ਕੀ ਚੁਗਲੀਆਂ ਕਰਨਾ ਗ਼ਲਤ ਹੈ? ਇਸ ਬਾਰੇ ਖੋਜ ਅਤੇ ਮਾਹਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
ਚੁਗ਼ਲੀਆਂ ਤੁਹਾਡੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਤੁਹਾਡੇ ਵਿਵਹਾਰ ਅਤੇ ਸ਼ਖਸੀਅਤ ਦਾ ਸ਼ੀਸ਼ਾ ਵੀ ਹੋ ਸਕਦੀਆਂ ਹਨ, ਕੁਝ ਲਈ ਮਨੋਰੰਜਨ ਹੁੰਦਾ ਹੈ, ਜਦਕਿ ਕਈਆਂ ਲਈ ਇਹ 'ਪਾਪ' ਹੁੰਦਾ ਹੈ।
ਪਰ ਕੀ ਇਹ ਗੱਲਾਂ ਸੱਚ ਹਨ, ਇਸ ਬਾਰੇ ਖੋਜ ਅਤੇ ਮਾਹਿਰਾਂ ਦੀ ਕੀ ਰਾਏ ਹੈ?
ਮਾਨਵ-ਵਿਗਿਆਨੀ ਮੰਨਦੇ ਹਨ ਕਿ ਚੁਗਲੀਆਂ ਇੱਕ ਅਜਿਹਾ ਵਤੀਰਾ ਹੈ ਜੋ ਲਗਭਗ ਹਰ ਸੱਭਿਆਚਾਰ ਵਿੱਚ ਦੇਖਿਆ ਜਾਂਦਾ ਹੈ, ਭਾਵੇਂ ਉਹ ਸ਼ਹਿਰ ਹੋਵੇ ਜਾਂ ਪਿੰਡ।
ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿੱਚ ਵਿਕਾਸਵਾਦੀ ਮਾਨਵ-ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਡਾ. ਨਿਕੋਲ ਹੇਜ਼ਨ ਹੇਸ ਕਹਿੰਦੀ ਹੈ, "ਹਰ ਸੱਭਿਆਚਾਰ ਵਿੱਚ, ਲੋਕ ਸਹੀ ਮਾਹੌਲ ਮਿਲਣ 'ਤੇ ਚੁਗਲੀਆਂ ਕਰਦੇ ਹਨ।"
ਆਮ ਤੌਰ ʼਤੇ ਚੁਗਲੀਆਂ ਨੂੰ ਕਿਸੇ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦੀ ਬੁਰਾਈ ਕਰਨਾ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਪਰ ਡਾ. ਹੇਸ ਦਾ ਮੰਨਣਾ ਹੈ ਕਿ ਚੁਗਲੀਆਂ ਦਾ ਘੇਰਾ ਇਸ ਤੋਂ ਕਿਤੇ ਵੱਡਾ ਹੈ। ਉਨ੍ਹਾਂ ਦੇ ਅਨੁਸਾਰ, ਚੁਗਲੀਆਂ ਹਰ ਉਹ ਗੱਲਬਾਤ ਹੈ ਜਿਸ ਵਿੱਚ ਕਿਸੇ ਹੋਰ ਵਿਅਕਤੀ ਦੀ 'ਵੱਕਾਰ ਨਾਲ ਸਬੰਧਤ ਗੱਲਾਂ' ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਉਹ ਸਾਰੀਆਂ ਗੱਲਾਂ ਸ਼ਾਮਲ ਹੋ ਸਕਦੀਆਂ ਹਨ ਜੋ ਸਾਡੇ ਦੋਸਤ, ਪਰਿਵਾਰ, ਸਹਿਯੋਗੀ ਜਾਂ ਇੱਥੋਂ ਤੱਕ ਕਿ ਸਾਡੇ ਵਿਰੋਧੀ ਵੀ ਸਾਡੇ ਬਾਰੇ ਕਹਿੰਦੇ ਹਨ।
ਡਾ. ਹੇਸ ਕਹਿੰਦੀ ਹੈ, "ਮੇਰੇ ਅਨੁਸਾਰ, ਇਹ ਜ਼ਰੂਰੀ ਨਹੀਂ ਹੈ ਕਿ ਚੁਗਲੀ ਹਮੇਸ਼ਾ ਤੀਜੇ ਵਿਅਕਤੀ ਦੀ ਗ਼ੈਰ-ਹਾਜ਼ਰੀ ਵਿੱਚ ਕੀਤੀ ਜਾਵੇ। ਉਹ ਤੁਹਾਡੇ ਸਾਹਮਣੇ ਵੀ ਖੜ੍ਹੇ ਹੋ ਸਕਦੇ ਹਨ। ਜੇਕਰ ਤੁਸੀਂ ਉਨ੍ਹਾਂ ਦੇ ਕੱਪੜਿਆਂ ਜਾਂ ਉਨ੍ਹਾਂ ਦੇ ਕਿਸੇ ਕੰਮ ਬਾਰੇ ਗੱਲ ਕਰ ਰਹੇ ਹੋ, ਤਾਂ ਮੈਂ ਇਸ ਨੂੰ ਵੀ ਚੁਗਲੀਆਂ ਹੀ ਸਮਝਾਂਗੀ।"
ਪਰ ਇਨਸਾਨਾਂ ਵਿੱਚ ਅਜਿਹਾ ਵਿਹਾਰ ਕਿਉਂ ਆਇਆ, ਇਹ ਸਵਾਲ ਅੱਜ ਵੀ ਖੋਜਕਾਰਾਂ ਲਈ ਇੱਕ ਬੁਝਾਰਤ ਹੈ।
ਆਓ ਜਾਣਦੇ ਹਾਂ ਕਿ ਚੁਗਲੀਆਂ ਦੀ ਆਦਤ ਦੇ ਕੀ ਕਾਰਨ ਹੋ ਸਕਦੇ ਹਨ।

ਤਸਵੀਰ ਸਰੋਤ, Getty Images
ਨੇੜਤਾ ਦਾ ਇੱਕ ਸਾਧਨ
ਚੁਗਲੀਆਂ ਦੀ ਸਮਾਜ ਵਿੱਚ ਚੰਗੀ ਭੂਮਿਕਾ ਵੀ ਹੋ ਸਕਦੀ ਹੈ। ਇਸ ਵਿਚਾਰ ਨੂੰ ਵਿਕਾਸਵਾਦੀ ਮਾਨਵ-ਵਿਗਿਆਨ ਦੇ ਪ੍ਰੋਫੈਸਰ ਰੌਬਿਨ ਡਨਬਰ ਨੇ ਪ੍ਰਸਿੱਧ ਕੀਤਾ ਸੀ।
ਉਨ੍ਹਾਂ ਦੇ ਅਨੁਸਾਰ, 'ਪ੍ਰਾਈਮੇਟ' ਵਰਗ ਭਾਵ ਬਾਂਦਰ ਅਤੇ ਨਰਵਾਨਰ ਵਿੱਚ ਗਰੂਮਿੰਗ ਸਿਰਫ਼ ਸਫਾਈ ਲਈ ਨਹੀਂ ਹੈ, ਸਗੋਂ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨ, ਤਣਾਅ ਘਟਾਉਣ ਅਤੇ ਲੜਾਈ ਤੋਂ ਬਾਅਦ ਸੁਲ੍ਹਾ ਕਰਨ ਦਾ ਇੱਕ ਤਰੀਕਾ ਵੀ ਹੈ।
