ਜਥੇਦਾਰ ਹਰਪ੍ਰੀਤ ਸਿੰਘ ਦੇ ਕਿਹੜੇ ਫੈਸਲੇ ਤੇ ਬਿਆਨਾਂ ਨੇ ਉਨ੍ਹਾਂ ਦੇ ਜਾਣ ਦਾ ਰਾਹ ਤੈਅ ਕੀਤਾ ਹੋ ਸਕਦਾ ਹੈ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਦਾ ਨਵਾਂ ਜਥੇਦਾਰ ਬਣਾਇਆ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਦਾ ਕਾਰਜਕਾਲ ਕਈ ਵੱਡੇ ਉਤਾਰ-ਚੜਾਵਾਂ ਵਿੱਚੋਂ ਲੰਘਿਆ ਜਿਸ ਦੌਰਾਨ ਉਹ ਖੁੱਲ ਕੇ ਸਿੱਖਾਂ ਦੇ ਮੁੱਦਿਆਂ ਉਪਰ ਬੋਲੇ, ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕੀਤੀ, ਕੇਂਦਰ ਸਰਕਾਰ ਦੇ ਲਿਆਂਦੇ ਸੀਏਏ ਖਿਲਾਫ਼ ਮੁਸਲਮਾਨਾਂ ਦੇ ਸੰਘਰਸ਼ ਦੀ ਹਿਮਾਇਤ ਕੀਤੀ।

ਉਹ ਪਿਛਲੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ‘ਜਥੇਦਾਰ ਦੀ ਜ਼ਿੰਮੇਵਾਰੀ’ ਨੂੰ ਲੈ ਕੇ ਆਹਮੋ-ਸਾਹਮਣੇ ਹੋਏ।

ਪਰ ਮਾਹਿਰਾਂ ਦਾ ਮੰਨਣਾ ਹੈ ਕਿ ਹਰਪ੍ਰੀਤ ਸਿੰਘ ਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਦੀ ਮੰਗਣੀ ’ਤੇ ਜਾਣ ਨੇ ਅਤੇ ਉਹਨਾਂ ਵੱਲੋਂ ਆਪਣੇ ਆਪ ਨੂੰ ‘ਬਾਦਲ ਪਰਿਵਾਰ ਤੋਂ ਵੱਖ ਦਿਖਾਉਣ’ ਦੀ ਪਹੁੰਚ ਨੇ, ਉਨ੍ਹਾਂ ਦੀਆਂ ਸ਼੍ਰੋਮਣੀ ਕਮੇਟੀ ਨਾਲ ਦੂਰੀਆਂ ਵਧਾ ਦਿੱਤੀਆਂ।

ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਅਕਤੂਬਰ 2018 ਵਿੱਚ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਸੀ।

ਸਿੱਖ ਭਾਈਚਾਰੇ ਵਿੱਚ ਗੁਰਬਚਨ ਸਿੰਘ ਦੇ ਕਾਰਜਕਾਲ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਕਾਰਨ ਰੋਸ ਸੀ। ਰਾਮ ਰਹੀਮ ’ਤੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾਉਣ ਦਾ ਇਲਜ਼ਾਮ ਲੱਗਾ ਸੀ।

ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਸੀ ਤਾਂ ਉਸ ਸਮੇਂ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ।

ਹਰਪ੍ਰੀਤ ਸਿੰਘ ਨੇ ਧਰਮ ਅਧਿਐਨ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਰੱਬ ਦੇ ਵੱਖਰੇ-ਵੱਖਰੇ ਨਾਵਾਂ ਉੱਤੇ ਪੀਐੱਚਡੀ ਕਰ ਰਹੇ ਸਨ।

‘ਸੰਸਥਾਵਾਂ ਨੂੰ ਕੰਟਰੋਲ ਕਰਨ ਵਾਲੀਆਂ ਸ਼ਕਤੀਆਂ ਨਾਲ ਵਿਰੋਧ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ੁਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵੈ-ਇੱਛਾ ਨਾਲ ਅਹੁਦਾ ਛੱਡਿਆ ਹੈ।

