ਮਣੀਪੁਰ ਦੀ ਵਾਇਰਲ ਵੀਡੀਓ ਤੇ ਔਰਤਾਂ ਦੇ ਸਰੀਰਕ ਸ਼ੋਸ਼ਣ ਨਾਲ ਚਮਕਦਾ ਭਾਈਚਾਰੇ ਦਾ ‘ਮਾਣ’- ਬਲਾਗ

    • ਲੇਖਕ, ਨਾਸੀਰੂਦੀਨ
    • ਰੋਲ, ਬੀਬੀਸੀ ਲਈ

ਮਣੀਪੁਰ ਵਿੱਚ ਢਾਈ ਮਹੀਨਿਆਂ ਤੋਂ ਵੱਧ ਸਮੇਂ ਤੋਂ ਹਿੰਸਾ ਹੋ ਰਹੀ ਹੈ। ਦੇਸ਼ ਇਸ ਮਸਲੇ 'ਤੇ ਜਾਗਣ ਲਈ ਇੱਕ ਵੀਡੀਓ ਦਾ ਇੰਤਜ਼ਾਰ ਕਰ ਰਿਹਾ ਸੀ।

ਇਹ ਵੀਡੀਓ ਬੁੱਧਵਾਰ (19 ਜੁਲਾਈ) ਨੂੰ ਪਹਿਲੀ ਵਾਰ ਸਾਹਮਣੇ ਆਈ।

ਇਸ ਖੌਫ਼ਨਾਕ ਵੀਡੀਓ ਦੇ ਜਨਤਕ ਹੋਣ ਤੋਂ ਪਹਿਲਾਂ ਜ਼ਿਆਦਾਤਰ ਲੋਕਾਂ ਨੂੰ ਮਣੀਪੁਰ ਵਿੱਚ ਚੱਲ ਰਹੀ ਜਾਤੀ ਅਤੇ ਫਿਰਕੂ ਹਿੰਸਾ ਦੀ ਗੰਭੀਰਤਾ ਦਾ ਕੋਈ ਅੰਦਾਜ਼ਾ ਨਹੀਂ ਸੀ।

ਸੈਂਕੜੇ ਨੌਜਵਾਨਾਂ ਦੀ ਭੀੜ ਵਿਚਕਾਰ ਬਿਨਾਂ ਕੱਪੜਿਆਂ ਵਾਲੀਆਂ ਦੋ ਔਰਤਾਂ ਨੂੰ ਫੜ ਕੇ ਲਿਜਾਇਆ ਜਾ ਰਿਹਾ ਹੈ।

ਉਨ੍ਹਾਂ ਦੇ ਸਰੀਰ ਨੂੰ ਨੋਚਿਆ ਜਾ ਰਿਹਾ ਸੀ। ਰਿਪੋਰਟਾਂ ਮੁਤਾਬਕ ਇਨ੍ਹਾਂ 'ਚੋਂ ਇੱਕ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਵੀ ਹੋਇਆ ਹੈ।

ਪਰ ਜੋ ਦਿਖਾਈ ਦੇ ਰਿਹਾ ਹੈ ਉਹ ਬਲਾਤਕਾਰ ਤੋਂ ਵੱਧਕੇ ਹੈ।

ਸਵਾਲ ਇਹ ਹੈ ਕਿ ਜੇ ਸਮੂਹਿਕ ਬਲਾਤਕਾਰ ਦੀ ਗੱਲ ਤੱਕ ਨਾ ਵੀ ਜਾਇਆ ਜਾਵੇ ਤਾਂ ਵੀ ਕੀ ਜੋ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਉਹ ਕੀ ਹੈ?

ਜੋ ਕੀਤਾ ਗਿਆ, ਉਹ ਕਿਉਂ ਕੀਤਾ ਗਿਆ?

ਹਰ ਉਹ ਚੀਜ਼ ਬਲਾਤਕਾਰ ਹੈ, ਜੋ ਕਿਸੇ ਦੀ ਮਰਜ਼ੀ ਤੋਂ ਬਿਨਾਂ ਉਸ ਦੇ ਸਰੀਰ ਨਾਲ ਕੀਤੀ ਜਾਂਦੀ ਹੈ। ਕਿਸੇ ਦੀ ਇੱਜ਼ਤ ਨੂੰ ਇਸ ਤਰ੍ਹਾਂ ਠੇਸ ਪਹੁੰਚਾਉਣਾ ਅਤੇ ਸ਼ਰੇਆਮ ਇੱਜ਼ਤ ਨਾਲ ਖਿਲਵਾੜ ਕਰਨਾ ਬਲਾਤਕਾਰ ਹੈ।

ਸਰੀਰ ਨੂੰ ਵਿੰਨ੍ਹਣਾ ਜ਼ਰੂਰੀ ਨਹੀਂ ਹੈ। ਇਸ ਲਈ ਇੱਥੇ ਜੋ ਹੋ ਰਿਹਾ ਹੈ, ਉਹ ਖੁੱਲ੍ਹ ਕੇ ਹੋ ਰਿਹਾ ਹੈ। ਇਸ ਦੇ ਸਾਹਮਣੇ ਬਲਾਤਕਾਰ ਦੀ ਕਾਨੂੰਨੀ ਪਰਿਭਾਸ਼ਾ ਬਹੁਤ ਕਮਜ਼ੋਰ ਹੈ।

