ਹਰਦੀਪ ਨਿੱਝਰ ਕਤਲ ਕੇਸ ਵਿੱਚ ਗ੍ਰਿਫ਼ਤਾਰ 3 ਮੁਲਜ਼ਮਾਂ ਦਾ ਕੀ ਹੈ ਪਿਛੋਕੜ, ਭਾਰਤ ਨੇ ਦਿੱਤਾ ਇਹ ਪ੍ਰਤੀਕਰਮ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਕੈਨੇਡਾ ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ 3 ਮਈ ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਾਰੇ ਭਾਰਤੀ ਨਾਗਰਿਕ ਹਨ।

ਬੀਬੀਸੀ ਪੰਜਾਬੀ ਨੇ ਇਨ੍ਹਾਂ ਤਿੰਨਾਂ ਪਰਿਵਾਰਕ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ।

22 ਸਾਲਾ ਕਰਨ ਬਰਾੜ ਦਾ ਪਿਛੋਕੜ ਫ਼ਰੀਦਕੋਟ ਦਾ ਹੈ, ਜਦਕਿ ਕਰਨਪ੍ਰੀਤ ਗੁਰਦਾਸਪੁਰ ਦਾ ਜੰਮਪਲ਼ ਹੈ। ਤੀਜਾ ਮੁਲਜ਼ਮ 22 ਸਾਲਾ ਕਮਲਪ੍ਰੀਤ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ 2023 ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਸ ਕਤਲ ਵਿੱਚ ‘ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ’ ਦੇ ਇਲਜ਼ਾਮ ਲਗਾਏ ਸਨ।

ਪਰ ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ‘ਬੇਬੁਨਿਆਦ’ ਦੱਸਿਆ ਸੀ।

ਸਟੱਡੀ ਪਰਮਿਟ ‘ਤੇ ਕੈਨੇਡਾ ਗਿਆ ਸੀ 22 ਸਾਲਾ ਕਰਨ

ਪੰਜਾਬ ਪੁਲਿਸ ਸੂਤਰਾਂ ਮੁਤਾਬਕ ਕਰਨ ਬਰਾੜ ਦੀ ਉਮਰ 22 ਸਾਲ ਹੈ ਅਤੇ ਉਹ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਨਾਲ ਸਬੰਧਤ ਹੈ। ਇਸ ਇਲਾਕੇ ਦਾ ਪਿੰਡ ਕੋਟ ਸੁਖੀਆ ਉਨ੍ਹਾਂ ਦਾ ਜੱਦੀ ਪਿੰਡ ਹੈ।

ਪੰਜਾਬ ਪੁਲਿਸ ਸੂਤਰਾਂ ਨੇ ਦੱਸਿਆ, "ਕਰਨ ਬਰਾੜ ਨੇ ਕੋਟਕਪੂਰਾ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਉਹ 2020 ਵਿੱਚ ਸਟੱਡੀ ਪਰਮਿਟ 'ਤੇ ਕੈਨੇਡਾ ਚਲਾ ਗਿਆ ਸੀ।"

ਪੁਲਿਸ ਦਾ ਕਹਿਣਾ ਹੈ ਕਿ ਕਰਨ ਛੋਟੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ।

ਗੁਆਂਢੀਆਂ ਅਤੇ ਆਸ-ਪਾਸ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕਰਨ ਦੇ ਦਾਦਾ ਬਲਬੀਰ ਸਿੰਘ ਬਰਾੜ ‘ਕਰਨ ਬਿਸਤਰ ਭੰਡਾਰ’ ਨਾਮ ਦਾ ਇੱਕ ਸਥਾਨਕ ਕਾਰੋਬਾਰ ਚਲਾਉਂਦੇ ਹਨ।

ਕਰਨ ਮਾਪਿਆਂ ਦਾ ਇਕਲੌਤਾ ਪੁੱਤ ਹੈ, ਉਸ ਦਾ ਕਈ ਭੈਣ ਜਾਂ ਭਰਾ ਨਹੀਂ ਹੈ।

ਜਾਣਕਾਰਾਂ ਨੇ ਦੱਸਿਆ ਕਿ ਕਰਨ ਬਰਾੜ ਦੀ ਮਾਤਾ ਰਮਨ ਬਰਾੜ ਅੱਜਕੱਲ ਸਿੰਗਾਪੁਰ ਵਿੱਚ ਰਹਿੰਦੇ ਹਨ, ਉੱਥੇ ਉਹ ਇੱਕ ਨੌਕਰੀ ਕਰਦੇ ਹਨ।