ਡਨਬਾਰ ਇਸ ਨੂੰ 'ਐਲੋਗਰੂਮਿੰਗ' ਕਹਿੰਦੇ ਹਨ। ਉਹ ਮੰਨਦੇ ਹਨ ਕਿ ਮਨੁੱਖਾਂ ਵਿੱਚ ਚੁਗਲੀਆਂ ਇਸ ਐਲੋਗਰੂਮਿੰਗ ਦਾ ਆਧੁਨਿਕ ਰੂਪ ਹੈ। ਉਹ ਇਹ ਵੀ ਕਹਿੰਦੇ ਹਨ ਕਿ ਸ਼ਾਇਦ ਭਾਸ਼ਾ ਵੀ ਇਸ ਲਈ ਵਿਕਸਤ ਹੋਈ ਹੈ ਤਾਂ ਜੋ ਲੋਕ ਚੁਗਲੀਆਂ ਕਰ ਸਕਣ।
ਅਮਰੀਕਾ ਦੀ ਡਾਰਟਮਾਊਥ ਯੂਨੀਵਰਸਿਟੀ ਦੇ 2021 ਦੇ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਇਕੱਠੇ ਗੱਪਾਂ ਮਾਰਨ ਵਾਲੇ ਲੋਕ ਨਾ ਸਿਰਫ਼ ਇੱਕ ਦੂਜੇ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਇੱਕ ਦੂਜੇ ਦੇ ਨੇੜੇ ਵੀ ਆਉਂਦੇ ਹਨ।

ਖੋਜਕਾਰਾਂ ਨੇ ਲਿਖਿਆ, "ਸਾਡਾ ਮੰਨਣਾ ਹੈ ਕਿ ਹਿੱਸੇਦਾਰਾਂ ਨੇ ਆਪਸ ਵਿੱਚ ਸਮਾਨਤਾ ਮਹਿਸੂਸ ਕੀਤੀ, ਜਿਸ ਨਾਲ ਇੱਕ 'ਸਾਂਝੀ ਹਕੀਕਤ' ਪੈਦਾ ਹੋਈ। ਇਸ ਨਾਲ ਉਨ੍ਹਾਂ ਨੇ ਇੱਕ-ਦੂਜੇ ਦੇ ਵਿਹਾਰ ਅਤੇ ਨਜ਼ਰੀਏ ਨੂੰ ਤਾਂ ਬਦਲਿਆ ਹੀ, ਇਸ ਦੇ ਨਾਲ ਹੀ ਉਨ੍ਹਾਂ ਦੇ ਅੰਦਰ ਦਾ ਸਮਾਜਿਕ ਜੁੜਾਵ ਦਾ ਭਾਵ ਵੀ ਪੂਰਾ ਹੋਇਆ।"
ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚੁਗਲੀਆਂ ਗਰੁੱਪ ਵਿੱਚ ਸਹਿਯੋਗ ਨੂੰ ਵਧਾਉਂਦੀਆਂ ਹਨ, ਜਦੋਂ ਲੋਕਾਂ ਨੂੰ ਆਪਸ ਵਿੱਚ ਚੁਗਲੀਆਂ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਗਰੁੱਪ ਗੇਮ ਵਿੱਚ ਜ਼ਿਆਦਾ ਪੈਸੇ ਦੇਣ ਦੀ ਇੱਛਾ ਵੀ ਜ਼ਾਹਿਰ ਕੀਤੀ।
ਖੋਜਕਾਰਾਂ ਨੇ ਕਿਹਾ, "ਚੁਗਲੀਆਂ ਸਿਰਫ਼ ਬੇਕਾਰ ਦੀਆਂ ਗੱਲਾਂ ਨਹੀਂ ਹਨ। ਇਹ ਇਸ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਚੀਜ਼ਾਂ ਹਨ।"
ਪੌਡਕਾਸਟ 'ਨਾਰਮਲ ਗੌਸਿਪ' ਵਿੱਚ ਆਮ ਲੋਕ ਆਪਣੀਆਂ ਚੁਗਲੀਆਂ ਦੇ ਤਜਰਬੇ ਸਾਂਝੇ ਕਰਦੇ ਹਨ। ਇਸਦੀ ਹੋਸਟ ਕੇਲਸੀ ਮੈਕਿਨੀ ਜਾਣਦੀ ਹੈ ਕਿ ਇੱਕ ਮਜ਼ੇਦਾਰ ਕਹਾਣੀ ਅਣਜਾਣ ਲੋਕਾਂ ਨੂੰ ਵੀ ਨੂੰ ਕਰੀਬ ਲਿਆ ਸਕਦੀ ਹੈ।"
ਜਦੋਂ ਲੋਕ ਕੋਵਿਡ ਦੌਰਾਨ ਕੁਆਰੰਟੀਨ ਵਿੱਚ ਸਨ, ਤਾਂ ਅਜਿਹੀਆਂ ਕਹਾਣੀਆਂ ਦੀ ਮਹੱਤਤਾ ਹੋਰ ਵੀ ਵੱਧ ਗਈ।
ਕੇਲਸੀ ਕਹਿੰਦੀ ਹੈ, "ਮੈਨੂੰ ਸਮਝ ਆਇਆ ਕਿ ਇਸ ਦੀ ਕਮੀ ਨੂੰ ਕਿੰਨਾ ਮਹਿਸੂਸ ਕਰ ਰਹੇ ਸੀ।"
ਉਨ੍ਹਾਂ ਦਾ ਮੰਨਣਾ ਹੈ, "ਜੋ ਗੱਲਾਂ ਅਸੀਂ ਕਰਦੇ ਹਾਂ ਅਤੇ ਸੁਣਦੇ ਹਾਂ ਉਸ ਨਾਲ ਦੁਨੀਆ ਨੂੰ ਦੇਖਣ ਦਾ ਸਾਡਾ ਨਜ਼ਰੀਆ ਬਣਦਾ ਹੈ। ਇਸ ਵਿੱਚ ਜੋਖ਼ਮ ਤਾਂ ਹੁੰਦਾ ਹੈ, ਪਰ ਇਸ ਵਿੱਚ ਬਹੁਤ ਚੰਗਾ ਹੁੰਦਾ ਹੈ।"

ਤਸਵੀਰ ਸਰੋਤ, Getty Images
ਸਰਵਾਈਵਲ ਦਾ ਤਰੀਕਾ
ਲੱਖਾਂ ਸਾਲਾਂ ਦੇ ਵਿਕਾਸ ਵਿੱਚ ਇਨਸਾਨਾਂ ਨੇ ਇਹ ਸਿੱਖ ਲਿਆ ਹੈ ਕਿ ਖ਼ੁਦ ਨੂੰ ਹੋਰ ਆਪਣੇ ਆਸੇ-ਪਾਸੇ ਦੇ ਲੋਕਾਂ ਨੂੰ ਸੰਭਾਵਿਤ ਖ਼ਤਰਿਆਂ ਤੋਂ ਕਿਵੇਂ ਬਚਾਇਆ ਜਾਵੇ।
ਕੁਝ ਲੋਕਾਂ ਲਈ ਚੁਗਲੀਆਂ ਵੀ ਸਰਵਾਈਵਲ ਯਾਨਿ ਜ਼ਿੰਦਾ ਰਹਿਣ ਦੀ ਰਣਨੀਤੀ ਦਾ ਇੱਕ ਅਹਿਮ ਹਿੱਸਾ ਹੈ, ਖ਼ਾਸ ਕਰ ਕੇ ਉਦੋਂ ਜਦੋਂ ਕੋਈ ਮੁਸ਼ਕਲ ਹਾਲਾਤ ਤੋਂ ਗੁਜ਼ਰ ਰਿਹਾ ਹੋਵੇ।
ਸਾਡੀ ਜ਼ਿੰਦਗੀ ਅਤੇ ਸਮਾਜ ਵਿੱਚ ਸਾਡਾ ਸਥਾਨ ਸਾਡੀ ਸਾਖ 'ਤੇ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ।