ਧਾਮੀ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ‘ਅਹੁਦੇ ਤੋਂ ਲਾਹੇ ਗਏ’ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਣਗੇ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਗਿਆਨੀ ਹਰਪ੍ਰੀਤ ਸਿੰਘ ਦੀ ਸ਼ੁਰੂਆਤ ਬਹੁਤ ਵਧੀਆ ਸੀ। ਉਨ੍ਹਾਂ ਤੋਂ ਆਸ ਵੱਜੀ ਸੀ ਕਿ ਉਹ ਪੰਥ ਨਾਲ ਸਬੰਧਤ ਮਾਮਲਿਆਂ ਨੂੰ ਚੁੱਕਣਗੇ। ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਸਮੇਂ ਉਹਨਾਂ ਬਹੁਤ ਸ਼ਾਨਦਾਰ ਭਾਸ਼ਣ ਦਿੱਤਾ ਸੀ। ਪਰ ਕੁੱਝ ਸਮੇਂ ਬਾਅਦ ਉਹ ਪਟੜੀ ਤੋਂ ਲਹਿ ਗਏ ਅਤੇ ਲੱਗਾ ਕਿ ਦਬਾਅ ਹੇਠ ਹਨ।”

ਜਗਤਾਰ ਸਿੰਘ ਅਨੁਸਾਰ, “ਉਨ੍ਹਾਂ ਨੇ ਪੁਰਾਣੇ ਜਥੇਦਾਰਾਂ ਵਾਲਾ ਰਾਹ ਫੜ ਲਿਆ। ਉਹ ਗਲਤ ਮੁੱਦਿਆਂ ’ਤੇ ਸ਼੍ਰੋਮਣੀ ਕਮੇਟੀ ਦੀ ਵਕਾਲਤ ਕਰਨ ਲੱਗੇ। ਪਰ ਇੱਕ ਸਮੇਂ ਬਾਅਦ ਸਥਿਤੀ ਅਜਿਹੀ ਆਈ ਕਿ ਉਹ ਕਦੇ ਇੱਧਰ-ਕਦੇ ਉਧਰ ਹੋਣ ਲੱਗੇ। ਉਹ ਰਾਘਵ ਚੱਢਾ ਦੇ ਸਮਾਗਮ ਵਿੱਚ ਚਲੇ ਗਏ। ਹਰਪ੍ਰੀਤ ਸਿੰਘ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਹੁਣ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ, ਇਹ ਕਿਸਾਨਾਂ-ਮਜ਼ਦੂਰਾਂ ਦੀ ਪਾਰਟੀ ਨਹੀਂ ਰਹੀ।”

ਜਗਤਾਰ ਸਿੰਘ ਕਹਿੰਦੇ ਹਨ, “ਇਹਨਾਂ ਨੇ ਇਹ ਵੀ ਕਿਹਾ ਕਿ ਪੀਟੀਸੀ ਤੋਂ ਗੁਰਬਾਣੀ ਦੇ ਅਧਿਕਾਰ ਲੈ ਲਓ ਅਤੇ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਪ੍ਰਬੰਧ ਕਰੇ। ਇਹ ਕਦੇ ਵੀ ਲਾਗੂ ਨਹੀਂ ਹੋਇਆ। ਲੱਗਦਾ ਅਜਿਹੇ ਆਦੇਸ਼ ਦੇਣ ਨਾਲ ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ।”

ਉਹ ਕਹਿੰਦੇ ਹਨ, “ਹਰਪ੍ਰੀਤ ਸਿੰਘ ਖਿਲਾਫ਼ ਆਮ ਸਿੱਖਾਂ ਦਾ ਵਿਰੋਧ ਨਹੀਂ ਸੀ। ਮੈਨੂੰ ਲੱਗਦਾ ਜੋ ਸ਼ਕਤੀਆਂ ਸਿੱਖ ਸੰਸਥਾਵਾਂ ਨੂੰ ਕੰਟਰੋਲ ਕਰਦੀਆਂ ਹਨ, ਉਹਨਾਂ ਨਾਲ ਉਨ੍ਹਾਂ ਦਾ ਵਿਰੋਧ ਪੈਦਾ ਹੋ ਗਿਆ ਸੀ।”

ਡਾਇਰੈਕਟਰ ਗੁਰਚਰਨ ਸਿੰਘ ਟੋਹੜਾ ਅਡਵਾਂਸ ਇੰਟੀਚਿਊਟ ਆਫ਼ ਸਿੱਖ ਸਟੱਡੀਜ਼, ਬਹਾਦਰਗੜ, ਪਟਿਆਲਾ ਦੇ ਪ੍ਰੋਫੈਸਰ ਬਲਕਾਰ ਸਿੰਘ ਕਹਿੰਦੇ ਹਨ, “ਸ਼੍ਰੋਮਣੀ ਕਮੇਟੀ ਅਫ਼ਸਰਸ਼ਾਹੀ ਤਰ੍ਹਾਂ ਕੰਮ ਕਰਦੀ ਹੈ ਅਤੇ ਜੋ ਉਹਨਾਂ ਦੇ ਕਹਿਣੇ ਵਿੱਚ ਨਹੀਂ ਰਹਿੰਦਾ, ਉਸ ਨੂੰ ਹਟਾ ਦਿੱਤਾ ਜਾਂਦਾ ਹੈ।”

ਗਿਆਨੀ ਹਰਪ੍ਰੀਤ ਸਿੰਘ ਨੇ ਕੀ ਲਿਖਿਆ?

