

ਤਸਵੀਰ ਸਰੋਤ, BBC/Pardeep Sharma

ਤਸਵੀਰ ਕੈਪਸ਼ਨ, ਜਲੰਧਰ ਵਿੱਚ ਸੜਕੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ

ਪੰਜਾਬ ਅਤੇ ਹਰਿਆਣਾ ਵਿੱਚ ਹੋ ਰਹੀਆਂ ਪੰਚਾਇਤਾਂ ਦਾ ਉਦੇਸ਼

ਸੰਯੁਕਤ ਕਿਸਾਨ ਮਰੋਚੇ ਦੇ ਸੱਦੇ 'ਤੇ ਹਰਿਆਣਾ ਤੇ ਪੰਜਾਬ ਵਿੱਚ ਕੀਤੀ ਜਾ ਰਹੀ ਮਹਾਂਪੰਚਾਇਤ ਸਬੰਧੀ ਬੀਕੇਯੂ ਉਗਰਾਹਾਂ ਨੇ ਕੀਤੀ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਸਾਂਝੀ ਕੀਤੀ।

ਬੀਬੀਸੀ ਸਹਿਯੋਗੀ ਨਵਕਿਰਨ ਸੀ ਰਿਪੋਰਟ ਮੁਤਾਬਕ, ਬੀਕੇਯੂ (ਏਕਤਾ ਉਗਰਾਹਾਂ) ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਜਨਕ ਸਿੰਘ ਭੂਟਾਲ ਤੇ ਜਗਤਾਰ ਸਿੰਘ ਕਾਲਾਝਾੜ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮਰੋਚੇ ਵੱਲੋਂ ਹਰਿਆਣਾ ਦੇ ਟੋਹਾਣਾ ਵਿੱਚ 4 ਜਨਵਰੀ ਤੇ ਮੋਗਾ ਵਿੱਚ 9 ਜਨਵਰੀ ਨੂੰ ਵਿਸ਼ਾਲ ਮਹਾਂਪੰਚਾਇਤ ਕਰਨ ਦਾ ਮਕਸਦ ਆਪਣੀਆਂ ਮੰਗਾਂ ਨੂੰ ਮਨਵਾਉਣਆ ਹੈ।

ਕਿਸਾਨਾਂ ਦੀਆਂ ਮੰਗਾਂ ਹਨ

  • ਕਿਸਾਨਾਂ ਖੇਤ/ਪੇਂਡੂ ਮਜ਼ਦੂਰਾਂ ਅਤੇ ਦੇਸ਼ ਵਿਰੋਧੀ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਵਾਉਣਾ
  • ਸਾਰੀਆਂ ਫਸਲਾਂ ਉੱਪਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੀ2+50% ਫਾਰਮੂਲੇ ਨਾਲ ਲਾਭਕਾਰੀ ਐੱਮਐੱਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣਾ
  • ਲਗਾਤਾਰ ਵਧ ਰਹੇ ਖੇਤੀ ਲਾਗਤ ਖਰਚਿਆਂ ਕਾਰਨ ਅਤੇ ਫ਼ਸਲਾਂ ਦੇ ਲਾਭਕਾਰੀ ਮੁੱਲ ਨਾ ਮਿਲਣ ਕਾਰਨ 80% ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਭਾਰੀ ਕਰਜ਼ਾ-ਜਾਲ਼ ਵਿੱਚ ਫਸ ਚੁੱਕੇ ਹਨ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਕਿਸਾਨਾਂ ਨੂੰ ਕਰਜ਼ੇ ਦੇ ਜਾਲ਼ ਵਿੱਚੋਂ ਕੱਢਣ ਲਈ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਗਰੰਟੀ ਕਾਨੂੰਨ ਬਣਵਾਉਣਆ
  • ਕਿਸਾਨ ਅੰਦੋਲਨ ਦੌਰਾਨ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਿਹੜੇ ਪੁਲਿਸ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਮੜ੍ਹੇ ਕੇਸ ਰੱਦ ਕਰਵਾਉਣਾ
  • ਲੋਕ ਵਿਰੋਧੀ ਬਿਜਲੀ ਬਿੱਲ 2022 ਵਾਪਸ ਕਰਵਾਉਣਾ
  • ਫ਼ਸਲੀ ਰੋਗਾਂ, ਸੋਕਾ, ਹੜ੍ਹ, ਨਕਲੀ ਕੀਟਨਾਸ਼ਕਾਂ ਨਦੀਨਨਾਸ਼ਕਾਂ ਆਦਿ ਕਾਰਨ ਹੋਣ ਵਾਲੇ ਫ਼ਸਲੀ ਨੁਕਸਾਨ ਦੀ ਭਰਪਾਈ ਲਈ ਲਾਜ਼ਮੀ ਫ਼ਸਲ ਬੀਮਾ ਸੁਨਿਸ਼ਚਿਤ ਕਰਵਾਉਣਾ
  • ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਹੱਲ ਕਰਵਾਉਣ ਸਮੇਤ ਸ਼ੰਭੂ ਤੇ ਖਨੌਰੀ ਬਾਰਡਰਾਂ 'ਤੇ ਲਗਾਤਾਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ਼ ਫੌਰੀ ਗੱਲਬਾਤ ਰਾਹੀਂ ਮਸਲੇ ਹੱਲ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣਾ

ਉਸ ਤੋਂ ਇਲਾਵਾ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਦੋਵਾਂ ਰੈਲੀਆਂ ʼਚ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਦੇ ਕਾਫਲੇ ਸ਼ਾਮਲ ਹੋਣਗੇ ਤੇ ਹਜ਼ਾਰਾਂ ਕਿਸਾਨ ਤੇ ਔਰਤਾਂ ਸ਼ਾਮਲ ਹੋਣਗੇ।

ਕਾਰੋਬਾਰੀ ਅਦਾਰੇ ਵੀ ਬੰਦ

ਸ਼ਹਿਰ ਦੇ ਬਾਜ਼ਾਰ ਸੁਨਸਾਨ ਰਹੇ ਅਤੇ ਦੁਕਾਨਾਂ ਬੰਦ ਰਹੀਆਂ।

ਤਸਵੀਰ ਸਰੋਤ, BBC/Kulveer Singh

ਤਸਵੀਰ ਕੈਪਸ਼ਨ, ਸ਼ਹਿਰ ਦੇ ਬਾਜ਼ਾਰ ਸੁਨਸਾਨ ਰਹੇ ਅਤੇ ਦੁਕਾਨਾਂ ਬੰਦ ਰਹੀਆਂ।

ਕਿਸਾਨਾਂ ਦੇ ਇਸ ਬੰਦ ਦੇ ਸੱਦੇ ਦਾ ਆਮ ਸ਼ਹਿਰੀਆਂ ਵਲੋਂ ਕਾਫੀ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਦੇ ਲਗਭਗ ਸਾਰੇ ਹੀ ਸ਼ਹਿਰਾਂ-ਕਸਬਿਆਂ ਵਿੱਚ ਬਜਾਰ ਬੰਦ ਪਏ ਹਨ।

ਭਾਵੇਂ ਕਿ ਲੁਧਿਆਣਾ ਦੇ ਚੌੜਾ ਬਜਾਰ ਵਰਗੀਆਂ ਥਾਵਾਂ ਉੱਤੇ ਕੁਝ ਦੁਕਾਨਾਂ ਖੁੱਲ੍ਹੀਆਂ ਵੀ ਰਹੀਆਂ, ਪਰ ਬਾਕੀ ਥਾਵਾਂ ਉੱਤੇ ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਹਨ। ਬਠਿੰਡਾ ਵਿੱਚ ਵੀ ਕੁਝ ਇਲਾਕਿਆਂ ਵਿੱਚ ਦੁਕਾਨਾਂ ਖੁੱਲ਼੍ਹੀਆਂ ਰਹੀਆਂ।