ਇਹ ਹਿੰਸਾ ਮਰਦਾਂ ਦੀ ਸੱਤਾ, ਦਬਦਬੇ ਵਾਲੀ ਮਰਦਾਨਗੀ ਅਤੇ ਨਫ਼ਰਤ ਦੀ ਉਪਜ ਹੈ।

ਔਰਤ ਦਾ ਸਰੀਰ ਯਾਨੀ 'ਜੰਗ ਦਾ ਮੈਦਾਨ'

ਮਣੀਪੁਰ ਵਰਗੇ ਸੰਘਰਸ਼ਾਂ ਦਾ ਸਭ ਤੋਂ ਵੱਡਾ ਨਿਸ਼ਾਨਾ ਕੁੜੀਆਂ ਅਤੇ ਔਰਤਾਂ ਹਨ। ਕੁੜੀਆਂ ਦਾ ਸਰੀਰ ਜਾਤ-ਧਰਮ, ਕੌਮ, ਖਿੱਤੇ ਤੇ ਨਸਲ ਦੀ ਲੜਾਈ ਦਾ ਮੈਦਾਨ ਬਣ ਜਾਂਦਾ ਹੈ।

ਮਰਦਾਨਾ ਸੋਚ ਇਹ ਮੰਨਦੀ ਹੈ ਕਿ ਭਾਈਚਾਰੇ, ਰਾਸ਼ਟਰ, ਜਾਤ ਤੇ ਧਰਮ ਨੂੰ ਜਿੱਤਣਾ ਹੈ ਤਾਂ ਦੂਜੇ ਪਾਸੇ ਦੀਆਂ ਔਰਤਾਂ ਨੂੰ ‘ਜਿੱਤਣਾ’ ਹੈ।

ਜੇ ਤੁਸੀਂ ਉਨ੍ਹਾਂ ਨੂੰ ਹਰਾਉਣਾ ਹੈ, ਤਾਂ ਦੂਜੇ ਪਾਸੇ ਦੀਆਂ ਔਰਤਾਂ 'ਤੇ ਹਮਲਾ ਕਰੋ। ਹੁਣ ਉਹ ਕੁੜੀ ਇਕੱਲੀ ਨਹੀਂ ਅਤੇ ਆਪਣੇ ਸਮਾਜ ਦੀ ਨੁਮਾਇੰਦਗੀ ਕਰਦੀ ਹੈ। ਉਸ ਰਾਹੀਂ ਸਮਾਜ 'ਤੇ ਹਮਲਾ ਕੀਤਾ ਜਾਂਦਾ ਹੈ।

ਮਰਦਾਂ ਦੀ ਸੱਤਾ ਇਹ ਵੀ ਮੰਨਦੀ ਹੈ ਕਿ ਇਹ ਸਿਰਫ਼ ਜਿੱਤਣ ਜਾਂ ਹਾਰਨ ਦੀ ਗੱਲ ਨਹੀਂ ਹੈ। ਔਰਤ ਦੇ ਸਰੀਰ 'ਤੇ ਹਮਲਾਵਰ ਹੋਣਾ ਹੈ। ਉਹ ਸੱਤਾ ਇਹ ਵੀ ਦੱਸਦੀ ਅਤੇ ਸਿਖਾਉਂਦੀ ਹੈ ਕਿ ਹਮਲਾ ਕਿੱਥੇ ਕਰਨਾ ਹੈ।

ਇਸ ਲਈ, ਹਮਲੇ ਦਾ ਨਤੀਜਾ ਸਿਰਫ਼ ਕਿਸੇ ਨੂੰ ਮਾਰਨਾ ਨਹੀਂ ਹੈ। ਮਰਦਾਨਾ ਸੱਤਾ ਦੱਸਦੀ ਹੈ ਕਿ ਸਰੀਰਕ ਹਿੰਸਾ ਕਰਨੀ ਹੈ। ਔਰਤ ਦੇ ਖਾਸ ਅੰਗਾਂ ਨੂੰ ਨਿਸ਼ਾਨਾ ਬਣਾਉਣਾ ਹੈ।

ਉਨ੍ਹਾਂ ਅੰਗਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਵੇ? ਕਿਉਂਕਿ ਔਰਤਾਂ ਨੇ ਸਮਾਜ, ਪਰਿਵਾਰ, ਜਾਤ, ਧਰਮ, ਕੌਮ ਅਤੇ ਨਸਲ ਦੀ ਇੱਜ਼ਤ ਦਾ ਬੋਝ ਚੁੱਕਿਆ ਹੋਇਆ ਹੈ। ਮਰਦ ਵਿਚਾਰ ਨੇ ਇੱਜ਼ਤ ਉਹਨਾਂ ਦੇ ਕੁਝ ਹਿੱਸਿਆਂ ਤੱਕ ਸੀਮਤ ਕਰ ਦਿੱਤੀ ਹੈ।

ਇਸ ਲਈ ਜੇਕਰ ਦੂਜੇ ਵਰਗ ਦੀਆਂ ਔਰਤਾਂ ਦੇ ਉਨ੍ਹਾਂ ਅੰਗਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਤਾਂ ਮਰਦਾਨਾ ਸਮਾਜ ਮੰਨ ਲੈਂਦਾ ਹੈ ਕਿ ਇਸ ਨੇ ਉਸ ਸਮਾਜ, ਪਰਿਵਾਰ, ਜਾਤ, ਧਰਮ, ਕੌਮ ਜਾਂ ਨਸਲ ਦੀ ‘ਇੱਜ਼ਤ ਲੁੱਟੀ’ ਹੈ। 'ਇੱਜਤ ਨਸ਼ਟ ਕਰ ਦਿੱਤੀ ਹੈ'।