ਕਰਨ ਬਰਾੜ ਦੇ ਪਿਤਾ ਮਨਦੀਪ ਬਰਾੜ ਦੀ ਬੀਤੇ ਮਹੀਨੇ 18 ਅਪ੍ਰੈਲ ਨੂੰ ਮੌਤ ਹੋ ਗਈ ਸੀ, ਜਿਸ ਕਰਕੇ ਕਰਨ ਦੀ ਮਾਤਾ ਭਾਰਤ ਵੀ ਆਏ ਹੋਏ ਸਨ।

ਸ਼ਨੀਵਾਰ ਨੂੰ ਜਦੋਂ ਅਸੀਂ ਉਨ੍ਹਾਂ ਦੇ ਘਰ ਦੇ ਅਡਰੈੱਸ ਉੱਤੇ ਪਹੁੰਚੀ ਤਾਂ ਕਰਨ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ।

ਕਰਨ ਬਰਾੜ ਦੇ ਮੁਹੱਲਾ ਨਿਵਾਸੀਆਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਕਰਨ ਦੇ ਮਾਤਾ ਆਪਣੇ ਰਿਸ਼ਤੇਦਾਰਾਂ ਨਾਲ ਸਵੇਰੇ ਘਰੋਂ ਚਲੇ ਗਏ ਸਨ, ਉਨ੍ਹਾਂ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਦਾਦਾ ਵੀ ਘਰੋਂ ਚਲੇ ਗਏ।

ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਵੀ ਕਰਨ ਦੇ ਘਰ ਗਏ ਸਨ।

ਕਰਨ ਦੇ ਬਹੁਤੇ ਗੁਆਂਢੀ ਇਸ ਮਸਲੇ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ।

ਨਰੇਸ਼ ਕੁਮਾਰ, ਕਰਨ ਦੇ ਘਰ ਦੇ ਨੇੜੇ ਹੀ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ।

ਨਰੇਸ਼ ਨੇ ਦੱਸਿਆ, “ਸਾਨੂੰ ਅੱਜ ਸਵੇਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਸਾਡੇ ਇਲਾਕੇ ਦਾ ਰਹਿਣ ਵਾਲਾ ਕਰਨ ਬਰਾੜ ਕੈਨੇਡਾ ਵਿੱਚ ਇੱਕ ਕੇਸ ਵਿੱਚ ਫੜਿਆ ਗਿਆ ਹੈ।”

ਉਨ੍ਹਾਂ ਦੱਸਿਆ, “ਕਰਨ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ। ਕਰਨ ਬਰਾੜ ਦਾ ਪਾਲਣ ਪੋਸ਼ਣ ਵੀ ਇਥੇ ਹੋਇਆ ਹੈ।”

ਉਨ੍ਹਾਂ ਨੇ ਦੱਸਿਆ ਕਿ ਕਰਨ ਬਰਾੜ ਕਰੀਬ ਸਾਢੇ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ।

ਕਰਨ ਬਰਾੜ ਦਾ ਅਪਰਾਧਿਕ ਰਿਕਾਰਡ?

ਫਰੀਦਕੋਟ ਦੇ ਐਸਪੀ (ਤਫਤੀਸ਼) ਜਸਮੀਤ ਸਿੰਘ ਨੇ ਕਿਹਾ ਕਿ ਕਰਨ ਬਰਾੜ ਦਾ ਕੋਈ ਵੀ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ।

ਹਾਲਾਂਕਿ ਕਰਨ ਦੇ ਪਿਤਾ ਉੱਤੇ ਕਥਿਤ ਧੋਖਾਧੜ੍ਹੀ ਦਾ ਇੱਕ ਕੇਸ ਦਰਜ ਹੋਇਆ ਸੀ।

ਬੀਬੀਸੀ ਪੰਜਾਬੀ ਵੱਲੋਂ ਹਾਸਲ ਕੀਤੀ ਗਈ ਐਫ਼ਆਈਆਰ ਮੁਤਾਬਕ ਕਰਨ ਦੇ ਪਿਤਾ ਮਨਦੀਪ ਸਿੰਘ ਬਰਾੜ ਫਰੀਦਕੋਟ ਜ਼ਿਲ੍ਹੇ ਵਿੱਚ ਕਥਿਤ ਧੋਖਾਧੜੀ ਦੇ ਅਪਰਾਧਿਕ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸਨ।