ਗਿਆਨੀ ਰਘਬੀਰ ਸਿੰਘ ਨੂੰ ਨਵੇਂ ਜਥੇਦਾਰ ਥਾਪੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਪ੍ਰਤੀਕਰਮ ਸੋਸ਼ਲ ਮੀਡੀਆ ’ਤੇ ਦਿੱਤਾ।

ਉਨ੍ਹਾਂ ਲਿਖਿਆ, “ਕੋਟਿ ਕੋਟਿ ਸ਼ੁਕਰ, ਅਕਾਲ ਪੁਰਖ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ। ਪਾਤਸ਼ਾਹ ਜੀ! ਆਪਣੀ ਮਿਹਰ ਰੱਖਣਾ ਤੇ ਪਤ ਬਖਸ਼ਣਾ।”

ਗਿਆਨੀ ਹਰਪ੍ਰੀਤ ਸਿੰਘ ਬਾਰੇ ਖਾਸ ਗੱਲਾਂ:

  • ਗਿਆਨੀ ਹਰਪ੍ਰੀਤ ਸਿੰਘ 1997 ਵਿੱਚ ਸ਼੍ਰੋਮਣੀ ਕਮੇਟੀ ਅੰਦਰ ਪ੍ਰਚਾਰਕ ਵਜੋਂ ਭਰਤੀ ਹੋਏ ਸਨ ਅਤੇ ਜੁਲਾਈ 1999 ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਕਥਾਵਾਚਕ/ਮੁੱਖ ਗ੍ਰੰਥੀ ਬਣੇ।
  • 17 ਸਾਲ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣੀ।
  • ਹਰਪ੍ਰੀਤ ਸਿੰਘ ਅਕਤੂਰ 2018 ਵਿੱਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਬਣੇ ਸਨ
  • ਉਹ ਸਿੱਖਾਂ ਭਾਈਚਾਰੇ ਅਤੇ ਹੋਰ ਘੱਟ ਗਿਣਤੀਆਂ ਦਾ ਹੱਕਾਂ ਲਈ ਖੁੱਲ ਕੇ ਬੋਲਦੇ ਹਨ
  • ਗਿਆਨੀ ਹਰਪ੍ਰੀਤ ਸਿੰਘ ਦੋ ਬੇਟੀਆਂ ਦੇ ਪਿਤਾ ਹਨ।
  • ਗਿਆਨੀ ਹਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਰੱਬ ਦੇ ਵੱਖਰੇ-ਵੱਖਰੇ ਨਾਵਾਂ ਉੱਤੇ ਪੀਐੱਚਡੀ ਕਰ ਰਹੇ ਸਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹੜੇ ਮਹੱਤਵਪੂਰਨ ਬਿਆਨ ਦਿੱਤੇ ਸਨ?