ਔਰਤਾਂ ਵਿਰੁੱਧ ਅਜਿਹੀ ਜਿਨਸੀ ਹਿੰਸਾ ਕਰਕੇ ਹਮਲਾਵਰ ਧਿਰ ਆਪਣੇ ਆਪ ਨੂੰ ਜੇਤੂ ਅਤੇ ਦੂਜੇ ਵਰਗ ਨੂੰ ਹਾਰਨ ਵਾਲਾ ਸਮਝਦੀ ਹੈ। ਇੰਨਾ ਹੀ ਨਹੀਂ, ਅਜਿਹਾ ਕਰਕੇ ਉਹ ਦੂਜੇ ਵਰਗ ਦੇ ਮਰਦਾਂ ਨੂੰ ਵੀ ਜ਼ਲੀਲ ਕਰਦੇ ਹਨ।

ਮਣੀਪੁਰ ਵਿੱਚ ਵੀ ਇੱਕ ਧਿਰ ਆਪਣੇ ਆਪ ਨੂੰ ਜੇਤੂ ਮੰਨ ਰਹੀ ਹੈ। ਦੂਜੇ ਨੂੰ ਹਾਰਿਆ ਦਿਖਾ ਰਹੀ ਹੈ। ਉਹ ਵੀਡੀਓ ਦੇਖੋ। ਬੇਵੱਸ ਕੁੜੀਆਂ ਨਾਲ ਟੱਪ ਰਹੇ ਨੌਜਵਾਨ ਕਿੰਨੇ ਜੋਸ਼ ਵਿੱਚ ਹਨ।

ਅਜਿਹਾ ਨਹੀਂ ਹੈ ਕਿ ਅਜਿਹੀ ਜਿੱਤ ਦਾ ਜੋਸ਼ ਸਿਰਫ਼ ਔਰਤਾਂ ਵਿਰੁੱਧ ਹਿੰਸਾ ਵਿੱਚ ਹੀ ਪਾਇਆ ਜਾਂਦਾ ਹੈ। ਕਈ ਮਰਦਾਂ ਨੂੰ ਵੀ ਅਜਿਹੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿੱਥੇ ਇੱਕ ਗਰੁੱਪ ਦੂਜੇ ਗਰੁੱਪ ਦੇ ਬੰਦੇ ਦੀਆਂ ਮੁੱਛਾਂ ਕੱਟ ਦਿੰਦਾ ਹੈ। ਸਿਰ ਦੇ ਵਾਲ ਕਟਵਾ ਦਿੰਦੇ ਹਨ। ਭਾਵ, ਉਹ ਉਨ੍ਹਾਂ ਨੂੰ ਮਰਦਾਨਗੀ ਦੀ ਅਖੌਤੀ ਪਛਾਣ ਤੋਂ ਵਾਂਝਾ ਕਰਕੇ ਉਨ੍ਹਾਂ ਦਾ ਅਪਮਾਨ ਕਰਦੇ ਹਨ।

ਨਫ਼ਰਤ ਤੇ ਨਫ਼ਰਤ ਦੀ ਸਿਆਸਤ

ਭੀੜ ਦਾ ਜੇਤੂ ਉਤਸ਼ਾਹ ਨਫ਼ਰਤ ਤੋਂ ਬਿਨਾਂ ਸੰਭਵ ਨਹੀਂ ਹੈ। ਇਹ ਨਫ਼ਰਤ ਭਰੀ ਸਿਆਸਤ ਤੋਂ ਬਿਨਾਂ ਸੰਭਵ ਨਹੀਂ ਹੈ।

ਸਿਆਸਤ ਦਾ ਅਰਥ ਹੈ ਨਫ਼ਰਤ ਨੂੰ ਸੋਚ ਦਾ ਰੂਪ ਦੇਣਾ। ਨਫ਼ਰਤ ਦੀ ਵਰਤੋਂ ਸਿਆਸੀ ਮੁਨਾਫ਼ੇ ਲਈ ਕੀਤੀ ਜਾਂਦੀ ਹੈ। ਨਫ਼ਰਤ ਦੇ ਆਧਾਰ 'ਤੇ ਸਮਾਜ ਨੂੰ ਦੋ ਜਾਂ ਦੋ ਤੋਂ ਵੱਧ ਧੜਿਆਂ ਵਿੱਚ ਵੰਡਣਾ ਹੈ।

ਇਹ ਭਾਵਨਾ ਪੈਦਾ ਕਰਨਾ ਕਿ ਇੱਕ ਦੀ ਹੋਂਦ ਦੂਜੇ ਲਈ ਖ਼ਤਰਨਾਕ ਹੈ। ਇਸ ਨਫ਼ਰਤ ਦੀ ਸਿਆਸਤ ਦਾ ਪਿੱਤਰਸੱਤਾ ਵਾਲੇ ਵਿਚਾਰਾਂ ਨਾਲ ਸੁਮੇਲ ਅਤੇ ਇੱਕ ਨਵੀਂ ਕਿਸਮ ਦੀ ਹਿੰਸਕ ਮਰਦਾਨਗੀ ਦਾ ਉਭਾਰ ਅਜਿਹੀਆਂ ਘਟਨਾਵਾਂ ਵਿੱਚ ਸਹਿਜੇ ਹੀ ਦੇਖਿਆ ਜਾ ਸਕਦਾ ਹੈ।

ਇਸ ਦਾ ਕੀ ਨਤੀਜਾ ਨਿਕਲਿਆ?