ਉਨ੍ਹਾਂ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 420 ਤਹਿਤ ਮਾਮਲਾ 1 ਅਪ੍ਰੈਲ 2024 ਨੂੰ ਕੋਟਪੂਰਾ ਥਾਣੇ ਵਿੱਚ ਦਰਜ ਹੋਇਆ ਸੀ।

ਰਵਿੰਦਰਪਾਲ ਸਿੰਘ ਦੀ ਸ਼ਿਕਾਇਤ 'ਤੇ ਮਨਦੀਪ ਸਿੰਘ ਖਿਲਾਫ਼ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਥਾਣੇ 'ਚ ਐੱਫਆਈਆਰ ਦਰਜ ਕੀਤੀ ਸੀ।

ਐਫਆਈਆਰ ਵਿੱਚ ਰਵਿੰਦਰਪਾਲ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਮਨਦੀਪ ਸਿੰਘ ਨੂੰ 2018 ਵਿੱਚ ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਲਈ 2.50 ਲੱਖ ਰੁਪਏ ਦਿੱਤੇ ਪਰ ਮਨਦੀਪ ਨੇ ਨਾ ਉਨ੍ਹਾਂ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਗੁਰਦਾਸਪੁਰ ਦੇ ਕਰਨਪ੍ਰੀਤ ਬਾਰੇ ਕੀ ਜਾਣਕਾਰੀ ਹੈ

ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਕਰਰਨਪ੍ਰੀਤ ਸਿੰਘ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਸੁੰਡਲ ਹੈ।

ਕਰਨਪ੍ਰੀਤ ਆਮ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੇ ਪਿਤਾ ਦੁਬਈ ਵਿੱਚ ਟਰੱਕ ਵੀ ਚਲਾਉਂਦੇ ਰਹੇ ਹਨ।

ਪਿੰਡ ਦੇ ਸਰਪੰਚ ਲਵਦੀਪ ਸਿੰਘ ਅਤੇ ਕਰਨਪ੍ਰੀਤ ਸਿੰਘ ਦੇ ਚਾਚੇ ਦੇ ਪੁੱਤਰ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਕਰਨਪ੍ਰੀਤ ਇੱਕ ਸਧਾਰਨ ਪਰਿਵਾਰ ਵਿੱਚ ਜੰਮਿਆ ਪਲ਼ਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਕਰਨਪ੍ਰੀਤ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਮਗਰੋਂ 2016 ਵਿੱਚ ਦੁਬਈ ਚਲਾ ਗਿਆ ਸੀ, ਜਿੱਥੇ ਉਸ ਨੇ ਆਪਣੇ ਪਿਤਾ ਨਾਲ ਕਰੀਬ ਚਾਰ ਸਾਲ ਟਰੱਕ ਡਰਾਈਵਰ ਵਜੋਂ ਕੰਮ ਕੀਤਾ।

ਕਰਨਪ੍ਰੀਤ ਦੇ ਕੈਨੇਡਾ ਜਾਣ ਬਾਰੇ ਉਨ੍ਹਾਂ ਨੇ ਦਸਿਆ ਕਿ ਕਰਨਪ੍ਰੀਤ ਵਰਕ ਪਰਮਿਟ ਉੱਤੇ ਕੈਨੇਡਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਕਰਨਪ੍ਰੀਤ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੈਨੇਡਾ ਵਿੱਚ ਹੈ, ਉੱਥੇ ਉਹ ਟਰੱਕ ਚਲਾਉਂਦਾ ਸੀ।

ਉਨ੍ਹਾਂ ਅੱਗੇ ਦੱਸਿਆ ਕਰਨਪ੍ਰੀਤ ਦਾ ਇੱਥੇ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਉਹ ਤਾਂ ਸਗੋਂ ਬਹੁਤ ਹੀ ਮਿਲਣਸਾਰ ਸੁਭਾਅ ਦਾ ਹੈ। ਇਸੇ ਲਈ ਪਿੰਡ ਵਾਲੇ ਉਸ ਦੀ ਗ੍ਰਿਫ਼ਤਾਰੀ ਤੋਂ ਕਾਫ਼ੀ ਹੈਰਾਨ ਹਨ।

