You’re viewing a text-only version of this website that uses less data. View the main version of the website including all images and videos.
ਮਣੀਪੁਰ ਹਿੰਸਾ ਬਾਰੇ ਫੈਲਾਈਆਂ ਜਾ ਰਹੀਆਂ ਹਨ ਗਲਤ ਜਾਣਕਾਰੀਆਂ ਤੇ ਫੇਕ ਨਿਊਜ਼
- ਲੇਖਕ, ਸ਼ਰੂਤੀ ਮੇਨਨ
- ਰੋਲ, ਬੀਬੀਸੀ ਵੈਰੀਫਾਈ, ਦਿੱਲੀ
ਹਿੰਸਾ ਦੀ ਮਾਰ ਝੱਲ ਰਹੇ ਮਣੀਪੁਰ 'ਚ ਵੱਡੇ ਪੱਧਰ 'ਤੇ ਗੁਮਰਾਹ ਕਰਨ ਵਾਲੀ ਅਤੇ ਗਲਤ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।
ਹਾਲਾਂਕਿ ਇਸ ਦੇ ਕਾਬੂ ਕਰਨ ਲਈ ਅਧਿਕਾਰੀਆਂ ਨੇ ਸੂਬੇ 'ਚ ਇੰਟਰਨੈੱਟ ਸੇਵਾ ਬੰਦ ਕੀਤੀ ਹੋਈ ਹੈ ਪਰ ਫਿਰ ਵੀ ਅਜਿਹੀ ਜਾਣਕਾਰੀ ਸਾਂਝਾ ਹੋਣ ਦੇ ਬਹੁਤ ਸਾਰੇ ਮਾਮਲੇ ਹਨ।
ਸੂਬੇ ਵਿੱਚ ਬਹੁਗਿਣਤੀ ਮੈਤਈ ਭਾਈਚਾਰੇ ਅਤੇ ਕਬਾਇਲੀ ਕੂਕੀ ਘੱਟਗਿਣਤੀ ਵਿਚਕਾਰ ਟਕਰਾਅ ਨੂੰ ਲੈ ਕੇ ਅੰਤਰਾਸ਼ਟਰੀ ਪੱਧਰ ਤੱਕ ਸੁਰਖੀਆਂ ਬਣੀਆਂ ਹਨ।
ਅਤੇ ਇਸ ਦਾ ਕਾਰਨ ਹੈ ਵਾਇਰਲ ਹੋਇਆ ਉਹ ਵੀਡੀਓ, ਜਿਸ ਵਿੱਚ ਮਰਦਾਂ ਦੀ ਭੀੜ ਦੋ ਮਹਿਲਾਵਾਂ ਨੂੰ ਨਗਨ ਹਾਲਤ 'ਚ ਸੜਕ ਦੇ ਦੌੜਾਉਂਦੇ ਹੋਏ ਨਜ਼ਰ ਆ ਰਹੀ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਾ ਸਿਰਫ਼ ਭਾਰਤ ਬਲਕਿ ਹੋਰ ਮੁਲਕਾਂ ਵਿੱਚ ਵੀ ਲੋਕਾਂ 'ਚ ਰੋਸ ਦੇਖਣ ਨੂੰ ਮਿਲਿਆ ਹੈ।
ਚੇਤਾਵਨੀ: ਇਸ ਲੇਖ ਵਿੱਚ ਸ਼ਾਮਲ ਕੁਝ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ
ਜਿਣਸੀ ਹਿੰਸਾ ਬਾਰੇ ਝੂਠੇ ਦਾਅਵੇ
ਜਦੋਂ ਤੋਂ ਮਈ ਮਹੀਨੇ ਤੋਂ ਮਣੀਪੁਰ ਵਿੱਚ ਹਿੰਸਾ ਫੈਲੀ ਹੈ, ਔਰਤਾਂ 'ਤੇ ਹੋਣ ਵਾਲੇ ਹਮਲੇ ਅਜਿਹੀਆਂ ਗਲਤ ਜਾਣਕਾਰੀਆਂ ਅਤੇ ਦਾਅਵਿਆਂ ਦਾ ਮੁੱਖ ਸਰੋਤ ਰਹੇ ਹਨ।