ਡਾ. ਹੇਸ ਦੱਸਦੀ ਹੈ ਕਿ ਜੇਕਰ ਕਿਸੇ ਦੀ ਬਦਨਾਮੀ ਹੋ ਜਾਵੇ, ਤਾਂ ਇਸਦਾ ਪ੍ਰਭਾਵ ਬਹੁਤ ਗੰਭੀਰ ਹੋ ਸਕਦਾ ਹੈ। ਇਹ ਤੁਹਾਡੀ ਸਮਾਜਿਕ ਸਥਿਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਕਮਾਈ ਦੇ ਮੌਕੇ ਘੱਟ ਹੋ ਸਕਦੇ ਹਨ ਅਤੇ ਇੱਥੇ ਤੱਕ ਕਿ ਖਾਣ ਵਰਗੀਆਂ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਸਕਦਾ ਹੈ।
ਉਹ ਕਹਿੰਦੀ ਹੈ, "ਇਸੇ ਲਈ ਨਕਾਰਾਤਮਕ ਚੁਗਲੀਆਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।"
ਡਾ. ਹੇਸ ਦਾ ਮੰਨਣਾ ਹੈ ਕਿ ਚੁਗਲੀਆਂ ਇੱਕ ਤਰ੍ਹਾਂ ਦਾ ਸਮਾਜਿਕ ਕੰਟਰੋਲ ਵੀ ਹੈ। ਲੋਕ ਇਸਦੀ ਵਰਤੋਂ ਆਪਣੀ ਸਮਾਜਿਕ ਸਥਿਤੀ ਨੂੰ ਬਣਾਈ ਰੱਖਣ ਜਾਂ ਬਿਹਤਰ ਕਰਨ ਲਈ ਕਰਦੇ ਹਨ।
ਲੋਕ ਇਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਮਾਜ ਵਿੱਚ ਉਨ੍ਹਾਂ ਦਾ ਅਕਸ ਕਿਵੇਂ ਬਣਿਆ ਰਹੇ। ਇਸ ਲਈ ਉਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਨ ਲਈ ਚੁਗਲੀਆਂ ਦੀ ਵਰਤੋਂ ਕਰਦੇ ਹਨ।
ਉਹ ਕਹਿੰਦੀ ਹੈ ਕਿ ਲੋਕ ਆਪਣੀ ਸਾਖ ਨੂੰ ਬਚਾਉਣ ਲਈ ਅਤੇ ਕਈ ਵਾਰ ਆਪਣੇ ਵਿਰੋਧੀਆਂ ਨੂੰ ਕਮਜ਼ੋਰ ਕਰਨ ਲਈ ਚੁਗਲੀਆਂ ਕਰਦੇ ਹਨ।
ਉਹ ਕਹਿੰਦੀ ਹੈ, "ਇਨਸਾਨ ਮੂਲ ਰੂਪ ਵਿੱਚ ਆਪਣੀ ਹੀ ਪ੍ਰਜਾਤੀ ਦੇ ਦੂਜਿਆਂ ਨਾਲ ਮੁਕਾਬਲਾ ਕਰਦਾ ਹੈ ਅਤੇ ਇਹ ਟਕਰਾਅ ਕਦੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ ਹੈ।"

ਤਸਵੀਰ ਸਰੋਤ, Getty Images
ਮਨੋਰੰਜਨ ਦਾ ਇੱਕ ਸਰੋਤ ਹਨ ਚੁਗਲੀਆਂ
ਜ਼ਿਆਦਾਤਰ ਲੋਕ ਚੁਗਲੀਆਂ ਨੂੰ ਇੱਕ ਮਾਮੂਲੀ ਅਤੇ ਮਜ਼ੇਦਾਰ ਚੀਜ਼ ਸਮਝਦੇ ਹਨ।
ਪੌਡਕਾਸਟਰ ਮੈਕਿਨੀ ਕਹਿੰਦੀ ਹੈ, "ਇਹੀ ਉਹ ਕਿਸਮ ਦੀਆਂ ਚੁਗਲੀਆਂ ਹਨ ਜਿਸ ਵਿੱਚ ਮੈਂ ਮਾਹਰ ਹਾਂ।"