ਉਨ੍ਹਾਂ ਅੱਗੇ ਦੱਸਿਆ, ''ਕਰਨਪ੍ਰੀਤ ਨੇ ਆਪਣੇ ਪਿੰਡ ਦੇ ਲਾਗਲੇ ਸਕੂਲ ਤੋਂ ਹੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਦੀ ਪੰਜਾਬ ਰਹਿੰਦਿਆਂ ਕਿਸੇ ਅਪਰਾਧਕ ਕਾਰਵਾਈ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।''

ਕਰਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਅਜਿਹੇ ਕਿਸੇ ਜੁਰਮ ਵਿੱਚ ਸ਼ਮੂਲੀਅਤ ਹੋ ਸਕਦੀ ਹੈ।

ਕਰਨਪ੍ਰੀਤ ਦੀਆਂ ਦੋ ਭੈਣਾਂ ਹਨ, ਦੋਵੇਂ ਵਿਆਹੀਆਂ ਹੋਈਆਂ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ ਦੀ ਆਪਣੇ ਪਰਿਵਾਰ ਨਾਲ ਕਰੀਬ ਦੋ ਦਿਨ ਪਹਿਲਾਂ ਹੀ ਗੱਲ ਹੋਈ ਸੀ ਜਿਸ ਵਿੱਚ ਉਨ੍ਹਾਂ ਦੀ ਰੋਜ਼ਾਨਾ ਵਰਗੀ ਹੀ ਗੱਲਬਾਤ ਕੀਤੀ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਨਪ੍ਰੀਤ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਭੇਜਣ ਦਾ ਪ੍ਰਬੰਧ ਕੀਤਾ ਸੀ।

ਕਰਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਬਾਰੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਅਸਰੱਥਾ ਜ਼ਾਹਰ ਕੀਤੀ।

ਕਮਲਪ੍ਰੀਤ ਸਿੰਘ

ਪੰਜਾਬ ਪੁਲਿਸ ਵਲੋਂ ਕੀਤੀ ਗਈ ਹੈ ਕਿ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਕਮਲਪ੍ਰੀਤ ਸਿੰਘ ਜਲੰਧਰ ਜ਼ਿਲ੍ਹੇ ਦੇ ਨਕੋਦਰ ਸਬ ਡਵੀਜ਼ਨ ਦੇ ਪਿੰਡ ਚੱਕ ਕਲਾਂ ਨਾਲ ਸਬੰਧਤ ਹੈ।

ਕਮਲਪ੍ਰੀਤ ਸਿੰਘ ਨੇ ਨਕੋਦਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਸਾਲ 2019 ਵਿੱਚ ਆਪਣੀ +2 ਪੂਰੀ ਕੀਤੀ। ਉਸ ਤੋਂ ਬਾਅਦ ਉਹ ਐਡਮਿੰਟਨ ਵਿੱਚ ਸਟੱਡੀ ਪਰਮਿਟ 'ਤੇ ਕੈਨੇਡਾ ਚਲਾ ਗਿਆ।

ਕਮਲਪ੍ਰੀਤ ਦਾ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਹੈ ਕਿਉਂਕਿ ਉਸਦੇ ਪਿਤਾ ਸਤਨਾਮ ਸਿੰਘ ਦਾ ਆੜ੍ਹਤ ਦਾ ਕੰਮ ਹੈ ਤੇ ਨਾਲ ਹੀ ਉਨ੍ਹਾਂ ਕੋਲ ਪਿੰਡ ਵਿੱਚ ਚੰਗੀ ਜ਼ਮੀਨ ਵੀ ਹੈ।

ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਮਲਪ੍ਰੀਤ ਦੀ ਭੈਣ ਵੀ ਕੈਨੇਡਾ ਵਿੱਚ ਰਹਿੰਦੀ ਹੈ ਜਦੋਂ ਕਿ ਉਸਦੀ ਮਾਂ ਵੀ 2022 ਵਿੱਚ ਉਨ੍ਹਾਂ ਨੂੰ ਮਿਲਣ ਕੈਨੇਡਾ ਗਈ ਸੀ।

ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ, ਅੰਕੁਰ ਗੁਪਤਾ ਨੇ ਬੀਬੀਸੀ ਨੂੰ ਫ਼ੋਨ ਉੱਤੇ ਦੱਸਿਆ, “ਜਿੱਥੋਂ ਤੱਕ ਅਸੀਂ ਜਾਂਚ ਕੀਤੀ ਹੈ, ਕਮਲਪ੍ਰੀਤ ਸਿੰਘ ਦਾ ਜਲੰਧਰ ਜ੍ਹਿਲੇ ਵਿੱਚ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ।

ਕਮਲਪ੍ਰੀਤ ਦੇ ਪਿਤਾ ਸਤਨਾਮ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ਸਾਨੂੰ ਆਪਣੇ ਮੁੰਡੇ ਦੀ ਗ੍ਰਿਫ਼ਤਾਰੀ ਬਾਰੇ ਖ਼ਬਰਾਂ ਤੋਂ ਹੀ ਪਤਾ ਲੱਗਿਆ, ਇਹ ਸਾਡੇ ਲਈ ਦੁੱਖਦਾਇਕ ਹੈ, ਕਮਲਪ੍ਰੀਤ 2019 ਵਿੱਚ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਿਆ ਸੀ। ਉਹ ਪਿਛਲੇ ਕਰੀਬ ਦੋ ਸਾਲਾਂ ਤੋਂ ਗੁਰਦਾਸਪੁਰ ਦੇ ਕਰਨਪ੍ਰੀਤ ਨਾਲ ਰਹਿ ਰਿਹਾ ਸੀ। ਅਸੀਂ ਤੀਜੇ ਮੁਲਜ਼ਮ ਕਰਨ ਬਰਾੜ ਬਾਰੇ ਕਦੇ ਨਹੀਂ ਸੁਣਿਆ।’’

ਭਾਰਤ ਸਰਕਾਰ ਦਾ ਪ੍ਰਤੀਕਰਮ

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਕੈਨੇਡੀਅਨ ਪੁਲਿਸ ਵੱਲੋਂ ਫੜੇ ਗਏ ਤਿੰਨ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਉਡੀਕ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਦੇਖੀਆਂ ਹਨ, “ਕੀ ਭਾਰਤੀਆਂ ਦਾ ਕਿਸੇ ਕਿਸਮ ਦਾ ਗੈਂਗ ਵਾਲਾ ਪਿਛੋਕੜ ਹੈ...ਅਸੀਂ ਪੁਲਿਸ ਵੱਲੋਂ ਸਾਨੂੰ ਦੱਸੇ ਜਾਣ ਦੀ ਉਡੀਕ ਕਰਾਂਗੇ”

“ਲੇਕਿਨ ਜਿਵੇਂ ਮੈਂ ਕਿਹਾ, ਸਾਡੀ ਇੱਕ ਚਿੰਤਾ ਤਾਂ ਇਹ ਹੈ ਕਿ ਜੋ ਅਸੀਂ ਉਨ੍ਹਾਂ ਨੂੰ ਕਹਿੰਦੇ ਰਹੇ ਹਾਂ, ਤੁਹਾਨੂੰ ਪਤਾ ਹੈ, ਉਨ੍ਹਾਂ ਨੇ ਭਾਰਤ ਤੋਂ ਕੈਨੇਡਾ ਵਿੱਚ ਸੰਗਠਿਤ ਅਪਰਾਧ ਹੋਣ ਦਿੱਤਾ ਹੈ, ਖਾਸ ਕਰਕੇ ਪੰਜਾਬ ਤੋਂ।”

ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਕਿ (ਹਾਈ ਕਮਿਸ਼ਨ) ਗ੍ਰਿਫ਼ਤਾਰ ਕੀਤੇ ਗਏ ਤਿੰਨ ਭਾਰਤੀਾਂ ਬਾਰੇ ਕੈਨੇਡੀਅਨ ਅਧਿਕਾਰੀਆਂ ਤੋਂ ਨਿਯਮਤ ਜਾਣਕਾਰੀ ਮਿਲਣ ਦੀ ਉਮੀਦ ਕਰਦਾ ਹੈ।