ਜਿਵੇਂ ਹੀ 3 ਮਈ ਨੂੰ ਸੂਬੇ 'ਚ ਹਿੰਸਾ ਭੜਕੀ, ਅਧਿਕਾਰੀਆਂ ਨੇ "ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ, ਗਲਤ ਜਾਣਕਾਰੀ ਅਤੇ ਝੂਠੀਆਂ ਅਫਵਾਹਾਂ" ਨੂੰ ਫੈਲਣ ਤੋਂ ਰੋਕਣ ਲਈ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਤੁਰੰਤ ਬੰਦ ਕਰ ਦਿੱਤਾ।
ਇਸ ਤੋਂ ਇੱਕ ਦਿਨ ਬਾਅਦ ਹੀ ਸੂਬੇ ਵਿੱਚ ਹਰ ਤਰ੍ਹਾਂ ਦੀਆਂ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ।
ਪਰ ਉਦੋਂ ਤੱਕ ਇੱਕ ਤਸਵੀਰ ਪਹਿਲਾਂ ਹੀ ਵਾਇਰਲ ਹੋ ਚੁੱਕੀ ਸੀ। ਇਹ ਇੱਕ ਗ੍ਰਾਫਿਕ ਤਸਵੀਰ ਸੀ ਜਿਸ ਵਿੱਚ ਪਲਾਸਟਿਕ ਵਿੱਚ ਲਪੇਟੀ ਹੋਈ ਇੱਕ ਮਹਿਲਾ ਦੀ ਲਾਸ਼ ਨਜ਼ਰ ਆ ਰਹੀ ਸੀ।
ਦਾਅਵੇ ਕੀਤੇ ਗਏ ਸਨ ਕਿ ਇਹ ਇੱਕ ਨਰਸ ਦੀ ਲਾਸ਼ ਹੈ ਜੋ ਮੈਤਈ ਭਾਈਚਾਰੇ ਨਾਲ ਸਬੰਧਿਤ ਸੀ ਅਤੇ ਜਿਸ ਦਾ ਕੁਕੀ ਭਾਈਚਾਰੇ ਦੇ ਮਰਦਾਂ ਨੇ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਸੀ।
ਇਹ ਤਸਵੀਰ ਇੰਟਰਨੈੱਟ ਬੰਦ ਹੋਣ ਤੋਂ ਪਹਿਲਾਂ ਤੱਕ ਬਹੁਤ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਚੁੱਕੀ ਸੀ।
ਨਾ ਸਿਰਫ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਦਿਖਾਈ ਦਿੱਤੀ ਸੀ, ਸਗੋਂ ਅਸੀਂ ਇਸ ਨਾਲ ਸਬੰਧਿਤ ਸਬੂਤ ਵੀ ਵੇਖੇ ਹਨ ਜਿਨ੍ਹਾਂ ਨੂੰ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਵਟਸਐਪ 'ਤੇ ਸ਼ੇਅਰ ਕੀਤਾ ਜਾ ਰਿਹਾ ਸੀ। ਇਸੇ ਜ਼ਿਲ੍ਹੇ ਵਿੱਚ 3 ਮਈ ਨੂੰ ਹਿੰਸਕ ਝੜਪਾਂ ਹੋਈਆਂ ਸਨ।
ਵਾਇਰਲ ਹੋਈ ਇਸ ਤਸਵੀਰ ਨੂੰ ਲੈ ਕੇ ਜੋ ਵੀ ਦਾਅਵੇ ਕੀਤੇ ਗਏ, ਉਹ ਸਾਰੇ ਝੂਠੇ ਹਨ ਕਿਉਂਕਿ ਇਹ ਤਸਵੀਰ ਮਣੀਪੁਰ ਨਾਲ ਸਬੰਧਿਤ ਹੀ ਨਹੀਂ ਹੈ।