  • ਇਸ ਸਾਲ 27 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਪੰਥਕ ਇਕੱਠ ਦੌਰਾਨ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਕਿ ਉਹ ਪੰਜਾਬ ਵਿੱਚ ਪਿਛਲੇ ਦਿਨੀਂ ਗ੍ਰਿਫ਼ਤਾਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰੇ।
  • ਉਸ ਸਮੇਂ ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੈਂਕੜੇ ਕਾਰਕੁਨਾਂ ਖ਼ਿਲਾਫ਼ ਪੁਲਿਸ ਕਾਰਵਾਈ ਚੱਲ ਰਹੀ ਸੀ।
  • ਗਿਆਨੀ ਹਰਪ੍ਰੀਤ ਸਿੰਘ ਨੇ ਐਨਆਰਸੀ ਅਤੇ ਸੀਏਏ ਖਿਲਾਫ਼ ਵਿਰੋਧ ਕਰ ਰਹੇ ਮੁਸਲਮਾਨਾਂ ਦੇ ਸੰਘਰਸ਼ ਦਾ ਸਮਰਥਨ ਕੀਤੀ ਸੀ।
  • ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ, ''ਪੰਜਾਬ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਗੁੰਮਰਾਹ ਕਰਕੇ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸਭ ਸਰਕਾਰ ਦੀ ਨੱਕ ਥੱਲੇ ਹੋ ਰਿਹਾ ਹੈ।''
  • ਹਰਪ੍ਰੀਤ ਸਿੰਘ ਨੇ ਕਿਹਾ ਸੀ, “ਪੰਜਾਬ ਵਿੱਚ 625 ਸੈਂਟਰ ਖੁੱਲ ਚੁੱਕੇ ਹਨ ਜਿੱਥੇ ਟੈਸਟ ਟਿਊਬ ਰਾਹੀਂ ਬੱਚਿਆਂ ਦੇ ਜਨਮ ਹੋ ਰਹੇ ਹਨ। ਗੈਰ-ਪੰਜਾਬੀਆਂ ਦਾ ਸੀਮਨ ਆ ਰਿਹਾ ਹੈ।..ਇਹ ਸੋਚਣ ਵਾਲੀ ਗੱਲ਼ ਹੈ ਕਿ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਉਜਾੜਿਆ ਜਾ ਰਿਹਾ ਹੈ।”

ਅਕਾਲ ਤਖ਼ਤ ਸਾਹਿਬ ਕੀ ਹੈ?

ਅਕਾਲ ਤਖ਼ਤ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ।

ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਅਕਾਲ ਤਖ਼ਤ ਪ੍ਰਮੁੱਖ ਹੈ। ਅਕਾਲ ਤਖ਼ਤ ਦੀ ਸਥਾਪਨਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ, 15 ਜੂਨ, 1606 ਨੂੰ ਕੀਤੀ ਸੀ। ਇਸ ਦਾ ਪਹਿਲਾ ਨਾਂ ਅਕਾਲ ਬੁੰਗਾ ਸੀ।

ਇੱਥੇ ਗੁਰੂ ਸਾਹਿਬ ਸਿੱਖਾਂ ਦੇ ਸਿਆਸੀ ਅਤੇ ਸਮਾਜਿਕ ਮਸਲਿਆਂ ਦੇ ਹੱਲ ਕਰਿਆ ਕਰਦੇ ਸਨ। ਇਤਿਹਾਸਕ ਤੌਰ 'ਤੇ ਇਹ ਹਰਿਮੰਦਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।

ਇਤਿਹਾਸਕ ਰਵਾਇਤ ਮੁਤਾਬਕ ਗੁਰੂ ਸਾਹਿਬ ਨੇ ਇਸ ਦਾ ਨਿਰਮਾਣ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਨਿਰਮਾਣ ਲਈ ਕੱਢੀ ਮਿੱਟੀ ਦੇ ਢੇਰ ਨਾਲ ਬਣੇ ਉੱਚੇ ਸਥਾਨ 'ਤੇ ਕੀਤਾ ਸੀ।

ਅਕਾਲ ਤਖ਼ਤ ਦੀ ਅਹਿਮੀਅਤ?

ਸਿੱਖਾਂ ਦੇ ਪੰਜ ਤਖ਼ਤ ਹਨ- ਅਕਾਲ ਤਖ਼ਤ ਸਾਹਿਬ, ਕੇਸ਼ਗੜ੍ਹ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਦਮਦਮਾ ਸਾਹਿਬ।

ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੁੰਦੇ ਹਨ।

ਰਵਾਇਤ ਹੈ ਕਿ ਜਥੇਦਾਰਾਂ ਦੀਆਂ ਇਨ੍ਹਾਂ ਬੈਠਕਾਂ ਵਿੱਚ ਸਿੱਖ ਧਰਮ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਕੀਤੀ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਗੁਰਮਤਿ ਮਰਿਆਦਾ ਦੇ ਆਧਾਰ ’ਤੇ ਢੁਕਵਾਂ ਫ਼ੈਸਲਾ ਲਿਆ ਜਾਂਦਾ ਹੈ।

ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲ ਦੇਖਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖ਼ਪਾਤ ਦੇ ਨਿਰੋਲ ਪੰਥਕ ਰਵਾਇਤਾਂ, ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫੀ ਅਤੇ ਗੁਰ-ਮਰਿਆਦਾ ਦੀ ਰੌਸ਼ਨੀ ਵਿੱਚ ਹੀ ਆਪਣੇ ਫ਼ੈਸਲੇ ਕਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)