ਉਨ੍ਹਾਂ ਨੇ ਕਿਹਾ, “ਮੈਂ ਸਮਝਦਾ ਹਾਂ ਕਿ ਇਹ ਗ੍ਰਿਫ਼ਤਾਰੀਆਂ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜਾਂਚ ਦੇ ਨਤੀਜੇ ਵਜੋਂ ਹੋਈਆਂ ਹਨ। ਇਹ ਕੈਨੇਡਾ ਦਾ ਅੰਦਰੂਨੀ ਮੁੱਦਾ ਹੈ ਅਤੇ ਇਸ ਲਈ ਸਾਡੇ ਕੋਲ ਇਸ ਬਾਰੇ ਕਰਨ ਲਈ ਕੋਈ ਟਿੱਪਣੀ ਨਹੀਂ ਹੈ।”

ਹਰਦੀਪ ਸਿੰਘ ਨਿੱਝਰ ਕੌਣ ਸਨ?

ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ।

ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ। ਨਿੱਝਰ ਨੂੰ ਹਾਲ ਹੀ 'ਚ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

ਸੰਤਬਰ 2023 ਟਰੂਡੋ ਭਾਰਤ ਵਿੱਚ ਜੀ20 ਸੰਮੇਲਨ ਵਿੱਚ ਸ਼ਾਮਲ ਹੋਏ ਅਤੇ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਕੈਨੇਡਾ ਦੀ ਸੰਸਦ ਵਿੱਚ 18 ਸਤੰਬਰ ਨੂੰ ਬਿਆਨ ਦਿੱਤਾ ਕਿ ਨਿੱਝਰ ਦੇ ਕਤਲ ਪਿੱਛੇ “ਭਾਰਤ ਸਰਕਾਰ ਦਾ ਸੰਭਾਵੀ ਸੰਬੰਧ ਹੋਣ ਦੇ ਭਰੋਸੇਯੋਗ ਇਲਜ਼ਮਾਂ ਦੀ ਜਾਂਚ ਕੀਤੀ” ਜਾ ਰਹੀ ਹੈ।

ਹਾਲਾਂਕਿ ਮੋਦੀ ਸਰਕਾਰ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਗੈਰ-ਨਿਆਂਇਕ ਕਤਲਾਂ ਵਿੱਚ ਆਪਣੀ ਸ਼ਮੂਲੀਅਤ ਦੇ ਇਲਜ਼ਮਾਂ ਤੋਂ ਇਨਕਾਰ ਕੀਤਾ ਹੈ।

ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਿਕਾਂ ਦੀ ਡਿਪਲੋਮੈਟਿਕ ਇਮਿਊਨਿਟੀ ਰੱਦ ਕਰ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰਕੇ ਵਾਪਸ ਬੁਲਾਉਣ ਲਈ ਕਿਹਾ।

ਇਸ ਕਾਰਨ ਕੈਨੇਡੀਅਨ ਸਫਾਰਤਖਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ।

ਭਾਰਤ ਨੇ ਕਿਹਾ ਸੀ ਕਿ ਕੈਨੇਡਾ ਸਿੱਖ ਵੱਖਵਾਦੀਆਂ ਨੂੰ ਜੋ ਖੁੱਲ਼੍ਹ ਦੇ ਰਿਹਾ ਹੈ ਉਹ ਭਾਰਤ ਲਈ ਹੀ ਨਹੀਂ ਸਗੋਂ ਕੈਨੇਡਾ ਦੇ ਮਾਹੌਲ ਲਈ ਵੀ ਸਹੀ ਨਹੀਂ ਹੈ।

ਮਈ 2024 ਦੇ ਪਹਿਲੇ ਹਫ਼ਤੇ ਦੌਰਾਨ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਨਿੱਝਰ ਦੇ ਕਤਲ ਅਤੇ ਭਾਰਤ ਨਾਲ ਰਿਸ਼ਤਿਆਂ ਦਾ ਜ਼ਿਕਰ ਕੀਤਾ ਅਤੇ ਭਾਰਤ ਨੇ ਇਸ ਬਾਰੇ ਇਤਰਾਜ਼ ਜਤਾਇਆ।

ਤਾਜ਼ਾ ਘਟਨਾਕ੍ਰਮ ਵਿੱਚ ਕੈਨੇਡਾ ਪੁਲਿਸ ਨੇ ਨਿੱਝਰ ਦੇ ਕਤਲ ਦੇ ਸੰਬੰਧ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)