ਇਹ ਤਸਵੀਰ ਦਰਅਸਲ 21 ਸਾਲਾ ਆਯੂਸ਼ੀ ਚੌਧਰੀ ਦੀ ਹੈ, ਜਿਸ ਦੀ ਪਿਛਲੇ ਸਾਲ ਨਵੰਬਰ 'ਚ ਰਾਜਧਾਨੀ ਦਿੱਲੀ 'ਚ ਹੱਤਿਆ ਕਰ ਦਿੱਤੀ ਗਈ ਸੀ।
ਇਸੇ ਤਰ੍ਹਾਂ, 5 ਮਈ ਨੂੰ ਵੀ ਸੋਸ਼ਲ ਮੀਡੀਆ 'ਤੇ ਇੱਕ ਹੋਰ ਝੂਠਾ ਦਾਅਵਾ ਸਾਹਮਣੇ ਆਇਆ ਸੀ ਕਿ 37 ਮੈਤਈ ਔਰਤਾਂ ਦੀਆਂ ਲਾਸ਼ਾਂ, ਜਿਨ੍ਹਾਂ ਦਾ ਬਲਾਤਕਾਰ ਅਤੇ ਕਤਲ ਕੀਤਾ ਗਿਆ ਸੀ ਅਤੇ ਇੱਕ 7 ਸਾਲਾ ਮੈਤਈ ਬੱਚੇ ਦੀ ਲਾਸ਼ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਸ਼ੀਜਾ ਹਸਪਤਾਲ ਵਿੱਚ ਪਈ ਹੈ ਅਤੇ ਪੋਸਟਮਾਰਟਮ ਦੀ ਉਡੀਕ ਕੀਤੀ ਜਾ ਰਹੀ ਹੈ।
ਟਵਿੱਟਰ 'ਤੇ ਅਜਿਹੀਆਂ ਬਹੁਤ ਸਾਰੀਆਂ ਪੋਸਟਾਂ ਨੇ ਇਸ ਦਾਅਵੇ ਨੂੰ ਦੁਹਰਾਇਆ ਅਤੇ ਇਨ੍ਹਾਂ ਸਾਰੀਆਂ ਪੋਸਟਾਂ ਵਿੱਚ ਲਗਭਗ ਇੱਕੋ-ਜਿਹੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਸੀ। ਇਨ੍ਹਾਂ ਸਾਰੀਆਂ ਪੋਸਟਾਂ ਨੂੰ ਨਵੇਂ ਬਣੇ ਖਾਤਿਆਂ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਸੀ।
ਬੀਬੀਸੀ ਨੇ ਸਥਾਨਕ ਮਣੀਪੁਰੀ ਭਾਸ਼ਾ ਵਿੱਚ ਇਹੋ-ਜਿਹੇ ਸ਼ਬਦਾਂ ਵਾਲੇ ਟੈਕਸਟ ਸੁਨੇਹੇ ਵੀ ਵੇਖੇ ਹਨ।
ਮਣੀਪੁਰ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੇ ਸਾਨੂੰ ਦੱਸਿਆ ਗਿਆ ਕਿ ਮੋਬਾਈਲ ਬੰਦ ਹੋਣ ਦੇ ਬਾਵਜੂਦ ਟੈਕਸਟ ਸੰਦੇਸ਼ ਰਾਹੀਂ ਅਜੇ ਵੀ ਸੰਚਾਰ ਸੰਭਵ ਹੈ।
ਲਾਸ਼ਾਂ ਵਾਲਾ ਇਹ ਦਾਅਵਾ ਵੀ ਝੂਠਾ ਹੈ।
ਸ਼ਿਜਾ ਹਸਪਤਾਲ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹਾ ਕਦੇ ਹੋਇਆ ਹੀ ਨਹੀਂ ਅਤੇ ਇੱਕ ਨਿੱਜੀ ਮੈਡੀਕਲ ਸੰਸਥਾ ਹੋਣ ਦੇ ਨਾਤੇ ਉਹ ਪੋਸਟਮਾਰਟਮ ਕਰਨ ਲਈ ਅਧਿਕਾਰਤ ਨਹੀਂ ਹਨ।
ਮਣੀਪੁਰ ਨਹੀਂ ਮਿਆਂਮਾਰ
ਅਜਿਹੀ ਝੂਠੀ ਅਤੇ ਗੁੰਮਰਾਹਕੁੰਨ ਸਮੱਗਰੀ ਦੀਆਂ ਹੋਰ ਉਦਾਹਰਣਾਂ ਵੀ ਹਨ।