ਸਰਕਾਰੀ ਤੇ ਗੈਰ-ਸਰਕਾਰੀ ਸਿੱਖਿਅਕ ਅਦਾਰੇ, ਦਫ਼ਤਰ ਤੇ ਬੈਂਕਾਂ ਆਦਿ ਤੱਕ ਨੂੰ ਵੀ ਕਿਸਾਨਾਂ ਨੇ ਕਈ ਥਾਵਾਂ ਉੱਤੇ ਬੰਦ ਕਰਵਾ ਦਿੱਤਾ ਹੈ।

ਜਿਹੜੇ ਦਫ਼ਤਰ ਜਾਂ ਕਾਰੋਬਾਰੀ ਅਦਾਰੇ ਖੱਲ੍ਹੇ ਹਨ, ਉਨ੍ਹਾਂ ਤੱਕ ਬੰਦ ਕਾਰਨ ਮੁਲਾਜ਼ਮ ਪਹੁੰਚ ਨਹੀਂ ਪਾਏ ਹਨ।

ਪੰਜਾਬ ਬੰਦ ਦੇ ਸੱਦੇ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਵਿੱਚ ਪੂਰਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਬਾਜ਼ਾਰ ਸੁਨਸਾਨ ਰਹੇ ਅਤੇ ਦੁਕਾਨਾਂ ਬੰਦ ਰਹੀਆਂ।

ਇਸ ਦੇ ਨਾਲ ਹੀ ਖ਼ਨੌਰੀ ਬਾਰਡਰ ਦੇ ਆਸ-ਪਾਸ ਵੀ ਬੰਦ ਨੂੰ ਭਰਮਾ ਹੁੰਗਾਰਾ ਮਿਲਦਾ ਦਿਖਾਈ ਦਿੱਤਾ। ਲਹਿਰਾਗਾਗਾ, ਦਿੜਬਾ, ਸੁਨਾਮ ਅਤੇ ਪਾਤੜਾਂ ਵੀ ਮੁਕੰਮਲ ਬੰਦ ਰਿਹਾ।

ਲੋਕਾਂ ਦੀ ਖੱਜਲ-ਖੁਆਰੀ

ਲੁਧਿਆਣਾ ਵਿੱਚ ਟਰੈਫ਼ਿਕ ਦੇ ਬਦਲਵੇ ਪ੍ਰਬੰਧ ਕੀਤੇ ਗਏ ਹਨ
ਤਸਵੀਰ ਕੈਪਸ਼ਨ, ਲੁਧਿਆਣਾ ਵਿੱਚ ਟਰੈਫ਼ਿਕ ਦੇ ਬਦਲਵੇ ਪ੍ਰਬੰਧ ਕੀਤੇ ਗਏ ਹਨ

ਬੰਦ ਕਾਰਨ ਸੜਕਾਂ ਉੱਤੇ ਲੱਗੇ ਜਾਮ ਕਾਰਨ ਲੋਕ ਫ਼ਸੇ ਹੋਏ ਦੇਖੇ ਗਏ। ਕਈ ਥਾਵਾਂ ਉੱਤੇ ਲੋਕ ਕਿਸਾਨਾਂ ਨਾਲ ਬਹਿਸਦੇ ਵੀ ਦੇਖੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਅੰਦੋਲਨ ਦੇ ਨਾਂ ਉੱਤੇ ਆਏ ਦਿਨ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਜਾਇਜ਼ ਨਹੀਂ ਹੈ।

ਜਲੰਧਰ ਵਿੱਚ ਜਾਮ ਵਿੱਚ ਫਸੀਆਂ ਬੱਸਾਂ ਵਿੱਚ ਕੁਝ ਮਰੀਜ਼ ਵੀ ਫਸੇ ਦੇਖੇ ਗਏ। ਭਾਵੇਂ ਕਿਸਾਨਾਂ ਨੇ ਐਮਰਜੈਂਸੀ ਸੇਵਾਵਾਂ ਦੀ ਬਹਾਲ ਰੱਖੀਆਂ ਹੋਈਆਂ ਹਨ, ਪਰ ਜਾਮ ਵਿੱਚ ਫਸੇ ਲੋਕਾਂ ਨੂੰ ਨਿਕਲਣ ਲਈ ਰਾਹ ਨਹੀਂ ਲੱਭ ਰਹੇ।