ਚੁਗਲੀਆਂ ਲਈ ਉਨ੍ਹਾਂ ਦਾ ਪਿਆਰ ਅਤੇ ਕਹਾਣੀਆਂ ਸੁਣਾਉਣ ਦਾ ਸ਼ੌਂਕ ਉਨ੍ਹਾਂ ਦੇ ਉਸ ਅਨੁਭਵ ਨਾਲ ਜੁੜਿਆ ਹੋਇਆ ਹੈ ਜਦੋਂ ਉਹ ਇੱਕ ਧਾਰਮਿਕ ਮਾਹੌਲ ਵਿੱਚ ਵੱਡੀ ਹੋਈ ਸੀ ਜਿੱਥੇ ਉਨ੍ਹਾਂ ਨੂੰ ਸਿਖਾਇਆ ਗਿਆ ਸੀ ਕਿ ਚੁਗਲੀਆਂ ਕਰਨਾ ਇੱਕ ਪਾਪ ਹੈ।
ਉਹ ਕਹਿੰਦੀ ਹੈ, "ਚੰਗੀਆਂ ਚੁਗਲੀਆਂ ਉਹ ਹੁੰਦੀਆਂ ਹਨ ਜੋ ਤੁਰੰਤ ਤੁਹਾਡੇ ਮੂੰਹੋਂ ਨਿਕਲਦੀਆਂ ਹਨ ਅਤੇ ਕਿਸੇ ਹੋਰ ਤੱਕ ਪਹੁੰਚ ਜਾਂਦੀਆਂ ਹਨ।"
ਅਤੇ ਜੇਕਰ ਦੁਨੀਆਂ ਵਿੱਚ ਕੋਈ ਚੁਗਲੀਆਂ ਨਾ ਹੁੰਦੀਆਂ? ਉਹ ਹੱਸਦੇ ਹੋਏ ਕਹਿੰਦੀ ਹੈ, "ਹਾਏ ਰੱਬਾ! ਤਾਂ ਦੁਨੀਆਂ ਬਹੁਤ ਬੋਰਿੰਗ ਹੁੰਦੀ।"
ਭਾਵੇਂ ਇਹ ਮਨੋਰੰਜਨ ਲਈ ਹੋਵੇ, ਜ਼ਿੰਦਾ ਰਹਿਣ ਦੀ ਰਣਨੀਤੀ ਹੋਵੇ ਜਾਂ ਲੋਕਾਂ ਨਾਲ ਜੁੜਨ ਦਾ ਤਰੀਕਾ ਹੋਵੇ, ਚੁਗਲੀਆਂ ਹੁਣ ਸਾਡੀ ਜ਼ਿੰਦਗੀ ਦਾ ਇੱਕ ਸਥਾਈ ਹਿੱਸਾ ਬਣ ਗਈਆਂ ਹਨ।
ਡਾ. ਹੇਸ ਕਹਿੰਦੀ ਹੈ ਕਿ ਇਹ ਇੱਕ "ਆਮ ਮਨੁੱਖੀ ਵਿਵਹਾਰ" ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਉਹ ਸਮਝਾਉਂਦੀ ਹੈ, "ਚੁਗਲੀਆਂ ਦਾ ਅਸਲ ਵਿੱਚ ਅਸਰ ਹੁੰਦਾ ਹੈ। ਜੇਕਰ ਇਹ ਸਿਰਫ਼ ਮਨਘੜਤ, ਝੂਠੀਆਂ ਜਾਂ ਐਵੇਂ ਹੀ ਕੀਤੀਆਂ ਗਈਆਂ ਗੱਲਾਂ ਹੁੰਦੀਆਂ ਹਨ ਤਾਂ ਇਸ ਨਾਲ ਇਹ ਤੈਅ ਨਹੀਂ ਹੁੰਦਾ ਕਿ ਲੋਕ ਆਪਣੇ ਸਮਾਜ ਵਿੱਚ ਕਿਸ ਦੀ ਮਦਦ ਕਰਨ ਅਤੇ ਕਿਸ ਦੀ ਨਹੀਂ।"
(ਬੀਬੀਸੀ ਵਰਲਡ ਸਰਵਿਸ ਤੋਂ ਵਾਧੂ ਰਿਪੋਰਟਿੰਗ ਦੇ ਨਾਲ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