ਇਨ੍ਹਾਂ ਵਿੱਚ, ਸੜਕ 'ਤੇ ਇੱਕ ਮਹਿਲਾ 'ਤੇ ਹਮਲੇ ਅਤੇ ਉਸ ਦੇ ਕਤਲ ਦੀ ਇੱਕ ਹਾਈ-ਗ੍ਰਾਫਿਕ ਵੀਡੀਓ ਵੀ ਸ਼ਾਮਲ ਹੈ, ਜਿਸ ਨੂੰ ਮਣੀਪੁਰ ਦੀ ਘਟਨਾ ਦੱਸਿਆ ਗਿਆ ਹੈ।
ਜੂਨ ਦੇ ਅਖੀਰ ਵਿੱਚ, ਇਸ ਵੀਡੀਓ ਨੂੰ ਮਣੀਪੁਰ ਹੈਸ਼ਟੈਗ ਨਾਲ ਸ਼ੇਅਰ ਕੀਤਾ ਗਿਆ ਅਤੇ ਇਸ ਨੂੰ ਹਜ਼ਾਰਾਂ ਦੀ ਸੰਖਿਆ ਵਿੱਚ ਵਿਊ ਵੀ ਮਿਲੇ।
ਨਾਲ ਹੀ ਕੁਝ ਨੇ ਇਸ ਸਬੰਧੀ ਦਾਅਵੇ ਕੀਤੇ ਕਿ ਇਸ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਇੱਕ ਕੁਕੀ ਮਹਿਲਾ ਦਾ ਕਤਲ ਕੀਤਾ ਹੈ। ਇਹ ਵੀ ਕਿਹਾ ਗਿਆ ਕਿ ਇਹ ਹਥਿਆਰਬੰਦ ਵਿਅਕਤੀ ਮੈਤਈ ਭਾਈਚਾਰੇ ਦੇ ਸਨ।
ਹਾਲ ਹੀ ਵਿੱਚ, ਇਹ ਇੱਕ ਹਫ਼ਤਾ ਪਹਿਲਾਂ ਠੀਕ ਉਸੇ ਦਾਅਵੇ ਦੇ ਨਾਲ ਇਹ ਵੀਡੀਓ ਫਿਰ ਤੋਂ ਸ਼ੇਅਰ ਕੀਤਾ ਜਾਣ ਲੱਗਾ।
ਜਦਕਿ ਇਹ ਸਾਰੇ ਦਾਅਵੇ ਵੀ ਝੂਠੇ ਹਨ।
ਇਹ ਵੀਡੀਓ ਮਣੀਪੁਰ ਦਾ ਹੈ ਹੀ ਨਹੀਂ ਅਤੇ ਨਾ ਹੀ ਉਹ ਮਹਿਲਾ ਕੁਕੀ ਭਾਈਚਾਰੇ ਦੀ ਸੀ।
ਇਹ ਵੀਡੀਓ, ਮਣੀਪੁਰ ਦੇ ਗੁਆਂਢੀ ਸੂਬੇ ਮਿਆਂਮਾਰ ਦਾ ਹੈ, ਜਿੱਥੇ ਇਹ ਘਟਨਾ ਜੂਨ 2022 ਵਿੱਚ ਵਾਪਰੀ ਸੀ, ਜੋ ਕਿ ਮਣੀਪੁਰ ਹਿੰਸਾ ਤੋਂ ਬਹੁਤ ਪਹਿਲਾਂ ਦਾ ਸਮਾਂ ਹੈ।
ਇਸ ਤੋਂ ਇਲਾਵਾ, ਇੱਕ ਭਾਰਤੀ ਫ਼ੈਕਟ ਚੈਕ ਵੈੱਬਸਾਈਟ ਨੇ ਵੀ ਇਸ ਵੀਡੀਓ ਨੂੰ ਝੂਠਾ ਕਰਾਰ ਦਿੱਤਾ ਹੈ।
ਸਾਨੂੰ ਇਹ ਤਾਂ ਨਹੀਂ ਪਤਾ ਕਿ ਇਹ ਵੀਡੀਓ ਕਿੰਨੇ ਵੱਡੇ ਪੱਧਰ 'ਤੇ ਸ਼ੇਅਰ ਕੀਤਾ ਗਿਆ ਪਰ ਇੰਨਾ ਪੱਕਾ ਹੈ ਕਿ ਇਹ ਮਣੀਪੁਰ ਵਿੱਚ ਖਾਸਾ ਸ਼ੇਅਰ ਕੀਤਾ ਗਿਆ ਸੀ ਕਿਉਂਕਿ ਪੁਲਿਸ ਨੇ ਇਸ ਸਬੰਧੀ ਇੱਕ ਚੇਤਾਵਨੀ ਵੀ ਜਨਤਕ ਤੌਰ 'ਤੇ ਜਾਰੀ ਕੀਤੀ ਕਿ ਜੇਕਰ ਕਿਸੇ ਨੇ ਇਹ ਵੀਡੀਓ ਸ਼ੇਅਰ ਕੀਤਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗ੍ਰਿਫ਼ਤਾਰੀ ਸਬੰਧੀ ਗਲਤ ਜਾਣਕਾਰੀ