ਟੋਲ ਪਲਾਜ਼ੇ ਵੀ ਬੰਦ ਕੀਤੇ

ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜਾ ਤੇ ਕਿਸਾਨਾਂ ਵੱਲੋਂ ਸਵੇਰੇ ਤੋਂ ਧਰਨਾ ਲਾ ਦਿੱਤਾ ਗਿਆ ਅਤੇ ਐਮਰਜਂਸੀ ਸੇਵਾਵਾਂ ਨੂੰ ਛੱਡ ਕੇ ਆਉਣ ਜਾਣ ਵਾਲੀ ਗੱਡੀਆਂ ਨੂੰ ਰੋਕਿਆ ਗਿਆ

ਤਸਵੀਰ ਸਰੋਤ, BBC/GurwinderGrewal

ਤਸਵੀਰ ਕੈਪਸ਼ਨ, ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜਾ ਤੇ ਕਿਸਾਨਾਂ ਵੱਲੋਂ ਸਵੇਰੇ ਤੋਂ ਧਰਨਾ ਲਾ ਦਿੱਤਾ ਗਿਆ

ਬੀਬੀਸੀ ਸਹਿਯੋਗੀ ਗੁਰਵਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ ਪੰਜਾਬ ਬੰਦ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਅੱਜ ਵੱਖ ਵੱਖ ਥਾਵਾਂ ਉਪਰ ਧਰਨੇ ਦਿੱਤੇ ਜਾ ਰਹੇ ਹਨ।

ਗਰੇਵਾਲ ਮੁਤਾਬਕ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜਾ 'ਤੇ ਕਿਸਾਨਾਂ ਵੱਲੋਂ ਸਵੇਰੇ ਤੋਂ ਹੀ ਧਰਨਾ ਲਗਾ ਦਿੱਤਾ ਗਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਆਉਣ ਬਾਕੀ ਗੱਡੀਆਂ ਨੂੰ ਰੋਕਿਆ ਗਿਆ।

ਪਟਿਆਲਾ ਦੀਆਂ ਸੜਕਾਂ 'ਤੇ ਸਵੇਰ ਤੋਂ ਹੀ ਆਵਾਜਾਈ ਆਮ ਤੌਰ ਨਾਲੋਂ ਘੱਟ ਹੈ।

ਇਸੇ ਤਰ੍ਹਾਂ ਹੋਰ ਕਈ ਥਾਵਾਂ ਉੱਤੇ ਵੀ ਕਿਸਾਨਾਂ ਨੇ ਸੜਕਾਂ ਉੱਤੇ ਬਣੇ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਹੋਇਆ ਹੈ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ੇ ਨੂੰ ਵੀ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਲਗਾ ਕੇ ਜਾਮ ਕਰ ਦਿੱਤਾ।

ਪ੍ਰਮੁੱਖ ਟਰੇਨਾਂ ਹੋਇਆ ਰੱਦ

ਰੱਦ ਕੀਤੀਆਂ ਗਈਆਂ ਟਰੇਨਾਂ ਵਿੱਚ ਨਵੀਂ ਦਿੱਲੀ ਤੋਂ ਕਾਲਕਾ, ਅੰਮ੍ਰਿਤਸਰ, ਚੰਡੀਗੜ੍ਹ ਜਾਣ ਵਾਲੀਆਂ ਤਿੰਨ