ਪਿਛਲੇ ਕੁਝ ਸਾਲਾਂ ਵਿੱਚ ਜਿਨਸੀ ਹਿੰਸਾ ਦੇ ਮਾਮਲੇ ਵਿੱਚ ਮੁਲਜ਼ਮਾਂ ਦੇ ਧਰਮ, ਜਾਤ ਅਤੇ ਕੌਮੀਅਤ ਨੂੰ ਵੇਖਦਿਆਂ ਅਸੀਂ ਖੁੱਲ੍ਹੇਆਮ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਜਾਂ ਚੁੱਪ ਰਹਿੰਦੇ ਹਾਂ। ਇਸ ਦੌਰਾਨ ਅਸੀਂ ਜਿਨਸੀ ਹਿੰਸਾ ਦਾ ਸਾਹਮਣਾ ਕਰ ਰਹੀਆਂ ਕੁੜੀਆਂ ਅਤੇ ਔਰਤਾਂ ਵਿਰੁੱਧ ਹੁੰਦੇ ਰਹੇ ਹਾਂ।

ਅਜੋਕੇ ਸਮੇਂ ਵਿੱਚ ਸਾਡੇ ਆਲੇ-ਦੁਆਲੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਜਿੱਥੇ ਸਾਨੂੰ ਇੱਕ ਸਮਾਜ ਵਜੋਂ ਜਿਨਸੀ ਹਿੰਸਾ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਕੀਤਾ।

ਇੰਨਾ ਹੀ ਨਹੀਂ, ਇਸ ਸਿਆਸਤ ਦਾ ਹੀ ਨਤੀਜਾ ਹੈ ਕਿ ਸੋਚ ਅਨੁਸਾਰ ਸੂਬਾ ਵੀ ਸਰੀਰਕ ਹਿੰਸਾ ਦੇ ਮੁਲਜ਼ਮਾਂ ਦੇ ਨਾਲ ਕਿਤੇ ਨਾ ਕਿਤੇ ਖੜ੍ਹਾ ਨਜ਼ਰ ਆ ਰਿਹਾ ਹੈ।

ਜੇਕਰ ਅਜਿਹਾ ਨਾ ਹੁੰਦਾ ਤਾਂ ਦੋ ਮਹੀਨੇ ਪਹਿਲਾਂ ਮਣੀਪੁਰ 'ਚ ਵਾਪਰੀ ਘਟਨਾ 'ਤੇ ਕਾਰਵਾਈ ਹੋ ਜਾਂਦੀ।

ਇੰਨਾ ਹੀ ਨਹੀਂ, ਇਸ ਵੀਡੀਓ ਦੇ ਆਉਣ ਤੋਂ ਬਾਅਦ ਵੀ ਕਈ ਲੋਕ ਅਜਿਹੇ ਹਨ, ਜੋ ਚੁਟਕੀ ਨਾਲ ਗੱਲਾਂ ਕਰ ਰਹੇ ਹਨ।

ਉਹ ਇਸ ਹਿੰਸਾ ਦੀ ਗੱਲ ਦੇ ਜਵਾਬ ਵਿੱਚ ਉਹ ਕੁਝ ਹੋਰ ਹਿੰਸਾ ਦਾ ਹਵਾਲਾ ਦੇਣਾ ਸ਼ੁਰੂ ਕਰ ਦਿੰਦੇ ਹਨ।

ਜਦੋਂ ਅਸੀਂ ਇੱਕ ਹਿੰਸਾ ਦਾ ਦੂਸਰੀ ਹਿੰਸਾ ਵਿਰੁੱਧ ਹਵਾਲਾ ਦਿੰਦੇ ਹਾਂ ਤਾਂ ਅਸੀਂ ਹਿੰਸਾ ਦਾ ਵਿਰੋਧ ਨਹੀਂ ਕਰ ਰਹੇ ਹੁੰਦੇ ਪਰ ਹਿੰਸਾ ਦਾ ਸਮਰਥਨ ਕਰ ਰਹੇ ਹਾਂ। ਇਹ ਸਾਡੇ ਸਮਾਜ ਦੇ ਹਿੰਸਕ ਅਤੇ ਔਰਤ ਵਿਰੋਧੀ ਹੋਣ ਦੀ ਵੱਡੀ ਨਿਸ਼ਾਨੀ ਹੈ।

  • ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
  • ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
  • ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
  • ਇਸ ਮਾਮਲੇ ਨੂੰ ਲੈ ਕੇ ਮੈਤੇਈ ਤੇ ਕੁਕੀ ਭਚਾਰਿਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
  • ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ 142 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 60,000 ਲੋਕ ਬੇਘਰ ਹੋ ਚੁੱਕੇ ਹਨ
  • ਸੂਬਾ ਸਰਕਾਰ ਮੁਤਾਬਕ ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
  • ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
  • ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ

ਜਿਨਸੀ ਹਿੰਸਾ 'ਤੇ ਨਫ਼ਰਤ ਦੀ ਸਿਆਸਤ ਦਾ ਪਰਛਾਵਾਂ

ਆਪਸੀ ਨਫਰਤ ਤੇ ਨਫਰਤ ਦੀ ਇਹ ਸਿਆਸਤ ਸਾਨੂੰ ਕਿਸੇ ਥਾਂ ਦੀ ਨਹੀਂ ਛੱਡੇਗੀ। ਨਫਰਤ ਅਤੇ ਨਫਰਤ ਦੀ ਸਿਆਸਤ ਵਿੱਚ ਅਸੀਂ ਅੱਖਾਂ ਬੰਦ ਕਰ ਲਈਆਂ ਹਨ। ਇਸੇ ਲਈ ਅਸੀਂ ਆਪਣੀ ਸਹੂਲਤ ਅਨੁਸਾਰ ਜਿਨਸੀ ਹਿੰਸਾ ਨੂੰ ਦੇਖਦੇ ਹਾਂ।

ਕੁਝ ਦਿਨ ਪਹਿਲਾਂ ਦੀ ਗੱਲ ਹੈ। ਦੇਸ਼ ਦੀਆਂ ਨਾਮਵਰ ਮਹਿਲਾ ਭਲਵਾਨਾਂ ਧਰਨੇ 'ਤੇ ਬੈਠੀਆਂ ਸਨ। ਉਹ ਰੌਲਾ ਪਾ ਰਹੀਆਂ ਸਨ ਅਤੇ ਕਹਿ ਰਹੀਆਂ ਸੀ ਕਿ ਸਾਡੇ ਨਾਲ ਜਿਨਸੀ ਹਿੰਸਾ ਹੋਈ ਹੈ। ਕਿਉਂਕਿ ਉਨ੍ਹਾਂ ਦਾ ਧਰਨਾ ਕਿਸੇ ਖਾਸ ਕਿਸਮ ਦੀ ਸਿਆਸਤ ਨੂੰ ਪਸੰਦ ਨਹੀਂ ਸੀ, ਇਸ ਲਈ ਉਨ੍ਹਾਂ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਉਹਨਾਂ ਦਾ ਮਜ਼ਾਕ ਉਡਾਇਆ ਗਿਆ। ਉਨ੍ਹਾਂ ਤੋਂ ਸਬੂਤ ਮੰਗੇ ਗਏ।

ਪਰ ਉਨ੍ਹਾਂ ਕੋਲ ਦਿਖਾਉਣ ਲਈ ਕੋਈ ਡਰਾਉਣੀ ਵੀਡੀਓ ਨਹੀਂ ਸੀ। ਇਸੇ ਕਾਰਨ ਉਹ ਕਈ ਮਹੀਨੇ ਤੱਕ ਧਰਨੇ ਲਗਾਉਂਦੀਆਂ ਰਹੀਆਂ। ਸਾਡਾ ਸਮਾਜ ਕੰਨਾਂ ਵਿੱਚ ਤੇਲ ਪਾ ਕੇ ਸੁੱਤਾ ਪਿਆ ਸੀ।

ਭਾਵੇਂ ਹੁਣ ਇਸ ਕੇਸ ਦੀ ਸੁਣਵਾਈ ਕਾਨੂੰਨੀ ਪ੍ਰਕਿਰਿਆ ਤਹਿਤ ਚੱਲ ਰਹੀ ਹੈ ਪਰ ਇਸ ਸਾਰੇ ਮਾਮਲੇ ਨੂੰ ਸਿਆਸਤ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ।

ਅਜਿਹਾ ਕੁਝ ਹੋਰ ਘਟਨਾਵਾਂ ਵਿੱਚ ਵੀ ਹੋਇਆ ਹੈ।

ਕਠੂਆ, ਬਿਲਕਿਸ ਤੇ ਮੁਜ਼ੱਫਰਨਗਰ ਯਾਦ ਹੈ?

ਜੰਮੂ-ਕਸ਼ਮੀਰ ਦੇ ਕਠੂਆ 'ਚ ਇੱਕ ਬੱਚੀ ਨਾਲ ਸਮੂਹਿਕ ਸਰੀਰਕ ਹਿੰਸਾ ਹੋਈ ਸੀ। ਇਸ ਹਿੰਸਾ ਦਾ ਕਾਰਨ ਧਾਰਮਿਕ ਨਫ਼ਰਤ ਸੀ। ਸਭ ਤੋਂ ਪਹਿਲਾਂ, ਉਸ ਜਿਨਸੀ ਹਿੰਸਾ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਇਸ ਵਿੱਚ ਕੋਈ ਸਫਲਤਾ ਨਹੀਂ ਮਿਲਦੀ ਤਾਂ ਇਸ ਤੋਂ ਬਾਅਦ ਮੁਲਜ਼ਮਾਂ ਦੇ ਹੱਕ ਵਿੱਚ ਜਲੂਸ ਕੱਢੇ ਜਾਂਦੇ ਹਨ।

ਜੇ ਇਹ ਬੱਚੀ ਨਾਲ ਜਿਨਸੀ ਹਿੰਸਾ ਨੂੰ ਜਾਇਜ਼ ਮੰਨਣਾ ਨਹੀਂ ਸੀ, ਤਾਂ ਹੋਰ ਕੀ ਸੀ? ਜੇਕਰ ਜਿਨਸੀ ਹਿੰਸਾ ਦੇ ਮੁਲਜ਼ਮ ਨੂੰ ਕਿਸੇ ਸਮੂਹ ਦਾ ਹੀਰੋ ਨਹੀਂ ਬਣਾਇਆ ਗਿਆ ਸੀ ਤਾਂ ਹੋ ਕੀ ਸੀ?