ਜਦੋਂ ਮਈ ਮਹੀਨੇ ਦਾ ਮਹਿਲਾਵਾਂ ਦੇ ਸ਼ੋਸ਼ਣ ਵਾਲਾ ਵੀਡੀਓ ਵਾਇਰਲ ਹੋਇਆ, ਉਸ ਤੋਂ ਬਾਅਦ ਵੀ ਸੂਬੇ 'ਚ ਗਲਤ ਜਾਣਕਾਰੀ ਫੈਲਾਉਣ ਅਤੇ ਸ਼ੇਅਰ ਕਰਨ ਦੀਆਂ ਘਟਨਾਵਾਂ ਜਾਰੀ ਹਨ।
ਹਾਲ ਹੀ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਸ ਵੀਡੀਓ ਦੇ ਮਾਮਲੇ ਵਿੱਚ ਇੱਕ ਮੁਸਲਮਾਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਇਸ ਪੂਰੀ ਘਟਨਾ 'ਚ ਸ਼ਾਮਲ ਸੀ।
ਇਸ ਦਾਅਵੇ ਨੂੰ ਸ਼ੇਅਰ ਕਰਨ ਵਾਲਿਆਂ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੇ ਇੱਕ ਆਗੂ ਤਜਿੰਦਰਪਾਲ ਸਿੰਘ ਬੱਗਾ ਵੀ ਸ਼ਾਮਲ ਹਨ।
ਬੱਗਾ ਦੇ ਇਸ ਟਵੀਟ ਨੂੰ ਲੱਖਾਂ ਵਿਊ ਮਿਲੇ ਹਨ ਅਤੇ ਹਜ਼ਾਰਾਂ ਵਾਰ ਰੀ-ਟਵੀਟ ਕੀਤਾ ਗਿਆ ਹੈ।
ਇਸ ਦੇ ਨਾਲ ''ਮਣੀਪੁਰ ਮਾਮਲੇ ਦਾ ਮੁੱਖ ਮੁਲਜ਼ਮ'' ਅਤੇ ''ਮਣੀਪੁਰ ਕੇਸ'' ਵਰਗੀਆਂ ਗੱਲਾਂ ਲਿਖੀਆਂ ਜਾ ਰਹੀਆਂ ਹਨ ਅਤੇ ਦੋ ਮਹਿਲਾਵਾਂ ਦੇ ਸ਼ੋਸ਼ਣ ਵਾਲੀ ਘਟਨਾ ਨਾਲ ਜੋੜਿਆ ਜਾ ਰਿਹਾ ਹੈ।
ਪਰ ਇਹ ਖ਼ਬਰ ਵੀ ਪੂਰੀ ਤਰ੍ਹਾਂ ਗਲਤ ਹੈ। ਹਾਲਾਂਕਿ ਉਸ ਦਿਨ ਮਣੀਪੁਰ ਪੁਲਿਸ ਨੇ ਇੱਕ ਮੁਸਲਮਾਨ ਵਿਅਕਤੀ ਨੂੰ ਗ੍ਰਿਫ਼ਤਾਰ ਜ਼ਰੂਰ ਕੀਤਾ ਸੀ, ਪਰ ਉਹ ਮਾਮਲੇ ਬਿਲਕੁਲ ਵੱਖਰਾ ਸੀ।
ਪੁਲਿਸ ਨੇ ਵੀ ਸਪਸ਼ਟ ਕੀਤਾ ਹੈ ਕਿ ਇਹ ਗ੍ਰਿਫ਼ਤਾਰੀ ਕਿਸੇ ਹੋਰ ਥਾਂ ਤੋਂ ਕੀਤੀ ਗਈ ਹੈ ਅਤੇ ਇਸ ਦਾ ਮਹਿਲਾਵਾਂ ਦੇ ਸ਼ੋਸ਼ਣ ਵਾਲੀ ਘਟਨਾ ਨਾਲ ਕੋਈ ਸਬੰਧੀ ਨਹੀਂ ਹੈ।
ਇਹ ਖ਼ਬਰ ਇਸ ਹੱਦ ਤੱਕ ਫੈਲ ਚੁੱਕੀ ਸੀ ਕਿ ਖ਼ਬਰ ਏਜੰਸੀ ਏਐਨਆਈ ਨੇ ਵੀ ਉਸ ਮੁਸਲਮਾਨ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦੇ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਏਜੰਸੀ ਨੇ ਸੁਧਾਰ ਵੀ ਲਿਆ।
