You’re viewing a text-only version of this website that uses less data. View the main version of the website including all images and videos.
ਜਲੰਧਰ ਜ਼ਿਮਨੀ ਚੋਣ: 'ਆਪ', ਕਾਂਗਰਸ ਤੇ ਭਾਜਪਾ ਲਈ ਵਕਾਰ ਦੀ ਲੜਾਈ ਬਣੀ, ਅਕਾਲੀਆਂ ਅਤੇ ਬਸਪਾ ਨੇ ਕਿਉਂ ਲਿਆ ਵੱਡਾ ਫੈਸਲਾ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
“ਸਾਡੇ ਹਲਕੇ ਜਲੰਧਰ ਪੱਛਮੀ ਵਿੱਚ ਨਸ਼ਿਆਂ ਦੀ ਵਿਕਰੀ ਤੇ ਗ਼ੈਰ ਕਾਨੂੰਨੀ ਲਾਟਰੀ ਦਾ ਕੰਮ ਬਹੁਤ ਜ਼ੋਰਾਂ 'ਤੇ ਚਲਦਾ ਹੈ। ਲੋਕ ਪਹਿਲਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ ਅਤੇ ਫਿਰ ਲੜਾਈ-ਝਗੜੇ ਹੁੰਦੇ ਹਨ।”
ਇਹ ਕਹਿਣਾ ਹੈ ਦਿਓਲ ਨਗਰ ਦੇ ਰਾਮ ਕੁਮਾਰ ਦਾ ਜੋ ਬਿਲਡਿੰਗ ਮਟੀਰੀਅਲ ਦਾ ਕੰਮ ਕਰਦੇ ਹਨ।
ਰਾਜ ਕੁਮਾਰ ਅੱਗੇ ਕਹਿੰਦੇ ਹਨ, "ਨਸ਼ੇੜੀ ਫਿਰ ਕਥਿਤ ਤੌਰ 'ਤੇ ਮੋਬਾਈਲ ਜਾਂ ਚੇਨ ਖੋਹਦੇ ਹਨ ਜਾਂ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਕੋਈ ਵੀ ਵਿਅਕਤੀ ਦਿਨ ਦਿਹਾੜੇ ਸੁਰੱਖਿਅਤ ਮਹਿਸੂਸ ਨਹੀਂ ਕਰਦਾ।”
“ਨਗਰ ਨਿਗਮ ਨਾਲ ਸਬੰਧਤ ਕੰਮ ਪੂਰੀ ਤਰ੍ਹਾਂ ਠੱਪ ਪਏ ਹਨ ਜਿਵੇਂ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ ਦਾ ਓਵਰਫਲੋਅ ਹੋਣਾ ਵਗੈਰਾ।"
ਉਨ੍ਹਾਂ ਕਿਹਾ, “ਪੰਜਾਬ ਸਰਕਾਰ ਨੂੰ ਸਾਡੇ ਮਸਲੇ ਹੱਲ ਕਰਨੇ ਚਾਹੀਦੇ ਹਨ। ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਲਾਟਰੀ ਨੂੰ ਬੰਦ ਕਰਨਾ ਚਾਹੀਦਾ ਹੈ।”
ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ । ਇਹਨਾਂ ਚੋਣਾਂ ਦਾ ਨਤੀਜਾ 13 ਜੁਲਾਈ ਨੂੰ ਐਲਾਨਿਆ ਜਾਵੇਗਾ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।
ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਭਾਜਪਾ ਦੇ ਸਾਬਕਾ ਆਗੂ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ।
ਮੋਹਿੰਦਰ ਭਗਤ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਚੂੰਨੀ ਲਾਲ ਭਗਤ ਦਾ ਪੁੱਤਰ ਹੈ। ਉਹ 2022 ਵਿੱਚ ਭਾਜਪਾ ਦੇ ਉਮੀਦਵਾਰ ਵਜੋਂ ਇਸ ਹਲਕੇ ਤੋਂ ਵਿਧਾਨ ਸਭਾ ਚੋਣ ਲੜੇ ਸਨ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਇਸ ਸੀਟ ਤੋਂ ਸਾਬਕਾ ਡਿਪਟੀ ਮੇਅਰ ਅਤੇ ਚਾਰ ਵਾਰ ਕੌਂਸਲਰ ਸੁਖਵਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਜਦਕਿ ਭਾਜਪਾ ਨੇ ‘ਆਪ’ ਦੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ’ਤੇ ਦਾਅ ਖੇਡਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋ ਵਾਰ ਕੌਂਸਲਰ ਸੁਰਜੀਤ ਕੌਰ ਨੂੰ ਟਿਕਟ ਦਿੱਤੀ ਸੀ ਪਰ ਹੁਣ ਇਹ ਦਾਅਵਾ ਕਰਦਿਆਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਕਿ ਸੁਰਜੀਤ ਕੌਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਬਗਾਵਤ ਕਰਨ ਵਾਲੇ ਧੜੇ ਨਾਲ ਸਬੰਧਤ ਹੈ।
'ਆਪ', ਕਾਂਗਰਸ, ਭਾਜਪਾ ਲਈ ਵਕਾਰ ਦੀ ਲੜਾਈ
ਜਲੰਧਰ ਪੱਛਮੀ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਲਈ ਵੱਡੇ ਵਕਾਰ ਦੀ ਲੜਾਈ ਬਣ ਗਈ ਹੈ।
ਆਮ ਆਦਮੀ ਪਾਰਟੀ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿੱਚੋਂ ਸਿਰਫ਼ 3 ਲੋਕ ਸਭਾ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਣ ਤੋਂ ਬਾਅਦ ਜਲੰਧਰ ਪੱਛਮੀ ਸੀਟ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਕਿਰਾਏ 'ਤੇ ਮਕਾਨ ਲੈ ਲਿਆ ਹੈ।
ਉਹ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਹਿੰਦੇ ਹਨ, "ਦੁਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਆਪਣੇ ਮੁੱਦਿਆਂ ਲਈ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਉਹਨਾਂ ਦੇ ਮਸਲੇ ਇਥੇ ਹੀ ਹੱਲ ਕਰ ਦਿੱਤੇ ਜਾਣਗੇ।"
ਕਾਂਗਰਸ ਪਾਰਟੀ ਵਲੋਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪਾਰਟੀ ਉਮੀਦਵਾਰ ਲਈ ਪ੍ਰਚਾਰ ਦੀ ਅਗਵਾਈ ਕਰ ਰਹੇ ਹਨ, ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਇਸ ਸੀਟ 'ਤੇ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ।
ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ 1,76,000 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕਰਵਾਈ ਹੈ, ਜਿਸ ਵਿੱਚੋਂ ਉਨ੍ਹਾਂ ਨੂੰ ਜਲੰਧਰ ਪੱਛਮੀ ਹਲਕੇ ਤੋਂ 44394 ਵੋਟਾਂ ਮਿਲੀਆਂ।
ਭਾਜਪਾ ਵੀ ਇਹ ਸੀਟ ਜਿੱਤਣ ਲਈ ਯਤਨਸ਼ੀਲ ਹੈ ਕਿਉਂਕਿ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਪੱਛਮੀ ਹਲਕੇ ਤੋਂ 42837 ਵੋਟਾਂ ਮਿਲੀਆਂ ਹਨ ਜੋ ਕਾਂਗਰਸ ਤੋਂ ਸਿਰਫ 1400 ਵੋਟਾਂ ਘੱਟ ਸਨ।
ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਆਦਾ ਵਾਜੂਦ ਨਹੀਂ ਹੈ ਕਿਉਂਕਿ ਉਸ ਨੂੰ ਸਿਰਫ਼ 2623 ਵੋਟਾਂ ਮਿਲੀਆਂ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਗੀ ਧੜੇ ਦੇ ਆਗੂਆਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਜਗੀਰ ਕੌਰ ਨੂੰ ਸਵਾਲ ਕੀਤਾ ਕਿ ਤੁਸੀਂ ਇੱਕ ਗਰੀਬ ਪਰਿਵਾਰ ਨੂੰ ਜਲਦਬਾਜ਼ੀ ਵਿੱਚ ਜ਼ਿਮਨੀ ਚੋਣ ਲਈ ਮਜਬੂਰ ਕਰ ਦਿੱਤਾ ਹੈ।
ਚੀਮਾ ਨੇ ਕਿਹਾ, "ਬਸਪਾ ਨੇ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਨੂੰ ਸਮਰਥਨ ਦੀ ਬੇਨਤੀ ਕੀਤੀ ਪਰ ਇਨ੍ਹਾਂ ਆਗੂਆਂ ਨੇ ਸੁਰਜੀਤ ਕੌਰ ਨੂੰ ਚੋਣਾਂ ਵਿੱਚ ਖੜ੍ਹਾ ਕਰ ਦਿੱਤਾ।"
ਜਲੰਧਰ ਪੱਛਮੀ ਸੀਟ 'ਤੇ ਭਾਈਚਾਰੇ ਦਾ ਗਣਿਤ
ਜਲੰਧਰ ਪੱਛਮੀ ਸੀਟ 'ਤੇ ਮੁੱਖ ਤੌਰ 'ਤੇ ਰਵਿਦਾਸੀਆ, ਵਾਲਮੀਕਿ ਅਤੇ ਭਗਤ ਭਾਈਚਾਰਾ ਸਮੇਤ ਤਿੰਨ ਭਾਈਚਾਰਿਆ ਦਾ ਦਬਦਬਾ ਹੈ।
ਇਸ ਤੋਂ ਇਲਾਵਾ ਹਲਕੇ ਵਿੱਚ ਸ਼ਹਿਰ ਦੇ ਝੁੱਗੀ-ਝੌਂਪੜੀ ਵਾਲੇ ਖੇਤਰ ਸ਼ਾਮਲ ਹਨ। ਇਸ ਹਲਕੇ ਵਿੱਚ ਜਲੰਧਰ ਸ਼ਹਿਰ ਦੇ ਚਮੜਾ ਉਦਯੋਗ ਅਤੇ ਖੇਡਾਂ ਦੇ ਉਦਯੋਗ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵੱਡੀ ਆਬਾਦੀ ਹੈ ਕਿਉਂਕਿ ਜਲੰਧਰ ਸ਼ਹਿਰ ਚਮੜਾ ਤੇ ਖੇਡਾਂ ਦੇ ਉਦਯੋਗ ਦਾ ਕੇਂਦਰ ਹੈ।
ਪ੍ਰੋਫੈਸਰ ਜੀਸੀ ਕੌਲ ਨੇ ਬੀਬੀਸੀ ਨੂੰ ਦੱਸਿਆ ਕਿ ਜਲੰਧਰ ਪੱਛਮੀ ਪਹਿਲਾਂ ਜਲੰਧਰ ਦੱਖਣੀ ਸੀਟ ਸੀ ਜਿੱਥੋਂ ਦਰਸ਼ਨ ਸਿੰਘ ਕੇਪੀ ਤਿੰਨ ਵਾਰ ਵਿਧਾਇਕ ਰਹੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਵੀ ਦੋ ਵਾਰ ਵਿਧਾਇਕ ਬਣੇ।
ਫਿਰ ਇਹ ਸੀਟ ਜਲੰਧਰ ਪੱਛਮੀ ਬਣ ਗਈ ਜਿੱਥੋਂ ਭਗਤ ਚੁੰਨੀ ਲਾਲ ਦੋ ਵਾਰ ਵਿਧਾਇਕ ਰਹੇ ਅਤੇ ਭਾਜਪਾ-ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹੇ।
ਪ੍ਰੋਫ਼ੈਸਰ ਕੌਲ ਦਾ ਕਹਿਣਾ ਹੈ, “ਭਗਤ ਭਾਈਚਾਰੇ ਦਾ ਜਲੰਧਰ ਪੱਛਮੀ ਹਲਕੇ ਵਿੱਚ ਮਹੱਤਵਪੂਰਨ ਵੋਟ ਸ਼ੇਅਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਭਗਤ ਕਬੀਰ ਧਾਮ ਦੇ ਐਲਾਨ ਕਰਕੇ ਭਗਤ ਭਾਈਚਾਰੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।
ਲੋਕਾਂ ਦੀਆਂ ਮੰਗਾਂ ਅਤੇ ਮੁੱਦੇ