21 ਸਾਲ ਪਹਿਲਾਂ ਗੋਧਰਾ ਰੇਲ ਕਾਂਡ ਤੋਂ ਬਾਅਦ ਗੁਜਰਾਤ ਵਿੱਚ ਵੱਡੀ ਫਿਰਕੂ ਹਿੰਸਾ ਹੋਈ ਸੀ। ਬਿਲਕਿਸ ਅਤੇ ਉਸਦੇ ਪਰਿਵਾਰਕ ਮੈਂਬਰ ਦਾਹੋਦ ਜ਼ਿਲ੍ਹੇ ਵਿੱਚ ਹਿੰਸਾ ਤੋਂ ਬਚਣ ਲਈ ਭੱਜ ਰਹੇ ਸਨ।

ਬਿਲਕਿਸ ਦੀ ਉਮਰ 21 ਸਾਲ ਸੀ ਤੇ ਉਹ ਗਰਭਵਤੀ ਸੀ। ਬਿਲਕੀਸ ਨਾਲ ਹਿੰਸਕ ਭੀੜ ਨੇ ਸਮੂਹਿਕ ਬਲਾਤਕਾਰ ਕੀਤਾ ਸੀ। ਉਸ ਦੇ ਪਰਿਵਾਰ ਦੇ 14 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਵਿੱਚ ਉਹਨਾਂ ਦੀ ਤਿੰਨ ਸਾਲ ਦੀ ਬੇਟੀ ਵੀ ਸੀ।

ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਮੂਹਿਕ ਬਲਾਤਕਾਰ ਮਾਮਲੇ 'ਚ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਾਰੇ ਲੋਕ ਵੱਖ-ਵੱਖ ਕਾਨੂੰਨੀ ਤਰੀਕੇ ਵਰਤ ਕੇ ਜੇਲ੍ਹ ਵਿੱਚੋਂ ਆਉਂਦੇ-ਜਾਂਦੇ ਰਹਿੰਦੇ ਸਨ।

ਇੱਕ ਸਾਲ ਪਹਿਲਾਂ ਇਨ੍ਹਾਂ 11 ਲੋਕਾਂ ਦੀ ਸਜ਼ਾ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਸੀ। ਉਹ ਸਾਰੇ ਬਾਹਰ ਆ ਗਏ।

ਬਾਹਰ ਆ ਕੇ ਉਹ ‘ਹੀਰੋ’ ਬਣ ਗਏ। ਕਿਸ ਦੇ ਹੀਰੋ? ਭਾਈਚਾਰੇ ਦੇ? ਧਰਮ ਦੇ?

2013 ਵਿੱਚ ਮੁਜ਼ੱਫਰਨਗਰ ਵਿੱਚ ਫਿਰਕੂ ਹਿੰਸਾ ਹੋਈ। ਇੱਥੇ ਕਈ ਔਰਤਾਂ ਨਾਲ ਬਲਾਤਕਾਰ ਦੀਆਂ ਖ਼ਬਰਾਂ ਆ ਰਹੀਆਂ ਹਨ।

ਇੱਥੇ ਵੀ ਬਲਾਤਕਾਰ ਦਾ ਕਾਰਨ ਇੱਕ ਵਿਸ਼ੇਸ਼ ਧਾਰਮਿਕ ਪਛਾਣ ਸੀ। ਇਸ ਦਾ ਮਕਸਦ ਮਹਿਲਾ ਭਾਈਚਾਰੇ 'ਤੇ ਹਮਲਾ ਕਰਨਾ ਸੀ।

ਕੁਝ ਕੇਸ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਵਾਪਸ ਲੈ ਲਏ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਨੌਂ ਸਾਲ ਬਾਅਦ ਇੱਕ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਸਵਾਲ ਇਹ ਹੈ ਕਿ ਗੁਜਰਾਤ ਹੋਵੇ ਜਾਂ ਮੁਜ਼ੱਫਰਨਗਰ, ਦੋਹਾਂ ਥਾਵਾਂ 'ਤੇ ਫਿਰਕੂ ਦੰਗਿਆਂ ਵਿੱਚ ਇਕ ਭਾਈਚਾਰੇ ਦੀਆਂ ਔਰਤਾਂ ਨੂੰ ਦੂਜੇ ਭਾਈਚਾਰੇ ਦੇ ਮਰਦਾਂ ਨੇ ਨਿਸ਼ਾਨਾ ਕਿਉਂ ਬਣਾਇਆ? ਪਰ ਹਮਲੇ ਦਾ ਮਕਸਦ ਮਾਰਨਾ ਨਹੀਂ ਸੀ।

ਜਿੱਥੇ ਝਗੜਾ, ਉੱਥੇ ਔਰਤਾਂ ਨਿਸ਼ਾਨਾ

ਦੁਨੀਆ ਭਰ ਵਿੱਚ ਜਿੱਥੇ ਕਿਤੇ ਵੀ ਭਾਈਚਾਰਿਆਂ ਵਿੱਚ ਟਕਰਾਅ ਹੁੰਦਾ ਹੈ, ਉੱਥੇ ਔਰਤਾਂ ਹੀ ਨਿਸ਼ਾਨਾ ਹੁੰਦੀਆਂ ਹਨ। ਖਾਸ ਕਰਕੇ ਕਮਜ਼ੋਰ ਪੱਖ ਦੀਆਂ ਔਰਤਾਂ।