ਮਣੀਪੁਰ ਹਿੰਸਾ ਸਬੰਧੀ ਮੁੱਖ ਗੱਲਾਂ
- ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਹੈ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸ ਮਾਮਲੇ ਨੂੰ ਲੈ ਕੇ ਮੈਤਈ ਤੇ ਕੁਕੀ ਭਚਾਰੀਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
- ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ
- ਇਸ ਦੌਰਾਨ ਅੱਗਜ਼ਨੀ ਦੀਆਂ ਵੀ ਕਈ ਘਟਨਾਵਾਂ ਵਾਪਰੀਆਂ ਤੇ ਲਗਭਗ 60,000 ਬੇਘਰ ਹੋ ਚੁੱਕੇ ਹਨ
- ਸੂਬਾ ਸਰਕਾਰ ਮੁਤਾਬਕ, ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
- ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
- ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ
- ਹਾਲ ਹੀ ਵਿੱਚ ਮਣੀਪੁਰ ਤੋਂ ਮਹਿਲਾਵਾਂ ਨੂੰ ਨਗਨ ਹਾਲਤ 'ਚ ਦੌੜਾਉਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ
- ਇਸ ਵੀਡੀਓ ਨੇ ਦੇਸ਼ ਭਰ ਦੇ ਲੋਕਾਂ 'ਚ ਗੁੱਸਾ ਭਰ ਦਿੱਤਾ ਹੈ ਵਿਰੋਧੀ ਧਿਰ ਵੀ ਸਰਕਾਰ ਨੇ ਨਿਸ਼ਾਨਾ ਸਾਧ ਰਹੀ ਹੈ
- ਪ੍ਰਧਾਨ ਮੰਤਰੀ ਮੋਦੀ ਨੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਇਸ ਪੂਰੀ ਘਟਨਾ ਨੂੰ ਦੁਖਦਾਈ ਕਰਾਰ ਦਿੱਤਾ ਸੀ
- ਸੂਬੇ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੇ ਵੀ ਇਸ ਦੀ ਨਿੰਦਾ ਕੀਤੀ ਅਤੇ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਦਿੱਤੀ
- ਹਾਲਾਂਕਿ, ਵਿਰੋਧੀ ਧਿਰ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸੰਸਦ 'ਚ ਇਸ ਪੂਰੀ 'ਤੇ ਬਿਆਨ ਦੇਣ