ਐਡਵੋਕੇਟ ਸਤਪਾਲ ਵਿਰਦੀ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, “ਜਲੰਧਰ ਪੱਛਮੀ ਬੂਟਾ ਮੰਡੀ ਦਾ ਇਲਾਕਾ ਕਦੇ ਚਮੜਾ ਉਦਯੋਗ ਦਾ ਧੁਰਾ ਹੁੰਦਾ ਸੀ ਪਰ ਲਗਾਤਾਰ ਸਰਕਾਰਾਂ ਦੀਆਂ ਨੀਤੀਆਂ ਨੇ ਇਸ ਨੂੰ ਖਤਮ ਕਰ ਦਿੱਤਾ ਜਿਸ ਕਾਰਨ ਵੱਡੀ ਗਿਣਤੀ ਵਿੱਚ ਬੇਰੁਜ਼ਗਾਰੀ ਪੈਦਾ ਹੋਈ।”
“ਪੰਜਾਬ ਸਰਕਾਰ ਨੂੰ ਕਿਸੇ ਵੱਡੇ ਪ੍ਰੋਜੈਕਟ ਨਾਲ ਇਲਾਕੇ ਦੀ ਆਰਥਿਕਤਾ ਨੂੰ ਉੱਚਾ ਚੁੱਕਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੀਵਰੇਜ ਅਤੇ ਨਸ਼ਿਆਂ ਦੀ ਸਮੱਸਿਆ ਤਾਂ ਬਣੀ ਹੋਈ ਹੈ।''
ਰਵਿੰਦਰ ਧੀਰ ਪੰਜਾਬ ਖੇਡ ਅਯੋਗ ਸੰਘ ਦੇ ਪ੍ਰਧਾਨ ਹਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਨਅਤ ਨੂੰ ਉੱਚਾ ਚੁੱਕਣ ਲਈ ਜਲੰਧਰ ਵਿੱਚ ਲਘੂ ਖੇਡ ਸਮਾਨ ਉਦਯੋਗ ਲਈ ਨਵਾਂ ਫੋਕਲ ਪੁਆਇੰਟ ਸਥਾਪਤ ਕੀਤਾ ਜਾਵੇ। ਇਸ ਤੋਂ ਇਲਾਵਾ ਸਰਕਾਰ ਨੂੰ ਖੇਡਾਂ ਲਈ ਖੋਜ ਅਤੇ ਵਿਕਾਸ ਕੇਂਦਰ ਸਥਾਪਤ ਕਰਨਾ ਚਾਹੀਦਾ ਹੈ।
ਜਲੰਧਰ ਦੇ ਸੀਨੀਅਰ ਪੱਤਰਕਾਰ, ਰਾਕੇਸ਼ ਸ਼ਾਂਤੀਦੂਤ ਦਾ ਕਹਿਣਾ ਹੈ, "ਜ਼ਿਮਨੀ ਚੋਣ ਵਿੱਚ ਮੁੱਖ ਮੁੱਦੇ ਸੱਤਾਧਾਰੀ ਪਾਰਟੀ ਦੇ ਖਿਲਾਫ ਹੀ ਹੁੰਦੇ ਹਨ, ਇੱਥੋਂ ਤੱਕ ਕਿ ਮਹਿੰਦਰ ਭਗਤ ਦਾ ਪਰਿਵਾਰ ਜਦੋਂ ਅਕਾਲੀ ਦਲ-ਭਾਜਪਾ ਦੇ ਰਾਜ ਦੌਰਾਨ ਸੱਤਾ ਵਿੱਚ ਸੀ, ਪੱਛਮੀ ਹਲਕੇ ਲਈ ਬਹੁਤਾ ਬੇਮਿਸਾਲ ਕੰਮ ਨਹੀਂ ਕਰ ਸਕਿਆ।"
'ਆਪ' ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੀ ਹੈ।
'ਆਪ' ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਤ ਨੇ ਬੀਬੀਸੀ ਨੂੰ ਦੱਸਿਆ ਕਿ, “ਅਸੀਂ ਮੁਹੱਲਾ ਕਲੀਨਿਕਾਂ ਸਮੇਤ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਜਲੰਧਰ ਪੱਛਮੀ ਦੇ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ। ਜਦਕਿ ਅਸੀਂ ਉਨ੍ਹਾਂ ਦੇ ਸਥਾਨਕ ਮੁੱਦਿਆਂ ਜਿਵੇਂ ਕਿ ਜਲ ਸਪਲਾਈ, ਬਿਜਲੀ ਨੂੰ ਹੱਲ ਕਰ ਰਹੇ ਹਾਂ।”
ਵਿਰੋਧੀ ਧਿਰ ਵੱਲੋਂ ਜਲੰਧਰ ਪੱਛਮੀ ਵਿੱਚ ਨਸ਼ਿਆਂ ਅਤੇ ਗੈਰ-ਕਾਨੂੰਨੀ ਲਾਟਰੀ ਦੇ ਇਲਜ਼ਾਮਾਂ ਬਾਰੇ ਪੁੱਛੇ ਜਾਣ 'ਤੇ ਹਰਚੰਦ ਸਿੰਘ ਕਹਿੰਦੇ ਹਨ, "ਇਹ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦੁਆਰਾ ਸ਼ੁਰੂ ਕੀਤਾ ਗਿਆ ਸੀ ਜਦੋਂ ਕਿ ਅਸੀਂ ਨਸ਼ਿਆਂ ਅਤੇ ਗੈਰ-ਕਾਨੂੰਨੀ ਲਾਟਰੀ ਦੇ ਗਠਜੋੜ ਨੂੰ ਖਤਮ ਕਰ ਰਹੇ ਹਾਂ"।