ਤਸਵੀਰ ਸਰੋਤ, BBC/Gurminder Grewal

ਤਸਵੀਰ ਕੈਪਸ਼ਨ, 100 ਤੋਂ ਵੱਧ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ

ਪ੍ਰਦਰਸ਼ਨਕਾਰੀ ਕਿਸਾਨ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਈ ਥਾਵਾਂ 'ਤੇ ਰੇਲ ਪਟੜੀਆਂ ਨੂੰ ਜਾਮ ਕਰਨਗੇ, ਜਿਸ ਦੇ ਚੱਲਦੇ 100 ਤੋਂ ਵੱਧ ਯਾਤਰੀ ਅਤੇ ਮਾਲ ਗੱਡੀਆ ਨੂੰ ਰੱਦ ਕੀਤਾ ਗਿਆ ਹੈ।

ਰੱਦ ਕੀਤੀਆਂ ਗਈਆਂ ਟਰੇਨਾਂ ਵਿੱਚ ਨਵੀਂ ਦਿੱਲੀ ਤੋਂ ਕਾਲਕਾ, ਅੰਮ੍ਰਿਤਸਰ, ਚੰਡੀਗੜ੍ਹ ਜਾਣ ਵਾਲੀਆਂ ਤਿੰਨ ਸ਼ਤਾਬਦੀ ਐਕਸਪ੍ਰੈਸ ਅਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਚੱਲਣ ਵਾਲੀਆਂ ਕਈ ਹੋਰ ਪ੍ਰਮੁੱਖ ਟਰੇਨਾਂ ਸ਼ਾਮਲ ਹਨ।

ਰੇਲਵੇ ਵੱਲੋਂ ਹੋਰ ਸੱਤ ਟਰੇਨਾਂ ਨੂੰ ਅੰਸ਼ਕ ਤੌਰ 'ਤੇ ਰੱਦ ਕੀਤਾ ਗਿਆ ਹੈ, 14 ਹੋਰਾਂ ਨੂੰ ਰੈਗੂਲੇਟ ਕਰਨ, 13 ਨੂੰ ਰੀ-ਸ਼ਡਿਊਲ ਅਤੇ ਦਰਜਨਾਂ ਹੋਰ ਟਰੇਨਾਂ ਨੂੰ ਵੀ ਥੋੜੇ ਸਮੇਂ ਲਈ ਰੱਦ ਕਰਨ ਦਾ ਵੀ ਐਲਾਨ ਕੀਤਾ ਹੈ।

ਅੰਬਾਲਾ ਪੁਲਿਸ ਨੇ ਦਿੱਲੀ ਅਤੇ ਚੰਡੀਗੜ੍ਹ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪੰਚਕੂਲਾ, ਬਰਵਾਲਾ, ਮੁਲਾਣਾ, ਯਮੁਨਾਨਗਰ, ਰਾਦੌਰ, ਲਾਡਵਾ ਅਤੇ ਪਿਪਲੀ ਵਿਖੇ ਐੱਨ ਐੱਚ -44 ਰਾਹੀਂ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ।

ਉੱਤਰ ਪ੍ਰਦੇਸ਼ ਦੇ ਤ੍ਰਿਭੁਵਨ ਸਿੰਘ ਜਿੰਨਾ ਨੇ ਰੇਲ ਰਾਹੀਂ ਲੁਧਿਆਣਾ ਤੋਂ ਜੰਮੂ ਜਾਣਾ ਸੀ।

ਉਹ ਦੱਸਦੇ ਹਨ, "ਰੇਲ ਰੱਦ ਹੋਣ ਦੀ ਕੋਈ ਵੀ ਅਗਾਮੀ ਸੂਚਨਾ ਨਹੀਂ ਦਿੱਤੀ ਗਈ ਸੀ। ਹੁਣ ਸ਼ਾਮ ਚਾਰ ਵਜੇ ਤੱਕ ਇਹ ਪ੍ਰਦਰਸ਼ਨ ਚਲੇਗਾ ਅਤੇ ਉਦੋਂ ਤੱਕ ਸਾਨੂੰ ਕੋਈ ਹੋਰ ਵਿਕਲਪ ਨਾ ਹੋਣ ਕਰਕੇ ਸਟੇਸ਼ਨ 'ਤੇ ਹੀ ਬੈਠਣਾ ਪਵੇਗਾ। ਅਜਿਹੀਆਂ ਧਰਨਿਆਂ ਕਾਰਨ ਆਮ ਜਨਤਾ ਬਹੁਤ ਪਰੇਸ਼ਾਨ ਹੈ।"