ਸਾਡੇ ਦੇਸ਼ ਵਿੱਚ ਅਜ਼ਾਦੀ ਅਤੇ ਵੰਡ ਸਮੇਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ।

ਉਸ ਦੌਰ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਇੱਕ ਦੂਜੇ ਦੀਆਂ ਔਰਤਾਂ ਨੂੰ ਅਗਵਾ ਕਰ ਲੈਂਦੇ ਸਨ। ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦੇ ਸਨ। ਇਹ ਮੰਨ ਕੇ ਕਿ ਅਸੀਂ ਦੂਜੇ ਦੀ ‘ਇੱਜ਼ਤ ਲੁੱਟ ਲਈ’ ਹੈ ਅਤੇ ਦੂਜੇ ਉੱਤੇ ‘ਜਿੱਤ’ ਹਾਸਿਲ ਕਰ ਲਈ ਹੈ।

ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਸਮੇਂ ਬੰਗਲਾ ਬੋਲਣ ਕਾਰਨ ਉੱਥੇ ਔਰਤਾਂ ਨਾਲ ਬਹੁਤ ਜ਼ਿਆਦਾ ਜਿਨਸੀ ਹਿੰਸਾ ਹੋਈ ਸੀ।

ਪੂਰਬੀ ਯੂਰਪ ਵਿੱਚ ਬੋਸਨੀਆ ਦੀਆਂ ਔਰਤਾਂ ਨਾਲ, ਮਿਆਂਮਾਰ ਵਿੱਚ ਰੋਹਿੰਗਿਆ ਔਰਤਾਂ ਨਾਲ, ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈਐਸਆਈਐਸ) ਦੇ ਨਾਲ ਯਜ਼ੀਦੀ ਔਰਤਾਂ ਨੂੰ ਸੈਕਸ ਗੁਲਾਮਾਂ ਵਜੋਂ ਵਰਤ ਕੇ ਜਿਨਸੀ ਹਿੰਸਾ ਹੋਈ।

ਕੀ ਇਹ ਸਭ ਚੱਲਦਾ ਰਹੇਗਾ?

ਜਿੱਥੇ ਸੰਘਰਸ਼ ਹੁੰਦਾ ਹੈ, ਉੱਥੇ ਔਰਤਾਂ ਨੂੰ ਇਹ ਸਭ ਝੱਲਣਾ ਪੈਂਦਾ ਹੈ।

ਜੇਕਰ ਅਸੀਂ ਚਾਹੁੰਦੇ ਹਾਂ ਕਿ ਅਜਿਹੀ ਜਿਨਸੀ ਹਿੰਸਾ ਬੰਦ ਹੋਵੇ ਤਾਂ ਹੇਠ ਲਿਖੇ ਕੁਝ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ:

  • ਅਜਿਹੀ ਹਿੰਸਾ ਨੂੰ ਇਕੱਲੇ ਵਿਅਕਤੀ ਵਿਰੁੱਧ ਜਿਨਸੀ ਹਿੰਸਾ ਸਮਝਣਾ ਗਲਤ ਹੋਵੇਗਾ। ਇਹ ਜਿਨਸੀ ਹਿੰਸਾ ਭਾਈਚਾਰੇ ਵਿਰੁੱਧ ਹੈ। ਇਹ ਸਮਾਜ ਦੇ ਬੁਨਿਆਦੀ ਢਾਂਚੇ ਅਤੇ ਸੰਵਿਧਾਨ ਦੇ ਵਿਰੁੱਧ ਹੈ। ਇਹ ਔਰਤ ਜਾਤੀ ਦੇ ਮਾਣ-ਸਨਮਾਨ ਦੇ ਵਿਰੁੱਧ ਹੈ। ਇਸ ਲਈ ਸਭ ਤੋਂ ਪਹਿਲਾਂ ਇਸ ਕਿਸਮ ਦੀ ਜਿਨਸੀ ਹਿੰਸਾ ਨੂੰ ਕਾਨੂੰਨੀ ਤੌਰ 'ਤੇ ਇੱਕ ਵੱਖਰੀ ਕਿਸਮ ਦੀ ਸਰੀਰਕ ਹਿੰਸਾ ਮੰਨਿਆ ਜਾਣਾ ਚਾਹੀਦਾ ਹੈ।
  • ਇਸ ਦੇ ਲਈ ਸਮੇਂ ਸਿਰ ਕੇਸ ਦਾ ਨਿਪਟਾਰਾ ਕਰਨਾ ਜ਼ਰੂਰੀ ਹੈ। ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਜ਼ਰੂਰੀ ਹੈ। ਸਮਾਜਿਕ ਤੌਰ 'ਤੇ ਸਜ਼ਾ ਅਤੇ ਜੁਰਮਾਨਾ ਹੋਣਾ ਚਾਹੀਦਾ ਹੈ। ਉਸ ਇਲਾਕੇ ਦੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
  • ਸੂਬਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਇਸ ਲਈ ਅਜਿਹੀਆਂ ਘਟਨਾਵਾਂ ਵਿੱਚ ਸੂਬੇ ਨੂੰ ਜ਼ਿੰਮੇਵਾਰ ਠਹਿਰਾਉਣਾ ਬਣਦਾ ਹੈ।
  • ਇੱਜ਼ਤ ਦੀ ਮਰਦਾਨਾ ਸੋਚ ਨੂੰ ਰੱਦ ਕਰਨਾ ਪਵੇਗਾ। ਔਰਤ ਦੇ ਕੁਝ ਜਿਨਸੀ ਅੰਗ ਕਿਸੇ ਫਿਰਕੇ, ਧਰਮ ਜਾਂ ਕੌਮ ਦੀ ਇੱਜ਼ਤ ਦੇ ਰਾਖੇ ਨਹੀਂ ਹੁੰਦੇ, ਇਸ ਨੂੰ ਸਮਝਣਾ ਅਤੇ ਸਮਝਾਉਣਾ ਪੈਣਾ।
  • ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੰਡਿਆ ਅਤੇ ਮਰਦਾਂ ਨੂੰ ਇਨਸਾਨ ਬਣਨਾ ਪੈਣਾ ਹੈ। ਉਹ ਔਰਤਾਂ ਦਾ ਜਲੂਸ ਕੱਢ ਕੇ ਆਪਣੇ ਆਪ ਨੂੰ ਅਣਮਨੁੱਖੀ ਬਣਾ ਰਹੇ ਹਨ।