ਅੱਜ ਕੋਈ ਵੀ ਅਦਾਰਾ ਖੁਲ੍ਹਣਾ ਨਹੀਂ ਚਾਹੀਦਾ: ਪੰਧੇਰ

ਬਟਾਲਾ ਵਿੱਚ ਬੱਸ ਸੇਵਾ ਬੰਦ ਕੀਤੀ ਗਈ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਬਟਾਲਾ ਵਿੱਚ ਬੱਸ ਸੇਵਾ ਬੰਦ ਕੀਤੀ ਗਈ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, " ਦੇਸ਼ ਦੇ ਦੋ ਵੱਡੇ ਫੋਰਮ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਸੀ। ਸਾਨੂੰ ਇਹ ਰਿਪੋਰਟ ਮਿਲੀ ਹੈ ਕਿ ਹੈ ਪੰਜਾਬ ਦੀ ਕਰੀਬ 140 ਥਾਵਾਂ 'ਤੇ ਅੱਜ ਬੰਦ ਦਾ ਸਮਰਥਨ ਕੀਤਾ ਜਾਵੇਗਾ। ਪੰਜਾਬ ਦੇ 3 ਕਰੋੜ ਲੋਕ ਸਾਡਾ ਸਾਥ ਦੇ ਰਹੇ ਹਨ।"

"ਅਫਵਾਹਾਂ ਫ਼ੈਲਿਆ ਜਾ ਰਹੀਆਂ ਹਨ ਕਿ ਅੱਜ ਇੰਟਰਨੇਟ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਪਿਛੇ ਭਾਜਪਾ ਜਾਂ ਆਰਐੱਸਐੱਸ ਦੇ ਬੰਦੇ ਹੋ ਸਕਦੇ ਹਨ ਪਰ ਅਜਿਹਾ ਕੁਝ ਵੀ ਨਹੀਂ ਹੋਵੇਗਾ। 13 ਫਰਵਰੀ ਤੋਂ ਅਸੀਂ ਐੱਮਐੱਸਪੀ ਨੂੰ ਕਨੂੰਨੀ ਮਾਨਤਾ ਦਵਾਉਣ ਲਈ ਸੰਘਰਸ਼ ਕਰ ਰਹੇ ਹਾਂ, ਤਾਂ ਜੋ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡੇ ਪੱਧਰ 'ਤੇ ਫ਼ੈਇਦਾ ਹੋ ਸਕੇ।"

ਬੰਦ ਦਾ ਸੱਦਾ ਕਿਉਂ ਦਿੱਤਾ ਗਿਆ?

ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਹੈ। ਇਸਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਤਸਵੀਰ ਕੈਪਸ਼ਨ, ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਹੈ। ਇਸਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਦਰਅਸਲ ਪੰਜਾਬ-ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ਉੱਤੇ 13 ਫਰਵਰੀ 2024 ਤੋਂ ਦੋ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐੱਮਐੱਸਪੀ ਸਮੇਤ ਹੋਰ 12 ਮੰਗਾਂ ਨੂੰ ਲੈ ਕੇ ਧਰਨਾ ਦੇ ਰਹੀਆਂ ਹਨ।

ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਕਈ ਵਾਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਹਰ ਵਾਰ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲੇ ਜਾਂ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨਾ ਪਿਆ।

ਜਿਸ ਤੋਂ ਬਾਅਦ 26 ਨਵੰਬਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਉੱਤੇ ਨਿਰੰਤਰ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ।

ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਹੈ। ਇਸਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)