ਚੇਤੇ ਰਹੇ, ਕੱਲ੍ਹ ਨੂੰ ਜਦੋਂ ਸੰਘਰਸ਼ ਰੁਕੇਗਾ ਤਾਂ ਮੁੰਡੇ-ਕੁੜੀਆਂ ਆਪਣੇ ਧਰਮ, ਜਾਤ, ਕੌਮ ਅਤੇ ਭਾਈਚਾਰੇ ਦੀਆਂ ਔਰਤਾਂ ਦਾ ਜਲੂਸ ਕੱਢਣਗੇ। ਉਹ ਉਹਨਾਂ ਦੀ ਇੱਜ਼ਤ ਨਾਲ ਖੇਡਣਗੇ।

ਆਵਾਜ਼ ਚੁੱਕਣ ਦੀ ਆਦਤ ਪਾਉਣੀ ਪਵੇਗੀ

ਕਿਸੇ ਵੀ ਸੱਭਿਅਕ ਸਮਾਜ ਵਿੱਚ ਅਜਿਹੀ ਹਿੰਸਾ ਨੂੰ ਬਰਦਾਸ਼ਤ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ।

ਜੇਕਰ ਇਹ ਚੀਜ਼ ਲਗਾਤਾਰ ਸਿਰਜੀ ਜਾਂਦੀ ਹੈ ਤਾਂ ਇੱਕ ਸੱਭਿਅਕ ਸਮਾਜ ਦੇ ਰੂਪ ਵਿੱਚ ਸਾਨੂੰ ਜਲਦੀ ਤੋਂ ਜਲਦੀ ਆਪਣੇ ਬਾਰੇ ਸਮੂਹਿਕ ਤੌਰ 'ਤੇ ਸੋਚਣਾ ਚਾਹੀਦਾ ਹੈ।

ਸਾਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਇਹ ਵੀਡੀਓ ਨਾ ਆਈ ਹੁੰਦੀ ਤਾਂ ਕੀ ਅਸੀਂ ਜਿਨਸੀ ਹਿੰਸਾ ਦੇ ਦੋਸ਼ਾਂ ਨੂੰ ਸਵੀਕਾਰ ਕਰ ਲੈਂਦੇ ਜਾਂ ਨਹੀਂ?

ਜੇਕਰ ਅਸੀਂ ਚਾਹੁੰਦੇ ਹਾਂ ਕਿ ਮਣੀਪੁਰ ਵਰਗੀ ਘਟਨਾ ਦੀ ਕੋਈ ਹੋਰ ਵੀਡੀਓ ਕਿਸੇ ਹੋਰ ਕੋਨੇ ਵਿੱਚੋਂ ਬਾਹਰ ਨਾ ਆਵੇ ਤਾਂ ਸਮਾਜ ਦੇ ਤੌਰ 'ਤੇ ਸਾਨੂੰ ਤੁਰੰਤ ਕੁਝ ਕੰਮ ਕਰਨੇ ਪੈਣਗੇ।

ਜਿਨਸੀ ਹਿੰਸਾ ਭਾਵੇਂ ਕੋਈ ਵੀ ਕਰੇ, ਸਾਨੂੰ ਇਸ ਦਾ ਵਿਰੋਧ ਕਰਨ ਅਤੇ ਇਸ ਵਿਰੁੱਧ ਆਵਾਜ ਚੁੱਕਣ ਦੀ ਆਦਤ ਪਾਉਣੀ ਪਵੇਗੀ।

ਨਫ਼ਰਤ ਅਤੇ ਨਫ਼ਰਤ ਦੀ ਸਿਆਸਤ ਨੇ ਸਾਨੂੰ ਜਿਨਸੀ ਹਿੰਸਾ ਦੇ ਦੋਸ਼ੀ ਦੇ ਧਰਮ, ਜਾਤ ਅਤੇ ਭਾਈਚਾਰੇ ਦੀ ਗੱਲ ਕਰਨ ਦੀ ਆਦਤ ਪਾ ਦਿੱਤੀ ਹੈ। ਸ਼ੁਰੂਆਤ ਇਸ ਆਦਤ ਨੂੰ ਖਤਮ ਕਰਨ ਤੋਂ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)